ਪ੍ਰਿੰਸੀਪਲ ਸਰਵਣ ਸਿੰਘ
ਫਿਲਮਾਂ ਦੇ ਟ੍ਰੇਲਰ ਤਾਂ ਵੇਖਦੇ ਹੀ ਹਾਂ। ਵਰਿਆਮ ਸਿੰਘ ਸੰਧੂ ਦੀ ਪੁਸਤਕ ‘ਹੀਰੇ ਬੰਦੇ’ ਦਾ ਟ੍ਰੇਲਰ ਵੀ ਵੇਖ ਲਓ। ਇਸ ਵਿਚ 16 ਲੇਖਕਾਂ ਦੇ ਸ਼ਬਦ-ਚਿਤਰ ਹਨ। ਮੈਂ ਉਨ੍ਹਾਂ ਦਾ ਟ੍ਰੇਲਰ ਹੀ ਵਿਖਾ ਰਿਹਾਂ। ਆਲੋਚਕਾ ਦਾ ਕੰਮ ਹੈ ਆਲੋਚਨਾ ਕਰਨੀ ਤੇ ਪਾਠਕਾਂ ਦਾ ਪੜ੍ਹ ਕੇ ਅਨੰਦ ਮਾਨਣਾ।
ਵਰਿਆਮ ਸੰਧੂ ਨੂੰ ਮੈਂ ਕਹਾਣੀਆਂ ਦਾ ਰੁਸਤਮ ਮੰਨਦਾ ਹਾਂ। ਇਨ੍ਹਾਂ ਸ਼ਬਦ-ਚਿਤਰਾਂ `ਚ ਵੀ ਉਸ ਨੇ ਨਿੱਕੀਆਂ-ਨਿੱਕੀਆਂ ਭਾਵਪੂਰਤ ਕਹਾਣੀਆਂ ਪਾਈਆਂ ਹਨ। ਕਹਾਣੀਆਂ ਪਾਉਣ ਨਾਲ ਉਹਦੇ ਸ਼ਬਦ ਚਿਤਰ ਹੋਰ ਵੀ ਦਿਲਚਸਪ ਬਣ ਗਏ ਹਨ। ਹੋਰਨਾਂ ਦੇ ਸ਼ਬਦ-ਚਿਤਰਾਂ ਤੋਂ ਵੱਖਰੇ। ਪਾਠਕ ਪੁਸਤਕ ਪੜ੍ਹ ਕੇ ਹੀ ਜਾਣ ਸਕਣਗੇ ਕਿ ਕਹਾਣੀਆਂ ਦਾ ਰੁਸਤਮ ਕਿਹੋ ਜਿਹਾ ਸ਼ਬਦ-ਚਿਤੇਰਾ ਹੈ? 264 ਪੰਨਿਆਂ ਦੀ ਇਹ ਪੁਸਤਕ ਸੰਗਮ ਪਬਲੀਕੇਸ਼ਨਜ਼ ਸਮਾਣਾ ਨੇ ਪ੍ਰਕਾਸਿæਤ ਕੀਤੀ ਹੈ ਜਿਸ ਦੀ ਕੀਮਤ ਬਾਟੇ ਦੇ ਬੂਟਾਂ ਵਾਂਗ 295 ਰੁਪਏ ਰੱਖੀ ਹੈ। ਪ੍ਰਕਾਸ਼ਕ ਦੇ ਮੋਬਾਈਲ ਨੰਬਰ 92090-00001, 99151-03490, 98152-43917 ਹਨ। ਪੇਸ਼ ਹਨ ਸ਼ਬਦ-ਚਿਤਰਾਂ ਦੇ ਮੁਖੜੇ:
ਮੇਰੇ ਹਿੱਸੇ ਦਾ ਜਸਵੰਤ ਸਿੰਘ ਕੰਵਲ
ਜਸਵੰਤ ਸਿੰਘ ਕੰਵਲ ਪੰਜਾਬੀ ਸਾਹਿਤ ਜਗਤ ਵਿੱਚ ਅੱਠ ਦਹਾਕੇ ਆਪਣਾ ਰਾਜ ਕਮਾ ਕੇ ਤੁਰ ਗਿਆ ਹੈ। ਗਿਆ ਕਿੱਥੇ ਹੈ ਉਹ! ਉਹ ਤਾਂ ਸਾਡੇ ਆਸ-ਪਾਸ ਹੈ। ਸਾਡੇ ਅੰਗ-ਸੰਗ। ਅਸੀਂ ਜਿਨ੍ਹਾਂ ਨੇ ਉਸ ਨੂੰ ਪੜ੍ਹਿਆ ਏ, ਉਨ੍ਹਾਂ ਸਭਨਾਂ ਦੇ ਅੰਦਰ ਤਾਂ ਉਹ ਟੋਟਾ ਟੋਟਾ ਕਰ ਕੇ ਦਹਾਕਿਆਂ ਤੋਂ ਜੀਅ ਰਿਹਾ ਏ। ਜਿੰਨਾ ਚਿਰ ਅਸੀਂ ਜਿਊਂਦੇ ਰਹਾਂਗੇ, ਕੰਵਲ ਵੀ ਸਾਡੇ ਨਾਲ ਜਿਊਂਦਾ ਰਹੇਗਾ। ਕੰਵਲ ਵਰਗੇ ਲੇਖਕ ਸਭਨਾਂ ਦੇ ਆਪਣੇ ਹੁੰਦੇ ਨੇ। ਹਰੇਕ ਕੋਲ ਉਹਦੇ ਬਾਰੇ ਦੱਸਣ ਲਈ ਢੇਰਾਂ ਗੱਲਾਂ ਨੇ। ਜ਼ਰੂਰ ਹੋਣਗੀਆਂ। ਬਹੁਤ ਸਾਰੀਆਂ ਗੱਲਾਂ ਤਾਂ ਆਪਣੇ ਬਾਰੇ ਕੰਵਲ ਨੇ ਆਪ ਹੀ ਕੀਤੀਆਂ ਹੋਈਆਂ ਨੇ। ਉਨ੍ਹਾਂ ਨੂੰ ਦੁਹਰਾਉਣ ਦਾ ਕੀ ਫ਼ਾਇਦਾ! ਮੈਂ ਤਾਂ ਕੇਵਲ ਆਪਣੇ ਹਿੱਸੇ ਦੇ ਕੰਵਲ ਦੀ ਬਾਤ ਹੀ ਪਾਉਣੀ ਹੈ।
ਜ਼ਿੰਦਾਬਾਦ! ਵਿਰਕ ਸਾਹਿਬ!!
