ਗੁਰਮਤਿ ਗਿਆਨ ਦੀ ਅੰਬਰੀ ਪ੍ਰਵਾਜ਼: ਡਾ. ਗੁਰਨਾਮ ਕੌਰ

ਪੂਰਨ ਸਿੰਘ ਪਾਂਧੀ
ਸਿੱਖ-ਸਿਧਾਂਤ ਅਤੇ ਗੁਰਬਾਣੀ ਬਾਰੇ ਗੱਲ ਕਰਨੀ ਅੰਬਰੀ ਪ੍ਰਵਾਜ਼ ਭਰਨ ਅਤੇ ਗੁਰਮਤਿ ਗਿਆਨ ਦੇ ਵਿਸ਼ਾਲ ਸਾਗਰ ਵਿਚੋਂ ਹੀਰੇ ਮੋਤੀ ਤਲਾਸ਼ਣ ਵਰਗੀ ਕਿਰਿਆ ਹੈ। ਇਸ ਬਿਖਮ ਮਾਰਗ `ਤੇ ਤੁਰਨ ਦਾ ਕੋਈ ਸਿਦਕੀ, ਸਿਰੜੀ ਤੇ ਬਿਬੇਕੀ ਬਿਰਤੀ ਦਾ ਮਾਲਕ ਹੀ ਹੀਆ ਕਰ ਸਕਦਾ ਹੈ।

ਪਰ ਸਾਡੇ ਸਮੇਂ ਦੀ, ਕੈਨੇਡਾ ਦੇ ਸ਼ਹਿਰ ਬਰੈਂਪਟਨ ਦੀ ਮਹਾਨ ਵਿਦਵਾਨ ਤੇ ਗੁਣਵਾਨ ਹਸਤੀ ਹੈ- ਡਾ. ਗੁਰਨਾਮ ਕੌਰ; ਜੋ ਗੁਰਮਤਿ ਗਿਆਨ ਅਤੇ ਗੁਰਬਾਣੀ ਦੇ ਸੂਖਮ ਤੇ ਬਿਖਮ ਰਹੱਸ ਦੀਆਂ ਪਰਤਾਂ ਖੋਜਣ, ਪੜਤਾਲਨ ਅਤੇ ਵਿਆਖਿਆ ਕਰਨ ਲਈ ਤਤਪਰ ਰਹਿੰਦੀ ਹੈ ਅਤੇ ਉਹ ਜਿਸ ਸਿਰੜ, ਸਿਦਕ ਤੇ ਸਮਰਪਿਤ ਭਾਵਨਾ ਨਾਲ਼ ਅਤੇ ਜਿਸ ਡੂੰਘਾਈ ਤੇ ਬਰੀਕੀ ਨਾਲ਼ ਗੁਰਮਤਿ ਖੋਜ ਦੇ ਕਾਰਜਾਂ ਵਿਚ ਚੁੱਪ ਚਾਪ ਲੱਗੀ ਹੋਈ ਹੈ; ਉਸ ਦੀ ਉਹ ਇਕੋ ਇਕ ਆਪ ਹੀ ਮਿਸਾਲ ਹੈ। “ਜੈਸਾ ਤੂ ਤੈਸਾ ਤੁਹੀ ਕਿਆ ਉਪਮਾ ਦੀਜੈ” ਵਾਲੀ ਗੱਲ ਹੈ। ਉਹ ਸਿੱਖ ਫ਼ਲਸਫੇL ਦੀ ਆਚਾਰੀਆ ਅਤੇ ਸਿੱਖ-ਸਾਹਿਤ ਦੀ ਵਿਦਵਾਨ ਵਿਆਖਿਆਕਾਰ ਹੈ। ਸਿੱਖ ਵਿਚਾਰਧਾਰਾ, ਗੁਰਮਤਿ ਗਿਆਨ ਅਤੇ ਧੁਰ ਕੀ ਬਾਣੀ ਦੀ ਅੰਬਰੀ ਪ੍ਰਵਾਜ਼ ਹੈ।
