ਹਨੇਰੇ ਰਾਹ

ਹਰਪ੍ਰੀਤ ਸੇਖਾ
ਫੋਨ: +1-778-231-1189
ਗੁਰਸੀਰ
ਨੀਂਦ ਖੁੱਲ੍ਹੀ ਤਾਂ ਗੁਰਸੀਰ ਨੇ ਛੇਤੀ ਨਾਲ਼ ਆਪਣਾ ਫੋਨ ਚੁੱਕ ਕੇ ਦੇਖਿਆ। ਸ਼ਮਿੰਦਰ ਦਾ ਕੋਈ ਸੁਨੇਹਾ ਨਹੀਂ ਸੀ।

ਕੁਝ ਪਲ ਉਹ ਫੋਨ ਵੱਲ ਦੇਖਦਾ ਰਿਹਾ। ਫਿਰ ਉਸ ਨੇ ਸੋਚਿਆ ਕਿ ਐਨੀ ਸਵੇਰੇ ਉਸ ਦਾ ਸੁਨੇਹਾ ਹੋ ਵੀ ਨਹੀਂ ਸੀ ਸਕਦਾ। ਜੇ ਕੋਈ ਲੋਡ ਹੋਵੇਗਾ ਵੀ ਤਾਂ ਇਸ ਬਾਰੇ ਦਸ-ਗਿਆਰਾਂ ਵਜੇ ਤੋਂ ਪਹਿਲਾਂ ਸੁਨੇਹਾ ਨਹੀਂ ਸੀ ਮਿਲਣਾ। ਰਾਤ ਗੁਰਸੀਰ ਨੂੰ ਉਮੀਦ ਸੀ ਪਰ ਰਾਤ ਕੋਈ ਸੁਨੇਹਾ ਨਹੀਂ ਸੀ ਆਇਆ। ਗੁਰਸੀਰ ਨੇ ਟਰੱਕ ਦੇ ਪਰਦੇ ਹਟਾ ਕੇ ਬਾਹਰ ਦੇਖਿਆ। ਸੂਰਜ ਦੀਆਂ ਕਿਰਨਾਂ ਨਾਲ਼ ਧਰਤੀ ‘ਤੇ ਵਿਛੀ ਬਰਫ਼ ਲਿਸ਼ਕਾਂ ਮਾਰ ਰਹੀ ਸੀ। ਗੁਰਸੀਰ ਦੇ ਚਿੱਤ ‘ਚ ਆਈ ਕਿ ਉਹ ਉੱਠ ਕੇ ਤਿਆਰ ਹੋ ਕੇ ਬੈਠ ਜਾਵੇ। ਜਿਉਂ ਹੀ ਸ਼ਮਿੰਦਰ ਦਾ ਲੋਡ ਬਾਰੇ ਸੁਨੇਹਾ ਮਿਲੇਗਾ, ਉਹ ਤੁਰੰਤ ਚੱਲ ਪਵੇਗਾ। ਉਸ ਨੇ ਆਪਣਾ ਕੰਬਲ ਪਾਸੇ ਕੀਤਾ ਅਤੇ ਉੱਠ ਕੇ ਅੰਗੜਾਈ ਲਈ। ਉਸ ਨੂੰ ਕੱਛਾਂ ਵਿਚੋਂ ਬਦਬੂ ਆਈ। ‘ਅੱਜ ਸ਼ਾਵਰ ਲੈ ਹੀ ਲਵਾਂ?’ ਉਸ ਦੇ ਚਿੱਤ ‘ਚ ਆਈ ਪਰ ਅਗਲੇ ਹੀ ਪਲ ਉਸ ਨੇ ਸੋਚਿਆ, ‘ਕਿੱਥੇ ਦਸ ਡਾਲਰ ਖ਼ਰਾਬ ਕਰੂੰ। ਕੱਲ੍ਹ ਵਾਂਗ ਹੀ ਡੰਗ ਸਾਰ ਲੈਨੇ ਆਂ।’ ਕੱਲ੍ਹ ਉਸ ਨੇ ਤੌਲੀਆ ਗਿੱਲਾ ਕਰ ਕੇ ਆਪਣੇ ਪਿੰਡੇ ‘ਤੇ ਫੇਰ ਲਿਆ ਸੀ। ਤਿੰਨ ਦਿਨ ਪਹਿਲਾਂ, ਟਰੱਕ ਵਿਚ ਡੀਜ਼ਲ ਭਰਵਾਉਣ ਮੌਕੇ ਮਿਲਿਆ ਕੂਪਨ ਵਰਤ ਕੇ ਉਹ ਨਹਾਤਾ ਸੀ। ਟਰੱਕ ਉਦੋਂ ਤੋਂ ਹੀ ਖੜ੍ਹਾ ਸੀ। ਉਸ ਤੋਂ ਮਗਰੋਂ ਡੀਜ਼ਲ ਨਹੀਂ ਸੀ ਭਰਵਾਇਆ ਤੇ ਉਹ ਨਹਾਤਾ ਵੀ ਨਹੀਂ ਸੀ। ਗੁਰਸੀਰ ਨੇ ਟੂਥਪੇਸਟ, ਬੁਰਸ਼ ਤੇ ਡੀਓਡਰੈਂਟ ਵਗੈਰਾ ਵਾਲੇ ਬੈਗ ਨੂੰ ਤੌਲੀਏ ਉੱਪਰ ਰੱਖਿਆ ਅਤੇ ਮੋਟੇ ਕੱਪੜੇ ਪਾਉਣ ਲੱਗ ਪਿਆ। ਫਿਰ ਉਸ ਨੇ ਆਪਣੇ ਖਾਣੇ ਵਾਲ਼ਾ ਬੈਗ ਫਰੋਲਿਆ। ਉਸ ਵਿਚ ਦੋ ਪਿੰਨੀਆਂ ਹਾਲੇ ਪਈਆਂ ਸਨ। ‘ਚੱਲ ਅੱਜ ਦੇ ਬ੍ਰੇਕਫਾਸਟ ਦਾ ਸਰ ਜਾਵੇਗਾ’, ਉਸ ਨੇ ਸੋਚਿਆ ਤੇ ਉਹ ਟਰੱਕ ਸਟਾਪ ਦੀ ਇਮਾਰਤ ਵੱਲ ਤੁਰ ਲਿਆ। ਗ਼ੁਸਲਖਾਨੇ ਵਿਚੋਂ ਆਪਣੀ ਨਿਤਾ-ਪ੍ਰਤੀ ਤੋਂ ਵਿਹਲਾ ਹੋ ਕੇ ਬਾਹਰ ਆਇਆ ਤਾਂ ਟਰੱਕ ਸਟਾਪ ਦੀ ਰਸੋਈ ਵਿਚੋਂ ਉੱਠਦੀ ਗਰਮ ਖਾਣੇ ਦੀ ਮਹਿਕ ਨੇ ਉਸ ਦੇ ਕਦਮ ਓਧਰ ਮੋੜ ਦਿੱਤੇ। ‘ਐਹੋ ਜਿਹਾ ਕੁਝ ਖਾ ਕੇ ਢਿੱਡ ਭਰ ਲਵਾਂ ਕਿ ਦੁਪਿਹਰੇ ਕੁਝ ਖਾਣਾ ਨਾ ਪਵੇ’, ਉਸ ਨੇ ਸੋਚਿਆ। ਫਿਰ ਉਸ ਨੂੰ ਆਪਣੇ ਸਾਥੀ ਡਰਾਈਵਰ ਦਾ ਕਿਹਾ ਯਾਦ ਆ ਗਿਆ। ਉਸ ਨੇ ਵਾਅਦਾ ਕੀਤਾ ਸੀ ਕਿ ਜਦੋਂ ਲੋਡ ਮਿਲ ਗਿਆ, ਉਹ ਇਕ ਅੱਧੇ ਡੰਗ ਦਾ ਖਾਣਾ ਆਪਣੀ ਭੂਆ ਦੇ ਘਰੋਂ ਲੈ ਆਵੇਗਾ। ਉਹ ਮਾਂਟਰੀਅਲ ਪਹੁੰਚਣ ਸਾਰ ਹੀ ਉਸ ਦੇ ਘਰ ਚਲਾ ਗਿਆ ਸੀ। ਗੁਰਸੀਰ ਨੇ ਕੌਫ਼ੀ ਦਾ ਕੱਪ ਖ਼ਰੀਦਿਆ ਅਤੇ ਆਪਣੇ ਟਰੱਕ ਵੱਲ ਮੁੜ ਪਿਆ। ਨਾਲ਼ ਵਾਲੇ ਟਰੱਕ ਦਾ ਡਰਾਈਵਰ ਬਾਹਰ ਖੜ੍ਹਾ ਸਿਗਰਟ ਫੂਕ ਰਿਹਾ ਸੀ। ਗੁਰਸੀਰ ਦੇ ਨੇੜੇ ਪਹੁੰਚਦਿਆਂ ਉਹ ਬੋਲਿਆ, “ਲੁਕਸ ਲਾਈਕ ਯੂ ਆਰ ਰੈਡੀ ਟੂ ਰੋਲ- ਲਗਦੈ ਕਿ ਤੂੰ ਤਿਆਰੀ ‘ਚ ਹੈਂ।”
“ਨੋ, ਸਟਿੱਲ ਵੇਟਿੰਗ- ਨਾ, ਹਾਲੇ ਉਡੀਕ ਕਰਦੈਂ।” ਗੁਰਸੀਰ ਨੇ ਹੌਲ਼ੀ ਆਵਾਜ਼ ’ਚ ਕਿਹਾ।
“ਕੋਈ ਨਾ ਫ਼ਿਕਰ ਨਾ ਕਰ, ਮਿਲ ਜਾਵੇਗਾ।”
“ਮਿਲ ਜਾਵੇ ਤਾਂ ਚੰਗੈ, ਅੱਜ ਤੀਜਾ ਦਿਨ ਐ। ਇਸ ਤਰ੍ਹਾਂ ਉਡੀਕ ਕਰਨੀ ਬਹੁਤ ਔਖੀ ਐ।”
“ਔਖੀ ਤਾਂ ਹੈ।”
“ਮੇਰੀ ਤਾਂ ਫਰਿੱਜ ਵੀ ਖਾਲੀ ਹੋ ਗਈ ਹੈ।”
“ਇਸ ਤਰ੍ਹਾਂ ਉਡੀਕ ਵੇਲੇ ਤੇਰੀ ਕੰਪਨੀ ਖਾਣੇ ਦਾ ਭੱਤਾ ਨਹੀਂ ਦਿੰਦੀ?”