ਕੁਲਵੰਤ ਸਿੰਘ ਵਿਰਕ ਜਿਊਂਦਾ ਹੁੰਦਾ ਤਾਂ ਉਹਨੇ 2023 ਦੀ 20 ਮਈ ਨੂੰ 103 ਸਾਲ ਦੇ ਹੋ ਜਾਣਾ ਸੀ। ਪਰ ਕੀ ਕੁਲਵੰਤ ਸਿੰਘ ਵਿਰਕ ਸੱਚੀਂ ‘ਮਰ’ ਗਿਆ ਹੈ? ਵਿਰਕ ਨੇ ਅਨੇਕਾਂ ਅਮਰ ਕਹਾਣੀਆਂ ਦੀ ਰਚਨਾ ਕੀਤੀ। ਜਦ ਤੱਕ ਉਹ ਕਹਾਣੀਆਂ ਜਿਊਂਦੀਆਂ ਰਹਿਣਗੀਆਂ ਤਾਂ ਵਿਰਕ ਨੂੰ ਕੌਣ ਮਾਰ ਸਕੇਗਾ! ਵਿਰਕ ਓਨਾ ਚਿਰ ਤੱਕ ਜਿਊਂਦਾ ਹੈ, ਜਿੰਨਾ ਚਿਰ ਪੰਜਾਬੀ ਕਹਾਣੀ ਦਾ ਇਤਿਹਾਸ ਜਿਊਂਦਾ ਹੈ। ਵਿਰਕ ਪੰਜਾਬੀ ਦਾ ਇੱਕੋ-ਇੱਕ ਕਹਾਣੀਕਾਰ ਹੈ ਜਿਸ ਨੂੰ ਸਾਰੇ ਸਮਿਆਂ ਦੇ ਲੇਖਕ, ਆਲੋਚਕ ਤੇ ਪਾਠਕ ਇੱਕੋ ਜਿੰਨੀ ਮੁਹੱਬਤ ਨਾਲ ਯਾਦ ਕਰਦੇ ਤੇ ਉਸਨੂੰ ਪੰਜਾਬੀ ਦਾ ਸਰਵ-ਸ੍ਰੇਸ਼ਠ ਕਥਾਕਾਰ ਆਖ ਕੇ ਮਾਣ ਨਾਲ ਵਡਿਆਉਂਦੇ ਹਨ।
ਸੰਦਲੀ ਪਟਾਰੀ: ਕਰਨੈਲ ਸਿੰਘ ਪਾਰਸ
ਕਾਲੇ ਤਵਿਆਂ ਵਿਚੋਂ ਲਿਸ਼ਕਦਾ ਕਰਨੈਲ ਸਿੰਘ ਪਾਰਸ ਦਾ ਨਾਂ ਤੇ ਗੂੰਜਦੀ ਗੜ੍ਹਕਦੀ ਆਵਾਜ਼ ਤਾਂ ਪੰਜਾਬ ਦੀਆਂ ਹਵਾਵਾਂ ਤੇ ਫ਼ਿਜ਼ਾਵਾਂ ਵਿੱਚ ਬੜੇ ਸਾਲਾਂ ਤੋਂ ਆਪਣੇ ਰਸਾਂ-ਰੰਗਾਂ ਸਮੇਤ ਆਮ ਪੰਜਾਬੀਆਂ ਵਾਂਗ ਮੇਰੇ ਸਿਰ `ਤੇ ਵੀ ਜਾਦੂ ਵਾਂਗ ਧੂੜੀ ਹੋਈ ਸੀ, ਪਰ ਪਾਰਸ ਨੂੰ ਮਿਲਣ ਦਾ ਸਬੱਬ ਉਦੋਂ ਜਾ ਕੇ ਬਣਿਆ ਜਦੋਂ ਉਹਨੇ ਆਪਣਾ ਕਵੀਸ਼ਰੀ-ਲੰਗੋਟ ਲਾਹ ਕੇ ਕਿੱਲੀ ਉੱਤੇ ਟੰਗ ਦਿਤਾ ਸੀ ਅਤੇ ਰਾਮੂਵਾਲੇ ਨੂੰ ਛੱਡ ਕੇ ਕੈਨੇਡਾ ਵਿੱਚ ਆਪਣੇ ਪਰਿਵਾਰ ਦੇ ਜੀਆਂ ਕੋਲ ਵਸੇਬਾ ਕਰ ਚੁੱਕਾ ਸੀ।
ਕਰਨੈਲ ਸਿੰਘ ‘ਪਾਰਸ’ ਸੱਚਮੁੱਚ ਦਾ ਪਾਰਸ ਸੀ। ਅੱਧੀ ਸਦੀ ਤੋਂ ਵੱਧ ਉਸ ਦੀ ਕਵੀਸ਼ਰੀ, ਉਸ ਦੇ ਸਾਥੀਆਂ ਦੀ ਗਾਇਕੀ ਅਤੇ ਪਾਰਸ ਦੀ ਪੇਸ਼ਕਾਰੀ ਦਾ ਜਾਦੂ ਪੰਜਾਬੀਆਂ ਦੇ ਸਿਰ ਚੜ੍ਹ ਕੇ ਬੋਲਦਾ ਰਿਹਾ।
ਬਹੁ-ਬਿਧ ਪ੍ਰਤਿਭਾ ਦਾ ਝਲਕਾਰਾ: ਜਗਜੀਤ ਸਿੰਘ ਆਨੰਦ
ਮੈਂ ਜਗਜੀਤ ਸਿੰਘ ਆਨੰਦ ਨੂੰ ਪੜ੍ਹਿਆ-ਸੁਣਿਆ ਤਾਂ ਕਈ ਸਾਲਾਂ ਤੋਂ ਸੀ, ਪਰ ਉਹਦੇ ਨਾਲ ਮੇਰੀ ਨਿੱਜੀ ਸਾਂਝ ਕੋਈ ਨਹੀਂ ਸੀ। ਮੈਂ ਉਹਦੀ ਲੇਖਣੀ ਦਾ ਕਾਇਲ ਸਾਂ, ਪਰ ਉਹਦੀ ਸਿਆਸਤ ਦਾ ਨਹੀਂ। ਨਕਸਲੀ ਦੌਰ ਵਿੱਚ ਦੂਜੀਆਂ ਖੱਬੀਆਂ ਪਾਰਟੀਆਂ ਦੇ ਜਿਹੜੇ ਆਗੂ ‘ਕ੍ਰਾਂਤੀਕਾਰੀ ਲੇਖਕਾਂ’ (ਅਸੀਂ ‘ਆਪਣੇ’ ਵਾਸਤੇ ਇਹੋ ਲਕਬ ਇਸਤੇਮਾਲ ਕਰਦੇ ਸਾਂ) ਦਾ ਭਰਵਾਂ ਵਿਰੋਧ ਕਰਦੇ ਸਨ, ਜਗਜੀਤ ਸਿੰਘ ਆਨੰਦ ਉਨ੍ਹਾਂ ਲੇਖਕਾਂ ਦਾ ਆਗੂ ਸੀ।
ਆਨੰਦ ਦਿਮਾਗ ਵਲੋਂ ਉਮਰ ਭਰ ਮਾਰਕਸੀ-ਲੈਨਿਨੀ ਵਿਚਾਰਧਾਰਾ ਨੂੰ ਕੱਟੜਤਾ ਦੀ ਹੱਦ ਤੱਕ ਪ੍ਰਣਾਇਆ ਸਿਰੜੀ, ਸਿਦਕੀ ਤੇ ਸਰਗਰਮ ਸਿਆਸੀ ਸੰਗਰਾਮੀਆਂ ਰਿਹਾ ਅਤੇ ਸਿਆਸਤ ਹਮੇਸ਼ਾ ਉਸਦੀ ਪਹਿਲੀ ਪਸੰਦ ਰਹੀ। ਪਰ ਦਿਲ ਦੀਆਂ ਧੁਰ ਡੂੰਘਾਣਾਂ `ਚੋਂ ਉਹ ਇੱਕ ਸੰਵੇਦਨਸ਼ੀਲ ਸਾਹਿਤਕਾਰ ਅਤੇ ਸੂਖ਼ਮ ਬਿਰਤੀਆਂ ਵਾਲਾ ਭਾਵੁਕ ਮਨੁੱਖ ਸੀ।
ਸ਼ਿਵ ਕੁਮਾਰ ਨੂੰ ਪਹਿਲੀ ਤੇ ਆਖ਼ਰੀ ਵਾਰ ਵੇਖਣ/ਸੁਣਨ ਵੇਲੇ
ਪਹਿਲੀ ਵਾਰ ਮੈਂ ਸ਼ਿਵ ਕੁਮਾਰ ਨੂੰ 1967 ਵਿੱਚ ਵੇਖਿਆ। ਇਹ ਉਦੋਂ ਦੀ ਗੱਲ ਹੈ ਜਦੋਂ ਗੁਰਬਖ਼ਸ਼ ਸਿੰਘ ਪ੍ਰੀਤ-ਲੜੀ ਨੇ ਪ੍ਰੀਤ-ਪਾਠਕਾਂ ਨੂੰ ਅੰਮ੍ਰਿਤਸਰ ਦੀ ਗਾਂਧੀ ਗਰਾਊਂਡ ਵਿਚਲੇ ਓਪਨ ਏਅਰ ਥੀਏਟਰ ਵਿੱਚ ‘ਪ੍ਰੀਤ-ਮਿਲਣੀ’ ਉੱਤੇ ਆਉਣ ਦਾ ਸੱਦਾ ਦਿੱਤਾ। ਸ਼ਿਵ ਕੁਮਾਰ ਦੀ ਉਦੋਂ ਤੂਤੀ ਬੋਲਦੀ ਸੀ। ਰਾਤ ਦਾ ਵੇਲਾ ਸੀ। ਖੱਦਰ ਦੇ ਖੁੱਲ੍ਹੇ ਕੁੜਤੇ ਪਜਾਮੇ ਵਿੱਚ ਤਿੱਲੇ ਜੜੀਆਂ ਚੱਪਲਾਂ ਪਾਈ ਉਹ ਸਟੇਜ ਉੱਤੇ ਚੜ੍ਹਿਆ ਤਾਂ ਥੀਏਟਰ ਤਾੜੀਆਂ ਨਾਲ ਗੂੰਜ ਉੱਠਿਆ। ਰਾਂਝੇ ਵਾਂਗ ਸਿਰ `ਤੇ ਵਾਲਾਂ ਦਾ ਖ਼ੁਸ਼ਬੂਦਾਰ ਛੱਤਾ! ਨਸ਼ਈ ਅੱਖਾਂ ਅਤੇ ਦਰਦ-ਰਿੰਝਾਣੇ ਚਿਹਰੇ ਵਾਲੇ ਸ਼ਿਵ ਕੁਮਾਰ ਨੇ ਬੜੀ ਨਜ਼ਾਕਤ ਨਾਲ ਹੱਥ ਉਠਾ ਕੇ ਬੋਲ ਚੁੱਕੇ:
ਨਹਿਰੂ ਦੇ ਵਾਰਸੋ ਸੁਣੋ, ਆਵਾਜ਼ ਹਿੰਦੋਸਤਾਨ ਦੀ!
ਗਾਂਧੀ ਦੇ ਪੂਜਕੋ ਸੁਣੋ, ਆਵਾਜ਼ ਹਿੰਦੋਸਤਾਨ ਦੀ!
ਸੁਣੋ ਸੁਣੋ ਇਹ ਬਸਤੀਆਂ ਦੇ ਮੋੜ ਕੀ ਨੇ ਆਖਦੇ
ਬੀਮਾਰ ਭੁੱਖੇ ਦੇਸ਼ ਦੇ ਇਹ ਲੋਕ ਕੀ ਨੇ ਆਖਦੇ
ਕਿਉਂ ਸੁਰਖ਼ੀਆਂ `ਚੋਂ ਉੱਗਦੇ ਨੇ ਰੋਜ਼ ਸੂਹੇ ਹਾਦਸੇ
ਮੇਰਾ ਯਾਰ ਹਲਵਾਰਵੀ
ਹਰਭਜਨ ਹਲਵਾਰਵੀ ਮੇਰੇ ਉਨ੍ਹਾਂ ਰੂਹ ਵਾਲੇ ਯਾਰਾਂ ਵਿਚੋਂ ਸੀ ਜਿਨ੍ਹਾਂ ਦੀ ਗਿਣਤੀ ਪਹਿਲੀ ਉਂਗਲ ਦੇ ਪੋਟਿਆਂ ਤੱਕ ਮੁੱਕ ਜਾਂਦੀ ਹੈ। ਸੰਵੇਦਨਸ਼ੀਲ ਜੁਝਾਰੂ ਸ਼ਾਇਰ, ਨਕਸਲੀ ਆਗੂ ਤੇ ਫਿਰ ਪੱਤਰਕਾਰ ਵਜੋਂ ਬਹੁਰੰਗੇ ਤੇ ਵੱਡੇ ਰੁਤਬਿਆਂ ਵਾਲੇ ਲੋਕਾਂ ਨਾਲ ਉਹਦੇ ਸਬੰਧ ਰਹੇ। ਉਹ ਅਨੇਕਾਂ ਦੇ ਕਦੀ ਨੇੜੇ ਤੇ ਕਦੀ ਦੂਰ ਵੀ ਹੋਇਆ ਹੋਏਗਾ, ਪਰ ਮੇਰੇ ਲਈ ਹਲਵਾਰਵੀ ਸਦਾ ਮੇਰਾ ਆਪਣਾ ਰਿਹਾ। ਮੇਰੇ ਦਿਲ ਦੇ ਐਨ ਕਰੀਬ। ਮੇਰੀ ਰੂਹ ਦਾ ਹਾਣੀ। ਉਹ ਗਾਹੇ-ਬ-ਗਾਹੇ ਮੇਰੇ ਪਿੰਡ ਆਉਣ ਲੱਗਾ। ਉਨ੍ਹਾਂ ਦਿਨਾਂ ਵਿੱਚ ਉਹਦਾ ਗੁਪਤ ਨਾਂ ਮਾਸਟਰ ਮਨੋਹਰ ਲਾਲ ਸੀ।
ਚੇਤਿਆਂ ਵਿੱਚ ਲਿਸ਼ਕ ਉਠਿਆ ਪਾਸ਼
ਚੇਤਿਆਂ `ਚ ਲਿਸ਼ਕ ਉਠੇ ਪਾਸ਼ ਨਾਲ ਜੁੜੇ ਇੱਕ ਯਾਦਗਾਰੀ ਬਿਰਤਾਂਤ ਨਾਲ ਗੱਲ ਸ਼ੁਰੂ ਕਰਦੇ ਹਾਂ। ਨਕੋਦਰ ਵਿੱਚ ‘ਕ੍ਰਾਂਤੀਕਾਰੀ ਲੇਖਕਾਂ’ ਵੱਲੋਂ ਇੱਕ ਕਾਨਫ਼ਰੰਸ ਕੀਤੀ ਗਈ। ਪਰਚੇ ਪੜ੍ਹੇ ਗਏ, ਗਰਮਾ ਗਰਮ ਤਕਰੀਰਾਂ ਹੋਈਆਂ। ਸਰਕਾਰ ਦੀਆਂ ਨੀਤੀਆਂ ਤੇ ਪੁਲਿਸ ਦੀਆਂ ਵਧੀਕੀਆਂ ਖ਼ਿਲਾਫ਼ ਰੋਹਦਾਰ ਆਵਾਜ਼ ਬੁਲੰਦ ਹੋਈ। ਫਿਰ ਨਕੋਦਰ ਦੇ ਬਜ਼ਾਰਾਂ ਵਿੱਚ ਜੋਸ਼ੀਲੇ ਨਾਅ੍ਹਰੇ ਲਾਉਂਦਾ ਲੇਖਕਾਂ ਦਾ ਜਲੂਸ ਨਿਕਲਿਆ। ਰਾਤ ਨੂੰ ਕਵੀ ਦਰਬਾਰ ਸੀ। ਸਵੇਰ ਵਾਲੀ ਕਾਨਫ਼ਰੰਸ ਤੇ ਰਾਤ ਵਾਲੇ ਕਵੀ ਦਰਬਾਰ ਦੀ ਸਟੇਜ ਨਕੋਦਰ ਦੇ ਪੁਲਿਸ ਥਾਣੇ ਨਾਲ ਲੱਗਵੀਂ ਕੰਧ ਨਾਲ ਬਣੀ ਹੋਈ ਸੀ। ਕਵੀਆਂ ਦੀਆਂ ਕਵਿਤਾਵਾਂ ਵੀ ਰੋਹ ਤੇ ਰੰਜ ਨਾਲ ਭਰੀਆਂ ਹੋਈਆਂ ਸਨ। ਮੈਂ ਪਹਿਲੀ ਵਾਰ ਕਿਸੇ ਕਵੀ ਦਰਬਾਰ ਵਿੱਚ ਆਪਣਾ ਗੀਤ ਗਾ ਕੇ ਪੜ੍ਹਿਆ।
ਅਜਮੇਰ ਔਲਖ! ਤੂੰ ਕਿਤੇ ਨਹੀਂ ਗਿਆ!
