ਕੁਦਰਤ ਕੌਰ
ਅਦਾਕਾਰ ਦੇਵ ਆਨੰਦ ਦਾ ਫਿਲਮੀ ਦੁਨੀਆ ਅੰਦਰ ਆਪਣਾ ਮੁਕਾਮ ਹੈ। ਉਸ ਦੀ ਦੇਣ ਨੂੰ ਕਦੀ ਭੁਲਾਇਆ ਨਹੀਂ ਜਾ ਸਕੇਗਾ। ਸਾਲ 2023 ਉਸ ਦਾ ਸ਼ਤਾਬਦੀ ਵਰ੍ਹਾ ਹੈ। ਉਸ ਦਾ ਜਨਮ 26 ਸਤੰਬਰ 1923 ਨੂੰ ਹੋਇਆ ਸੀ।
ਅਦਾਕਾਰ ਦੇਵ ਆਨੰਦ ਦਾ ਫਿਲਮੀ ਦੁਨੀਆ ਅੰਦਰ ਆਪਣਾ ਮੁਕਾਮ ਹੈ। ਸਾਲ 2023 ਉਸ ਦਾ ਸ਼ਤਾਬਦੀ ਵਰ੍ਹਾ ਹੈ। ਉਸ ਦਾ ਜਨਮ 26 ਸਤੰਬਰ 1923 ਨੂੰ ਕਸਬਾ ਸ਼ਕਰਗੜ੍ਹ (ਜ਼ਿਲ੍ਹਾ ਗੁਰਦਾਸਪੁਰ) ਵਿਚ ਹੋਇਆ। 1947 ਦੀ ਵੰਡ ਵੇਲੇ ਸ਼ਕਰਗੜ੍ਹ ਗੁਰਦਾਸਪੁਰ ਜ਼ਿਲ੍ਹੇ ਦੀ ਅਜਿਹੀ ਇਕੋ-ਇਕ ਤਹਿਸੀਲ ਸੀ ਜਿਹੜੀ ਪਾਕਿਸਤਾਨ ਵਾਲੇ ਪਾਸੇ ਰਹਿ ਗਈ।
ਦੇਵ ਆਨੰਦ ਦੇ ਪਿਤਾ ਪਿਸ਼ੌਰੀ ਲਾਲ ਆਨੰਦ ਮੰਨੇ-ਪ੍ਰਮੰਨੇ ਵਕੀਲ ਸਨ ਅਤੇ ਗੁਰਦਾਸਪੁਰ ਜ਼ਿਲ੍ਹਾ ਅਦਾਲਤ ਵਿਚ ਕੰਮ ਕਰਦੇ ਸਨ। ਦੇਵ ਆਨੰਦ ਉਨ੍ਹਾਂ ਦੇ ਚਾਰ ਪੁੱਤਰਾਂ ਵਿਚੋਂ ਤੀਜਾ ਸੀ। ਦੇਵ ਆਨੰਦ ਦੀ ਇਕ ਭੈਣ ਸ਼ੀਲ ਕਾਂਤਾ ਕਪੂਰ, ਫਿਲਮਸਾਜ਼ ਸ਼ੇਖਰ ਕਪੂਰ ਦੀ ਮਾਂ ਹੈ। ਉਸ ਦਾ ਵੱਡਾ ਭਰਾ ਮਨਮੋਹਨ ਆਨੰਦ ਗੁਰਦਾਸਪੁਰ ਦੀਆ ਜ਼ਿਲ੍ਹਾ ਕਚਿਹਰੀਆਂ ਵਿਚ ਹੀ ਪ੍ਰੈਕਟਿਸ ਕਰਦਾ ਸੀ। ਉਸ ਦੇ ਦੂਜੇ ਭਰਾ ਚੇਤਨ ਆਨੰਦ ਅਤੇ ਵਿਜੈ ਆਨੰਦ ਦਾ ਫਿਲਮੀ ਦੁਨੀਆ ਵਿਚ ਆਪੋ-ਆਪਣਾ ਮੁਕਾਮ ਹੈ।