“ਖਾਣੇ ਦਾ ਭੱਤਾ ਤਾਂ ਕੀ, ਉਹ ਤਾਂ ਉਡੀਕ ਕਰਨ ਦਾ ਵੀ ਕੁਝ ਨਹੀਂ ਦਿੰਦੀ।”
“ਤੂੰ ਮਜ਼ਾਕ ਕਰਦੈਂ?”
“ਨਹੀਂ ਸੱਚ-ਮੁੱਚ ਇਸ ਤਰ੍ਹਾਂ ਹੀ ਹੈ।”
“ਫਿਰ ਤੂੰ ਕਿਉਂ ਐਸੀ ਕੰਪਨੀ ਵਿਚ ਫਸਿਆ ਹੋਇਐਂ? ਟਰੱਕ ਡਰਾਈਵਰਾਂ ਦੀਆਂ ਤਾਂ ਬਹੁਤ ਨੌਕਰੀਆਂ।”
“ਮੈਂ ਇਕ ਕੰਪਨੀ ਨਾਲ਼ ਬੱਝਵੇਂ ਵਰਕ ਪਰਮਿਟ ‘ਤੇ ਹਾਂ। ਦੋ ਸਾਲ ਕੰਪਨੀ ਨਹੀਂ ਬਦਲ ਸਕਦਾ।”
“ਤੈਨੂੰ ਮੁੱਢਲੇ ਭੱਤੇ ਤਾਂ ਮਿਲਣੇ ਹੀ ਚਾਹੀਦੇ ਆ। ਇਹ ਕੈਨੇਡਾ ਹੈ। ਕੰਪਨੀ ਤੇਰੇ ਨਾਲ਼ ਇਸ ਤਰ੍ਹਾਂ ਨਹੀਂ ਕਰ ਸਕਦੀ। ਤੈਨੂੰ ਉਨ੍ਹਾਂ ਨਾਲ਼ ਗੱਲ ਕਰਨੀ ਚਾਹੀਦੀ ਹੈ।”
‘ਤੈਨੂੰ ਹੋਰ ਕੀ ਕੀ ਦੱਸਾਂ, ਜਿਹੜਾ ਕੁਝ ਤੇਰੇ ਇਸ ਕੈਨੇਡਾ ’ਚ ਕੰਪਨੀਆਂ ਕੱਚੇ ਬੰਦਿਆਂ ਨਾਲ਼ ਕਰਦੀਐਂ’, ਗੁਰਸੀਰ ਦੇ ਚਿੱਤ ‘ਚ ਆਈ ਪਰ ਉਸ ਨੇ ਕਿਹਾ ਨਹੀਂ। ਉਹ ਬੋਲਿਆ, “ਠੰਢ ਲਗਦੀ ਐ। ਮੈਂ ਅੰਦਰ ਬੈਠਦਾਂ।” ਇਹ ਆਖ ਕੇ ਗੁਰਸੀਰ ਟਰੱਕ ‘ਚ ਚੜ੍ਹ ਗਿਆ। ਪਿੰਨੀਆਂ ਖਾ ਕੇ ਉਸ ਨੇ ਆਪਣਾ ਫੋਨ ਚਲਾ ਲਿਆ। ਫੋਨ ਦਾ ਡਾਟਾ ਆਪਣੀ ਸੀਮਾ ਤੋਂ ਉੱਪਰ ਹੋ ਗਿਆ ਸੀ। ਉਹ ਉਡੀਕ ਵਾਲੀਆਂ ਦੋਹੇਂ ਰਾਤਾਂ ਯੂਟਿਊਬ ਦੇਖਦਾ ਰਿਹਾ ਸੀ। ਗੁਰਸੀਰ ਨੇ ਫੋਨ ਪਾਸੇ ਰੱਖ ਦਿੱਤਾ। ਡਰਾਈਵਰ ਦੀ ਕਹੀ ਗੱਲ ਕਿ ਮੁੱਢਲੇ ਭੱਤੇ ਤਾਂ ਮਿਲਣੇ ਹੀ ਚਾਹੀਦੇ ਆ, ਉਸ ਦੇ ਦਿਮਾਗ਼ ’ਚ ਮੁੜ ਮੁੜ ਚੱਕਰ ਕੱਟਣ ਲੱਗੀ। ਗੁਰਸੀਰ ਨੇ ਸੋਚਿਆ, ‘ਵਿਹਲਾ ਬੈਠਾਂ। ਕੋਈ ਕਮਾਈ ਨਹੀਂ। ਨਾ ਕੰਮ ‘ਤੇ ਹਾਂ, ਨਾ ਛੁੱਟੀ ਐ। ਵਿਚ ਵਿਚਾਲੇ ਲਟਕੀ ਜਾਨੈ। ਅੱਜ ਵੀ ਪਤਾ ਨੀ ਮਿਲੂ ਲੋਡ ਕਿ ਨਹੀਂ’, ਇਹ ਸੋਚਦਿਆਂ ਗੁਰਸੀਰ ਦਾ ਮਨ ਕਾਹਲਾ ਪੈਣ ਲੱਗਾ। ਕੁਝ ਦੇਰ ਬਾਅਦ ਉਸ ਨੇ ਸ਼ਮਿੰਦਰ ਨੂੰ ਫੋਨ ਮਿਲਾ ਲਿਆ। ਬੋਲਿਆ, “ਭਾਅ ਜੀ, ਕੱਢੋ ਲੋਡ ਕਿੱਧਰੋਂ। ਵਿਹਲੇ ਦਾ ਟੈਮ ਕਿਹੜਾ ਨਿਕਲ਼ਦੈ।”
“ਲੋਡ ਮੈਂ ਕਛਿਹਰੇ ‘ਚੋਂ ਕੱਢ ਕੇ ਦੇਣਾ ਇਆ? ਜਦੋਂ ਆ ਗਿਆ, ਦੇ ਦਊਂ। ਮੇਰਾ ਕਿਹੜਾ ਜੀਅ ਕਰਦੈ ਟਰੱਕ ਖੜ੍ਹਾ ਰੱਖਣ ਨੂੰ।” ਸ਼ਮਿੰਦਰ ਦੇ ਬੋਲ ਸੁਣ ਕੇ ਗੁਰਸੀਰ ਆਪਣੇ ਆਪ ਨੂੰ ਕੋਸਣ ਲੱਗਾ ਕਿ ਕਿਉਂ ਉਸ ਨੇ ਫੋਨ ਕਰ ਲਿਆ। ਉਸ ਦਾ ਮਨ ਹੋਰ ਉਚਾਟ ਹੋ ਗਿਆ। ਉਸ ਨੂੰ ਆਪਣੇ ਡਰਾਈਵਰ ਸਾਥੀ ‘ਤੇ ਖਿਝ ਚੜ੍ਹਨ ਲੱਗੀ ਜਿਹੜਾ ਆਰਾਮ ਨਾਲ਼ ਆਪਣੀ ਰਿਸ਼ਤੇਦਾਰੀ ‘ਚ ਜਾ ਟਿਕਿਆ ਸੀ। ‘ਹੋਰ ਨੀ ਤਾਂ ਫੋਨ ਕਰ ਕੇ ਰੋਟੀ ਪਾਣੀ ਦਾ ਹੀ ਪੁੱਛ ਲੈਂਦਾ’, ਗੁਰਸੀਰ ਦੇ ਚਿੱਤ ‘ਚ ਆਈ। ਆਪਣੇ ਮਨ ਨੂੰ ਹੋਰ ਪਾਸੇ ਪਾਉਣ ਲਈ ਗੁਰਸੀਰ ਨੇ ਸੋਚਿਆ ਕਿ ਉਹ ਬਾਹਰ ਨਿਕਲ਼ ਕੇ ਕੁਝ ਦੇਰ ਟਹਿਲ ਲਵੇ ਪਰ ਠੰਢ ਬਾਰੇ ਸੋਚ ਕੇ ਘੇਸਲ ਮਾਰ ਲਈ। ਕੁਝ ਦੇਰ ਬਾਅਦ ਸ਼ਮਿੰਦਰ ਦਾ ਫੋਨ ਆ ਗਿਆ। ਉਹ ਬੋਲਿਆ, “ਮੈਂ ਤੈਨੂੰ ਐਡਰੈੱਸ ਟੈਕਸਟ ਕਰਦਾ ਇਆਂ। ਉੱਥੋਂ ਟਰੇਲਰ ਲੋਡ ਕਰਵਾ ਲਿਆ। ਗਿਆਨੀ ਆਉਂਦਾ ਇਆ ਮਾਂਟਰੀਅਲ। ਜਦੋਂ ਤਕ ਉਸ ਨੇ ਪਹੁੰਚਣਾ ਇਆ, ਤੂੰ ਲੋਡ ਕਰਵਾ ਲਵੇਂਗਾ। ਉਸ ਨਾਲ਼ ਟਰੇਲਰ ਵਟਾ ਲਵੀਂ। ਤੂੰ ਤਾਂ ਵਿਹਲਾ ਈ ਬੈਠਾ ਇਆਂ। ਉਹਦਾ ਟਾਈਮ ਬਚ ਜਾਊ।”
ਗੁਰਸੀਰ ਕਹਿਣਾ ਚਾਹੁੰਦਾ ਸੀ, ‘ਤੇ ਮੇਰਾ ਲੋਡ?’ ਉਹ ਸੋਚ ਹੀ ਰਿਹਾ ਸੀ ਕਿ ਇਹ ਪੁੱਛੇ ਜਾਂ ਨਾ, ਸ਼ਮਿੰਦਰ ਨੇ ਆਪ ਹੀ ਦੱਸ ਦਿੱਤਾ। ਉਸ ਨੇ ਕਿਹਾ, “ਧਾਡਾ ਲੋਡ ਆਥਣ ਤਕ ਤਿਆਰ ਹੋਊ।”
“ਠੀਕ ਐ ਜੀ।” ਗੁਰਸੀਰ ਨੇ ਢਿੱਲੀ ਆਵਾਜ਼ ’ਚ ਕਿਹਾ ਤੇ ਟਰੱਕ ਦਾ ਇੰਜਣ ਚਾਲੂ ਕਰ ਲਿਆ। ਟਰੱਕ ਦੇ ਦੁਆਲੇ ਗੇੜਾ ਕੱਢਣ ਲਈ ਉਹ ਬਾਹਰ ਨਿਕਲਿਆ। ਨਾਲ਼ ਵਾਲੇ ਟਰੱਕ ਦਾ ਡਰਾਈਵਰ ਬੋਲਿਆ, “ਲਗਦਾ ਹੈ ਚੰਗੀ ਖ਼ਬਰ ਹੈ?”
“ਨਹੀਂ। ਮੈਂ ਇਕ ਵਗਾਰ ਕਰਨ ਚੱਲਿਆ ਹਾਂ।”
“ਕੀ ਮਤਲਬ? ਕੱਲ੍ਹ ਵਾਂਗ ਫਿਰ ਟਰੱਕ ਦੀ ਕੋਈ ਮੁਰੰਮਤ ਕਰਵਾਉਣ ਵਾਲੀ ਐ?” ਡਰਾਈਵਰ ਨੇ ਪੁੱਛਿਆ। ਗੁਰਸੀਰ ਨੇ ਰਾਤ ਉਸ ਨੂੰ ਦੱਸਿਆ ਸੀ ਕਿ ਕੰਪਨੀ ਮਾਲਕ ਨੇ ਉਸ ਨੂੰ ਵਿਹਲਾ ਹੋਣ ਕਰ ਕੇ ਟਰੱਕ ਦੀ ਸਰਵਿਸ ਕਰਵਾਉਣ ਲਈ ਕਿਹਾ ਸੀ, ਜਿੱਥੇ ਉਸ ਦੀ ਸਾਰੀ ਦਿਹਾੜੀ ਲੱਗ ਗਈ ਸੀ। ਇਹ ਸੁਣ ਕੇ ਡਰਾਈਵਰ ਬੋਲਿਆ ਸੀ, “ਇਹ ਤਾਂ ਵਧੀਆ ਹੈ। ਵਿਹਲੇ ਸਮੇਂ ਦਾ ਸਹੀ ਉਪਯੋਗ। ਨਾਲ਼ੇ ਕੰਪਨੀ ਦਾ ਕੰਮ ਹੋ ਗਿਆ, ਨਾਲ਼ੇ ਤੂੰ ਨਹੀਂ ਵਿਹਲਾ ਬੈਠਿਆ। ਤੈਨੂੰ ਇਸ ਕੰਮ ਦਾ ਚੋਖਾ ਮੁਆਵਜ਼ਾ ਮਿਲਿਆ ਹੋਵੇਗਾ?”
“ਨਾ। ਇਹ ਤਾਂ ਮੁਫ਼ਤ ਦੀ ਵਗਾਰ ਸੀ।”
“ਫੇਰ ਕੀ ਫਾਇਦਾ। ਕੰਪਨੀ ਦਾ ਕੰਮ ਹੈ, ਉਹ ਆਪ ਕਰਵਾਉਣ।” ਇਹ ਸੁਣ ਕੇ ਗੁਰਸੀਰ ਚੁੱਪ ਕਰ ਗਿਆ ਸੀ ਪਰ ਹੁਣ ਉਹ ਚੁੱਪ ਨਹੀਂ ਸੀ ਹੋਇਆ। ਉਸ ਨੇ ਦੱਸ ਦਿੱਤਾ ਸੀ ਕਿ ਉਹ ਕਿਸ ਕੰਮ ਚੱਲਿਆ ਸੀ। ਸੁਣ ਕੇ ਡਰਾਈਵਰ ਬੋਲਿਆ, “ਕਮਾਲ ਐ! ਸ਼ਿਪਿੰਗ ਕੰਪਨੀਆਂ ਤਾਂ ਟਰੱਕ ਕੰਪਨੀਆਂ ਨੂੰ ਟਰੱਕ ਲੱਦਣ ਤੇ ਖਾਲੀ ਕਰਨ ਦੇ ਸਮੇਂ ਦਾ ਖਰਚਾ ਦਿੰਦੀਆਂ ਹਨ। ਫੇਰ ਤੁਹਾਡੀ ਕੰਪਨੀ ਅੱਗੇ ਡਰਾਈਵਰਾਂ ਨੂੰ ਕਿਉਂ ਨਹੀਂ ਦਿੰਦੀ?”
