ਹਰਪ੍ਰੀਤ ਸੇਖਾ
ਫੋਨ: +1-778-231-1189
ਕਰਨਵੀਰ
ਰੋਡ ਟੈਸਟ ਲਈ ਕਰਨਵੀਰ ਨੇ ਕਲਿੰਟਨ ਸ਼ਹਿਰ ਵੱਲ ਚੜ੍ਹਾਈ ਕਰ ਦਿੱਤੀ। ਉਸ ਦੇ ਨਾਲ਼ ਦਰਸ਼ਨ ਦੇ ਸਹਾਇਕ ਮਨੋਜ ਦੀ ਕਾਰ ਵਿਚ ਤਿੰਨ ਸਿਖਾਂਦਰੂ ਹੋਰ ਗਏ ਸਨ। ਅਗਲੀ ਸਵੇਰ ਮੋਟਲ ਤੋਂ ਰੋਡ ਟੈਸਟ ਲਈ ਜਾਣ ਲੱਗਿਆਂ ਜਦੋਂ ਦਰਸ਼ਨ ਨੇ ਉਨ੍ਹਾਂ ਚਾਰਾਂ ਤੋਂ ਪੰਜ-ਪੰਜ ਸੌ ਵਾਧੂ ਡਾਲਰ ਮੰਗੇ ਤਾਂ ਕਰਨਵੀਰ ਅੰਦਰ ਪ੍ਰਸ਼ਨ ਉੱਠਿਆ। ਉਸ ਨੇ ਸੋਚਿਆ, ‘ਕਿਤੇ ਦੋ ਹਜ਼ਾਰ ਤਾਂ ਨਹੀਂ ਟਰੱਕ ਦਾ ਖਰਚ ਆ ਗਿਆ ਹੋਣਾ? ਮੋਟਲ ਅਤੇ ਖਾਣੇ ਦਾ ਅਸੀਂ ਚਾਰਾਂ ਨੇ ਖਰਚਾ ਦਿੱਤਾ ਏ’ ਪਰ ਉਸ ਨੇ ਕਿਹਾ ਕੁਝ ਨਹੀਂ ਤੇ ਹਜ਼ਾਰ ਡਾਲਰ ਕੱਢ ਕੇ ਦਰਸ਼ਨ ਨੂੰ ਫੜਾ ਦਿੱਤਾ।
ਰੋਡ ਟੈਸਟ ਦੇਣ ਦੀ ਸਭ ਤੋਂ ਪਹਿਲਾਂ ਵਾਰੀ ਕਰਨਵੀਰ ਦੀ ਹੀ ਸੀ। ਬ੍ਰੈਂਪਟਨ ਦੇ ਮੁਕਾਬਲੇ ਬਹੁਤ ਘੱਟ ਟ੍ਰੈਫਿਕ ਹੋਣ ਕਰ ਕੇ ਉਸ ਨੂੰ ਉਮੀਦ ਸੀ ਕਿ ਉਹ ਟੈਸਟ ਪਾਸ ਕਰ ਜਾਵੇਗਾ। ਮਨਿਸਟਰੀ ਦੀ ਇਮਾਰਤ ਮੂਹਰੇ ਟਰੱਕ ਰੋਕ ਕੇ ਦਰਸ਼ਨ ਬੋਲਿਆ, “ਜਿਹੜੀਆਂ ਗੱਲਾਂ ਤੈਨੂੰ ਸਿਖਾਈਆਂ, ਚੇਤੇ ਰੱਖੀਂ। ਘਬਰਾ ਨਾ ਜਾਵੀਂ।”
‘ਸਾਰੇ ਝੂਠ ਚੇਤੇ ਨੇ।’ ਕਰਨਵੀਰ ਦੇ ਚਿੱਤ ‘ਚ ਆਈ ਪਰ ਉਸ ਨੇ ਕਿਹਾ ਕੁਝ ਨਹੀਂ ਤੇ ਮੁਸਕਰਾ ਕੇ ਟਰੱਕ ਵਿਚੋਂ ਉੱਤਰ ਗਿਆ।
ਦਫ਼ਤਰ ਵਿਚ ਕਰਨਵੀਰ ਦੇ ਮੂਹਰੇ ਲਾਈਨ ਵਿਚ ਕੋਈ ਵੀ ਨਹੀਂ ਸੀ। ਉਸ ਨੂੰ ਬ੍ਰੈਂਪਟਨ ਵਾਲ਼ਾ ਦਫ਼ਤਰ ਯਾਦ ਆ ਗਿਆ ਜਿੱਥੇ ਅਮੁੱਕ ਦਿਸਦੀ ਲੰਮੀ ਕਤਾਰ ਹੁੰਦੀ। ਐਗਜ਼ਾਮੀਨਰ ਦੀ “ਗੁੱਡ ਮੌਰਨਿੰਗ” ਕਹਿੰਦੀ ਮਿੱਠੀ ਆਵਾਜ਼ ਸੁਣ ਕੇ ਕਰਨਵੀਰ ਹੋਰ ਹੌਸਲੇ ਵਿਚ ਹੋ ਗਿਆ। ਐਗਜ਼ਾਮੀਨਰ ਨੇ ਪੁੱਛਿਆ, “ਟਰੱਕ ਕਿਰਾਏ ‘ਤੇ ਕੀਤਾ ਹੈ?”
“ਹਾਂ।”
“ਕਿਰਾਏ ਵਾਲ਼ਾ ਐਗਰੀਮੈਂਟ ਪੇਪਰ ਦਿਖਾ।”
“ਮੇਰੇ ਕੋਲ ਲਾਈਸੰਸ ਹੈ ਨਹੀਂ, ਇਸ ਕਰ ਕੇ ਮੈਂ ਤਾਂ ਟਰੱਕ ਕਿਰਾਏ ‘ਤੇ ਨਹੀਂ ਲੈ ਸਕਦਾ ਸੀ। ਉਹ ਮੇਰੇ ਭਰਾ ਦੇ ਨਾਂ ‘ਤੇ ਕਿਰਾਏ ‘ਤੇ ਲਿਆ। ਉਸ ਕੋਲ ਨੇ ਪੇਪਰ ਸਾਰੇ।”
ਐਗਜ਼ਾਮੀਨਰ ਨੇ ਨਿਗਾਹ ਉੱਪਰ ਕਰ ਕੇ ਕਰਨਵੀਰ ਵੱਲ ਦੇਖਿਆ। ਕਰਨਵੀਰ ਨੂੰ ਆਪਣੀਆਂ ਲੱਤਾਂ ਕੰਬਦੀਆਂ ਲੱਗੀਆਂ। ਉਹ ਬੋਲੀ, “ਟਰੱਕ ਦੀ ਨੰਬਰ ਪਲੇਟ ਕੀ ਹੈ?”
“ਯਾਦ ਨਹੀਂ।”
“ਕੀ ਤੂੰ ਬਾਹਰ ਜਾ ਕੇ ਉਸ ਦੀ ਫ਼ੋਟੋ ਖਿੱਚ ਕੇ ਲਿਆ ਸਕਦਾ ਹੈਂ?”
ਕਰਨਵੀਰ ਨੂੰ ਦਰਸ਼ਨ ਨੇ ਇਸ ਬਾਰੇ ਕੁਝ ਨਹੀਂ ਸੀ ਦੱਸਿਆ। ਕਰਨਵੀਰ ਨੂੰ ਪਤਾ ਨਾ ਲੱਗਾ ਕਿ ਕੀ ਜਵਾਬ ਦੇਵੇ। ਫਿਰ ਉਹ ਬੋਲਿਆ, “ਹਾਂ।”
ਕਰਨਵੀਰ ਨੇ ਬਾਹਰ ਆ ਕੇ ਦੇਖਿਆ ਕਿ ਦਰਸ਼ਨ ਟਰੱਕ ਵਿਚ ਬੈਠਾ ਸੀ। ਉਹ ਟਰੱਕ ‘ਚੋਂ ਬਾਹਰ ਆ ਗਿਆ। ਉਸ ਨੇ ਪੁੱਛਿਆ, “ਹਾਂ?”
“ਗੋਰੀ ਕਹਿੰਦੀ ਟਰੱਕ ਦੀ ਨੰਬਰ ਪਲੇਟ ਨੋਟ ਕਰ ਕੇ ਲਿਆ।” ਕਰਨਵੀਰ ਨੇ ਦੱਸਿਆ।
“ਲੈ ਪੈ ਗਿਆ ਪੰਗਾ। ਅੱਗੇ ਤਾਂ ਕਦੇ ਕਿਸੇ ਨੇ ਪੁੱਛਿਆ ਨੀ ਸੀ ਏਦਾਂ। ਜਾਹ ਕਹਿ ਦੇਈਂ ਕਿ ਉਹ ਤਾਂ ਚਲਿਆ ਗਿਆ।” ਆਖ ਕੇ ਦਰਸ਼ਨ ਨੇ ਟਰੱਕ ਤੋਰ ਲਿਆ। ਉਦੋਂ ਹੀ ਐਗਜ਼ਾਮੀਨਰ ਨੇ ਬਾਹਰ ਆ ਕੇ ਟਰੱਕ ਦਾ ਨੰਬਰ ਨੋਟ ਕਰ ਲਿਆ। ਕਰਨਵੀਰ ਨੂੰ ਕੁਝ ਸਮਝ ਨਹੀਂ ਸੀ ਲੱਗ ਰਹੀ ਕਿ ਉਹ ਤੁਰੇ ਜਾਂਦੇ ਟਰੱਕ ਵੱਲ ਜਾਵੇ ਜਾਂ ਐਗਜ਼ਾਮੀਨਰ ਦੇ ਮਗਰ ਦਫ਼ਤਰ ਵਿਚ ਜਾਵੇ। ਜਦੋਂ ਦਰਸ਼ਨ ਨੇ ਇਹ ਗੱਲਾਂ ਕਰਨਵੀਰ ਨੂੰ ਸਿਖਾਈਆਂ ਸਨ, ਉਦੋਂ ਹੀ ਕਰਨਵੀਰ ਦੇ ਦਿਮਾਗ਼ ਵਿਚ ਪ੍ਰਸ਼ਨ ਉੱਠੇ ਸਨ। ਉਸ ਨੇ ਪੁੱਛਿਆ ਸੀ, “ਸਰ, ਆਪਾਂ ਪ੍ਰਾਈਵੇਟ ਬੁਕਿੰਗ ਕਿਉਂ ਕੀਤੀ ਏ। ਸਕੂਲ ਦੇ ਨਾਂ ਹੇਠ ਕਿਉਂ ਨਹੀਂ ਕਰਵਾਈ?”
“ਸਕੂਲਾਂ ਦੇ ਨਾਂ ਹੇਠ ਕਿੱਥੇ ਮਿਲਦੀਐਂ! ਸਾਰੀਆਂ ਥਾਵਾਂ ਭਰੀਆਂ ਪਈਐਂ। ਏਹ ਪਤਾ ਨਹੀਂ ਕੀ ਚੱਕਰ ਐ ਪ੍ਰਾਈਵੇਟ ਰੋਡ ਟੈਸਟ ਲਈ-ਦੇਈ ਜਾਂਦੇ ਆ। ਏਨ੍ਹਾਂ ਬਾਰੇ ਹਾਲੇ ਆਪਣੇ ਬੰਦਿਆਂ ਨੂੰ ਪਤਾ ਨਹੀਂ ਲੱਗਾ, ਨਹੀਂ ਤਾਂ ਏਹ ਵੀ ਨਾ ਲੱਭਣ।” ਦਰਸ਼ਨ ਦੇ ਇਸ ਜਵਾਬ ਨਾਲ਼ ਕਰਨਵੀਰ ਦੀ ਪੂਰੀ ਤਸੱਲੀ ਨਹੀਂ ਸੀ ਹੋਈ। ਉਸ ਨੇ ਫਿਰ ਪੁੱਛਿਆ, “ਪਰ ਸਰ, ਆਪਣੇ ਟਰੇਲਰ ‘ਤੇ ਤਾਂ ਵੱਡੇ ਅੱਖਰਾਂ ‘ਚ ਆਪਣੇ ਸਕੂਲ ਦਾ ਨਾਂ ਲਿਖਿਆ ਹੋਇਆ ਏ। ਉਨ੍ਹਾਂ ਨੂੰ ਪਤਾ ਨਾ ਲੱਗੇਗਾ ਕਿ ਟਰੱਕ ਰੈਂਟਲ ਏ ਕਿ ਸਕੂਲ ਦਾ ਏ?”
“ਟਰੱਕ ਰੈਂਟਲ ਚਾਹੀਦੈ। ਟਰੇਲਰ ਭਾਵੇਂ ਕਿਸੇ ਸਕੂਲ ਦਾ ਹੀ ਹੋਵੇ। ਨਾਲ਼ੇ ਉਹ ਇਸ ਵੱਲ ਬਹੁਤਾ ਧਿਆਨ ਨੀ ਦਿੰਦੇ। ਚੱਲੀ ਜਾਂਦੈ ਕੰਮ।” ਦਰਸ਼ਨ ਨੇ ਜਵਾਬ ਦਿੱਤਾ ਸੀ।
‘ਕਿੱਧਰ ਫਸ ਗਿਆ! ਹੁਣ ਕਿਸੇ ਝੂਠ ਦੇ ਕੇਸ ‘ਚ ਹੀ ਨਾ ਫਸਾ ਦੇਣ।’ ਇਸ ਡਰ ਨਾਲ਼ ਕਰਨਵੀਰ ਦਾ ਦਿਲ ਕੀਤਾ ਕਿ ਉਹ ਟਰੱਕ ਦੇ ਮਗਰ ਹੀ ਦੌੜ ਜਾਵੇ। ‘ਐਂ ਕਿੱਥੋਂ ਤਕ ਨੱਠ ਲਵਾਂਗਾ?’ ਸੋਚ ਕੇ ਕਰਨਵੀਰ ਹੌਲ਼ੀ-ਹੌਲ਼ੀ ਪੈਰ ਘੜੀਸਦਾ ਦਫ਼ਤਰ ਵਿਚ ਚਲਾ ਗਿਆ। ਐਗਜ਼ਾਮੀਨਰ ਅੰਦਰ ਕਿਤੇ ਚਲੀ ਗਈ ਸੀ। ਉਨੀ ਦੇਰ ਕਰਨਵੀਰ ਦਾ ਸਾਹ ਸੂਤਿਆ ਰਿਹਾ। ਕੁਝ ਦੇਰ ਬਾਅਦ ਬਾਹਰ ਆ ਕੇ ਉਹ ਬੋਲੀ, “ਤੈਨੂੰ ਪਤਾ ਹੈ ਨਾ ਕਿ ਤੇਰੀ ਅਪੁਇੰਟਮੈਂਟ ਪ੍ਰਾਈਵੇਟ ਹੈ, ਕਿਸੇ ਟਰੱਕ ਡਰਾਈਵਿੰਗ ਸਕੂਲ ਦੇ ਨਾਂ ਨਾਲ਼ ਨਹੀਂ?”
“ਹਾਂ।”
“ਤੈਨੂੰ ਇਹ ਵੀ ਪਤਾ ਹੈ ਨਾ ਕਿ ਪ੍ਰਾਈਵੇਟ ਬੁਕਿੰਗ ਨਾਲ਼ ਕਿਸੇ ਸਕੂਲ ਦੇ ਟਰੱਕ ‘ਤੇ ਰੋਡ ਟੈਸਟ ਨਹੀਂ ਦੇ ਸਕਦੇ?”
