ਮੇਰੇ ਹਿੱਸੇ ਦਾ ਐੱਮ ਐੱਸ ਸਵਾਮੀਨਾਥਨ

ਗੁਲਜ਼ਾਰ ਸਿੰਘ ਸੰਧੂ
ਮੇਰੇ ਤਿੰਨ ਦਹਾਕੇ ਦੀ ਸਰਕਾਰੀ ਨੌਕਰੀ ਦਾ ਸਬੰਧ ਕੇਂਦਰ ਦੇ ਕ੍ਰਿਸ਼ੀ ਤੇ ਗ੍ਰਾਮ ਵਿਕਾਸ ਮੰਤਰਾਲਿਆਂ ਨਾਲ ਰਿਹਾ ਹੈ| ਮੈਂ ਐਮ.ਐਸ. ਰੰਧਾਵਾ, ਅਮਰੀਕ ਸਿੰਘ ਚੀਮਾ, ਤੇ ਜੀ.ਐਸ. ਕਾਲਕਟ ਵਰਗੇ ਖੇਤੀ ਵਿਗਿਆਨੀਆਂ ਨਾਲ ਕੰਮ ਕੀਤਾ ਹੈ|

ਏਸ ਅਰਸੇ ਦੌਰਾਨ ਮੇਰਾ ਅਜਿਹੇ ਮਹਾਰਥੀਆਂ ਨਾਲ ਵੀ ਵਾਹ ਪਿਆ ਜਿਹੜੇ ਦੇਸ਼ ਦੇ ਖੇਤੀ ਪ੍ਰਬੰਧ ਨੂੰ ਪਰਨਾਏ ਹੋਏ ਸਨ| ਉਨ੍ਹਾਂ ਵਿਚੋਂ ਐੱਮ ਐੱਸ ਸਵਾਮੀਨਾਥਨ ਪ੍ਰਮੁੱਖ ਹੈ| ਮੈਡੀਕਲ ਡਾਕਟਰ ਦੀ ਸੰਤਾਨ ਹੋਣ ਦੇ ਬਾਵਜੂਦ ਉਸਨੇ ਖੇਤੀ ਵਿਗਿਆਨ ਨੂੰ ਅਪਣਾਇਆ| 18 ਵਰਿ੍ਹਆਂ ਦੇ ਨੌਜਵਾਨ ਸਵਾਮੀਨਾਥਨ ਨੂੰ 1943 ਦੇ ਬੰਗਾਲ ਕਾਲ ਨੇ ਏਨਾ ਝੰਜੋੜਿਆ ਕਿ ਉਸ ਦੇ ਮਨ ਉੱਤੇ ਦੇਸ਼ ਨੂੰ ਅਨਾਜ ਦੇ ਮਾਮਲੇ ਵਿਚ ਆਤਮ-ਨਿਰਭਰ ਕਰਨ ਦੀ ਡੂੰਘੀ ਲਕੀਰ ਖਿੱਚੀ ਗਈ|
ਜਦੋਂ ਕਾਇਮ-ਮੁਕਾਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਉਸ ਨੂੰ ਵੰਗਾਰਿਆ ਤਾਂ ਉਸ ਨੇ ਆਪਣੇ ਦੇਸ਼ ਵਿਚ ਕਣਕ ਦੀ ਉਪਜ ਵਿਚ ਕ੍ਰਾਂਤੀ ਲਿਆਉਣ ਲਈ ਨੌਰਮਨ ਬੋਰਲਾਗ ਵਲੋਂ ਮੈਕਸੀਕੋ ਵਿਚ ਅਪਣਾਏ ਗਏ ਮਧਰੀਆਂ ਕਣਕਾਂ ਦੇ ਮਾਡਲ ਨੂੰ ਆਪਣੇ ਦੇਸ਼ ਵਿਚ ਲਾਗੂ ਕਰ ਕੇ ਹੈਰਾਨ ਕਰਨ ਵਾਲੀ ਸਫ਼ਲਤਾ ਪਾਈ| ਉਦੋਂ ਸਵਾਮੀਨਾਥਨ ਨਵੀਂ ਦਿੱਲੀ ਦੇ ਪਟੇਲ ਨਗਰ ਇਲਾਕੇ ਦੀ ਬੁੱਕਲ ਵਿਚ ਪੈਂਦੇ ਪੂਸਾ ਇੰਸਟੀਚਿਊਟ ਵਿਚ ਤਾਇਨਾਤ ਸੀ| ਉਸ ਨੇ ਮਧਰੀ ਕਣਕ ਪੈਦਾ ਕਰ ਕੇ ਇਸ ਦੇ ਬੀਜਾਂ ਦੀਆਂ ਛੋਟੀਆਂ ਥੈਲੀਆਂ ਪੰਜਾਬ, ਹਰਿਆਣਾ ਤੇ ਪੱਛਮੀ ਉਤਰ ਪ੍ਰਦੇਸ਼ ਵਿਚ ਪਹੁੰਚਦੀਆਂ ਕਰ ਕੇ 1966-67 ਵਿਚ ਕਣਕ ਦੀ ਉਪਜ 1947 ਵਾਲੇ 60 ਲੱਖ ਟਨ ਦੀ ਥਾਂ 1966-67 ਵਿਚ ਪੌਣੇ ਦੋ ਸੌ ਕਰੋੜ ਟਨਾਂ ਤੱਕ ਪਹੁੰਚਾ ਦਿੱਤੀ|
ਇਨ੍ਹਾਂ ਦਿਨਾਂ ਵਿਚ ਹੀ ਮੈਂ ਆਪਣੇ ਜੱਦੀ ਪਿੰਡ (ਸੂਨੀ, ਤਹਿਸੀਲ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ) ਅਤੇ ਨੇੜਲੇ ਪਿੰਡ ਵਿਚ ਮਧਰੀ ਕਣਕ ਦਾ ਬੀਜ ਪ੍ਰਚਾਰਨ ਦਾ ਮਨ ਬਣਾਇਆ ਤਾਂ ਮੈਨੂੰ ਐਮ.ਐਸ. ਰੰਧਾਵਾ ਸਵਾਮੀਨਾਥਨ ਕੋਲ ਭੇਜ ਦਿੱਤਾ| ਮੈਂ ਆਪਣੇ ਪੁਰਾਣੇ ਕੁਲੀਗ ਜੀ. ਮੁੱਥੂਸਵਾਮੀ ਨੂੰ ਨਾਲ ਲੈ ਕੇ ਸਵਾਮੀਨਾਥਨ ਨੂੰ ਜਾ ਮਿਲਿਆ| ਮੈਨੂੰ ਇਸ ਮੁਲਾਕਾਤ ਸਮੇਂ ਸਵਾਮੀਨਾਥਨ ਵਲੋਂ ਬੋਲੇ ਇਹ ਸ਼ਬਦ ਅੱਜ ਤੱਕ ਚੇਤੇ ਹਨ ‘ਇਹ ਕੰਮ ਪੰਜਾਬੀ ਕਿਸਾਨ ਕਰ ਸਕਦੇ ਹਨ, ਤਾਮਿਲੀਅਨ ਨਹੀਂ|’ ਫੇਰ ਉਸ ਨੇ ਸਾਨੂੰ ਬੀਜ ਵੰਡਣ ਵਾਲੇ ਅਧਿਕਾਰੀ ਕੋਲ ਭੇਜਦਿਆਂ ਉਸਨੂੰ ਤਾੜਨਾ ਕੀਤੀ ਕਿ ਇਸ ਪੰਜਾਬੀ ਨੌਜਵਾਨ ਨੂੰ ਮੁੜ ਮੇਰੇ ਕੋਲ ਨਾ ਆਉਣਾ ਪਵੇ|
