ਗਲਤਫਹਿਮੀਆਂ ਅਤੇ ਵਧੀਕੀਆਂ ਦੀ ਸ਼ਿਕਾਰ ਸ਼ਖ਼ਸੀਅਤ – ਸੰਤ ਹਰਚੰਦ ਸਿੰਘ ਲੌਂਗੋਵਾਲ

ਬਲਕਾਰ ਸਿੰਘ ਪ੍ਰੋਫੈਸਰ
ਸੰਤ ਹਰਚੰਦ ਸਿੰਘ ਲੌਂਗੋਵਾਲ (1932-1985) ਦੀ 35ਵੀਂ ਸ਼ਹੀਦੀ ਸ਼ਤਾਬਦੀ ‘ਤੇ ਵੀ ਉਹੀ ਹਾਲਾਤ ਹਨ, ਜਿਹੜੇ ਸਿਆਸਤ ਦੇ ਪੈਰੋਂ ਸ਼ਹੀਦ ਹੋਣ ਵਾਲਿਆਂ ਦੇ ਅਕਸਰ ਹੋਇਆ ਕਰਦੇ ਹਨ। ਜਿਹੜੇ ਲੋਕ ਸੰਤ ਜੀ ਨੂੰ ਜਾਣਦੇ ਹਨ, ਉਨ੍ਹਾਂ ਨੂੰ ਪਤਾ ਹੈ ਕਿ ਉਹ ਇਕੱਲ ਵਿਚ ਵਲ੍ਹੇਟੀ ਹੋਈ ਬਹੁਰੰਗੀ ਸ਼ਖਸ਼ੀਅਤ ਸਨ। ਉਨ੍ਹਾਂ ਨੂੰ ਹਲੀਮੀ ਨਾਲ ਦਰਪੇਸ਼ ਦੁਸ਼ਵਾਰੀਆਂ ਨਾਲ ਨਿਭਣਾ ਆਉਂਦਾ ਸੀ।

ਜਦੋਂ ਉਨ੍ਹਾਂ ਨੂੰ ਛੋਟੀ ਉਮਰੇ ਮਾਪਿਆਂ ਦੀ ਸਹਿਮਤੀ ਨਾਲ ਸੰਤਾਂ ਦੇ ਡੇਰੇ ਭੇਜਿਆ ਗਿਆ ਸੀ, ਉਸ ਨਾਲ ਉਨ੍ਹਾਂ ਦਾ ਬਚਪਨ ਅਜਿਹਾ ਹੱਥੋਂ ਨਿਕਲਿਆ ਕਿ ਫਿਰ ਹੱਥ ਹੀ ਨਹੀਂ ਆਇਆ ਸੀ। ਪਰ ਇਸ ਨਾਲ ਉਨ੍ਹਾਂ ਨੂੰ ਧਰਮ ਦੇ ਰੰਗ ਵਿਚ ਰਾਜ਼ੀ ਰਹਿਣ ਦੀ ਜਾਚ ਆ ਗਈ ਸੀ।
ਇਹੋ ਜਿਹੇ ਹਾਲਾਤ ਵਿਚ ਉਹ ਪਿੰਡ ਗਿਦਿੜਿਆਣੀ ਤੋਂ ਬਰਾਸਤਾ ਡੇਰਾ ਹੀਰੋਂ ਭਾਈ ਮਨੀ ਸਿੰਘ ਦੇ ਗੁਰਦੁਆਰੇ ਲੌਂਗੋਵਾਲ ਪਹੁੰਚ ਗਏ ਸਨ। ਉਸ ਵੇਲੇ ਤੋਂ ਮੇਰਾ ਉਨ੍ਹਾਂ ਨਾਲ ਸਬੰਧ ਰਿਹਾ ਸੀ, ਕਿਉਂਕਿ ਲੌਂਗੋਵਾਲ ਅਤੇ ਮੇਰੇ ਪਿੰਡ ਬਡਬੜ ਦਾ ਚਾਰ ਮੀਲ ਦਾ ਫਾਸਲਾ ਹੈ। ਉਹ ਮੂਲ ਰੂਪ ਵਿਚ ਸਿਆਸਤਦਾਨ ਬਿਲਕੁਲ ਨਹੀਂ ਸਨ ਅਤੇ ਸਿਆਸਤ ਵਿਚ ਆਉਣ ਤੋਂ ਲਗਾਤਾਰ ਕਤਰਾਉਂਦੇ ਵੀ ਰਹੇ ਸਨ। ਅਕਾਲੀ ਸਿਆਸਤਦਾਨ ਉਨ੍ਹਾਂ ਦੀ ਧਾਰਮਿਕ ਸਾਖ ਦਾ ਲਗਾਤਾਰ ਲਾਭ ਲੈਂਦੇ ਰਹੇ ਸਨ। ਇਸ ਦੀ ਸ਼ੁਰੂਆਤ 1969 ਵਿਚ ਪੈਪਸੂ ਦੇ ਰਹਿ ਚੁੱਕੇ ਮੁੱਖ ਮੰਤ੍ਰੀ ਬ੍ਰਿਸ਼ਭਾਨ ਨੂੰ ਵਿਧਾਨ ਸਭਾ ਦੀ ਚੋਣ ਵਿਚ ਹਰਾ ਕੇ ਹੋਈ ਸੀ। ਅਕਾਲੀ ਸਿਆਸਤਦਾਨਾਂ ਨੇ ਉਨ੍ਹਾਂ ਨੂੰ ਨਾਲ ਰੱਖਣ ਲਈ ਤਖਤ ਦਮਦਮਾ ਸਾਹਿਬ ਦਾ ਜਥੇਦਾਰ ਵੀ ਥਾਪਿਆ ਸੀ। ਸ਼੍ਰੋਮਣੀ ਕਮੇਟੀ ਵਿਚ ਵੀ ਉਹ ਅਹਿਮ ਭੂਮਿਕਾ ਨਿਭਾਉਂਦੇ ਰਹੇ ਸਨ। ਏਸੇ ਤਰ੍ਹਾਂ ਉਨ੍ਹਾਂ ਨੂੰ 1980 ਵਿਚ ਅਕਾਲੀ ਦਲ ਦਾ ਪ੍ਰਧਾਨ ਬਣਨਾ ਪੈ ਗਿਆ ਸੀ।
ਅਸਲ ਵਿਚ ਉਨ੍ਹਾਂ ਦੀ ਅਕਾਲੀ ਸਿਆਸਤ ਵਿਚ ਭੂਮਿਕਾ ਇਥੋਂ ਹੀ ਸ਼ੁਰੂ ਹੁੰਦੀ ਹੈ ਅਤੇ ਉਨ੍ਹਾਂ ਦੀ ਸ਼ਹੀਦੀ ਨਾਲ 1985 ਵਿਚ ਸਮਾਪਤ ਹੋ ਜਾਂਦੀ ਹੈ। ਇੰਨੇ ਕੂ ਸਮੇਂ ਵਿਚ ਉਨ੍ਹਾਂ ਨੇ ਸਥਾਪਤ ਆਗੂਆਂ ਨੂੰ ਇਸ ਕਰਕੇ ਪਿੱਛੇ ਛੱਡ ਦਿੱਤਾ ਸੀ ਕਿਉਂਕਿ ਉਨ੍ਹਾਂ ਨੇ ਵਿਰੋਧ ਦੀ ਸਿਆਸਤ ਦੀ ਥਾਂ ਤੇ ਸਹਿਯੋਗ ਦੀ ਸਿੱਖ ਸਿਆਸਤ ਦੀ ਲਕੀਰ ਖਿੱਚ ਦਿੱਤੀ ਸੀ। ਪਿਛਲੇ 34 ਸਾਲਾਂ ਤੋਂ ਸਿੱਖ ਸਿਆਸਤ ਵਿਚ ਉਨ੍ਹਾਂ ਨੂੰ ਸ਼ਾਂਤੀ ਦੇ ਮਸੀਹਾ ਅਤੇ ਅਮਰ ਸ਼ਹੀਦ ਕਹਿ ਕੇ, ਜਿਵੇਂ ਸਿਆਸਤ ਵਾਸਤੇ ਵਰਤਿਆ ਵੀ ਜਾ ਰਿਹਾ ਹੈ ਅਤੇ ਨਿੰਦਿਆ ਤੇ ਨਕਾਰਿਆ ਵੀ ਜਾ ਰਿਹਾ ਹੈ, ਉਹ ਸੰਤ ਜੀ ਨੂੰ ਸਮਝਣ ਵਿਚ ਸਹਾਈ ਨਹੀਂ ਹੋ ਰਿਹਾ। ਕੋਈ ਕਿਸ ਨੂੰ ਕਿਵੇਂ ਅਤੇ ਕਦੋਂ ਦੱਸੇ ਕਿ ਉਨ੍ਹਾਂ ਵਰਗਾ ਬਚਨਬੱਧ ਸਿੱਖ ਜਨਮ ਤੋਂ ਹੀ ਇਕੱਲਾਪੇ ਨਾਲ ਘੁਲਦਾ ਆ ਰਿਹਾ ਸੀ ਅਤੇ ਉਨ੍ਹਾਂ ਨੂੰ ਅਲੱਗ-ਥਲੱਗ ਕਰਨ ਦੀ ਸਿਆਸਤ ਕਿਸੇ ਕੰਮ ਨਾ ਆਈ ਹੈ ਅਤੇ ਨਾ ਹੀ ਆਉਣੀ ਹੈ। ਅਕਾਲੀ ਦਲ ਦਾ ਪ੍ਰਧਾਨ ਬਣਨ ਵੇਲੇ ਵੀ ਬਨਾਉਣ ਵਾਲੇ ਹੀ ਲੱਤਾਂ ਵੀ ਖਿੱਚੀ ਜਾ ਰਹੇ ਸਨ। 1982 ਵਿਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਕੀਤੇ ਮੋਰਚੇ ਦੇ ਮੁਖੀ ਵਜੋਂ ਉਹ ਹਿੰਸਕ ਰਾਜਨੀਤੀ ਨਾਲ ਨਿਭਣ ਦੀ ਜਿਸ ਤਰ੍ਹਾਂ ਕੋਸ਼ਿਸ਼ ਕਰਦੇ ਰਹੇ ਸਨ, ਇਸ ਨੂੰ ਧਿਆਨ ਵਿਚ ਰੱਖਾਂਗੇ ਤਾਂ ਸਮਝ ਸਕਾਂਗੇ ਕਿ ਉਨ੍ਹਾਂ ਰਾਹੀਂ ਸਥਾਪਤ ਹੋ ਰਿਹਾ ਸਿਆਸੀ ਮਾਡਲ ਮਰਨ ਮਾਰਨ ਦੀ ਰਾਜਨੀਤੀ ਨਾਲੋਂ ਨਿਖੜ ਕੇ ਤੁਰਨ ਦਾ ਉਹ ਸਿਆਸੀ ਸਾਹਸ ਅਤੇ ਕੋਸ਼ਿਸ਼ ਹੋ ਗਿਆ ਸੀ, ਜਿਸ ਦੀ ਸਿੱਖ ਸਿਆਸਤ ਨੂੰ ਉਸ ਵੇਲੇ ਵੀ ਤੇ ਹੁਣ ਵੀ ਬਹੁਤ ਲੋੜ ਹੈ।
ਇਸ ਰਾਹ ਨਹੀਂ ਤੁਰਾਂਗੇ ਤਾਂ ਗਲੋਬਲ ਹੋ ਗਈ ਸਿੱਖੀ ਨੂੰ ਪ੍ਰਾਂਤਕਤਾ ਦੇ ਸ਼ਿਕੰਜਿਆਂ ਵਿਚ ਕਸਣ ਦੀ ਸਿਆਸਤ ਕਰ ਰਹੇ ਹੋਵਾਂਗੇ। ਸੰਤ ਹੀ ਸੀ, ਜਿਨ੍ਹਾਂ ਕਾਰਨ ਗਰਮ ਖਿਆਲੀ ਧੜਿਆਂ ਵਿਚਕਾਰ ਭਰਾ ਮਾਰੂ ਲੜਾਈ ਰੁਕੀ ਰਹੀ ਸੀ। ਅਜਿਹਾ ਉਹ ਵਿਸ਼ਵਾਸ਼ ਦੇ ਰੰਗ ਵਿਚ ਪ੍ਰੇਰ ਕੇ ਅਤੇ ਗੁਰਭਾਈਆਂ ਦੇ ਹਵਾਲੇ ਨਾਲ ਕਰਦੇ ਰਹੇ ਸਨ। ਇਸ ਵੇਲੇ ਇਹ ਸਥਾਪਤ ਕਰਨਾ ਕੋਈ ਔਖਾ ਨਹੀਂ ਹੈ ਕਿ ਸਿੱਖ ਸਿਆਸਤ ਦੇ ਪੈਰੋਂ ਹੁੰਦੀਆਂ ਰਹੀਆਂ ਵਧੀਕੀਆਂ ਨਾਲ ਨਿਭਣ ਦੀ ਉਹ ਕੋਸ਼ਿਸ਼ ਕਰਦੇ ਰਹੇ ਸਨ। ਅਸਲ ਵਿਚ ਉਹ ਲੜਨਾ ਨਹੀਂ ਨਿਭਣਾ ਜਾਣਦੇ ਸਨ। ਇਹੋ ਜਿਹਾ ਸੁਭਾ ਭੁਲੇਖਿਆਂ ਨਾਲ ਨਹੀਂ ਬਚਨਬੱਧਤਾ ਨਾਲ ਹੀ ਬਣ ਸਕਦਾ ਹੈ। ਉਨ੍ਹਾਂ ਦੇ ਸਿਆਸੀ ਜੀਵਨ ਦੀਆਂ ਤੈ੍ਰਮੁਖੀ ਪ੍ਰਾਪਤੀਆਂ ਧਰਮ-ਯੁੱਧ ਮੋਰਚਾ, ਰਾਜੀਵ-ਲੌਂਗੋਵਾਲ ਸਮਝੌਤਾ ਅਤੇ ਸ਼ਹੀਦੀ ਹੀ ਹਨ। ਉਨ੍ਹਾਂ ਦਾ ਅਸਲ ਯੋਗਦਾਨ ਧਾਰਮਿਕ ਖੇਤਰ ਵਿਚ ਸੀ ਅਤੇ ਏਸੇ ਨਾਲ ਪ੍ਰਾਪਤ ਕੀਤੀ ਹੋਈ ਸਮਾਜਿਕ ਸਾਖ ਹੀ ਉਨ੍ਹਾਂ ਨਾਲ ਸਿੱਖ ਸਿਆਸਤ ਵਿਚ ਵੀ ਨਿਭਦੀ ਰਹੀ ਸੀ। ਉਨ੍ਹਾਂ ਦੀ ਸਿੱਖ-ਆਸਥਾ ਨੇ ਉਨ੍ਹਾ ਨੂੰ ਸਰਬੱਤ ਦੇ ਭਲੇ ਨਾਲ ਇਸ ਹੱਦ ਤੱਕ ਜੋੜਿਆ ਹੋਇਆ ਸੀ ਕਿ ਉਹ ਤਾਂ ਕਮਿਊਨਿਸਟਾਂ ਵੱਲੋਂ ਲਾਏ ਬੈਟਰਮੈਂਟ ਲੇਵੀ ਦੇ ਮੋਰਚੇ ਵਿਚ ਵੀ ਜੇਲ੍ਹ ਗਏ ਸਨ। ਲੋਕ ਭਲਾਈ ਵਾਸਤੇ ਹੋ ਰਹੀ ਸਿਆਸਤ ਦਾ ਉਹ ਲਗਾਤਾਰ ਸਾਥ ਦੇਂਦੇ ਰਹੇ ਸਨ। ਇਸ ਵੇਲੇ ਸਿੱਖ ਸਿਆਸਤ ਦੀ ਸਾਖ ਜਿਸ ਹੱਦ ਤੱਕ ਥੱਲੇ ਆ ਗਈ ਹੈ, ਉਸ ਵਿਚੋਂ ਬਾਣੀ ਦੇ ਬੰਦਿਆਂ ਦੀ ਅਗਵਾਈ ਵਿਚ ਹੀ ਨਿਕਲਿਆ ਜਾ ਸਕਦਾ ਹੈ।