ਦੇਵ ਆਨੰਦ ਨੇ ਦਸਵੀਂ ਦੀ ਪੜ੍ਹਾਈ ਡਲਹੌਜ਼ੀ ਦੇ ਸੇਕਰਡ ਹਰਟ ਸਕੂਲ ਤੋਂ ਕੀਤੀ ਅਤੇ ਫਿਰ ਸਰਕਾਰੀ ਕਾਲਜ ਧਰਮਸ਼ਾਲਾ ਵਿਚ ਪੜ੍ਹਾਈ ਕੀਤੀ। ਇਸ ਤੋਂ ਬਾਅਦ ਉਹ ਲਾਹੌਰ ਚਲੇ ਗਏ। ਸਰਕਾਰੀ ਕਾਲਜ ਲਾਹੌਰ ਤੋਂ ਬੀ.ਏ. ਦੀ ਡਿਗਰੀ ਕੀਤੀ। ਉਹਨੇ ਅਜੇ ਆਪਣੀ ਬੀ.ਏ. ਮੁਕੰਮਲ ਕੀਤੀ ਹੀ ਸੀ ਕਿ ਬੰਬੇ (ਮੁੰਬਈ) ਲਈ ਚਾਲੇ ਪਾ ਦਿੱਤੇ। ਪਹਿਲਾਂ-ਪਹਿਲ ਉਸ ਨੂੰ ਚਰਚਗੇਟ ਵਿਚ 65 ਰੁਪਏ ਮਹੀਨਾ ਦੀ ਨੌਕਰੀ ਮਿਲੀ। ਫਿਰ 85 ਰੁਪਏ ਮਹੀਨੇ ‘ਤੇ ਕਲਰਕੀ ਕੀਤੀ। ਉਸ ਦਾ ਵੱਡਾ ਭਰਾ ਚੇਤਨ ਆਨੰਦ ‘ਇਪਟਾ’ (ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ) ਦਾ ਮੈਂਬਰ ਸੀ, ਦੇਵ ਵੀ ਉਸ ਦੇ ਨਾਲ ਹੋ ਤੁਰਿਆ। ਫਿਲਮ ‘ਅਛੂਤ ਕੰਨਿਆ’ ਅਤੇ ‘ਕਿਸਮਤ’ ਵਿਚ ਅਸ਼ੋਕ ਕੁਮਾਰ ਦੀ ਅਦਾਕਾਰੀ ਦੇਖ ਕੇ ਦੇਵ ਆਨੰਦ ਨੂੰ ਅਦਾਕਾਰ ਬਣਨ ਦਾ ਸ਼ੌਂਕ ਜਾਗਿਆ ਅਤੇ ਉਹ ਪ੍ਰਭਾਤ ਫਿਲਮ ਸਟੂਡੀਓ ਨਾਲ ਜੁੜ ਗਿਆ। ਫਿਰ ਪ੍ਰਭਾਤ ਫਿਲਮਜ਼ ਦੀ 1946 ਵਿਚ ਬਣੀ ਫਿਲਮ ‘ਹਮ ਏਕ ਸਾਥ’ ਲਈ ਉਸ ਨੂੰ ਲੀਡ ਰੋਲ ਮਿਲਿਆ। ਇਹ ਫਿਲਮ ਹਿੰਦੂ-ਮੁਸਲਮਾਨ ਏਕਤਾ ਦੀ ਗੱਲ ਕਰਦੀ ਸੀ।
