ਅੰਮ੍ਰਿਤਸਰ: ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਦਿੱਲੀ ਦੇ ਸੁਲਤਾਨਪੁਰੀ ‘ਚ ਸੁਰਜੀਤ ਸਿੰਘ ਦੇ ਕਤਲ ਮਾਮਲੇ ਵਿਚ ਸਾਬਕਾ ਕਾਂਗਰਸੀ ਸੰਸਦ ਮੈਂਬਰ ਸੱਜਣ ਕੁਮਾਰ ਨੂੰ ਅਦਾਲਤ ਵੱਲੋਂ ਬਰੀ ਕਰਨ ਦੇ ਫੈਸਲੇ ਨੂੰ ਸਿੱਖਾਂ ਨਾਲ ਕਾਨੂੰਨੀ ਬੇਇਨਸਾਫੀ ਕਰਾਰ ਦਿੱਤਾ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਤੇ ਹੋਰ ਸਿੱਖ ਸੰਸਥਾਵਾਂ ਨੂੰ ਆਖਿਆ ਕਿ ਇਸ ਫੈਸਲੇ ਖ਼ਿਲਾਫ਼ ਉੱਚ ਅਦਾਲਤ ਵਿਚ ਕਾਨੂੰਨੀ ਚਾਰਾਜੋਈ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਨਵੰਬਰ 1984 ਦਾ ਸਿੱਖ ਕਤਲੇਆਮ ਸਿੱਖਾਂ ਲਈ ਨਾ-ਭੁੱਲਣਯੋਗ ਹੈ ਪਰ ਦੁੱਖ ਦੀ ਗੱਲ ਹੈ ਕਿ 39 ਸਾਲ ਬਾਅਦ ਵੀ ਦੇਸ ਦੀਆਂ ਅਦਾਲਤਾਂ ਦੋਸ਼ੀਆਂ ਨੂੰ ਸਜਾਵਾਂ ਤੇ ਪੀੜਤਾਂ ਨੂੰ ਇਨਸਾਫ ਨਹੀਂ ਦੇ ਸਕੀਆਂ। ਉਨ੍ਹਾਂ ਕਿਹਾ ਕਿ ਸੱਜਣ ਕੁਮਾਰ ਨੂੰ ਸੁਰਜੀਤ ਸਿੰਘ ਦੇ ਕਤਲ ਮਾਮਲੇ ਵਿਚ ਅਦਾਲਤ ਨੇ ‘ਸ਼ੱਕ ਦਾ ਲਾਭ` ਦਿੰਦਿਆਂ ਬਰੀ ਕਰ ਦਿੱਤਾ ਹੈ, ਜਦੋਂਕਿ ਚਾਹੀਦਾ ਇਹ ਸੀ ਕਿ ਅਦਾਲਤ ਸੱਜਣ ਕੁਮਾਰ ਨੂੰ ਆਪਣੇ ਬੇਗੁਨਾਹ ਹੋਣ ਦੇ ਪੁਖਤਾ ਸਬੂਤ ਦੇਣ ਲਈ ਕਹਿੰਦੀ।
ਉਨ੍ਹਾਂ ਕਿਹਾ ਕਿ ਅਕਸਰ ਹਜੂਮ ਦੁਆਰਾ ਕੀਤੇ ਕਤਲੇਆਮ ਦੇ ਮਾਮਲਿਆਂ ਵਿਚ ਦੋਸ਼ੀਆਂ ਦੇ ਖ਼ਿਲਾਫ਼ ਬਹੁਤ ਸਾਰੇ ਮੌਕੇ ਦੇ ਸਬੂਤ, ਹਾਲਾਤ, ਗਵਾਹ ਅਤੇ ਸੁਰਾਗ ਹੂ-ਬ-ਹੂ ਇਕੱਠੇ ਕਰਨੇ ਪੀੜਤਾਂ ਲਈ ਔਖੇ ਹੁੰਦੇ ਹਨ ਪਰ ਅਜਿਹੇ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੇ ਮਾਮਲਿਆਂ ਵਿਚ ਨਿਆਂਪਾਲਿਕਾ ਨੂੰ ਪੂਰਾ-ਪੂਰਾ ਇਨਸਾਫ ਕਰਨ ਲਈ ਪੀੜਤ ਧਿਰ `ਤੇ ਪੁਖਤਾ ਸਬੂਤ ਜੁਟਾਉਣ ਦਾ ਦਬਾਅ ਬਣਾਉਣ ਦੀ ਬਜਾਏ ਦੋਸ਼ੀਆਂ ਨੂੰ ਆਪਣੀ ਬੇਗੁਨਾਹੀ ਸਾਬਤ ਕਰਨ ਦੇ ਪੁਖਤਾ ਸਬੂਤ ਦੇਣ ਲਈ ਆਖਣਾ ਚਾਹੀਦਾ ਹੈ ਤਾਂ ਜੋ ‘ਸ਼ੱਕ ਦਾ ਲਾਭ` ਲੈ ਕੇ ਕੋਈ ਵੀ ਦੋਸ਼ੀ ਬਚ ਨਾ ਸਕੇ।
