ਜੰਗ ਜਾਂ ਅਮਨ?

ਇਸ ਹਫਤੇ ਜੰਗ ਅਤੇ ਅਮਨ ਦੀਆਂ ਦੋ ਖਬਰਾਂ ਨਾਲੋ-ਨਾਲ ਆਈਆਂ। ਐਤਕੀਂ ਨੋਬੇਲ ਅਮਨ ਇਨਾਮ ਇਰਾਨ ਦੀ ਮਨੁੱਖੀ ਹੱਕਾਂ ਲਈ ਜੂਝਣ ਵਾਲੀ ਕਾਰਕੁਨ ਨਰਗਿਸ ਮੁਹੰਮਦੀ ਨੂੰ ਦਿੱਤਾ ਗਿਆ। ਦੂਜੀ ਖਬਰ ਜੰਗ ਬਾਰੇ ਹੈ। ਫਲਸਤੀਨੀ ਗਰੁੱਪ ਹਮਾਸ (ਜੋ ਗਾਜ਼ਾ ਵਿਚ ਸੱਤਾਧਾਰੀ ਹੈ) ਅਤੇ ਇਜ਼ਰਾਈਲ ਵਿਚਕਾਰ ਜੰਗ ਛਿੜ ਗਈ।

ਇਸ ਜੰਗ ਵਿਚ ਹਮਾਸ ਅਤੇ ਇਜ਼ਰਾਈਲ ਦਾ ਕੋਈ ਮੁਕਾਬਲਾ ਨਹੀਂ। ਸਭ ਨੂੰ ਪਤਾ ਹੈ ਕਿ ਕਿਸ ਧਿਰ ਦਾ ਜ਼ਿਆਦਾ ਨੁਕਸਾਨ ਹੋਣਾ ਹੈ। ਇਸ ਜੰਗ ਦਾ ਸੰਭਾਵੀ ਸਿੱਟਾ ਇਹੀ ਹੈ ਕਿ ਉੱਜੜੇ ਹੋਏ ਫਲਸਤੀਨੀ ਇਕ ਵਾਰ ਹੋਰ ਉਜੜਨਗੇ ਅਤੇ ਇਜ਼ਰਾਈਲ ਆਪਣੀ ਅੰਨ੍ਹੀ ਤਾਕਤ ਨਾਲ ਦਮਨ ਦਾ ਇਕ ਹੋਰ ਗੇੜ ਚਲਾਏਗਾ। ਖੇਤਰਫਲ ਦੇ ਪੱਖ ਤੋਂ ਗਾਜ਼ਾ ਸਿਰਫ਼ 364 ਵਰਗ ਕਿਲੋਮੀਟਰ ਦਾ ਇਲਾਕਾ ਹੈ। ਇਹ 61 ਕਿਲੋਮੀਟਰ ਲੰਮੀ ਅਤੇ ਔਸਤਨ 8 ਕਿਲੋਮੀਟਰ (6-12 ਕਿਲੋਮੀਟਰ) ਚੌੜੀ ਪਟੜੀ ਹੀ ਹੈ ਜਿਸ ਦੀ ਦੱਖਣੀ ਪੱਛਮੀ ਸਰਹੱਦ ਮਿਸਰ ਨਾਲ ਲੱਗਦੀ ਹੈ ਤੇ ਪੂਰਬੀ ਤੇ ਉੱਤਰੀ ਸਰਹੱਦਾਂ ਇਜ਼ਰਾਈਲ ਨਾਲ। ਇਸ ਦੇ ਪੱਛਮ ਵਿਚ ਭੂ-ਮੱਧ ਸਾਗਰ ਹੈ। ਗਾਜ਼ਾ ਵਿਚ 23 ਲੱਖ ਫਲਸਤੀਨੀ ਰਹਿੰਦੇ ਹਨ ਜਿਨ੍ਹਾਂ ਵਿਚੋਂ 10 ਲੱਖ ਤੋਂ ਜ਼ਿਆਦਾ ਸੰਯੁਕਤ ਰਾਸ਼ਟਰ ਦੁਆਰਾ ਰਜਿਸਟਰਡ ਪਨਾਹਗੀਰ ਹਨ। ਇਸ ਤਰ੍ਹਾਂ ਇੱਥੇ ਬਹੁਗਿਣਤੀ ਉਨ੍ਹਾਂ ਲੋਕਾਂ ਦੀ ਹੈ ਜਿਨ੍ਹਾਂ ਨੂੰ 1948 ਵਿਚ ਨਵਾਂ ਦੇਸ਼ (ਇਜ਼ਰਾਈਲ) ਬਣਾਉਣ ਵੇਲੇ ਉਜਾੜ ਕੇ ਆਪਣੇ ਘਰਾਂ ਵਿਚੋਂ ਕੱਢ ਦਿੱਤਾ ਗਿਆ ਸੀ। ਬਾਅਦ ਵਿਚ ਹੋਈਆਂ ਲੜਾਈਆਂ ਦੇ ਨਤੀਜੇ ਵਜੋਂ ਹੋਰ ਫਲਸਤੀਨੀ ਵੀ ਉੱਜੜ ਕੇ ਇੱਥੇ ਪਹੁੰਚੇ। 1968 ਵਿਚ ਇਜ਼ਰਾਈਲ ਨੇ ਗਾਜ਼ਾ `ਤੇ ਕਬਜ਼ਾ ਕਰ ਲਿਆ। 1993 ਵਿਚ ਇਜ਼ਰਾਈਲ ਅਤੇ ਯਾਸਰ ਅਰਾਫ਼ਾਤ ਦੀ ਅਗਵਾਈ ਵਾਲੀ ਜਥੇਬੰਦੀ ਫਲਸਤੀਨ ਲਿਬਰੇਸ਼ਨ ਆਰਗੇਨਾਈਜ਼ੇਸ਼ਨ (ਪੀ.ਐਲ.ਓ.) ਵਿਚਕਾਰ ਅਮਰੀਕਾ ਵੱਲੋਂ ਕਰਾਏ ਓਸਲੋ ਸੁਲਾਹਨਾਮੇ ਮਗਰੋਂ ਇੱਥੇ ਸੀਮਤ ਅਧਿਕਾਰਾਂ ਵਾਲੀ ਫਲਸਤੀਨੀ ਅਥਾਰਿਟੀ ਕਾਇਮ ਕੀਤੀ ਗਈ। 2005 ਵਿਚ ਇਜ਼ਰਾਇਲੀ ਸੈਨਾ ਇਸ ਇਲਾਕੇ ਵਿਚੋਂ ਹਟੀ ਅਤੇ 2006 ਵਿਚ ਹਮਾਸ ਸੱਤਾ ਵਿਚ ਆਈ।
2006 ਤੋਂ ਇਜ਼ਰਾਈਲ ਨੇ ਧਰਤੀ ਅਤੇ ਸਮੁੰਦਰ ਰਾਹੀਂ ਗਾਜ਼ਾ ਜਾਣ ਵਾਲੇ ਸਾਰੇ ਰਾਹ ਬੰਦ ਕਰ ਦਿੱਤੇ ਜਿਸ ਕਾਰਨ ਇਸ ਇਲਾਕੇ ਨੂੰ ਦੁਨੀਆ ਦਾ ਸਭ ਤੋਂ ਵੱਡਾ ਖੁੱਲ੍ਹਾ ਕੈਦਖਾਨਾ ਵੀ ਕਿਹਾ ਜਾਂਦਾ ਹੈ। ਇੱਥੋਂ ਦੇ ਵਾਸੀਆਂ ਕੋਲ ਮਾਣ-ਸਨਮਾਨ ਨਾਲ ਜ਼ਿੰਦਗੀ ਗੁਜ਼ਾਰਨ ਵਾਲੀਆਂ ਕੋਈ ਸਹੂਲਤਾਂ ਨਹੀਂ; ਬਿਜਲੀ, ਪਾਣੀ, ਸਿੱਖਿਆ, ਸਿਹਤ ਸੰਭਾਲ, ਸਭ ਅਤਿਅੰਤ ਸੀਮਤ ਹਨ। ਹਮਾਸ ਨੇ ਇਜ਼ਰਾਈਲ `ਤੇ ਹਮਲਾ ਕਰ ਕੇ ਨਾ ਸਿਰਫ਼ ਇਜ਼ਰਾਇਲੀ ਨਾਗਰਿਕ ਮਾਰੇ ਸਗੋਂ ਕਈਆਂ ਨੂੰ ਅਗਵਾ ਵੀ ਕੀਤਾ ਹੈ ਜਿਨ੍ਹਾਂ ਵਿਚ ਬੱਚੇ, ਔਰਤਾਂ ਤੇ ਬਜ਼ੁਰਗ ਵੀ ਸ਼ਾਮਲ ਹਨ। ਇਜ਼ਰਾਈਲ ਦੇ ਜਵਾਬੀ ਹਮਲਿਆਂ ਵਿਚ ਵੀ ਜ਼ਿਆਦਾ ਨੁਕਸਾਨ ਸਿਵਲੀਅਨ ਵਸੋਂ ਦਾ ਹੀ ਹੋਇਆ ਹੈ। ਇਜ਼ਰਾਈਲ ਨੇ ਐਲਾਨ ਕੀਤਾ ਹੈ ਕਿ ਉਹ ਹਮਾਸ ਨੂੰ ਸਬਕ ਸਿਖਾਏਗਾ। ਉਂਝ, ਮੁੱਖ ਪ੍ਰਸ਼ਨ ਇਹ ਹੈ ਕਿ ਹਮਾਸ ਨੇ ਅਜਿਹਾ ਹਮਲਾ ਕਿਉਂ ਕੀਤਾ? ਯਾਸਰ ਅਰਾਫ਼ਾਤ ਦੀ ਮੌਤ ਤੋਂ ਬਾਅਦ ਫਲਸਤੀਨੀਆਂ ਦੀ ਅਗਵਾਈ ਵੰਡੀ ਗਈ ਸੀ। ਹਮਾਸ ਅਸਲ ਵਿਚ ਪੀ.ਐਲ.ਓ. ਦੀਆਂ ਨਰਮ ਨੀਤੀਆ ਖਿਲਾਫ ਹੀ ਹੋਂਦ ਵਿਚ ਆਈ ਸੀ। ਜਥੇਬੰਦੀ ਦੇ ਆਗੂਆਂ ਦਾ ਮੰਨਣਾ ਸੀ ਕਿ ਨਰਮ ਪਹੁੰਚ ਕਾਰਨ ਹੀ ਇਜ਼ਰਾਈਲ ਸਿਰ ‘ਤੇ ਚੜ੍ਹ ਰਿਹਾ ਹੈ। ਯਾਦ ਰਹੇ ਕਿ ਫਲਸਤੀਨੀ ਦਹਾਕਿਆਂ ਤੋਂ ਜ਼ੁਲਮ ਝੱਲ ਰਹੇ ਹਨ। ਇਜ਼ਰਾਈਲ ਫਲਸਤੀਨੀ ਇਲਾਕਿਆਂ ਵਿਚ ਜਬਰੀ ਬਸਤੀਆਂ ਵਸਾ ਰਿਹਾ ਹੈ। ਕੁਝ ਲੋਕ 2000 ਸਾਲ ਪੁਰਾਣੇ ਇਤਿਹਾਸ ਦਾ ਹਵਾਲਾ ਦਿੰਦੇ ਹਨ ਕਿ ਇਹ ਧਰਤੀ ਇਜ਼ਰਾਇਲੀਆਂ ਦੀ ਹੀ ਸੀ ਜਿਸ ਉਤੇ ਅਰਬਾਂ ਨੇ ਕਬਜ਼ਾ ਕਰ ਲਿਆ ਸੀ। ਅੱਜ ਦੀ ਸਿਆਸਤ ਵਿਚ ਅਮਰੀਕਾ ਇਸ ਖਿੱਤੇ ਵਿਚ ਆਪਣੀ ਚੌਧਰ ਲਈ ਲਗਾਤਾਰ ਇਜ਼ਰਾਈਲ ਦੀ ਅੰਨ੍ਹੀ ਹਮਾਇਤ ਕਰ ਰਿਹਾ ਹੈ। ਅਮਰੀਕਾ ਅਤੇ ਕੁਝ ਹੋਰ ਪੱਛਮੀ ਦੇਸ਼ਾਂ ਦੀ ਨਜ਼ਰ ਵਿਚ ਇਜ਼ਰਾਇਲੀ ਅਮਨਪਸੰਦ ਹਨ ਅਤੇ ਫਲਸਤੀਨੀ ਦਹਿਸ਼ਤਪਸੰਦ ਹਨ। ਉਂਝ, ਅੱਜ ਦੀ ਹਕੀਕਤ ਇਹ ਹੈ ਕਿ ਕਬਜ਼ਾ ਕਰਨ ਵਾਲੀ ਧਿਰ ਇਜ਼ਰਾਇਲੀ ਹਨ ਅਤੇ ਉੱਜੜੀ ਹੋਈ ਧਿਰ ਫਲਸਤੀਨੀ। ਹੁਣ ਕੌਮਾਤਰੀ ਭਾਈਚਾਰੇ ਨੂੰ ਇਜ਼ਰਾਈਲ ਅਤੇ ਫਲਸਤੀਨ, ਦੋ ਮੁਲਕ ਤਸਲੀਮ ਕਰ ਕੇ ਖਿੱਤੇ ਵਿਚ ਅਮਨ ਖਾਤਰ ਚਾਰਾਜੋਈ ਕਰਨੀ ਚਾਹੀਦੀ ਹੈ।
ਇਰਾਨ ਵਿਚ ਔਰਤਾਂ ਖਿਲਾਫ਼ ਜ਼ੁਲਮਾਂ ਅਤੇ ਮਨੁੱਖੀ ਹੱਕਾਂ ਦੀ ਉਲੰਘਣਾ ਵਿਰੁੱਧ ਜੂਝਣ ਵਾਲੀ ਕਾਰਕੁਨ ਨਰਗਿਸ ਮੁਹੰਮਦੀ ਜੇਲ੍ਹ ਵਿਚ ਬੰਦ ਹੈ। ਉਸ ਨੂੰ ਨੋਬੇਲ ਅਮਨ ਇਨਾਮ ਦੇ ਐਲਾਨ ਕਰ ਕੇ ਦੁਨੀਆ ਦਾ ਧਿਆਨ ਇਸ ਗੱਲ ਵੱਲ ਖਿੱਚਿਆ ਹੈ ਕਿ ਲਿੰਗ ਆਧਾਰਿਤ ਵਿਤਕਰਾ ਕਿਵੇਂ ਸੰਸਾਰ ਦੀਆਂ ਕਰੋੜਾਂ ਔਰਤਾਂ ਖਿਲਾਫ ਭੁਗਤ ਰਿਹਾ ਹੈ। ਉਂਝ, ਇਹ ਵੱਕਾਰੀ ਸਨਮਾਨ ਕਿਸੇ ਮਹਿਲਾ ਕਾਰਕੁਨ ਨੂੰ ਦੇਣਾ ਹੀ ਆਪਣੇ-ਆਪ ਵਿਚ ਅਹਿਮ ਕਾਰਜ ਹੈ। ਇਉਂ ਇਹ ਇਨਾਮ ਔਰਤਾਂ ਨੂੰ ਆਪਣੇ ਹੱਕਾਂ ਲਈ ਡਟਣ ਲਈ ਪ੍ਰੇਰੇਗਾ। ਨਰਗਿਸ ਮੁਹੰਮਦੀ ਆਪਣੀ ਹਮਵਤਨ ਅਤੇ ਮਨੁੱਖੀ ਹੱਕਾਂ ਦੀ ਕਾਰਕੁਨ ਸ਼ੀਰੀਂ ਐਬਦੀ ਤੋਂ ਪ੍ਰਭਾਵਿਤ ਹੈ ਜਿਸ ਨੇ ਵੀਹ ਸਾਲ ਪਹਿਲਾਂ 2003 `ਚ ਇਹ ਪੁਰਸਕਾਰ ਜਿੱਤਿਆ ਸੀ। ਇਰਾਨ ਹਕੂਮਤ ਨੇ ਨਰਗਿਸ ਨੂੰ 31 