ਇਸ ਤੋਂ ਬਾਅਦ ਦੇਵ ਆਨੰਦ ਨੇ ਉਘੀ ਅਦਾਕਾਰਾ ਸੁਰੱਈਆ ਨਾਲ ਕਈ ਫਿਲਮਾਂ ਕੀਤੀ ਜਿਨ੍ਹਾਂ ਵਿਚ ‘ਵਿਦਿਆ’ (1948), ‘ਜੀਤ’ (1949), ‘ਸ਼ਾਇਰ’ (1949), ‘ਅਫਸਰ’ (1950), ‘ਨੀਲੀ’ (1950), ‘ਸਨਮ’ ਤੇ ‘ਦੋ ਸਿਤਾਰੇ’ (1951) ਸ਼ਾਮਿਲ ਹਨ। ਫਿਲਮ ਵਿਦਿਆ ਦੀ ਸ਼ੂਟਿੰਗ ਦੌਰਾਨ ਦੇਵ ਆਨੰਦ ਨੂੰ ਸੁਰੱਈਆ ਨਾਲ ਮੁਹੱਬਤ ਹੋ ਗਈ ਪਰ ਇੱਥੇ ਮਸਲਾ ਹਿੰਦੂ ਮੁਸਲਮਾਨ ਦਾ ਖੜ੍ਹਾ ਹੋ ਗਿਆ ਅਤੇ ਸੁਰੱਈਆ ਦੇ ਘਰਦਿਆਂ ਨੇ ਇਸ ਰਿਸ਼ਤੇ ਲਈ ਹਾਂ ਨਹੀਂ ਕੀਤੀ। ਦੇਵ ਨਾਲੋਂ ਵਿਛੜ ਕੇ ਸੁਰੱਈਆ ਨੇ ਸਾਰੀ ਉਮਰ ਕਿਸੇ ਨਾਲ ਵਿਆਹ ਨਹੀਂ ਕਰਵਾਇਆ।
ਦੇਵ ਆਨੰਦ ਦੀ ਤੁਲਨਾ ਹੌਲੀਵੁੱਡ ਸਟਾਰ ਗ੍ਰੈਗਰੀ ਪੈੱਕ ਨਾਲ ਕੀਤੀ ਜਾਂਦੀ ਸੀ। ਆਪਣੇ ਵੇਲਿਆਂ ਵਿਚ ਦੇਵ ਦੀ ਚੜ੍ਹਤ ਦੇਖਣ ਹੀ ਵਾਲੀ ਸੀ। ਉਸ ਨੇ ਫਿਲਮੀ ਦੁਨੀਆ ਨੂੰ ਕਈ ਅਮਰ ਫਿਲਮਾਂ ਦਿੱਤੀਆਂ ਜਿਹੜੀਆਂ ਅੱਜ ਵੀ ਓਨੇ ਹੀ ਚਾਅ ਨਾਲ ਦੇਖੀਆਂ ਜਾਂਦੀਆਂ ਹਨ। ਉਹ ਸਦਾ ਬਹਾਰ ਹੀਰੋ ਹੈ। ਫਿਲਮ ‘ਗਾਈਡ’ (1965) ਦੇਵ ਆਨੰਦ ਦੇ ਕਰੀਅਰ ਦੀ ਮੀਲ ਪੱਥਰ ਹੋ ਨਿੱਬੜੀ। ਉਸ ਦੀਆਂ ਅਹਿਮ ਫਿਲਮਾਂ ਵਿਚ ‘ਜਿਊਲ ਥੀਫ’, ‘ਪ੍ਰੇਮ ਪੁਜਾਰੀ’, ‘ਜੌਹਨੀ ਮੇਰਾ ਨਾਮ’, ‘ਹਰੇ ਰਾਮਾ ਹਰੇ ਕ੍ਰਿਸ਼ਨਾ’, ‘ਬਨਾਰਸੀ ਬਾਬੂ’, ‘ਹੀਰਾ ਪੰਨਾ’, ‘ਅਮੀਰ ਗਰੀਬ’ ਆਦਿ ਸ਼ਾਮਿਲ ਹਨ। ਉਸ ਨੇ ਫਿਲਮਾਂ ਵਿਚ ਅਜਿਹੇ ਸਟਾਈਲ ਚਾਲੂ ਕੀਤੇ ਜਿਸ ਦੀ ਰੀਸ ਸਮਝੋ ਕੁਲ ਦੁਨੀਆ ਕਰਦੀ ਸੀ।