ਪੰਜਾਬੀ ਨਾਟਕ ਦੀ ਰੂਹ, ਪੰਜਾਬੀ ਸਾਹਿਤ ਦਾ ਮਾਣ, ਕਲਮ ਦਾ ਯੋਧਾ ਜਰਨੈਲ, ਲੋਕ-ਹੱਕਾਂ ਦਾ ਬੁਲਾਰਾ, ਮੁਹੱਬਤ ਦਾ ਸੁੱਚਾ ਪੈਗ਼ਾਮ ਅਜਮੇਰ ਸਿੰਘ ਔਲਖ ਮੇਰਾ ਵੱਡਾ ਭਰਾ, ਮੇਰੀ ਦੇਹ-ਜਾਨ ਸੀ। ਖੂਨ ਦੀ ਸਾਂਝ ਭਾਵੇਂ ਨਹੀਂ ਸੀ ਪਰ ਵਿਚਾਰਾਂ ਦੀ ਸਾਂਝ ਬੜੀ ਪੱਕੀ-ਪੀਡੀ ਸੀ। ਮੇਰੀਆਂ ਕਹਾਣੀਆਂ ਤੇ ਔਲਖ ਸਾਹਿਬ ਦੇ ਨਾਟਕਾਂ ਦੇ ਪਾਠਕ ਜਾਣਦੇ ਨੇ ਕਿ ਅਸੀਂ ਦੋਵਾਂ ਨੇ ਆਪਣੀਆਂ ਲਿਖਤਾਂ ਵਿੱਚ ਨਿਮਨ ਕਿਰਸਾਨੀ ਦੇ ਦਰਦ ਦੀ ਬਾਤ ਪਾਈ ਹੈ। ਆਲੋਚਕਾਂ ਦਾ ਕਹਿਣਾ ਏ ਕਿ ਜੋ ਕੰਮ ਔਲਖ ਆਪਣੇ ਨਾਟਕਾਂ ਵਿੱਚ ਕਰ ਰਿਹਾ ਸੀ, ਉਹੋ ਕੰਮ ਮੈਂ ਕਹਾਣੀ ਵਿੱਚ ਕਰਨ ਦੀ ਕੋਸ਼ਿਸ਼ ਕਰ ਰਿਹਾ ਸਾਂ। ਸਾਡੇ ਵਿਚਾਰਾਂ ਦਾ ਮੇਲ ਅਜਿਹਾ ਸੀ ਕਿ ਉਹਨੇ ਮੇਰੀਆਂ ਕਹਾਣੀਆਂ ‘ਭੱਜੀਆਂ ਬਾਹੀਂ’ ਅਤੇ ‘ਆਪਣਾ ਆਪਣਾ ਹਿੱਸਾ’ ਨੂੰ ਆਧਾਰ ਬਣਾ ਕੇ ਲਿਖੇ ਨਾਟਕ ਸੈਂਕੜਿਆਂ ਤੋਂ ਵੱਧ ਵਾਰ ਖੇਡੇ।
ਪੰਜਾਬੀ ਵਾਰਤਕ ਦਾ ਉੱਚਾ ਬੁਰਜ: ਸਰਵਣ ਸਿੰਘ
ਲਿਖਣ ਦੇ ਮੈਦਾਨ ਵਿਚ ਪੈਰ ਧਰਦਿਆਂ ਹੀ ਸਰਵਣ ਸਿੰਘ ਨੇ ਜਦੋਂ ਪੈਂਦੀ ਸੱਟੇ ਸੋਲਾਂ ਹੱਥ ਲੰਮੀ ਛਾਲ ਮਾਰੀ ਤਾਂ ‘ਦਰਸ਼ਕਾਂ’(ਪਾਠਕਾਂ) ਨੇ ਹੈਰਾਨੀ-ਭਰੀ ਖ਼ੁਸ਼ੀ ਵਿਚ, ਗੱਡੀ ਦੀ ਚੀਕ ਮਾਰਨ ਵਾਂਗ ਇਕ ਦਮ ਲੰਮਾ ਗੂੰਜਦਾ ਸਾਹ ਭਰਿਆ, ਉਨ੍ਹਾਂ ਦੇ ਦਿਲਾਂ ਦੀਆਂ ਧੜਕਣਾਂ ਇੰਜਣ ਵਾਂਗ ਕਾਹਲੀ ਕਾਹਲੀ ‘ਛੁਕ ਛੁਕ’ ਕਰਨ ਲੱਗੀਆ; ਚਾਅ ਨਾਲ ਧੌਣਾਂ ਉੱਚੀਆਂ ਹੋ ਗਈਆਂ, ਚਿਹਰੇ ਲਿਸ਼ਕਦੀ ਧੁੱਪ ਵਾਂਗ ਚਮਕਣ ਲੱਗੇ। ਹਰ ਰੋਜ਼ ‘ਇਕੋ ਜਿਹੀ ਛਾਲ’ ਵੇਖਣ ਦੀਆਂ ਆਦੀ ਹੋ ਚੁੱਕੀਆਂ ਅੱਖਾਂ ਦੀ ਮੱਧਮ ਰੌਸ਼ਨੀ ਵਿਚ ਅਨੇਕਾਂ ਚਿਰਾਗ਼ ਬਲ ਉੱਠੇ, ਤਨ-ਮਨ ਵਿਸਮਾਦੀ ਖੇੜੇ ਵਿਚ ਮਹਿਕ ਉੱਠੇ। ਉਨ੍ਹਾਂ ਹੁਲਾਸ ਨਾਲ ਭਰ ਕੇ ਪਰਸੰLਸਾ ਤੇ ਲਾਡ ਨਾਲ ਸਰਵਣ ਸਿੰਘ ਵੱਲ ਵੇਖਿਆ। ਮੂੰਹੋਂ ਆਪ ਮੁਹਾਰੇ ਬੋਲ ਕਿਰ ਪਏ, “ਬਈ ਵਾਹ! ਸਵਾਦ ਆ ਗਿਆ ਸਰਵਣ ਸਿਅ੍ਹਾਂ! ਬੰਦਾ ਗੱਲ ਕਰੇ ਤਾਂ ਐਂ ਕਰੇ!”
