ਗੁਲਜ਼ਾਰ ਸਿੰਘ ਸੰਧੂ
ਫੋਨ: 91-98157-78469
ਗੁਰੂ ਅੰਗਦ ਦੇਵ ਜੀ ਵਲੋਂ ਗੁਰਮੁਖੀ ਲਿਪੀ ਦੇ ਮਾਨਵੀਕਰਣ ਅਤੇ ਉਨ੍ਹਾਂ ਦੀ ਸੁਪਤਨੀ ਮਾਤਾ ਖੀਵੀ ਵਲੋਂ ਲੰਗਰ ਦੀ ਅਪਰ ਅਪਾਰ ਪ੍ਰੰਪਰਾ ਸਥਾਪਤ ਕਰਨ ਬਾਰੇ ਬੜੇ ਵਿਦਵਾਨਾਂ ਨੇ ਵਿਸਥਾਰ ਨਾਲ ਲਿਖਿਆ ਹੈ|
ਇਨ੍ਹਾਂ ਲੇਖਕਾਂ ਵਿਚ ਭਾਈ ਗੁਰਦਾਸ, ਭਾਈ ਕਾਹਨ ਸਿੰਘ ਨਾਭਾ, ਭਾਈ ਸੰਤੋਖ ਸਿੰਘ, ਭਾਈ ਵੀਰ ਸਿੰਘ, ਗਿਆਨੀ ਗਿਆਨ ਸਿੰਘ, ਡਾ. ਮਹੀਪ ਸਿੰਘ, ਪਿਆਰਾ ਸਿੰਘ ਪਦਮ, ਡਾ. ਸੁਰਿੰਦਰ ਸਿੰਘ ਕੋਹਲੀ ਤੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸੱਤੇ-ਬਲਵੰਡ ਦੀ ਵਾਰ ਤੇ ਭੱਟਾਂ ਦੀ ਬਾਣੀ ਹੀ ਨਹੀਂ ਮੈਥਿਲੀ ਸ਼ਰਨ ਗੁਪਤ ਤੇ ਗੋਲਕ ਚੰਦ ਨਾਰੰਗ ਵੀ ਸ਼ਾਮਲ ਹਨ| ਸਾਰੇ ਮਹਾਰਥੀਆਂ ਨੇ ਗੁਰੂ ਅੰਗਦ ਦੇਵ ਜੀ ਦੇ ਜੀਵਨ ਤੇ ਬਾਣੀ ਉੱਤੇ ਵੀ ਖੂਬ ਚਾਨਣਾ ਪਾਇਆ ਹੈ| ਇਸ ਯੋਗਦਾਨ ਦਾ ਸਾਰ-ਅੰਸ਼ ਜਾਨਣਾ ਹੋਵੇ ਤਾਂ ਨਵਯੁਗ ਵੱਲੋਂ ਪ੍ਰਕਾਸ਼ਤ ਡਾ. ਜਸਪਾਲ ਸਿੰਘ ਦੀ ਪੁਸਤਕ ‘ਗੁਰੂ ਅੰਗਦ ਦੇਵ ਜੀ: ਜੀਵਨ ਤੇ ਬਾਣੀ’ ਦਾ ਅਧਿਐਨ ਜ਼ਰੂਰੀ ਹੈ|
ਜਸਪਾਲ ਸਿੰਘ ਦੀ ਵੱਡਿਤਣ ਇਸ ਵਿਚ ਹੈ ਕਿ ਉਸ ਨੇ ਇਸਦਾ ਮੁੱਖ ਸ਼ਰੇਅ ਤਰਨਤਾਰਨ ਨੇੜਲੇ ਗੁਰੂਧਾਮ ਖਡੂਰ ਸਾਹਿਬ ਨੂੰ ਦਿੱਤਾ ਹੈ ਜਿੱਥੇ ਰਹਿ ਕੇ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੀਆਂ ਭਾਵਨਾਵਾਂ ਦਾ ਪ੍ਰਚਾਰ-ਪਾਸਾਰ ਕੀਤਾ| ਇਸ ਵਿਚ ਗੁਰਮੁਖੀ ਲਿੱਪੀ ਦਾ ਮਾਨਵੀਕਰਣ ਤੇ ਲੰਗਰ ਦੀ ਸਥਾਪਨਾ ਪ੍ਰਮੁੱਖ ਹਨ| ਇਹ ਵੀ ਕਿ ਗੁਰੂ ਅੰਗਦ ਦੇਵ ਉਰਫ ਭਾਈ ਲਹਿਣਾ ਜੀ 48 ਵਰ੍ਹੇ ਦੀ ਆਯੂ ਭੋਗ ਕੇ ਜੋਤੀ ਜੋਤਿ ਸਮਾ ਗਏ ਪਰ ਉਨ੍ਹਾਂ ਦੀ ਸੁਪਤਨੀ ਮਾਤਾ ਖੀਵੀ ਜੀ ਨੇ ਇਸ ਪ੍ਰਥਾ ਨੂੰ ਆਪਣੇ ਅੰਤਮ ਸਾਹਾਂ ਤੱਕ ਨਿਭਾਇਆ|
ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਭਾਈ ਲਹਿਣਾ ਜੀ ਦੇ ਪਿਤਾ ਫੇਰੂ ਮੱਲ ਜਵਾਲਾਮੁਖੀ ਦੇ ਉਪਾਸ਼ਕ ਸਨ ਤੇ ਅਕਸਰ ਉਥੇ ਜਾਂਦੇ ਰਹਿੰਦੇ ਸਨ| ਕਈ ਵਾਰੀ ਭਾਈ ਲਹਿਣਾ ਵੀ ਉਨ੍ਹਾਂ ਨਾਲ ਚੱਲ ਪੈਂਦੇ| ਆਪਣੇ ਪਿਤਾ ਦੇ ਦੇਹਾਂਤ ਉਪਰੰਤ ਭਾਈ ਲਹਿਣਾ ਆਪਣੇ ਸੰਗੀ ਸਾਥੀਆਂ ਨੂੰ ਨਾਲ ਲੈ ਕੇ ਜਵਲਾਮੁਖੀ ਜਾ ਰਹੇ ਸਨ ਕਿ ਆਪਣੇ ਸੰਗੀਆਂ ਨੂੰ ਛੱਡ ਕੇ ਕਰਤਾਰਪੁਰ ਸਾਹਿਬ ਚਲੇ ਗਏ ਜਿੱਥੇ ਗੁਰੂ ਨਾਨਕ ਦੇਵ ਜੀ ਆਪਣੇ ਹੱਥੀਂ ਖੇਤੀ ਕਰ ਕੇ ਆਮ ਲੋਕਾਂ ਨੂੰ ਲੰਗਰ ਵਰਤਾਉਂਦੇ ਅਤੇ ਪ੍ਰਮਾਤਮਾ ਦੀ ਉਸਤਤ ਕਰਦੇ ਸਨ| ਭਾਈ ਲਹਿਣਾ ਜੀ ਗੁਰੂ ਨਾਨਕ ਦੇਵ ਦੀ ਵਲੋਂ ਪ੍ਰਚਾਰੀ ਖੇਤੀ ਦਾ ਉਪਕਾਰ ਅਤੇ ਉਨ੍ਹਾਂ ਵਲੋਂ ਪ੍ਰਚਾਰੀ ਜਾ ਰਹੀ ਪ੍ਰਮਾਤਮਾ ਦੀ ਉਸਤਤ ਤੋਂ ਏਨੇ ਪ੍ਰਭਾਵਿਤ ਹੋਏ ਕਿ ਉਥੋਂ ਦੇ ਹੋ ਕੇ ਰਹਿ ਗਏ| ਉਨ੍ਹਾਂ ਨੇ ਜਵਾਲਾਮੁਖੀ ਦੇ ਦਰਸ਼ਨ ਹੀ ਨਹੀਂ ਤਿਆਗੇ ਸਗੋਂ ਖਡੂਰ ਸਾਹਿਬ ਵਿਚ ਬਿਰਾਜਮਾਨ ਮਾਤਾ ਖੀਵੀ ਤੇ ਆਪਣੇ ਬਾਲ ਪਰਿਵਾਰ ਨੂੰ ਵੀ ਵਿਸਾਰ ਦਿੱਤਾ|
