ਪ੍ਰੋ. ਬ੍ਰਿਜਿੰਦਰ ਸਿੰਘ ਸਿੱਧੂ
ਸਾਬਕਾ ਪ੍ਰਿੰਸੀਪਲ
ਫੋਨ: 925-683-1982
ਪਿੱਛੇ ਜਿਹੇ ਲਗਾਤਾਰ ਅਤੇ ਭਾਰੇ ਮੀਂਹਾਂ ਕਾਰਨ ਹੜ੍ਹਾਂ ਨੇ ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਕੁਝ ਹੋਰ ਸੂਬਿਆਂ ਵਿਚ ਸਭ ਕੁਝ ਉਲਟਾ-ਪੁਲਟਾ ਕਰ ਦਿੱਤਾ। ਕੁਦਰਤ ਦੇ ਇਸ ਕਹਿਰ ਬਾਰੇ ਖੂਬ ਚਰਚਾ ਹੋਈ। ਚੰਡੀਗੜ੍ਹ ਦੇ ਸਰਕਾਰੀ ਕਾਲਜ ਵਿਚ 25 ਸਾਲ ਤੋਂ ਵੱਧ ਸਮਾਂ ਪੜ੍ਹਾਉਂਦੇ ਰਹੇ ਅਤੇ ਉਥੋਂ ਬਤੌਰਪ੍ਰਿੰਸੀਪਲ ਰਿਟਾਇਰ ਹੋਏ ਪ੍ਰੋ. ਬ੍ਰਿਜਿੰਦਰ ਸਿੰਘ ਸਿੱਧੂ ਨੇ ਆਪਣੇ ਇਸ ਲੇਖ ਵਿਚ ਇਸੇ ਪ੍ਰਸੰਗ ਵਿਚ ਪਾਣੀ ਅਤੇ ਮਿੱਟੀ ਬਾਰੇ ਚਰਚਾ ਛੇੜੀ ਹੈ।ਉਨ੍ਹਾਂ ਪਾਣੀ ਅਤੇ ਮਿੱਟੀ ਨਾਲ ਸਬੰਧਿਤ ਸਾਧਾਰਨ ਦਿਸਦੇ ਪਰ ਅਹਿਮ ਵਰਤਾਰਿਆਂ ਦੀ ਗੱਲ ਨਿੱਠ ਕੇ ਕੀਤੀ ਹੈ।
ਪੰਜਾਬ ਅਤੇ ਹਿਮਾਚਲ ਵਿਚ ਬਹੁਤੀ ਬਾਰਿਸ਼ ਅਤੇ ਹੜ੍ਹਾਂ ਕਾਰਨ ਜਾਨ-ਮਾਲ ਦੀ ਜੋ ਤਬਾਹੀ ਹੋਈ ਹੈ, ਉਸ ਨੇ ਕੁਝ ਲਿਖਣ ਲਈ ਮਨ ਵਿਚ ਹਲ-ਚਲ ਮਚਾ ਦਿੱਤੀ। ਗੁਰੂ ਨਾਨਕ ਜਪੁਜੀ ਸਾਹਿਬ ਵਿਚ ਫਰਮਾਉਂਦੇ ਹਨ:
ਪਵਣੁ ਗੁਰੂ ਪਾਣੀ ਪਿਤਾਮਾਤਾ ਧਰਤਿ ਮਹਤੁ॥
ਪਾਣੀ ਅਤੇ ਧਰਤੀ ਪਿਤਾ ਮਾਤਾ ਸਮਾਨ ਹਨ। ਹੜ੍ਹਾਂ ਅਤੇ ਬਾਰਿਸ਼ ਦੇ ਪਾਣੀ ਨਾਲ ਧਰਤੀ (ਜ਼ਮੀਨ) ਖਿਸਕਣ ਅਤੇ ਦਬਣ ਨਾਲ ਮਕਾਨਾਂ ਦਾ ਢਹਿ-ਢੇਰੀ ਹੋਣਾ, ਜ਼ਮੀਨ ਉੱਪਰ ਖੜ੍ਹੀਆਂ ਫ਼ਸਲਾਂ ਦਾ ਬਰਬਾਦ ਹੋ ਜਾਣਾ ਮਨੁੱਖਤਾ ਦੇ ਹੋਸ਼-ਹਵਾਸ ਉੱਡ ਜਾਣਾ ਸਾਬਤ ਹੋਇਆ ਹੈ। ਇਸ ਸਭ ਕੁਝ ਨੂੰ ਚਾਹੇ ਕੁਦਰਤ ਦਾ ਭਾਣਾ ਕਹੋ, ਚਾਹੇ ਕੁਝ ਹੋਰ ਕਹੋ ਪਰ ਹੋਇਆ ਧਰਤੀ ਅਤੇ ਪਾਣੀ ਵੱਲੋਂ ਹੀ ਹੈ। ਐਸਾ ਕਿਉਂ ਹੋਇਆ। ਮਾਤਾ ਪਿਤਾ ਤਾਂ ਸਦਾ ਮਿਹਰਬਾਨ ਹੁੰਦੇ ਹਨ। ਸ਼ਾਇਦ ਮਨੁੱਖ ਦੀਆਂ ਆਪਣੀਆਂ ਗਲਤੀਆਂ ਹੀ ਜ਼ਿੰਮੇਵਾਰ ਹਨ।
ਮਿੱਟੀ ਅਤੇ ਪਾਣੀ ਦਾ ਅਨੋਖਾ ਅਤੇ ਬਹੁਤ ਖੂਬਸੂਰਤ ਰਿਸ਼ਤਾ ਹੈ। ਆਉ ਇਨ੍ਹਾਂ ਦੇ ਸਬੰਧ ਦੀਆਂ ਰੌਚਕ ਗੱਲਾਂ ਕਰਨ ਤੋਂ ਪਹਿਲਾਂ ਇਨ੍ਹਾਂ ਦੇ ਸੁਭਾਅ ਵੱਲ ਨਜ਼ਰ ਮਾਰੀਏ।
ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ॥ ਸਾਡੇ ਜੀਵਨ ਵਿਚ ਪਾਣੀ ਦੀ ਮਹੱਤਤਾ ਨੂੰ ਕੌਣ ਨਹੀਂ ਜਾਣਦਾ। ਸਾਡੇ ਸਰੀਰ ਵਿਚ ਬਹੁਤਾ ਹਿੱਸਾ ਪਾਣੀ ਦਾ ਹੀ ਹੈ। ਜੇ ਹਵਾ ਨਾ ਮਿਲੇ ਤਾਂ ਕੁਝ ਘੰਟਿਆਂ ਵਿਚ ਅਤੇ ਜੇ ਪਾਣੀ ਨਾ ਮਿਲੇ ਤਾਂ ਇਕ ਦੋ ਦਿਨਾਂ ਵਿਚ ਹੀ ਮਨੁੱਖ ਖ਼ਤਮ ਹੋ ਜਾਂਦਾ ਹੈ। ਕਮਾਲ ਦੀ ਗੱਲ ਇਹ ਹੈ ਕਿ ਪਿਸ਼ਾਬ ਦੇ ਰੂਪ ਵਿਚ ਇਹੀ ਪਾਣੀ ਜੇਕਰ ਬਾਹਰ ਨਾ ਨਿਕਲੇ ਤਾਂ ਮੁਸੀਬਤ ਆ ਖੜ੍ਹਦੀ ਹੈ। ਪਿਆਸ ਬੁਝਾਉਣ ਲਈ ਪਾਣੀ ਕੁਝ ਦੇਰ ਨਾ ਮਿਲੇ ਤਾਂ ਬੁਰਾ ਹਾਲ ਹੋ ਜਾਂਦਾ ਹੈ।
ਇਸ ਵਡਮੁਲੀ ਵਸਤੂ ਦਾ ਵਿਗਿਆਨਕ ਨਾਮ ਐੱਚ2ਓ ਹੈ, ਮਤਲਬ ਹਾਈਡਰੋਜਨ ਅਤੇ ਆਕਸੀਜਨ ਗੈਸਾਂ ਦਾ ਮਿਸ਼ਰਨ। ਇਨ੍ਹਾਂ ਗੈਸਾਂ ਦਾ ਸੰਜੋਗ ਕਿਹੋ ਜਿਹੇ ਹਾਲਾਤ ਵਿਚ ਕਿਸ ਸਮੇਂ ਹੋਇਆ, ਸਾਇੰਸਦਾਨਾਂ ਦਾ ਵਿਸ਼ਾ ਹੈ ਪਰ ਇਸ ਦੀ ਤਾਸੀਰ ਹੋਰ ਵਸਤੂਆਂ ਤੋਂ ਵਿਲੱਖਣ ਹੈ। ਬਹੁਤ ਠੰਢਾ ਹੋਕੇ ਇਸ ਦੀ ਬਰਫ਼ ਬਣ ਜਾਂਦੀ ਹੈ, ਬਹੁਤ ਗਰਮ ਕਰਨ ਨਾਲ ਪਹਿਲਾਂ ਉਬਲਣ ਲੱਗ ਜਾਂਦਾ ਹੈ, ਫੇਰ ਇਸ ਦੀ ਭਾਫ਼ ਬਣ ਜਾਂਦੀ ਹੈ। ਵੈਸੇ ਹਰ ਤਾਪਮਾਨ ‘ਤੇ ਹੀ ਗਿੱਲੇ ਕੱਪੜਿਆਂ, ਨਦੀ ਨਾਲਿਆਂ, ਸਮੁੰਦਰ ਵਿਚੋਂ; ਗੱਲ ਕੀ, ਹਰ ਥਾਂ ਉਤੋਂ ਹਰ ਵੇਲੇ ਚੁੱਪ-ਚਪੀਤੇ ਭਾਫ਼ ਬਣ ਕੇ ਹਵਾ ਦਾ ਸਾਥੀ ਬਣ ਕੇ ਅਸਮਾਨ ਵਿਚ ਮੌਜਾਂ ਮਾਣਦਾ ਹੈ। ਇਸ ਚੁੱਪ-ਚਪੀਤੀ ਭਾਫ਼ ਦੇ ਬਣ ਜਾਣ ਨੂੰ ਵਾਸ਼ਪੀਕਰਨ (ਅਵੈਪੋਰੇਸ਼ਨ) ਕਹਿੰਦੇ ਹਨ। ਹੈਰਾਨੀ ਦੀ ਗੱਲ ਹੈ ਕਿ ਕੁਦਰਤ ਨੇ ਪਾਣੀ ਨੂੰ ਨਿਰਮਾਣਤਾ ਦੇ ਲੱਛਣ ਬਖ਼ਸ਼ੇ ਹੋਏ ਹਨ। ਕੁਦਰਤ ਕਹਿੰਦੀ ਹੈ, ਹੁਣ ਤੇਰੀ ਸੈਰ ਖਤਮ ਹੋਈ, ਨੀਚੇਆ ਜਾ। ਸੋ, ਚੁੱਪ-ਚੁਪੀਤੀ ਭਾਫ਼ ਵੰਨ-ਸਵੰਨੇ ਹਾਲਾਤ ਵਿਚ ਕਦੀ ਬਾਰਿਸ਼, ਕਦੀ ਗੜਿਆਂ ਦੀ ਸ਼ਕਲ ਵਿਚ, ਕਦੀ ਬਰਫ਼ ਬਣ ਕੇ ਅਤੇ ਅਕਤੂਬਰ ਤੋਂ ਅਪਰੈਲ ਤੱਕ ਸਾਡੀ ਧਰਤੀ ਦੇ ਲੱਗਭਗ ਅੱਧੇ ਹਿੱਸੇ ਉਪਰ ਹਰ ਰੋਜ਼ ਸ਼ਬਨਮ (ਤਰੇਲ) ਦੀ ਸ਼ਕਲ ਵਿਚ ਆ ਜਾਂਦੀ ਹੈ। ਇਹ ਸਿਲਸਿਲਾ ਮੁੱਢ-ਕਦੀਮਾਂ ਤੋਂ ਜਾਰੀ ਹੈ। ਅਸਮਾਨ ਤੋਂ ਨੀਚੇ ਆਉਣਾ ਅਤੇ ਜ਼ਮੀਨ ‘ਤੇ ਵੀ ਨੀਵੇਂ ਥਾਂ ਵੱਲ ਜਾਣਾ ਪਾਣੀ ਦੀ ਨਿਰਮਾਣਤਾ ਦਾ ਪ੍ਰਤੀਕ ਹੈ। ਸ਼ਾਇਦ ਇਸ ਦਾ ਇਹ ਗੁਣ ਹੀ ਇਸ ਨੂੰ ਮਹੱਤਤਾ ਦੀ ਚੋਟੀ ‘ਤੇ ਲੈ ਜਾਂਦਾ ਹੈ। ਇਕ ਹੋਰ ਵਿਲੱਖਣ ਲੱਛਣ ਦਾ ਮਾਲਕ ਕੇਵਲ ਪਾਣੀ ਹੀ ਹੈ। ਉਹ ਹੈ- ਇਸ ਦੀ ਘਣਤਾ (ਡੈਂਸਿਟੀ) ਦਾ ਅਜੀਬ ਢੰਗ ਨਾਲ ਬਦਲਣਾ। ਸੌ ਡਿਗਰੀ ਸੈਲਸੀਅਸ ਤੋਂ ਚਾਰ ਡਿਗਰੀ ਤੱਕ ਠੰਢਾ ਹੋਣ ਵੇਲੇ ਇਸ ਦੀ ਘਣਤਾ ਵਧਦੀ ਜਾਂਦੀ ਹੈ ਅਤੇ ਚਾਰ ਤੋਂ ਸਿਫ਼ਰ ਤੱਕ ਪਹੁੰਚਣ ਵੇਲੇ ਘਟਦੀ ਜਾਂਦੀ ਹੈ। ਪਾਣੀ ਦੀ ਇਸ ਤਾਸੀਰ ਨੂੰ ੳਨੋਮਅਲੋੁਸਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਦਾ ਅਰਥ ਹੈ- ਆਮ ਨਾਲੋਂ ਨਿਵੇਕਲਾ ਤੇ ਨਿਆਰਾ। ਸਿਫ਼ਰ ਡਿਗਰੀ ਪਾਣੀ ਦੀ ਬਰਫ਼ ਹਲਕੀ ਹੋਣ ਕਰਕੇ ਪਾਣੀ ਉਪਰ ਤੈਰਨ ਲੱਗ ਜਾਂਦੀ ਹੈ ਅਤੇ ਕਰੋੜਾਂ ਜੀਵ-ਜੰਤੂ ਜਿਹੜੇ ਪਾਣੀ ਦੇ ਵਸਨੀਕ ਹਨ, ਬਰਫ਼ ਨੀਚੇ ਕੁਚਲੇ ਜਾਣ ਤੋਂ ਬਚ ਜਾਂਦੇ ਹਨ। ਇਹ ਹੈ ਕੁਦਰਤ ਦਾ ਕਮਾਲ! ਵਿਗਿਆਨੀ ਕਿੰਨੀ ਵੀ ਕੋਸ਼ਿਸ਼ ਕਰਨ,ਸ਼ਾਇਦ ਇਹੋ ਜਿਹੇ ਅਸਚਰਜਤਾ ਭਰੇ ਲੱਛਣ ਵਾਲੀ ਕੋਈ ਵੀ ਵਸਤੂ ਤਿਆਰ ਨਾ ਕਰ ਸਕਣ।
ਕੁਦਰਤ ਦੇ ਸ਼ਕਤੀਸ਼ਾਲੀ ਹੋਣ ਦੀ ਫਿਤਰਤ ਦਾ ਮੈਂ ਬਚਪਨ ਤੋਂ ਹੀਸ਼ੈਦਾਈ ਹਾਂ। ਦੇਖਣ ਵਾਲੀ ਅੱਖ ਹੋਵੇ ਤਾਂ ਸਾਨੂੰ ਹਰ ਇਕ ਨੂੰ ਕੁਦਰਤ ਦੇ ਸ਼ਕਤੀਸ਼ਾਲੀ ਹੋਣ ਦੇ ਸਬੂਤ ਨਜ਼ਰ ਆ ਸਕਦੇ ਹਨ। ਪਾਣੀ ਬਾਬਤ ਹੋਰ ਕੁਝ ਲਿਖਣ ਦੀ ਥਾਂ ਇਤਨਾ ਹੀ ਕਾਫ਼ੀ ਹੈ ਕਿ ਸਵੇਰੇ ਉਠਕੇ ਨਹਾਉਣ ਪਿੱਛੋਂ ਸ਼ਾਮੀ ਸੌਣ ਤੱਕ ਪਾਣੀ ਦੀ ਹੀ ਵਰਤੋਂ ਚਲਦੀ ਹੈ। ਰਸੋਈ ਦਾ ਸਾਰਾ ਕੰਮ ਹੀ ਪਾਣੀ ਦਾ ਮੁਹਤਾਜ ਹੈ। ਸ਼ਹਿਰ ਦੇ ਨਲਕਿਆਂ ਵਿਚ ਪਾਣੀ ਨਾ ਆਵੇ ਤਾਂ ਹਾਹਾਕਾਰ ਮੱਚ ਜਾਂਦੀ ਹੈ। ਰਸੋਈ ਦੀ ਇਹ ਸ਼ਾਨ ਹੀ ਨਹੀਂ, ਜਿੰਦ-ਜਾਨ ਵੀ ਹੈ।
ਮਿੱਟੀ ਦੇ ਕਈ ਨਾਮ ਹਨ- ਖਾਕ, ਖੇਹ, ਧੂਲ, ਧੂੜ, ਰੇਤ, ਚੀਕਣੀ ਮਿੱਟੀ, ਰੇਤਲੀ ਮਿੱਟੀ ਵਗੈਰਾ। ਹਰ ਨਾਮ ਵਾਲੀ ਮਿੱਟੀ ਦੀ ਅਲੱਗ-ਅਲੱਗ ਮਹਾਨਤਾ ਹੈ। ਗੁਰਬਾਣੀ ਦਾ ਫਰਮਾਨ ਹੈ:
ਜਿਨ ਕੇ ਚੋਲੇ ਰਤੜੇ ਪਿਆਰੇਕੰਤੁ ਤਿਨ ਕੇ ਪਾਸਿ॥
ਧੂੜਿ ਤਿਨਾ ਕੀ ਜੇ ਮਿਲੈ ਜੀਕਹੁ ਨਾਨਕ ਕੀ ਅਰਦਾਸਿ॥
ਪਰਮਾਤਮਾ ਦੇ ਪਿਆਰਿਆਂ ਦੀ ਧੂੜ ਪਵਿੱਤਰ ਹੋ ਜਾਂਦੀ ਹੈ।
ਸਾਧਾਰਨ ਮਿੱਟੀ ਖ਼ਾਦ ਨਾਲ ਮਿਲਕੇ ਜ਼ਰਖੇਜ਼ ਅਤੇ ਉਪਜਾਊ ਜ਼ਮੀਨ ਬਣ ਜਾਂਦੀ ਹੈ। ਮਿੱਟੀ ਦਾ ਰੰਗ ਵੀ ਇਸ ਦੀ ਖਸਲਤ ਦੱਸ ਦਿੰਦਾ ਹੈ। ਕਾਲੀ ਮਿੱਟੀ ਕਪਾਹ ਦੀ ਫ਼ਸਲ ਲਈ ਚੰਗੀ ਹੈ। ਰੇਤਲੀ ਮਿੱਟੀ ਮੂੰਗਫਲੀ ਲਈ ਲਾਭਦਾਇਕ ਹੈ। ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿਚ ਬਹੁਤ ਕੁਝ ਪੈਦਾ ਕੀਤਾ ਜਾ ਸਕਦਾ ਹੈ ਪਰ ਅੰਬ ਦੇ ਦਰਖ਼ਤਾਂ ਨੂੰ ਇਹ ਮਿੱਟੀ ਮੁਆਫਿਕ ਨਹੀਂ। ਭਾਰਤ ਵਿਚ ਅਵਧ (ਲਖਨਊ) ਦੀ ਧਰਤੀ ਅੰਬਾਂ ਦਾ ਘਰ ਹੈ। ਬਨਾਰਸੀ ਲੰਗੜਾ ਅੰਬ ਆਪਣੇ ਇਲਾਕੇ ਦਾ ਹੀ ਬਾਦਸ਼ਾਹ ਹੈ।
