ਜੋ ਚਮਕਦਾ ਸਭ ਸੋਨਾ ਨਹੀਂ ਹੁੰਦਾ

ਚਰਨਜੀਤ ਸਿੰਘ ਪੰਨੂ
ਕੀ ਹਾਲ ਏ ਚੰਦਾ ਮਾਮਾ! ਮੇਰੇ ਪਰਮ ਮਿੱਤਰ! ਅੱਜ ਏਨਾ ਉਦਾਸ ਅਵਾਜ਼ਾਰ ਜਾਪਦਾ ਹੈਂ! ਤੇਰੇ ਚਿਹਰੇ `ਤੇ ਧੱਬੇ ਸਿਆਹੀਆਂ ਏਨੇ ਗੂੜ੍ਹੇ ਕਿਉਂ ਹੋ ਗਏ ਨੇ! ਅੱਜ ਦਾ ਬਲ਼ੂ ਮੂਨ ਦਿਨ ਅਸੀਂ ਬੜਾ ਸ਼ੁੱਭ ਤੇ ਸੁਖਾਵੇਂ ਮਹੂਰਤ ਵਾਲਾ ਸਮਝਦੇ ਕਈ ਕਈ ਸ਼ਗਨ ਸੁਕਾਰਥ ਕਰਦੇ ਹਾਂ ਪਰ ਤੂੰ ਊਂਧੀ ਪਾਈ ਬੱਦਲਾਂ ਦੀ ਚਾਦਰ ਓਹਲੇ ਘਟਾਵਾਂ ਦੀਆਂ ਜ਼ੁਲਫਾਂ ਥੱਲੇ ਆਪਣਾ ਮੂੰਹ ਮੱਥਾ ਲੁਕਾਈ ਬੈਠਾ ਹੈਂ। ਆਖ਼ਰ ਕੀ ਉਲਝਣ ਹੈ! ਅਜਿਹੀ। ਮੈਨੂੰ ਦੱਸ। ਕੀ ਮੈਂ ਤੇਰਾ ਦੁੱਖ ਵੰਡਾ ਸਕਦਾ ਹਾਂ।’

ਉਹ ਨੀਵੀਂ ਪਾਈ ਸ਼ਰਮਿੰਦਿਆਂ ਵਾਂਗ ਗੋਡਿਆਂ `ਚ ਸਿਰ ਦੇਈ ਬੈਠਾ ਮੇਰੀ ਗੱਲ ਅਣਸੁਣੀ ਕਰ ਕੇ ਹੰਝੂ ਕੇਰ ਰਿਹਾ ਸੀ।
‘ਸਾਡੇ ਕੋਲੋਂ ਕੀ ਗ਼ਲਤੀ ਹੋ ਗਈ? ਦੇਵਤਾ ਜੀ ਮੁਆਫ਼ ਕਰੋ। ਇਤਨੀ ਕਰੋਪੀ ਕੀ ਆ ਗਈ? ਜੇ ਤੂੰ ਹੀ ਏਨਾ ਸ਼ਰਮਸਾਰ ਹੋ ਕੇ ਦੁਨੀਆ ਤੋਂ ਅੱਡ ਹੋ ਬੈਠਾ ਤਾਂ ਸਾਡਾ ਕੀ ਹਾਲ? ਮਿਹਰ ਕਰੋ ਚਿਹਰੇ `ਤੇ ਖੇੜਾ ਲਿਆਓ ਤੇ ਦੁਨੀਆ `ਤੇ ਠੰਢ ਵਰਤਾਓ। ਮੇਰੇ ਆਕਾ।’
ਪਰ ਉਹ ਅੱਜ ਡੁੰਨ ਵੱਟਾ ਪੱਥਰ ਹੀ ਬਣ ਬੈਠਾ ਸੀ। ਉਸ `ਤੇ ਮੇਰੀ ਅਰਜੋਈ ਜਾਂ ਤੁੱਖਣਾ ਦਾ ਵੀ ਜ਼ਰਾ ਜਿੰਨਾ ਅਸਰ ਨਾ ਹੋਇਆ। ਉਸ ਦੀ ਨਿਮੋਝੂਣਤਾ ਵਿਚੋਂ ਉਸ ਦੀ ਹਾਰ ਦਾ ਸ਼ੱਕ ਸ਼ਾਖਸ਼ਾਤ ਦਿਖਾਈ ਦਿੰਦਾ ਸੀ। ਉਸ ਦੀ ਮਾਨਸਿਕ ਹਾਲਤ ਅਜਿਹੇ ਅਖੌਤੀ ਧਰਮਾਤਮਾ ਵਰਗੀ ਸੀ ਜਿਸ ਦੀ ਸ਼ਖ਼ਸੀਅਤ ਅਤੇ ਗਿਆਨ ਦੇ ਪ੍ਰਭਾਵ ਹੇਠ ਲੱਖਾਂ ਅਨੁਆਈ ਭਗਤ ਬਣ ਗਏ। ਉਹ ਲੋਕਾਂ ਵਾਸਤੇ ਰੂਹਾਨੀ ਪਰਮਾਰਥਿਕ ਸਵਰਗ ਪਹੁੰਚਾਊ ਰਹਿਬਰ ਬਣ ਗਿਆ। ਸ਼ਰਧਾਲੂ ਉਸ ਦੇ ਨਾਂ ਦੀ ਮਾਲਾ ਜਪਦੇ, ਪੂਜਾ ਨਮਸਕਾਰ ਕਰਦੇ ਵੇਲੇ ਕੁਵੇਲੇ ਉਸ ਦੀ ਓਟ ਆਸਰਾ ਤੱਕਣ ਲੱਗੇ। ਭਗਤਾਂ ਦੀ ਹੈਰਾਨੀ ਦਾ ਹੱਦ ਬੰਨ੍ਹਾ ਟੁੱਟ ਗਿਆ ਜਦ ਪੁਲਿਸ ਨੇ ਉਸ ਦਾ ਡੇਰਾ ਘੇਰ ਕੇ ਛਾਪਾ ਮਾਰਿਆ। ਕਰੋੜਾਂ ਰੁਪਏ ਦਾ ਸੋਨਾ ਚਾਂਦੀ, ਨਾਜਾਇਜ਼ ਬਲੈਕ ਦਾ ਮਾਲ, ਗੈਂਗਸਟਰਾਂ ਦੇ ਸੰਬੰਧਿਤ ਜੁਗਾੜ, ਸਮਾਜਿਕ ਕੁਰੀਤੀਆਂ ਦੀ ਜੜ ਚਿੱਟਾ, ਬਰਾਊਨ ਸ਼ੂਗਰ ਤੇ ਹੋਰ ਵੰਨ-ਸੁਵੰਨੀਆਂ ਨਸ਼ੀਲੀਆਂ ਦਵਾਈਆਂ ਫੜੀਆਂ ਗਈਆਂ। ਉਹ ਖ਼ਬਰ ਅੰਨ੍ਹੇ ਭਗਤਾਂ ਦੇ ਕੰਨ ਸੁਣਨ ਜਾਂ ਮੰਨਣ ਤੋਂ ਇਨਕਾਰੀ ਹੋਣ ਲੱਗੇ।
ਵੇਖਿਆ ਤੌਬਾ ਰੱਬ ਦੀ! ‘ਮੂੰਹ ਮੇਂ ਰਾਮ ਰਾਮ ਬਗ਼ਲ ਮੇਂ ਛੁਰੀ!’ ਸਮਾਜਿਕ ਕਸ਼ਮਕਸ਼ ਲਹਿਰ ਬਣ ਉੱਭਰੀ।
‘ਤੂੰ ਇਕ ਵੇਰਾਂ ਏਨਾ ਹੌਸਲਾ ਹਾਰ ਬੈਠਾ। ਅਜੇ ਤਾਂ ਬਹੁਤ ਕੁੱਝ ਹੋਰ ਕਰਨਾ ਬਾਕੀ ਹੈ ਤੇਰੇ ਨਾਲ। ਅਜੇ ਤਾਂ ਤੇਰੇ ਹੋਰ ਪਰਖੜੇ ਉਧੇੜਨੇ ਨੇ ਇਸ ਧਾੜਵੀ ਆਦਮ ਜਾਤ ਨੇ। ਮੈਂ ਤੈਨੂੰ ਨਾਰਾਜ਼ ਨਹੀਂ ਹੋਣ ਦਿਆਂਗਾ, ਤੈਨੂੰ ਅਵਾਜ਼ਾਰ ਨਹੀਂ ਹੋਣਾ ਚਾਹੀਦਾ, ਤੈਨੂੰ ਨਿਰਾਸ਼ ਵੀ ਨਹੀਂ ਹੋਣਾ ਚਾਹੀਦਾ। ਮੈਂ ਤੈਨੂੰ ਜ਼ਰੂਰ ਮਨਾਵਾਂਗਾ। ਤੂੰ ਮੇਰਾ ਮਾਮਾ ਹੈਂ। ਮੇਰੇ ਬੱਚਿਆਂ ਦਾ ਮਾਮਾ ਹੈ ਸਾਰੀ ਦੁਨੀਆ ਦਾ ਮਾਮਾ ਹੈ ਤੇ ਮੇਰਾ ਤੇਰਾ ਅਟੁੱਟ ਰਿਸ਼ਤਾ ਹੈ। ਕਦੇ ਨਹੀਂ ਟੁੱਟਣ ਦਿਆਂਗਾ। ਮੈਂ ਤੇਰਾ ਦਿਲ ਫੋਲਾਂਗਾ ਜ਼ਰੂਰ। ਹੋਰ ਵੀ ਕੋਈ ਉਲਝਣ ਹੈ ਤਾਂ ਦੱਸ ਨਿਸ਼ੰਗ। ਕੀ ਤੇਰੀ ਚਾਂਦਨੀ ਹੁਸਨ ਪਰੀ ਨੇ ਤੇਰੀ ਹਿੱਕ ਨਹੀਂ ਠਾਰੀ? ਵਪਾਰ ਵਿਚ ਹਾਰਿਆ ਵਪਾਰੀ! ਜਾਂ ਹਰਿਆ ਨੁਮਾਇੰਦਾ! ਕੁਰਸੀ ਦੀ ਭੁੱਖ ਨੇ ਤੇਰੀ ਭੁਗਤ ਸਵਾਰੀ? ਜਾਂ ਤੇਰੇ ਦੋਸਤ ਸਾਥੀ ਨੇ ਕੀਤੀ ਗ਼ੱਦਾਰੀ? ਤੇਰੇ `ਤੇ ਦੁੱਖਾਂ ਦੇ ਪਹਾੜ ਟੁੱਟੇ ਨੇ ਮੇਰੇ ਵਾਂਗ! ਜਾਂ ਤੇਰਾ ਕਿਸੇ ਪਿਆਰ ਖੋਹ ਲਿਆ? ਪਰਵਾਨੇ ਤਾਂ ਸ਼ਮ੍ਹਾ `ਤੇ ਜਲ ਮਰਦੇ ਨੇ ਪਰ ਤੂੰ ਡਰ ਕੇ ਕਮਲਿਆ ਦੁਨੀਆ ਤੋਂ ਹੀ ਪਰੇ ਹੋ ਗਿਆ।
ਅਸਫ਼ਲਤਾ ਕਿਸੇ ਕਿਸਮ ਦੀ ਖ਼ਾਸ ਕਰਕੇ ਪਿਆਰ ਦੀ ਹਾਰ, ਨਵੇਂ ਨਵੇਂ ਜਜ਼ਬਾਤਾਂ ਨੂੰ ਜਨਮ ਦਿੰਦੀ ਹੈ। ਜਜ਼ਬਾਤਾਂ ਦੀਆਂ ਡੂੰਘੀਆਂ ਖਾਣਾ ਵਿਚੋਂ ਕਵਿਤਾ ਉਮਡ ਪੈਂਦੀ ਹੈ। ਕਵਿਤਾ ਨਾਲ ਜੁੜਿਆ ਮਨ ਕਵੀ ਬਣ ਜਾਂਦਾ ਹੈ, ਫਿਰ ਲਿਖਾਰੀ ਗ਼ਜ਼ਲਗੋ ਤੇ ਆਖ਼ਿਰ ਸਾਹਿਤਕਾਰ। ਫਿਰ ਉਹੀ ਨਾਕਾਮਯਾਬੀਆਂ ਤੇ ਨਿਰਾਸ਼ਤਾਵਾਂ ਸਫਲਤਾਵਾਂ ਬਣ ਕੇ ਉਸ ਦੇ ਪੈਰ ਚੁੰਮਦੀਆਂ ਹਨ।
‘ਹਾਅ। ਹਾਅ। ਹਾਅ। ਹਾਂ, ਤੂੰ ਹੌਸਲਾ ਨਾ ਹਾਰ। ਤੇਰੀ ਨਿਰਾਸ਼ਾ ਤੈਨੂੰ ਜ਼ਰੂਰ ਕੋਈ ਸੁਖ਼ਨਮਈ ਫ਼ਲ ਦੇ ਜਾਏਗੀ। ਤੂੰ ਵੀ ਕਵੀ ਬਣ ਜਾਈਂ ਜਾਂ ਕਹਾਣੀਕਾਰ ਮੇਰੇ ਵਾਂਗ। ਹਾਅ। ਹਾਅ। ‘
ਮੇਰੇ ਹਾਸੇ ਨਾਲ ਉਸ ਦਾ ਵੀ ਹਾਸਾ ਫੁੱਟ ਆਇਆ। ਉਸ ਦਾ ਅੰਦਰਲਾ ਭਰਮ-ਭੁਲੇਖਾ ਮੇਰੇ ਸਾਹਮਣੇ ਉਜਾਗਰ ਹੋ ਉੱਠਿਆ।
‘ਤੇਰੀਆਂ ਖ਼ੋਜੀ ਨਜ਼ਰਾਂ ਨੇ ਮੇਰੀ ਸਾਰੀ ਹਾਲਤ ਦਾ ਸਰਵੇਖਣ ਕਰ ਲਿਆ ਕਹਾਣੀਕਾਰ! ਮੈਂ ਤੇਰੀਆਂ ਲੱਭਤਾਂ ਤੋਂ ਖ਼ੁਸ਼ ਹਾਂ, ਸੋਲ੍ਹਾਂ ਆਨੇ ਰਾਜ਼ੀ ਹਾਂ ਪਰ ਮੈਂ ਸ਼ਰਮਿੰਦਾ ਹਾਂ। ਕਿੱਥੇ ਮੂੰਹ ਲੁਕਾਵਾਂ? ਕਿੱਥੇ ਜਾਵਾਂ? ਮੈਂ ਉਹ ਨਹੀਂ ਜੋ ਮੇਰੇ ਸ਼ਰਧਾਲੂ ਸੱਜਣ ਪ੍ਰੇਮੀ ਸਮਝਦੇ ਰਹੇ ਹਨ। ਤੂੰ ਮੇਰੇ ਨਾਲ ਹਮਦਰਦੀ ਕੀਤੀ ਹੈ ਸ਼ੁਕਰੀਆ।
