ਸਨਾਤਨ ਧਰਮ ਦੀ ਸਿਆਸਤ ਦੀਆਂ ਪਰਤਾਂ

ਅਵਿਜੀਤ ਪਾਠਕ
ਮਜ਼ਹਬੀ ਪਛਾਣਾਂ ਉਤੇ ਕੇਂਦਰਿਤ ਗੁੱਸੇ ਅਤੇ ਨਫ਼ਰਤ ਦੀ ਸਿਆਸਤ ਅੱਜ ਦੇ ਭਾਰਤ ਵਿਚ ਚੜ੍ਹਤ `ਚ ਹੈ। ਹਾਲ ਹੀ ਵਿਚ ਤਾਮਿਲ ਨਾਡੂ ਦੇ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਦੇ ਪੁੱਤਰ ਅਤੇ ਸੂਬੇ ਦੇ ਯੁਵਕ ਭਲਾਈ ਤੇ ਖੇਡ ਵਿਕਾਸ ਮੰਤਰੀ ਉਦੈਨਿਧੀ ਸਟਾਲਿਨ ਨੇ ਇਸ ਸਿਆਸਤ ਵਿਚ ਨਵੇਂ ਪਸਾਰ ਜੋੜੇ ਹਨ।

ਸਨਾਤਨ ਧਰਮ ਦਾ ਖ਼ਾਤਮਾ ਕਰਨ ਜਿਸ ਤਰ੍ਹਾਂ ‘ਕਰੋਨਾ ਵਾਇਰਸ, ਮਲੇਰੀਆ ਤੇ ਡੇਂਗੂ` ਦਾ ਖ਼ਾਤਮਾ ਕੀਤਾ ਜਾਣਾ ਚਾਹੀਦਾ ਹੈ, ਦੇ ਉਨ੍ਹਾਂ ਦੇ ਸੱਦੇ ਨੇ ਹਿੰਦੂ ਧਰਮ ਦੇ ਅਖੌਤੀ ਰਖਵਾਲਿਆਂ ਦੀਆਂ ਭਾਵਨਾਵਾਂ ਨੂੰ ਡੂੰਘੀ ਸੱਟ ਮਾਰੀ ਹੈ। ਹੈਰਾਨੀ ਦੀ ਗੱਲ ਨਹੀਂ ਕਿ ਉਹ ਵੀ ਉਸੇ ਤਰ੍ਹਾਂ ਗੁੱਸੇ ਨਾਲ ਲਾਲ-ਪੀਲੇ ਹੋਏ ਜਾਪਦੇ ਹਨ।
ਭਾਜਪਾ ਦੇ ਮੀਡੀਆ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਜਿਥੇ ਉਦੈਨਿਧੀ ਦੀ ਟਿੱਪਣੀ ਨੂੰ ਸਨਾਤਨ ਧਰਮ ਵਿਚ ਵਿਸ਼ਵਾਸ ਰੱਖਣ ਵਾਲੀ ‘ਭਾਰਤ ਦੀ 80 ਫ਼ੀਸਦੀ ਆਬਾਦੀ ਦੇ ਕਤਲੇਆਮ` ਦੇ ਸੱਦੇ ਦੇ ਤੁੱਲ ਕਰਾਰ ਦਿੱਤਾ ਹੈ, ਉਥੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਨੂੰ ਇਕ ਤਰ੍ਹਾਂ ‘ਨਫ਼ਰਤੀ ਭਾਸ਼ਣ` ਵਜੋਂ ਦੇਖਿਆ ਹੈ। ਦੂਜੇ ਪਾਸੇ ਸਾਡੇ ਵਰਗੇ ਬਹੁਤੇ ‘ਅਗੜੀਆਂ ਜਾਤਾਂ` ਦੇ ਹਿੰਦੂ ਇਹ ਮੰਨਣ ਲਈ ਉਕਸਾਏ ਗਏ ਹਨ ਕਿ ਦ੍ਰਾਵਿੜੀਅਨ ਸਿਆਸਤਦਾਨ ਉਦੈਨਿਧੀ ਵੱਲੋਂ ਇੰਝ ਸਨਾਤਨ ਧਰਮ ਦੀ ‘ਸਦੀਵੀ ਸਚਾਈ` ਉਤੇ ਸਵਾਲ ਉਠਾਉਣਾ ਗ਼ਲਤ ਹੈ।
ਉਦੈਨਿਧੀ ਜੋ ਇੰਝ ਕਰਦਾ ਹੋਇਆ ਪੇਰੀਆਰ ਈ.ਵੀ. ਰਾਮਾਸਾਮੀ ਜੋ ਬ੍ਰਾਹਮਣਵਾਦੀ ਜਾਤੀਵਾਦੀ ਊਚ-ਨੀਚ ਦੇ ਕੱਟੜ ਆਲੋਚਕ ਸਨ, ਦੀ ਸੋਚ ਦਾ ਪਾਲਣ ਕਰਦਾ ਦਿਖਾਈ ਦਿੰਦਾ ਹੈ। ਉਸ ਦਾ ਇੰਝ ਕਰਨਾ ਸਾਡੀਆਂ ਸੱਭਿਆਚਾਰਕ/ਧਾਰਮਿਕ ਬੁਨਿਆਦਾਂ ਨੂੰ ਸੱਟ ਮਾਰਨ ਦੇ ਸਮਾਨ ਹੈ! ਉਂਝ, ਇਸ ਗੁੱਸੇ ਦੀ ਸਿਆਸਤ ਦੇ ਦੌਰਾਨ ਅਸੀਂ ਇਨ੍ਹਾਂ ਅਹਿਮ ਸਵਾਲਾਂ ਦੀ ਪੂਰੀ ਲੜੀ ਉਤੇ ਗ਼ੌਰ ਕਰਨ ਵਿਚ ਨਾਕਾਮ ਰਹੇ ਹਾਂ ਕਿ ਅਸਲ ਵਿਚ ਸਨਾਤਨ ਧਰਮ ਅਤੇ ਬ੍ਰਾਹਮਣਵਾਦੀ ਹਿੰਦੂਵਾਦ ਜਾਂ ਮੁਕਤੀ ਦੀ ਤਲਾਸ਼ ਵਜੋਂ ਅਧਿਆਤਮਕਤਾ ਅਤੇ ਜਥੇਬੰਦ/ਸੰਸਥਾਈ ਧਰਮਾਂ ਦੇ ਰੂੜ੍ਹੀਵਾਦ ਦਾ ਆਮ ਤੌਰ `ਤੇ ਕੀ ਅਰਥ ਲਿਆ ਜਾਂਦਾ ਹੈ।
ਇਸ ਪ੍ਰਸੰਗ ਵਿਚ ਤਿੰਨ ਅਜਿਹੇ ਮੁੱਦੇ ਹਨ ਜਿਨ੍ਹਾਂ ਉਤੇ ਸੰਜੀਦਗੀ ਨਾਲ ਗ਼ੌਰ ਹੋਣੀ ਚਾਹੀਦੀ ਹੈ। ਪਹਿਲਾ, ਭਾਵੇਂ ਵਿਸ਼ਵਾਸ ਕਰਨ ਵਾਲੇ ਲੋਕ ਆਪਣੇ ਅਕੀਦਿਆਂ, ਪ੍ਰਥਾਵਾਂ, ਰੀਤਾਂ ਅਤੇ ਧਰਮ ਗ੍ਰੰਥਾਂ ਨਾਲ ਜਜ਼ਬਾਤੀ ਤੌਰ `ਤੇ ਜੁੜੇ ਰਹਿਣ ਦਾ ਝੁਕਾਅ ਰੱਖਦੇ ਹੀ ਹਨ ਪਰ ਤਾਂ ਵੀ ਖੁੱਲ੍ਹਾਪਣ ਬਣਾਈ ਰੱਖਣ, ਤਰਕ ਦੀ ਤਾਕਤ ਨੂੰ ਹੁਲਾਰਾ ਦੇਣ ਅਤੇ ਨਾਲ ਹੀ ‘ਆਸਥਾ` ਦੇ ਨਾਂ ਉਤੇ ਜਾਰੀ ਰਹਿਣ ਵਾਲੀਆਂ ਕੁਰੀਤੀਆਂ ਦੀ ਆਲੋਚਨਾ ਕਰਨ ਵਿਚ ਕੋਈ ਮਾੜੀ ਗੱਲ ਨਹੀਂ। ਮਿਸਾਲ ਵਜੋਂ ‘ਹਿੰਦੂ` ਪਰਿਵਾਰ ਵਿਚ ਜਨਮਿਆ ਹੋਣ ਦੇ ਨਾਤੇ ਮੈਂ ਇਸ ਦੇ ਸੱਭਿਆਚਾਰਕ/ਪ੍ਰਤੀਕਾਤਮਕ/ਧਾਰਮਿਕ ਵਾਸ ਤੋਂ ਪੂਰੀ ਤਰ੍ਹਾਂ ਮੁਕਤ ਨਹੀਂ ਹਾਂ। ਉਪਨਿਸ਼ਦ, ਖ਼ਾਸਕਰ ਹਰ ਤਰ੍ਹਾਂ ਦੀਆਂ ਹੱਦਾਂ ਅਤੇ ਸੀਮਤਾਈਆਂ ਤੋਂ ਪਾਰ ‘ਸਵੈ` ਦੀ ਬਣਤਰ ਉਤੇ ਡੂੰਘਾ ਚਿੰਤਨ, ਮੈਨੂੰ ਮੋਂਹਦੇ ਹਨ; ਤੇ ਨਾਲ ਹੀ ਭਗਵਤ ਗੀਤਾ ਵਿਚ ਕ੍ਰਿਸ਼ਨ ਤੇ ਅਰਜੁਨ ਦੇ ਵਾਰਤਾਲਾਪ `ਚੋਂ ਮਿਲਦਾ ‘ਬੇਲਾਗ ਕਰਮ` ਦਾ ਆਦਰਸ਼ ਵੀ ਮੇਰੀ ਕਲਪਨਾ `ਚ ਵੱਸਿਆ ਹੈ। ਇਸ ਦੇ ਬਾਵਜੂਦ, ਮੇਰਾ ਤਰਕ ਹੈ ਕਿ ਸਾਨੂੰ ਗ੍ਰਹਿਣਸ਼ੀਲ ਹੋਣ ਅਤੇ ਅੰਦਰੂਨੀ ਆਲੋਚਨਾ ਦੀ ਸ਼ਕਤੀ ਨੂੰ ਸਲਾਹੁਣ ਦੀ ਲੋੜ ਹੈ ਜਿਸ ਨਾਲ ਧਾਰਮਿਕ ਪ੍ਰਬੰਧਾਂ ਨੂੰ ਵਿਕਸਿਤ ਹੋਣ ਅਤੇ ਅੱਗੇ ਵਧਣ `ਚ ਮਦਦ ਮਿਲਦੀ ਹੈ।
ਆਖ਼ਰ ਸੰਸਥਾਈ ਹਿੰਦੂ ਧਰਮ ਸਬੰਧੀ ਸਾਰਾ ਕੁਝ ਉਪਨਿਸ਼ਦਾਂ ਦੀਆਂ ਉੱਤਮ ਪ੍ਰਾਰਥਨਾਵਾਂ ਜਾਂ ਪਿਆਰ, ਕਰਮ ਤੇ ਤਿਆਗ ਉਤੇ ਡੂੰਘੇ ਚਿੰਤਨ ਬਾਰੇ ਨਹੀਂ ਹੈ। ਇਸ ਦੀ ਥਾਂ ਅਸੀਂ ਦਮਨਕਾਰੀ ਜਾਤੀਵਾਦੀ ਪ੍ਰਥਾਵਾਂ, ਮਰਦ ਪ੍ਰਧਾਨਤਾ ਵਿਚ ਔਰਤਾਂ ਨੂੰ ਦਬਾਏ ਜਾਣ ਅਤੇ ਅਜਿਹੇ ਖੋਖਲੇ ਕਰਮਾਂ-ਕਾਂਡਾਂ ਦੇ ਬੋਝ ਹੇਠ ਰਹਿੰਦੇ ਹਾਂ ਜਿਨ੍ਹਾਂ ਨੂੰ ਅਕਸਰ ਸਨਾਤਨ ਧਰਮ ਦੇ ਨਾਂ `ਤੇ ਪਵਿੱਤਰ ਕਰਾਰ ਦੇ ਦਿੱਤਾ ਜਾਂਦਾ ਹੈ। ਹਕੀਕਤ ਇਹ ਹੈ ਕਿ ਜਾਤ, ਮਰਦ ਪ੍ਰਧਾਨਤਾ ਜਾਂ ਹਿੰਸਾ ਸਬੰਧੀ ਕੁਝ ਵੀ ‘ਸਦੀਵੀ` ਜਾਂ ‘ਸਨਾਤਨ` ਨਹੀਂ ਹੈ। ਇਸ ਦੀ ਆਲੋਚਨਾ ਹੋਣੀ ਚਾਹੀਦੀ ਹੈ ਤੇ ਇਸ ਦਾ ਖ਼ਾਤਮਾ ਕੀਤਾ ਜਾਣਾ ਚਾਹੀਦਾ ਹੈ। ਇਸ ਲਈ ਸਾਨੂੰ ਸੰਤ ਕਬੀਰ ਅਤੇ ਨਰਾਇਣਾ ਗੁਰੂ ਜਾਂ ਰਾਜਾ ਰਾਮ ਮੋਹਨ ਰਾਏ ਅਤੇ ਮਹਾਤਮਾ ਗਾਂਧੀ ਵਰਗਿਆਂ ਨੂੰ ਚੇਤੇ ਕਰਨਾ ਹੋਵੇਗਾ। ਉਨ੍ਹਾਂ ਦੇ ਅਧਿਆਤਮਕ ਰੁਝਾਨ ਨੇ ਕਦੇ ਵੀ ਉਨ੍ਹਾਂ ਨੂੰ ਅਜਿਹੀਆਂ ਬਹੁਤ ਸਾਰੀਆਂ ਸਖ਼ਤ/ਰੂੜ੍ਹੀਵਾਦੀ ਪ੍ਰਥਾਵਾਂ ਦਾ ਵਿਰੋਧ ਕਰਨ ਤੋਂ ਨਹੀਂ ਰੋਕਿਆ ਜਿਨ੍ਹਾਂ ਨੂੰ ਭ੍ਰਿਸ਼ਟ ਪੁਜਾਰੀਆਂ ਜਾਂ ਬ੍ਰਾਹਮਣਵਾਦੀ ਪੁਰੋਹਿਤਾਂ ਨੇ ਪਵਿੱਤਰ ਕਰਾਰ ਦਿੱਤਾ ਸੀ। ਇਥੋਂ ਤੱਕ ਕਿ ਮਹਾਤਮਾ ਫੂਲੇ, ਪੇਰੀਆਰ ਅਤੇ ਡਾ. ਅੰਬੇਡਕਰ ਦੀ ਸੋਚ ਵੱਲ ਵੀ ਕੰਨ ਧਰਨਾ ਹੋਵੇਗਾ ਜਿਨ੍ਹਾਂ ਬ੍ਰਾਹਮਣਵਾਦੀ ਹਿੰਦੂਵਾਦ ਦਾ ਸਖ਼ਤ ਵਿਰੋਧ ਕੀਤਾ, ਇਸ ਦੇ ਬਹੁਤ ਸਾਰੇ ‘ਪਵਿੱਤਰ` ਗ੍ਰੰਥਾਂ ਦੀ ਪੁਣ-ਛਾਣ ਕੀਤੀ ਅਤੇ ਦਮਨਕਾਰੀ ਤੇ ਊਚ-ਨੀਚ ਆਧਾਰਿਤ ਜਾਤੀਵਾਦੀ ਪ੍ਰਥਾਵਾਂ ਦੇ ‘ਧਾਰਮਿਕ ਤੌਰ `ਤੇ ਜਾਇਜ਼ ਕਰਾਰ ਦਿੱਤੇ ਗਏ` ਢਾਂਚਿਆਂ ਨੂੰ ਮਲੀਆਮੇਟ ਕਰ ਦੇਣ ਕੋਸ਼ਿਸ਼ ਕੀਤੀ। ਹਾਂ, ਉਨ੍ਹਾਂ ਸਾਡੀਆਂ ਅੱਖਾਂ ਖੋਲ੍ਹਣ ਲਈ ਬਹੁਤ ਅਹਿਮ ਭੂਮਿਕਾ ਨਿਭਾਈ। ਖ਼ੈਰ, ਸਾਨੂੰ ਉਨ੍ਹਾਂ ਦੀ ਆਖੀ ਹਰ ਗੱਲ ਨਾਲ ਸਹਿਮਤ ਹੋਣ ਦੀ ਲੋੜ ਨਹੀਂ ਹੈ; ਤਾਂ ਵੀ ਇਸ ਸਬੰਧੀ ਮਹਿਜ਼ ਗੁੱਸੇ ਜਾਂ ਪ੍ਰਤੀਕਿਰਿਆਵਾਦੀ ਹੋਣ ਦੀ ਥਾਂ ਜੇ ਅਸੀਂ ਆਪਣਾ ਦਿਲੋ-ਦਿਮਾਗ਼ ਖੋਲ੍ਹ ਕੇ ਉਨ੍ਹਾਂ ਨਾਲ ਇਸ ਸਬੰਧੀ ਚਰਚਾ ਕਰਦੇ ਹਾਂ ਤਾਂ ਸੰਭਵ ਤੌਰ `ਤੇ ਅਸੀਂ ਵਧੇਰੇ ਬਰਾਬਰੀ ਵਾਲੀਆਂ ਤੇ ਔਰਤ-ਮਰਦ ਸਬੰਧੀ ਵਧੇਰ ਸੰਵੇਦਨਸ਼ੀਲ ਧਾਰਮਿਕ ਪ੍ਰਥਾਵਾਂ ਵੱਲ ਅੱਗੇ ਵਧ ਸਕਦੇ ਹਾਂ। ਕੀ ਉਦੈਨਿਧੀ ਨੂੰ ਨਿੰਦਣਾ ਤੇ ਭੰਡਣਾ ਆਸਾਨ ਨਹੀਂ ਹੈ ਅਤੇ ਇਸ ਤਰ੍ਹਾਂ ਸਨਾਤਨ ਧਰਮ ਦੇ ਨਾਂ ਉਤੇ ਆਪਣੇ ਕੁਕਰਮਾਂ ਨੂੰ ਛੁਪਾ ਲੈਣਾ ਪਰ ਆਪਣੇ ਅੰਦਰ ਝਾਤੀ ਮਾਰਨਾ ਬਹੁਤ ਔਖਾ ਹੈ?
ਦੂਜਾ, ਸਾਨੂੰ ਸਨਾਤਨ ਧਰਮ ਦੇ ਆਪੂੰ ਬਣੇ ਰਖਵਾਲਿਆਂ ਦੀ ਸਿਆਸਤ ਵੱਲ ਵੀ ਧਿਆਨ ਦੇਣ ਦੀ ਲੋੜ ਹੈ। ਜਿਸ ਤਰ੍ਹਾਂ ਹਿੰਦੂਤਵ (ਜੋ ਅਜਿਹਾ ਅਤਿ-ਰਾਸ਼ਟਰਵਾਦੀ ਸਿਧਾਂਤ ਹੈ ਜਿਹੜਾ ‘ਹਿੰਦੂ ਰਾਸ਼ਟਰ` ਦੀ ਸਿਰਜਣਾ ਲਈ ਕਿਸੇ ਦੀ ‘ਹਿੰਦੂ ਪਛਾਣ` ਨੂੰ ਹੁਲਾਰਾ ਦੇਣਾ ਚਾਹੁੰਦਾ ਹੈ) ਦੇ ਹਮਾਇਤੀਆਂ ਨੇ ਸਮਕਾਲੀ ਭਾਰਤ ਦੀ ਸਿਆਸੀ/ਸੱਭਿਆਚਾਰਕ ਧਰਾਤਲ ਨੂੰ ਕਬਜ਼ਾਉਣਾ ਸ਼ੁਰੂ ਕਰ ਦਿੱਤਾ ਹੈ, ਉਸ ਤੋਂ ਅਸੀਂ ਨਵੀਂ ਤਰ੍ਹਾਂ ਦੇ ਰੂੜ੍ਹੀਵਾਦ ਦਾ ਉਭਾਰ ਦੇਖ ਰਹੇ ਹਾਂ। ਅਸੀਂ ਇਸ ਦਾ ਪ੍ਰਗਟਾਵਾ ਮਕਬੂਲ ਬਿਰਤਾਂਤ ਵਿਚ ਦੇਖ ਸਕਦੇ ਹਾਂ: ਤਰਕ ਦੀ ਸ਼ਕਤੀ ਨੂੰ ਨਫ਼ਰਤ ਕਰਨਾ; ਬਾਬਿਆਂ ਤੇ ਗੁਰੂਆਂ ਦੀ ਬ੍ਰਿਗੇਡ ਨੂੰ ਹੱਲਾਸ਼ੇਰੀ ਦਿੱਤੇ ਜਾਣਾ ਜਿਹੜੇ ਹਰ ਤਰ੍ਹਾਂ ਦੇ ‘ਚਮਤਕਾਰ` ਦਿਖਾ ਕੇ ਆਪਣੇ ਚੇਲਿਆਂ ਨੂੰ ਮੋਹਿਤ ਕਰਦੇ ਹਨ; ਉਂਝ ਦਿਸ਼ਾਹੀਣ ਹੋ ਚੁੱਕੀ ਦੇਸ਼ ਦੀ ਯੁਵਾ ਪੀੜ੍ਹੀ ਨੂੰ ‘ਸ਼ਕਤੀਕਰਨ` ਦਾ ਝੂਠਾ ਅਹਿਸਾਸ ਕਰਾਉਣਾ, ਜ਼ੋਰਦਾਰ ਧਾਰਮਿਕ ਨਾਅਰਿਆਂ ਦੇ ਸ਼ੋਰ ਵਿਚ ਉਨ੍ਹਾਂ ਦੇ ਦਿਮਾਗ਼ ਨੂੰ ਭ੍ਰਿਸ਼ਟ ਬਣਾਉਣਾ, ਉਨ੍ਹਾਂ ਨੂੰ ਗੁੱਸੇਖ਼ੋਰ ਦੇਸ਼ਭਗਤਾਂ ਵਿਚ ਬਦਲ ਦੇਣਾ ਅਤੇ ਬਿਨਾਂ ਕੁਝ ਸੋਚੇ-ਸਮਝੇ ਹਰ ਵੇਲੇ ਘੱਟਗਿਣਤੀਆਂ ਜਾਂ ਸੰਸਾਰ ਨੂੰ ਵੱਖਰੇ ਨਜ਼ਰੀਏ ਨਾਲ ਦੇਖਣ ਵਾਲੇ ਲੋਕਾਂ ਨੂੰ ‘ਸਬਕ` ਸਿਖਾਉਣ ਵਾਸਤੇ ਤਿਆਰ ਰਹਿਣ ਵਾਲੀ ਭੀੜ ਪੈਦਾ ਕਰਨਾ। ਕੋਈ ਹੈਰਾਨੀ ਦੀ ਗੱਲ ਨਹੀਂ ਕਿ ਆਲੋਚਕਾਂ ਨਾਲ ਕੋਈ ਅਰਥ ਭਰਪੂਰ ਸੰਵਾਦ ਰਚਾਉਣ ਦੀ ਥਾਂ ਹਿੰਦੂਤਵ ਦੇ ਇਹ ਮੋਹਰੀ ਉਨ੍ਹਾਂ ਨਾਲ ਕਿਸੇ ਹੋਰ ਕੱਟੜਪੰਥੀ ਧਾਰਮਿਕ ਸਮੂਹ ਵਾਲਾ ਹੀ ਸਲੂਕ ਕਰਦੇ ਹਨ। ਗਾਂਧੀ ਦੀ ਅਹਿੰਸਾ, ਬੁੱਧ ਦੀ ਕਰੁਣਾ, ਮੀਰਾਬਾਈ ਦਾ ਪਰਮਾਨੰਦ ਉਨ੍ਹਾਂ ਨੂੰ ਕਾਸੇ ਨਾਲ ਕੋਈ ਲਾਗਾ-ਦੇਗਾ ਨਹੀਂ ਹੈ ਸਗੋਂ ਉਹ ਤਾਂ ਹਮੇਸ਼ਾ ਗੁੱਸੇ ਨਾਲ ਭਰੇ-ਪੀਤੇ ਰਹਿੰਦੇ ਹਨ। ਜਿਸ ਕਾਸੇ ਨੂੰ ਉਹ ਸਨਾਤਨ ਧਰਮ ਮੰਨਣਾ ਚਾਹੁੰਦੇ ਹਨ, ਕੀ ਇਹ ਗੁੱਸਾ ਤੇ ਰੋਹ ਉਸ ਚੀਜ਼ ਦਾ ਅਟੁੱਟ ਹਿੱਸਾ ਬਣਦਾ ਜਾ ਰਿਹਾ ਹੈ?