ਮਾਤਾ ਜੀ ਸੱਤ ਸਾਲ ਇਕੱਲੇ ਰਹੇ ਤੇ ਉਨ੍ਹਾਂ ਨੂੰ ਲੋਕਾਂ ਦੇ ਤਾਅਨੇ ਮਿਹਣਿਆਂ ਦਾ ਸ਼ਿਕਾਰ ਵੀ ਹੋਣਾ ਪਿਆ| ਏਥੋਂ ਤੱਕ ਕਿ ਆਪਣੇ ਬਾਲ ਪਰਿਵਾਰ ਕੋਲ ਪਰਤਣ ਦੀ ਗੁਰੂ ਨਾਨਕ ਦੇਵ ਜੀ ਦੀ ਪ੍ਰੇਰਨਾ ਦਾ ਵੀ ਕੋਈ ਅਸਰ ਨਾ ਹੋਇਆ| ਉਨ੍ਹਾਂ ਦੀ ਭਾਵਨਾ ਤੇ ਨਿਸ਼ਠਾ ਹੀ ਸੀ ਜਿਸ ਨੂੰ ਵੇਖਦਿਆਂ ਬਾਬਾ ਨਾਨਕ ਦੇਵ ਜੀ ਨੇ ਉਨ੍ਹਾਂ ਨੂੰ ਅੰਗੀ ਸੰਗੀ ਤੇ ਉਤਰਅਧਿਕਾਰੀ ਸਥਾਪਤ ਕੀਤਾ| ਇਸਦੇ ਫ਼ਲਸਰੂਪ ਉਹ ਸਦਾ ਲਈ ਭਾਈ ਲਹਿਣਾ ਤੋਂ ਅੰਗਦ ਹੋ ਗਏ ਤੇ ਬਹੁਤ ਥੋੜ੍ਹੀ ਆਯੂ ਭੋਗਣ ਦੇ ਬਾਵਜੂਦ ਸ੍ਰੀ ਗੁਰੂ ਅੰਗਦ ਦੇਵ ਜੀ ਵਜੋਂ ਪ੍ਰਵਾਨ ਹੋਏ|
ਇਹ ਗੱਲ ਵੱਖਰੀ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਥੋੜ੍ਹਾ ਪਹਿਲਾਂ ਗੁਰੂ ਅੰਗਦ ਦੇਵ ਜੀ ਨੇ ਆਪਣਾ ਨਿਵਾਸ ਖਡੂਰ ਸਾਹਿਬ ਕਰ ਲਿਆ ਸੀ| ਜਿਸ ਵਿਚ ਗੁਰੂ ਨਾਨਕ ਦੇਵ ਜੀ ਦੀ ਭਾਵਨਾ ਵੀ ਸ਼ਾਮਲ ਸੀ| ਏਥੋਂ ਤੱਕ ਕਿ ਗੁਰੂ ਅੰਗਦ ਦੇਵ ਜੀ ਦੇ ਛੋਟੇ ਸਾਹਿਬਜ਼ਾਦੇ ਡਾ. ਜਸਪਾਲ ਸਿੰਘ ਦੀ ਪੁਸਤਕ ਇਸ ਤੱਥ ਉੱਤੇ ਵੀ ਚਾਨਣਾ ਪਾਉਂਦੀ ਹੈ ਜੋ 2004 ਵਿਚ ਗੁਰੂ ਅੰਗਦ ਦੇਵ ਜੀ ਦੇ 500ਵੇਂ ਪ੍ਰਕਾਸ਼ ਪੁਰਬ ਸਮੇਂ ਧਾਰਮਿਕ ਤੇ ਸਿੱਖਿਆ ਦੇ ਖੇਤਰ ਨਾਲ ਜੁੜੀਆਂ ਬਹੁਤ ਸਾਰੀਆਂ ਯੋਜਨਾਵਾਂ ਦੀ ਰੂਪ-ਰੇਖਾ ਤਿਆਰ ਕੀਤੀ ਸੀ|