ਮੇਰੇ ਸਿਰ ਤਾਂ ਪਹਿਲੇ ਹੀ ਬਹੁਤ ਭਾਰਾ ਕਲੰਕ ਲੱਗ ਚੁੱਕਾ ਹੈ, ਜਿਸ ਦਾ ਮਾਰਿਆ ਮੈਂ ਕਿੰਨੇ ਯੁੱਗ ਦਰ-ਬਦਰ ਭਟਕਦਾ ਰਿਹਾ ਹਾਂ, ਤੇ ਪਤਾ ਨਹੀਂ ਇਹ ਤੁਹਮਤ ਮੈਨੂੰ ਕਿੰਨਾ ਚਿਰ ਹੋਰ ਤੜਫਾਏਗੀ ਕਲ਼ਪਾਏਗੀ। ਮੈਂ ਸ਼ਰਮਿੰਦਾ ਹਾਂ ਕਿਤੇ ਮੂੰਹ ਦਿਖਾਉਣ ਜੋਗਾ ਨਹੀਂ। ਮੈਂ ਉਸ ਬਦਮਾਸ਼ ਦੀਆਂ ਚਾਪਲੂਸ ਗੱਲਾਂ `ਚ ਆ ਗਿਆ, ਇੰਦਰ ਜੋ ਆਪਣੇ ਆਪ ਨੂੰ ਦੇਵਤਾ ਕਹਿੰਦਾ ਸੀ, ਤੌਬਾ! ਉਸ ਦੇ ਦੱਸੇ ਕੁਰਾਹੇ ਪੈ ਕੇ ਮੈਂ ਇੱਕ ਸ਼ਰੀਫ਼ ਖ਼ਾਨਦਾਨੀ ਮਹਾਂ ਪੁਰਖ ਨਾਲ ਏਨਾ ਵੱਡਾ ਬੱਜਰ ਪਾਪ, ਛੱਲ, ਧੋਖਾ ਕਰ ਗਿਆ। ਮੈਨੂੰ ਜ਼ਰਾ ਜਿੰਨਾ ਵੀ ਸ਼ੱਕ ਸੁਬ੍ਹਾ ਨਹੀਂ ਸੀ ਉਸ ਇੰਦਰ ਵਰਗੇ ਵੱਡੇ ਦੇਵਤੇ `ਤੇ। ਉਸ ਦੇ ਕਹਿਣ `ਤੇ ਮੈਂ ਅਹਿਲਿਆ ਨੂੰ ਛਲਨ ਲਈ ਅੱਧੀ ਰਾਤ ਕੁੱਕੜ ਬਣ ਬਾਂਗ ਦੇ ਬੈਠਾ। ਗੌਤਮ ਵਿਚਾਰਾ, ਗੌਤਮ ਰਿਸ਼ੀ ਆਪਣੇ ਨੇਮ ਦਾ ਪੱਕਾ ਕੁੱਕੜ ਬਾਂਗ ਸੁਣ ਉੱਠਿਆ, ਮੋਢੇ `ਤੇ ਪਰਨਾ ਸੁੱਟ ਨਦੀ ਨਹਾਉਣ ਤੁਰ ਗਿਆ। ਅੱਧੀ ਰਾਤ ਘੂਕ ਸੁੱਤੀ ਨਿਰਵਸਤਰ ਨਦੀ ਗੌਤਮ ਦੀਆਂ ਪੈੜਾਂ ਨਾਲ ਕੁਰਲਾ ਉੱਠੀ।
‘ਅਜੇ ਵੇਲਾ ਨਹੀਂ ਹੋਇਆ ਰਿਸ਼ੀ! ਤੇਰੇ ਨਾਲ ਛਲ ਹੋਇਆ ਹੈ। ਕਪਟ ਹੋਇਆ ਹੈ ਤੇਰੇ ਨਾਲ ਰਿਸ਼ੀ! ਤੇਰੇ ਘਰ ਸੰਨ੍ਹ ਲੱਗ ਰਹੀ ਹੈ ਤੇ ਤੂੰ ਹੋਰਾਂ ਦੀ ਨੀਂਦ ਹਰਾਮ ਕਰਨ ਲੱਗੋਂ। ਅਜੇ ਸਮਾਂ ਨਹੀਂ ਹੋਇਆ ਪ੍ਰਭਾਤ ਦਾ। ਜਾਹ ਆਪਣੀ ਅਹਿੱਲਿਆ ਦਾ ਸੁਰ ਪਤਾ ਲੈ। ਉਹ ਵੀ ਠੱਗੀ ਗਈ ਹੈ ਵਿਚਾਰੀ ਆਪਣੇ ਪਤੀ ਪਰਮੇਸ਼ਰ ਦੀ ਪਿਆਰੀ।’ ਰਿਸ਼ੀ ਦੇ ਕਪਾਟ ਖੁੱਲ੍ਹ ਗਏ, ਅਜੇ ਸੱਚ-ਮੁੱਚ ਪ੍ਰਭਾਤ ਦਾ ਵੇਲਾ ਨਹੀਂ ਸੀ। ਉਹ ਸਰਪਟ ਵਾਪਸ ਦੌੜਾ। ਇੰਦਰ ਉਸ ਦੀ ਗ਼ੈਰ-ਹਾਜ਼ਰੀ ਦਾ ਫ਼ਾਇਦਾ ਉਠਾ ਆਪਣਾ ਪਾਪ ਕਮਾ ਚੁੱਕਾ ਸੀ। ਇਸ ਪਾਪ ਲਈ ਮੈਂ ਜ਼ਿੰਮੇਵਾਰ ਸਾਂ। ਰਿਸ਼ੀ ਦੀਆਂ ਅੱਖਾਂ ਵਿਚ ਅੰਗਾਰ ਵੇਖ ਕੇ ਮੈਂ ਦੂਰ ਉੱਡਣਾ ਚਾਹਿਆ। ਉਸ ਨੇ ਸਰਾਪ ਵਜੋਂ ਮੇਰੇ ਵੱਲ ਪਰਨਾ ਵਗਾਹ ਮਾਰਿਆ। ਪਰਨੇ ਦੀ ਸੱਟ ਮੇਰਾ ਮੱਥਾ ਵਿੰਨ੍ਹ ਗਈ। ਪਰਨੇ ਦਾ ਲੱਗਾ ਦਾਗ਼ ਅਜੇ ਵੀ ਮੈਨੂੰ ਬਦਸੂਰਤ ਬਣਾਉਂਦਾ ਪਰਾਈ ਇਸਤਰੀ ਨਾਲ ਕੀਤਾ ਛਲ਼ ਕਪਟ, ਬੱਜਰ ਪਾਪ ਯਾਦ ਕਰਾਉਂਦਾ ਹੈ। ਮੈਂ ਕਈ ਜਨਮ ਲੈ ਕੇ ਵੀ ਇਹ ਕਲੰਕ ਨਹੀਂ ਧੋ ਸਕਦਾ। ਅਹਿੱਲਿਆ ਨੂੰ ਮਿਲਿਆ ਪੱਥਰ ਹੋਣ ਦਾ ਸਰਾਪ ਤਾਂ ਉਸ ਨੂੰ ਬੇਕਸੂਰ ਸਮਝ ਕੇ ਸਮੇਂ ਦੇ ਪੈੜਾਂ ਨੇ ਧੋ ਦਿੱਤਾ। ਉਹ ਪੱਥਰ ਤਾਂ ਫਿਰ ਜਾਨਦਾਰ ਜੀਵਤ ਹੋ ਗਿਆ। ਪਰ ਮੇਰੀ ਇਹ ਕਾਲਖ ਧੁੱਪ ਨਹੀਂ ਸਕਦੀ। ਲੱਥ ਨਹੀਂ ਸਕਦੀ।