ਕਰਨਵੀਰ ਕੁਝ ਨਾ ਬੋਲਿਆ। ਐਗਜ਼ਾਮੀਨਰ ਫਿਰ ਬੋਲੀ, “ਇਹ ਟਰੱਕ ਦਰਸ਼ਨ ਸਿੰਘ ਦੇ ਨਾਂ ਹੇਠ ਰਜਿਸਟਰ ਹੈ। ਦਰਸ਼ਨ ਸਿੰਘ ਦਾ ‘ਸਿਰੇ ਸੱਟ ਡਰਾਈਵਿੰਗ ਸਕੂਲ’ ਹੈ। ਤੁਸੀਂ ਟਰੱਕ ਕਿਰਾਏ ‘ਤੇ ਲੈ ਕੇ ਕਿਉਂ ਨਹੀਂ ਰੋਡ ਟੈਸਟ ਦੇ ਸਕਦੇ? ਕਿਰਾਏ ਦੇ ਡਾਲਰ ਬਚਾਉਣ ਲਈ ਤੁਸੀਂ ਲੋਕ ਧੋਖਾ ਕਿਉਂ ਕਰਦੇ ਆਂ?” ਕਰਨਵੀਰ ਦਾ ਐਗਜ਼ਾਮੀਨਰ ਦੇ ਕਹੇ ਸ਼ਬਦ ‘ਤੁਸੀਂ ਲੋਕ’ ਵੱਲ ਧਿਆਨ ਨਾ ਗਿਆ। ਉਸ ਦਾ ਧਿਆਨ ਤਾਂ ‘ਕਿਰਾਏ ਦੇ ਪੈਸੇ’ ਬਚਾਉਣ ਵਾਲੀ ਗੱਲ ਨੇ ਖਿੱਚ ਲਿਆ ਸੀ। ਉਸ ਨੂੰ ਕਹਾਣੀ ਦੀ ਸਮਝ ਆਉਣ ਲੱਗੀ ਸੀ ਕਿ ਦਰਸ਼ਨ ਨੇ ਉਨ੍ਹਾਂ ਤੋਂ ਤਾਂ ਕਿਰਾਏ ਦੇ ਪੈਸੇ ਲੈ ਲਏ ਸਨ ਪਰ ਉਹ ਟਰੱਕ ਕਿਰਾਏ ‘ਤੇ ਲੈਣ ਦੀ ਥਾਂ ਆਪਣਾ ਵਰਤ ਕੇ ਹੀ ਕਿਰਾਏ ਵਾਲੇ ਪੈਸੇ ਕਮਾਉਣੇ ਚਾਹੁੰਦਾ ਸੀ। ਕਰਨਵੀਰ ਨੇ ਇਹ ਸਭ ਐਗਜ਼ਾਮੀਨਰ ਨੂੰ ਨਾ ਦੱਸਿਆ। ਉਹ ਡੌਰ ਭੌਰ ਹੋਇਆ ਐਗਜ਼ਾਮੀਨਰ ਵੱਲ ਦੇਖਦਾ ਰਿਹਾ। ਉਹ ਬੋਲੀ, “ਮੈਂ ਤੇਰੀ ਅਪੁਇੰਟਮੈਂਟ ਰੱਦ ਕਰਦੀ ਹਾਂ। ਹੁਣ ਨਵੇਂ ਸਿਰੇ ਤੋਂ ਫ਼ੀਸ ਭਰ ਕੇ ਦੁਬਾਰਾ ਬੁੱਕ ਕਰਵਾ। ਚੇਤਾ ਰੱਖੀਂ, ਅੱਗੇ ਤੋਂ ਪ੍ਰਾਈਵੇਟ ਬੁਕਿੰਗ ਕੀਤੀ ਤਾਂ ਟਰੱਕ ਕਿਸੇ ਡਰਾਈਵਿੰਗ ਸਕੂਲ ਦਾ ਨਾ ਹੋਵੇ।”
ਇਹ ਸੁਣ ਕੇ ਕਰਨਵੀਰ ਨੇ ਸੁੱਖ ਦਾ ਸਾਹ ਲਿਆ। ਉਸ ਨੇ ਸੋਚਿਆ, ‘ਡੇਢ ਸੌ ਡਾਲਰ ਫ਼ੀਸ ਦਾ ਤਾਂ ਕੋਈ ਨਹੀਂ, ਕਿਸੇ ਕੇਸ ‘ਚ ਫਸਣ ਤੋਂ ਤਾਂ ਬਚ ਗਏ।’
ਕਰਨਵੀਰ ਨੂੰ ਮਿਲਦਿਆਂ ਹੀ ਦਰਸ਼ਨ ਨੇ ਪੁੱਛਿਆ, “ਆਪਣੇ ਸਕੂਲ ਨੂੰ ਜੁਰਮਾਨਾ ਤਾਂ ਨੀ ਕੀਤਾ?”
“ਨਾ, ਮੈਨੂੰ ਤਾਂ ਨਹੀਂ ਕਿਹਾ ਕੁਛ।”
“ਕੋਈ ਜੁਰਮਾਨਾ ਨਾ ਕਰ ਦੇਣ!”