“ਦਿੰਦੀ ਐ ਸਾਡੀ ਕੰਪਨੀ ਵੀ ਪਰ ਪੱਕੇ ਡਰਾਈਵਰਾਂ ਨੂੰ, ਸਾਨੂੰ ਨਹੀਂ।”
“ਓਹ ਬੰਦਿਆ, ਕਿੱਧਰ ਫਸਿਆ ਹੋਇਐਂ ਤੂੰ। ਬਹੁਤ ਛਿੱਲ ਲਾਹੁੰਦੀ ਐ ਤੇਰੀ ਕੰਪਨੀ ਤੇਰੀ।”
“ਆਵਦੀ ਕੰਪਨੀ ‘ਚ ਦੇਖ ਮੇਰੇ ਵਾਸਤੇ ਕੋਈ ਨੌਕਰੀ। ਕਰ ਕੋਈ ਮਦਦ।”
“ਸਾਡੀ ਕੰਪਨੀ ਐੱਲ ਐੱਮ ਆਈ ਏ ਦੇ ਚੱਕਰਾਂ ‘ਚ ਨੀਂ ਪੈਂਦੀ। ਉਸ ਨੂੰ ਬਥੇਰੇ ਕਨੇਡੀਅਨ ਡਰਾਈਵਰ ਹੀ ਮਿਲ ਜਾਂਦੇ ਹਨ।” ਇਹ ਸੁਣ ਕੇ ਗੁਰਸੀਰ ਨੇ ਟਰੱਕ ਦੁਆਲੇ ਗੇੜਾ ਦਿੱਤਾ ਅਤੇ ਟਰੱਕ ‘ਚ ਚੜ੍ਹ ਗਿਆ।
ਗਿਆਨੀ ਵਾਸਤੇ ਟਰਾਲਾ ਲੋਡ ਕਰਵਾਉਣ ਜਾਂਦੇ ਗੁਰਸੀਰ ਦੇ ਮਨ ਵਿਚ ਆਈ, ‘ਜੇ ਆਵਦੇ ਸ਼ਹਿਰ ‘ਚ ਉਡੀਕ ਕਰਨੀ ਪੈ ਜਾਵੇ, ਘੱਟੋ-ਘੱਟ ਘਰ ਤਾਂ ਹੁੰਨੈ। ਖਾਣਾ ਤਾਂ ਘਰੋਂ ਖਾਨਾਂ। ਹੁਣ ਨਾਲ਼ੇ ਘਰਵਾਲ਼ੀ ਤੋਂ ਦੂਰ ਨਾਲ਼ੇ ਕਮਾਈ ਕੋਈ ਨਹੀਂ। ਕਰਦੈਂ ਜਾ ਕੇ ਸ਼ਮਿੰਦਰ ਨਾਲ਼ ਗੱਲ। ਘੱਟੋ-ਘੱਟ ਖਾਣੇ ਤੇ ਸ਼ਾਵਰ ਜੋਗੇ ਹੀ ਦੇ ਦਿਆ ਕਰੇ।’
‘ਕਿਤੇ ਉਹ ਗੁੱਸੇ ਨਾ ਹੋ ਜਾਵੇ?’ ਗੁਰਸੀਰ ਅੰਦਰ ਡਰ ਉੱਠਿਆ।
‘ਵੱਧ ਤੋਂ ਵੱਧ ਇਨਕਾਰ ਹੀ ਕਰ ਦੇਊ। ਮੂੰਹ ‘ਚ ਤਾਂ ਨੀ ਪਾ ਲਊ।’ ਗੁਰਸੀਰ ਉਧੇੜ-ਬੁਣ ’ਚ ਪੈ ਗਿਆ।
— —
ਮਾਂਟਰੀਅਲ ਤੋਂ ਮੁੜਦੇ ਗੁਰਸੀਰ ਨੂੰ ਰੈਵਲਸਟੋਕ ਸ਼ਹਿਰ ਟੱਪ ਕੇ ਘਰ ਨੇੜੇ ਹੀ ਪ੍ਰਤੀਤ ਹੋਣ ਲੱਗ ਪਿਆ। ਉਸ ਨੇ ਸ਼ਮਿੰਦਰ ਨੂੰ ਫੋਨ ਕਰ ਕੇ ਕਿਹਾ, “ਭਾਅ ਜੀ, ਟਰੇਲਰ ਅਨਲੋਡ ਕਰਵਾਉਣ ਦੀ ਚਾਰ ਤੋਂ ਪੰਜ ਵਜੇ ਵਾਲੀ ਅਪੁਇੰਟਮੈਂਟ ਬੁੱਕ ਕਰਵਾ ਦਿਓ। ਮੈਂ ਤਿੰਨ ਵੱਜਦੇ ਨੂੰ ਪਹੁੰਚ ਜਾਣੈ ਸਰੀ। ਮੂਹਰੇ ਰਾਹ ਸਾਫ਼ ਐ।” ਗੁਰਸੀਰ ਨੇ ਸੋਚਿਆ ਸੀ ਕਿ ਉਹ ਟਰਾਲਾ ਖਾਲੀ ਕਰਵਾ ਕੇ ਟਰੱਕ ਨੂੰ ਯਾਰਡ ਵਿਚ ਖੜ੍ਹਾ ਕਰ ਕੇ ਅੱਠ ਕੁ ਵਜੇ ਤਕ ਘਰ ਪਹੁੰਚ ਜਾਵੇਗਾ ਤੇ ਨਹਾਉਂਦਿਆਂ ਕਰਦਿਆਂ ਸਵਾ ਕੁ ਗਿਆਰਾਂ ਤਕ ਛੁੱਟੀ ਵਾਲੇ ਮੂਡ ‘ਚ ਹੋ ਜਾਵੇਗਾ। ਉਦੋਂ ਤਕ ਅਮ੍ਰਿਤ ਕੰਮ ਤੋਂ ਮੁੜ ਆਵੇਗੀ। ਉਸ ਨੇ ਸਪੀਡ ਥੋੜ੍ਹੀ ਹੋਰ ਵਧਾ ਦਿੱਤੀ। ਉਸ ਨੂੰ ਲਗਦਾ ਸੀ ਜਿਵੇਂ ਅਮ੍ਰਿਤ ਨੂੰ ਮਿਲਿਆਂ ਮੁਦਤਾਂ ਬੀਤ ਗਈਆਂ ਹੋਣ। ਬਾਹਰ ਬਰਫ਼ ਨਾਲ਼ ਕੱਜੇ ਹੈਮਲੌਕ ਦੇ ਦਰਖ਼ਤ ਉਸ ਨੂੰ ਖ਼ੂਬਸੂਰਤ ਲੱਗਣ ਲੱਗੇ। ਦਰਖ਼ਤਾਂ ਦੀਆਂ ਵਿਰਲੀਆਂ ਟਾਵੀਆਂ ਕੁਝ ਟਾਹਣੀਆਂ ਤੋਂ ਬਰਫ਼ ਝੜ ਗਈ ਸੀ। ਉਨ੍ਹਾਂ ਥਾਵਾਂ ਤੋਂ ਦਰਖ਼ਤਾਂ ਦੀ ਹਰਿਆਵਲ ਝਲਕ ਰਹੀ ਸੀ। ਗੁਰਸੀਰ ਨੂੰ ਉਹ ਘੁੰਢ ‘ਚੋਂ ਝਾਕਦੀ ਸਜ ਵਿਆਹੀ ਮੁਟਿਆਰ ਵਰਗੇ ਲੱਗੇ। ਉਸ ਦੇ ਚੇਤਿਆਂ ਵਿਚ ਉਹ ਦਿਨ ਆ ਗਿਆ ਜਿਸ ਦਿਨ ਉਹ ਅਮ੍ਰਿਤ ਨੂੰ ਆਪਣੇ ਨਾਲ਼ ਸਕਾਮਿਸ਼ ਸ਼ਹਿਰ ਲੈ ਗਿਆ ਸੀ।
ਅਮ੍ਰਿਤ ਨੂੰ ਕੈਨੇਡਾ ਆਇਆਂ ਹਾਲੇ ਕੁਝ ਦਿਨ ਹੀ ਹੋਏ ਸਨ। ਗੁਰਸੀਰ ਨੂੰ ਸਕਾਮਿਸ਼ ਸ਼ਹਿਰ ਦਾ ਲੋਡ ਮਿਲ ਗਿਆ ਸੀ। ਉੱਥੇ ਜਾਣ ਲਈ ਡੇਢ ਕੁ ਘੰਟਾ ਲੱਗਣਾ ਸੀ। ਉਹ ਇਕੱਲਾ ਡਰਾਈਵਰ ਸੀ। ਉਹ ਅਮ੍ਰਿਤ ਨੂੰ ਆਪਣੇ ਨਾਲ਼ ਲੈ ਗਿਆ। ਟਰੱਕ ਦੇਸੀ ਟੂ ਸਕਾਈ ਹਾਈਵੇ ‘ਤੇ ਪਹੁੰਚਣ ਸਾਰ ਹੀ ਅਮ੍ਰਿਤ ਚਹਿਕਣ ਲੱਗੀ ਸੀ। ਇਕ ਪਾਸੇ ਦੂਰ ਤੱਕ ਫੈਲੇ ਸਮੁੰਦਰ ਦਾ ਨੀਲਾ ਪਾਣੀ ਤੇ ਦੂਜੇ ਪਾਸੇ ਚਟਾਨੀ ਪਰਬਤ। ਉਹ ਕਦੇ ਪਹਾੜਾਂ ਵੱਲ ਦੇਖਦੀ, ਕਦੇ ਪਾਣੀ ਵੱਲ। ਕਦੇ ਰਾਹ ਵਿਚ ਪੈਂਦੇ ਛੋਟੇ ਛੋਟੇ ਟਾਪੂਆਂ ਵੱਲ, ਕਦੇ ਦੂਰ ਜਾਂਦੀ ਫੈਰੀ ਵੱਲ ਦੇਖ ਕੇ ਆਖਦੀ, “ਸ਼ੀਰ, ਓਹ ਦੇਖੋ ਸਮੁੰਦਰੀ ਜਹਾਜ਼।” ਉਸ ਨੂੰ ਐਨੀ ਖੁਸ਼ ਦੇਖ ਕੇ ਗੁਰਸੀਰ ਦਾ ਮਨ ਵੀ ਖਿੜ ਗਿਆ। ਉਸ ਦਾ ਜੀਅ ਕੀਤਾ ਕਿ ਟਰੱਕ ਪਾਸੇ ‘ਤੇ ਰੋਕ ਦੇਵੇ। ਸਕਾਮਿਸ਼ ਸ਼ਹਿਰ ਦੇ ਨੇੜੇ ਪਹੁੰਚ ਕੇ ਵਾਈਟ ਬਾਰਕ ਪਾਈਨ ਦੇ ਦਰਖ਼ਤਾਂ ਵੱਲ ਦੇਖਦੀ ਅਮ੍ਰਿਤ ਬੋਲੀ, “ਸ਼ੀਰ, ਐਧਰ ਦੇਖੋ। ਪੱਥਰ ਦੇ ਪਹਾੜ ਐ। ਇਹ ਦਰਖ਼ਤ ਪੱਥਰਾਂ ‘ਚ ਕਿਵੇਂ ਜੜ੍ਹਾਂ ਲਾਉਂਦੇ ਹੋਣਗੇ?”
“ਦੇਖ ਲੈ। ਨਾਲ਼ੇ ਕਿੰਨੀ ਉਚਾਈ ‘ਤੇ ਖੜ੍ਹੇ ਐ। ਸਿਆਲਾਂ ‘ਚ ਵੀ ਹਰੇ ਭਰੇ ਰਹਿੰਦੇ ਆ। ਸ਼ਹਿਰ ਵਾਲੇ ਦਰਖ਼ਤਾਂ ਦੇ ਤਾਂ ਸਿਆਲਾਂ ‘ਚ ਸਾਰੇ ਪੱਤੇ ਝੜ ਜਾਂਦੇ ਆ। ਜਵਾਂ ਰੁੰਡ-ਮਰੁੰਡ ਹੋ ਜਾਂਦੇ ਆ।”
“ਆਪਣੇ ਵਾਂਗੂੰ।” ਆਖ ਕੇ ਅਮ੍ਰਿਤ ਖਿੜ-ਖਿੜਾ ਕੇ ਹੱਸ ਪਈ। ਗੁਰਸੀਰ ਨੂੰ ਲੱਗਾ ਜਿਵੇਂ ਅਮ੍ਰਿਤ ਨੇ ਜਹਾਜ਼ ਦੀ ਟਿਕਟ ਲਈ ਵੇਚੀਆਂ ਟੂੰਮਾਂ ਕਰ ਕੇ ਇਹ ਕਿਹਾ ਹੋਵੇ। ਉਹ ਬੋਲਿਆ, “ਬੱਸ ਦੇਖਦੀ ਜਾਹ! ਰੁੱਤ ਆਉਣ ਦੇ, ਫੇਰ ਵੇਖੀਂ!”
ਅਮ੍ਰਿਤ ਦਾ ਉਸ ਦਿਨ ਵਾਲ਼ਾ ਖਿੜਿਆ ਚਿਹਰਾ ਯਾਦ ਕਰ ਕੇ ਗੁਰਸੀਰ ਅੰਦਰ ਉਸ ਨੂੰ ਮਿਲਣ ਦੀ ਤਾਂਘ ਹੋਰ ਤੀਬਰ ਹੋ ਗਈ। ਉਸ ਨੇ ਟਰੱਕ ਹੋਰ ਤੇਜ਼ ਕਰ ਲਿਆ ਪਰ ਅੱਗੇ ਚੇਸ ਤੇ ਸੈਲਮਨਆਰਮ ਸ਼ਹਿਰਾਂ ਦੇ ਵਿਚਾਲੇ ਹਾਈਵੇ ਬੰਦ ਸੀ। ਬਰਫ਼ ਦੀ ਤਿਲਕਣ ਕਾਰਨ ਇਕ ਟਰੱਕ ਉਲਟ ਗਿਆ ਸੀ। ਉੱਥੇ ਅੜੇ ਖੜ੍ਹੇ ਗੁਰਸੀਰ ਦਾ ਚਿਹਰਾ ਮੁਰਝਾ ਗਿਆ। ਉਸ ਨੇ ਸ਼ਮਿੰਦਰ ਨੂੰ ਫੋਨ ਕਰਦਿਆਂ ਕਿਹਾ ਸੀ, “ਭਾਅ ਜੀ, ਹਾਈਵੇ ਬਾਰੇ ਥੋਨੂੰ ਪਤਾ ਲੱਗ ਈ ਗਿਆ ਹੋਣੈ। ਪਤਾ ਨੀਂ ਕਦੋਂ ਖੁੱਲ੍ਹੇ। ਟਰੇਲਰ ਅਨਲੋਡ ਕਰਨ ਦੀ ਕੱਲ੍ਹ ਦੀ ਅਪੁਇੰਟਮੈਂਟ ਕਰਦੋ ਪਰ ਢਾਈ ਵਜੇ ਤੋਂ ਬਾਅਦ ਦੀ ਕਰਿਓ। ਸਵੇਰੇ ਮੈਨੂੰ ਕੰਮ ਐ।” ਗੁਰਸੀਰ ਨੇ ਸੋਚਿਆ ਸੀ ਕਿ ਅਮ੍ਰਿਤ ਕੰਮ ‘ਤੇ ਜਾਣ ਲਈ ਘਰੋਂ ਢਾਈ ਵਜੇ ਨਿਕਲ਼ਦੀ ਸੀ। ਉਹ ਉਸ ਤੋਂ ਬਾਅਦ ਹੀ ਟਰਾਲਾ ਖਾਲੀ ਕਰਵਾਉਣ ਜਾਏਗਾ।
ਗੁਰਸੀਰ ਰਾਤ ਨੂੰ ਬਾਰਾਂ ਵਜੇ ਸਰੀ ਪਹੁੰਚਿਆ।
— — —
