ਭਾਰਤ ਵੱਲੋਂ ਵਿਦੇਸ਼ਾਂ `ਚ ਬੈਠੇ ਖਾਲਿਸਤਾਨੀਆਂ `ਤੇ ਹੋਰ ਸਖਤੀ ਦੀ ਤਿਆਰੀ

ਨਵੀਂ ਦਿੱਲੀ: ਐਨ.ਆਈ.ਏ. ਵੱਲੋਂ ਅਤਿਵਾਦੀ ਐਲਾਨੇ ਗਏ ਗੁਰਪਤਵੰਤ ਸਿੰਘ ਪੰਨੂ ਦੀ ਜਾਇਦਾਦ ਜ਼ਬਤ ਕੀਤੇ ਜਾਣ ਤੋਂ ਬਾਅਦ ਭਾਰਤ ਸਰਕਾਰ ਨੇ ਹੁਣ ਏਜੰਸੀਆਂ ਨੂੰ ਅਜਿਹੇ ਹੋਰਾਂ ਅਨਸਰਾਂ ਦੀ ਸੰਪਤੀ ਦੀ ਸ਼ਨਾਖ਼ਤ ਕਰਨ ਲਈ ਕਿਹਾ ਹੈ ਜੋ ਭਾਰਤ ਨੂੰ ਲੋੜੀਂਦੇ ਹਨ ਤੇ ਬਾਹਰਲੇ ਮੁਲਕਾਂ ਵਿਚ ਬੈਠੇ ਹਨ।

ਮਾਮਲੇ ਨਾਲ ਜੁੜੇ ਸੂਤਰਾਂ ਮੁਤਾਬਕ ਸਰਕਾਰ ਨੇ ਏਜੰਸੀਆਂ ਨੂੰ ਬਾਹਰ ਬੈਠੇ ਅਜਿਹੇ ਅਨਸਰਾਂ ਦੀ ਜਾਇਦਾਦ ਦੀ ਸੂਚੀ ਬਣਾਉਣ ਲਈ ਕਹਿ ਦਿੱਤਾ ਹੈ। ਇਸ ਦੇ ਨਾਲ ਹੀ ਸਰਕਾਰ ਨੇ ਏਜੰਸੀਆਂ ਨੂੰ ਅਮਰੀਕਾ, ਬਰਤਾਨੀਆ, ਕੈਨੇਡਾ ਤੇ ਆਸਟਰੇਲੀਆ ਵਿਚ ਰਹਿ ਰਹੇ ਖਾਲਿਸਤਾਨੀ ਲੋਕਾਂ ਦੀ ਸ਼ਨਾਖ਼ਤ ਕਰ ਕੇ ਉਨ੍ਹਾਂ ਦੇ ‘ਓਵਰਸੀਜ ਸਿਟੀਜ਼ਨਸ਼ਿਪ ਆਫ ਇੰਡੀਆ` (ਓ.ਸੀ.ਆਈ.) ਕਾਰਡ ਰੱਦ ਕਰਨ ਬਾਰੇ ਕਿਹਾ ਹੈ ਤਾਂ ਕਿ ਉਹ ਭਾਰਤ ਨਾ ਆ ਸਕਣ। ਸੂਤਰਾਂ ਮੁਤਾਬਕ ਇਸ ਕਦਮ ਨਾਲ ਸਰਕਾਰ ਇਨ੍ਹਾਂ ਨੂੰ ਭਾਰਤ ਤੋਂ ਮਿਲਦੀ ਵਿੱਤੀ ਮਦਦ ਬੰਦ ਕਰਨਾ ਚਾਹੁੰਦੀ ਹੈ ਤੇ ਨਾਲ ਹੀ ਇਨ੍ਹਾਂ ਦਾ ਭਾਰਤ ਵਿਚ ਦਾਖਲਾ ਰੋਕਣਾ ਚਾਹੁੰਦੀ ਹੈ। ਸੂਤਰਾਂ ਮੁਤਾਬਕ ਸਰਕਾਰ ਨੇ ਅਮਰੀਕਾ, ਬਰਤਾਨੀਆ, ਕੈਨੇਡਾ, ਯੂ.ਏ.