ਵਿਸ਼ਵ ਦੇ ਮਹਾਨ ਖਿਡਾਰੀ: ਅਮਰੀਕਾ ਦੀ ‘ਉਡਣ ਪਰੀ’ ਫਲੋਰੈਂਸ ਜੋਏਨਰ

ਪ੍ਰਿੰ. ਸਰਵਣ ਸਿੰਘ
ਦੁਨੀਆ ਦੀ ਤੇਜ਼-ਤਰਾਰ ਦੌੜਾਕ ਫਲੋਰੈਂਸ ਗ੍ਰਿਫਿਥਜੋਏਨਰ ਨੂੰ ‘ਫਲੋਅ ਜੋਅ’ ਵੀ ਕਿਹਾ ਜਾਂਦਾ ਹੈ। ਉਸ ਨੇ ਓਲੰਪਿਕ ਖੇਡਾਂ `ਚੋਂ ਤਿੰਨ ਸੋਨੇ ਤੇ ਦੋ ਚਾਂਦੀ ਦੇ ਤਗ਼ਮੇ ਜਿੱਤੇ। ਉਸ ਦੇ 100 ਤੇ 200 ਮੀਟਰ ਦੌੜਾਂ ਦੇ ਓਲੰਪਿਕ ਤੇ ਵਿਸ਼ਵ ਰਿਕਾਰਡ 1988 ਤੋਂ 2020 ਤੱਕ ਕਾਇਮ ਰਹੇ।

ਜਦ ਉਹ ਦੌੜਦੀ ਸੀ ਤਾਂ ਟਰੈਕ ਨੂੰ ਅੱਗ ਲੱਗ ਉਠਦੀ ਸੀ। ਦਰਸ਼ਕ ਪੱਬਾਂ ਭਾਰ ਹੋ ਜਾਂਦੇ ਸਨ। ਉਹਦੀ ਸ਼ੂਕਦੀ ਸਪੀਡ ਸਟੇਡੀਅਮ `ਚ ਹਨ੍ਹੇਰੀ ਲਿਆ ਦਿੰਦੀ ਸੀ। ਕੌਮਾਂਤਰੀ ਪ੍ਰੈੱਸ ਨੇ ਉਸ ਨੂੰ ਬਿਹਤਰੀਨ ਖਿਡਾਰਨ ਹੋਣ ਦੇ ਖ਼ਿਤਾਬ ਦਿੱਤੇ। 1980ਵਿਆਂ `ਚ ਉਹ ਬੇਹੱਦ ਚਰਚਿਤ ਰਹੀ। ਆਖ਼ਰ 38 ਸਾਲ ਦੀ ਉਮਰੇ ਹੋਈ ਉਹਦੀ ਅਚਾਨਕ ਮੌਤ ਰਹੱਸ ਬਣ ਗਈ। ਪੋਸਟ ਮਾਰਟਮ ਦੀ ਰਿਪੋਰਟ ਮੁਤਾਬਿਕ ਉਹ ਮਿਰਗੀ ਦੇ ਦੌਰੇ ਕਾਰਨ ਮਰੀ।
ਉਸ ਦੇ ਪਾਪੂਲਰ ਹੋਣ ਦੇ ਕਈ ਕਾਰਨ ਸਨ। ਉਹ ਕੇਵਲ ਦੌੜਾਕ ਹੀ ਨਹੀਂ ਸੀ, ਸ਼ੌਕੀਨ ਵੀ ਲੋਹੜੇ ਦੀ ਸੀ। ਉਹਦਾ ਕੱਦ 5 ਫੁੱਟ 7 ਇੰਚ ਤੇ ਭਾਰ 126 ਪੌਂਡ ਸੀ। ਜੁੱਸਾ ਸਾਂਵਲਾ, ਸਡੌਲ ਤੇ ਦਰਸ਼ਨੀ ਸੀ। ਅੱਖਾਂ ਮਸਤ ਤੇ ਸਿਹਲੀਆਂ ਤਰਾਸ਼ੀਆਂ ਹੋਈਆਂ। ਉਹ ਨਿੱਤ ਨਵੇਂ ਫੈਸ਼ਨ ਕਰਦੀ। ਨਵੇਂ ਨਮੂਨੇ ਦੀ ਅਥਲੈਟਿਕ ਕਿੱਟ ਤੇ ਸ਼ੋਖ਼ ਰੰਗਾਂ ਦੇ ਟਰੈਕ ਸੂਟ ਪਹਿਨਦੀ। ਜਦ ਦੌੜਦੀ ਤਾਂ ਉਹਦੇ ਚਾਰ ਇੰਚ ਲੰਮੇ ਨਹੁੰ ਪਾਲਸ਼ਾਂ ਵਾਲੇ ਤਿੱਖੇ ਨਹੁੰ ਹਵਾ ਨੂੰ ਚੀਰਦੇ ਤੇ ਕਾਲੇ ਸੰਘਣੇ ਵਾਲ ਧੌਣ ਪਿੱਛੇ ਉਡਦੇ ਜਾਂਦੇ। ਉਹਦੇ ਖੁੱਲ੍ਹੇ ਵਾਲਾਂ ਨੇ ਦੁਨੀਆ ਭਰ ਦੀਆਂ ਔਰਤਾਂ ਨੂੰ ਵਾਲ ਖੁੱਲ੍ਹੇ ਰੱਖਣ ਦੇ ਫੈਸ਼ਨਾਂ `ਚ ਪਾ ਦਿੱਤਾ। ਦੌੜਦਿਆਂ ਉਹਦੀ ਇਕ ਲੱਤ ਟਰੈਕ ਸੂਟ ਨਾਲ ਢਕੀ ਤੇ ਦੂਜੀ ਨੰਗੀ ਹੁੰਦੀ। ਬੁੱਲ੍ਹਾਂ `ਤੇ ਲਿਪਸਟਿਕ, ਦੋਹਾਂ ਹੱਥਾਂ ਦੀਆਂ ਉਂਗਲਾਂ `ਚ ਛਾਪਾਂ ਛੱਲੇ, ਬਾਹਾਂ `ਚ ਚੂੜੀਆਂ ਤੇ ਕੰਨਾਂ `ਚ ਬੁੰਦੇ ਪਾਏ ਹੁੰਦੇ। ਸਿਓਲ ਦੀਆਂ ਓਲੰਪਿਕ ਖੇਡਾਂ ਵਿਚ ਫਲੋਅ ਜੋਅ ਵਿਸ਼ਵ ਮੀਡੀਏ ਦਾ ਸ਼ਿੰਗਾਰ ਬਣੀ ਰਹੀ। ਉਹਦੀਆਂ ਤਸਵੀਰਾਂ ਵਿਸ਼ਵ ਭਰ ਦੇ ਮੈਗਜ਼ੀਨਾਂ `ਚ ਛਪਦੀਆਂ ਰਹੀਆਂ।
ਉਸ ਦਾ ਜਨਮ ਕੈਲੇਫੋਰਨੀਆ ਦੇ ਸ਼ਹਿਰ ਲਾਸ ਏਂਜਲਸ ਦੀ ਬਸਤੀ ਲਿਟਰਲੌਕ ਵਿਚ ਬਿਜਲੀ ਮਕੈਨਿਕ ਰੌਬਰਟ ਤੇ ਫਲੋਰੈਂਸ ਗ੍ਰਿਫ਼ਥ ਦੇ ਘਰ 21 ਦਸੰਬਰ 1959 ਨੂੰ ਹੋਇਆ। ਉਹ 11 ਭੈਣ ਭਾਈਆਂ `ਚ 7ਵੇਂ ਥਾਂ ਜੰਮੀ ਸੀ। ਉਸ ਦਾ ਨਾਂ ਫਲੋਰੈਂਸ ਡਲੋਰੇਜ਼ ਗ੍ਰਿਫ਼ਥ ਰੱਖਿਆ ਗਿਆ। ਉਹ 7ਵੇਂ ਸਾਲ ਦੀ ਉਮਰ ਵਿਚ ਦੌੜਨ ਲੱਗ ਪਈ। 14ਵੇਂ ਸਾਲ ਵਿਚ ਉਸ ਨੇ ਜੈਸੀ ਓਵੇਂਸ ਨੈਸ਼ਨਲ ਯੂਥ ਗੇਮਜ਼ ਵਿਚ ਦੌੜਾਂ ਜਿੱਤੀਆਂ। ਉਹ ਜੌਰਡਨ ਹਾਈ ਸਕੂਲ ਲਾਸ ਏਂਜਲਸ ਦੀ ਸਭ ਤੋਂ ਤਕੜੀ ਦੌੜਾਕ ਮੰਨੀ ਗਈ।
ਬਚਪਨ ਵਿਚ ਪਹਿਰਾਵੇ ਦੀ ਸ਼ੌਕੀਨ ਹੋਣ ਕਰਕੇ ਉਸ ਨੇ ਹੋਰਨਾਂ ਖਿਡਾਰਨਾਂ ਨੂੰ ਵੀ ਟਾਈਟ ਸੂਟ ਪਾਉਣ ਦੀ ਚੇਟਕ ਲਾ ਦਿੱਤੀ। 1978 ਵਿਚ ਉਹ ਕੈਲੇਫੋਰਨੀਆ ਸਟੇਟ ਮੀਟ ਵਿਚ 6ਵੇਂ ਥਾਂ ਰਹੀ। ਗ੍ਰੈਜੂਏਸ਼ਨ ਕਰਨ ਸਮੇਂ ਉਹ ਸਕੂਲ ਦੀ ਸਭ ਤੋਂ ਤੇਜ਼ ਦੌੜਾਕ ਤੋਂ ਲੰਮੀ ਛਾਲ ਲਾਉਣ ਵਾਲੀ ਅਥਲੀਟ ਸੀ। ਫਿਰ ਉਹ ਨੌਰਥਰਿਜ ਦੀ ਕੈਲੇਫੋਰਨੀਆ ਯੂਨੀਵਰਸਿਟੀ ਵਿਚ ਚਲੀ ਗਈ ਜਿੱਥੇ ਉਸ ਨੂੰ ਕੋਚ ਬੌਬ ਕਰਸੀ ਮਿਲ ਗਿਆ। ਕੋਚਿੰਗ ਨਾਲ ਉਹ ਯੂਨੀਵਰਸਿਟੀ ਦੀ ਟੀਮ ਵਿਚ ਆ ਗਈ ਜਿਸ ਵਿਚ ਹੋਰ ਵੀ ਤਕੜੀਆਂ ਅਥਲੀਟ ਸ਼ਾਮਲ ਸਨ। ਪਹਿਲੇ ਸਾਲ ਹੀ ਉਨ੍ਹਾਂ ਨੇ ਨੈਸ਼ਨਲ ਚੈਂਪੀਅਨਸ਼ਿਪ ਜਿੱਤ ਲਈ। ਪਿੱਛੇ ਪਰਿਵਾਰ ਦਾ ਗੁਜ਼ਾਰਾ ਤੋਰੀ ਰੱਖਣ ਲਈ ਉਸ ਨੂੰ ਕੁਝ ਸਮਾਂ ਯੂਨੀਵਰਸਿਟੀ ਛੱਡਣੀ ਪਈ ਅਤੇ ਬੈਂਕ ਦੀ ਨੌਕਰੀ ਕਰਨੀ ਪਈ। ਫਿਰ ਉਸ ਨੂੰ ਵਜ਼ੀਫਾ ਮਿਲ ਗਿਆ। ਉਹ ਯੂਨੀਵਰਸਿਟੀ ਆਫ਼ ਕੈਲੇਫੋਰਨੀਆ, ਲਾਸ ਏਂਜਲਸ ਵਿਚ ਦਾਖਲ ਹੋ ਗਈ ਜਿੱਥੇ ਕੋਚ ਬੌਬ ਕਰਸੀ ਹੀ ਕੋਚਿੰਗ ਦਿੰਦਾ ਸੀ।
ਉਤੋਂ 1980 ਦੀਆਂ `ਚ ਓਲੰਪਿਕ ਖੇਡਾਂ ਲਈ ਟਰਾਇਲ ਆ ਗਏ। ਪਰ ਅਮਰੀਕਾ ਨੇ ਮਾਸਕੋ ਦੀਆਂ ਓਲੰਪਿਕ ਖੇਡਾਂ ਦਾ ਬਾਈਕਾਟ ਕਰ ਦਿੱਤਾ। 1983 ਵਿਚ ਗ੍ਰਿਫ਼ਥ ਨੇ ਮਨੋਵਿਗਿਆਨ ਦੇ ਵਿਸ਼ੇ ਵਿਚ ਬੈਚਲਰ ਦੀ ਡਿਗਰੀ ਹਾਸਲ ਕਰ ਲਈ। 1983 ਵਿਚ ਹੀ ਅਥਲੈਟਿਕਸ ਦੀ ਵਰਲਡ ਚੈਂਪੀਅਨਸ਼ਿਪ ਲਈ ਟਰਾਇਲ ਹੋਏ ਤਾਂ ਉਹ 200 ਮੀਟਰ ਦੌੜ ਵਿਚ ਚੌਥਾ ਸਥਾਨ ਲੈ ਸਕੀ। ਪਰ 1984 ਵਿਚ ਲਾਸ ਏਂਜਲਸ ਵਿਖੇ ਓਲੰਪਿਕ ਦੇ ਟਰਾਇਲਾਂ ਸਮੇਂ 200 ਮੀਟਰ ਦੌੜ ਵਿਚ ਦੂਜੇ ਥਾਂ ਆਈ ਜਿਸ ਨਾਲ ਅਮਰੀਕਾ ਦੀ ਟੀਮ ਵਿਚ ਚੁਣੀ ਗਈ। ਉਦੋਂ ਓਲੰਪਿਕ ਖੇਡਾਂ ਲਾਸ ਏਂਜਲਸ ਵਿਚ ਹੀ ਹੋਣੀਆਂ ਸਨ। ਉਥੇ ਉਸ ਨੇ 200 ਮੀਟਰ ਦੌੜ ਵਿਚ ਸਿਲਵਰ ਮੈਡਲ ਜਿੱਤ ਲਿਆ ਜਿਸ ਨਾਲ ਉਹਦੇ ਫੈਸ਼ਨਾਂ ਦੀ ਵੀ ਮਸ਼ਹੂਰੀ ਹੋਣੀ ਸ਼ੁਰੂ ਹੋ ਗਈ।
1984 ਦੀਆਂ ਓਲੰਪਿਕ ਖੇਡਾਂ ਪਿੱਛੋਂ ਉਸ ਦਾ ਧਿਆਨ ਕੁਝ ਸਮਾਂ ਸਰਗਰਮ ਦੌੜਾਂ ਵੱਲੋਂ ਹਟਿਆ ਰਿਹਾ ਜਿਸ ਕਰਕੇ 1985 ਵਿਚ ਅਮਰੀਕਾ ਦੀ ਨੈਸ਼ਨਲ ਅਥਲੈਟਿਕਸ ਚੈਂਪੀਅਨਸ਼ਿਪ `ਚ ਭਾਗ ਹੀ ਨਾ ਲਿਆ। ਉਹ ਮੁੜ ਬੈਂਕ ਵਿਚ ਕੰਮ ਕਰਨ ਲੱਗੀ। 