ਸਵੇਰੇ ਗੁਰਸੀਰ ਬਿਸਤਰੇ ਵਿਚ ਹੀ ਪਿਆ ਸੀ, ਜਦੋਂ ਉਸ ਦਾ ਫੋਨ ਖੜਕ ਪਿਆ। ਉਸ ਨੇ ਆਪਣੇ ਦੁਆਲੇ ਵਲੀ ਅਮ੍ਰਿਤ ਦੀ ਬਾਂਹ ਨੂੰ ਪੋਲਾ ਜਿਹਾ ਚੁੱਕ ਕੇ ਪਾਸੇ ਕੀਤਾ ਅਤੇ ਨਾਲ਼ ਵਾਲੇ ਮੇਜ਼ ‘ਤੇ ਪਏ ਫੋਨ ਨੂੰ ਚੁੱਕ ਲਿਆ। ਅੱਗੋਂ ਸ਼ਮਿੰਦਰ ਬੋਲਿਆ, “ਗੁਰਸੀਰ, ਦਸ ਵਜੇ ਦੀ ਮਿਲੀ ਇਆ ਅਪੁਇੰਟਮੈਂਟ।”
“ਭਾਅ ਜੀ, ਮੈਂ ਕਿਹਾ ਸੀ ਢਾਈ ਤੋਂ ਬਾਅਦ ਦੀ ਲਿਓ।”
“ਅਗਲਿਆਂ ਨੂੰ ਸਮਾਨ ਚਾਹੀਦਾ ਇਆ। ਮੇਰੇ ਨੀ ਵੱਸ ਇਹ। ਟਾਈਮ ਨਾਲ਼ ਪਹੁੰਚ ਜਾਵੀਂ।”
“ਠੀਕ ਐ ਜੀ।” ਗੁਰਸੀਰ ਨੇ ਢਿੱਲੀ ਆਵਾਜ਼ ’ਚ ਕਿਹਾ।
“ਕੀਹਦਾ ਸਵੇਰੇ ਸਵੇਰੇ ਆ ਗਿਆ। ਸੌਣ ਵੀ ਨਹੀਂ ਦਿੰਦੇ। ਮਸਾਂ ਤਾਂ ਪੰਦਰਾਂ ਦਿਨਾਂ ਬਾਅਦ ਘਰ ਆਏ ਸੀ।” ਅਮ੍ਰਿਤ ਅਲ਼ਸਾਈ ਆਵਾਜ਼ ’ਚ ਬੋਲੀ।
“ਚੱਲ ਉੱਠ, ਚਾਹ ਚੂਹ ਬਣਾ। ਮੈਂ ਟਰੇਲਰ ਅਨਲੋਡ ਕਰਵਾਉਣ ਜਾਣੈ।”
“ਤੁਸੀਂ ਤਾਂ ਕਹਿੰਦੇ ਸੀ ਕਿ ਆਥਣੇ ਜਾਓਂਗੇ।”
“ਕਹਿੰਦਾ ਤਾਂ ਸੀ ਪਰ—।” ਆਖਦਾ ਗੁਰਸੀਰ ਚੁੱਪ ਕਰ ਗਿਆ।
“ਆਪਣਾ ਅੱਜ ਦਾ ਪ੍ਰੋਗਰਾਮ ਕੈਂਸਲ ਫਿਰ? ਮੈਂ ਤਾਂ ਉਡੀਕਦੀ ਸੀ ਕਿ ਕਦੋਂ ਘਰੇ ਆਵੋਂਗੇ ਤੇ ਕਦੋਂ ‘ਕੱਠੇ ਮਾਲ ਜਾਵਾਂਗੇ।”
“ਅਗਲੀ ਵਾਰ ‘ਤੇ ਜਾ ਪਈ ਗੱਲ।” ਆਖ ਕੇ ਗੁਰਸੀਰ ਬਿਸਤਰੇ ‘ਚੋਂ ਨਿਕਲ਼ ਗਿਆ।
ਛੇਤੀ ਨਾਲ਼ ਗੁਰਸੀਰ ਤਿਆਰ ਹੋ ਕੇ ਬੋਲਿਆ, “ਮੈਂ ਕਾਰ ਲੈ ਚੱਲਿਐਂ। ਤੇਰੇ ਕੰਮ ‘ਤੇ ਜਾਣ ਤੋਂ ਪਹਿਲਾਂ ਪਹਿਲਾਂ ਮੁੜ ਆਊਂ।” ਉਸ ਨੇ ਟਰੱਕ ਯਾਰਡ ਵਿਚ ਕਾਰ ਖੜ੍ਹਾਈ ਤੇ ਉੱਥੋਂ ਟਰੱਕ ਲੈ ਕੇ ਰਿਚਮੰਡ ਵੱਲ ਚੱਲ ਪਿਆ। ਜਿਸ ਦਰਵਾਜ਼ੇ ਮੂਹਰੇ ਗੁਰਸੀਰ ਨੇ ਟਰਾਲਾ ਲਾਉਣਾ ਸੀ, ਉਸ ਅੱਗੇ ਪਹਿਲਾਂ ਹੀ ਇਕ ਹੋਰ ਟਰਾਲਾ ਲੱਗਿਆ ਹੋਇਆ ਸੀ। ਗੁਰਸੀਰ ਨੇ ਘੜੀ ਦੇਖੀ। ਉਹ ਪੂਰੇ ਦਸ ਵਜਾ ਰਹੀ ਸੀ। ਗੁਰਸੀਰ ਟਰੱਕ ਵਿਚੋਂ ਨਿਕਲਿਆ ਅਤੇ ਆਪਣੀ ਪਹੁੰਚ ਬਾਰੇ ਦੱਸਣ ਇਮਾਰਤ ਦੇ ਅੰਦਰ ਚਲਿਆ ਗਿਆ। ਅੱਗੋਂ ਰਿਸੀਵਰ ਬੋਲਿਆ, “ਤੇਰੀ ਅਪੁਇੰਟਮੈਂਟ ਬਾਰਾਂ ਵਜੇ ਦੀ ਆ।”
“ਮੈਨੂੰ ਤਾਂ ਦਸ ਵਜੇ ਦਾ ਦੱਸਿਆ ਗਿਆ ਹੈ।”
“ਪਹਿਲਾਂ ਦਸ ਵਜੇ ਦੀ ਹੀ ਸੀ ਪਰ ਅਸੀਂ ਦਸਾਂ ਮਿੰਟਾਂ ਬਾਅਦ ਹੀ ਫੋਨ ਕਰ ਕੇ ਬਦਲੇ ਟਾਈਮ ਬਾਰੇ ਦੱਸ ਦਿੱਤਾ ਸੀ।”
ਉੱਥੋਂ ਬਾਹਰ ਨਿਕਲ਼ਦੇ ਗੁਰਸੀਰ ਨੇ ਛੋਟਾ ਦਰਵਾਜ਼ਾ ਠਾਹ ਦੇਣੇ ਬੰਦ ਕੀਤਾ ਅਤੇ ਬਾਹਰ ਆ ਕੇ ਹਵਾ ‘ਚ ਹੀ ਆਪਣਾ ਢਿੱਡ ਹੌਲਾ ਕਰਨ ਲਈ ਕਿਹਾ, “ਭੈਣ ਦੇਣਿਓਂ, ਮੇਰੀ ਛੁੱਟੀ ਈ ਖ਼ਰਾਬ ਕਰਨੀ ਸੀ।” ਟਰੱਕ ‘ਚ ਬੈਠ ਕੇ ਉਸ ਨੇ ਸ਼ਮਿੰਦਰ ਨੂੰ ਫੋਨ ਕਰ ਲਿਆ ਅਤੇ ਕਿਹਾ, “ਭਾਅ ਜੀ, ਓਹ ਤਾਂ ਕਹਿੰਦੇ ਬਾਰਾਂ ਵਜੇ ਦੀ ਅਪੁਇੰਟਮੈਂਟ ਐ।”
“ਹਾਂ ਬਾਰਾਂ ਦੀ ਉ ਈ ਇਆ। ਤੈਨੂੰ ਦੱਸਣੋਂ ਉੱਕ ਗਿਆ। ਚੱਲ ਦੋ ਘੰਟੇ ਈ ਇਆ, ਵੇਟ ਕਰਲਾ।” ਸ਼ਮਿੰਦਰ ਬੋਲਿਆ।