ਈ., ਪਾਕਿਸਤਾਨ ਤੇ ਹੋਰ ਮੁਲਕਾਂ ਵਿਚ ਫਰਾਰ ਹੋਏ 19 ਜਣਿਆਂ ਦੀ ਸੂਚੀ ਤਿਆਰ ਕੀਤੀ ਹੈ। ਇਸ ਵਿਚ ਬਰਤਾਨੀਆ ਬੈਠਾ ਪਰਮਜੀਤ ਸਿੰਘ ਪੰਮਾ, ਪਾਕਿਸਤਾਨ `ਚ ਬੈਠਾ ਵਧਾਵਾ ਸਿੰਘ ਬੱਬਰ ਉਰਫ ਚਾਚਾ, ਕੁਲਵੰਤ ਸਿੰਘ ਮੁਠੱਡਾ (ਬਰਤਾਨੀਆ), ਜੇ.ਐੱਸ ਧਾਲੀਵਾਲ (ਅਮਰੀਕਾ), ਸੁਖਪਾਲ ਸਿੰਘ (ਬਰਤਾਨੀਆ), ਹਰੀਤ ਸਿੰਘ ਉਰਫ ਰਾਣਾ ਸਿੰਘ (ਅਮਰੀਕਾ), ਸਰਬਜੀਤ ਸਿੰਘ ਬੇਨੂਰ (ਬਰਤਾਨੀਆ), ਕੁਲਵੰਤ ਸਿੰਘ (ਬਰਤਾਨੀਆ), ਹਰਜਾਪ ਸਿੰਘ (ਅਮਰੀਕਾ), ਰਣਜੀਤ ਸਿੰਘ ਨੀਟਾ (ਪਾਕਿਸਤਾਨ), ਗੁਰਮੀਤ ਸਿੰਘ ਉਰਫ ਬੱਗਾ, ਗੁਰਪ੍ਰੀਤ ਸਿੰਘ ਉਰਫ ਬਾਗੀ (ਬਰਤਾਨੀਆ), ਜਸਮੀਨ ਸਿੰਘ ਹਕੀਮਜਾਦਾ (ਯੂ.ਏ.ਈ.), ਗੁਰਜੰਟ ਸਿੰਘ ਢਿੱਲੋਂ (ਆਸਟਰੇਲੀਆ), ਜਸਬੀਰ ਸਿੰਘ ਰੋਡੇ (ਯੂਰਪ ਤੇ ਕੈਨੇਡਾ), ਅਮਰਦੀਪ ਸਿੰਘ ਪੁਰੇਵਾਲ (ਅਮਰੀਕਾ), ਜਤਿੰਦਰ ਸਿੰਘ ਗਰੇਵਾਲ (ਕੈਨੇਡਾ) ਦਪਿੰਦਰ ਜੀਤ (ਬਰਤਾਨੀਆ) ਤੇ ਐੱਸ ਹਿੰਮਤ ਸਿੰਘ (ਅਮਰੀਕਾ) ਸ਼ਾਮਲ ਹਨ।
ਸੂਤਰਾਂ ਮੁਤਾਬਕ ਇਨ੍ਹਾਂ ਦੀ ਸੰਪਤੀ ਯੂ.ਏ.ਪੀ.ਏ. ਦੀ ਧਾਰਾ 33(5) ਤਹਿਤ ਜ਼ਬਤ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਸੁਰੱਖਿਆ ਏਜੰਸੀਆਂ ਨੇ 11 ਜਣਿਆਂ ਦੀ ਸ਼ਨਾਖ਼ਤ ਕੀਤੀ ਸੀ, ਜਿਨ੍ਹਾਂ ਬਾਰੇ ਮੰਨਿਆ ਜਾ ਰਿਹਾ ਸੀ ਕਿ ਇਹ ਗੈਂਗਸਟਰ ਤੇ ਅਤਿਵਾਦੀ ਹਨ, ਤੇ ਇਸ ਵੇਲੇ ਕੈਨੇਡਾ, ਅਮਰੀਕਾ ਤੇ ਪਾਕਿਸਤਾਨ ਵਿਚ ਬੈਠੇ ਹਨ। ਸ਼ੱਕ ਜ਼ਾਹਿਰ ਕੀਤਾ ਗਿਆ ਸੀ ਕਿ ਇਨ੍ਹਾਂ ਵਿਚੋਂ 8 ਜਣੇ ਕੈਨੇਡਾ ਤੋਂ ਸਰਗਰਮੀਆਂ ਕਰ ਰਹੇ ਹਨ।