ਨਗੀਨਾ ਯਾਰ: ਜਗਦੀਸ਼ ਸਿੰਘ ਵਰਿਆਮ
ਜਗਦੀਸ਼ ਸਿੰਘ ਵਰਿਆਮ ਨੂੰ ਸਾਡੇ ਕੋਲੋਂ ਬਾਂਹ ਛੁਡਾ ਕੇ ਸਦਾ ਲਈ ਓਹਲੇ ਹੋਇਆਂ ਸਾਲ ਤੇ ਸਾਲ ਗੁਜ਼ਰਦੇ ਜਾ ਰਹੇ ਹਨ, ਪਰ ਉਹਨੂੰ ਮੁਹੱਬਤ ਕਰਨ ਵਾਲੇ ਉਹਦੇ ਆਪਣੇ, ਸੱਜਣ-ਸਨੇਹੀ ਤੇ ਡੁੱਲ੍ਹੇ ਹੋਏ ਪਾਠਕਾਂ ਨੂੰ ਅਜੇ ਵੀ ਆਪਣੇ ਦਿਲ ਦੇ ਕਿਸੇ ਕੋਨੇ ਵਿੱਚ ਹੱਸਦੀਆਂ ਅੱਖਾਂ ਤੇ ਮੁਸਕਰਾਉਂਦੇ ਮੁਛੱਹਿਰਿਆਂ ਨਾਲ ਉਹ, ਉਨ੍ਹਾਂ ਦੇ ਅੰਦਰ ਪੁਰਾਣੀਆਂ ਸਾਂਝਾਂ ਤੇ ਪਿਆਰੀਆਂ ਯਾਦਾਂ ਦੀ ਤਰੰਗ ਛੇੜ ਜਾਂਦਾ ਹੈ। ਮਾਸਿਕ ‘ਵਰਿਆਮ’ ਨੂੰ ਉਹਦਾ ਪਰਿਵਾਰ ਤੇ ਸੱਜਣ-ਸਨੇਹੀ ਜਿਊਂਦਾ ਰੱਖਣ ਲਈ ਜੱਦੋ-ਜਹਿਦ ਕਰ ਰਹੇ ਹਨ; ਖ਼ਾਸ ਤੌਰ `ਤੇ ਛੋਟੀ ਧੀ ਡਾ. ਰਜਵੰਤ ਕੌਰ ਤੇ ਉਹਦੇ ਪ੍ਰਾਹੁਣੇ ਰਾਣਾ ਸੱਗੂ ਨੇ ਇਹ ਵਚਨ ਲਿਆ ਹੋਇਆ ਹੈ ਕਿ ਉਹ ਜਗਦੀਸ਼ ਸਿੰਘ ਦਾ ਸੁਪਨਾ ਸਦਾ ਜਿਉਂਦਾ ਰੱਖਣਗੇ।
ਪੰਜਾਬੀ ਭਾਸ਼ਾ ਦਾ ਦੀਵਾਨਾ ਆਸ਼ਕ: ਜੋਗਿੰਦਰ ਸਿੰਘ ਪੁਆਰ
ਜੋਗਿੰਦਰ ਸਿੰਘ ਪੁਆਰ ‘ਨਰ’ ਆਦਮੀ ਸੀ। ਯਾਰਾਂ ਦਾ ਯਾਰ। ਤੋੜ ਨਿਭਣ ਵਾਲਾ। ਆਪਣੀ ਧੁਨ ਤੇ ਵਿਚਾਰਾਂ ਦਾ ਪੱਕਾ। ਲੜਾਕਾ ਤੇ ਜੁਝਾਰੂ। ਬੇਲੱਚਕ ਤੇ ਬੇਲਿਹਾਜ਼। ਖਰ੍ਹਵਾ ਅਤੇ ਖੋਰੀ। ਸੱਚੀ ਗੱਲ ਮੂੰਹ `ਤੇ ਕਹਿਣ ਵਾਲਾ। ਬਾਹਰੋਂ ਕਰੜਾ ਪਰ ਅੰਦਰੋਂ ਕੂਲ਼ਾ। ਪੰਜਾਬੀ ਭਾਸ਼ਾ ਦਾ ਦੀਵਾਨਾ ਆਸ਼ਕ। ਪੰਜਾਬੀ ਦਾ ਸੂਰਮਾ ਪੁੱਤ। ਸਾਰੀ ਉਮਰ ਪੰਜਾਬੀ ਭਾਸ਼ਾ ਦੀ ਹੋਂਦ, ਹਸਤੀ ਤੇ ਪਛਾਣ ਲਈ ਲੜਿਆ, ਉਹਦੇ ਲਈ ਜੀਵਿਆ। ਪੰਜਾਬੀ ਭਾਸ਼ਾ ਹੀ ਉਹਦਾ ਪਹਿਨਣ-ਪੱਚਰਣ ਸੀ। ਉਹਦਾ ‘ਓੜ੍ਹਨਾ-ਵਿਛੌਣਾ’ ਸੀ। ਉਹਦੇ ਜਾਗਦੇ-ਸੁੱਤਿਆਂ ਲਏ ਸੁਪਨਿਆਂ ਦੀ ਮਹਿਬੂਬਾ! ਆਪਣੇ ਵਿਦਿਆਰਥੀਆਂ ਪਿੱਛੇ ਕੰਧ ਬਣ ਕੇ ਖਲੋਣ ਵਾਲਾ। ‘ਆਪਣੀ ਬੇੜੀ’ ਵਿੱਚ ਬਿਠਾ ਕੇ, ਉਹਨੇ, ਪਤਾ ਨਹੀਂ ਕਿੰਨੇ ਪੂਰ ਪਾਰ ਲੰਘਾ ਦਿੱਤੇ।