“ਠੀਕ ਐ ਜੀ।” ਗੁਰਸੀਰ ਨੇ ਢਿੱਲੀ ਆਵਾਜ਼ ’ਚ ਕਿਹਾ ਤੇ ਫੋਨ ਬੰਦ ਕਰ ਕੇ ਬੋਲਿਆ, “ਜੇ ਕੋਈ ਜਵਾਈ ਪੱਕਾ ਡਰਾਈਵਰ ਹੁੰਦਾ, ਫੇਰ ਦੇਖਦਾ ਤੈਨੂੰ ਉੱਕਦੇ ਨੂੰ। ਸਾਕ ਦੇਣੇ ਨੇ ਸਾਰਾ ਪ੍ਰੋਗ੍ਰਾਮ ਹੀ ਚੌਪਟ ਕਰਤਾ।” ਫਿਰ ਗੁਰਸੀਰ ਨੂੰ ਯਾਦ ਆ ਗਿਆ ਕਿ ਉਹ ਕਾਰ ਲੈ ਆਇਆ ਸੀ ਤੇ ਅਮ੍ਰਿਤ ਦੇ ਕੰਮ ‘ਤੇ ਜਾਣ ਤੋਂ ਪਹਿਲਾਂ ਉਸ ਤੋਂ ਮੁੜ ਨਹੀਂ ਹੋਣਾ। ਇਹ ਦੱਸਣ ਲਈ ਉਸ ਨੇ ਅਮ੍ਰਿਤ ਨੂੰ ਫੋਨ ਮਿਲਾ ਲਿਆ। ਢਿੱਲੀ ਆਵਾਜ਼ ‘ਚ ਬੋਲਿਆ, “ਅਮ੍ਰਿਤ, ਬੱਸ ‘ਤੇ ਚਲੀ ਜਾਈਂ ਕੰਮ ‘ਤੇ।”
ਅੱਗੋਂ ਅਮ੍ਰਿਤ ਬੋਲੀ, “ਕੈਮਰਾ ਔਨ ਕਰੋ। ਥੋਡੀ ਕਿਤੇ ਸ਼ਕਲ ਹੀ ਨਾ ਭੁੱਲ ਜਾਵਾਂ।” ਵੀਡੀਓ ਕਾਲ ਕਰ ਕੇ ਗੁਰਸੀਰ ਬੋਲਿਆ, “ਕਈ ਵਾਰੀ ਚਿੱਤ ‘ਚ ਆਉਂਦੀ ਐ ਕਿ ਜਿੰਨੀ ਦੇਰ ਆਪਣੇ ਕੋਈ ਨਿਆਣਾ ਨੀ ਆਉਂਦਾ, ਤੈਨੂੰ ਵੀ ਟਰੱਕ ਦਾ ਲਸੰਸ ਦਿਵਾ ਕੇ ਨਾਲ਼ ਹੀ ਲੈ ਜਾਇਆ ਕਰਾਂ।”
“ਨਾਲ਼ੇ ਨਿਆਣਾ ਛੇਤੀ ਹੋਜੂ।” ਆਖ ਕੇ ਅਮ੍ਰਿਤ ਖਿੜਖੜਾ ਕੇ ਹੱਸ ਪਈ। ਫਿਰ ਸ਼ਰਮਾ ਕੇ ਬੋਲੀ, “ਕਿੱਡੀ ਬੇਸ਼ਰਮ ਹੋਗੀ ਮੈਂ।” ਗੁਰਸੀਰ ਦੇ ਅੰਦਰ ਤਰੰਗ ਉੱਠੀ। ਉਸ ਦਾ ਜੀਅ ਕੀਤਾ ਕਿ ਅਮ੍ਰਿਤ ਕੋਲ ਹੋਵੇ ਤਾਂ ਉਸ ਨੂੰ ਬਾਹਾਂ ਵਿਚ ਭਰ ਲਵੇ।
ਅਮ੍ਰਿਤ ਬੋਲੀ, “ਟਰੱਕ ਮੇਰੇ ਤੋਂ ਕਿੱਥੇ ਚੱਲਣੇ? ਕਾਰ ਤਾਂ ਮੈਂ ਡਰਦੀ ਮਾਰੀ ਦੂਰ ਨੀ ਚਲਾ ਕੇ ਲਿਜਾਂਦੀ।”
“ਬਹੁਤ ਜੋੜੇ ਏਦਾਂ ਟਰੱਕ ਚਲਾਉਂਦੇ ਆ। ਸਿਖਾ ਲੂੰ ਤੈਨੂੰ।”
“ਬਸ ਤੁਸੀਂ ਛੇਤੀ ਮੁੜ ਆਇਆ ਕਰੋ ਜਾਂ ਲੋਕਲ ਚਲਾਉਣ ਲੱਗ ਪਵੋ।”
ਅਮ੍ਰਿਤ ਨਾਲ਼ ਗੱਲਾਂ ਕਰਦਿਆਂ ਗੁਰਸੀਰ ਨੇ ਸੋਚਿਆ ਕਿ ਜੇ ਉਹ ਸਵੇਰੇ ਅਮ੍ਰਿਤ ਨੂੰ ਨਾਲ਼ ਹੀ ਲੈ ਆਉਂਦਾ, ਇਸ ਵੇਲੇ ਉਹ ਉਸ ਦੇ ਕੋਲ ਤਾਂ ਹੁੰਦੀ। ਅਮ੍ਰਿਤ ਨਾਲ਼ ਗੱਲਾਂ ਕਰਨ ਤੋਂ ਬਾਅਦ ਕੁਝ ਦੇਰ ਤਾਂ ਗੁਰਸੀਰ ਸਰੂਰ ਜਿਹੇ ਵਿਚ ਰਿਹਾ ਪਰ ਜਦੋਂ ਬਾਰਾਂ ਵਜੇ ਤਕ ਵੀ ਉਸ ਦਰਵਾਜ਼ੇ ‘ਚੋਂ ਪਹਿਲਾ ਟਰੱਕ ਨਾ ਹਿੱਲਿਆ ਤਾਂ ਗੁਰਸੀਰ ਦੇ ਅੰਦਰ ਮੁੜ ਕਾਹਲ ਪੈਣ ਲੱਗੀ। ਉਸ ਦੇ ਦਿਮਾਗ਼ ਵਿਚ ਸਾਥੀ ਡਰਾਈਵਰ ਆ ਗਿਆ। ਉਸ ਕੋਲ ਬੀ ਸੀ ਦਾ ਲਾਈਸੰਸ ਨਹੀਂ ਸੀ। ਉਹ ਬੀ ਸੀ ‘ਚ ਆ ਕੇ ਟਰਾਲਾ ਖਾਲੀ ਕਰਵਾਉਣ ਦੇ ਚੱਕਰ ਤੋਂ ਬਚ ਜਾਂਦਾ। ‘ਗ਼ਲਤੀ ਹੀ ਕਰ ਲਈ ਬੀ ਸੀ ਦਾ ਲਾਈਸੰਸ ਲੈ ਕੇ’, ਗੁਰਸੀਰ ਨੇ ਸੋਚਿਆ। ‘ਇਹ ਤਾਂ ਪੀ ਐੱਨ ਪੀ ਦੀ ਫ਼ਾਈਲ ਲਾਉਣ ਤੋਂ ਪਹਿਲਾਂ ਲੈਣਾ ਹੀ ਸੀ ਪਰ ਸ਼ਮਿੰਦਰ ਮੇਰੇ ਨਾਲ਼ ਹੀ ਕਿਉਂ ਏਦਾਂ ਕਰਦੈ? ਪੱਕੇ ਡਰਾਈਵਰਾਂ ਨੂੰ ਨੀ ਭੇਜਦਾ ਛੁੱਟੀ ਵਾਲੇ ਦਿਨ ਲੋਡ-ਅਨਲੋਡ ਕਰਵਾਉਣ। ਆਪ ਜਾਂਦੈ ਉਨ੍ਹਾਂ ਦੇ ਟਰੇਲਰ ਲੋਡ-ਅਨਲੋਡ ਕਰਵਾਉਣ। ਉਨ੍ਹਾਂ ਨੂੰ ਟਰੱਕ ਚਲਾਈ ਦੇ ਪ੍ਰਤੀ ਮੀਲ ਸੈਂਟ ਵੀ ਵੱਧ ਦਿੰਦੈ’, ਇਸ ਸੋਚ ਨਾਲ਼ ਉਸ ਦਾ ਅੰਦਰ ਰਿੱਝਣ ਲੱਗਾ। ਉਸ ਨੇ ਮਨ ਵਿਚ ਧਾਰ ਲਈ ਕਿ ਉਹ ਅੱਜ ਸ਼ਮਿੰਦਰ ਨਾਲ਼ ਗੱਲ ਕਰੇਗਾ।