‘ਮੈਂ ਤਾਂ ਇਕ ਖਿੱਦੋ ਸਾਂ ਖ਼ੂਬਸੂਰਤ। ਬਹੁਤ ਖ਼ੂਬ। ਸਿਲਮੇ ਸਿਤਾਰਿਆਂ ਨਾਲ ਜੜਿਆ। ਜਿਸ ਨੂੰ ਨਿਆਣਿਆਂ ਨੇ ਉਧੇੜ ਕੇ ਉਸ ਦੀਆਂ ਟਾਕੀਆਂ ਖਿੰਡਾ ਦਿੱਤੀਆਂ। ਮੇਰੇ ਪੁਜਾਰੀਆਂ ਨੇ ਜਦ ਮੇਰੀਆਂ ਅੰਦਰਲੀਆਂ ਲੀਰਾਂ ਵੇਖੀਆਂ ਹੋਣਗੀਆਂ ਤਾਂ ਮੇਰੇ ਲਈ ਕੀ ਸੋਚਦੇ ਹੋਣਗੇ? ਮੈਂ ਪਾਪੀ ਹਾਂ। ਲੋਕਾਂ ਨੂੰ ਗੁਮਰਾਹ ਕਰਦਾ ਰਿਹਾ ਸਾਂ। ਮੈਨੂੰ ਹੁਣ ਆਪਣੀ ਹੋਂਦ ਦਾ ਜ਼ਰਾ ਜਿੰਨਾ ਵੀ ਅਧਿਕਾਰ ਨਹੀਂ। ਮੈਂ ਆਤਮ-ਸਮਰਪਣ ਕਰਨਾ ਚਾਹੁੰਦਾ ਹਾਂ।’ ਉਹ ਅਜਿਹਾ ਸ਼ੁਰੂ ਹੋਇਆ। ਹੁਣ ਚੁੱਪ ਕਰਨ ਵਿਚ ਹੀ ਨਹੀਂ ਸੀ ਆਉਂਦਾ।
‘ਵੱਡੇ ਵੱਡੇ ਨਜੂਮੀ ਜੋਤਸ਼ੀ ਪੀਰ ਫ਼ਕੀਰ ਜਿਹੜੇ ਇਨ੍ਹਾਂ ਗੱਲਾਂ ਤੋਂ ਅਣਜਾਣ ਸਨ। ਕੀ ਕਹਿਣਗੇ? ਜਦ ਕਦੇ ਕੁੱਝ ਦਿਨ ਮੈਂ ਮਾਸਕ ਸਿਲਾ ਕੱਟਣ ਲਈ ਦੂਰ ਹੋ ਜਾਂਦਾ ਤਾਂ ਇਹ ਲੋਕ ਕਈ ਦਿਨ ਕਲਵਲ ਹੋ ਕੇ ਮੇਰਾ ਇੰਤਜ਼ਾਰ ਕਰਦੇ। ਮੇਰੇ ਵਾਪਸ ਆਉਣ ਵਾਲੇ ਦਿਨ ਫੁੱਲਾਂ ਦੀ ਵਰਖਾ ਕਰਦੇ, ਕੱਚੀ ਲੱਸੀ ਦੇ ਛਿੱਟੇ ਮਾਰ ਮੇਰਾ ਮੁਖੜਾ ਧੋਂਦੇ। ਵੈਦ ਹਕੀਮ ਮੇਰੀ ਪਹਿਲੀ ਕਿਰਨ ਛੂਹ ਨਾਲ ਅਸਾਧ ਰੋਗੀਆਂ ਲਈ ਦਵਾਈਆਂ ਬਣਾਉਂਦੇ। ਪਹਿਲਵਾਨ ਚਾਂਦੀ ਦੇ ਰੁਪਏ ਮੱਥਾ ਟੇਕਦੇ ਟਣਕਾਉਂਦੇ ਮੇਰੇ ਵੱਲ ਹਵਾ ਵਿਚ ਉਛਾਲਦੇ ਮੱਥੇ ਨਾਲ ਛੁਹਾ ਕੇ ਖੀਸੇ ਪਾਉਂਦੇ। ਇਸ ਨਾਲ ਉਨ੍ਹਾਂ ਦੇ ਭਵਿੱਖਤ ਜਿੱਤ ਦੀ ਤਸੱਲੀ ਹੋ ਜਾਂਦੀ। ਗਰਭਵਤੀ ਔਰਤਾਂ ਮੇਰੇ ਮੱਥੇ ਲੱਗਣਾ ਸ਼ੁੱਭ ਸਮਝਦੀਆਂ ਮੈਥੋਂ ਅਸ਼ੀਰਵਾਦ ਮੰਗਦੀਆਂ ਕਿ ਉਨ੍ਹਾਂ ਦੇ ਵੀ ਮੇਰੇ ਜਿਹਾ ਸੁੰਦਰ ਚੰਦ ਵਰਗਾ ਬੱਚਾ ਹੋਵੇ। ਮੇਰੇ ਹਸਮੁਖ ਸ਼ਾਂਤ ਸੁਭਾਅ ਨਾਲ ਸਭ ਨੂੰ ਸ਼ਾਂਤੀ ਮਿਲਦੀ, ਮੈਂ ਕਿਸੇ ਨੂੰ ਖ਼ਾਲੀ ਨਾ ਮੋੜਿਆ, ਹਰੇਕ ਨੂੰ ਮੇਰੇ `ਤੇ ਅੰਨ੍ਹੀ ਸ਼ਰਧਾ ਸੀ। ਪੂਰਨਮਾਸ਼ੀ ਵਾਲੇ ਦਿਨ ਤਾਂ ਮੇਰੀਆਂ ਪੌਂ ਬਾਰਾਂ ਹੋ ਜਾਂਦੀਆਂ ਤੇ ਮੇਰੇ ਨਾਮ `ਤੇ ਮੇਰੇ ਲੱਖਾਂ ਸੇਵਕ ਚੇਲੇ ਲੋਕਾਂ ਨੂੰ ਦੋਹੀਂ ਹੱਥੀਂ ਲੁੱਟਦੇ। ਦੁਨਿਆਵੀ ਤੂਫ਼ਾਨ ਤੋਂ ਉਪਰੰਤ ਸਮੁੰਦਰੀ ਲਹਿਰਾਂ ਠਾਠਾਂ ਮਾਰਦਾ ਤੂਫ਼ਾਨ ਬਣ ਕੇ ਉਛਾਲ਼ਾਂ ਮਾਰਦਾ ਮੇਰੀ ਚਰਨ ਛੂਹ ਲਈ ਤਰਸਦਾ। ਪ੍ਰੇਮੀ ਆਪਣੀਆਂ ਪ੍ਰੇਮਿਕਾਵਾਂ ਦੀ ਤੁਲਨਾ ਮੇਰੀ ਸੁੰਦਰਤਾ ਨਾਲ ਕਰਦੇ। ਕਵੀਆਂ ਦੀ ਲਿਖਤ ਦੀ ਜਾਨ ਸਾਂ ਮੈਂ, ਸਾਰੀ ਦੁਨੀਆ ਦਾ ਮਾਣ ਸਾਂ ਮੈਂ।