‘ਹੋਣਾ ਤਾਂ ਚਾਹੀਦਾ ਏ ਜਿਹੜੇ ਐਨਾ ਲਾਲਚ ਕਰਦੇ ਓ।’ ਕਰਨਵੀਰ ਦੇ ਚਿੱਤ ‘ਚ ਆਈ ਪਰ ਉਸ ਨੇ ਇਸ ਦੀ ਥਾਂ’ਤੇ ਕਿਹਾ, “ਹੁਣ ਕੀ ਹੋਊ?”
“ਮੈਨੂੰ ਹੁਣ ਕੀ ਪਤੈ ਯਾਰ। ਮੈਨੂੰ ਆਵਦਾ ਫ਼ਿਕਰ ਐ। ਪਤਾ ਨੀ ਕੀ ਕਰਨਗੇ। ਥੋਨੂੰ ਛੇਤੀ ਰੋਡ ਟੈਸਟਾਂ ਦੀ ਪਈ ਐ।”
ਤੇ ਫਿਰ ਬ੍ਰੈਂਪਟਨ ਆਪਣੇ ਦਫ਼ਤਰ ਪਹੁੰਚ ਕੇ ਆਪਣੇ ਫੋਨ ਵੱਲ ਦੇਖਦਾ ਦਰਸ਼ਨ ਬੋਲਿਆ, “ਬਰਲਿੰਗਟਨ ਸ਼ਹਿਰ ‘ਚ ਹੈ ਕੱਲ੍ਹ ਦੀ ਪ੍ਰਾਈਵੇਟ ਦੋ ਵਜੇ ਦੀ ਇਕ ਥਾਂ ਵਿਹਲੀ। ਟਰੱਕ ਦੇ ਕਿਰਾਏ ਦਾ ਖਰਚਾ ਤੇ ਮੇਰਾ ਪੰਜ ਸੌ, ਜੇ ਮਨਜ਼ੂਰ ਹੈ ਤਾਂ ਕਰਦੇ ਬੁੱਕ।”
ਕੁਝ ਦੇਰ ਸੋਚਣ ਤੋਂ ਬਾਅਦ ਕਰਨਵੀਰ ਬੋਲਿਆ, “ਡੇਢ ਸੌ ਬੁਕਿੰਗ ਫ਼ੀਸ ਵੀ ਲੱਗਣੀ ਹੈ। ਤੁਸੀਂ ਆਵਦਾ ਤਾਂ ਪੰਜ ਸੌ ਨਾ ਲਓ। ਰੋਡ ਟੈਸਟ ਤਾਂ ਤੁਸੀਂ ਦਿਵਾਉਣਾ ਹੀ ਸੀ।”
“ਮੈਂ ਵੀ ਪਰਿਵਾਰ ਪਾਲਣੈ ਕਿ ਨਹੀਂ? ਮੇਰੀ ਸਾਰੀ ਦਿਹਾੜੀ ਲੱਗ ਜਾਣੀ ਐ।”
“ਮੇਰੇ ਤਾਂ ਅੱਜ ਵੀ ਦੇਖ ਲਓ ਕਿੰਨੇ ਲੱਗ ਗਏ?”
“ਅੱਜ ਦੀ ਅੱਜ ਨਾਲ਼। ਕੱਲ੍ਹ ਦੀ ਕੱਲ੍ਹ ਨਾਲ਼। ਜੇ ਮਨਜ਼ੂਰ ਹੈ ਤਾਂ ਦੱਸ ਟਰੱਕ ਰੈਂਟ ਕਰੀਏ। ਨਹੀਂ ਫੇਰ ਵੇਟ ਕਰ, ਜਦੋਂ ਕਿਤੇ ਤਿੰਨ-ਚਾਰ ‘ਕੱਠੀਆਂ ਖਾਲੀ ਥਾਵਾਂ ਮਿਲੀਆਂ, ਉਦੋਂ ਸਹੀ। ਟਰੱਕ ਦਾ ਰੈਂਟ ਵੰਡਿਆ ਜਾਊ ਤਿੰਨੀ-ਚਾਰੀਂ ਥਾਈਂ?”