ਮਿੱਟੀ ਦੀ ਤਾਸੀਰ ਨੂੰ ਘੋਖਣ ਵਾਲੇ ਵਿਗਿਆਨੀ ਬਹੁਤ ਕੁਝ ਜਾਣਦੇ ਹਨ। ਬਾਰੀਕੀਆਂ ਵਿਚ ਜਾਣਾ ਇਸ ਸਾਧਾਰਨ ਲੇਖ ਦੇ ਵੱਸ ਦੀ ਗੱਲ ਨਹੀਂ ਪਰ ਇਕ ਗੱਲ ਸਾਫ਼ ਹੈ ਕਿ ਪਾਣੀ ਬਗੈਰ ਮਿੱਟੀ ਦੀ ਵੁਕਅਤ ਨਹੀਂ। ਪਾਣੀ ਨਾਲ ਹੀ ਇਸ ਦੀ ਕੁੱਖ ਨੂੰ ਭਾਗ ਲਗਦੇ ਹਨ। ਇਸ ਤੋਂ ਬਿਨਾਂ ਇਹ ਬਾਂਝ ਹੈ। ਫ਼ਸਲਾਂ ਲਈ ਬੰਜਰ ਹੈ। ਠਕਿ ਮਿਕਦਾਰ ਨਾਲ ਵਰਤਿਆ ਪਾਣੀ ਮਿੱਟੀ ਦੀ ਔਕਾਤ ਨੂੰ ਅਸਮਾਨੀ ਚੜ੍ਹਾ ਦਿੰਦਾ ਹੈ। ਪਿਆਜ, ਲਸਣ, ਅਦਰਕ, ਆਲੂ, ਕਚਾਲੂ, ਗਾਜਰ, ਮੂਲੀ, ਸ਼ਲਗਮ, ਹਲਦੀ ਅਤੇ ਹੋਰ ਅਨੇਕਾਂ ਲਾਭਦਾਇਕ ਚੀਜ਼ਾਂ ਮਿੱਟੀ ਦੀ ਕੁੱਖ ਵਿਚ ਹੀ ਵਧਦੀਆਂ ਫੁਲਦੀਆਂ ਹਨ। ਚੀਕਣੀ ਮਿੱਟੀ ਦੀ ਮਹੱਤਤਾ ਖੂਬਸੂਰਤ ਬਰਤਨ ਬਣਾਉਣ ਵਿਚ ਹੈ। ਮਿੱਟੀ ਦੇ ਤੰਦੂਰ ਦੀ ਰੋਟੀ ਦੇ ਕਿਆ ਕਹਿਣੇ! ਭੱਠੇ ਦੀਆਂ ਇੱਟਾਂ ਮਿੱਟੀ, ਪਾਣੀ ਅਤੇ ਅੱਗ ਦੀ ਕਰਾਮਾਤ ਹਨ।ਆਲੀਸ਼ਾਨ ਅਤੇ ਮਜ਼ਬੂਤ ਇਮਾਰਤਾਂ ਬਹੁਤ ਵਾਰ ਸੋਹਣੀਆਂ ਪੱਕੀਆਂ ਇੱਟਾਂ ਦੀ ਬਦੌਲਤ ਹੁੰਦੀਆਂ ਹਨ।
ਅਜੀਬ ਇਤਫਾਕ ਹੈ। ਇਸ ਖਾਕ ਦੇ ਰੰਗ ਨਿਰਾਲੇ ਹਨ। ਇਸ ਵਿਚਾਰੀ ਨੂੰ ਅਸੀਂ ਸਾਰਾ ਦਿਨ ਪੈਰਾਂ ਥੱਲੇ ਹੀ ਦੱਬੀ ਰੱਖਦੇਹਾਂ। ਜੇ ਕਿਸੇ ਬੰਦੇ ਨੂੰ ਕੁਝਸਮਝ ਨਾ ਆਉਂਦਾ ਹੋਵੇ ਤਾਂ ਕਿਹਾ ਜਾਂਦਾ ਹੈ-“ਇਸ ਨੂੰ ਖਾਕ ਪਤਾ ਹੈ। ਮੁਰਦਾ ਜਿਸਮ ਨੂੰ ਖਾਕ ਦੀ ਢੇਰੀ ਕਿਹਾ ਜਾਂਦਾ ਹੈ। ਖਾਕ ਉੱਡ ਰਹੀ ਹੋਵੇ, ਉਸ ਨੂੰ ਬੁਰਾ ਸਮਝਿਆ ਜਾਂਦਾ ਹੈ। ਕਵੀ ਖਾਕ ਨੂੰ ਨਿਰਮਾਣਤਾ ਦਾ ਦਰਜਾ ਦਿੰਦੇ ਹਨ। ਸ਼ਾਇਰ ਇਕਬਾਲਕਹਿੰਦੇ ਹਨ:
ਮਿਟਾ ਦੇਅਪਨੀ ਹਸਤੀ ਕੋਅਗਰ ਕੁਛ ਮਰਤਬਾ ਚਾਹੇ
ਕਿ ਦਾਨਾ ਖਾਕ ਮੇਂ ਮਿਲ ਕੇ ਗੁਲ-ਓ-ਗੁਲਜ਼ਾਰ ਹੋਤਾ ਹੈ।
ਮਤਲਬ ਜਦੋਂ ਦਾਣਾ ਖਾਕ ਵਿਚ ਮਿਲਕੇ ਉਸ ਦੀ ਤਰ੍ਹਾਂ ਹੀ ਨਿਰਮਾਣ ਬਣ ਜਾਂਦਾ ਹੈ, ਫੇਰ ਹੀ ਉਸ ਨੂੰ ਭਾਗ ਲਗਦੇ ਹਨ। ਮੈਂ ਇਸ ਤੋਂ ਵੀ ਅੱਗੇ ਜਾਣ ਦੀ ਗੁਸਤਾਖੀ ਕਰਦਾ ਹਾਂ ਕਿ ਇਨ੍ਹਾਂ ਦੋਹਾਂ ਨਿਰਮਾਣਤਾ ਨੂੰ ਅਸਲੀਅਤ ਵਿਚ ਭਾਗ ਫੇਰ ਹੀ ਲਗਦੇ ਹਨ ਜੇ ਤੀਜਾ ਨਿਰਮਾਣਤਾ ਦਾ ਪੁੰਜ ਪਾਣੀ ਮਿਲ ਜਾਵੇ। ਇਸ ਤੋਂ ਬਿਨਾਂ ਦਾਣਾ ਜ਼ਮੀਨ ਦੀ ਕੁੱਖ ਵਿਚ ਮਰ ਜਾਵੇਗਾ।