1987 ਵਿਚ ਉਸ ਨੇ ਅਲ ਜੋਏਨਰ ਨਾਲ ਵਿਆਹ ਕਰਵਾ ਲਿਆ। ਉਹ ਲਾਸ ਏਂਜਲਸ ਦੀਆਂ ਓਲੰਪਿਕ ਖੇਡਾਂ `ਚ ਤੀਹਰੀ ਛਾਲ ਦਾ ਚੈਂਪੀਅਨ ਸੀ। ਫਿਰ ਉਹੀ ਉਸ ਦਾ ਕੋਚ ਬਣ ਗਿਆ। ਉਦੋਂ ਤੋਂ ਜੋਏਨਰ ਨਾਂ ਉਹਦੇ ਨਾਲ ਜੁੜ ਗਿਆ ਤੇ ਉਹ ‘ਫਲੋਅ ਜੋਅ’ ਕਹੀ ਜਾਣ ਲੱਗੀ। ਅਪ੍ਰੈਲ 1987 ਤੋਂ ਉਹ ਨਿੱਠ ਕੇ ਪ੍ਰੈਕਟਿਸ ਕਰਨ ਲੱਗੀ ਕਿਉਂਕਿ ਉਹਦੇ ਸਹੁਰੇ ਪਰਿਵਾਰ ਦੇ ਕੁਝ ਮੈਂਬਰ ਪਹਿਲਾਂ ਹੀ ਓਲੰਪਿਕ ਚੈਂਪੀਅਨ ਸਨ। ਚਾਰ ਮਹੀਨੇ ਬਾਅਦ 1987 ਦੀ ਵਰਲਡ ਚੈਂਪੀਅਨਸ਼ਿਪ ਰੋਮ ਵਿਚ ਹੋਈ। ਉਥੇ ਉਹ 200 ਮੀਟਰ ਦੌੜ ਦਾ ਸਿਲਵਰ ਮੈਡਲ ਜਿੱਤ ਗਈ ਜਿਸ ਨਾਲ ਟ੍ਰੈਕ ਐਂਡ ਫੀਲਡ ਨਿਊਜ਼ ਦੀ ਵਰਲਡ ਰੈਂਕਿੰਗ ਵਿਚ ਆ ਗਈ।
1988 ਦੀਆਂ ਓਲੰਪਿਕ ਖੇਡਾਂ ਦੇ ਟਰਾਇਲਾਂ ਤੋਂ ਪਹਿਲਾਂ ਗ੍ਰਿਫ਼ਥ ਜੋਏਨਰ ਨੇ ਆਪਣੇ ਪਤੀ ਅਲ ਜੋਏਨਰ ਤੇ ਨਣਦੋਈਏ ਬੌਬ ਕਰਸੀ ਦੋਹਾਂ ਤੋਂ ਕੋਚਿੰਗ ਲਈ। ਹਫ਼ਤੇ ਦੇ ਦੋ ਦਿਨ ਕਰਸੀ ਕੋਚਿੰਗ ਦਿੰਦਾ ਤੇ ਤਿੰਨ ਦਿਨ ਜੋਏਨਰ। ਨਤੀਜਾ ਇਹ ਨਿਕਲਿਆ ਕਿ ਕਲੋਗਨ ਦੀ ਟ੍ਰੈਕ ਐਂਡ ਫੀਲਡ ਮੀਟ ਵਿਚ ਫਲੋਅ ਜੋਅ 100 ਮੀਟਰ ਦੌੜ 10.96 ਸੈਕੰਡ ਵਿਚ ਦੌੜ ਗਈ। ਹੋਰ ਮਿਹਨਤ ਨਾਲ ਉਹਦੀ ਦੌੜ ਹੋਰ ਤੇਜ਼ ਹੋ ਗਈ। 25 ਜੂਨ, 1988 ਨੂੰ ਸੈਨ ਡਿਆਗੋ ਵਿਚ ਉਹ 10.89 ਸੈਕੰਡ ਦਾ ਸਮਾਂ ਕੱਢ ਗਈ। ਵੱਡੀ ਹੈਰਾਨੀ ਸਿਓਲ ਦੀਆਂ ਓਲੰਪਿਕ ਖੇਡਾਂ ਲਈ ਟਰਾਇਲਾਂ ਸਮੇਂ ਹੋਈ। ਟਰਾਇਲਾਂ ਦੀ ਕੁਆਰਟਰ ਫਾਈਨਲ ਦੌੜ ਵਿਚ ਉਸ ਨੇ 100 ਮੀਟਰ ਦੌੜ 10.49 ਸੈਕੰਡ ਵਿਚ ਲਾ ਕੇ ਦੁਨੀਆ ਦੰਗ ਕਰ ਦਿੱਤੀ। ਉਸਨੇ ਨਾ ਸਿਰਫ਼ ਓਲੰਪਿਕ ਖੇਡਾਂ ਲਈ ਕੁਆਲੀਫਾਈ ਕੀਤਾ ਬਲਕਿ 10.76 ਸੈਕੰਡ ਦਾ ਪੁਰਾਣਾ ਵਿਸ਼ਵ ਰਿਕਾਰਡ ਤੋੜ ਕੇ ਨਵਾਂ ਵਿਸ਼ਵ ਰਿਕਾਰਡ ਸਿਰਜ ਦਿੱਤਾ! ਟਰਾਇਲ ਦੋ ਦਿਨ ਚੱਲੇ ਜਿਨ੍ਹਾਂ `ਚ ਉਹ ਤਿੰਨ ਵਾਰ ਦੌੜੀ। ਤਿੰਨੇ ਵਾਰ ਉਸ ਨੇ ਵਿਸ਼ਵ ਰਿਕਾਰਡ ਤੋੜੇ ਤੇ 200 ਮੀਟਰ ਦੌੜ 21.77 ਸੈਕੰਡ ਵਿਚ ਲਾ ਕੇ ਨਵਾਂ ਅਮਰੀਕਨ ਰਿਕਾਰਡ ਬਣਾਇਆ।
ਟਰਾਇਲ ਦੇਣ ਉਪਰੰਤ ਉਸ ਨੂੰ ਕੁਝ ਸਮਾਂ ਕੋਚ ਕਰਸੀ ਦੀ ਕੋਚਿੰਗ ਤੋਂ ਲਾਂਭੇ ਹੋਣਾ ਪਿਆ। ਝਗੜਾ ਕੋਚ ਤੇ ਮੈਨੇਜਰ ਹੋਣ ਅਤੇ ਸਪਾਂਸਰਸ਼ਿਪ ਦਾ ਸੀ। ਉਸ ਵੇਲੇ ਵੱਡੀਆਂ ਉਮੀਦਾਂ ਸਨ ਕਿ ਫਲੋਅ ਜੋਅ ਓਲੰਪਿਕ ਖੇਡਾਂ `ਚੋਂ 100 ਤੇ 200 ਮੀਟਰ ਦੋਵੇਂ ਦੌੜਾਂ ਜਿੱਤੇਗੀ। ਦੱਖਣੀ ਕੋਰੀਆ ਦੇ ਸ਼ਹਿਰ ਸਿਓਲ ਵਿਚ ਸਭ ਦੀਆਂ ਅੱਖਾਂ ਫਲੋਅ ਜੋਅ `ਤੇ ਸਨ। ਉਹ ਜਿਧਰ ਜਾਂਦੀ ਫੋਟੋਗ੍ਰਾਫ਼ਰ ਉਧਰੇ ਉਲਰ ਪੈਂਦੇ। ਓਲਪਿਕ ਪਿੰਡ ਦੀ ਉਹ ਸਟਾਰ ਅਥਲੀਟ ਸੀ। ਦੌੜ ਮੁਕਾਬਲੇ ਸ਼ੁਰੂ ਹੋਏ ਤਾਂ ਉਹ ਹੀਟਾਂ, ਕੁਆਰਟਰ ਤੇ ਸੈਮੀ ਫਾਈਨਲ ਜਿੱਤ ਦੀ ਫਾਈਨਲ `ਚ ਪਹੁੰਚ ਗਈ। 100 ਮੀਟਰ ਦੀ ਫਾਈਨਲ ਦੌੜ ਉਹ 10.54 ਸੈਕੰਡ ਵਿਚ ਲਾ ਕੇ ਪ੍ਰਥਮ ਆਈ ਜਿਸ ਨਾਲ ਨਵਾਂ ਵਿਸ਼ਵ ਰਿਕਾਰਡ ਸਥਾਪਿਤ ਹੋ ਗਿਆ। 200 ਮੀਟਰ ਦੌੜ ਵਿਚ ਵੀ ਉਸ ਨੇ ਕਮਾਲਾਂ ਕਰ ਦਿੱਤੀਆਂ। ਫਾਈਨਲ ਦੌੜ 21.56 ਸੈਕੰਡ ਵਿਚ ਲਾ ਕੇ ਇਕ ਹੋਰ ਵਿਸ਼ਵ ਰਿਕਾਰਡ ਸਥਾਪਿਤ ਕਰ ਦਿੱਤਾ।
ਉਸ ਨੇ ਦੋ ਗੋਲਡ ਮੈਡਲ ਜਿੱਤ ਕੇ ਬੱਸ ਨਹੀਂ ਕੀਤੀ। ਉਹ ਦੋ ਰਿਲੇਅ ਦੌੜਾਂ ਵਿਚ ਵੀ ਦੌੜੀ। 4+100 ਮੀਟਰ ਰਿਲੇਅ ਦੌੜ ਵਿਚ ਸੋਨ ਤਗ਼ਮਾ ਜਿੱਤਿਆ ਜਦ ਕਿ 4+200 ਮੀਟਰ ਰਿਲੇਅ ਦੌੜ `ਚ ਚਾਂਦੀ ਦਾ ਤਗਮਾ ਉਹਦੇ ਹੱਥ ਲੱਗਾ। ਇਕੋ ਓਲੰਪਿਕਸ ਵਿਚੋਂ ਚਾਰ ਤਗ਼ਮੇ! ਉਦੋਂ ਤਕ ਹੋਈਆਂ ਓਲੰਪਿਕ ਖੇਡਾਂ ਵਿਚ ਔਰਤਾਂ ਦੀ ਅਥਲੈਟਿਕਸ ਵਿਚੋਂ ਕੇਵਲ ਫੈਨੀ ਬਲੈਂਕਰਜ਼-ਕੋਇਨ ਹੀ ਚਾਰ ਗੋਲਡ ਮੈਡਲ ਜਿੱਤ ਸਕੀ ਸੀ। ਸਿਓਲ ਵਿਚ ਭਾਵੇਂ ਕੁਝ ਹੋਰਨਾਂ ਖਿਡਾਰੀਆਂ ਨੇ ਵੀ ਕਮਾਲ ਦੇ ਜਲਵੇ ਵਿਖਾਏ ਪਰ ਵਧੇਰੇ ਚਰਚਾ ਫਲੋਅ ਜੋਅ ਦੀ ਹੀ ਹੋਈ। 1988 ਵਿਚ ਅਮਰੀਕਾ ਦਾ ਵਿਸ਼ੇਸ਼ ਜੇਮਜ਼ ਈ ਸੁਲੀਵਨ ਅਵਾਰਡ ਫਲੋਰੈਂਸ ਜੋਏਨਰ ਨੂੰ ਦਿੱਤਾ ਗਿਆ।
1988 ਦੀਆਂ ਜਿੱਤਾਂ ਨੇ ਫਲੋਅ ਜੋਅ ਲਈ ਸੰਭਾਵਨਾਵਾਂ ਦੇ ਅਨੇਕ ਦਰ ਖੋਲ੍ਹ ਦਿੱਤੇ। ਉਸ ਨੂੰ ਬਿਜ਼ਨਸ ਦੇ ਚੋਖੇ ਮੁਨਾਫੇ ਵਾਲੇ ਗੱਫੇ ਮਿਲਣ ਲੱਗੇ ਜਿਨ੍ਹਾਂ ਨਾਲ ਸਾਰੇ ਪਰਿਵਾਰ ਦੀ ਆਰਥਿਕ ਖੁਸ਼ਕੀ ਦੂਰ ਹੋ ਗਈ। ਕੁਝ ਹਫ਼ਤਿਆਂ ਵਿਚ ਹੀ ਉਹ ਮਿਲੀਅਨੇਅਰ ਬਣ ਗਈ। 1989 `ਚ ਉਸ ਨੇ ਦੌੜਾਂ ਨੂੰ ਅਲਵਿਦਾ ਆਖ ਦਿੱਤੀ। ਫਿਰ ਉਹ ਇੰਡੀਆਨਾ ਪੇਸਰਜ਼ ਐੱਨ ਬੀ ਏ ਨਾਲ ਬਾਸਕਟਬਾਲ ਖਿਡਾਰੀਆਂ ਦੀਆਂ ਕਿੱਟਾਂ ਦੇ ਡਿਜ਼ਾਈਨ ਬਣਾਉਣ ਲੱਗੀ। ਉਸ ਨੂੰ ਅਮਰੀਕਾ ਦੇ ਪ੍ਰੈਜ਼ੀਡੈਂਟ ਬਿੱਲ ਕਲਿੰਟਨ ਦੀ ਕੌਂਸਲ ਆਫ਼ ਫਿਜ਼ੀਕਲ ਫਿਟਨੈੱਸ ਦਾ ਕੋ-ਚੇਅਰਪਰਸਨ ਬਣਾ ਦਿੱਤਾ ਗਿਆ। ਉਸ ਦੀ ਇਕੋ ਧੀ ਹੈ, ਮੇਰੀ ਰੁਥ ਜੋਏਨਰ, ਜੋ 15 ਨਵੰਬਰ 1990 ਨੂੰ ਜੰਮੀ। ਮਾਂ ਬਣ ਕੇ ਉਹ ਸੋਪ ਓਪੇਰਾ ‘ਸਾਂਤਾ ਬਾਰਬਰਾ’ ਦੇ 227 ਐਪੀਸੋਡਾਂ `ਚੋਂ ਚਹੁੰ ਵਿਚ ਸ਼ਰੀਕ ਹੋਈ। 1996 ਵਿਚ ਉਹ ‘ਚਾਰਲੀ ਰੋਜ਼’ ਵਿਚ ਆਈ। ਉਤੋਂ ਐਟਲਾਂਟਾ ਦੀਆਂ ਓਲੰਪਿਕ ਖੇਡਾਂ ਆ ਰਹੀਆਂ ਸਨ। 100 ਤੇ 200 ਮੀਟਰ ਦੌੜਾਂ ਵਿਚ ਵਿਸ਼ਵ ਰਿਕਾਰਡ ਰੱਖਣ ਪਿੱਛੋਂ ਉਹਦੇ ਮਨ ਦੀ ਰੀਝ ਸੀ ਕਿ 400 ਮੀਟਰ ਦੌੜ ਦਾ ਵੀ ਵਿਸ਼ਵ ਰਿਕਾਰਡ ਰੱਖਾਂ। ਉਹਦੇ ਲਈ ਉਹ ਤਿਆਰੀ ਕਰਨ ਲੱਗੀ ਪਰ ਜੂਨ 1996 ਵਿਚ ਅਮਰੀਕਾ ਦੇ ਟਰਾਇਲਾਂ ਤੋਂ ਪਹਿਲਾਂ ਹੀ ਉਸ ਦੀ ਲੱਤ `ਚ ਪੱਠੇ ਦਾ ਦਰਦ ਸ਼ੁਰੂ ਹੋ ਗਿਆ। ਉਸ ਨੂੰ ਪ੍ਰੈਕਟਿਸ ਵਿਚੇ ਛੱਡਣੀ ਪਈ। ਉਦੋਂ ਉਸ ਦੀ ਉਮਰ 36 ਸਾਲ ਦੀ ਸੀ।
ਫਲੋਅ ਜੋਅ ਜਿੱਥੇ ਵਿਸ਼ਵ ਦੀ ਤੇਜ਼-ਤਰਾਰ ਦੌੜਾਕ ਵਜੋਂ ਜਾਣੀ ਜਾਂਦੀ ਹੈ ਉਥੇ ਉਸ ਦੇ ਬੋਲਡ ਫੈਸ਼ਨਾਂ ਨੇ ਵੀ ਉਸ ਨੂੰ ਫਿਲਮ ਸਟਾਰਾਂ ਵਰਗੀ ਮਸ਼ਹੂਰੀ ਬਖ਼ਸ਼ੀ। 1987 ਦੀ ਵਰਲਡ ਚੈਂਪੀਅਨਸ਼ਿਪ ਵਿਚ ਉਹ ਸਪੀਡ ਸਕੇਟਿੰਗ ਬਾਡੀ ਸੂਟ ਪਾ ਕੇ ਦੌੜੀ। ਉਹਦੇ ਸੂਟ ਸ਼ੋਖ ਰੰਗਾਂ ਦੇ ਹੁੰਦੇ। ਸਿਓਲ ਦੀਆਂ ਓਲੰਪਿਕ ਖੇਡਾਂ ਸਮੇਂ ਉਸ ਨੇ ਆਪਣੇ ਛੇ ਇੰਚੀ ਨਹੁੰ ਤਰਾਸ਼ ਕੇ ਚਾਰ ਇੰਚੀ ਕਰ ਲਏ ਸਨ। ਸਿਰ ਦੇ ਵਾਲ ਕਾਲੇ ਸੰਘਣੇ ਤੇ ਭਾਰੇ ਸਨ ਜੋ ਦੌੜਦਿਆਂ ਖੁੱਲ੍ਹੇ ਰੱਖਦੀ ਸੀ। ਖੇਡ ਮਾਹਿਰਾਂ ਅਨੁਸਾਰ ਜੇਕਰ ਉਹ ਸਾਦਗੀ ਨਾਲ ਦੌੜਦੀ ਤਾਂ ਉਸ ਦੇ ਰਿਕਾਰਡ ਹੋਰ ਵੀ ਬਿਹਤਰ ਹੁੰਦੇ।
ਉਹਦੇ ਮੁਕਾਬਲੇ `ਚ ਦੌੜਨ ਵਾਲੀਆਂ ਕੁਝ ਅਥਲੀਟਾਂ ਨੇ ਦੋਸ਼ ਲਾਏ ਸਨ ਕਿ ਉਹ ਪ੍ਰਫਾਰਮੈਂਸ ਵਧਾਉਣ ਵਾਲੇ ਸਟੀਰਾਏਡਜ਼ ਲੈਂਦੀ ਹੈ। ਉਨ੍ਹਾਂ ਨੂੰ ਵਿਸ਼ਵਾਸ ਨਹੀਂ ਸੀ ਆ ਰਿਹਾ ਕਿ ਕੁਝ ਕੁ ਮਹੀਨਿਆਂ ਵਿਚ ਹੀ ਉਹਦੀਆਂ ਦੌੜਾਂ ਦਾ ਸਮਾਂ ਐਨਾ ਕਿਵੇਂ ਆ ਗਿਆ! ਡੈਰਿਲ ਰੋਬਨਸਨ ਨੇ ਤਾਂ ਭੇਤ ਵੀ ਖੋਲ੍ਹ ਦਿੱਤਾ ਕਿ ਉਸ ਨੇ 10 ਮਿਲੀਮੀਟਰ ਦਾ ਗ੍ਰੋਥ ਹਾਰਮੋਨ ਉਸ ਨੂੰ 2000 ਡਾਲਰ ਵਿਚ ਵੇਚਿਆ ਸੀ। ਪਰ ਉਸ ਦੇ ਕੋਚ ਅਲ ਜੋਏਨਰ ਤੇ ਬੌਬ ਕਰਸੀ ਨੇ ਕਿਹਾ ਕਿ ਉਨ੍ਹਾਂ ਨੇ ਉਸ ਨੂੰ ਲੱਤਾਂ ਦੇ ਪੱਠੇ ਹੋਰ ਤਕੜੇ ਕਰਨ ਦੀ ਕੋਚਿੰਗ ਦਿੱਤੀ ਸੀ। ਫਲੋਅ ਜੋਅ ਦੇ ਇਕ ਵਾਰ ਨਹੀਂ, ਕਈ ਵਾਰ ਡੋਪ ਟੈਸਟ ਹੋਏ। ਉਹ ਕਦੇ ਵੀ ਪਾਜ਼ੇਟਿਵ ਨਹੀਂ ਆਈ ਭਾਵ ਡਰੱਗੀ ਨਹੀਂ ਸੀ ਨਿਕਲੀ।