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਹੁਣ ਤੱਕ ਉਸ ਨੂੰ 13 ਵਾਰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਪੰਜ ਕੇਸਾਂ `ਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਪਿਛਲੀ ਵਾਰ ਉਸ ਨੂੰ 2022 ਵਿਚ ਉਦੋਂ ਜੇਲ੍ਹ ਵਿਚ ਸੁੱਟਿਆ ਗਿਆ, ਜਦੋਂ ਉਸ ਨੇ ਮਾਸ਼ਾ ਅਮੀਨੀ ਦੀ ਪੁਲਿਸ ਹਿਰਾਸਤ ਵਿਚ ਹੋਈ ਮੌਤ ਖਿਲਾਫ਼ ਔਰਤਾਂ ਵੱਲੋਂ ਕੀਤੇ ਦੇਸ਼ ਵਿਆਪੀ ਅੰਦੋਲਨ ਦੀ ਅਗਵਾਈ ਕੀਤੀ। ਮਾਸ਼ਾ ਅਮੀਨੀ ਨੂੰ ਇਰਾਨ ਦੀਆਂ ਔਰਤਾਂ ਦੇ ਲਿਬਾਸ ਅਤੇ ਵਿਹਾਰ `ਤੇ ਨਿਗਾਹਬਾਨੀ ਕਰਨ ਵਾਲੀ ‘ਨੈਤਿਕ ਪੁਲਿਸ` ਨੇ ਹਿਜਾਬ ਨਾ ਪਹਨਿਣ ਕਰ ਕੇ ਗ੍ਰਿਫ਼ਤਾਰ ਕੀਤਾ ਸੀ।
ਇਨ੍ਹਾਂ ਦੋ ਖਬਰਾਂ ਨਾਲ ਤੀਜੀ ਖਬਰ ਵੀ ਸਿਆਸੀ ਗਲਿਆਰਿਆਂ ਵਿਚ ਚਰਚਾ ਵਿਚ ਹੈ। ਜਦੋਂ ਹਮਾਸ ਨੇ ਇਜ਼ਰਾਈਲ ਉਤੇ ਹਮਲਾ ਕੀਤਾ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤੁਰੰਤ ਬਿਆਨ ਆ ਗਿਆ ਜਿਸ ਵਿਚ ਇਸ ਹਮਲੇ ਦੀ ਨਿੰਦਾ ਤਾਂ ਕੀਤੀ ਹੀ ਗਈ ਸੀ, ਇਜ਼ਰਾਈਲ ਨਾਲ ਹਮਦਰਦੀ ਦਾ ਪ੍ਰਗਟਾਵਾ ਵੀ ਕੀਤਾ ਗਿਆ ਸੀ। ਕੁਝ ਲੋਕਾਂ ਨੇ ਸਵਾਲ ਕੀਤਾ ਹੈ ਕਿ ਮਨੀਪੁਰ ਪਿਛਲੇ ਕਈ ਮਹੀਨਿਆਂ ਤੋਂ ਫਿਰਕੂ ਅੱਗ ਵਿਚ ਜਲ-ਸੜ ਰਿਹਾ ਹੈ, ਉਸ ਬਾਰੇ ਮੋਦੀ ਚੁੱਪ ਕਿਉਂ ਹਨ?