ਅਦਾਕਾਰਾ ਵਹੀਦਾ ਰਹਿਮਾਨ ਦਾ ਤੋਹਫ਼ਾ

ਆਮਨਾ ਕੌਰ
ਲਗਭਗ 68 ਵਰ੍ਹੇ ਪਹਿਲਾਂ ਫਿਲਮ ਜਗਤ ਨਾਲ ਜੁੜੀ ਅਤੇ ‘ਪਿਆਸਾ, ‘ਗਾਈਡ` ਵਰਗੀਆਂ ਲ ਫਿਲਮਾਂ ਵਿਚ ਆਪਣੀ ਅਦਾਕਾਰੀ ਦੇ ਜੌਹਰ ਦਿਖਾਉਣ ਵਾਲੀ ਅਭਿਨੇਤਰੀ ਵਹੀਦਾ ਰਹਿਮਾਨ ਨੂੰ ‘ਦਾਦਾਸਾਹਿਬ ਫਾਲਕੇ ਪੁਰਸਕਾਰ` ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਭਾਰਤ ਸਰਕਾਰ ਵੱਲੋਂ ਸਿਨੇਮਾ ਦੇ ਖੇਤਰ ਵਿਚ ਦਿੱਤਾ ਜਾਣ ਵਾਲਾ ਇਹ ਸਭ ਤੋਂ ਵੱਡਾ ਸਨਮਾਨ ਹੈ।

ਅਦਾਕਾਰਾ ਵਹੀਦਾ ਰਹਿਮਾਨ ਨੇ ਪੁਰਸਕਾਰ ਦਾ ਐਲਾਨ ਹੋਣ `ਤੇ ਕਿਹਾ, “ਮੈਨੂੰ ਦੁੱਗਣੀ ਖ਼ੁਸ਼ੀ ਹੈ ਕਿਉਂਕਿ ਦੇਵ ਆਨੰਦ ਦੇ ਜਨਮ ਦਿਨ ਮੌਕੇ ਉਸ ਨੂੰ ਇਹ ਇਨਾਮ ਮਿਲਿਆ ਹੈ। ਮੈਂ ਸੋਚਦੀ ਹਾਂ ਕਿ ਤੋਹਫ਼ਾ ਉਨ੍ਹਾਂ ਨੂੰ ਮਿਲਣਾ ਸੀ, ਮੈਨੂੰ ਮਿਲ ਗਿਆ।” ਵਹੀਦਾ ਰਹਿਮਾਨ ਨੂੰ ਇਹ ਸਨਮਾਨ 69ਵੇਂ ਕੌਮੀ ਫਿਲਮ ਐਵਾਰਡ ਸਮਾਰੋਹ ਦੌਰਾਨ ਦਿੱਤਾ ਜਾਵੇਗਾ। ਐਵਾਰਡ ਉਤੇ ਫੈLਸਲਾ ਲੈਣ ਵਾਲੀ ਪੰਜ ਮੈਂਬਰੀ ਜਿਊਰੀ ਵਿਚ ਰਹਿਮਾਨ ਦੀ ਕਰੀਬੀ ਦੋਸਤ ਤੇ ਪਿਛਲੇ ਸਾਲ ਦੀ ਜੇਤੂ ਆਸ਼ਾ ਪਾਰਿਖ, ਅਭਿਨੇਤਾ ਚਿਰੰਜੀਵੀ, ਪਰੇਸ਼ ਰਾਵਲ, ਪ੍ਰਸੰਨਜੀਤ ਚੈਟਰਜੀ ਅਤੇ ਨਿਰਮਾਤਾ-ਨਿਰਦੇਸ਼ਕ ਸ਼ੇਖਰ ਕਪੂਰ ਸ਼ਾਮਲ ਸਨ।
ਵਹੀਦਾ ਰਹਿਮਾਨ ਨੇ ਦੇਵ ਆਨੰਦ ਨਾਲ ਗੁਰੂ ਦੱਤ ਦੀ ਫਿਲਮ ‘ਸੀ.ਆਈ.ਡੀ.` ਤੋਂ ਹਿੰਦੀ ਫਿਲਮਾਂ ਦੀ ਦੁਨੀਆ ਵਿਚ ਪੈਰ ਧਰਿਆ ਸੀ। ਇਸ ਸ਼ਾਨਦਾਰ ਸ਼ੁਰੂਆਤ ਤੋਂ ਬਾਅਦ ਵਹੀਦਾ ਨੇ ਕਈ ਗੰਭੀਰ ਤੇ ਮੁੱਖ ਧਾਰਾ ਦੀਆਂ ਫਿਲਮਾਂ ਕੀਤੀਆਂ ਜਿਨ੍ਹਾਂ ਵਿਚ ‘ਕਾਗਜ਼ ਕੇ ਫੂਲ` ਤੇ ‘ਰਾਮ ਔਰ ਸ਼ਿਆਮ` ਜਿਹੀਆਂ ਫਿਲਮਾਂ ਸ਼ਾਮਲ ਹਨ। ਵਹੀਦਾ ਰਹਿਮਾਨ ਦਾ ਛੇ ਦਹਾਕਿਆਂ ਦਾ ਕਰੀਅਰ ਵੱਖ-ਵੱਖ ਭਾਸ਼ਾਵਾਂ ਦੀਆਂ 90 ਫਿਲਮਾਂ ਤੱਕ ਫੈਲਿਆ ਹੋਇਆ ਹੈ। ਉਨ੍ਹਾਂ ‘ਬਲੈਕ ਐਂਡ ਵਾਈਟ` ਸਿਨੇਮਾ ਤੋਂ ਰੰਗੀਨ ਫਿਲਮਾਂ ਤੱਕ ਅਤੇ ਮੁੱਖ ਭੂਮਿਕਾਵਾਂ ਤੋਂ ਕੈਮੀਓ ਰੋਲਾਂ ਤੱਕ ਦਾ ਸਫ਼ਰ ਮਾਣਿਆ ਹੈ। ਉਨ੍ਹਾਂ ਦੀਆਂ ਕੁਝ ਸਭ ਤੋਂ ਯਾਦਗਾਰੀ ਭੂਮਿਕਾਵਾਂ ਗੁਰੂ ਦੱਤ ਦੀਆਂ ਫਿਲਮਾਂ ਵਿਚ ਰਹੀਆਂ ਜਿਨ੍ਹਾਂ `ਚ ‘ਪਿਆਸਾ`, ‘ਕਾਗਜ਼ ਕੇ ਫੂਲ` ਸ਼ਾਮਲ ਹਨ। ਦੇਵ ਆਨੰਦ ਨਾਲ ਉਨ੍ਹਾਂ ‘ਗਾਈਡ`, ‘ਪ੍ਰੇਮ ਪੁਜਾਰੀ` ਵਿਚ ਕੰਮ ਕੀਤਾ।
ਹਿੰਦੀ ਫਿਲਮਾਂ ਦੇ ਕੁਝ ਸਭ ਤੋਂ ਹਰਮਨ ਪਿਆਰੇ ਗੀਤ ਵਹੀਦਾ ਰਹਿਮਾਨ ਉਤੇ ਫਿਲਮਾਏ ਗਏ ਜਿਨ੍ਹਾਂ ਵਿਚ ‘ਕਹੀਂ ਪੇ ਨਿਗਾਹੇਂ, ਕਹੀਂ ਪੇ ਨਿਸ਼ਾਨਾ (ਸੀ.ਆਈ.ਡੀ.), ‘ਆਜ ਫਿਰ ਜੀਨੇ ਕੀ ਤਮੰਨਾ ਹੈ`, ‘ਪੀਆ ਤੋਸੇ ਨੈਨਾ ਲਾਗੇ ਰੇ` (ਗਾਈਡ), ‘ਲੁਕਾ ਛੁਪੀ` (ਰੰਗ ਦੇ ਬਸੰਤੀ) ਤੇ ‘ਗੇਂਦਾ ਫੂਲ` (ਦਿੱਲੀ-6) ਸ਼ਾਮਲ ਹਨ।
ਆਪਣੇ ਵੇਲੇ ਦੀ ਮਹਾਨ ਅਦਾਕਾਰਾ ਵਹੀਦਾ ਰਹਿਮਾਨ ਨੂੰ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਦਾਦਾ ਸਾਹਿਬ ਫਾਲਕੇ ਐਵਾਰਡ ਦੇਣ ਬਾਰੇ ਐਲਾਨ ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਨੇ ਆਪ ਕੀਤਾ ਸੀ।
ਯਾਦ ਰਹੇ ਕਿ 85 ਸਾਲਾ ਅਦਾਕਾਰਾ ਵਹੀਦਾ ਰਹਿਮਾਨ ਨੇ 1955 ਵਿਚ ਤੇਲਗੂ ਫਿਲਮਾਂ ‘ਰੋਜੁਲੂ ਮਰਾਏ’ ਅਤੇ ‘ਜੈਸਿਮਹਾ’ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ। ਪੰਜ ਦਹਾਕਿਆਂ ਤੋਂ ਵੱਧ ਸਮੇਂ ਦੇ ਕਰੀਅਰ ਵਿਚ ਉਨ੍ਹਾਂ ਨੇ ਕਈ ਭਾਸ਼ਾਵਾਂ ਵਿਚ 90 ਤੋਂ ਵੱਧ ਫਿਲਮਾਂ ਵਿਚ ਕੰਮ ਕੀਤਾ ਹੈ। ਉਨ੍ਹਾਂ ਨੂੰ ‘ਰੇਸ਼ਮਾ ਅਤੇ ਸ਼ੇਰਾ’ (1971) ਵਿਚ ਕੌਮੀ ਫਿਲਮ ਪੁਰਸਕਾਰ ਮਿਲਿਆ। ਉਹ ਪਦਮਸ੍ਰੀ ਅਤੇ ਪਦਮ ਭੂਸ਼ਨ ਪ੍ਰਾਪਤ ਕਰ ਚੁੱਕੀ ਹੈ।