ਸ਼ਮਿੰਦਰ ਆਪਣੇ ਦਫ਼ਤਰ ਵਿਚ ਹੀ ਸੀ, ਜਦੋਂ ਟਰਾਲਾ ਖਾਲੀ ਕਰਵਾ ਕੇ ਗੁਰਸੀਰ ਟਰੱਕ ਯਾਰਡ ਵਿਚ ਪਹੁੰਚਿਆ। ਉਹ ਸ਼ਮਿੰਦਰ ਦੇ ਦਫ਼ਤਰ ‘ਚ ਜਾ ਕੇ ਬੋਲਿਆ, “ਭਾਅ ਜੀ ਇਕ ਰੁਕੈਸਅਟ ਕਰਨੀ ਸੀ।”
“ਹਾਂ, ਬੋਲ।” ਸ਼ਮਿੰਦਰ ਨੇ ਉਸ ਵੱਲ ਦੇਖਦਿਆਂ ਕਿਹਾ।
“ਦੇਖਲੋ ਭਾਅ ਜੀ, ਮੈਂ ਕਦੇ ਥੋਨੂੰ ਇਨਕਾਰ ਨੀ ਕੀਤਾ, ਜਿਹੜਾ ਮਰਜ਼ੀ ਲੋਡ ਚੁਕਵਾ ਦਿਓਂ ਜਿਹੜੇ ਮਰਜ਼ੀ ਟੈਮ ‘ਤੇ ਪਰ ਮੈਨੂੰ ਆਹ ਘਰੋਂ ਬਾਹਰ ਵੇਟ ਕਰਨੀ ਬਹੁਤ ਔਖੀ ਲਗਦੀ ਐ।”
“ਇਹ ਤਾਂ ਜੌਬ ਦਾ ਹਿੱਸਾ ਇਆ। ਕਈ ਵਾਰੀ ਲੋਡ ਨਹੀਂ ਹੁੰਦਾ ਤਿਆਰ।”
ਗੁਰਸੀਰ ਦੇ ਮਨ ਵਿਚ ਆਈ, ‘ਪੱਕੇ ਡਰਾਈਵਰਾਂ ਵਾਰੀ ਕਿਵੇਂ ਹੁੰਦੈ’ ਪਰ ਉਸ ਨੇ ਇਹ ਨਹੀਂ ਕਿਹਾ ਸਗੋਂ ਬੋਲਿਆ, “ਭਾਅ ਜੀ, ਫੇਰ ਉਸ ਟਾਈਮ ਦਾ ਕੁਝ ਪੇਅ ਕਰ ਦਿਆ ਕਰੋ। ਜੇਬ ‘ਚੋਂ ਖਰਚਾ ਕਰਨਾ ਪੈਂਦਾ। ਹੋਰ ਸਾਰੀਆਂ ਕੰਪਨੀਆਂ ਪੇਅ ਕਰਦੀਐਂ।”
ਗੁਰਸੀਰ ਨੇ ਇਹ ਆਖ ਕੇ ਸ਼ਮਿੰਦਰ ਵੱਲ ਦੇਖਿਆ। ਉਹ ਆਪਣੀ ਕੁਰਸੀ ਨੂੰ ਖੱਬੇ-ਸੱਜੇ ਹਿਲਾਉਣ ਲੱਗਾ ਸੀ। ਸ਼ਮਿੰਦਰ ਬੋਲਿਆ, “ਜਦੋਂ ਜੌਬ ਲੈਣੀ ਸੀ, ਓਦੋਂ ਹੋਰ ਕੰਪਨੀਆਂ ‘ਚ ਨੀ ਗਿਆ? ਬਿਨਾਂ ਤਜਰਬੇ ਵਾਲਿਆਂ ਨੂੰ ਫੜਾਉਂਦੀਆਂ ਟਰੱਕ ਇਹ ਹੋਰ ਕੰਪਨੀਆਂ? ਐਡੇ ਐਡੇ ਮਹਿੰਗੇ ਟਰੱਕ ਥੋਡੇ ਹਵਾਲੇ ਕਰ ਦਿੰਨੇ ਇਆਂ ਅਸੀਂ। ਜਦੋਂ ਥੋੜ੍ਹਾ ਜਾ ਤਜਰਬਾ ਹੋਜੇ, ਥੋਨੂੰ ਹੋਰ ਕੰਪਨੀਆਂ ਦਿਸਣ ਲੱਗ ਜਾਂਦੀਆਂ ਇਆ। ਐਡੀ ਛੇਤੀ ਨੀ ਭੁੱਲ ਜਈਦਾ।” ਸ਼ਮਿੰਦਰ ਕੁਝ ਪਲ ਚੁੱਪ ਰਹਿ ਕੇ ਫਿਰ ਬੋਲਿਆ, “ਪਤੈ ਕਿੰਨਾ ਕੰਪੀਟੀਸ਼ਨ ਇਆ? ਰੇਟ ਘਟਾ ਕੇ ਮਸਾਂ ਕੰਟ੍ਰੈਕਟ ਲੈਨੇ ਇਆਂ। ਜੇ ਸਾਨੂੰ ਵੀ ਵੱਡੀਆਂ ਟਰੱਕਿੰਗ ਕੰਪਨੀਆਂ ਵਾਲੇ ਰੇਟ ਮਿਲਣ ਲੱਗ ਜਾਣ, ਅਸੀਂ ਕਿਹੜਾ ਥੋਨੂੰ ਨਾ ਦੇਈਏ ਹੋਰ ਬੈਨੀਫਿਟ। ਥੋਨੂੰ ਲਗਦਾ ਮੈਂ ਪਤਾ ਨੀ ਕਿੱਡਾ ਕੁ ਮਿਲੀਅਨੇਅਰ ਇਆਂ। ਇਹ ਕੰਪਨੀ ਇਕ ਦਿਨ ‘ਚ ਨੀ ਖੜ੍ਹੀ ਹੋਗੀ। ਬਥੇਰੇ ਸਾਲ ਚਲਾਇਆ ਇਆ ਟਰੱਕ ਮੈਂ ਵੀ।” ਗੁਰਸੀਰ ਦੇ ਚਿੱਤ ‘ਚ ਆਈ ਕਿ ਕਹੇ, ‘ਡਰਾਈਵਰਾਂ ਦਾ ਹੱਕ ਮਾਰ ਕੇ ਤੇ ਐੱਲ ਐੱਮ ਆਈ ਏਆਂ ਵੇਚ ਕੇ ਦੇਖਦੇ ਦੇਖਦੇ ਹੀ ਏਨ੍ਹਾਂ ਦੋ ਕੁ ਸਾਲਾਂ ਚ ਹੀ ਤਿੰਨਾਂ ਤੋਂ ਸੱਤਾਂ ਟਰੱਕਾਂ ਦਾ ਮਾਲਕ ਬਣ ਗਿਐਂ’, ਪਰ ਉਸ ਨੇ ਇਹ ਕਿਹਾ ਨਹੀਂ। ਉਹ ਚੁੱਪ ਕਰ ਕੇ ਸ਼ਮਿੰਦਰ ਦੇ ਦਫ਼ਤਰ ‘ਚੋਂ ਬਾਹਰ ਆ ਗਿਆ। (ਚੱਲਦਾ)