ਹੁਣ ਅਮਰੀਕਾ, ਰੂਸ, ਚੀਨ ਤੇ ਭਾਰਤ ਦੀਆਂ ਪੁਲਾੜ ਗੱਡੀਆਂ ਨੇ ਮੇਰੇ ਸਰੀਰ `ਤੇ ਲੀਹਾਂ ਘਾਸੀਆਂ ਪਾ ਕੇ ਮੈਨੂੰ ਅਵੇਸਲੇ ਸੁੱਤੇ ਨੂੰ ਜਗਾਇਆ ਤੇ ਨਵੇਂ ਰੂਪ ਵਿਚ ਉਜਾਗਰ ਕੀਤਾ ਹੈ। ਮੈਂ ਆਦਮ ਜਾਤ ਦੇ ਪੈਰਾਂ ਹੇਠ ਮਿੱਧਿਆ ਮਧੋਲਿਆ ਲਿਤਾੜਿਆ ਭ੍ਰਿਸ਼ਟ ਹੋ ਚੁੱਕਾ ਹਾਂ ਕਹਾਣੀਕਾਰ! ਜਣੀ-ਖਣੀ ਮੇਰੇ ਵੱਲ ਤੰਗੜ-ਤੱਪੜ ਚੁੱਕ ਕੇ ਨਿਕਲ ਪੈਂਦਾ ਹੈ। ਮੈਂ ਹੋਰ ਜ਼ਿਆਦਾ ਦੇਰ ਆਪਣੇ ਉਪਾਸ਼ਕਾਂ ਦੇ ਅੱਖੀਂ ਘੱਟਾ ਨਹੀਂ ਪਾ ਸਕਦਾ।’
‘ਹੌਸਲਾ ਨਹੀਂ ਹਾਰੀਦਾ ਮੇਰੇ ਦੋਸਤ!। ਤੂੰ ਆਪਣਾ ਅਸਲੀ ਆਪਾ ਦੁਨੀਆ ਸਾਹਮਣੇ ਖੋਲ੍ਹ ਕੇ ਰੱਖ ਦੇਹ। ਲੋਕ ਫਿਰ ਵੀ ਤੈਨੂੰ ਪੂਜਣਗੇ। ਤੇਰੀ ਅਗੰਮੀ ਅਹਿਮੀਅਤ ਵਿਚ ਕੋਈ ਘਾਟਾ ਨਹੀਂ ਪਵੇਗਾ। ਵੇਖ ਤੇਰੇ ਦੂਜੇ ਦੋ ਭਾਈਆਂ ਵਿਚੋਂ ਇਕ ਸੂਰਜ ਤਾਂ ਕਿੰਨੇ ਯੁੱਗਾਂ ਦਾ ਸੜਦਾ-ਬਲਦਾ ਭਟਕਦਾ ਫਿਰ ਰਿਹਾ ਹੈ ਤੇ ਤੇਰਾ ਦੂਸਰਾ ਭਾਈ ਵੀ ਜਿਸ ਨੂੰ ਲੋਕ ਕੰਡਿਆਲਾ ਕਹਿੰਦੇ ਨੇ ਮਾਤਾ ਨਾਲ ਕੀਤੀ ਹੁਕਮ-ਅਦੂਲੀ ਅਵੱਗਿਆ ਕਾਰਨ ਆਪਣੀ ਮਾੜੀ ਕਰਨੀ ਦਾ ਫਲ ਭੋਗ ਰਿਹਾ ਮਲ਼ੇ ਝਾੜੀਆਂ ਵਿਚ ਵਿਅਰਥ ਸਿਰ ਤੁੰਨਦਾ ਫਿਰਦਾ ਹੈ। ਤੂੰ ਆਪਣੀ ਮਾਤਾ ਦਾ ਹੁਕਮ ਮੰਨਿਆ, ਉਸ ਦੀ ਸੇਵਾ ਕੀਤੀ ਤੇ ਤੈਨੂੰ ਉਸੇ ਦੇ ਵਰ ਨਾਲ ਇਹ ਸ਼ਾਂਤ ਸੁਭਾਅ ਨਸੀਬ ਹੋਇਆ। ਇਹ ਤੈਥੋਂ ਕੋਈ ਨਹੀਂ ਖੋਹ ਸਕਦਾ। ਤੂੰ ਬਾਹਰੋਂ ਸ਼ਾਂਤ ਠੰਢਾ ਹੈਂ ਤੇ ਅੰਦਰੋਂ ਮਨਫ਼ੀ 280 ਡਿਗਰੀ ਤੱਕ ਯਖ਼ ਬਰਫ਼ ਵਾਂਗ ਠਰਿਆ। ਇਹ ਵੀ ਮੰਨਿਆ ਜਾਂਦਾ ਹੈ ਕਿ ਸਤਜੁਗ ਦੇ ਜ਼ਮਾਨੇ ਵਿਚ ਤੇਰੇ ਸਮੇਤ ਸਾਰਾ ਅਸਮਾਨ ਪੁਲਾੜ ਸਾਡੇ ਯਾਨੀ ਕਿ ਧਰਤੀ ਦੇ ਬਹੁਤ ਨੇੜੇ ਸੀ, ਤਾਂ ਕਿਸੇ ਔਰਤ ਨੇ ਤਾਰਾ ਤੋੜ ਕੇ ਆਪਣੇ ਬੱਚੇ ਦਾ ਪਿੱਛਾ ਪੂੰਝਣ ਦੀ ਕੋਸ਼ਿਸ਼ ਕੀਤੀ। ਕਿਸੇ ਬੱਚੇ ਨੇ ਚੰਦ ਦੀ ਮੰਗ ਕਰ ਦਿੱਤੀ। ਇਸ ਮਮਤਾ ਨੇ ਬੱਚੇ ਦੀ ਅੜੀ `ਤੇ ਤੈਨੂੰ ਖਿਡੌਣਾ ਜਾਣ ਕੇ ਬੱਚੇ ਨੂੰ ਵਰਚਾਉਣ ਵਾਸਤੇ ਉੱਪਰ ਝਪਟਣ ਦੀ ਕੋਸ਼ਿਸ਼ ਚਾਹਤ ਕੀਤੀ ਤਾਂ ਸਾਰਾ ਆਕਾਸ਼ ਮਨੁੱਖ ਜਾਤੀ ਤੋਂ ਦੂਰ ਚਲੇ ਗਿਆ। ਨਹੀਂ ਤਾਂ ਹੁਣ ਤੱਕ ਸਾਰੇ ਤਾਰੇ ਤੇ ਚੰਦ ਲੱਭਿਆਂ ਵੀ ਸਨ ਮਿਲਣੇ।’
ਨਹੀਂ ਕਹਾਣੀਕਾਰ! ਨਹੀਂ! ਇਹ ਸਭ ਭਰਮ ਹੈ, ਗ਼ਲਤ ਹੈ। ਇਹ ਕੁੱਝ ਦੁਨਿਆਵੀ ਧਰਮਾਂ ਦੇ ਸਮਾਜਿਕ ਠੇਕੇਦਾਰਾਂ ਦੇ ਬਣਾਏ ਹੋਏ ਖੋਖਲੇ ਵਹਿਮ ਹਨ। ਮੇਰਾ ਕੋਈ ਅਜੇਹਾ ਭਾਈ ਨਹੀਂ, ਨਾ ਕੋਈ ਮਾਂ ਨਾ ਬਾਪ। ਮੈਂ ਤਾਂ ਕੁਦਰਤ ਦੇ ਅਟੱਲ ਨੇਮ ਦੀ ਇਕ ਉਪਜ ਹਾਂ। ਕਈ ਲੋਟੂ ਸੰਸਥਾਵਾਂ ਨੇ ਧਰਮ ਦੀ ਆੜ ਵਿਚ ਮੈਨੂੰ ਆਪਣੇ ਅਕੀਦੇ ਅਨੁਸਾਰ ਵੱਖਰਾ ਰੂਪ ਦੇ ਕੇ, ਵੱਖਰਾ ਦਰਸਾ ਕੇ, ਮੇਰਾ ਨਾਮ ਵਰਤ ਕੇ ਬੱਦੂ ਕੀਤਾ ਤੇ ਪਾਪ ਦੇ ਭਾਗੀ ਬਣਾਇਆ। ਹੁਣ ਮੈਨੂੰ ਨਿਰਾਸ਼ਾ ਤੇ ਚਿੰਤਾ ਸਿਰਫ਼ ਇਸ ਗੱਲ ਦੀ ਹੈ ਕਿ ਮੇਰੇ ਪਰਮ ਪ੍ਰੇਮੀ ਜੋ ਮੇਰੇ ਖ਼ਿਲਾਫ਼ ਇਕ ਸ਼ਬਦ ਸੁਣ ਕੇ ਵੀ ਮਰਨ ਮਾਰਨ ਲਈ ਤਿਆਰ ਹੋ ਜਾਂਦੇ ਹਨ ਉਨ੍ਹਾਂ ਦਾ ਕੀ ਹਾਲ ਹੋਵੇਗਾ। ਉਹ ਕਿੱਥੇ ਮੂੰਹ ਲੁਕਾਉਣਗੇ? ਪਰ ਨਾਲ ਮੈਨੂੰ ਆਤਮਿਕ ਤੇ ਮਾਨਸਿਕ ਤਸੱਲੀ ਵੀ ਹੈ ਕਿ ਮੈਂ ਹੁਣ ਅਸਲੀ ਰੂਪ ਵਿਚ ਦੁਨੀਆ ਦੇ ਸਾਹਮਣੇ ਵਿਚਰ ਸਕਾਂਗਾ।
ਜਦ ਅਮਰੀਕਾ ਦੇ ਪੁਲਾੜ ਵਿਗਿਆਨੀਆਂ ਨੇ ਪਹਿਲੀ ਵਾਰ ਮੇਰੀ ਹਿੱਕ `ਤੇ ਪੈਰ ਰੱਖਿਆ ਤਾਂ ਮੈਂ ਉਨ੍ਹਾਂ ਦਾ ਬੜੀ ਗਰਮਜੋਸ਼ੀ ਨਾਲ ਜੀ ਆਇਆਂ ਕਹਿ ਕੇ ਸਵਾਗਤ ਕੀਤਾ। ਪਰ ਜਦ ਉਨ੍ਹਾਂ ਨੇ ਆਪਹੁਦਰੇ ਹੋ ਕੇ ਮੇਰੀਆਂ ਆਂਦਰਾਂ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਉਸ ਨੂੰ ਵਾਪਸ ਮੁੜਨ ਜੋਗਾ ਨਹੀਂ ਛੱਡਿਆ। ਆਰਮ ਸਟਰੌਂਗ ਨਾਂ ਦਾ ਵਿਗਿਆਨੀ ਹਮੇਸ਼ਾ ਲਈ ਮੇਰਾ ਹੋ ਗਿਆ। ਮੈਂ ਸਾਂਭ ਰੱਖਿਆ ਹੈ ਉਸ ਨੂੰ ਆਪਣੇ ਕੋਲ।
ਹੁਣ ਵੀ ਮੇਰਾ ਦੁਆਰ ਖੁੱਲ੍ਹਾ ਹੈ ਮਨੁੱਖ ਜਾਤੀ ਲਈ। ਜਦ ਕੋਈ ਮਰਜ਼ੀ ਆਵੇ ਮੇਰੇ ਵਿਹੜੇ ਪੈਰ ਪਾਵੇ। ਮੇਰੀਆਂ ਸੁੱਤੀਆਂ ਕਲਾਂ ਜਗਾਵੇ। ਰਾਤ ਆਵੇ ਦਿਨੇ ਆਵੇ। ਪਰ ਸੁਚਾਰੂ ਉਸਾਰੂ ਚੰਗੇ ਮਨਸੂਬੇ ਨਾਲ ਆਵੇ, ਇੱਥੇ ਬਸਤੀਆਂ ਵਸਾਵੇ ਰੌਣਕ ਵਧਾਵੇ। ਮੈਂ ਕਿਹੜਾ ਕੋਈ ਓਪਰਾ ਹਾਂ! ਮੈਂ ਤਾਂ ਧਰਤੀ ਦਾ ਹੀ ਟੁੱਟਿਆ ਹੋਇਆ ਇਕ ਟੋਟਾ ਹਾਂ… ਭਰਾ ਭਾਈ। ਇਕੋ ਪਿਛੋਕੜ ਹੈ ਸਾਡਾ। ਸਾਡੀ ਜਿੰਦ ਜਾਨ ਇਕ ਹੀ ਤਾਂ ਸੀ ਤੇ ਇਕ ਜਾਨ ਹੋ ਕੇ ਪੁਲਾੜ ਦੇ ਅਣਗਿਣਤ ਪਾਂਧੀਆਂ ਵਾਂਗ ਭਟਕ ਰਹੇ ਸਾਂ। ਅਸੀਂ ਦੋ ਨਹੀਂ ਇਕ ਸਾਂ। ਇਕ ਹੀ ਸਾਡਾ ਵਜੂਦ ਸੀ। ਸਮੇਂ ਦੇ ਥਪੇੜਿਆਂ ਨੇ ਢੁੱਡਾਂ ਮਾਰ-ਮਾਰ ਕੇ ਸਾਨੂੰ ਟੋਟੇ ਟੋਟੇ ਕਰ ਕੇ ਨਿਖੇੜ ਦਿੱਤਾ। ਅਸੀਂ ਨਾ ਚਾਹੁੰਦੇ ਹੋਏ ਵੀ ਮਜਬੂਰਨ ਅਲੱਗ ਅਲੱਗ ਹੋ ਗਏ। ਡਾਢੇ ਅੱਗੇ ਕੀਹਦਾ ਜ਼ੋਰ!
ਹੁਣ ਭਾਰਤੀ ਇਸਰੋ ਦੇ ਚੰਦਰਯਾਨ ਨੇ ਮੇਰੇ ਘਰ ਵੜ ਕੇ ਪੋਤੜੇ ਫੋਲਣੇ ਸ਼ੁਰੂ ਕਰ ਦਿੱਤੇ ਹਨ। ਮੈਨੂੰ ਪਤਾ ਹੈ, ਉਸ ਅਮੋੜ ਨੇ ਨਹੀਂ ਟਲਣਾ ਤੇ ਮੇਰੇ ਕਾਲਜੇ ਤੱਕ ਹੱਥ ਪਾ ਕੇ ਅੰਦਰਲੀ ਥਾਹ ਪਾਉਣ ਤੱਕ ਜਾਣਾ ਹੈ। ਇਹ ਕੁੱਛੜ ਬਹਿ ਕੇ ਦਾੜ੍ਹੀ ਪੁੱਟਣ ਵਾਲੀ ਗੱਲ ਹੈ। ਮੈਂ ਕਿਸੇ ਨੂੰ ਇੱਥੇ ਆਉਣੋਂ ਰੋਕਦਾ ਨਹੀਂ। ਬਹੁਮੁੱਲੀਆਂ ਧਾਤਾਂ, ਗੈਸਾਂ, ਸੋਨੇ ਦੇ ਭੰਡਾਰ ਮਨੁੱਖ ਮਾਤਰ ਲਈ ਹਾਜ਼ਰ ਹਨ। ਮੇਰੇ ਅੰਦਰ ਖਣਿਜ ਪਦਾਰਥਾਂ ਦਾ ਅਮੁੱਕ ਭੰਡਾਰ ਮੇਰਾ ਅੰਦਰ ਪੇਟਾ ਹੈ। ਸ਼ੇਸ਼ਨਾਗ ਤੋਂ ਵਧੇਰੇ ਮੇਰੇ ਸ਼ਕਤੀਸ਼ਾਲੀ ਏਲੀਅਨ ਇਸ ਖ਼ਜ਼ਾਨੇ ਦੇ ਰਖਵਾਲੇ ਮੌਲਿਕ ਅਸਲੀ ਹੱਕਦਾਰ ਹਨ।
ਮੈਂ ਦੁਨੀਆ ਦਾ ਸ਼ੁੱਭਚਿੰਤਕ ਹਾਂ ਤੇ ਰਹਾਂਗਾ। ਆਪ ਭਾਵੇਂ ਹਨੇਰੇ ਵਿਚ ਰਹਾਂ, ਪਰ ਸ਼ਾਂਤ ਸੁਹਾਵਣੀ ਠੰਢਕ ਭਰਪੂਰ ਰੌਸ਼ਨੀ ਵੰਡਦਾ ਹਾਂ, ਵੰਡਦਾ ਰਹਾਂਗਾ ਤੇ ਚਾਹੁੰਦਾ ਹਾਂ ਕਿ ਮੈਨੂੰ ਬ੍ਰਹਿਮੰਡ ਦੀ ਇਸ ਸੇਵਾ ਜੋਗੇ ਰਹਿਣ ਦਿੱਤਾ ਜਾਵੇ। ਮਨੁੱਖ ਨੇ ਛੇੜ-ਛਾੜ ਕਰ ਕੇ ਧਰਤੀ ਦੇ ਜੰਗਲ ਬੇਲੇ, ਬਰਫ਼ਾਨੀ ਤੋਦੇ, ਰਮਣੀਕ ਪਹਾੜ ਤੇ ਹੋਰ ਬਹੁਤ ਪ੍ਰਕਿਰਤਿਕ ਸਾਧਨ ਆਪਣੀ ਹਵਸ ਲਲ੍ਹਕ ਹਉਮੈ ਦਾ ਸ਼ਿਕਾਰ ਬਣਾ ਕੇ ਮੇਰੀ ਭੈਣ ਸੁੰਦਰ ਧਰਤੀ ਨੂੰ ਅਤਿਅੰਤ ਪ੍ਰਦੂਸ਼ਿਤ ਕਰ ਦਿੱਤਾ ਹੈ ਤੇ ਹੁਣ ਮੇਰੀ ਹਿੱਕ `ਤੇ ਬਸਤੀਆਂ ਉਸਾਰਨ ਦੇ ਪ੍ਰਯੋਜਨ ਨਾਲ ਉੱਡਣ ਖਟੋਲੇ ਭਰ ਕੇ ਮੇਰੇ ਵੱਲ ਵਹੀਰਾਂ ਘੱਤ ਤੁਰੇ ਹਨ। ਮੇਰੀ ਦਿਲੀ ਇੱਛਾ ਹੈ ਕਿ ਮੈਂ ਮਨੁੱਖ ਜਾਤੀ ਦੇ ਉਸਾਰੂ ਸੁਚਾਰੂ ਕੰਮ ਆ ਸਕਾਂ ਪਰ ਨਹੀਂ ਚਾਹੁੰਦਾ ਕਿ ਕੋਈ ਮੇਰੇ ਨਾਲ ਅਜਿਹਾ ਭੰਨ-ਤੋੜ ਵਾਲਾ ਬਦਸਲੂਕ ਵਰਤਾਰਾ ਕਰੇ।
ਸਮਝਾ ਸਕਦੋਂ ਤੇ ਸਮਝਾ ਆਪਣੀ ਆਦਮ ਜਾਤ ਨੂੰ। ਮਨੁੱਖਤਾ ਦੀ ਬਿਹਤਰੀ ਵਾਸਤੇ ਧਰਤੀ `ਤੇ ਬਹੁਤ ਅਧੂਰੇ ਯੋਜਨ ਪਏ ਨੇ ਕਰਨ ਵਾਲੇ। ਅੱਗਾ ਦੌੜ ਤੇ ਪਿੱਛਾ ਚੌੜ! ਆਪਣਾ ਘਰ ਭੁੱਖ ਨੰਗ ਗ਼ੁਰਬਤ ਨਾਲ ਭਰਿਆ ਭਾਂ-ਭਾਂ ਕਰਦਾ ਵਿਲਕਦਾ ਸਾਂਭਿਆ ਨਹੀਂ ਜਾਂਦਾ ਤੇ ਉੱਡਣ ਲੱਗੇ ਨੇ ਨਵੇਂ ਆਕਾਸ਼ ਪਾਤਾਲ ਗਾਹੁਣ, ਨਵੇਂ ਦਿਸਹੱਦੇ ਢੂੰਡਣ! ਇੱਧਰ ਹਜ਼ਾਰਾਂ ਲੱਖਾਂ ਮੀਲ ਪੈਂਡਾ ਗਾਹ ਕੇ ਮਿਲੀਅਨ ਬਿਲੀਅਨ ਟਰਿਲੀਅਨ ਡਾਲਰ ਖ਼ਰਚਣ ਦੀ ਬਜਾਏ ਆਪਣੇ ਲੋਕਾਂ ਦੀ ਬਿਹਤਰ ਭਲਾਈ ਵਾਸਤੇ ਇਸਤੇਮਾਲ ਕਰੋ। ਬਿਗਾਨੇ ਘਰ ਡਾਕਾ ਮਾਰਨ ਦੀ ਇਹ ਨਵੀਂ ਭਾਜੀ ਨਾ ਪਾਓ। ਚੰਦ ਦੇ ਕਬਜ਼ੇ ਦੀ ਹੋੜ ਵਿਚ ਬਹੁਤ ਧਰਤੀ ਦੇ ਦੇਸ਼ਾਂ ਨੇ ਆਪ ਹੀ ਸੰਸਾਰ ਜੰਗ ਛੇੜ ਲੈਣੀ ਹੈ।
ਮੈਨੂੰ ਭੈਮਸਾ ਹੈ, ਜੇ ਤੁਸੀਂ ਇੱਧਰ ਝਾਕਣੋਂ ਨਾ ਰੁਕੇ ਤਾਂ ਮੇਰੇ ਏਲੀਅਨ ਪਿਆਰੇ ਵੀ ਤੁਹਾਡੇ ਵੱਲ ਉਡਾਰੀਆਂ ਭਰਨ ਨੂੰ ਤਿਆਰ ਬੈਠੇ ਹਨ। ਕਈ ਉੱਡਣ ਤਸ਼ਤਰੀਆਂ ਤਾਂ ਤੁਸੀਂ ਆਪ ਪਹਿਲਾਂ ਵੀ ਵੇਖ ਚੁੱਕੇ ਹੋ। ਤੁਸੀਂ ਜਿਵੇਂ ਦਾਅਵਾ ਕਰਦੇ ਹੋ ਕਿ ਹਜ਼ਾਰਾਂ ਸਾਲ ਪਹਿਲਾਂ ਸਾਡਾ ਏਲੀਅਨ ਫੜ ਕੇ ਤੁਸੀਂ ਮਾਰ ਦਿੱਤਾ ਜਿਸ ਦੀ ਲਾਸ਼ ਮੈਕਸੀਕੋ ਵਿਚ ਸਾਂਭੀ ਪਈ ਹੈ! ਜੇ ਉਹ ਵੀ ਤਸ਼ਤਰੀਆਂ ਭਰ ਕੇ ਧਰਤੀ ਉਪਗ੍ਰਹਿ ਵੱਲ ਨਿਕਲ ਤੁਰੇ ਤਾਂ ਅਣਕਿਆਸੀ ਕਹਿਰ ਵਾਪਰ ਜਾਵੇਗਾ। ਅੱਧ ਅਸਮਾਨੇ ਇਹ ਉਪਗ੍ਰਹਿ ਆਪੋ ਵਿਚ ਭਿੜਨਗੇ ਤੇ ਜਾਨਦਾਰ ਸਭਿਅਤਾ ਦਾ ਅੰਤ ਕਰ ਦੇਣਗੇ। ਮੈਨੂੰ ਖ਼ਦਸ਼ਾ ਹੈ, ਇਨ੍ਹਾਂ ਖੋਜਾਰਥੀਆਂ ਨਾਲ ਧਰਤੀ, ਚੰਦ ਤੇ ਪੁਲਾੜ ਦੇ ਹੋਰ ਗ੍ਰਹਿਆਂ ਵਿਚਕਾਰ ਭਿਆਨਕ ਮੁੱਠਭੇੜ ਹੋ ਜਾਵੇਗਾ।
ਤੁਸੀਂ ਕਰੋ! ਜੋ ਆਪਣੀ ਮਨਮਰਜ਼ੀ ਕਰਦੇ ਰਹੋ, ਇਹ ਤੁਹਾਡੀ ਖ਼ੁਸ਼ੀ ਹੈ। ਸੌ ਹੱਥ ਰੱਸਾ ਸਿਰੇ `ਤੇ ਗੰਢ! ਮੈਨੂੰ ਮਾਨਸਿਕ ਸਕੂਨ ਪ੍ਰਾਪਤ ਹੋਇਆ ਹੈ ਕਿ ਮੈਂ ਆਪਣੇ ਸ਼ਰਧਾਲੂਆਂ ਸਾਹਮਣੇ ਹੁਣ ਇਕ ਗੁਪਤ ਪੂਜਣਯੋਗ ਰਹੱਸ ਨਾ ਰਹਿ ਕੇ ਯੂਨੀਵਰਸ ਦਾ ਇਕ ਹਿੱਸਾ ਬਣ ਕੇ ਪ੍ਰਤੱਖ ਹੋਇਆ ਹਾਂ। ਮੈਨੂੰ ਯਕੀਨ ਹੈ ਕਿ ਉਨ੍ਹਾਂ ਦੀ ਮੇਰੇ ਪ੍ਰਤੀ ਸ਼ਰਧਾ ਖ਼ਤਮ ਨਹੀਂ ਹੋਣੀ ਤੇ ਉਨ੍ਹਾਂ ਆਪਣੇ ਪੂਜਣ ਵਾਲੇ ਸੰਸਕਾਰ ਨਿਭਾਈ ਜਾਣੇ ਹਨ। ਫਿਰ ਵੀ ਮੈਂ ਨੰਗੇ ਧੜ ਇਕਬਾਲ ਕਰਦਾ ਹਾਂ ਕਿ ਮੈਂ ਉਹ ਕਠਪੁਤਲੀ ਨਹੀਂ ਜੋ ਮੈਨੂੰ ਧਰਮਾਂ ਦੇ ਪੰਡਤਾਂ ਪੁਰੋਹਿਤਾਂ ਨੇ ਭੋਲੇ-ਭਾਲੇ ਮਾਨਸਿਕ ਊਣੇ ਲੋਕਾਂ ਨੂੰ ਵਰਗਲਾਉਣ ਲਈ ਪ੍ਰਚਾਰਿਆ ਤੇ ਬਣਾ ਦਿੱਤਾ ਹੈ।
‘ਤਾਂ ਫਿਰ ਤੇਰੇ ਕਹਿਣ ਦਾ ਮਤਲਬ, ਕਿਸੇ ਚੀਜ਼ `ਤੇ ਬਿਨ ਦੇਖੇ, ਸੋਚੇ ਸਮਝੇ ਅੰਧ ਵਿਸ਼ਵਾਸ ਕਰਨਾ ਵਿਅਰਥ ਹੈ, ਗ਼ਲਤ ਹੈ। !’ ਮੈਂ ਹੱਸਦਾ ਹਾਂ।
‘ਹਾਂ ਬਿਲਕੁਲ ਠੀਕ! ਤੂੰ ਠੀਕ ਸਮਝਿਆ ਮੇਰੇ ਆਰ! ਇਹ ਸਭ ਜੋ ਚਮਕਦਾ ਹੈ ਸੋਨਾ ਨਹੀਂ। ਦੂਰ ਬਰੇਤੇ ਵਿਚ ਦਿਸਣ ਵਾਲਾ ਪਾਣੀ ਪਾਣੀ ਨਹੀਂ ਹੁੰਦਾ ਤੇ ਪਿਆਸਾ ਹਿਰਨ ਵਿਚਾਰਾ ਆਪਣੀ ਪਿਆਸ ਮਿਟਾਉਣ ਖ਼ਾਤਰ ਦੌੜਿਆ ਜਾਂਦਾ ਹੈ। ਤੁਸੀਂ ਹਿਰਨ ਨੂੰ ਜਿੰਨਾ ਮਰਜ਼ੀ ਸਮਝਾਓ ਰੋਕੋ ਕਿ ਅੱਗੇ ਜੋ ਦਿਸਦਾ ਉਹ ਪਾਣੀ ਨਹੀਂ ਪਰ ਉਸ ਨੇ ਆਪਣੀ ਵਾਹ ਲਾਈ ਦੌੜੇ ਜਾਣਾ ਹੈ।’
‘ਆਲ ਦੈਟ ਗਲਿਟਰਜ਼ ਇਜ਼ ਨਾਟ ਗੋਲਡ। ਜੋ ਚਮਕਦਾ ਸਭ ਸੋਨਾ ਨਹੀਂ ਹੁੰਦਾ। ਧੰਨਵਾਦ ਮੇਰੇ ਦੋਸਤ। ਬਾਈ ਗੁੱਡ।