ਕੈਨੇਡਾ-ਭਾਰਤ ਵਿਵਾਦ: ‘ਵਿਸ਼ਵ ਗੁਰੂ’ ਦੀ ਪਰਖ ਦਾ ਵੇਲਾ

ਚੰਡੀਗੜ੍ਹ: ਕੈਨੇਡਾ ਵਿਚ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਬਾਰੇ ਹੋ ਰਹੇ ਇਕ ਤੋਂ ਬਾਅਦ ਇਕ ਖੁਲਾਸਿਆਂ ਪਿੱਛੋਂ ਭਾਰਤ ਸਰਕਾਰ ਕਸੂਤੀ ਘਿਰਦੀ ਨਜ਼ਰ ਆ ਰਹੀ ਹੈ। ਭਾਰਤ ਉਤੇ ਜਿਥੇ ਕੌਮਾਂਤਰੀ ਦਬਾਅ ਲਗਾਤਾਰ ਵਧ ਰਿਹਾ ਹੈ, ਉਥੇ ਮੁਲਕ (ਭਾਰਤ) ਵਿਚ ਵੀ ਇਸ ‘ਸਾਜ਼ਿਸ਼`

ਤੋਂ ਪਰਦਾ ਚੁੱਕਣ ਦੀ ਮੰਗ ਜ਼ੋਰ ਫੜਨ ਲੱਗੀ ਹੈ। ਉਧਰ, ਅਮਰੀਕਾ ਨੇ ਮੁੜ ਦੁਹਰਾਇਆ ਹੈ ਕਿ ਸੱਚ ਨੂੰ ਸਾਹਮਣੇ ਲਿਆਏ ਬਿਨਾ ਨਹੀਂ ਸਰਨਾ, ਨਿੱਝਰ ਦੇ ਕਤਲ ਦੇ ਮਾਮਲੇ `ਚ ਕੈਨੇਡਾ ਦੀ ਜਾਂਚ ਅੱਗੇ ਵਧਣੀ ਚਾਹੀਦੀ ਹੈ ਅਤੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿਚ ਲਿਆਂਦਾ ਜਾਣਾ ਚਾਹੀਦਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਯੂ.ਐਨ. ਵਿਚ ਵੀ ਇਸ ਮੁੱਦੇ ਨੂੰ ਖੁੱਲ੍ਹ ਕੇ ਚੁੱਕਿਆ ਹੈ।
ਇਸੇ ਦੌਰਾਨ ਪਿਛਲੇ ਕੁਝ ਮਹੀਨਿਆਂ ਵਿਚ ਵੱਖ-ਵੱਖ ਮੁਲਕਾਂ ਵਿਚ ਖਾਲਿਸਤਾਨ ਦੀ ਮੰਗ ਨੂੰ ਲੈ ਕੇ ਸਰਗਰਮ ਸਿੱਖ ਆਗੂਆਂ ਦੀਆਂ ਹੱਤਿਆਵਾਂ ਪਿੱਛੇ ਵੀ ਭਾਰਤ ਦਾ ਹੱਥ ਹੋਣ ਦੀ ਚਰਚਾ ਤੇਜ਼ ਹੋ ਗਈ ਹੈ। ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ ਅਤੇ ਯੂ.ਕੇ. ਵਿਚ ਅਵਤਾਰ ਸਿੰਘ ਖੰਡਾ ਦੀ ਮੌਤ ਬਾਰੇ ਸਥਿਤੀ ਸਪਸ਼ਟ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ। ਹੁਣ ਇਹ ਖੁਫੀਆ ਜਾਣਕਾਰੀ ਵੀ ਸਾਹਮਣੇ ਆ ਗਈ ਹੈ ਕਿ ਨਿੱਝਰ ਦੀ ਹੱਤਿਆ ਪਿੱਛੋਂ ਕਈ ਹੋਰ ਸਰਗਰਮ ਖਾਲਿਸਤਾਨੀਆਂ ਦੀ ਹੱਤਿਆ ਦੀ ਵੀ ਤਿਆਰੀ ਸੀ। ਇਹ ਗੱਲ ਵੀ ਸਾਹਮਣੇ ਆਈ ਹੈ ਕਿ ਨਿੱਝਰ ਦੀ ਹੱਤਿਆ ਬਾਰੇ ਅਮਰੀਕਾ ਨੇ ਕੈਨੇਡਾ ਨੂੰ ਖੁਫੀਆ ਜਾਣਕਾਰੀ ਮੁਹੱਈਆ ਕਰਵਾਈ ਸੀ।
ਅਮਰੀਕੀ ਸੂਹੀਆ ਏਜੰਸੀ ਐਫ.ਬੀ.ਆਈ. ਨੇ ਇਸ ਹੱਤਿਆ ਪਿੱਛੋਂ ਮੁਲਕ ਵਿਚ ਰਹਿੰਦੇ ਕੁਝ ਸਿੱਖ ਆਗੂਆਂ ਕੋਲ ਪਹੁੰਚ ਕਰ ਕੇ ਚੌਕਸ ਕੀਤਾ ਸੀ। ਅਜਿਹੇ ਖੁਲਾਸਿਆਂ ਪਿੱਛੋਂ ਦੇਸ਼-ਵਿਦੇਸ਼ ਵਿਚ ਵੱਸਦੇ ਸਿੱਖਾਂ ਵਿਚ ਰੋਹ ਹੈ। ਕੈਨੇਡਾ ਸਣੇ ਹੋਰ ਕਈ ਮੁਲਕਾਂ ਵਿਚ ਵੱਸਦੇ ਸਿੱਖਾਂ ਵੱਲੋਂ ਜਿਥੇ ਭਾਰਤੀ ਕੌਂਸਲਖਾਨਿਆਂ ਨੂੰ ਘੇਰਨ ਦੀ ਯੋਜਨਾ ਬਣਾਈ ਜਾ ਰਹੀ ਹੈ, ਉਥੇ ਭਾਰਤ ਵਿਚ ਵੀ ਰੋਸ ਵਧ ਰਿਹਾ ਹੈ। ਅਕਾਲੀ ਦਲ (ਅੰਮ੍ਰਿਤਸਰ) ਨੇ ਪਹਿਲੀ ਅਕਤੂਬਰ ਨੂੰ ਤਖਤ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਲੈ ਕੇ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਤੱਕ ਕੌਮੀ ਇਨਸਾਫ ਮਾਰਚ ਕਰਨ ਦਾ ਐਲਾਨ ਕੀਤਾ। ਪੰਜਾਬ ਦੀਆਂ ਸਿਆਸੀ ਧਿਰਾਂ ਵੀ ਜ਼ੋਰ-ਸ਼ੋਰ ਨਾਲ ਮੰਗ ਕਰਨ ਲੱਗੀਆਂ ਹਨ ਕਿ ਮੋਦੀ ਸਰਕਾਰ ਟਰੂਡੋ ਵੱਲੋਂ ਲਾਏ ਗਏ ਦੋਸ਼ਾਂ ਬਾਰੇ ਸਪਸ਼ਟ ਕਰੇ। ਸਿੱਖ ਜਥੇਬੰਦੀਆਂ ਵੱਲੋਂ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਉਹ ਦੇਸ਼ ਵਿਦੇਸ਼ ਦੇ ਸਿੱਖਾਂ ਨਾਲ ਸਬੰਧਤ ਅਜਿਹੇ ਮਾਮਲਿਆਂ ਸਬੰਧੀ ਸੁਹਿਰਦ ਪਹੁੰਚ ਅਪਣਾਵੇ ਅਤੇ ਸਿੱਖਾਂ ਅੰਦਰ ਬੇਵਿਸ਼ਵਾਸੀ ਵਾਲਾ ਮਾਹੌਲ ਨਾ ਬਣਨ ਦੇਵੇ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਇਸ ਮਾਮਲੇ ਨੂੰ ਸੰਜੀਦਾ ਵਿਚਾਰ ਦੇ ਏਜੰਡੇ ‘ਤੇ ਲਿਆਉਣਾ ਚਾਹੀਦਾ ਹੈ। ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਮੰਗ ਕੀਤੀ ਹੈ ਕਿ ਕੈਨੇਡਾ ਸਰਕਾਰ ਵੱਲੋਂ ਲਾਏ ਗਏ ਇਲਜ਼ਾਮਾਂ ਬਾਰੇ ਭਾਰਤ ਸਰਕਾਰ ਆਪਣੀ ਸਥਿਤੀ ਸਪਸ਼ਟ ਕਰੇ ਅਤੇ ਸਮੁੱਚੇ ਸੰਸਾਰ ਵਿਚ ਵਸਦੇ ਸਿੱਖਾਂ ਦੀ ਜਾਨ-ਮਾਲ ਦੀ ਰਾਖੀ ਵੀ ਯਕੀਨੀ ਬਣਾਵੇ।
ਜਾਣਕਾਰੀ ਮਿਲੀ ਹੈ ਕਿ ਭਾਵੇਂ ‘ਵਿਸ਼ਵ ਗੁਰੂ` ਦਾ ਦਮ ਭਰਨ ਵਾਲੇ ਨਰਿੰਦਰ ਮੋਦੀ ਨੇ ਇਸ ਮਸਲੇ ਉਤੇ ਚੁੱਪ ਧਾਰੀ ਹੋਈ ਹੈ ਪਰ ਭਾਰਤ ਨੇ ਅੰਦਰੋਂ ਅੰਦਰੀ ਅਮਰੀਕਾ ਸਣੇ ਹੋਰਨਾਂ ਮੁਲਕਾਂ ਤੱਕ ਪਹੁੰਚ ਕੀਤੀ ਹੈ। ਇਨ੍ਹਾਂ ਮੁਲਕਾਂ ਤੱਕ ਰਸਾਈ ਦਾ ਮੁੱਖ ਮੰਤਵ ਟਰੂਡੋ ਨੂੰ ਆਪਣੇ ਦੋਸ਼ਾਂ ਨੂੰ ਆਲਮੀ ਪੱਧਰ `ਤੇ ਪ੍ਰਚਾਰਨ ਤੋਂ ਰੋਕਣਾ ਹੈ। ਭਾਰਤੀ ਕੂਟਨੀਤਕਾਂ ਨੇ ਯੂ.ਕੇ., ਫਰਾਂਸ ਤੇ ਜਰਮਨੀ ਤੱਕ ਪਹੁੰਚ ਕਰਦਿਆਂ ਸਾਫ ਕਰ ਦਿੱਤਾ ਕਿ ਕੈਨੇਡਾ ਜਦੋਂ ਤੱਕ ਉਪਰੋਕਤ ਦੋਸ਼ਾਂ ਸਬੰਧੀ ਪੁਖਤਾ ਜਾਣਕਾਰੀ ਮੁਹੱਈਆ ਨਹੀਂ ਕਰਵਾਉਂਦਾ, ਉਦੋਂ ਤੱਕ ਇਸ ਮਾਮਲੇ ਵਿਚ ਸਹਿਯੋਗ ਕਰਨਾ ਸੰਭਵ ਨਹੀਂ ਹੈ।
ਅਮਰੀਕਾ ਨੇ ਹਾਲਾਂਕਿ ਲੰਘੇ ਦਿਨ ਕਿਹਾ ਸੀ ਕਿ ਉਹ ਨਿੱਝਰ ਦੀ ਹੱਤਿਆ ਵਿਚ ਭਾਰਤ ਦੀ ਸ਼ਮੂਲੀਅਤ ਦੇ ਦੋਸ਼ਾਂ ਦੀ ਜਾਂਚ ਨੂੰ ਲੈ ਕੇ ਕੈਨੇਡਾ ਵੱਲੋਂ ਕੀਤੇ ਯਤਨਾਂ ਦੀ ਹਮਾਇਤ ਕਰਦਾ ਹੈ। ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਾਨ ਨੇ ਕਿਹਾ ਕਿ ਕਿਸੇ ਵੀ ਮੁਲਕ ਨੂੰ ਅਜਿਹੀਆਂ ਸਰਗਰਮੀਆਂ ਲਈ ‘ਵਿਸ਼ੇਸ਼ ਛੋਟ` ਨਹੀਂ ਦਿੱਤੀ ਜਾ ਸਕਦੀ।
ਉਧਰ, ਟਰੂਡੋ ਸਰਕਾਰ ‘ਚ ਮੰਤਰੀ ਤੇ ਸਾਬਕਾ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਕਿਹਾ ਕਿ ਪ੍ਰਧਾਨ ਮੰਤਰੀ (ਟਰੂਡੋ) ਨੇ ਨਿੱਝਰ ਹੱਤਿਆ ਮਾਮਲੇ ਵਿਚ ਭਾਰਤ ‘ਤੇ ਜਨਤਕ ਤੌਰ ਉਤੇ ਦੋਸ਼ ਲਾਏ ਕਿਉਂਕਿ ਉਨ੍ਹਾਂ ਨੂੰ ਪਤਾ ਲੱਗ ਗਿਆ ਸੀ ਕਿ ਇਹ ਕਹਾਣੀ ਜਲਦੀ ਹੀ ਮੀਡੀਆ ਰਾਹੀਂ ਬਾਹਰ ਆਉਣ ਵਾਲੀ ਹੈ। ਅਮਰੀਕਾ ਦੇ ਉਘੇ ਅਖਬਾਰ ‘ਦਿ ਨਿਊਯਾਰਕ ਟਾਈਮਜ਼‘ ਨੇ ਸੂਤਰਾਂ ਦੇ ਹਵਾਲੇ ਨਾਲ ਆਪਣੀ ਰਿਪੋਰਟ ਵਿਚ ਦਾਅਵਾ ਕੀਤਾ ਹੈ ਕਿ ਨਿੱਝਰ ਦੀ ਜੂਨ ਵਿਚ ਸਰੀ ਦੇ ਇਕ ਗੁਰਦੁਆਰੇ ਦੇ ਬਾਹਰ ਹੋਈ ਹੱਤਿਆ ਮਾਮਲੇ ਵਿਚ ਅਮਰੀਕਾ ਨੇ ਕੈਨੇਡਾ ਨੂੰ ਖੁਫੀਆ ਜਾਣਕਾਰੀ ਮੁਹੱਈਆ ਕਰਵਾਈ ਸੀ। ਹਾਲਾਂਕਿ ਓਟਵਾ ਨੇ ਜਿਹੜੀ ਜਾਣਕਾਰੀ ਇਕੱਤਰ ਕੀਤੀ ਸੀ, ਉਹ ਵਧੇਰੇ ਠੋਸ ਸੀ ਤੇ ਉਸੇ ਦੇ ਅਧਾਰ ‘ਤੇ ਕੈਨੇਡਾ ਨੇ ਭਾਰਤ ‘ਤੇ ਦੋਸ਼ ਲਾਏ ਹਨ।
ਇਹ ਵੀ ਜਾਣਕਾਰੀ ਹੈ ਕਿ ਫਾਈਵ ਆਈਜ਼ ਇੰਟੈਲੀਜੈਂਸ ਸ਼ੇਅਰਿੰਗ ਨੈੱਟਵਰਕ ਵਿਚ ਸ਼ਾਮਲ ਮੈਂਬਰ ਮੁਲਕਾਂ- ਅਮਰੀਕਾ, ਯੂਕੇ, ਕੈਨੇਡਾ, ਆਸਟਰੇਲੀਆ ਤੇ ਨਿਊਜ਼ੀਲੈਂਡ ਨੇ ਮੋਦੀ ਕੋਲ ਨਿੱਝਰ ਦੀ ਹੱਤਿਆ ਦਾ ਮਸਲਾ ਰੱਖਿਆ ਸੀ। ਰੋਜ਼ਨਾਮਚੇ ਨੇ ਕਿਹਾ ਕਿ ਕੈਨੇਡਾ ਨੇ ਫਾਈਵ ਆਈਜ਼ ਵਿਚਲੇ ਆਪਣੇ ਭਾਈਵਾਲਾਂ ਨੂੰ ਅਪੀਲ ਕੀਤੀ ਸੀ ਕਿ ਉਹ ਇਹ ਮਸਲਾ ਸਿੱਧੇ ਤੌਰ ਉਤੇ ਮੋਦੀ ਨਾਲ ਵਿਚਾਰਨ। ਟਰੂਡੋ ਦੀ ਅਪੀਲ ਮਗਰੋਂ ਆਗੂਆਂ ਨੇ ਜੀ-20 ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਕੋਲ ਫਿਕਰ ਜਤਾਇਆ ਸੀ।
ਕੈਨੇਡਾ ਦੇ ਰੱਖਿਆ ਮੰਤਰੀ ਬਿਲ ਬਲੇਅਰ ਨੇ ਹੱਤਿਆ ਨਾਲ ਜੁੜੇ ਘਟਨਾਕ੍ਰਮ ਮਗਰੋਂ ਭਾਰਤ ਵੱਲੋਂ ਚੁੱਕੇ ਗਏ ਕਦਮਾਂ ‘ਤੇ ਚਿੰਤਾ ਜ਼ਾਹਿਰ ਕੀਤੀ ਹੈ ਜਿਸ ‘ਚ ਨਵੀਂ ਦਿੱਲੀ ਵੱਲੋਂ ਕੈਨੇਡੀਅਨ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ ਬੰਦ ਕਰਨਾ ਵੀ ਸ਼ਾਮਲ ਹੈ। ਭਾਰਤ ਨੇ ਹਾਲ ਹੀ ਵਿਚ ਕੈਨੇਡਾ ਨੂੰ ਆਪਣਾ ਡਿਪਲੋਮੈਟਿਕ ਸਟਾਫ ਘਟਾਉਣ ਲਈ ਵੀ ਕਿਹਾ ਸੀ।
