ਪੰਜ ਸੂਬਿਆਂ `ਚ ਵਿਧਾਨ ਸਭਾ ਚੋਣਾਂ ਦਾ ਬਿਗਲ

ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਮੰਚ ਤਿਆਰ ਕਰਦਿਆਂ ਪੰਜ ਰਾਜਾਂ- ਛੱਤੀਸਗੜ੍ਹ, ਮੱਧ ਪ੍ਰਦੇਸ਼, ਰਾਜਸਥਾਨ, ਤਿਲੰਗਾਨਾ ਤੇ ਮਿਜ਼ੋਰਮ ਲਈ ਚੋਣ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ।

ਇਨ੍ਹਾਂ ਪੰਜ ਰਾਜਾਂ ਦੀਆਂ ਅਸੈਂਬਲੀਆਂ ਲਈ 7 ਤੋਂ 30 ਨਵੰਬਰ ਦੌਰਾਨ ਵੱਖੋ-ਵੱਖਰੇ ਦਿਨਾਂ ਨੂੰ ਵੋਟਾਂ ਪੈਣਗੀਆਂ; ਵੋਟਾਂ ਦੀ ਗਿਣਤੀ ਤੇ ਨਤੀਜਿਆਂ ਦਾ ਐਲਾਨ ਇਕੋ ਦਿਨ 3 ਦਸੰਬਰ ਨੂੰ ਹੋਵੇਗਾ। ਛੱਤੀਸਗੜ੍ਹ ਵਿਚ ਦੋ ਪੜਾਵਾਂ (7 ਤੇ 17 ਨਵੰਬਰ) ਜਦੋਂਕਿ ਬਾਕੀ ਚਾਰ ਰਾਜਾਂ- ਮਿਜ਼ੋਰਮ (7 ਨਵੰਬਰ), ਮੱਧ ਪ੍ਰਦੇਸ਼ (17 ਨਵੰਬਰ), ਰਾਜਸਥਾਨ (23 ਨਵੰਬਰ) ਤੇ ਤਿਲੰਗਾਨਾ (30 ਨਵੰਬਰ) ਵਿਚ ਇਕਹਿਰੇ ਗੇੜ ਤਹਿਤ ਵੋਟਾਂ ਪੈਣਗੀਆਂ।
ਇਨ੍ਹਾਂ ਪੰਜਾਂ ਸੂਬਿਆਂ ਵਿਚ ਦੇਸ਼ ਦੇ ਕੁੱਲ ਵੋਟਰਾਂ ਦਾ ਛੇਵਾਂ ਹਿੱਸਾ ਵੱਸਦਾ ਹੈ ਜਿਸ ਕਾਰਨ ਇਨ੍ਹਾਂ ਚੋਣਾਂ ਦੇ ਨਤੀਜੇ 2024 ਵਿਚ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਸਬੰਧੀ ਵੱਡੇ ਸੰਕੇਤ ਦੇਣਗੇ। ਇਹ ਚੋਣ ਨਤੀਜੇ ਦੇਸ਼ ਦੇ ਸਿਆਸੀ ਸਮੀਕਰਨਾਂ ਨੂੰ ਵੀ ਪ੍ਰਭਾਵਿਤ ਕਰਨਗੇ ਕਿਉਂਕਿ ਗੈਰ-ਭਾਜਪਾ ਪਾਰਟੀਆਂ ਨੇ ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਟੱਕਰ ਦੇਣ ਲਈ ‘ਇੰਡੀਆ` ਗੱਠਜੋੜ ਬਣਾਇਆ ਹੈ। ਇਨ੍ਹਾਂ ਸੂਬਿਆਂ ਵਿਚੋਂ ਸਿਰਫ ਛੱਤੀਸਗੜ੍ਹ ਵਿਚ ਵੋਟਾਂ ਦੋ ਪੜਾਵਾਂ ਵਿਚ ਪੁਆਈਆਂ ਜਾਣਗੀਆਂ ਜਦੋਂਕਿ ਬਾਕੀ ਰਾਜਾਂ ਵਿਚ ਇਹ ਪ੍ਰਕਿਰਿਆ ਇਕੋ ਦਿਨ ਵਿਚ ਮੁਕੰਮਲ ਕਰ ਲਈ ਜਾਵੇਗੀ। ਇਸ ਮੌਕੇ ਕਾਂਗਰਸ ਦੀ ਕਾਰਗੁਜ਼ਾਰੀ ਉੱਤੇ ਖ਼ਾਸ ਨਜ਼ਰ ਰਹੇਗੀ ਕਿਉਂਕਿ ਚੋਣਾਂ ਵਿਚ ਇਸ ਪਾਰਟੀ ਦਾ ਬਹੁਤ ਕੁਝ ਦਾਅ `ਤੇ ਲੱਗਾ ਹੋਇਆ ਹੈ।