ਇਨ੍ਹਾਂ ਨੂੰ ਅਮਲੀ ਰੂਪ ਦੇਣ ਲਈ ਬਾਬਾ ਸੇਵਾ ਸਿੰਘ ਦੀ ਸਰਪ੍ਰਸਤੀ ਹੇਠ ‘ਨਿਸ਼ਾਨ-ਏ-ਸਿੱਖੀ’ ਚੈਰੀਟੇਬਲ ਟਰੱਸਟ ਸਥਾਪਤ ਕੀਤਾ ਗਿਆ| ਏਸੇ ਵੇਲੇ ਏਥੇ ‘ਵਿਦਿਆ ਵੀਚਾਰੀ ਤਾਂ ਪਰਉਪਕਾਰੀ’ ਦੇ ਸੰਦੇਸ਼ ਨੂੰ ਦਰਸਾਉਣ ਲਈ ਅੱਧੀ ਦਰਜਨ ਵਿਦਿਅਕ ਸੰਸਥਾਵਾਂ ਦੀ ਸਥਾਪਨਾ ਕੀਤੀ ਜਾ ਚੁੱਕੀ ਹੈ| ਇਨ੍ਹਾਂ ਵਿਚ ਸਿੱਖ ਧਰਮ ਦੇ ਅਧਿਐਨ, ਖੋਜ, ਤੇ ਪ੍ਰਚਾਰ-ਪ੍ਰਸਾਰ ਲਈ (1) ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ ਰਿਲੀਜੀਅਸ ਸਟੱਡੀਜ਼ ਲੋੜਵੰਦ ਬੱਚਿਆਂ ਦੀ ਚਾਹਨਾ ਤ੍ਰਿਪਤ ਕਰਨ ਲਈ (2) ਨਿਸ਼ਾਨ-ਏ-ਸਿੱਖੀ ਇੰਸਟੀਚਿਊਟ ਆਫ ਸਾਇੰਸ ਐਂਡ ਆਈ.ਆਈ.ਟੀ ਦਾ ਨੀਟ ਵਿੰਗ, ਪੰਜਾਬ ਦੀਆਂ ਲੜਕੀਆਂ ਤੇ ਲੜਕਿਆਂ ਨੂੰ ਆਪਣੇ ਪੈਰਾਂ ਉੱਤੇ ਖੜ੍ਹੇ ਕਰਨ ਹਿੱਤ (3) ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ ਕੈਰੀਅਰ ਐਂਡ ਕੋਰਸਿਜ਼, ਨੈਸ਼ਨਲ ਡਿਫੈਂਸ ਅਕੈਡਮੀ ਵਾਸਤੇ ਲਿਖਤੀ ਟੈਸਟ ਤੇ ਐਸ.ਐਸ.ਬੀ. ਇੰਟਰਵਿਊ ਦੀ ਤਿਆਰੀ ਲਈ (4) ਸੁਤੰਤਰ ਤੇ ਵੱਖਰੀ ਅਕੈਡਮੀ ਤੇ ਸਿਵਲ ਸਰਵਿਸਿਜ਼ ਦੇ ਇਮਿਤਿਹਾਨਾਂ ਦੀ ਤਿਆਰੀ ਕਰਾਉਣ ਦੀ ਭਾਵਨਾ ਵਾਲੀ (5) ਨਿਸ਼ਾਨ-ਏ-ਸਿੱਖੀ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਸਰਵਿਸਿਜ਼’ ਸਥਾਪਤ ਕੀਤੀ ਗਈ ਹੈ, ਜਿੱਥੇ ਹੋਣਹਾਰ ਵਿਦਿਆਰਥੀ ੂਫSਓ ਤੱਕ ਦੀ ਤਿਆਰੀ ਕਰਦੇ ਹਨ| ਏਥੇ ਉਮੀਦਵਾਰਾਂ ਤੋਂ ਕਿਸੇ ਪ੍ਰਕਾਰ ਦੀ ਫੀਸ ਤਾਂ ਕੀ ਲੈਣੀ ਹੈ ਅਧਿਆਪਕਾਂ ਦਾ ਮਾਣ-ਭੱਤਾ, ਲਾਇਬਰੇਰੀ ਦੀ ਸੁਵਿਧਾ ਤੇ ਪੁਸਤਕਾਂ ਦਾ ਖਰਚਾ ਵੀ ਨਹੀਂ ਲਿਆ ਜਾਂਦਾ| ਇਹ ਵੀ ਨਿਸ਼ਾਨ-ਏ-ਸਿੱਖੀ ਚੈਰੀਟੇਬਲ ਟਰੱਸਟ ਪੂਰਾ ਕਰਦਾ ਹੈ| ਚੇਤੇ ਰਹੇ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ਨੂੰ ਮੁੱਖ ਰਖਦਿਆਂ ‘ਗੁਰੂ ਨਾਨਕ ਯਾਦਗਾਰੀ ਜੰਗਲ’ ਲਗਾਉਣ ਦਾ ਕਾਰਜ ਵੀ ਆਰੰਭਿਆ ਜਾ ਚੁੱਕਾ ਹੈ|
ਏਸ ਤਰ੍ਹਾਂ ਗੁਰੂ ਅੰਗਦ ਦੇਵ ਜੀ ਨੇ ਲੋਕਾਂ ਦੇ ਅੰਧਕਾਰ ਨੂੰ ਹੀ ਦੂਰ ਨਹੀਂ ਕੀਤਾ ਸਿੱਖ ਪੈਰੋਕਾਰਾਂ ਨੂੰ ਸਿਖ ਪੰਥ ਦੇ ਰੂਪ ਵਿਚ ਜਥੇਬੰਦ ਵੀ ਕੀਤਾ| ਨਿਸ਼ਚੇ ਹੀ ਗੁਰੂ ਨਾਨਕ ਦੇਵ ਜੀ ਦੇ ਪਹਿਲੇ ਉਤਰਾਧਿਕਾਰੀ ਦੇ ਰੂਪ ਵਿਚ ਅੰਗਦ ਦੇਵ ਜੀ ਦੀ ਭੂਮਿਕਾ ਬਹੁਤ ਹੀ ਮਹੱਤਵਪੂਰਨ ਹੈ| ਐਵੇਂ ਤਾਂ ਨਹੀਂ ਖਡੂਰ ਸਾਹਿਬ ਨੂੰ ਅੱਠ ਗੁਰੂ ਸਾਹਿਬਾਨ ਦੀ ਚਰਨ-ਛੋਹ ਪ੍ਰਾਪਤ ਹੋਈ| ਇਹ ਪੁਸਤਕ ਗੁਰੂ ਅੰਗਦ ਦੇਵ ਜੀ ਦੀ ਜੀਵਨ-ਜਾਂਚ ਤੇ ਸਿੱਖਿਆ ਅਤੇ ਮਾਤਾ ਖੀਵੀ ਜੀ ਵਲੋਂ ਖਡੂਰ ਸਾਹਬ ਦੀ ਮਹਿਮਾ ਉਜਾਗਰ ਕਰਨ ਵਿਚ ਪਾਏ ਯੋਗਦਾਨ ਨੂੰ ਬਾਖੂਬੀ ਅੰਕਿਤ ਕਰਦੀ ਹੈ|
ਨਿਸ਼ਚੇ ਹੀ ਖਡੂਰ ਸਾਹਬ ਦੀ ਨਿਰੰਜਨੀ ਛੱਤ ਰਹਿੰਦੀ ਦੁਨੀਆਂ ਤੱਕ ਝੂਲਦੀ ਰਹੇਗੀ ਤੇ ਮਾਤਾ ਖੀਵੀ ਵਾਲਾ ‘ਅੰਨ-ਦੇਗ ਦਾ ਕੜਛਾ’ ਸਰਬ ਵਿਆਪਕ ਰਹੇਗਾ| ਚੇਤੇ ਰਹੇ ਕਿ ਮਾਤਾ ਖੀਵੀ ਜੀ ਦੇ ਜੀਵਨ ਕਾਲ ਵਿਚ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਅੰਗਦ ਦੇਵ ਜੀ ਤੱਕ ਪੰਜ ਗੁਰੂ ਸਾਹਿਬਾਨ ਦੀ ਸੰਗਤ ਪ੍ਰਾਪਤ ਸੀ|