ਇਸ ਸੂਚੀ ਵਿਚ ਹਰਵਿੰਦਰ ਸੰਧੂ ਉਰਫ ਰਿੰਦਾ (ਪਾਕਿਸਤਾਨ), ਲਖਬੀਰ ਸਿੰਘ ਉਰਫ ਲੰਡਾ, ਸੁਖਦੂਲ ਸਿੰਘ ਉਰਫ ਸੁੱਖਾ ਦੁਨੇਕੇ (ਜੋ ਕਿ ਤਿੰਨ ਦਿਨ ਪਹਿਲਾਂ ਮਾਰਿਆ ਗਿਆ ਸੀ), ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ, ਰਮਨਦੀਪ ਸਿੰਘ ਉਰਫ ਰਮਨ ਜੱਜ, ਚਰਨਜੀਤ ਸਿੰਘ ਉਰਫ ਰਿੰਕੂ ਬੀਹਲਾ, ਸਨਾਵਰ ਢਿੱਲੋਂ ਤੇ ਗੁਰਪਿੰਦਰ ਸਿੰਘ ਉਰਫ ਬਾਬਾ ਡੱਲਾ ਸ਼ਾਮਲ ਹਨ। ਸੂਚੀ ਵਿਚ ਗੈਂਗਸਟਰ-ਦਹਿਸ਼ਤਗਰਦ ਗੌਰਵ ਪਟਿਆਲ ਲੱਕੀ ਤੇ ਅਨਮੋਲ ਬਿਸ਼ਨੋਈ ਦਾ ਨਾਂ ਵੀ ਹੈ ਤੇ ਮੰਨਿਆ ਜਾ ਰਿਹਾ ਹੈ ਕਿ ਇਹ ਅਮਰੀਕਾ ਵਿਚ ਹਨ।
ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਇਸ ਕਾਰਵਾਈ ਨਾਲ ਭਾਰਤ ਵਿਚ ਇਨ੍ਹਾਂ ਦੀਆਂ ਸਰਗਰਮੀਆਂ ਰੋਕਣਾ ਚਾਹੁੰਦੀ ਹੈ ਤਾਂ ਕਿ ਇਹ ਇੱਥੇ ਹੋਰਾਂ ਨੌਜਵਾਨਾਂ ਨੂੰ ਗੁਮਰਾਹ ਕਰ ਕੇ ਆਪਣੇ ਨਾਲ ਨਾ ਜੋੜ ਸਕਣ, ਤੇ ਨੌਜਵਾਨ ਕੱਟੜਵਾਦ ਦੇ ਰਾਹ ਪੈਣ ਤੋਂ ਬਚ ਸਕਣ। ਸੂਤਰਾਂ ਦਾ ਕਹਿਣਾ ਹੈ ਕਿ ਪੰਨੂ ਕੇਸ ਵਿਚ ਐਨ.ਆਈ.ਏ. ਦੀ ਜਾਂਚ ‘ਚ ਖੁਲਾਸਾ ਹੋਇਆ ਹੈ ਕਿ ‘ਸਿੱਖਸ ਫਾਰ ਜਸਟਿਸ‘ ਸੰਗਠਨ ਸਾਈਬਰਸਪੇਸ ਦੀ ਵਰਤੋਂ ਕਰ ਕੇ ਨੌਜਵਾਨਾਂ ਨੂੰ ਕੱਟੜਵਾਦ ਵੱਲ ਤੋਰਨ ਤੇ ਅਪਰਾਧ ਕਰਨ ਲਈ ਭੜਕਾ ਰਿਹਾ ਹੈ। ਦੱਸਣਯੋਗ ਹੈ ਕਿ ‘ਸਿੱਖਸ ਫਾਰ ਜਸਟਿਸ‘ ਉਤੇ ਭਾਰਤ ਵਿਚ ਪਾਬੰਦੀ ਹੈ।
