ਵਿਦੇਸ਼ ਪੁੱਜ ਕੇ 277 ਲਾੜੀਆਂ ਮੁੱਕਰੀਆਂ; 29 ਖਿਲਾਫ ਕੇਸ ਦਰਜ

ਚੰਡੀਗੜ੍ਹ: ਐਨ.ਆਰ. ਆਈ. ਪੁਲਿਸ ਥਾਣਿਆਂ ‘ਚ ਬੈਂਡ ਗਰਲਜ਼ ਦੇ ਨਿੱਤ ਨਵੇਂ ਕੇਸ ਆ ਰਹੇ ਹਨ। ਲੰਘੇ ਸੱਤ ਵਰਿ੍ਹਆਂ ‘ਚ ਇਨ੍ਹਾਂ ਥਾਣਿਆਂ ‘ਚ 277 ਕੇਸ ਅਜਿਹੇ ਪੁੱਜੇ ਹਨ ਜਿਨ੍ਹਾਂ ਵਿਚ ਬੈਂਡ ਗਰਲਜ਼ ਨੇ ਖ਼ੁਦ ਵਿਦੇਸ਼ ਪੁੱਜਣ ਲਈ ਲਾੜੇ ਦੇ ਪਰਿਵਾਰ ਤੋਂ ਰੱਜ ਕੇ ਖਰਚਾ ਕਰਾਇਆ ਪਰ ਮੁੜ ਸਮਝੌਤੇ ਦੇ ਪਤੀਆਂ ਨਾਲੋਂ ਨਾਤਾ ਤੋੜ ਲਿਆ। ਵੇਰਵਿਆਂ ਅਨੁਸਾਰ ਪੰਜਾਬ ਵਿਚ 15 ਐਨ.ਆਰ.ਆਈ. ਪੁਲਿਸ ਥਾਣੇ ਹਨ,

ਜਿਨ੍ਹਾਂ ਵਿਚ ਜਨਵਰੀ 2017 ਤੋਂ ਅਗਸਤ 2023 ਤੱਕ 277 ਪਰਿਵਾਰਾਂ ਨੇ ਸ਼ਿਕਾਇਤਾਂ ਕੀਤੀਆਂ ਹਨ ਕਿ ਉਨ੍ਹਾਂ ਨੂੰ ਬੈਂਡ ਗਰਲਜ਼ ਨੇ ਠੱਗ ਲਿਆ ਹੈ। ਐਨ.ਆਰ.ਆਈ. ਥਾਣਿਆਂ ਵਿਚ ਬਹੁਤੇ ਕੇਸ ਤਾਂ ਰਜ਼ਾਮੰਦੀ ਨਾਲ ਨਿਬੇੜ ਦਿੱਤੇ ਗਏ ਹਨ। ਪੁਲਿਸ ਨੇ ਬੈਂਡ ਗਰਲਜ਼ ‘ਤੇ 29 ਕੇਸ ਵੀ ਦਰਜ ਕੀਤੇ ਹਨ। ਆਮ ਥਾਣਿਆਂ ‘ਚ ਜਿਹੜੇ ਕੇਸ ਦਰਜ ਹੋਏ ਹਨ, ਉਨ੍ਹਾਂ ਦੀ ਗਿਣਤੀ ਇਸ ਤੋਂ ਵੀ ਕਿਤੇ ਜ਼ਿਆਦਾ ਹੈ।
ਐਨ.ਆਰ.ਆਈ. ਥਾਣਾ ਲੁਧਿਆਣਾ (ਸਿਟੀ) ‘ਚ ਇਨ੍ਹਾਂ ਸੱਤ ਸਾਲਾਂ ਦੌਰਾਨ ਸਭ ਤੋਂ ਵੱਧ 150 ਸ਼ਿਕਾਇਤਾਂ ਪੁੱਜੀਆਂ ਜਿਨ੍ਹਾਂ ਵਿਚੋਂ ਪੰਜ ਪੁਲਿਸ ਕੇਸ ਵੀ ਦਰਜ ਕੀਤੇ ਗਏ। ਮੋਗਾ ਦੇ ਐਨ.ਆਰ.