ਫਰੀਦਕੋਟ: ਅੱਠ ਸਾਲ ਪਹਿਲਾਂ ਫਰੀਦਕੋਟ ਦੇ ਪਿੰਡ ਬਹਿਬਲ ਕਲਾਂ ਵਿਚ ਹੋਏ ਗੋਲੀ ਕਾਂਡ ਦੇ ਪੀੜਤਾਂ ਨੇ ਸਰਕਾਰ ‘ਤੇ ਇਨਸਾਫ ਨਾ ਦੇਣ ਦੇ ਦੋਸ਼ ਲਾਉਂਦਿਆਂ 12 ਅਕਤੂਬਰ ਤੋਂ ਅਣਮਿਥੇ ਸਮੇਂ ਲਈ
ਮਰਨ ਵਰਤ ‘ਤੇ ਬੈਠਣ ਦਾ ਐਲਾਨ ਕੀਤਾ ਹੈ। ਬਹਿਬਲ ਗੋਲੀ ਕਾਂਡ ਤੇ ਪੀੜਤਾਂ ਨੂੰ ਇਨਸਾਫ ਦਿਵਾਉਣ ਦੇ ਅੰਦੋਲਨ ਦੀ ਅਗਵਾਈ ਕਰ ਰਹੇ ਸੁਖਰਾਜ ਸਿੰਘ ਨਿਆਮੀਵਾਲਾ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਬਹਬਿਲ ਗੋਲੀ ਕਾਂਡ ‘ਤੇ ਸਿਆਸਤ ਕਰ ਰਹੀਆਂ ਹਨ ਅਤੇ ਕੋਈ ਵੀ ਪਾਰਟੀ ਇਨਸਾਫ ਦੇਣ ਵਿੱਚ ਸਫਲ ਨਹੀਂ ਹੋਈ।
ਇਸ ਕਰਕੇ ਹੁਣ ਉਨ੍ਹਾਂ ਆਰ-ਪਾਰ ਦੀ ਲੜਾਈ ਲੜਨ ਦਾ ਫੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਵਾਪਰੇ ਬਹਿਬਲ ਗੋਲੀ ਕਾਂਡ ਵਿਚ ਸੁਖਰਾਜ ਸਿੰਘ ਨਿਆਮੀਵਾਲਾ ਦੇ ਪਿਤਾ ਕ੍ਰਿਸ਼ਨ ਭਗਵਾਨ ਅਤੇ ਇਕ ਹੋਰ ਸਿੱਖ ਨੌਜਵਾਨ ਗੁਰਜੀਤ ਸਿੰਘ ਦੀ ਪੁਲਿਸ ਦੀਆਂ ਗੋਲੀਆਂ ਨਾਲ ਮੌਤ ਹੋ ਗਈ ਸੀ। ਇਸ ਕੇਸ ਵਿਚ ਹੁਣ ਤੱਕ ਚਾਰ ਵਿਸ਼ੇਸ਼ ਜਾਂਚ ਟੀਮਾਂ ਬਣ ਚੁੱਕੀਆਂ ਹਨ ਅਤੇ ਜਾਂਚ ਟੀਮ ਵੱਲੋਂ ਇਸ ਕੇਸ ਵਿਚ ਹੁਣ ਤੱਕ ਸੱਤ ਚਲਾਨ ਫਰੀਦਕੋਟ ਦੀ ਅਦਾਲਤ ਵਿਚ ਪੇਸ਼ ਕੀਤੇ ਜਾ ਚੁੱਕੇ ਹਨ। ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਇਸ ਕੇਸ ਵਿਚ ਅਜੇ ਤੱਕ ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ ਨਹੀਂ ਹੋ ਸਕੇ। ਸੁਖਰਾਜ ਸਿੰਘ ਨਿਆਮੀਵਾਲਾ ਨੇ ਦੋਸ਼ ਲਾਇਆ ਕਿ ਇਸ ਕੇਸ ਵਿਚ ਪ੍ਰਭਾਵਸ਼ਾਲੀ ਮੁਲਜ਼ਮ ਹੋਣ ਕਾਰਨ ਕੋਈ ਵੀ ਸਰਕਾਰ ਪੀੜਤਾਂ ਨੂੰ ਇਨਸਾਫ ਨਹੀਂ ਦੇ ਰਹੀ ਅਤੇ ਸਾਰੇ ਮੁੱਦੇ ‘ਤੇ ਰਾਜਨੀਤੀ ਕੀਤੀ ਜਾ ਰਹੀ। ਇਸ ਤੋਂ ਪਹਿਲਾਂ ਪਿਛਲੇ ਦੋ ਸਾਲਾਂ ਤੋਂ ਗੋਲੀਕਾਂਡ ਵਾਲੀ ਥਾਂ ‘ਤੇ ਇਨਸਾਫ ਮੋਰਚਾ ਲੱਗਾ ਹੋਇਆ ਹੈ। ਦੱਸਣਯੋਗ ਹੈ ਕਿ 12 ਅਕਤੂਬਰ 2014 ਨੂੰ ਬੇਅਦਬੀ ਕਾਂਡ ਹੋਇਆ ਸੀ ਅਤੇ ਇਸ ਤੋਂ ਬਾਅਦ ਬਹਿਬਲ ਗੋਲੀ ਕਾਂਡ ਵਾਪਰ ਗਿਆ ਸੀ।