ਭਾਰਤ ਨੇ ਕੈਨੇਡਾ ਵਿਚ ਵੀਜ਼ਾ ਸੇਵਾਵਾਂ ਰੋਕੀਆਂ
ਨਵੀਂ ਦਿੱਲੀ: ਕੂਟਨੀਤਕ ਟਕਰਾਅ ਦਰਮਿਆਨ ਭਾਰਤ ਨੇ ਕੈਨੇਡਾ ਵਿਚ ਆਪਣੀਆਂ ਵੀਜ਼ਾ ਸੇਵਾਵਾਂ ਆਰਜ਼ੀ ਤੌਰ ‘ਤੇ ਮੁਅੱਤਲ ਕਰ ਦਿੱਤੀਆਂ ਹਨ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਕਿਹਾ ਕਿ ਕੈਨੇਡਾ ਵਿਚ ਭਾਰਤੀ ਹਾਈ ਕਮਿਸ਼ਨ ਤੇ ਕੌਂਸੁਲੇਟਾਂ ਨੂੰ ਸੁਰੱਖਿਆ ਕਾਰਨਾਂ ਕਰਕੇ ਵੀਜ਼ਾ ਅਰਜ਼ੀਆਂ ਦੇ ਅਮਲ ਵਿਚ ਮੁਸ਼ਕਲਾਂ ਆ ਰਹੀਆਂ ਸਨ, ਜਿਸ ਕਰਕੇ ਸੇਵਾਵਾਂ ਨੂੰ ਮੁਅੱਤਲ ਕਰਨਾ ਪਿਆ ਹੈ। ਇਸ ਦੌਰਾਨ ਭਾਰਤ ਨੇ ਕੈਨੇਡਾ ਨੂੰ ਨਵੀਂ ਦਿੱਲੀ ਵਿਚ ਆਪਣੀ ਕੂਟਨੀਤਕ ਮੌਜੂਦਗੀ ਘਟਾਉਣ ਲਈ ਕਿਹਾ ਹੈ।
ਕੈਨੇਡਾ ਨੇ ਕੋਈ ਖਾਸ ਜਾਣਕਾਰੀ ਸਾਂਝੀ ਨਹੀਂ ਕੀਤੀ: ਭਾਰਤ
ਨਵੀਂ ਦਿੱਲੀ: ਕੈਨੇਡਾ ਵੱਲੋਂ ਇਸ ਮਾਮਲੇ ਵਿਚ ਕੋਈ ਸੂਚਨਾ ਭਾਰਤ ਨਾਲ ਸਾਂਝੀ ਕੀਤੇ ਜਾਣ ਬਾਰੇ ਪੁੱਛਣ ‘ਤੇ ਨਵੀਂ ਦਿੱਲੀ ਵਿਚ ਵਿਦੇਸ਼ ਮੰਤਰਾਲੇ ਨੇ ਕਿਹਾ, ‘ਕੈਨੇਡਾ ਨੇ ਇਸ ਮਾਮਲੇ ‘ਤੇ ਉਦੋਂ ਜਾਂ ਉਸ ਤੋਂ ਪਹਿਲਾਂ ਜਾਂ ਬਾਅਦ ਵਿਚ ਕੋਈ ਖਾਸ ਜਾਣਕਾਰੀ ਸਾਂਝੀ ਨਹੀਂ ਕੀਤੀ। ਤੁਸੀਂ ਜਾਣਦੇ ਹੋ, ਜਿਵੇਂ ਅਸੀਂ ਪਹਿਲਾਂ ਵੀ ਕਿਹਾ ਹੈ ਤੇ ਸਪੱਸ਼ਟ ਕੀਤਾ ਹੈ ਕਿ ਅਸੀਂ ਕਿਸੇ ਵੀ ਵਿਸ਼ੇਸ਼ ਸੂਚਨਾ ਉਤੇ ਵਿਚਾਰ ਕਰਨ ਲਈ ਤਿਆਰ ਹਾਂ।‘ ਗੌਰਤਲਬ ਹੈ ਕਿ ਟਰੂਡੋ ਦੇ ਦੋਸ਼ਾਂ ਮਗਰੋਂ ਦੋਵਾਂ ਮੁਲਕਾਂ ਦਰਮਿਆਨ ਕੂਟਨੀਤਕ ਟਕਰਾਅ ਸਿਖਰਾਂ ‘ਤੇ ਹੈ।