ਉਹ ਦਿਨ ਤੇ ਅਹਿ ਦਿਨ ਮੇਰੀ ਸਵਾਮੀਨਾਥਨ ਨਾਲ ਮੁੜ ਕੋਈ ਮੁਲਾਕਾਤ ਨਹੀਂ ਹੋਈ| ਇਹ ਵੀ ਉਸਦੇ ਅਕਾਲ ਚਲਾਣੇ ਦੀਆਂ ਖ਼ਬਰਾਂ ਤੋਂ ਪਤਾ ਲੱਗਿਆ ਕਿ ਉਹ ਮੇਰੇ ਨਾਲੋਂ ਕੇਵਲ ਨੌਂ ਸਾਲ ਵੱਡਾ ਸੀ ਪੁਰ ਉਹਦੇ ਕੋਲ ਮੈਗਾਸੇਸੇ ਸਨਮਾਨ, ਪਦਮ ਸ੍ਰੀ, ਪਦਮ ਭੂਸ਼ਨ, ਤੇ ਪਦਮ ਵਿਭੂਸ਼ਨ ਤੋਂ ਬਿਨਾਂ 80 ਦੇ ਲਗਪਗ ਆਨਰੇਰੀ ਡਿਗਰੀਆਂ ਸਨ|
ਉਦੋਂ ਮੇਰੀ ਰਿਹਾਇਸ਼ ਰਾਜਿੰਦਰਾ ਨਗਰ ਦਿੱਲੀ ਦੇ ਉਸ ਮਕਾਨ ਵਿਚ ਸੀ ਜਿਸਦੀ ਛੱਤ ਉਤੋਂ ਰੋੜਾ ਮਾਰਿਆਂ ਪੂਸਾ ਇੰਸਟੀਚਿਊਟ ਦੇ ਵਿਹੜੇ ਜਾ ਗਿਰਦਾ ਸੀ| ਮੈਂ ਸ਼ਨਿੱਚਰਵਾਰ ਨੂੰ ਪੂਸਾ ਤੋਂ ਬੀਜ ਪ੍ਰਾਪਤ ਕਰ ਕੇ ਰਾਤ ਦੀ ਗੱਡੀ ਸਵਾਰ ਹੋ ਕੇ ਸਵੇਰ ਤੱਕ ਲੁਦਿਹਾਣਾ ਦੇ ਰੇਲਵੇ ਸਟੇਸ਼ਨ ਪਹੁੰਚ ਜਾਂਦਾ ਸਾਂ ਜਿਸਦੀ ਪਾਰਕਿੰਗ ਲਾਟ ਵਿਚ ਮੇਰਾ ਸਕੂਟਰ ਮੈਨੂੰ ਉਡੀਕ ਰਿਹਾ ਹੁੰਦਾ ਸੀ|
ਮੈਂ ਪੂਸਾ ਤੋਂ ਪ੍ਰਾਪਤ ਕੀਤੇ ਬੀਜਾਂ ਸਮੇਤ ਸਕੂਟਰ ਉੱਤੇ ਸਵਾਰ ਹੋ ਕੇ ਫਿਲੌਰ ਤੇ ਬੰਗਾ ਰਾਹੀਂ ਚਾਲੀ ਮੀਲ ਦਾ ਪੈਂਡਾ ਤੈਅ ਕਰਦਿਆਂ ਸਵੇਰ ਦੀ ਚਾਹ ਵੇਲੇ ਤੱਕ ਆਪਣੇ ਪਿੰਡ ਸੂਨੀ ਪਹੁੰਚ ਜਾਂਦਾ ਸਾਂ| ਨਵੇਂ ਬੀਜਾਂ ਦਾ ਚਰਚਾ ਤਾਂ ਬਹੁਤ ਪਰ ਇਹ ਮੇਰੇ ਬਾਪੂ ਜੀ ਨੂੰ ਨਹੀਂ ਸੀ ਭਾਉਂਦਾ| ਉਹ ਦੁਚਿੱਤੀ ਦਾ ਸ਼ਿਕਾਰ ਹੋਏ ਮੇਰੀ ਉਡੀਕ ਜ਼ਰੂਰ ਕਰਦੇ ਰਹਿੰਦੇ| ਬਹੁਤੀ ਏਸ ਕਰਕੇ ਕਿ ਉਨ੍ਹਾਂ ਦਾ ਪੜ੍ਹਿਆ-ਲਿਖਿਆ ਬੇਟਾ ਏਨਾ ਔਖਾ ਹੋ ਕੇ ਦਿੱਲੀ ਤੋਂ ਬੀਜ ਲਿਆਉਂਦਾ ਸੀ|
ਹੋਇਆ ਇਹ ਕਿ ਸਾਰੇ ਖੇਤ ਬੀਜੇ ਗਏ| ਪੂਸਾ ਵਾਲਿਆਂ ਕੋਲੋਂ ਵੀ ਹਰਿਆਣਾ ਤੇ ਯੂਪੀ ਵਾਲੇ ਏਨੇ ਬੀਜ ਲਿਜਾ ਚੁੱਕੇ ਸਨ ਕਿ ਉਨ੍ਹਾਂ ਦਾ ਖ਼ਜ਼ਾਨਾ ਖਾਲੀ ਹੋ ਗਿਆ| ਇਹ ਸਬੱਬ ਦੀ ਗੱਲ ਹੈ ਕਿ ਹਫ਼ਤੇ ਪਿੱਛੋਂ ਮੇਰੇ ਹੱਥ 10 ਕਿਲੋ ਬੀਜ ਹੋਰ ਲੱਗ ਗਿਆ, ਜਿਸ ਨੂੰ ਲੈ ਕੇ ਮੈਂ ਇਕ ਵਾਰੀ ਫੇਰ ਰਾਤ ਦੀ ਗੱਡੀ ਚੜ੍ਹ ਗਿਆ| ਘਰ ਪਹੁੰਚਿਆ ਤਾ ਮੇਰੇ ਮਾਪੇ ਹੈਰਾਨ ਹੋ ਗਏ, ਕਿਉਂਕਿ ਸਾਰੇ ਖੇਤਾਂ ਵਿਚ ਬਿਜਾਈ ਹੋ ਚੁੱਕੀ ਸੀ| ਜਿਹੜੇ ਮਾਰੂ ਖੇਤ ਨਵੇਂ ਬੀਜਾਂ ਦੀ ਪਹੁੰਚ ਤੋਂ ਪਹਿਲਾਂ ਬੀਜੇ ਗਏ ਸਨ ਉਨ੍ਹਾਂ ਵਿਚ ਬੀਜੀ ਹੋਈ ਕਣਕ ਗਿੱਠ-ਗਿੱਠ ਹੋਣ ਵਾਲੀ ਸੀ| ਮੈਂ ਆਪਣੇ ਮਾਪਿਆਂ ਨੂੰ ਮਨਾਉਣ ਦਾ ਯਤਨ ਕੀਤਾ ਕਿ ਉਸਦੇ ਉੱਤੇ ਸੁਹਾਗਾ ਫੇਰ ਕੇ ਉਸ ਥਾਂ ਮੇਰੇ ਲਿਆਂਦੇ ਨਵੇਂ ਬੀਜ ਬੀਜੇ ਜਾਣ| ਮੇਰੀ ਮਾਂ ਤਾਂ ਚੁੱਪ ਰਹੀ ਪਰ ਬਾਪੂ ਜੀ ਪੈਰਾਂ `ਤੇ ਪਾਣੀ ਨਾ ਪੈਣ ਦੇਣ| ਉਹ ਪੱਕੀ ਨਾਂਹ ਕਰ ਕੇ ਘਰੋਂ ਨਿਕਲ ਪਿੰਡ ਵੱਲ ਨੂੰ ਚਲੇ ਗਏ| ਮੈਂ ਇਸ ਮੌਕੇ ਦਾ ਲਾਭ ਲੈ ਕੇ ਤੇ ਮਾਂ ਦਾ ਵਿਸ਼ਵਾਸ ਜਿੱਤ ਕੇ ਖੁਰਲੀ ਬੱਧੇ ਬਲਦ ਖੋਲ੍ਹੇ ਤੇ ਉੱਗੀ ਹੋਈ ਕਣਕ ਉੱਤੇ ਸੁਹਾਗਾ ਫੇਰਨਾ ਸ਼ੁਰੂ ਕਰ ਦਿੱਤਾ| ਹਥਲਾ ਬੀਜ ਪੂਰਾ ਨਾ ਹੋਣ ਕਾਰਨ ਮੈਂ ਖੇਤ ਦਾ ਚੌਥਾ ਕੁ ਹਿੱਸਾ ਨਹੀਂ ਛੇੜਿਆ| ਓਧਰੋਂ ਬਾਪੂ ਜੀ ਵੀ ਪਿੰਡ ਦਾ ਗੇੜਾ ਕੱਢ ਕੇ ਘਰ ਪਹੁੰਚੇ ਤਾਂ ਉਨ੍ਹਾਂ ਨੂੰ ਮੇਰੀ ਮਾਂ ਕੋਲੋਂ ਸਾਰੀ ਖ਼ਬਰ ਮਿਲ ਗਈ| ਉਹ ਖੇਤ ਪਹੁੰਚ ਕੇ ਮੇਰਾ ਕਾਰਾ ਵੇਖ ਥੋੜ੍ਹੀ ਦੇਰ ਤਾਂ ਚੁੱਪ ਰਹੇ ਫੇਰ ਮੈਨੂੰ ਸੁਹਾਗੇ ਤੋਂ ਉਤਾਰ ਖੁLਦ ਸੁਹਾਗੇ ਉੱਤੇ ਚੜ੍ਹਨ ਸਮੇਂ ਕੇਵਲ ਏਨਾ ਹੀ ਬੋਲੇ, ‘ਵੇਖ ਲਵਾਂਗੇ ਪਹਿਲਾਂ ਬੀਜੇ ਪੌਦਿਆਂ ਦੀ ਥਾਂ ਤੇਰੇ ਵਾਲਿਆਂ ਨੂੰ ਜਿਹੜੇ ਅੰਗੂਰ ਲੱਗਣਗੇ| ਜਿਹੜਾ ਭਾਣਾ ਵਰਤਣਾ ਸੀ ਵਰਤ ਚੁੱਕਾ ਹੈ, ਤੂੰ ਪਾਰ ਜਾ ਕੇ ਮੇਰੇ ਲਈ ਚਾਹ ਭਿਜਵਾ ਦੇ|’
ਮੈਂ ਘਰ ਜਾਣ ਦੀ ਥਾਂ ਗਵਾਂਢੀ ਪਿੰਡ ਦੇ ਉਸ ਕਿਸਾਨ ਕੋਲ ਚਲਾ ਗਿਆ ਜਿਸਦੇ ਖੇਤ ਦਾ ਬੰਨਾ ਸਾਡੇ ਖੇਤ ਨਾਲ ਸਾਂਝਾ ਸੀ ਤੇ ਜਿਸਦੇ ਖੇਤ ਵਿਚ ਟਿਊਬਵੈੱਲ ਲੱਗਿਆ ਹੋਇਆ ਸੀ| ਮੈਂ ਜਾਣਦਾ ਸਾਂ ਕਿ ਨਵੀਂ ਕਣਕ ਨੂੰ ਨਵੀਂ ਖਾਦ ਤੇ ਪਾਣੀ ਦੀ ਲੋੜ ਸੀ| ਮੈਂ ਉਸ ਜੱਟ ਨੂੰ ਪੈਸਿਆਂ ਦੇ ਪਾਣੀ ਲਈ ਮਨਾ ਲਿਆ| ਉਹ ਵੀ ਖੁਸ਼ ਤੇ ਮੈਂ ਵੀ| ਓਧਰ ਘਰੋਂ ਚਾਹ ਵੀ ਆ ਚੁੱਕੀ ਸੀ ਜਿਹੜੀ ਮੈਂ ਤੇ ਬਾਪੂ ਜੀ ਨੇ ਚੁੱਪ ਚੁਪੀਤਿਆਂ ਪੀਤੀ| ਇੱਕ ਦੂਜੇ ਨਾਲ ਇੱਕ ਵੀ ਸ਼ਬਦ ਸਾਂਝਾ ਕੀਤੇ ਬਿਨਾਂ|
ਮੇਰਾ ਪਿੰਡ ਆਉਣਾ ਜਾਰੀ ਰਿਹਾ| ਨਵੇਂ ਬੀਜਾਂ ਲਈ ਰਸਾਇਣਕ ਖਾਦ ਵੀ ਚਾਹੀਦੀ ਸੀ ਤੇ ਕੀਟ ਨਾਸ਼ਕ ਦੁਆਈਆਂ ਵੀ, ਜਿਸਦਾ ਜੁਗਾੜ ਮੈਂ ਹੀ ਕਰ ਸਕਦਾ ਸੀ|