ਕਰਨਵੀਰ ਸੋਚਣ ਲੱਗਾ। ਦਰਸ਼ਨ ਫਿਰ ਬੋਲਿਆ, “ਬਰਲਿੰਗਟਨ ਤਾਂ ਆਹ ਨਾਲ਼ ਐ ਘੰਟੇ ਦੀ ਵਾਟ ‘ਤੇ। ਮੈਨੂੰ ਉਥੋਂ ਦੇ ਰੋਡ ਟੈਸਟ ਦੇ ਰੂਟਾਂ ਦਾ ਵੀ ਪਤੈ। ਨਾਲ਼ੇ ’ਕੱਠੀਆਂ ਥਾਵਾਂ ਪਤਾ ਨੀ ਮਿਲਣ ਪਤਾ ਨੀ ਨਾ। ਆਪਾਂ ਲੱਕੀ ਸੀ ਜਿਹੜੀਆਂ ਅੱਜ ਆਪਾਂ ਨੂੰ ਮਿਲ ਗਈਆਂ ਸੀ।”
‘ਕਾਹਦੇ ਲੱਕੀ ਸੀ? ਐਨੇ ਖੱਜਲ ਹੋਏ। ਕਿੰਨਾ ਵਾਧੂ ‘ਚ ਹੀ ਖਰਚਾ ਹੋ ਗਿਆ’ ਪਰ ਉਸ ਨੇ ਇਹ ਨਾ ਕਿਹਾ ਸਗੋਂ ਬੋਲਿਆ, “ਠੀਕ ਏ ਜੀ ਨਬੇੜੀਏ ਕੰਮ ਇਹ।”
ਅਗਲੇ ਦਿਨ ਉਨ੍ਹਾਂ ਨੇ ਬ੍ਰੈਂਪਟਨ ਤੋਂ ਟਰੱਕ ਕਿਰਾਏ ‘ਤੇ ਲੈ ਲਿਆ। ਉਸ ਨਾਲ਼ ‘ਸਿਰੇ ਸੱਟ ਡਰਾਈਵਿੰਗ ਸਕੂਲ’ ਦਾ ਟਰਾਲਾ ਜੋੜ ਕੇ ਕਰਨਵੀਰ ਫਿਰ ਮਿਸ਼ਨ ‘ਤੇ ਚੱਲ ਪਿਆ। ਬਰਲਿੰਗਟਨ ਪਹੁੰਚ ਕੇ ਦਰਸ਼ਨ ਬੋਲਿਆ, “ਤੈਨੂੰ ਰੋਡ ਟੈਸਟ ਦੇ ਰੂਟ ‘ਤੇ ਗੇੜੇ ਕਢਾਉਣ ਤੋਂ ਪਹਿਲਾਂ ਲੰਚ ਕਰ ਲਈਏ।”
ਵ੍ਹਾਈਟ ਸਪਾਟ ਰੈਸਟੋਰੈਂਟ ਵਿਚ ਬੈਠਦਾ ਹੀ ਦਰਸ਼ਨ ਬੋਲਿਆ, “ਮੈਂ ਤਾਂ ਫਿਸ਼ ਐਂਡ ਚਿੱਪਸ ਖਾਊਂਗਾ। ਤੂੰ ਆਵਦੀ ਪਸੰਦ ਦਾ ਕਰ ਦੇ ਆਰਡਰ।” ਕਰਨਵੀਰ ਨੇ ਸੋਚਿਆ ਕਿ ਅੱਜ ਇਹ ਬੜਾ ਦਿਆਲ ਹੋਇਆ ਹੈ ਪਰ ਉਸ ਦਾ ਇਹ ਭੁਲੇਖਾ ਖਾਣਾ ਖਤਮ ਹੁੰਦਿਆਂ ਹੀ ਦੂਰ ਹੋ ਗਿਆ, ਜਦੋਂ ਦਰਸ਼ਨ ਨੇ ਕਿਹਾ, “ਬਿੱਲ ਦੇ ਨਾਲ਼ ਟਿੱਪ ਜ਼ਰੂਰ ਦੇ ਦੀਂ, ਨਹੀਂ ਤਾਂ ਚੰਗਾ ਨੀ ਲਗਦਾ।”
ਰੋਡ ਟੈਸਟ ਵਾਲੇ ਰੂਟ ਤੋਂ ਮੁੜ ਕੇ ਉਹ ਮਨਿਸਟਰੀ ਦੀ ਬਿਲਡਿੰਗ ਮਗਰ ਬਣੇ ਬੇਅ ‘ਤੇ ਟਰੱਕ ਬੈਕ ਲਾਉਣ ਦੀ ਪ੍ਰੈਕਟਿਸ ਕਰਨ ਲੱਗੇ। ਉਦੋਂ ਹੀ ਅੰਦਰੋਂ ਆ ਕੇ ਕੋਈ ਬੋਲਿਆ, “ਤੁਸੀਂ ਇੱਥੇ ਨਹੀਂ ਪ੍ਰੈਕਟਿਸ ਕਰ ਸਕਦੇ, ਕਿਤੇ ਹੋਰ ਜਾਓ।”
ਇਹ ਖਰ੍ਹਵੀ ਆਵਾਜ਼ ਸੁਣ ਕੇ ਕਰਨਵੀਰ ਦੇ ਅੰਦਰ ਧੁੜਕੂ ਪੈਦਾ ਹੋ ਗਿਆ ਕਿ ਕਿਤੇ ਅੱਜ ਵੀ ਸਾਰਾ ਖਰਚਾ ਇਵੇਂ ਹੀ ਨਾ ਜਾਵੇ। ਉਸ ਦੇ ਚਿੱਤ ‘ਚ ਆਈ, ‘ਕਿਤੇ ਇਹ ਹੀ ਨਾ ਹੋਵੇ ਰੋਡ ਟੈਸਟ ਲੈਣ ਵਾਲ਼ਾ।’
ਪਰ ਉਸ ਦਾ ਇਹ ਡਰ ਦੂਰ ਹੋ ਗਿਆ, ਜਦੋਂ ਰੋਡ ਟੈਸਟ ਲੈਣ ਵਾਲ਼ਾ ਦੂਰੋਂ ਹੀ ਦਰਸ਼ਨ ਨੂੰ ਬੋਲਿਆ, “ਹੇ ਡਰਸ਼ਨ, ਕੀ ਹਾਲ ਹੈ ਦੋਸਤ? ਲੰਮੇ ਸਮੇਂ ਤੋਂ ਦੇਖਿਆ ਹੀ ਨੀ?”
