ਨਿੱਝਰ ਦੀ ਹੱਤਿਆ ਨੂੰ ਸੰਗਠਿਤ ਤਰੀਕੇ ਨਾਲ ਅੰਜਾਮ ਦਿੱਤਾ ਗਿਆ: ਰਿਪੋਰਟ

ਸਰੀ: ਅਮਰੀਕੀ ਰੋਜ਼ਨਾਮਚੇ ‘ਦਿ ਵਾਸ਼ਿੰਗਟਨ ਪੋਸਟ` ਨੇ ਇਕ ਵੀਡੀਓ ਦੀ ਸਮੀਖਿਆ ਤੇ ਗਵਾਹਾਂ ਦੇ ਹਵਾਲੇ ਨਾਲ ਆਪਣੀ ਇਕ ਰਿਪੋਰਟ ਵਿਚ ਦਾਅਵਾ ਕੀਤਾ ਹੈ ਕਿ ਕੈਨੇਡਾ ਆਧਾਰਿਤ ਖਾਲਿਸਤਾਨ ਪੱਖੀ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੀ ਜੂਨ ਮਹੀਨੇ ਬ੍ਰਿਟਿਸ਼ ਕੋਲੰਬੀਆ ਦੇ ਗੁਰਦੁਆਰੇ ਦੇ ਬਾਹਰ ਹੋਈ ਹੱਤਿਆ ਵਿਚ ਘੱਟੋ-ਘੱਟ ਛੇ ਵਿਅਕਤੀ ਤੇ ਦੋ ਵਾਹਨ ਸ਼ਾਮਲ ਸਨ। ਰੋਜ਼ਨਾਮਚੇ ਨੇ ਕਿਹਾ ਕਿ ਇਸ ਪੂਰੀ ਘਟਨਾ ਨੂੰ ਜਿਵੇਂ ਕਿ ਪਹਿਲਾਂ ਰਿਪੋਰਟ ਕੀਤਾ ਗਿਆ ਸੀ, ਤੋਂ ਵਧੇਰੇ ਸੰਗਠਿਤ ਤਰੀਕੇ ਨਾਲ ਅੰਜਾਮ ਦਿੱਤਾ ਗਿਆ।

ਰਿਪੋਰਟ ਮੁਤਾਬਕ ਸਥਾਨਕ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਦਾਅਵਾ ਕੀਤਾ ਕਿ ਅਧਿਕਾਰੀਆਂ ਨੇ 18 ਜੂਨ ਨੂੰ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰੇ ਦੇ ਬਾਹਰ ਹੋਈ ਹੱਤਿਆ ਦੀ ਜਾਂਚ ਨੂੰ ਲੈ ਕੇ ਬਹੁਤੀ ਜਾਣਕਾਰੀ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਪੁਲਿਸ ਹੱਤਿਆ ਵਾਲੇ ਦਿਨ ਬਹੁਤ ਦੇਰੀ ਨਾਲ ਮੌਕੇ ‘ਤੇ ਪੁੱਜੀ ਸੀ। ਵੱਖ-ਵੱਖ ਏਜੰਸੀਆਂ ਵਿਚ ਅਸਹਿਮਤੀ ਕਰਕੇ ਜਾਂਚ ਹੋਰ ਲਮਕ ਗਈ। ਗੁਰਦੁਆਰੇ ਨੇੜਲੇ ਕਈ ਕਾਰੋਬਾਰੀਆਂ ਤੇ ਸਥਾਨਕ ਲੋਕਾਂ ਨੇ ਦੱਸਿਆ ਕਿ ਤਫਤੀਸ਼ਕਾਰਾਂ ਨੇ ਨਾ ਤਾਂ ਉਨ੍ਹਾਂ ਨੂੰ ਕੋਈ ਸਵਾਲ ਪੁੱਛੇ ਤੇ ਨਾ ਹੀ ਸੀ.ਸੀ.ਟੀ.ਵੀ. ਕੈਮਰਿਆਂ ਦੀ ਵੀਡੀਓ ਫੁਟੇਜ ਬਾਰੇ ਪੁੱਛਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਲੰਘੇ ਦਿਨੀਂ ਕੈਨੇਡਿਆਈ ਸੰਸਦ ਵਿਚ ਦਾਅਵਾ ਕੀਤਾ ਸੀ ਕਿ ਨਿੱਝਰ ਦੀ ਹੱਤਿਆ ਪਿੱਛੇ ਭਾਰਤ ਸਰਕਾਰ ਦੇ ਏਜੰਟਾਂ ਦਾ ਹੱਥ ਸੀ। ਇਨ੍ਹਾਂ ਦੋਸ਼ਾਂ ਦਾ ਆਧਾਰ ਫਾਈਵ ਆਈਜ ਅਲਾਇੰਸ ਵੱਲੋਂ ਸਾਂਝੀ ਕੀਤੀ ਖੁਫੀਆ ਜਾਣਕਾਰੀ ਸੀ।
ਨਿੱਝਰ, ਜੋ ਗੁਰਦੁਆਰੇ ਦਾ ਪ੍ਰਧਾਨ ਵੀ ਸੀ, ਦੇ ਪਰਿਵਾਰ ਮੁਤਾਬਕ ਉਸ ਨੂੰ ਪਹਿਲਾਂ ਦੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ। ਨਿੱਝਰ ਦੇ ਕਤਲ ਦੀ ਵਾਰਦਾਤ ਗੁਰਦੁਆਰੇ ਦੇ ਸੀ.ਸੀ.ਟੀ.ਵੀ. ਕੈਮਰੇ ਵਿਚ ਰਿਕਾਰਡ ਹੋ ਗਈ ਸੀ ਤੇ ਰੋਜ਼ਨਾਮਚੇ ਦੀ ਰਿਪੋਰਟ ਮੁਤਾਬਕ ਇਸ ਦੀ ਵੀਡੀਓ ਤਫਤੀਸ਼ਕਾਰਾਂ ਨਾਲ ਸਾਂਝੀ ਕੀਤੀ ਗਈ ਸੀ। ਡੇਢ ਮਿੰਟ ਦੀ ਇਸ ਵੀਡੀਓ ਵਿਚ ਗੁਰਦੁਆਰੇ ਦੇ ਬਾਹਰ ਪਾਰਕਿੰਗ ਸਪੇਸ ਵਿਚ ਸਲੇਟੀ ਰੰਗ ਦਾ ਪਿਕਅੱਪ ਟਰੱਕ ਆ ਕੇ ਰੁਕਦਾ ਹੈ। ਇਸ ਦੌਰਾਨ ਉਥੇ ਸਫੇਦ ਰੰਗ ਦੀ ਸਿਡਾਨ ਆਉਂਦੀ ਹੈ ਤੇ ਟਰੱਕ ਦੇ ਬਿਲਕੁਲ ਕੋਲ ਆ ਕੇ ਖੜਦੀ ਹੈ। ਇਸ ਦੌਰਾਨ ਟਰੱਕ ਰਫਤਾਰ ਫੜਦਾ ਹੈ ਤਾਂ ਸਿਡਾਨ ਵੀ ਉਸ ਦੇ ਨਾਲ ਹੋ ਤੁਰਦੀ ਹੈ। ਟਰੱਕ ਜਿਵੇਂ ਹੀ ਪਾਰਕਿੰਗ ਲਾਟ ‘ਚੋਂ ਨਿਕਲਣ ਲੱਗਦਾ ਹੈ ਤਾਂ ਸਿਡਾਨ ਅੱਗੇ ਹੋ ਕੇ ਉਸ ਦਾ ਰਾਹ ਰੋਕ ਲੈਂਦੀ ਹੈ। ਇਸ ਦੌਰਾਨ ਦੋ ਵਿਅਕਤੀ, ਜਿਨ੍ਹਾਂ ਹੁੱਡੀਆਂ ਵਾਲੀਆਂ ਸਵੈੱਟਸ਼ਰਟਾਂ ਪਾਈਆਂ ਹੋਈਆਂ ਸਨ ਤੇ ਜੋ ਉਥੇ ਕਵਰਡ ਵੇਟਿੰਗ ਏਰੀਆ ਵਿਚ ਖੜ੍ਹੇ ਸਨ, ਟਰੱਕ ਵੱਲ ਵਧਦੇ ਹਨ। ਦੋਵਾਂ ਵੱਲੋਂ ਡਰਾਈਵਰ ਦੀ ਸੀਟ ਵੱਲ ਗੋਲੀਆਂ ਚਲਾਈਆਂ ਜਾਂਦੀਆਂ ਹਨ। ਮਗਰੋਂ ਸਿਡਾਨ ਉਥੋਂ ਰਫੂਚੱਕਰ ਹੋ ਜਾਂਦੀ ਹੈ। ਇਹ ਦੋਵੇਂ ਵਿਅਕਤੀ ਵੀ ਉਸੇ ਦਿਸ਼ਾ ਵਿਚ ਭੱਜਦੇ ਹਨ। ਜਾਂਚਕਾਰਾਂ ਨੇ ਅਜੇ ਤੱਕ ਇਹ ਜਨਤਕ ਨਹੀਂ ਕੀਤਾ ਕਿ ਸਫੇਦ ਸਿਡਾਨ ਨੂੰ ਕੌਣ ਚਲਾ ਰਿਹਾ ਸੀ ਤੇ ਇਕ ਹੋਰ ਕਾਰ ਵਿਚ ਸਵਾਰ ਦੋ ਹੋਰ ਵਿਅਕਤੀਆਂ ਦਾ ਵੀ ਜ਼ਿਕਰ ਨਹੀਂ ਕੀਤਾ।
ਸਾਜ਼ਿਸ਼ਘਾੜਿਆਂ ਨੂੰ ਕਟਹਿਰੇ ‘ਚ ਖੜ੍ਹਾ ਕੀਤਾ ਜਾਵੇ: ਅਮਰੀਕਾ
ਵਾਸ਼ਿੰਗਟਨ: ਅਮਰੀਕਾ ਨੇ ਕਿਹਾ ਕਿ ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਹੱਤਿਆ ਮਾਮਲੇ ਵਿਚ ਕੈਨੇਡਾ ਵੱਲੋਂ ਕੀਤੀ ਜਾ ਰਹੀ ਤਫਤੀਸ਼ ਅੱਗੇ ਵਧੇ ਤੇ ਸਾਜ਼ਿਸ਼ਘਾੜਿਆਂ ਨੂੰ ਨਿਆਂ ਦੇ ਕਟਹਿਰੇ ਵਿਚ ਖੜ੍ਹਾ ਕੀਤਾ ਜਾਵੇ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਮੈਥਿਊ ਮਿੱਲਰ ਨੇ ਪੱਤਰਕਾਰਾਂ ਨੂੰ ਦੱਸਿਆ, ‘’ਅਸੀਂ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਲਾਏ ਦੋਸ਼ਾਂ ਤੋਂ ਵੱਡੇ ਫਿਕਰਮੰਦ ਹਾਂ। ਅਸੀਂ ਆਪਣੇ ਕੈਨੇਡੀਅਨ ਭਾਈਵਾਲਾਂ ਦੇ ਸੰਪਰਕ ਵਿਚ ਹਾਂ। ਸਾਡਾ ਮੰਨਣਾ ਹੈ ਕਿ ਕੈਨੇਡਾ ਦੀ ਜਾਂਚ ਦਾ ਅੱਗੇ ਵਧਣਾ ਤੇ ਸਾਜ਼ਿਸ਼ਘਾੜਿਆਂ ਨੂੰ ਨਿਆਂ ਦੇ ਕਟਹਿਰੇ `ਚ ਖੜ੍ਹਾਉਣਾ ਅਹਿਮ ਹੈ। ਅਸੀਂ ਜਨਤਕ ਤੇ ਨਿੱਜੀ, ਦੋਵਾਂ ਤਰੀਕਿਆਂ ਨਾਲ ਭਾਰਤ ਸਰਕਾਰ ਨੂੰ ਅਪੀਲ ਕਰ ਚੁੱਕੇ ਹਾਂ ਕਿ ਉਹ ਕੈਨੇਡੀਅਨ ਤਫਤੀਸ਼ ਵਿਚ ਸਹਿਯੋਗ ਕਰੇ।“