ਕੋਟਕਪੂਰਾ ਗੋਲੀਕਾਂਡ: ਸੁਖਬੀਰ, ਸੈਣੀ ਤੇ ਉਮਰਾਨੰਗਲ ਨੂੰ ਹਾਈ ਕੋਰਟ ਤੋਂ ਰਾਹਤ

ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ, ਪੁਲਿਸ ਅਧਿਕਾਰੀ ਪਰਮਰਾਜ ਸਿੰਘ ਉਮਰਾਨੰਗਲ ਅਤੇ ਤਿੰਨ ਹੋਰਾਂ ਨੂੰ ਕੋਟਕਪੂਰਾ ਤੇ ਬਹਬਿਲ ਕਲਾਂ ‘ਚ ਸ਼ਾਂਤੀਪੂਰਨ ਪ੍ਰਦਰਸ਼ਨਕਾਰੀਆਂ ‘ਤੇ ਹੋਈ

ਗੋਲੀਬਾਰੀ ਨਾਲ ਸਬੰਧਤ ਕੇਸ ‘ਚ ਗ੍ਰਿਫਤਾਰੀ ਤੋਂ ਪੇਸ਼ਗੀ ਜ਼ਮਾਨਤ ਦੇ ਦਿੱਤੀ ਹੈ। ਜਸਟਿਸ ਅਨੂਪ ਚਿਤਕਾਰਾ ਨੇ ਫੈਸਲਾ ਸੁਣਾਇਆ ਕਿ ਇਹ ਪ੍ਰੀ-ਟ੍ਰਾਇਲ ਕੈਦ ਦਾ ਮਾਮਲਾ ਨਹੀਂ ਹੈ।
ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਮੇਤ ਸਾਰੇ ਮੁਲਜ਼ਮਾਂ ਖ਼ਿਲਾਫ਼ ਸੀ.ਆਰ.ਪੀ.ਸੀ. ਦੀ ਧਾਰਾ 173 ਤਹਿਤ ਪੁਲਿਸ ਵੱਲੋਂ ਆਖਰੀ ਜਾਂਚ ਰਿਪੋਰਟ ਦਾਖਲ ਕੀਤੇ ਜਾਣ ਮਗਰੋਂ ਫਰੀਦਕੋਟ ਦੇ ਜੁਡੀਸ਼ਲ ਮੈਜਿਸਟਰੇਟ (ਪਹਿਲੀ ਸ਼੍ਰੇਣੀ) ਵੱਲੋਂ ਨੋਟਿਸ ਜਾਰੀ ਕੀਤੇ ਜਾਣ ਤੋਂ ਬਾਅਦ ਪਟੀਸ਼ਨਰਾਂ ਨੇ ਹਾਈ ਕੋਰਟ ਦਾ ਰੁਖ ਕੀਤਾ ਸੀ। ਜਸਟਿਸ ਚਿਤਕਾਰਾ ਨੇ ਕਿਹਾ ਕਿ ਪਟੀਸ਼ਨਰਾਂ ਖ਼ਿਲਾਫ਼ ਪਹਿਲੀ ਨਜ਼ਰੇ ਕੇਸ ਦਰਜ ਹੋਣ ਦੇ ਬਾਵਜੂਦ ਵਿਸ਼ੇਸ਼ ਜਾਂਚ ਟੀਮ (ਸਿਟ) ਨੇ ਉਨ੍ਹਾਂ ਨੂੰ ਗ੍ਰਿਫਤਾਰ ਨਾ ਕਰਨ ਦਾ ਰਾਹ ਚੁਣਿਆ ਅਤੇ ਮੁਲਜ਼ਮਾਂ ਨੂੰ ਹਿਰਾਸਤ ‘ਚ ਲਏ ਬਿਨਾ ਪੁਲਿਸ ਰਿਪੋਰਟ ਦਰਜ ਕੀਤੀ।
ਪਟੀਸ਼ਨਰਾਂ ਨੇ ਗ੍ਰਿਫਤਾਰੀ ਦਾ ਖਦਸ਼ਾ ਜ਼ਾਹਿਰ ਕਰਦਿਆਂ ਸੈਸ਼ਨ ਕੋਰਟ ਕੋਲ ਅਗਾਊਂ ਜ਼ਮਾਨਤ ਲਈ ਅਰਜ਼ੀ ਦਾਇਰ ਕੀਤੀ ਸੀ ਜਿਸ ਨੂੰ ਬਾਅਦ ਵਿਚ ਖਾਰਜ ਕਰ ਦਿੱਤਾ ਗਿਆ। ਅਦਾਲਤ ਨੇ ਕਿਹਾ, ‘ਜੇਕਰ ਰਾਜ ਮੁਕੱਦਮਾ ਪੈਂਡਿੰਗ ਰਹਿਣ ਦੌਰਾਨ ਪਟੀਸ਼ਨਰਾਂ ਨੂੰ ਗ੍ਰਿਫਤਾਰ ਕਰਨਾ ਚਾਹੁੰਦਾ ਤਾਂ ਉਸ ਨੂੰ ਅਜਿਹਾ ਕਰਨ ਤੋਂ ਕੋਈ ਨਹੀਂ ਰੋਕ ਸਕਦਾ ਸੀ ਕਿਉਂਕਿ ਉਸ ਸਮੇਂ ਤੱਕ ਪਟੀਸ਼ਨਰਾਂ ਕੋਲ ਕਿਸੇ ਅੰਤਰਿਮ ਹੁਕਮ ਸਮੇਤ ਕੋਈ ਢੁਕਵਾਂ ਹੁਕਮ ਨਹੀਂ ਸੀ।‘ ਅਦਾਲਤ ਨੇ ਕਿਹਾ ਕਿ ਸਿਟ ਪਹਿਲਾਂ ਹੀ ਜਾਂਚ ਰਿਪੋਰਟ ਮੁਕੰਮਲ ਕਰ ਚੁੱਕੀ ਹੈ ਇਸ ਲਈ ਪਟੀਸ਼ਨਰਾਂ ਤੋਂ ਪੁੱਛ ਪੜਤਾਲ ਦੀ ਲੋੜ ਨਹੀਂ ਹੈ। ਪਟੀਸ਼ਨਰਾਂ ਨੂੰ ਜਾਂਚ ਵਿੱਚ ਸਹਿਯੋਗ ਕਰਨ ਅਤੇ ਆਪਣਾ ਅਸਰ ਰਸੂਖ ਵਰਤ ਕੇ ਗਵਾਹਾਂ ਜਾਂ ਕੇਸ ਨਾਲ ਸਬੰਧਤ ਤੱਥਾਂ ਨੂੰ ਪ੍ਰਭਾਵਿਤ ਨਾ ਕਰਨ ਦੀ ਸ਼ਰਤ ‘ਤੇ ਅਗਾਊਂ ਜ਼ਮਾਨਤ ਦੇ ਦਿੱਤੀ ਹੈ।