ਤੇ ਫਿਰ ਪ੍ਰੀ ਟ੍ਰੈਪ ਇਨਸਪੈਕਸ਼ਨ ਕਰਦਾ ਕਰਨਵੀਰ ਪੂਰਾ ਹੌਸਲਾ ਫੜ ਗਿਆ। ਉਹ ਫਰਨ-ਫਰਨ ਸਾਰੀ ਕਾਰਵਾਈ ਕਰਨ ਲੱਗਾ। ਰੋਡ ਟੈਸਟ ਦੇ ਕੇ ਉਹ ਦੁਚਿੱਤੀ ‘ਚ ਹੀ ਸੀ ਕਿ ਪਾਸ ਸੀ ਜਾਂ ਫੇਲ੍ਹ, ਭਾਵੇਂ ਉਸ ਨੂੰ ਲਗਦਾ ਸੀ ਕਿ ਉਸ ਨੇ ਟਰੱਕ ਠੀਕ ਚਲਾਇਆ ਸੀ; ਤੇ ਜਦੋਂ ਐਗਜ਼ਾਮੀਨਰ ਨੇ ‘ਪਾਸ’ ਕਿਹਾ, ਕਰਨਵੀਰ ਨੇ ਝੱਟ ਆਪਣਾ ਫੋਨ ਜੇਬ ‘ਚੋਂ ਬਾਹਰ ਕੱਢ ਲਿਆ ਅਤੇ ਐਗਜ਼ਾਈਮਨਰ ਦੇ ਪਾਸੇ ਹੁੰਦਿਆਂ ਹੀ ਜੀਤੀ ਨੂੰ ਸੁਨੇਹਾ ਲਿਖ ਦਿੱਤਾ, “ਮਿਲ ਗਿਆ ਲਾਈਸੰਸ।”
ਜੀਤੀ ਦਾ ਝੱਟ ਮੁੜਵਾਂ ਸੁਨੇਹਾ ਆ ਗਿਆ, “ਪਾਰਟੀ ਹੋ ਗਈ। ਇਸ ਵਾਰ ਤੈਨੂੰ ਨਹੀਂ ਰੋਕਾਂਗੀ। ਮੇਰੇ ਖਾਣੇ ਦੇ ਵੀ ਤੂੰ ਹੀ ਪੇਅ ਕਰੀਂ।”
ਫਿਰ ਉਸ ਦਾ ਇਕ ਹੋਰ ਸੁਨੇਹਾ ਆ ਗਿਆ, “ਨਿਆਗਰਾ ਫਾਲਜ਼ ਜਾ ਕੇ ਪਾਰਟੀ ਕਰਾਂਗੇ।”
“ਜਿੱਥੇ ਕਹੇਂਗੀ।” ਲਿਖ ਕੇ ਕਰਨਵੀਰ ਨੇ ਮੁੜ ਜੀਤੀ ਦਾ ਪਹਿਲਾ ਸੁਨੇਹਾ ਪੜ੍ਹਿਆ। ਉਸ ਦੇ ਚਿਹਰੇ ‘ਤੇ ਮੁਸਕਾਨ ਆ ਗਈ। ਉਸ ਨੇ ਜੀਤੀ ਦੀ ਫ਼ੋਟੋ ਵੱਲ ਹੀ ਬੁੱਲ੍ਹ ਮਰੋੜ ਕੇ ਚੁੰਮਣ ਭੇਜਿਆ।
ਆਪਣਾ ਅਸਥਾਈ ਲਾਈਸੰਸ ਲੈ ਕੇ ਕਰਨਵੀਰ ਕੁਝ ਪਲ ਉਸ ਵੱਲ ਦੇਖਦਾ ਰਿਹਾ ਜਿਵੇਂ ਆਖਦਾ ਹੋਵੇ, ‘ਤੂੰ ਮੈਨੂੰ ਬੜਾ ਸਤਾਇਆ ਸੀ’, ਫਿਰ ਉਸ ਨੂੰ ਸੰਭਾਲ਼ ਕੇ ਜੇਬ ਵਿਚ ਰੱਖਿਆ ਅਤੇ ਦਫ਼ਤਰ ਵਿਚੋਂ ਬਾਹਰ ਆ ਗਿਆ।
ਉਸ ਦੇ ਚਿਹਰੇ ਦੀ ਮੁਸਕਾਨ ਦੇਖ ਕੇ ਦਰਸ਼ਨ ਬੋਲਿਆ, “ਮਿਲ ਗਿਆ?”