ਉਹ ਚੰਗੀ ਭਲੀ ਸੀ ਕਿ 21 ਸਤੰਬਰ 1998 ਨੂੰ ਨੀਂਦ ਵਿਚ ਕੈਲੇਫੋਰਨੀਆ ਕੈਨੀਅਨ ਕਰੈਸਟ ਦੇ ਗੁਆਂਢ ਮਿਸ਼ਨ ਵੀਜੋ ਵਿਚ ਸਦੀਵੀ ਵਿਛੋੜਾ ਦੇ ਗਈ। ਉਸ ਦਾ ਨਾਂ ਹਾਲ ਆਫ਼ ਫੇਮ ਵਿਚ ਸ਼ਾਮਲ ਕੀਤਾ ਗਿਆ। ਜਿਸ ਸਕੂਲ ਵਿਚ ਉਹ ਪੜ੍ਹੀ ਸੀ ਉਹਦਾ ਨਾਂ 2000 ਵਿਚ ਫਲੋਰੈਂਸ ਗ੍ਰਿਫ਼ਥ ਜੋਏਨਰ ਐਲੀਮੈਂਟਰੀ ਸਕੂਲ ਰੱਖਿਆ ਗਿਆ। ਉਸ ਦੀ ਕਬਰ ਐਲ ਟੋਰੋ ਮੈਮੋਰੀਅਲ ਪਾਰਕ, ਲੇਕ ਫੋਰੈਸਟ, ਕੈਲੇਫੋਰਨੀਆ ਵਿਚ ਹੈ। ਉਸ ਨੇ ਪੰਜ ਮੈਡਲ ਓਲੰਪਿਕ ਖੇਡਾਂ `ਚੋਂ ਜਿੱਤੇ ਤੇ ਦੋ ਵਿਸ਼ਵ ਚੈਂਪੀਅਨਸ਼ਿਪਾਂ ਵਿਚੋਂ। ਸਾਰੇ ਮੈਡਲਾਂ ਦੀ ਗਿਣਤੀ ਤਾਂ ਸੌ ਤੋਂ ਵੀ ਵੱਧ ਹੋਵੇਗੀ। ਉਸ ਦੇ ਕਥਨ ਸਨ:
‘ਜਿਹੜੇ ਕਹਿੰਦੇ ਹਨ ਕਿ ਮੈਂ ਡੋਪਿੰਗ ਕਰਦੀ ਹਾਂ, ਉਹ ਹਰ ਹਫ਼ਤੇ ਮੈਨੂੰ ਚੈੱਕ ਕਰ ਸਕਦੇ ਹਨ। ਕਾਮਯਾਬੀ ਦੀ ਪੌੜੀ ਮਿਹਨਤ ਹੈ ਨਾ ਕਿ ਡਰੱਗ। ਜੇ ਤੁਸੀਂ ਮਰਦਾਂ ਵਾਂਗ ਦੌੜਨਾ ਹੈ ਤਾਂ ਮਰਦਾਂ ਜਿੰਨੀ ਸਖ਼ਤ ਮਿਹਨਤ ਕਰੋ। ਮੈਂ ਹਮੇਸ਼ਾਂ ਮੈਡਲ ਜਿੱਤਣ ਲਈ ਦੌੜੀ ਨਾ ਕਿ ਰਿਕਾਰਡ ਰੱਖਣ ਲਈ। ਸਖ਼ਤ ਮਿਹਨਤ ਦਾ ਕੋਈ ਸਾਨੀ ਨਹੀਂ ਹੁੰਦਾ। ਮੈਂ ਸਖ਼ਤ ਮਿਹਨਤ ਕੀਤੀ। ਵੀਹ ਸਾਲਾਂ ਤੋਂ ਵੱਧ ਟਰੈਕ ਵਿਚ ਰਹੀ। ਮੈਨੂੰ ਜਿੱਤਾਂ ਨਾਲੋਂ ਹਾਰਾਂ ਵੱਧ ਮਿਲੀਆਂ। ਦੌੜਨਾ ਮੇਰਾ ਸ਼ੁਗਲ ਰਿਹਾ। ਫਲੋਅ ਜੋਅ ਦੀਆਂ ਤੇਜ਼-ਤਰਾਰ ਦੌੜਾਂ ਤੇ ਭੜਕੀਲੇ ਫੈਸ਼ਨਾਂ ਨੇ ਜਿੱਥੇ ਉਸ ਦੇ ਉਪਾਸ਼ਕਾਂ ਨੂੰ ਖ਼ੁਸ਼ ਕੀਤਾ ਉਥੇ ਉਹਦੀ ਅਗਾਊਂ ਹੋਈ ਮੌਤ ਨੇ ਕਰੋੜਾਂ ਲੋਕਾਂ ਨੂੰ ਗ਼ਮਗ਼ੀਨ ਵੀ ਕੀਤਾ। ਉਹ ਸੱਚੀਂ ‘ਉਡਣ ਪਰੀ’ ਸੀ।