ਜੇ ਹਰ ਪਾਸਿਓਂ ਨਿਰਮਾਣਤਾ ਦੀ ਲਹਿਰ ਚੱਲ ਪਵੇ ਤਾਂ ਇਹ ਸਰਜ਼ਮੀਨ ਗੁਲਜ਼ਾਰ ਬਣ ਜਾਵੇ। ਹੰਕਾਰ ਹੀ ਇਸ ਦੁਨੀਆ ਦੀ ਤਬਾਹੀ ਦਾ ਜ਼ਿੰਮੇਵਾਰ ਹੈ।
ਨਹਿਰੀ ਪਾਣੀ ਅਤੇ ਪਿੰਡ ਦੀ ਜ਼ਮੀਨ ਨੇ ਬਚਪਨ ਯਾਦ ਕਰਾ ਦਿੱਤਾ। ਬਠਿੰਡਾ ਜ਼ਿਲ੍ਹੇ ਵਿਚ ਪਾਣੀ ਦੀ ਥੁੜ੍ਹ ਅਤੇ ਪਾਣੀ ਨਾਲ ਸਿੰਜੀ ਜਾਂਦੀ ਚੰਗੀ ਜ਼ਮੀਨ ਦੀ ਥੁੜ੍ਹ ਨੇ ਲੋਕਾਂ ਅੰਦਰ ਲੜਾਈ ਦੀ ਥੁੜ੍ਹ ਨਹੀਂ ਆਉਣ ਦਿੱਤੀ। ਜ਼ਿਲ੍ਹੇ ਦੀ ਜੇਲ੍ਹ ਵਿਚ ਉਹਨੀਂ ਦਿਨੀਂ ਅੱਧ ਤੋਂ ਵੱਧ ਕੈਦੀ ਨਹਿਰੀ ਪਾਣੀ ਅਤੇ ਵੱਟਾਂ ਵੱਢਣ ਕਰਕੇ ਹੀ ਪਹੁੰਚੇ ਹੋਏ ਸਨ। ਕਈ ਵਾਰ ਲੜਾਈ ਗੰਡਾਸੀਆਂ, ਤਲਵਾਰਾਂ ਦੀ ਹੱਦ ਟੱਪ ਜਾਂਦੀ ਸੀ ਅਤੇ ਗੋਲੀਆਂ ਚੱਲਣ ਨਾਲ ਮੌਤ ਵੀ ਹੋ ਜਾਂਦੀ ਸੀ।ਇਹ ਸਿਲਸਿਲਾ ਟਿਊਬਵੈੱਲਾਂ ਦੀ ਆਮਦ ਅਤੇ ਮੁਰੱਬੇਬੰਦੀ ਨਾਲ ਬਹੁਤ ਹੱਦ ਤੱਕ ਰੁਕ ਗਿਆ ਹੈ। ਚੰਗਾ ਹੋਇਆ, ਨਹੀਂ ਤਾਂ ਮੇਰੇ ਚੰਡੀਗੜ੍ਹ ਦੇ ਗ਼ਰੀਬਖਾਨੇ ‘ਤੇ ਜਾਣੇ-ਪਛਾਣੇ ਮਹਿਮਾਨ ਪਹੁੰਚ ਜਾਂਦੇ ਸਨ। ਬੱਚਿਆਂ ਦੀਆਂ ਹਾਈ ਕੋਰਟ ਵਿਚ ਜ਼ਮਾਨਤਾਂ ਲਈ ਅਪੀਲਾਂ ਕਰਨ ਲਈ ਚੰਗੇ ਵਕੀਲ ਕਰਨ ਲਈ ਮੇਰੀ ਸਹਾਇਤਾ ਲੋੜਦੇ ਸਨ। ਮੈਂ ਇਹੋ ਜਿਹੇ ਕੰਮਾਂ ਤੋਂ ਅਣਜਾਣ ਸਾਂ।
ਅੱਜ ਕੱਲ੍ਹ ਪਿੰਡਾਂ ਵਿਚ ਇਸ ਲੜਾਈ ਦਾ ਰੁਝਾਨ ਬੇਸ਼ੱਕ ਖਤਮ ਹੈ ਪਰ ਸੂਬਿਆਂ ਵਿਚਕਾਰ ਦਰਿਆਵਾਂ ਅਤੇ ਨਹਿਰਾਂ ਦੇ ਪਾਣੀਆਂ ਦੇ ਝਗੜੇ ਸਾਹਮਣੇ ਆ ਗਏ ਹਨ। ਇਥੇ ਹੀ ਵੱਸ ਨਹੀਂ, ਦੁਨੀਆ ਦੇ ਬਹੁਤ ਦੇਸ਼ ਗੁਆਂਢੀ ਦੇਸ਼ਾਂ ਨਾਲ ਪਾਣੀ ਖੋਹਣ ਵਿਚ ਅਤੇ ਮਿੱਟੀ, ਮਤਲਬ ਆਪਣੀ ਹੱਦ ਵਧਾਉਣ ਵਿਚ ਹੀ ਤੜਫਦੇ ਰਹਿੰਦੇ ਹਨ। ਭਾਰਤ ਪਾਕਿਸਤਾਨ(ਕਸ਼ਮੀਰ ਦੀ ਅਤਿ ਪਿਆਰੀ ਮਿੱਟੀ ਅਤੇ ਦਰਿਆਵਾਂ ਦੇ ਪਾਣੀ) ਅਤੇ ਚੀਨ ਭਾਰਤ ਤੋਂ ਭੂਟਾਨ, ਅਰੁਨਾਚਲ ਪ੍ਰਦੇਸ਼ ਜਿਹੇ ਇਲਾਕਿਆਂ ਦੀ ਮਿੱਟੀ ‘ਤੇ ਕਬਜ਼ਾ ਹੀ ਤਾਂ ਚਾਹੁੰਦਾ ਹੈ।
ਮਿੱਟੀ ਦੇ ਚੋਜ ਨਿਰਾਲੇ ਹਨ। ਕਿਤੇ ਇਸ ਵਿਚੋਂ ਤੇਲ ਨਿਕਲ ਆਉਂਦਾ ਹੈ, ਕਿਤੇ ਬਹੁਤ ਕੁਝ ਹੋਰ। ਸੂਚੀ ਬਹੁਤ ਲੰਮੀ ਹੈ। ਵਾਤਾਵਰਨ ਨੂੰ ਠੀਕ ਰੱਖਣ ਲਈ ਪੈਟਰੋਲਅਤੇ ਡੀਜ਼ਲ ਨਾਲ ਚੱਲਣ ਵਾਲੀਆਂ ਗੱਡੀਆਂ ਬੁਰੀਆਂ ਸਾਬਤ ਹੋ ਰਹੀਆਂ ਹਨ। ਵੈਸੇ ਵੀ ਡੀਜ਼ਲ, ਪੈਟਰੋਲ ਦੇ ਭੰਡਾਰ ਬਹੁਤ ਦੇਰ ਨਹੀਂ ਚੱਲਣਗੇ। ਬਿਜਲੀ ਨਾਲ ਚੱਲਣ ਵਾਲੀਆਂ ਗੱਡੀਆਂ ਨਵੀਂ ਉਮੀਦ ਲੈ ਕੇ ਆ ਗਈਆਂ ਹਨ। ਇਨ੍ਹਾਂ ਸਭ ਵਿਚ ਲਿਥੀਅਮ ਵਡਮੁੱਲਾ ਅੰਗ ਹੈ। ਇਹ ਬੇਅੰਤ ਮਿਕਦਾਰ ਵਿਚ ਧਰਤੀ ਅੰਦਰ ਲੁਕਿਆ ਪਿਆ ਹੈ। ਕਈਆਂ ਦਾ ਅਨੁਮਾਨਹੈ ਕਿ ਅਮਰੀਕਾ ਅਫ਼ਗਾਨਿਸਤਾਨ ਵਿਚ ਆਪਣੀਆਂ ਫੌਜਾਂ ਰੂਸ ਦੀ ਕੁੱਛੜ ਵਿਚ ਬੈਠਣ ਲਈ ਹੀ ਨਹੀਂ ਸੀ ਲਿਆਇਆ ਬਲਕਿ ਇਸ ਨਾਲ ਇਥੋਂ ਦੀ ਧਰਤੀ ਵਿਚੋਂ ਅਨੇਕਾਂ ਕਿਸਮ ਦੀਆਂ ਵੱਡਮੁਲੀਆਂ ਵਸਤਾਂ ਚੁਪ-ਚਪੀਤੇ ਖੋਦਣ ਲਈ ਵੀ ਆਇਆ ਸੀ।
ਜ਼ਮੀਨ ਨਖਰੇ ਹੱਥੀ ਅਤੇ ਮਜਾਜਣ ਵੀ ਹੈ। ਕੁਝ ਫ਼ਸਲਾਂ ਲਈ ਹਰ ਹਫ਼ਤੇ ਮੁਨਾਸਬ ਮਿਕਦਾਰ ਵਿਚ ਪਾਣੀ ਨੂੰ ਪਸੰਦ ਕਰਦੀ ਹੈ। ਚੌਲਾਂ ਦੀ ਫ਼ਸਲ ਵੇਲੇ ਪਾਣੀ ਨੂੰ ਖਿੜੇ ਮੱਥੇ ਪੁਕਾਰਦੀ ਹੈ। ਚਾਹ ਦੇ ਬੂਟਿਆਂ ਦੀ ਸਿਹਤ ਲਈ ਹਰ ਰੋਜ਼ ਪਾਣੀ ਦੀ ਹਾਜ਼ਰੀ ਲੋਚਦੀ ਹੈ ਪਰ ਪਾਣੀ ਦੇ ਖੜ੍ਹੇ ਰਹਿਣ ਨੂੰ ਠੀਕ ਨਹੀਂ ਸਮਝਦੀ। ਨਵਾਂ ਪਾਣੀ ਆਉਂਦਾ ਅਤੇ ਝੱਟ ਪੁਰਾਣਾ ਬਣਦਾ ਹੋਇਆ ਅਤੇ ਦੂਰ ਹੁੰਦਾ ਹੋਇਆ ਚਾਹ ਦੇ ਬੂਟਿਆਂ ਲਈ ਲਾਭਦਾਇਕ ਹੈ।
ਦਰਿਆਵਾਂ ਦਾ ਪਾਣੀ ਪਹਾੜਾਂ ਤੋਂ ਖਾਕ ਦੇ ਕਈ ਨਮੂਨੇ ਆਪਣੇ ਨਾਲ ਲਿਆਉਂਦਾ ਹੈ।ਸੀਮਿੰਟ ਦੇ ਰੰਗ ਨਾਲ ਮਿਲਦੀ ਜੁਲਦੀ ਬਰੇਤੀ ਇਮਾਰਤਾਂ ਉਸਾਰਨ ਲਈ ਬਹੁਤ ਅਹਿਮ ਹੈ। ਦਰਿਆਵਾਂ ਤੋਂ ਨਹਿਰਾਂ ਵਿਚ ਫੇਰ ਖਾਲਿਆਂ ਅਤੇ ਫੇਰ ਖੇਤਾਂ ਵਿਚ ਪਹੁੰਚ ਕੇ ਅੰਮ੍ਰਿਤ ਸਮਾਨ ਬਣ ਜਾਂਦਾ ਹੈ। ਮੈਨੂੰ ਭਲੀ ਭਾਂਤ ਯਾਦ ਹੈ ਕਿ ਸਾਡੀ ਜ਼ਮੀਨ ਵਿਚ ਕੱਲਰ, ਜਿੱਲ੍ਹਣ ਜਿਹੀਆਂ ਭੈੜੀਆਂ ਅਲਾਮਤਾਂ ਖਤਮ ਕਰਨ ਲਈ ਜਿਪਸਮ ਅਤੇ ਨਹਿਰੀ ਪਾਣੀਹੀ ਕਾਰ-ਆਮਦ ਹੁੰਦੇ ਸਨ। ਬਠਿੰਡਾ, ਮਾਨਸਾ, ਫਰੀਦਕੋਟ ਦੇ ਇਲਾਕੇ ਵਿਚ ਨਹਿਰ ਦੇ ਪਾਣੀ ਦੀ ਬਹੁਤ ਘਾਟ ਹੈ। ਜੇ ਇਹ ਪਾਣੀ ਜ਼ਰੂਰਤ ਅਨੁਸਾਰ ਮਿਲ ਜਾਵੇ, ਟਿਊਬਵੈੱਲਾਂ ਦੀ ਬਹੁਤੀ ਲੋੜ ਮਹਿਸੂਸ ਨਾ ਹੋਵੇ। ਮੁਫ਼ਤ ਦੀ ਬਿਜਲੀ ਨੇ ਕਿਸਾਨਾਂ ਨੂੰ ਪਾਣੀ ਬਰਬਾਦ ਕਰਨ ਵੱਲ ਉਤਸ਼ਾਹਤ ਕੀਤਾ ਹੈ। ਪਾਣੀ ਦੀ ਖੁਦਮੁਖਤਾਰੀ ਨੇ ਲੋਕਾਂ ਵਿਚ ਆਪਸੀ ਭਰੱਪਣ ਖਤਮ ਕਰ ਦਿੱਤਾ ਹੈ। ਹਰ ਸਾਲ ਟਿਊਬਵੈੱਲਾਂ ਦੇ ਪਾਣੀ ਦਾ ਨੀਵਾਂ ਹੋਣਾ ਜਿੱਥੇ ਰੇਗਿਸਤਾਨ ਵੱਲ ਇਸ਼ਾਰਾ ਕਰ ਰਿਹਾ ਹੈ,ਇਸ ਦੇ ਨਾਲ ਹੀ ਮੋਟਰਾਂ ਨੂੰ ਜ਼ਿਆਦਾ ਪਾਵਰ ਦੇਣ ਲਈ ਬਿਜਲੀ ਘਰਾਂ ਦੇ ਚੱਕਰ ਲਗਵਾ ਰਿਹਾ ਹੈ। ਦੋ-ਦੋ ਕਿੱਲੇ ਜ਼ਮੀਨ ਦੇ ਮਾਲਕ ਟਿਊਬਵੈੱਲਾਂ ਦਾ ਜਾਲ ਵਿਛਾਈ ਬੈਠੇ ਹਨ। ਖੰਭਿਆਂ ਤੋਂ ਲਟਕਦੀਆਂ ਬਿਜਲੀ ਦੀਆਂ ਤਾਰਾਂ ਬਹੁਤ ਵਾਰ ਕਣਕ ਦੀ ਪੱਕੀ ਫ਼ਸਲ ਨੂੰ ਅੱਗ ਦੇ ਹਵਾਲੇ ਕਰ ਦਿੰਦੀਆਂ ਹਨ।