ਪੰਜਾਬ ਦੀ ਆਵਾਜ਼: ਅਮਰਜੀਤ ਗੁਰਦਾਸਪੁਰੀ
ਅਮਰਜੀਤ ਗੁਰਦਾਸਪੁਰੀ ਦੀ ਕਦੀ ਸਟੇਜ-ਗਾਇਕ ਵਜੋਂ ਪੰਜਾਬ ਭਰ ਵਿੱਚ ਤੂਤੀ ਬੋਲਦੀ ਸੀ। ਉਹਦੀ ਗਾਇਕੀ ਨੂੰ ਸੁਣਨਾ ਸ਼ਬਦ, ਸੁਰ ਅਤੇ ਸੰਗੀਤ ਦੇ ਮਾਧਿਅਮ ਰਾਹੀਂ ਆਪਣੀ ਰੂਹ ਨੂੰ ਸਰਸ਼ਾਰਨ ਵਾਲੇ ਅਮਲ ਵਿਚੋਂ ਗੁਜ਼ਰਨਾ ਸੀ। ਉਹ ਇੱਕ ਸੁਰੀਲੇ ਅਤੇ ਪ੍ਰਤੀਬੱਧ ਗਾਇਕ ਵਜੋਂ ਉੱਭਰਿਆ ਅਤੇ ਥੋੜ੍ਹੇ ਅਰਸੇ ਵਿੱਚ ਹੀ ਪੰਜਾਬ ਦੀਆਂ ਸਟੇਜਾਂ ਉਤੇ ਛਾ ਗਿਆ। ਇਹ ਕਮਿਊਨਿਸਟ ਪਾਰਟੀ ਦੇ ਚੜ੍ਹਦੀ-ਕਲਾ ਦੇ ਦਿਨ ਸਨ। ਅਮਰਜੀਤ ਦੀ ਗਾਇਕੀ ਦੇ ਵੀ ਇਹ ਸਿਖ਼ਰਲੇ ਦਿਨ ਸਨ। ਇਨ੍ਹਾਂ ਦਿਨਾਂ ਵਿੱਚ ਅਮਰਜੀਤ ਦੀ ਆਵਾਜ਼ ਦਾ ਜਾਦੂ ਪੰਜਾਬੀਆਂ ਦੇ ਮਨਾਂ ਉਤੇ ਛਾਇਆ ਹੋਇਆ ਸੀ।
ਦਰਿਆ ਦਿਲ ਪੰਨੂੰ
ਸਾਲ 1978, ਮੈਂ ਆਪਣੇ ਪਿੰਡ ਸੁਰ ਸਿੰਘ ਦੇ ਹਾਈ ਸਕੂਲ ਵਿੱਚ ਆਪਣੀ ਜਮਾਤ ਦਾ ਪੀਰਡ ਲਾ ਕੇ ਦਫ਼ਤਰ ਵਿੱਚ ਆਣ ਕੇ ਬੈਠਾ ਹੀ ਸਾਂ ਕਿ ਸਕੂਲ ਦੇ ਗੇਟ ਅੱਗੇ ਇੱਕ ਜੀਪ ਰੁਕੀ। ਉਸ ਵਿਚੋਂ ਖ਼ਾਕੀ ਵਰਦੀ ਵਾਲਾ ਅਫ਼ਸਰ, ਅੱਗੇ ਨੂੰ ਥੋੜ੍ਹੇ ਕੁ ਮੋਢੇ ਝੁਕਾ ਕੇ ਤੁਰਦਾ ਹੋਇਆ ਇੰਜ ਲੱਗਾ ਜਿਵੇਂ ਮੋਢਿਆਂ `ਤੇ ਲਿਸ਼ਕਦੇ ਸਟਾਰ ਵਿਖਾਉਣ ਲਈ ਉਚੇਚ ਕਰ ਰਿਹਾ ਹੋਵੇ। ਉਸਦੇ ਪਿੱਛੇ ਪਿੱਛੇ ਉਸਦਾ ਸਹਾਇਕ। ਉਹ ਦਫ਼ਤਰ ਵਿੱਚ ਆ ਵੜੇ।
ਮੈਂ ਸੋਚਿਆ, “ਲੈ ਪੈ ਗਿਆ ਫੇਰ ਕੋਈ ਸਿਆਪਾ!” ਅਫ਼ਸਰ ਨੇ ਪੁੱਛਦੀਆਂ ਨਜ਼ਰਾਂ ਨਾਲ ਸਾਹਮਣੀ ਕੁਰਸੀ `ਤੇ ਬੈਠੇ ਮੁੱਖ ਅਧਿਆਪਕ ਨੂੰ ਪੁੱਛਿਆ, “ਵਰਿਆਮ ਸਿੰਘ ਸੰਧੂ?”