“ਹਾਂ ਜੀ।”
“ਏਸ ਐਗਜ਼ਾਮੀਨਰ ਨੂੰ ਮੈਂ ਹੀ ਟਰੇਂਡ ਕੀਤੈ। ਇਹ ਨੀ ਮੇਰੇ ਟਰੇਨੀਆਂ ਨੂੰ ਫੇਲ੍ਹ ਕਰਦਾ।” ਦਰਸ਼ਨ ਦੀ ਇਹ ਗੱਲ ਸੁਣ ਕੇ ਕਰਨਵੀਰ ਨੂੰ ਲੱਗਾ ਕਿ ਕਿਤੇ ਦਰਸ਼ਨ ਉਸ ਤੋਂ ਇਸ ਪਛਾਣ ਦੀ ਵੀ ਵਾਧੂ ਫ਼ੀਸ ਨਾ ਮੰਗ ਲਵੇ। ਦਰਸ਼ਨ ਨੇ ਇਹ ਨਾ ਮੰਗੀ ਅਤੇ ਟਰੱਕ ਵਿਚ ਬੈਠਦਾ ਹੀ ਬੋਲਿਆ, “ਮੇਰੀ ਪਾਰਟੀ ਦਾ ਸੌ ਕੱਢ।”
ਕਰਨਵੀਰ ਨੂੰ ਲੱਗਾ ਕਿ ਉਹ ਮਜ਼ਾਕ ਕਰ ਰਿਹਾ ਸੀ, ਉਸ ਨੇ ਹੱਸ ਕੇ ਟਾਲ ਦਿੱਤਾ। ਦਰਸ਼ਨ ਫਿਰ ਬੋਲਿਆ, “ਦੰਦ ਕੱਢ ਕੇ ਨਾ ਸਾਰ। ਮੇਰੀ ਪਾਰਟੀ ਬਣਦੀ ਐ। ਸਾਰੀ ਦਿਹਾੜੀ ਤੇਰੇ ‘ਤੇ ਲਾਤੀ।”
ਕਰਨਵੀਰ ਨੂੰ ਫਿਰ ਵੀ ਲੱਗਾ ਕਿ ਖੁਸ਼ੀ ‘ਚ ਆਖ ਰਿਹਾ ਸੀ। ਉਹ ਕੁਝ ਨਾ ਬੋਲਿਆ। ਦਰਸ਼ਨ ਬੋਲਿਆ, “ਟਰੱਕ ਫੇਰ ਤੋਰੂੰ, ਪਹਿਲਾਂ ਪਾਰਟੀ ਕੱਢ।”
ਕਰਨਵੀਰ ਨੇ ਬਟੂਏ ਵਿਚੋਂ ਸੌ ਦਾ ਨੋਟ ਕੱਢ ਕੇ ਦਰਸ਼ਨ ਨੂੰ ਦਿਖਾਉਂਦਿਆਂ ਕਿਹਾ, “ਸਰ, ਇਹ ਆਖਰੀ ਏ। ਘਰਦਿਆਂ ਵਾਸਤੇ ਵੀ ਸ਼ਾਮ ਨੂੰ ਕੁਝ ਖਾਣ-ਪੀਣ ਲਈ ਲੈ ਕੇ ਜਾਣਾ ਏ।”
“ਹਾਲੇ ਤਾਂ ਸ਼ੇਰਾ ਟਰੱਕ ‘ਚ ਡੀਜ਼ਲ ਵੀ ਪਵਾਉਣੈ।” ਦਰਸ਼ਨ ਨੇ ਕਰਨਵੀਰ ਦੇ ਹੱਥੋਂ ਨੋਟ ਖਿੱਚਦਿਆਂ ਕਿਹਾ; ਤੇ ਫਿਰ ਨੋਟ ਆਪਣੀ ਜੈਕਟ ਦੀ ਜੇਬ ਦੇ ਹਵਾਲੇ ਕਰਦਾ ਬੋਲਿਆ, “ਕਾਰਡ ਵਰਤ ਲੀਂ।”
“ਕਾਰਡ ਮੈਂ ਜਾਣ ਕੇ ਨਹੀਂ ਵਰਤਦਾ ਕਿ ਕਿਤੇ ਜ਼ਿਆਦਾ ਖਰਚਾ ਨਾ ਕਰ ਬੈਠਾਂ।”
“ਹੁਣ ਨਾ ਸਰਫਾ ਕਰ। ਲਾਈਸੰਸ ਮਿਲ ਗਿਆ ਤੇ ਰੋਗ ਕੱਟੇ ਗਏ। ਖੁਸ਼ੀਆਂ ਮਨਾ।”
‘ਸੱਚੀਂ ਰੋਗ ਕੱਟੇ ਗਏ? ਕਿਤੇ ਇਵੇਂ ਹੀ ਹੋਵੇ!’ ਕਰਨਵੀਰ ਨੇ ਸੋਚਿਆ। ਉਸ ਨੂੰ ਚਿੱਟੀ ਦਾ ਕਿਹਾ ਯਾਦ ਆ ਗਿਆ। ਉਸ ਨੇ ਕਿਹਾ ਸੀ, “ਟਰੱਕ ਦਾ ਲਾਈਸੰਸ ਲੈ ਆ। ਪਿੱਛੋਂ ਮੇਰਾ ਕੰਮ।”
‘ਚੱਲ ਵੱਡਾ ਪੜਾਅ ਤਾਂ ਪਾਰ ਕਰ ਹੀ ਲਿਆ।’ ਕਰਨਵੀਰ ਨੇ ਸੋਚਿਆ ਅਤੇ ਉਹ ਚਿੱਟੀ ਨੂੰ ਇਹ ਖ਼ਬਰ ਦੇਣ ਲੱਗ ਪਿਆ। (ਚੱਲਦਾ)