ਜੇ ਮੀਲ ਡੇਢ ਮੀਲ ਦੇ ਫਾਸਲਿਆਂ ‘ਤੇ ਨਹਿਰੀ ਵਿਭਾਗ ਅਧੀਨ ਵੱਡੀ ਤਾਕਤ ਵਾਲੇ ਟਿਊਬਵੈੱਲ ਲੱਗ ਜਾਣ, ਇਹ ਨਹਿਰੀ ਪਾਣੀ ਕਮੀ ਨੂੰ ਥੋੜ੍ਹੀ ਜਿਹੀ ਪੂਰਾ ਕਰ ਦੇਣ ਤਾਂ ਹਾਲਾਤ ਸੁਧਰ ਸਕਦੇ ਹਨ। ਮੈਂ ਬਹੁਤ ਸਾਲ ਪਹਿਲਾਂ ਇਹੋ ਜਿਹੇ ਟਿਊਬਵੈੱਲ ਸੰਗਰੂਰ ਜ਼ਿਲ੍ਹੇ ਵਿਚ ਦੇਖੇ ਸਨ। ਇਸ ਨਾਲ ਲੱਖਾਂ ਟਿਊਬਵੈੱਲਾਂ ਤੋਂ ਵਰਤੋਂ ਕੀਤੀ ਬਿਜਲੀ ਪਿੰਡਾਂ ਵਿਚ ਛੋਟੀਆਂ ਸਨਅਤਾਂ ਲਈ ਕੰਮ ਆ ਸਕਦੀ ਹੈ। ਇਹੋ ਜਿਹੀਆਂ ਬਹੁਤ ਸਕੀਮਾਂ ਖੇਤੀ ਅਤੇ ਨਹਿਰੀ ਮਹਿਕਮੇ ਦੇ ਮਾਹਰ ਦੱਸ ਸਕਦੇ ਹਨ ਪਰ‘ਕੌਣ ਸਾਹਿਬ ਨੂੰ ਆਖੇ ਇੰਝ ਨਹੀਂ ਇੰਝ ਕਰ!’
ਪਿਛਲੇ ਦਿਨਾਂ ਵਿਚ ਪਤਾ ਨਹੀਂ ਬਾਰਿਸ਼ ਦਾ ਪਾਣੀ ਮਿੱਟੀ ਨਾਲ ਕਿਉਂ ਨਾਰਾਜ਼ ਹੋ ਗਿਆ। ਪਹਾੜਾਂ ਵਿਚ ਬਹੁਤ ਥਾਵਾਂ ‘ਤੇ ਇਸ (ਮਿੱਟੀ)ਨੂੰ ਖੋਰ ਕੇ ਮਕਾਨ ਧਰਤੀ ਵਿਚ ਧਸ ਗਏ। ਸੜਕਾਂ ਟੁੱਟ ਗਈਆਂ। ਬੰਨ੍ਹ ਟੁੱਟ ਗਏ। ਪੱਥਰਾਂ ਦੀਆਂ ਢਿਗਾਂ ਢਹਿ ਢੇਰੀ ਹੋ ਗਈਆਂ ਅਤੇ ਮੈਦਾਨੀ ਇਲਾਕੇ ਵਿਚ ਵੀ ਬਹੁਤ ਨੁਕਸਾਨ ਹੋਇਆ।
ਬਲਿਹਾਰੇ ਜਾਈਏ ਉਦਮੀ ਕਿਸਾਨਾਂ ਦੇ ਜਿਨ੍ਹਾਂ ਨੇ ਮਿੱਟੀ ਦੀ ਬਾਂਹ ਫੜੀ ਅਤੇ ਇਸ ਨਾਲ ਟਰਾਲੀਆਂ ਭਰ ਕੇ ਨਵੇਂ ਨਰੋਏ ਬੰਨ੍ਹ ਲਗਾ ਦਿੱਤੇ ਅਤੇ ਪਾਣੀ ਦੇ ਖੌਫ਼ਨਾਕ ਵਹਾ ਨੂੰ ਰੋਕ ਲਿਆ। ਖੇਤਾਂ ਵਿਚ ਖੜ੍ਹੇ ਪਾਣੀ ਨੂੰ ਕੁਝ ਸਮੇਂ ਪਿਛੋਂ ਜ਼ਮੀਨ ਨੇ ਆਪਣੇ ਆਪ ਅੰਦਰ ਜਜ਼ਬ ਕਰ ਲਿਆ। ਇਹ ਬਹਾਦਰ ਮਿੱਟੀ ਪਾਣੀ ਦੀ ਹਿੱਕ ਉਪਰ ਬੈਠ ਗਈ ਅਤੇ ਬਹਾਦਰ ਕਿਸਾਨਾਂ ਨੂੰ ਕਹਿ ਰਹੀ ਹੈ: ਆਓ! ਮੇਰੀ ਕੁੱਖ ਹਰੀ ਭਰੀ ਹੈ। ਮੈਂ ਫਸਲਾਂ ਲਈ ਜ਼ਰਖੇਜ਼ ਮਾਂ ਹਾਂ।
ਨਿਵਾਣ ਵੱਲ ਵਹਿਣਾ ਪਾਣੀ ਦੀ ਕੁਦਰਤ ਦੀ ਦਿੱਤੀ ਹੋਈ ਰੁਚੀ ਹੈ। ਰਸਤੇ ਦੀ ਰੁਕਾਵਟ ਨੂੰ ਮਨਜ਼ੂਰ ਕਰਨਾ ਇਸ ਦਾ ਸੁਭਾਅ ਨਹੀਂ। ਹੜ੍ਹਾਂ ਦਾ ਸਭ ਤੋਂ ਵੱਡਾ ਕਾਰਨ ਪਾਣੀ ਦੇ ਕੁਦਰਤੀ ਵਗ ਨੂੰ ਰੋਕਣਾ ਹੈ।