ਸਬੱਬ ਨਾਲ ਹੱਥ ਲੱਗਿਆ ‘ਅਮੋਲਕ ਹੀਰਾ’
ਅਮੋਲਕ ਸਿੰਘ ਦਾ ਪਹਿਲਾ ਚਿਤਰ ਜੋ ਮੇਰੀਆਂ ਅੱਖਾਂ ਅੱਗੇ ਆਉਂਦਾ ਹੈ, ਉਹ ਇੱਕ ਸਮੱਧਰ ਜਿਹੇ ਖ਼ੂਬਸੂਰਤ ਗੱਭਰੂ ਦਾ ਹੈ। ਸਭ ਤੋਂ ਪਹਿਲਾਂ ਜਿਸ ਦੀਆਂ ਬਿੱਲੀਆਂ ਜਿਹੀਆਂ ਅੱਖਾਂ ਵੇਖਣ ਵਾਲੇ ਨੂੰ ਕਹਿੰਦੀਆਂ ਜਾਪਦੀਆਂ ਨੇ, “ਪਹਿਲਾਂ ਸਾਨੂੰ ਵੇਖ ਨੀਝ ਨਾਲ ਤੇ ਫਿਰ ਵੇਖ ਇਹਨਾਂ ਅੱਖਾਂ ਵਿਚਕਾਰ ਟਿਕੇ ਤਿੱਖੇ ਨੱਕ ਵੱਲ, ਉਸ ਤੋਂ ਬਾਅਦ ਵੇਖ ਇਹਦੀ ਬਣਾ-ਸੰਵਾਰ ਕੇ ਬੱਧੀ ਪੋਚਵੀਂ ਪੱਗ ਵੱਲ। ਫਿਰ ਇਹਦੀ ਲਾਪਰੀ ਦਾਹੜੀ ਵੱਲ ਤੇ ਇਹਦੇ ਜਚਵੇਂ ਕੱਦ ਬੁੱਤ ਵੱਲ।” ਦਿੱਖ ਪੱਖੋਂ ਉਹ ਕੁੜੀਆਂ ਨੂੰ ਸਹਿਜੇ ਹੀ ਖਿੱਚ ਪਾਉਣ ਵਾਲਾ ਸੁਨੱਖਾ ਗੱਭਰੂ ਲੱਗ ਸਕਦਾ ਸੀ।
ਮੇਰਾ ਆਪਣਾ ਨਿੰਦਰ ਘੁਗਿਆਣਵੀ
ਨਿੰਦਰ ਘੁਗਿਆਣਵੀ ਨੂੰ ਮੈਂ ਉਦੋਂ ਤੱਕ ਮਿਲਿਆ ਨਹੀਂ ਸਾਂ। ਉਸ ਨਾਲ ਮੇਰੀ ਪਹਿਲੀ ਗੱਲ-ਬਾਤ ਫ਼ੋਨ `ਤੇ ਹੋਈ ਸੀ, “ਐਂਕਲ ਜੀ! ਨਿੰਦਰ ਘੁਗਿਆਣਵੀ ਬੋਲਦਾਂ! ਮੈਂ ਹੰਸ ਰਾਜ ਹੰਸ ਬਾਰੇ ਇੱਕ ਕਿਤਾਬ ਲਿਖ ਰਿਹਾਂ। ਮੈਂ ਚਾਹੁੰਦਾਂ ਤੁਸੀਂ ਉਸ ਵਿੱਚ, ਹੰਸ ਰਾਜ ਬਾਰੇ ਜਿਵੇਂ ਵੀ ਸੋਚਦੇ ਓ, ਕੁੱਝ ਨਾ ਕੁੱਝ ਜ਼ਰੂਰ ਲਿਖੋ। ਭਾਵੇਂ ਦੋ ਸਫ਼ੇ ਈ ਲਿਖੋ।”
ਸੱਚੀ ਗੱਲ; ਮੈਂ ਨਿੰਦਰ ਦੀ ਕੋਈ ਲਿਖਤ ਉਦੋਂ ਤੱਕ ਪੜ੍ਹੀ ਨਹੀਂ ਸੀ। ਮੈਨੂੰ ਲੱਗਾ, ਨਵਾਂ ਮੁੰਡਾ ਏ। ਮਸ਼ਹੂਰ ਗਾਇਕਾਂ ਬਾਰੇ ਲਿਖ ਕੇ ਆਪ ਵੀ ਮਸ਼ਹੂਰ ਹੋਣਾ ਚਾਹੁੰਦਾ ਏ। ਸ਼ਾਇਦ ਇਸ ਕੰਮ ਵਿਚੋਂ ਉਹਨੂੰ ਚਾਰ ਪੈਸੇ ਵੀ ਬਣ ਜਾਣ!
ਖ਼ਰਾ ਬੰਦਾ-ਰਜਨੀਸ਼ ਬਹਾਦਰ
ਰਜਨੀਸ਼ ਬਹਾਦਰ ਮੁਖੌਟਾਧਾਰੀ ਨਹੀਂ ਸੀ। ਉਹ ਜਿਹੋ ਜਿਹਾ ਅੰਦਰੋਂ ਸੀ, ਉਹੋ ਜਿਹਾ ਹੀ ਬਾਹਰੋਂ ਸੀ। ਜਿਹੜੀ ਗਲ ਦਿਲ ਵਿੱਚ ਹੁੰਦੀ, ਉਹੋ ਉਹਦੇ ਮੂੰਹ `ਚੋਂ ਨਿਕਲਦੀ। ਉਹ ਮੀਸਣਾ ਨਹੀਂ ਸੀ। ‘ਮਨ ਹੋਰ ਮੁੱਖ ਹੋਰ’ ਵਾਲੇ ਬੰਦਿਆਂ ਵਾਂਗ ਉਹ ‘ਕੱਚਾ ਬੰਦਾ’ ਵੀ ਨਹੀਂ ਸੀ। ਪੱਕੇ ਘੜੇ ਤੇ ਖ਼ਰੇ ਸਿੱਕੇ ਵਾਂਗ ਟੁਣਕਦਾ ਇਨਸਾਨ ਸੀ-ਰਜਨੀਸ਼ ਬਹਾਦਰ।
ਜਿਸ ਦਿਨ ਰਜਨੀਸ਼ ਦੇ ਸਦੀਵੀ ਵਿਛੋੜੇ ਦੀ ਖ਼ਬਰ ਮਿਲੀ ਮੇਰਾ ਗਲ਼ਾ ਭਰ ਆਇਆ ਤੇ ਕਿੰਨਾ ਚਿਰ ਕੋਈ ਗੱਲ ਨਾ ਹੋ ਸਕੀ। ਮੈਂ ਫੇਸ-ਬੁੱਕ `ਤੇ ਕੇਵਲ ਏਨਾ ਹੀ ਲਿਖ ਸਕਿਆ:
ਲਾ ਕੇ ਇਸ `ਚੋਂ ਡੁਬਕਣੀ, ਪੰਛੀ ਕਦੋਂ ਦਾ ਉੱਡ ਗਿਆ
ਝੀਲ ਦਾ ਪਾਣੀ ਤਾਂ ਪਰ, ਕੰਬਦਾ ਰਹੇਗਾ ਦੇਰ ਤੱਕ!