ਖੰਡਾ ਦੀ ਮੌਤ ਬਾਰੇ ਉੱਚ ਪੱਧਰੀ ਜਾਂਚ ਦੀ ਮੰਗ ਉੱਠੀ

ਲੰਡਨ: ਲੰਡਨ ਵਿਚ ਭਾਰਤੀ ਹਾਈ ਕਮਿਸ਼ਨ ‘ਤੇ ਹਮਲੇ ਦਾ ਮੁੱਖ ਸਾਜ਼ਿਸ਼ਘਾੜਾ ਅਵਤਾਰ ਸਿੰਘ ਖੰਡਾ ਜਿਸ ਦੀ ਇਸ ਸਾਲ ਮੌਤ ਹੋ ਗਈ ਸੀ, ਦੇ ਪਰਿਵਾਰ ਨੇ ਮੌਤ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।

ਪਰਿਵਾਰ ਦੇ ਨਾਲ-ਨਾਲ ਸਿੱਖ ਫੈਡਰੇਸ਼ਨ ਯੂ.ਕੇ. ਵੱਲੋਂ ਇਹ ਅਪੀਲ ਉਸ ਸਮੇਂ ਆਈ ਜਦੋਂ ਖਾਲਿਸਤਾਨ ਸਮਰਥਕਾਂ ਨੇ ਲੰਡਨ ਵਿਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਭਾਰਤ ਵਿਰੋਧੀ ਪ੍ਰਦਰਸ਼ਨ ਕੀਤਾ।
ਮੀਡੀਆ ਮੁਤਾਬਕ ਜਾਂਚ ਦੀ ਮੰਗ ਬੈਰਿਸਟਰ ਮਾਈਕਲ ਪੋਲਕ ਕਰ ਰਹੇ ਹਨ ਜਿਨ੍ਹਾਂ ਨੇ ਦੋਸ਼ ਲਾਇਆ ਕਿ ਬਰਤਾਨਵੀ ਪੁਲਿਸ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਖੰਡਾ ਖਤਰੇ ਵਿਚ ਸੀ। ਪੋਲਕ ਨੇ ਕਿਹਾ ਕਿ ਉਹ ਨਿਸ਼ਚਿਤ ਤੌਰ ਉਤੇ ਇਹ ਨਹੀਂ ਕਹਿ ਸਕਦੇ ਕਿ ਖੰਡਾ ਦੀ ਮੌਤ ਪਿੱਛੇ ਭਾਰਤ ਦਾ ਹੱਥ ਸੀ ਪਰ ਹਾਲਾਤ ਜਾਂਚ ਦੀ ਮੰਗ ਕਰ ਰਹੇ ਹਨ। ਖੰਡਾ ਦੀ ਇਸ ਸਾਲ 15 ਜੂਨ ਨੂੰ ਅਚਾਨਕ ਤਬੀਅਤ ਖਰਾਬ ਹੋਣ ਕਾਰਨ ਬਰਮਿੰਘਮ ਦੇ ਹਸਪਤਾਲ ਵਿਚ ਦਾਖਲ ਹੋਣ ਤੋਂ ਬਾਅਦ ਮੌਤ ਹੋ ਗਈ ਸੀ। ਮੌਤ ਦਾ ਅਧਿਕਾਰਤ ਕਾਰਨ ਖੂਨ ਦਾ ਕੈਂਸਰ ਦੱਸਿਆ ਗਿਆ ਸੀ। ਖੰਡਾ ਦੇ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਅਜਿਹਾ ਕੋਈ ਮੈਡੀਕਲ ਰਿਕਾਰਡ ਜਾਂ ਰਿਪੋਰਟ ਨਹੀਂ ਦਿੱਤੀ ਗਈ ਜਿਸ ਤੋਂ ਪਤਾ ਲੱਗੇ ਕਿ ਉਸ ਦੀ ਮੌਤ ਕੈਂਸਰ ਨਾਲ ਹੋਈ ਹੈ।