ਉਨ੍ਹਾਂ ਕਿਹਾ ਕਿ ਸੱਜਣ ਕੁਮਾਰ ਨੂੰ ਅਦਾਲਤ ਵੱਲੋਂ ਬਰੀ ਕਰਨ ਦੇ ਫੈਸਲੇ ਤੋਂ ਬਾਅਦ ਇਨਸਾਫ਼ਪਸੰਦ ਲੋਕਾਂ ਅਤੇ ਬੇਇਨਸਾਫੀ ਦੇ ਪੀੜਤਾਂ ਦੇ ਮਨ ਵਿਚ ਇਹ ਸਵਾਲ ਉੱਠਣਾ ਸੁਭਾਵਿਕ ਹੈ ਕਿ ਜੇਕਰ ਦੋਸ਼ੀਆਂ ਨੂੰ ਅਦਾਲਤਾਂ ‘ਸ਼ੱਕ ਦੇ ਲਾਭ` ਦੇ ਆਧਾਰ `ਤੇ ਬਰੀ ਕਰ ਸਕਦੀਆਂ ਹਨ ਤਾਂ ਫਿਰ ਇਹ ਦੱਸਣਾ ਕਿਸ ਦੀ ਜ਼ਿੰਮੇਵਾਰੀ ਹੈ ਕਿ ਮਨੁੱਖਤਾ ਦੇ ਅਜਿਹੇ ਕਤਲੇਆਮ ਦੇ ਦੋਸ਼ੀ ਕੌਣ ਹਨ? ਜਥੇਦਾਰ ਨੇ ਆਖਿਆ ਕਿ ਜਦੋਂ ਕਿਸੇ ਪੀੜਤ ਧਿਰ ਨੂੰ ਦਹਾਕਿਆਂ ਦੇ ਮੁਸ਼ਕਲਾਂ ਭਰੇ ਸੰਘਰਸ਼ ਤੋਂ ਬਾਅਦ ਵੀ ਇਨਸਾਫ ਨਾ ਮਿਲੇ ਤਾਂ ਪੀੜਤਾਂ ਨੂੰ ਡੂੰਘੀ ਮਾਨਸਿਕ ਸੱਟ ਵੱਜਣਾ ਸੁਭਾਵਿਕ ਹੈ। ਉਨ੍ਹਾਂ ਨੇ ਇਸ ਮਾਮਲੇ ਸਬੰਧੀ ਸ਼੍ਰੋਮਣੀ ਕਮੇਟੀ ਅਤੇ ਹੋਰ ਸਿੱਖ ਸੰਸਥਾਵਾਂ ਨੂੰ ਆਖਿਆ ਹੈ ਕਿ ਉਹ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਬਰੀ ਕਰਨ ਦੇ ਅਦਾਲਤ ਦੇ ਫੈਸਲੇ ਖ਼ਿਲਾਫ਼ ਉੱਚ ਅਦਾਲਤ ਵਿਚ ਕਾਨੂੰਨੀ ਚਾਰਾਜੋਈ ਕਰਨ।
ਧਰਮ ਨਿਰਪੱਖਤਾ ਲਈ ਕਾਲਾ ਦਿਨ: ਸੁਖਬੀਰ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ 1984 ਦੇ ਸਿੱਖ ਨਸਲਕੁਸ਼ੀ ਕੇਸਾਂ ਵਿਚ ਤਿੰਨ ਸਿੱਖਾਂ ਦੇ ਕਤਲ ਕੇਸ ਵਿਚ ਸੱਜਣ ਕੁਮਾਰ ਦੀ ਰਿਹਾਈ, ਘੱਟ ਗਿਣਤੀਆਂ ਤੇ ਧਰਮ ਨਿਰਪੱਖਤਾ ਲਈ ਕਾਲਾ ਦਿਨ ਹੈ। ਉਨ੍ਹਾਂ ਕਿਹਾ ਕਿ ਸੱਜਣ ਕੁਮਾਰ ਨੂੰ ਬਰੀ ਕੀਤੇ ਜਾਣ ਨਾਲ ਕੌਮ ਦੇ ਜ਼ਖ਼ਮਾਂ ‘ਤੇ ਲੂਣ ਛਿੜਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਅਦਾਲਤ ਵਿਚ ਕੇਸ ਸਾਬਤ ਕਰਨ ਵਿਚ ਜੋ ਕੋਈ ਵੀ ਅਯੋਗ ਸਾਬਤ ਹੋਇਆ ਹੈ, ਉਸ ਨੂੰ ਇਸ ਦੀ ਜਵਾਬਦੇਹੀ ਦੇਣੀ ਪਵੇਗੀ। ਸ੍ਰੀ ਬਾਦਲ ਨੇ ਸਿੱਖ ਕੌਮ ਨੂੰ ਭਰੋਸਾ ਦੁਆਇਆ ਕਿ ਅਕਾਲੀ ਦਲ 1984 ਦੇ ਸਿੱਖ ਕਤਲੇਆਮ ਦੇ ਕੇਸਾਂ ਵਿਚ ਮਦਦ ਕਰਦਾ ਰਹੇਗਾ।