ਆਈ. ਥਾਣੇ ਵਿਚ 19, ਮੁਹਾਲੀ ਥਾਣੇ ਵਿਚ 16, ਬਠਿੰਡਾ ਵਿਚ 15, ਅੰਮ੍ਰਿਤਸਰ ਵਿਚ 13 ਅਤੇ ਫ਼ਿਰੋਜ਼ਪੁਰ ਥਾਣੇ ਵਿਚ 12 ਸ਼ਿਕਾਇਤਾਂ ਪੁੱਜੀਆਂ। ਇਨ੍ਹਾਂ ਥਾਣਿਆਂ ਵਿਚ ਵਰ੍ਹਾ 2022 ਦੌਰਾਨ ਸਭ ਤੋਂ ਵੱਧ 62 ਸ਼ਿਕਾਇਤਾਂ ਪੁੱਜੀਆਂ ਹਨ ਜਿਨ੍ਹਾਂ ਦਾ ਸਬੰਧ ਨਿਰੋਲ ਬੈਂਡ ਗਰਲਜ਼ ਨਾਲ ਸੀ। ਠੱਗੇ ਕਈ ਘਰਾਂ ਦੀ ਅਜਿਹੀ ਕਹਾਣੀ ਹੈ, ਜਿੱਥੇ ਨਾਲੇ ਜ਼ਮੀਨ ਚਲੀ ਗਈ, ਨਾਲੇ ਜੀਅ ਚਲੇ ਗਏ। ਇਨ੍ਹਾਂ ਪਰਿਵਾਰਾਂ ਨੇ ਕਰਜ਼ੇ ਚੁੱਕ ਕੇ ਅਤੇ ਜ਼ਮੀਨਾਂ ਜਾਇਦਾਦਾਂ ਵੇਚ ਕੇ ਇਕ ਤਰੀਕੇ ਨਾਲ ਜੂਆ ਖੇਡਿਆ ਜੋ ਰਾਸ ਨਹੀਂ ਆਇਆ। ਸਮਰਾਲਾ ਦੇ ਪਿੰਡ ਗੋਸਲਾਂ ਦੇ ਇੱਕ ਨੌਜਵਾਨ ਨੂੰ ਜਦੋਂ ਆਪਣੇ ਨਾਲ ਵੱਜੀ ਠੱਗੀ ਦਾ ਇਲਮ ਹੋਇਆ, ਉਹ ਜ਼ਿੰਦਗੀ ਤੋਂ ਹੀ ਹੱਥ ਧੋ ਬੈਠਾ। ਲੁਧਿਆਣਾ ਦੇ ਇਕ ਥਾਣੇਦਾਰ ਨੇ ਆਪਣੇ ਲੜਕੇ ਨੂੰ ਵਿਦੇਸ਼ ਭੇਜਣ ਵਾਸਤੇ ਇਕ ਬੈਂਡ ਗਰਲ ਲੱਭੀ, ਕਰਜ਼ਾ ਚੁੱਕ ਕੇ ਤੇ ਪਲਾਟ ਵੇਚ ਕੇ ਨੂੰਹ ਦੀ ਸਾਰੀ ਪੜ੍ਹਾਈ ਦਾ ਖਰਚਾ ਕੀਤਾ। ਵਿਦੇਸ਼ ਜਾ ਕੇ ਨੂੰਹ ਨੇ ਫ਼ੋਨ ਚੁੱਕਣਾ ਬੰਦ ਕਰ ਦਿੱਤਾ। ਥਾਣੇਦਾਰ ਨੇ ਹੁਣ ਨੂੰਹ ‘ਤੇ ਪਰਚਾ ਦਰਜ ਕਰਾਇਆ ਹੈ। ਇਸੇ ਤਰ੍ਹਾਂ ਫ਼ਰੀਦਕੋਟ ਦੇ ਪਿੰਡ ਕੰਮੇਆਣਾ ਦੇ ਇਕ ਪਰਿਵਾਰ ਨਾਲ ਹੋਈ ਹੈ। ਇੱਥੇ ਦੇ ਪੁਲਿਸ ਦੇ ਇਕ ਥਾਣੇਦਾਰ ਨੇ ਆਪਣੇ ਲੜਕੇ ਨੂੰ ਵਿਦੇਸ਼ ਭੇਜਣ ਵਾਸਤੇ ਬੈਂਡ ਵਾਲੀ ਕੁੜੀ ਲੱਭੀ। ਕੁੜੀ ਦਾ ਸਾਰਾ ਖਰਚਾ ਚੁੱਕਿਆ। ਇਹ ਪਰਿਵਾਰ ਵੀ ਠੱਗੀ ਖਾ ਬੈਠਾ ਹੈ। ਖ਼ੁਦ ਥਾਣੇਦਾਰ ਵੀ ਇਸ ਦੁਨੀਆ ‘ਚੋਂ ਰੁਖ਼ਸਤ ਹੋ ਚੁੱਕਾ ਹੈ ਅਤੇ ਉਸ ਦਾ ਲੜਕਾ ਵੀ ਕਿਸੇ ਪਾਸੇ ਦਾ ਨਹੀਂ ਰਿਹਾ।