ਤੀਜਾ, ਹੁਣ ਸਮਾਂ ਹੈ ਕਿ ਅਸੀਂ ਇਹ ਅਹਿਸਾਸ ਕਰਨਾ ਸ਼ੁਰੂ ਕਰ ਦੇਈਏ ਕਿ ਸਾਡੀ ਅਸਲੀ ਅਧਿਆਤਮਕ ਤਲਾਸ਼ ਦਾ ਮੌਜੂਦਾ ਦੌਰ ਵਿਚ ਜਾਰੀ ਸਨਾਤਨ ਧਰਮ ਦੇ ਗੁਣਾਂ ਤੇ ਔਗੁਣਾਂ ਉਤੇ ਕੇਂਦਰਿਤ ਗੁੱਸੇ ਦੀ ਰਾਜਨੀਤੀ ਨਾਲ ਕੋਈ ਸਬੰਧ ਨਹੀਂ ਹੈ। ਇਸ ਦੀ ਥਾਂ, ਸਾਡੀ ਸੱਚੀ ਧਾਰਮਿਕਤਾ ਜਥੇਬੰਦ ਧਰਮਾਂ ਦੇ ਹਰ ਤਰ੍ਹਾਂ ਦੇ ਮਾਰਕਿਆਂ (ਬਰਾਂਡਾਂ) ਦੀਆਂ ਵਲਗਣਾਂ ਤੋਂ ਮੁਕਤ ਹੈ; ਸਗੋਂ ਇਹ ਲਾਜ਼ਮੀ ਤੌਰ `ਤੇ ਜ਼ਿੰਦਗੀ ਜਿਊਣ ਦੀ ਅਜਿਹੀ ਜੀਵਨ ਸ਼ੈਲੀ ਦੀ ਤਲਾਸ਼ ਹੈ ਜਿਹੜੀ ਪਿਆਰ, ਅਹਿਸਾਨਮੰਦੀ ਅਤੇ ਚੇਤਨਾ ਦੀ ਸ਼ਕਤੀ ਦੀ ਭਾਵਨਾ ਨੂੰ ਪ੍ਰਾਸਰਿਤ ਕਰਦੀ ਹੈ, ਜਿਸ ਨਾਲ ਅਸੀਂ ਇਸ ਦੇ ਤਮਾਮ ਅਸਥਾਈਪੁਣੇ ਅਤੇ ਨਾਸ਼ਵਾਨਤਾ ਨੂੰ ਤਸਲੀਮ ਕਰਨ ਦੇ ਬਾਵਜੂਦ ਉਂਝ ਗੂੜ੍ਹੀ ਤਰ੍ਹਾਂ ਜੁੜੇ ਹੋਏ ਹਾਂ।
ਇਹ ਇਕ ਤਰ੍ਹਾਂ ਆਪਣੇ ਅੰਦਰੂਨੀ ਬਦਲਾਉ ਆਪਣੇ ਵਧੇ ਹੋਏ ਹੰਕਾਰ ਤੋਂ ਪੂਰੀ ਤਰ੍ਹਾਂ ਖ਼ਾਲੀ ਹੋਣ ਦੇ ਹਲਕੇਪਣ ਤੱਕ ਜਾਂ ਨਿਖੇੜੇ ਤੋਂ ਮਿਲਣ ਤੱਕ ਦੇ ਬਦਲਾਉ ਦੀ ਪ੍ਰਕਿਰਿਆ ਹੈ। ਇਸ ਦੀ ਕੋਈ ਜਾਤ ਨਹੀਂ ਹੈ; ਇਸ ਦੀ ਕੋਈ ਰਾਸ਼ਟਰੀਅਤਾ/ਕੌਮੀਅਤ ਨਹੀਂ ਹੈ; ਇਹ ਬੇਹੱਦ/ਅਨੰਤ ਹੈ। ਇਸ ਦੇ ਬਾਵਜੂਦ ਇਨ੍ਹਾਂ ਜ਼ਹਿਰੀ ਸਮਿਆਂ ਦੌਰਾਨ ਸਾਨੂੰ ਧਰਮ ਜਾਂ ਇਥੋਂ ਤੱਕ ਕਿ ਸਨਾਤਨ ਧਰਮ ਦੇ ਨਾਂ ਉਤੇ ਜੋ ਕੁਝ ਦੇਖਣਾ ਪੈ ਰਿਹਾ ਹੈ, ਉਹ ਨਫ਼ਰਤ, ਫੁੱਟ ਅਤੇ ਹਿੰਸਾ ਦੀ ਸਿਆਸਤ ਹੈ।