ਅਜਿਹੀ ਆਸ ਕਰਨ ਲੱਗਿਆਂ ਇਹ ਨਹੀਂ ਭੁੱਲਣਾ ਚਾਹੀਦਾ ਕਿ ਹਰੇਕ ਦਾ ਸਾਥ ਦੇਣ ਵਾਲੇ ਸੰਤ ਜੀ ਵਾਂਗ ਇਕੱਲਿਆਂ ਵੀ ਤੁਰਨਾ ਪੈ ਸਕਦਾ ਹੈ ਕਿਉਂਕਿ ਸਿੱਖ ਸਿਆਸਤ ਇਸ ਵੇਲੇ ਲਾਹੇ ਟੋਟਿਆਂ ਦੀ ਸਿਆਸਤ ਹੋ ਗਈ ਹੈ। ਵੈਸੇ ਵੀ ਸਿੱਖ ਸਿਆਸਤ ਨੂੰ ਇਹ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਸਿੱਖ-ਖੁਸ਼ਹਾਲੀ ਪੰਜਾਬ ਤੋਂ ਹਿਜਰਤ ਕਰ ਗਈ ਹੈ ਅਤੇ ਸਿੱਖ-ਖੁਸ਼ਹਾਲੀ ਨੂੰ ਸੁਰੱਖਿਅਤ ਕੀਤੇ ਜਾਣ ਵਾਲੇ ਰਾਹ ਸਿੱਖ ਸਿਆਸਤ ਨੂੰ ਤੁਰਨਾ ਪੈਣਾ ਹੈ। ਇਹ ਧਿਆਨ ਵਿਚ ਰਹਿਣਾ ਚਾਹੀਦਾ ਹੈ ਕਿ ਨਾਹਰਿਆਂ ਅਤੇ ਫੱਟਿਆਂ ਦੀ ਸਿਆਸਤ ਦਾ ਜ਼ਮਾਨਾ ਨਹੀਂ ਰਿਹਾ।
ਅਕਾਲੀਅਤ, ਸਿੱਖ ਹਿਤਾਂ ਦੀ ਪਹਿਰੇਦਾਰੀ ਵਾਸਤੇ ਸੀ ਅਤੇ ਇਸ ਨੂੂੰ ਛੇਤੀ ਅਮੀਰ ਹੋਣ ਦੇ ਅਵਸਰ ਵਿਚ ਤਬਦੀਲ ਨਹੀਂ ਹੋਣ ਦੇਣਾ ਚਾਹੀਦਾ। ਸਿੱਖ ਭਾਈਚਾਰਾ, ਸਿੱਖ ਸਿਆਸਤ ਨਾਲੋਂ ਅੱਗੇ ਨਿਕਲ ਕੇ ਬਹੁ-ਸਭਿਆਚਾਰਕ ਵਰਤਾਰਿਆਂ ਨਾਲ ਸਫਲਤਾ ਸਹਿਤ ਨਿਭ ਰਿਹਾ ਹੈ ਅਤੇ ਜਿਸ ਵੀ ਦੇਸ਼ ਦਾ ਸਿੱਖ ਵਾਸੀ ਹੈ, ਉਥੋਂ ਦਾ ਚੰਗਾ ਸ਼ਹਿਰੀ ਹੋਣ ਦੀ ਗਵਾਹੀ ਭਰ ਰਿਹਾ ਹੈ। ਗੁਰੂ ਨੇ ਸਿੱਖ ਨੂੰ ਇਹ ਸੁਭਾ ਬਖਸ਼ਿਆ ਹੋਇਆ ਹੈ। ਏਸੇ ਦੀ ਸਿਆਸੀ ਪ੍ਰਤੀਨਿਧਤਾ ਕਰਨ ਦੀ ਕੋਸ਼ਿਸ਼ ਸੰਤ ਹਰਚੰਦ ਸਿੰਘ ਲੌਂਗੋਵਾਲ ਕਰਦੇ ਰਹੇ ਸਨ। ਇਸ ਬਾਰੇ ਸੋਚ-ਸਮਝ ਕੇ ਤੁਰਨ ਦੀ ਕੋਸ਼ਿਸ਼ ਕਰਾਂਗੇ ਤਾਂ ਸਮਝ ਸਕਾਂਗੇ ਕਿ ਸਿੱਖ ਸਿਆਸਤ ਨੂੰ ਸੇਵਾ ਦੇ ਰੰਗ ਵਿਚ ਰੰਗੇ ਬਿਨਾ ਸਿੱਖ ਵਿਰਾਸਤ ਦੀ ਦਾਹਵੇਦਾਰੀ ਨਹੀਂ ਕਰ ਸਕਾਂਗੇ।