ਦੱਸ ਦਈਏ ਕਿ ਜਿਨ੍ਹਾਂ ਲੋੜਵੰਦ ਘਰਾਂ ਦੀਆਂ ਕੁੜੀਆਂ ਦੇ ਲੋੜੀਂਦੇ ਆਈਲਟਸ ਪ੍ਰੀਖਿਆ ‘ਚੋਂ ਚੰਗੇ ਬੈਂਡ ਆ ਜਾਂਦੇ ਹਨ, ਉਨ੍ਹਾਂ ਨਾਲ ਮੁੰਡੇ ਵਾਲਾ ਪਰਿਵਾਰ ਇਕ ਸਮਝੌਤੇ ਤਹਿਤ ਕੁੜੀ ਦੀ ਪੜ੍ਹਾਈ ਦਾ ਸਮੁੱਚਾ ਖਰਚਾ ਚੁੱਕਦਾ ਹੈ, ਬਦਲੇ ਵਿਚ ਲੜਕੀ ਨੇ ਵਿਆਹ ਕਰਾ ਕੇ ਲੜਕੇ ਨੂੰ ਵਿਦੇਸ਼ ਵਿਚ ਪੱਕਾ ਕਰਾਉਣਾ ਹੁੰਦਾ ਹੈ।
331 ਪਰਵਾਸੀ ਪੰਜਾਬੀਆਂ ਨੂੰ ਭਗੌੜੇ ਐਲਾਨਿਆ
ਚੰਡੀਗੜ੍ਹ: ਪਤਨੀਆਂ ਨੂੰ ਛੱਡ ਕੇ ਭੱਜੇ ਪਤੀ ਹੁਣ ਪੰਜਾਬ ਮੁੜਨ ਜੋਗੇ ਨਹੀਂ ਰਹੇ ਕਿਉਂਕਿ ਪੰਜਾਬ ਪੁਲਿਸ ਨੇ ਇਨ੍ਹਾਂ ਨੂੰ ‘ਭਗੌੜੇ` ਐਲਾਨ ਦਿੱਤਾ ਹੈ। ਐਨ.ਆਰ.ਆਈ. ਥਾਣਿਆਂ `ਚ ਧੋਖਾਧੜੀ ਜਾਂ ਵਿਆਹ ਸਬੰਧੀ ਝਗੜੇ ਬਾਰੇ ਦਰਜ ਹੋਏ ਕੇਸਾਂ `ਚੋਂ 331 ਪਰਵਾਸੀ ਪੰਜਾਬੀਆਂ ਨੂੰ ਭਗੌੜੇ ਐਲਾਨਿਆ ਹੋਇਆ ਹੈ, ਜਿਨ੍ਹਾਂ `ਚੋਂ 255 ਭਗੌੜੇ ਵੱਖ-ਵੱਖ ਮੁਲਕਾਂ ਵਿਚ ਬੈਠੇ ਹਨ। ਇਨ੍ਹਾਂ ਭਗੌੜਿਆਂ `ਚ 65 ਐਨ.ਆਰ.ਆਈ. ਔਰਤਾਂ ਵੀ ਸ਼ਾਮਲ ਹਨ, ਜਿਨ੍ਹਾਂ ਨੇ ਆਪਣਿਆਂ ਨਾਲ ਧੋਖਾ ਕੀਤਾ ਹੈ। ਇਸ ਵੇਲੇ 147 ਭਗੌੜੇ ਵਿਦੇਸ਼ਾਂ `ਚ ਬੈਠੇ ਹਨ, ਜਿਨ੍ਹਾਂ ਨੇ ਆਪਣੇ ਜੀਵਨ ਸਾਥੀਆਂ ਨਾਲ ਧੋਖਾ ਕੀਤਾ ਹੈ। ਵੇਰਵਿਆਂ ਅਨੁਸਾਰ ਵਿਦੇਸ਼ਾਂ `ਚ ਬੈਠੇ 59 ਭਗੌੜੇ ਉਹ ਹਨ, ਜਿਨ੍ਹਾਂ ਨੇ ਆਪਣਿਆਂ ਨਾਲ ਵਿੱਤੀ ਠੱਗੀ ਮਾਰੀ ਹੈ। ਕੁੱਲ 331 ਪਰਵਾਸੀ ਭਗੌੜਿਆਂ `ਚੋਂ 287 ਨੂੰ ਤਾਂ ਗੰਭੀਰ ਜੁਰਮ ਵਿੱਚ ਅਦਾਲਤਾਂ ਨੇ ਭਗੌੜੇ ਐਲਾਨਿਆ ਹੈ।