ਥੋੜ੍ਹੇ ਦਿਨਾਂ ਪਿੱਛੋਂ ਨਵੇਂ ਬੀਜ ਉੱਗ ਕੇ ਵਧਣ ਲੱਗੇ ਤਾਂ ਨਾਲ ਗਵਾਂਢੀ ਪਿੰਡਾਂ ਦੇ ਲੋਕ ਵੇਖਣ ਆਉਂਦੇ| ਮੇਰੇ ਪਿਤਾ ਕੋਲ ਮੇਰੀਆਂ ਸਿਫਤਾਂ ਵੀ ਕਰਦੇ ਤੇ ਅਗਲੇ ਸਾਲ ਵਾਸਤੇ ਬੀਜਾਂ ਦੀ ਮੰਗ ਵੀ ਪਾਉਂਦੇ| ਬਾਪੂ ਜੀ ਤਨੋਂ-ਮਨੋਂ ਤਾਂ ਖੁਸ਼ ਹੁੰਦੇ ਪਰ ਮੂੰਹੋਂ ਕੁਝ ਨਾ ਬੋਲਦੇ|
ਰਸਾਇਣਕ ਖਾਦਾਂ ਸਦਕਾ ਉੱਗੀ ਮਧਰੀ ਕਣਕ ਦੇ ਪੌਦਿਆਂ ਨੂੰ ਹਨੇਰੀ ਝੱਖੜ ਨੇ ਤਾਂ ਕੀ ਕਹਿਣਾ ਸੀ ਕੀਟਨਾਸ਼ਕ ਦੁਆਈਆਂ ਦੀ ਵਰਤੋਂ ਕਾਰਨ ਕੋਈ ਰੋਗ ਵੀ ਨਹੀਂ ਲੱਗਿਆ|
ਅੰਤਕਾਰ ਉਪਜ ਏਨੀ ਵੱਧ ਹੋਈ ਕਿ ਬਾਪੂ ਜੀ ਰਿਸ਼ਤੇਦਾਰਾਂ ਕੋਲ ਇਸਦੀ ਬਾਤ ਪਾਉਂਦੇ ਨਾ ਥੱਕਦੇ| ਆਪਣੀਆਂ ਭੈਣਾਂ ਦੇ ਜਾਂਦੇ ਜਾਂ ਨੂੰਹਾਂ ਧੀਆਂ ਦੇ ਘਰ, ਆਪਣੇ ਪੱਲੇ ਨਵੇਂ ਬੀਜ ਏਦਾਂ ਲੈ ਕੇ ਜਾਂਦੇ ਜਿਵੇਂ ਸ਼ਹਿਰੋਂ ਪਰਤਦੇ ਸਮੇਂ ਲੱਡੂ ਪੇੜੇ ਲੈ ਕੇ ਆਇਆ ਕਰਦੇ ਸਨ| ਇਹ ਸਾਰਾ ਮੇਰੀ ਸਵਾਮੀਨਾਥਨ ਨਾਲ ਦਸ ਮਿੰਟ ਦੀ ਮਿਲਣੀ ਦਾ ਪ੍ਰਤਾਪ ਸੀ|
ਸਵਾਮੀਨਾਥਨ ਨੇ ਮੇਰੇ ਇਲਾਕੇ ਦੇ ਲੋਕਾਂ ਨੂੰ ਨਵੇਂ ਬੀਜ ਹੀ ਨਹੀਂ ਦਿੱਤੇ ਸਮੇਂ ਦੀ ਸਰਕਾਰ ਨੂੰ ਘੱਟੋ-ਘੱਟ ਖਰੀਦ ਮੁੱਲ ਲਈ ਵੀ ਪ੍ਰੇਰਿਆ| ਭਾਰਤ ਨੂੰ ਉਸ ਦੀ ਦੇਣ ਮਹਾਨ ਸੀ| ਜੇ ਕਿਧਰੇ ਦੂਰ ਨੇੜੇ ਦੇ ਪਹਾੜੀ ਇਲਾਕੇ ਉਹਦੇ ਵੱਲੋਂ ਰੁੱਖਾਂ ਦੀ ਸਾਂਭ-ਸੰਭਾਲ ਲਈ ਪ੍ਰਚਾਰੇ ਨੁਕਤਿਆਂ ਉੱਤੇ ਅਮਲ ਕਰਦੇ ਤਾਂ ਨਾ ਹੀ ਹਿਮਾਚਲ ਪ੍ਰਦੇਸ਼ ਵਿਚ ਵਰਖਾ ਵਾਲੀ ਤਬਾਹੀ ਹੋਣੀ ਸੀ ਤੇ ਨਾ ਹੀ ਜੋਸ਼ੀਮੱਠ ਵਰਗਾ ਵਰਤਾਰਾ| ਐਮ.ਐਸ. ਸਵਾਮੀਨਾਥਨ ਅਮਰ ਰਹੇ!