ਜ਼ਿਕਰਯੋਗ ਹੈ ਕਿ ਬ੍ਰਿਟਿਸ਼ ਕੋਲੰਬੀਆ ‘ਚ ਜੂਨ ਵਿਚ ਹੋਈ ਹਰਦੀਪ ਨਿੱਝਰ ਦੀ ਹੱਤਿਆ ਦੇ ਮਾਮਲੇ ‘ਤੇ ਭਾਰਤ-ਕੈਨੇਡਾ ਵਿਚਾਲੇ ਕੂਟਨੀਤਕ ਤਣਾਅ ਸਿਖਰਾਂ ਉਤੇ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹੱਤਿਆ ਦੀ ਸਾਜ਼ਿਸ਼ ਵਿਚ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਦਾ ਦੋਸ਼ ਲਾਇਆ ਸੀ। ਇਸ ਤੋਂ ਬਾਅਦ ਦੋਵਾਂ ਮੁਲਕਾਂ ਨੇ ਇਕ-ਦੂਜੇ ਦੇ ਡਿਪਲੋਮੈਟਾਂ ਨੂੰ ਕੱਢ ਦਿੱਤਾ ਸੀ। ਭਾਰਤ ਨੇ ਕੈਨੇਡਾ ਦੇ ਦੋਸ਼ਾਂ ਨੂੰ ‘ਬੇਤੁਕੇ ਤੇ ਪ੍ਰੇਰਿਤ‘ ਕਰਾਰ ਦਿੱਤਾ ਸੀ।
ਸ਼੍ਰੋਮਣੀ ਕਮੇਟੀ ਵੱਲੋਂ ਵਿਸ਼ੇਸ਼ ਮਤਾ ਪਾਸ
ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਪਾਸ ਕੀਤੇ ਵਿਸ਼ੇਸ਼ ਮਤੇ ਵਿਚ ਕਿਹਾ ਗਿਆ ਕਿ ਕਿਸੇ ਵੀ ਦੇਸ਼ ਦੀ ਸੰਸਦ ਵਿਚ ਪ੍ਰਧਾਨ ਮੰਤਰੀ ਵੱਲੋਂ ਦਿੱਤਾ ਗਿਆ ਬਿਆਨ ਆਮ ਨਹੀਂ ਸਮਝਿਆ ਜਾ ਸਕਦਾ। ਮਤੇ ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਭਾਰਤੀ ਏਜੰਸੀਆਂ ‘ਤੇ ਲਗਾਏ ਦੋਸ਼ਾਂ ਦੀ ਸਚਾਈ ਲੋਕਾਂ ਸਾਹਮਣੇ ਰੱਖਣ ਦੀ ਮੰਗ ਕੀਤੀ ਗਈ। ਇਸ ਸਮੁੱਚੇ ਵਰਤਾਰੇ ਵਿਚ ਮੀਡੀਆ ਅਤੇ ਸੋਸ਼ਲ ਮੀਡੀਆ ਮੰਚਾਂ ‘ਤੇ ਸਿੱਖ ਅਤੇ ਪੰਜਾਬ ਵਿਰੋਧੀ ਨਫਰਤੀ ਕੂੜ ਪ੍ਰਚਾਰ ਦੀ ਵੀ ਨਿਖੇਧੀ ਕੀਤੀ ਗਈ। ਸ਼੍ਰੋਮਣੀ ਕਮੇਟੀ ਵੱਲੋਂ ਕਾਇਮ ਕੀਤੇ ਕੌਮਾਂਤਰੀ ਸਿੱਖ ਸਲਾਹਕਾਰ ਬੋਰਡ ਦੀ ਮੀਟਿੰਗ ਵਿੱਚ ਸਮੁੱਚੇ ਵਿਸ਼ਵ ਦੇ ਸਿੱਖਾਂ ਨੂੰ ਸੰਗਠਤ ਕਰਨ ਲਈ ਵਿਸ਼ੇਸ਼ ਯਤਨਾਂ ਦੀ ਲੋੜ ‘ਤੇ ਜ਼ੋਰ ਦਿੱਤਾ ਗਿਆ।