ਹੁਸ਼ਿਆਰਪੁਰ ਦੇ ਪਿੰਡ ਹੂਕੜਾ ਦੇ ਕੀ ਕਹਿਣੇ
ਹੁਸ਼ਿਆਰਪੁਰ-ਫਗਵਾੜਾ ਸੜਕ ਤੋਂ 4 ਕਿਲੋਮੀਟਰ ਹਟਵੇਂ ਇਕ ਹਜ਼ਾਰ ਦੀ ਅਬਾਦੀ ਵਾਲੇ ਪਿੰਡ ਹੂਕੜਾ ਦਾ ਮਹੱਤਵ ਆਮ ਪਿੰਡਾਂ ਨਾਲੋਂ ਵਖਰਾ ਹੈ| ‘ਪੰਜਾਬ ਦੇ ਪਿੰਡ ਸ਼ਹਿਰ ਤੇ ਕਸਬੇ’ ਨਾਂ ਦੀ ਅਮਰਜੀਤ ਡਾਇਰੈਕਟਰੀ ਅਨੁਸਾਰ ਸ਼੍ਰੋਮਣੀ ਪੱਤਰਕਾਰ ਤਾਰਾ ਸਿੰਘ ਕਾਮਲ ਦਾ ਜਨਮ ਇਸ ਪਿੰਡ ਵਿਚ 15 ਮਾਰਚ, 1929 ਨੂੰ ਹੋਇਆ ਸੀ| ਜਿਹੜਾ ਬਾਲ ਵਰੇਸੇ ਦਿੱਲੀ ਚਲਾ ਗਿਆ ਤੇ 2 ਫਰਵਰੀ, 1993 ਨੂੰ ਉਥੇ ਹੀ ਚਲਾਣਾ ਕਰ ਗਿਆ| ਏਸ ਪਿੰਡ ਦੇ ਰਾਮ ਦਿਆਲ, ਰਾਮਜੀਤ ਤੇ ਮੋਹਨ ਲਾਲ ਚੰਡੀਗੜ੍ਹ ਪੁਲਿਸ ਤੇ ਬਾਰਡਰ ਸਕਿਉਰਿਟੀ ਫੋਰਸ ਵਿਚ ਚੰਗੇ ਅਹੁਦਿਆਂ `ਤੇ ਹੁੰਦੇ ਹੋਏ ਹਰ ਸਾਲ ਆਪਣੇ ਮਿਸ਼ਨ ਐਵੇਅਰਨੈੱਸ ਰਾਹੀਂ ਪ੍ਰਾਇਮਰੀ ਸਕੂਲਾਂ `ਚ ਪੰਜਵੀਂ ਸ਼੍ਰੇਣੀ ਵਿਚ ਪੜ੍ਹ ਰਹੇ ਹੋਣਹਾਰ ਵਿਦਿਆਰਥੀਆਂ ਨੂੰ ਨਵੋਦਿਆ ਵਿਚ ਦਾਖ਼ਲੇ ਦੀ ਤਿਆਰੀ ਕਰਵਾਉਂਦੇ ਹਨ| ਅਗਲੇ ਵਰ੍ਹੇ ਦੀ ਪ੍ਰੀਖਿਆ ਮਿਤੀ 20 ਜਨਵਰੀ, 2024 ਹੈ ਜਿਸ ਲਈ ਹੁਸ਼ਿਆਰਪੁਰ, ਪਠਾਨਕੋਟ, ਨਵਾਂ ਸ਼ਹਿਰ, ਰੂਪਨਗਰ, ਮੋਹਾਲੀ, ਕਪੂਰਥਲਾ, ਜਲੰਧਰ, ਫਤਿਹਗੜ੍ਹ ਸਾਹਿਬ ਤੇ ਪਟਿਆਲਾ ਨੌਂ ਜ਼ਿਲਿ੍ਹਆਂ ਦੇ ਵਿਦਿਆਰਥੀ ਨਿਸ਼ਚਿਤ ਕੇਂਦਰਾਂ ਵਿਚ ਮੁਫਤ ਕੋਚਿੰਗ ਪ੍ਰਾਪਤ ਕਰ ਸਕਦੇ ਹਨ| ਇਹ ਯੋਜਨਾ ਜੁਲਾਈ ਮਹੀਨੇ ਤੋਂ ਆਰੰਭ ਹੈ ਤੇ 20 ਜਨਵਰੀ, 2024 ਤੱਕ ਜਾਰੀ ਰਹੇਗੀ|
ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਏਸੇ ਅਕਤੂਬਰ ਮਹੀਨੇ ਹੂਰੜਾ ਪਿੰਡ ਵਿਚ ਇਕ ਜਨਤਕ ਇਕੱਠ ਕਰ ਕੇ ਤਾਰਾ ਸਿੰਘ ਕਾਮਲ ਯਾਦਗਾਰੀ ਲਾਇਬਰੇਰੀ ਦਾ ਵੀ ਉਦਘਾਟਨ ਕੀਤਾ ਜਾਣਾ ਹੈ ਜਿਸ ਲਈ ਇੰਸਪੈਕਟਰ ਰਾਮ ਦਿਆਲ ਹੁਣੇ ਤੋਂ ਭੱਜ-ਦੌੜ ਕਰ ਰਿਹਾ ਹੈ| ਲਾਇਬਰੇਰੀ ਵਿਚ ਸਜਾਉਣ ਵਾਲੀਆਂ ਤਸਵੀਰਾਂ ਚੁਣੀਆਂ ਜਾ ਰਹੀਆਂ ਹਨ ਤੇ ਤਾਰਾ ਸਿੰਘ ਦਾ ਬੁੱਤ ਬਣਵਾਇਆ ਜਾ ਚੁੱਕਾ ਹੈ|
ਏਸ ਵਰ੍ਹੇ ਹੂਕੜਾ ਭਰਾਵਾਂ ਦੇ ਵਿਹੜੇ ਇੱਕ ਮੋੜ ਹੋਰ ਆਇਆ ਹੈ| ਉਹ ਇਹ ਕਿ ਰਾਮ ਦਿਆਲ ਦੀ ਬੇਟੀ ਪ੍ਰਭਜੋਤ, ਜੋ ਗੌਰਮਿੰਟ ਕਾਲਜ ਫਾਰ ਗਰਲਜ਼ ਵਿਚ ਰਾਜਨੀਤੀ ਵਿਦਿਆ ਪ੍ਰਾਪਤ ਕਰ ਰਹੀ ਹੈ, ਨੇ ਵਿਦਿਆਰਥੀ ਚੋਣਾਂ ਲੜੀਆਂ ਤੇ ਯੂਨੀਵਰਸਟੀ ਦੇ ਰਾਜਨੀਤੀ ਵਿਭਾਗਾਂ ਦੀ ਪ੍ਰਤੀਨਿਧਤਾ ਕਰਨ ਲਈ ਚੁਣੀ ਗਈ| ਚੇਤੇ ਰਹੇ ਕਿ ਮੇਰਾ ਇਸ ਪਰਿਵਾਰ ਨਾਲ ਨਾਤਾ ਉਦੋਂ ਜੁੜਿਆ ਜਦੋਂ ਰਾਮ ਦਿਆਲ 36 ਸੈਕਟਰ, ਚੰਡੀਗੜ੍ਹ ਦੇ ਥਾਣੇ ਵਿਚ ਤਾਇਨਾਤ ਸੀ| ਤਾਰਾ ਸਿੰਘ ਕਾਮਲ ਤੇ ਹੂਕੜਾ ਭਰਾਵਾਂ ਦਾ ਇਹ ਪਿੰਡ ਜ਼ਿੰਦਾਬਾਦ|
ਅੰਤਿਕਾ
—ਗੁਰੂ ਅੰਗਦ ਦੇਵ ਜੀ—
ਜਿਸੁ ਪਿਆਰੇ ਸਿਉ ਨੇਹੁ ਤਿਸੁ ਆਗੈ ਮਰਿ ਚਲੀਐ«
ਧ੍ਰਿਗੁ ਜੀਵਣੁ ਸੰਸਾਰਿ ਤਾ ਕੈ ਪਾਛੈ ਜੀਵਣਾ«