ਢਾਹਾਂ ਸਾਹਿਤ ਇਨਾਮ: ਤਿੰਨ ਕਹਾਣੀਕਾਰਾਂ ਦੇ ਨਾਵਾਂ ਦਾ ਐਲਾਨ

ਦੀਪਤੀ ਬਬੂਟਾ, ਜਮੀਲ ਅਹਿਮਦ ਪਾਲ ਅਤੇ ਬਲੀਜੀਤ ਅੰਤਿਮ ਸੂਚੀ ਵਿਚ
ਵੈਨਕੂਵਰ: ਪਿਛਲੇ ਦਸ ਸਾਲਾਂ ਤੋਂ ਪੰਜਾਬੀ ਸਾਹਿਤ ਦੇ ਪ੍ਰਚਾਰ ਅਤੇ ਪ੍ਰਸਾਰ ਨੂੰ ਸਮਰਪਿਤ 45000 ਕੈਨੇਡੀਅਨ ਡਾਲਰ ਦੇ ਕੌਮਾਂਤਰੀ ਪ੍ਰਸਿੱਧੀ ਵਾਲੇ ਢਾਹਾਂ ਸਾਹਿਤ ਪੁਰਸਕਾਰ ਲਈ ਚੁਣੇ ਗਏ ਕਹਾਣੀਕਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ।

ਢਾਹਾਂ ਸਾਹਿਤ ਇਨਾਮ ਦੇ ਸੰਸਥਾਪਕ ਬਰਜਿੰਦਰ ਸਿੰਘ ਢਾਹਾਂ ਨੇ ਦੱਸਿਆ ਕਿ ਸਾਲ 2023 ਦੀਆਂ ਤਿੰਨ ਜੇਤੂ ਪੁਸਤਕਾਂ ਵਿਚ ਦੀਪਤੀ ਬਬੂਟਾ (ਮੁਹਾਲੀ) ਦਾ ਕਹਾਣੀ ਸੰਗ੍ਰਹਿ ‘ਭੁੱਖ ਇਉਂ ਸਾਹ ਲੈਂਦੀ ਹੈ’, ਜਮੀਲ ਅਹਿਮਦ ਪਾਲ (ਲਾਹੌਰ) ਦਾ ਕਹਾਣੀ ਸੰਗ੍ਰਹਿ ‘ਮੈਂਡਲ ਦਾ ਕਾਨੂੰਨ’, ਬਲੀਜੀਤ (ਮੁਹਾਲੀ) ਦਾ ਕਹਾਣੀ ਸੰਗ੍ਰਹਿ ‘ਉੱਚੀਆਂ ਆਵਾਜ਼ਾਂ’ ਸ਼ਾਮਿਲ ਹਨ। ਇਨ੍ਹਾਂ ਵਿਚਂੋ ਇਕ ਪੁਸਤਕ ਨੂੰ 25 ਹਜ਼ਾਰ ਕੈਨੇਡੀਅਨ ਡਾਲਰ ਅਤੇ ਦੋ ਨੂੰ 10-10 ਹਜ਼ਾਰ ਕੈਨੇਡੀਅਨ ਡਾਲਰ ਦਾ ਪੁਰਸਕਾਰ ਦੇਣ ਦਾ ਐਲਾਨ 16 ਨਵੰਬਰ 2023, ਦਿਨ ਵੀਰਵਾਰ ਨੂੰ ਨੌਰਥਵਿਊ ਗੋਲਫ ਐਂਡ ਕੰਟਰੀ ਕਲੱਬ, ਸਰੀ, ਕਨੈਡਾ ਵਿਖੇ ਹੋ ਰਹੇ ਸਨਮਾਨ ਸਮਾਗਮ ਵਿਚ ਕੀਤਾ ਜਾਵੇਗਾ।
ਸ੍ਰੀ ਢਾਹਾਂ ਨੇ ਕਿਹਾ ਕਿ 2023 ਦੇ ਢਾਹਾਂ ਸਾਹਿਤ ਇਨਾਮ ਜੇਤੂ ਪੰਜਾਬੀ ਸਾਹਿਤ ਜਗਤ ਦੇ ਵਧੀਆ ਲੇਖਕ ਹਸਤੀਆਂ ਹਨ। ਉਨ੍ਹਾਂ ਦੀਆਂ ਕਹਾਣੀਆਂ ਦੇ ਭਾਵ ਸਾਡੇ ਮਨਾਂ ਨੂੰ ਖਿੱਚ ਪਾਉਣ ਵਾਲੇ ਹਨ ਅਤੇ ਇਹ ਪੁਸਤਕਾਂ ਪੰਜਾਬੀ ਸਾਹਿਤ ਨੂੰ ਵਿਲੱਖਣ ਸੰਦੇਸ਼ ਦੇਣ ਵਾਲੀਆਂ ਹਨ। ਪੰਜਾਬੀ ਜ਼ੁਬਾਨ ਦੀ ਅਮੀਰ ਵਿਰਾਸਤ ਨੂੰ ਜੋੜਨ ਵਾਲੇ ਢਾਹਾਂ ਸਾਹਿਤ ਇਨਾਮ ਦਾ ਉਦੇਸ਼ ਸਰਹੱਦਾਂ ਤੋਂ ਉਪਰ ਉਠ ਕੇ ਪੰਜਾਬੀ ਸਾਹਿਤ ਰਚਨਾ ਨੂੰ ਉਤਸ਼ਾਹਿਤ ਕਰਨਾ, ਵਿਸ਼ਵ ਭਰ ਦੇ ਪੰਜਾਬੀ ਭਾਈਚਾਰਿਆਂ ਨੂੰ ਜੋੜਨਾ, ਮਾਂ-ਬੋਲੀ ਅਤੇ ਪੰਜਾਬੀ ਭਾਸ਼ਾ-ਸਾਹਿਤ ਦਾ ਪਸਾਰ ਕਰਨਾ ਹੈ। ਇਹ ਪੁਰਸਕਾਰ ਲੇਖਕਾਂ ਨੂੰ ਆਲੋਚਨਾਤਮਕ ਪਛਾਣ ਅਤੇ ਪ੍ਰਸਿੱਧੀ ਦਿੰਦਾ ਹੈ ਜਿਸ ਨਾਲ ਉਨ੍ਹਾਂ ਲਈ ਕੌਮਾਂਤਰੀ ਪੱਧਰ ‘ਤੇ ਬਹੁ-ਭਾਸ਼ੀ ਪਾਠਕਾਂ ਤੱਕ ਪਹੁੰਚਣ ਦਾ ਰਸਤਾ ਵੀ ਮਿਲਦਾ ਹੈ।
ਉਨ੍ਹਾਂ ਦੱਸਿਆ ਕਿ ਢਾਹਾਂ ਸਾਹਿਤ ਇਨਾਮ ਵੈਨਕੂਵਰ, ਬ੍ਰਿਟਿਸ਼ ਕੋਲੰਬੀਆ ਵਿਚ ਸਥਾਪਿਤ ਕੀਤਾ ਗਿਆ ਸੀ ਜਿੱਥੇ ਪੰਜਾਬੀ ਲੋਕਾਂ, ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦਾ ਅਮੀਰ ਇਤਿਹਾਸ ਹੈ। ਪੰਜਾਬੀ ਹੁਣ ਕੈਨੇਡਾ ਵਿਚ ਤੀਜੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ ਅਤੇ ਦੇਸ਼ ਦੇ ਬਹੁ-ਸੱਭਿਆਚਾਰਕ ਤਾਣੇ-ਬਾਣੇ ਵਿਚ ਮਜ਼ਬੂਤ ਧਾਗਾ ਹੈ। ਇਸ ਸਾਲ 2023 ਦੇ ਸਨਮਾਨ ਸਮਾਗਮਾਂ ਵਿਚ ਪੰਜਾਬੀ ਸਿੱਖ ਕਲਾਕਾਰ, ਗਾਇਕ, ਲੇਖਕ ਅਤੇ ਬੁਲਾਰਾ ਕੀਰਤ ਕੌਰ ਨਾਲ ਮੀਡੀਆ ਸ਼ਖਸੀਅਤ ਤਰੰਨੁਮ ਥਿੰਦ ਵੀ ਸ਼ਾਮਲ ਹੋਣਗੇ।
ਜ਼ਿਕਰਯੋਗ ਹੈ ਕਿ ਢਾਹਾਂ ਸਾਹਿਤ ਇਨਾਮ ਵੈਨਕੂਵਰ ਵਿਚ ਕੈਨੇਡਾ ਇੰਡੀਆ ਐਜੂਕੇਸ਼ਨ ਸੁਸਾਇਟੀ ਦੁਆਰਾ ਦਿੱਤਾ ਜਾਂਦਾ ਹੈ ਜੋ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੇ ਏਸ਼ੀਅਨ ਸਟੱਡੀਜ਼ ਵਿਭਾਗ ਦੇ ਸਹਿਯੋਗ ਨਾਲ ਬਣਾਇਆ ਗਿਆ ਸੀ। ਇਸ ਪੁਰਸਕਾਰ ਵਿਚ ਸ੍ਰੀ ਬਰਜਿੰਦਰ ਸਿੰਘ ਢਾਹਾਂ, ਉਨ੍ਹਾਂ ਪਤਨੀ ਰੀਟਾ ਢਾਹਾਂ ਦਾ ਮੁੱਖ ਯੋਗਦਾਨ ਹੈ। 2013 ਵਿਚ ਸਥਾਪਤ ਢਾਹਾਂ ਸਾਹਿਤ ਇਨਾਮ ਪੰਜਾਬੀ ਭਾਸ਼ਾ ਵਿਚ ਗਲਪ ਪੁਸਤਕਾਂ ਲਈ ਸਭ ਤੋਂ ਵੱਡਾ, ਅੰਤਰਰਾਸ਼ਟਰੀ ਸਾਹਿਤਕ ਇਨਾਮ ਹੈ।