ਖੁਦਗਰਜ਼ ਅਤੇ ਤਾਕਤਵਰ ਰਾਜਸੀ ਲੋਕਾਂ ਨੇ ਆਪਣੇ ਜਾਤੀ ਫਾਇਦੇ ਲਈ ਸੜਕਾਂ ਬਣਾ ਕੇ ਅਤੇ ਕਿਸੇ ਨੀਵੇਂ ਪ੍ਰੰਤੂ ਢੁਕਵੇਂ ਇਲਾਕੇ ਵਿਚ ਮਿੱਟੀ ਦੀ ਭਰਤ ਪੁਆ ਕੇ ਮਕਾਨਾਂ ਦੀ ਉਸਾਰੀ ਕੀਤੀ ਹੈ। ਇਸ ਵਰਤਾਰੇ ਨੇ ਪਾਣੀ ਦੇ ਕੁਦਰਤੀ ਰਸਤੇ ਰੋਕ ਲਏ। ਨਤੀਜੇ ਸਾਹਮਣੇ ਹਨ।
ਚਲੋ ਹੋ ਗਿਆ ਸੋ ਬੀਤ ਗਿਆ; ਅੱਗੇ ਵਾਸਤੇ ਕੁਝ ਚੁਕੰਨੇ ਹੋਈਏ। ਮੈਂ ਸਿਵਲ ਇੰਜਨੀਅਰ ਨਹੀਂ। ਨਿਮਾਣੀਜਿਹੀ ਕੁਦਰਤੀ ਸੂਝ ਅਨੁਸਾਰ ਇਕ ਦੋ ਗੱਲਾਂ ਕਰਕੇ ਲੇਖ ਸਮਾਪਤਾ ਕਰਾਂਗਾ।
ਕਜੌਲੀ ਤੋਂ ਚੰਡੀਗੜ੍ਹ ਵਲ ਪਾਣੀ ਲਿਜਾਣ ਲਈ ਉਚਾਈ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਕੰਮ ਲਈ ਬਿਜਲੀ ਦਾ ਸਹਾਰਾ ਲੈਣਾ ਜ਼ਰੂਰੀ ਹੈ।ਅੱਗੇ ਵਾਸਤੇ ਇਹੋ ਜਿਹੇ ਖਰਚ ਤੋਂ ਬਚੀਏ।
ਇਕ ਹੋਰ ਭਿਆਨਕ ਦ੍ਰਿਸ਼ ਮੈਨੂੰ ਨਜ਼ਰ ਆ ਰਿਹਾ ਹੈ। ਦਰਿਆਵਾਂ ਨੂੰ ਜੋੜਨ ਦਾ ਜਨੂਨ ਸਿਆਸੀ ਗਲਿਆਰਿਆਂ ਵਿਚ ਗੂੰਜ ਰਿਹਾ ਹੈ। ਸਾਡੇ ਸਿਵਲ ਇੰਜਨੀਅਰ ਬਹੁਤ ਲਾਇਕ ਹਨ। ਵਿਦੇਸ਼ਾਂ ਵਿਚ ਵੀ ਕਈ ਥਾਵਾਂ ‘ਤੇ ਇਨ੍ਹਾਂ ਦੀ ਮਸ਼ਹੂਰੀ ਹੈ ਪਰਭਾਰਤ ਵਿਚ ਪਤਾ ਨਹੀਂ ਕਿਉਂ ਮੈਨੂੰ ਇਨ੍ਹਾਂ ਵਿਚ ਕੁਝ ਕਮਜ਼ੋਰੀ ਨਜ਼ਰ ਆਉਂਦੀ ਹੈ। ਉਹ ਰਾਜਸੀਤਾਕਤਵਰ ਲੋਕਾਂ ਨੂੰ ਕਹਿ ਨਹੀਂ ਸਕਦੇ- ਰਾਣੀ ਸਾਹਿਬਾ ਅੱਗਾ ਢਕ। ਦਰਿਆਵਾਂ ਦੇ ਪਾਣੀ ਨੂੰ ਮਰਜ਼ੀ ਅਨੁਸਾਰ ਮੋੜਨਾ ਇਸ ਤਰ੍ਹਾਂ ਦੀ ਖੇਡ ਹੈ ਜਿਸ ਵਿਚ ਵਿਚਾਰੇ ਦਰਿਆ ਕਹਿਣਗੇ- ਜਿਨ੍ਹਾਂ ਰਾਹਾਂ ਦੀ ਅਸੀਂ ਸਾਰ ਨਾ ਜਾਣੀਏ, ਉਹਨੀਂ ਰਾਹੀਂ ਸਾਨੂੰ ਮੁੜਨਾ ਪਿਆ! ਰੱਬ ਜਾਣੇ ਨਤੀਜੇ ਕੀ ਨਿਕਲਣਗੇ!!
ਮਨੁੱਖ ਦੀ ਮਾਨਸਿਕਤਾ ਬਹੁਤ ਪਚੀਦਾ ਹੈ।ਸ਼ਕਤੀਅਤੇ ਮਾਇਆ ਬਹੁਤ ਵਿਅਕਤੀਆਂ ਵਿਚ ਮੁਹੰਮਦ ਤੁਗਲਕ ਵਾਲੀ ਰੁਚੀ ਨੂੰ ਜਨਮ ਦਿੰਦੀ ਹੈ। ਉਹ ਦਿੱਲੀ ਦੀ ਬਜਾਇ ਹਿੰਦੋਸਤਾਨ ਦੀ ਰਾਜਧਾਨੀ ਦੱਖਣ ਵੱਲ ਲਿਜਾਣ ਲਈ ਕਰੋੜਾਂ ਰੁਪਏ ਬਰਬਾਦ ਕਰ ਗਿਆ।
ਅੱਜ ਕੱਲ੍ਹ ਸ਼ਹਿਰਾਂ ਅਤੇ ਪਿੰਡਾਂ ਵਿਚ ਖੁੱਲ੍ਹੇ ਫੰਡ ਮਿਲ ਜਾਣ, ਬੇਅੰਤ ਹਾਸੋ-ਹੀਣੇ ਪ੍ਰੋਜੈਕਟ ਨਜ਼ਰ ਆ ਜਾਂਦੇ ਹਨ। ਇਹ ਸਭ ਕੁਝ ਮੁਹੰਮਦ ਤੁਗਲਕ ਦੀ ਯਾਦ ਤਾਜ਼ਾ ਕਰਵਾ ਦਿੰਦਾ ਹੈ।
ਰੱਬ ਮਿਹਰ ਕਰੇ। ਇਸ ਤਰ੍ਹਾਂ ਦੀ ਮਾਨਸਿਕਤਾ ਨੂੰ ਬਰੇਕ ਲੱਗ ਜਾਣ ਤਾਂ ਚੰਗਾ ਹੈ; ਨਹੀਂ ਤਾਂ ਆਉਣ ਵਾਲੀਆਂ ਨਸਲਾਂ ਇਹ ਨਾ ਕਹਿਣ ਲੱਗ ਜਾਣ:
ਹਰ ਸ਼ਾਖ ਪੇ ਉੱਲੂ ਬੈਠਾ ਹੈ
ਅੰਜਾਮ-ਏ-ਗੁਲਿਸਤਾਂ ਕਿਆ ਹੋਗਾ।