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਜਨਮ ਦਿਨ
ਮਨਮੋਹਨ ਸਿੰਘ ਦਸ ਸਾਲ ਪ੍ਰਧਾਨ ਮੰਤਰੀ ਰਹੇ| ਉਹ ਇਸ ਤੋਂ ਪਹਿਲਾਂ ਪੀ.ਵੀ. ਨਰਸਿਮਹਾ ਰਾਓ ਦੀ ਸਰਕਾਰ ਵਿਚ ਵਿੱਤ ਮੰਤਰੀ ਸਨ| ਆਪਣੇ ਕਾਰਜ ਕਾਲ ਵਿਚ ਉਨ੍ਹਾਂ ਨੇ ਦੇਸ਼ ਦੀ ਅਰਥ-ਵਿਵਸਥਾ ਨੂੰ ਡੋਲਣ ਨਹੀਂ ਦਿੱਤਾ| ਸਤੰਬਰ 2023 ਦੇ ਅੰਤਲੇ ਹਫ਼ਤੇ ਉਹ 91 ਸਾਲ ਦੇ ਹੋ ਗਏ ਹਨ| ਮੈਂ ਉਨ੍ਹਾਂ ਨੂੰ ਕੇਵਲ ਇਕ ਵਾਰ ਮਿਲਿਆ| ਆਪਣੀ ‘ਦੇਸ ਸੇਵਕ’ ਦੀ ਸੰਪਾਦਕੀ ਸਮੇਂ ਲਾਜਪਤ ਰਾਏ ਭਵਨ, ਚੰਡੀਗੜ੍ਹ ਵਿਚ ਇਕ ਸਮਾਗਮ ਸਮੇਂ ਜਿਥੇ ਉਹ ਮੁੱਖ ਮਹਿਮਾਨ ਸਨ| ਉਹ ਐਨ ਸਮੇਂ ਸਿਰ ਪਹੁੰਚ ਗਏ। ਪ੍ਰਬੰਧਕਾਂ ਨੇ ਉਨ੍ਹਾਂ ਨੂੰ ਆਦਰ ਮਾਣ ਨਾਲ ਅਗਲੀਆਂ ਕੁਰਸੀਆਂ `ਤੇ ਬਿਠਾ ਦਿੱਤਾ ਤੇ ਦੂਜੇ ਮਹਿਮਾਨਾਂ ਦੇ ਸਵਾਗਤ ਲਈ ਜਾਣ ਤੋਂ ਪਹਿਲਾਂ ਸੰਸਥਾ ਦੇ ਚੇਅਰਮੈਨ ਉਂਕਾਰ ਚੰਦ ਨੇ ਮੈਨੂੰ ਵੇਖ ਲਿਆ ਤੇ ਮੁੱਖ ਮਹਿਮਾਨ ਦੀ ਇਕੱਲਤਾ ਤੋੜਨ ਮੈਨੂੰ ਉਨ੍ਹਾਂ ਦੇ ਕੋਲ ਬਿਠਾ ਆਇਆ|
ਮੈਨੂੰ ਸਮਝ ਨਾ ਆਵੇ ਮੈਂ ਉਨ੍ਹਾਂ ਨਾਲ ਕੀ ਗੱਲ ਕਰਾਂ| ਪਰ ਮੈਂ ਜਾਣਦਾ ਸਾਂ ਕਿ ਉਹ ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਪੜ੍ਹੇ ਹੋਏ ਸਨ ਜਿੱਥੇ ਮੇਰਾ ਮਿੱਤਰ ਸੁਰਜੀਤ ਹਾਂਸ ਉਨ੍ਹਾਂ ਵਾਂਗ ਹੋਸਟਲ ਵਿਚ ਰਹਿੰਦਾ ਸੀ| ਹੋਰ ਕੁਝ ਨਾ ਸੁੱਝਦਾ ਮੈਂ ਸੁਰਜੀਤ ਹਾਂਸ ਨਾਲ ਆਪਣੀ ਦੋਸਤੀ ਦੀ ਗੱਲ ਕੀਤੀ| ‘ਉਹ ਤਾਂ ਅੱਜ ਕੱਲ੍ਹ ਪੰਜਾਬੀ ਯੂਨੀਵਰਸਟੀ ਪਟਿਆਲਾ ਦੇ ਫੈਲੋਅ ਹਨ ਤੇ ਸਮੁੱਚੇ ਸ਼ੇਕਸਪੀਅਰ ਦਾ ਪੰਜਾਬੀ ਅਨੁਵਾਦ ਕਰ ਰਹੇ ਹਨ|’ ਉਨ੍ਹਾਂ ਦੇ ਸ਼ਬਦਾਂ ਵਿਚ ਹਾਂਸ ਪ੍ਰਤੀ ਸਤਿਕਾਰ ਦੀ ਭਾਵਨਾ ਨੇ ਮੈਨੂੰ ਹੈਰਾਨ ਕਰ ਦਿੱਤਾ| ਇਹ ਵੀ ਕਿ ਏਨੇ ਵਰਿ੍ਹਆਂ ਪਿਛੋਂ ਉਹ ਆਪਣੇ ਹੋਸਟਲ ਮੇਟ ਦੀਆਂ ਵਰਤਮਾਨ ਗਤੀਵਿਧੀਆਂ ਤੋਂ ਜਾਣੂ ਸਨ|
ਉਨ੍ਹਾਂ ਦੇ ਜਨਮ ਦਿਨ ’ਤੇ ਵਧਾਈ ਦਿੰਦਿਆਂ ਵੱਡੇ ਨੇਤਾਵਾਂ ਨੇ ਮਨਮੋਹਨ ਸਿੰਘ ਦੀ ਦੇਣ ਨੂੰ ਸਲਾਹੁੰਦਿਆਂ ਇਹ ਕਿਹਾ ਕਿ ਉਨ੍ਹਾਂ ਦਾ ਕੰਮ ਉਨ੍ਹਾਂ ਦੇ ਸ਼ਬਦਾਂ ਨਾਲੋਂ ਵੱਧ ਬੋਲਦਾ ਹੈ ਪਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਪਣੇ ਵਧਾਈ ਸੰਦੇਸ਼ ਵਿਚ ਏਸ ਤਰ੍ਹਾਂ ਦਾ ਕੋਈ ਵਿਸ਼ੇਸ਼ਣ ਨਹੀਂ ਵਰਤਿਆ| ਸ਼ਾਇਦ ਇਸ ਲਈ ਕਿ ਉਹ ਕਈ ਸਾਲਾਂ ਤੋਂ ਆਪਣੇ ਕਾਰਜਕਾਲ ਦੀਆਂ ਪ੍ਰਾਪਤੀਆਂ ਗਿਣਦੇ ਸਮੇਂ ਇਹੀਓ ਕਹਿੰਦੇ ਆ ਰਹੇ ਹਨ ਕਿ ਜੋ ਸੱਤਰ ਸਾਲ ਵਿਚ ਨਹੀਂ ਹੋ ਸਕਿਆ, ਉਨ੍ਹਾਂ ਨੇ ਸੱਤ ਸਾਲ ਵਿਚ ਕਰ ਵਿਖਾਇਆ ਹੈ| ਕਿੱਥੇ ਮਨਮੋਹਨ ਸਿੰਘ ਕਿੱਥੇ ਨਰਿੰਦਰ ਮੋਦੀ!
ਅੰਤਿਕਾ
—ਮਿਰਜ਼ਾ ਗ਼ਾਲਿਬ—
ਯੇਹ ਕਹਾਂ ਕੀ ਦੋਸਤੀ ਹੈ ਕਿ ਬਨੇ ਹੈਂ ਦੋਸਤ ਨਾਸਿਹ
ਕੋਈ ਚਾਰਾਸਾਜ਼ ਹੋਤਾ ਕੋਈ ਗ਼ਮ-ਗੁਸਾਰ ਹੋਤਾ|
ਯੇਹ ਮਸਾਇਲ ਏ ਤਸਵੱਫ, ਯੇਹ ਤੇਰਾ ਬਿਆਨ ਗ਼ਾਲਿਬ,
ਤੁਝੇ ਹਮ ਵਲੀ ਸਮਝਤੇ, ਜੋ ਨਾ ਬਾਦਖੑਵਾਰ ਹੋਤਾ|