ਜ਼ਿੰਦਗੀ ਦੇ ਅਰੰਭ ਤੋਂ ਇਸ ਨੇ ਆਪਣੀ ਯੋਗਤਾ ਤੇ ਪ੍ਰਤਿਭਾ ਦਾ ਰੁਖ ਗੰਭੀਰ ਤੇ ਸੰਵੇਦਨਸ਼ੀਲ ਧਾਰਮਿਕ ਖੇਤਰ ਦੇ ਖੋਜ ਕਾਰਜਾਂ ਨਾਲ਼ ਜੋੜੀ ਰੱਖਿਆ ਹੈ। ਉਸ ਦੀਆਂ ਆਪਣੀਆਂ ਛਪੀਆਂ ਕਿਤਾਬਾਂ ਤੋਂ ਇਲਾਵਾ ਉਸ ਦੇ ਖੋਜ ਭਰੇ ਸੈਂਕੜੇ ਲੇਖਾਂ ਦਾ ਵਿਸਥਾਰ ਅਤਿਅੰਤ ਹੈਰਾਨ ਕਰਦਾ ਕਾਰਜ ਹੈ। ਹੈਰਾਨ ਕਰਦੀ ਗੱਲ ਇਹ ਵੀ ਹੈ ਕਿ ਦਰਜਨ ਦੇ ਕਰੀਬ ਕਿਤਾਬਾਂ ਦੇ ਖਰੜੇ ਇਸ ਦੀਆਂ ਫਾਈਲਾਂ ਵਿਚ ਚਿਣ ਚਿਣ ਕੇ ਸੰਤੋਖੇ ਪਏ ਹਨ। ਉਨ੍ਹਾਂ ਖਰੜਿਆਂ ਨੂੰ ਚਾਨਣ ਵਿਚ ਆਉਣ ਤੇ ਛਪਣ ਦਾ ਸੁਭਾਗ ਸਮਾਂ ਕਦੋਂ ਮਿਲੇਗਾ, ਮਿਲੇਗਾ ਵੀ ਕਿ ਨਹੀਂ, ਕਿਸੇ ਨੂੰ ਕੁਝ ਪਤਾ ਨਹੀਂ।
ਅਮਰੀਕਾ ਦੇ ਸ਼ਹਿਰ ਸ਼ਿਕਾਗੋ ਤੋਂ ਛਪਦੇ ਹਫ਼ਤਾਵਾਰੀ ਅਖਬਾਰ “ਪੰਜਾਬ ਟਾਈਮਜ਼” ਦੀ ਇਹ ਸਥਾਈ ਲੇਖਕਾ ਹੈ; ਉਸ ਦੇ ਹਰ ਅੰਕ ਵਿਚ ਇਸ ਦੇ ਨਵੇਂ ਤੋਂ ਨਵੇਂ ਬਹੁਮੁੱਲੇ ਲੇਖ ਨਿਰੰਤਰ ਛਪਦੇ ਆ ਰਹੇ ਹਨ। ਰੇਡੀਓ ਅਤੇ ਟੀ. ਵੀ. ਵਿਚ ਵੀ ਇਸ ਨੂੰ ਦੇਖਿਆ-ਸੁਣਿਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਦਰਜ “ਭਗਤਾਂ ਤੇ ਭੱਟਾਂ” ਬਾਰੇ ਅਤੇ ਗੁਰਬਾਣੀ ਦੀ ਮਹਾਨਤਾ ਨੂੰ ਪ੍ਰਗਟ ਕਰਦੇ ਵੱਖ ਵੱਖ ਅਨੇਕਾਂ ਵਿਸ਼ਿਆਂ ਬਾਰੇ ਇਸ ਦੇ ਸੈਂਕੜੇ ਲੇਖ ਹਨ: ਜੋ ‘ਪੰਜਾਬ ਟਾਈਮਜ਼’ ਵਿਚ ਅਤੇ ਹੋਰ ਵੱਖ ਵੱਖ ਅਖਬਾਰਾਂ-ਰਸਾਲਿਆਂ ਵਿਚ ਛਪਦੇ ਰਹਿੰਦੇ ਹਨ। ਹੈਰਾਨ ਦੀ ਗੱਲ ਹੈ ਕਿ ਉਹ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਤੇ ਅੰਤਾਂ ਦੇ ਰੁਝੇਵਿਆਂ ਵਿਚੋਂ ਏਨਾ ਸਮਾਂ ਤੇ ਏਨੀ ਇਕਾਗਰਤਾ ਕਿਵੇਂ ਹਾਸਲ ਕਰ ਲੈਂਦੀ ਹੈ, ਗੁਰਮਤਿ ਗਿਆਨ ਦੇ ਏਨੇ ਡੂੰਘੇ ਤੇ ਵਿਸ਼ਾਲ ਸਾਗਰਾਂ ਵਿਚ ਕਿਵੇਂ ਉੱਤਰਦੀ ਹੈ ਅਤੇ ਮਹਾਨ ਗੁਰਮਤੀ ਹੀਰੇ ਮੋਤੀ ਕਿਵੇਂ ਤਲਾਸ਼ ਕਰ ਲੈਂਦੀ ਹੈ?
ਸਚਾਈ ਇਹ ਹੈ ਕਿ ਜਿਸ ਸਿਰੜ, ਸਿਦਕ ਤੇ ਸ਼ਿੱਦਤ ਨਾਲ, ਡੂੰਘੀ ਲਗਨ ਤੇ ਅਪਾਰ ਮਿਹਨਤ ਨਾਲ਼ ਡਾ. ਗੁਰਨਾਮ ਕੌਰ ਗੁਰਮਤਿ ਦੇ ਖੋਜ ਕਾਰਜਾਂ `ਚ ਜੁਟੀ ਵਿਚ ਹੋਈ ਹੈ, ਇਸ ਮਹਾਨ ਹਸਤੀ ਤੋਂ ਬਗੈਰ, ਪੂਰੇ ਸਿੱਖ ਪੰਥ ਵਿਚ, ਇਸ ਪੱਧਰ ਦੀ ਇਸਤ੍ਰੀ ਲੇਖਕਾ ਹੋਰ ਕੋਈ ਦਿਖਾਈ ਨਹੀਂ ਦਿੰਦੀ। ਪੂਰੇ ਪੰਥ ਦੀ ਇੱਕੋ ਇੱਕ ਇਹ ਵਿਦਵਾਨ ਇਸਤ੍ਰੀ ਲੇਖਕਾ ਹੈ। ਇਹ ਵੱਡੀ ਵਡਿਆਈ ਤੇ ਹਾਰਦਿਕ ਪ੍ਰਸ਼ੰਸਾ ਦੀ ਗੱਲ ਹੈ।
ਡਾ. ਗੁਰਨਾਮ ਕੌਰ ਦਾ ਜਨਮ ਜ਼ਿਲ੍ਹਾ ਲੁਧਿਆਣਾ ਦੇ ਪਿੰਡ ‘ਘੁੰਗਰਾਲੀ ਸਿੱਖਾਂ’ ਦੇ ਸਧਾਰਨ ਕਿਸਾਨ ਪਿਤਾ ਬਚਨ ਸਿੰਘ, ਮਾਤਾ ਹਰਬੰਸ ਕੌਰ ਦੇ ਘਰ 2 ਮਾਰਚ, 1945 ਨੂੰ ਹੋਇਆ। ਮਾਤਾ ਪਿਤਾ ਦੋਵੇਂ ਧਾਰਮਿਕ ਬਿਰਤੀ ਦੇ ਮਾਲਕ, ਪਰਉਪਕਾਰੀ ਤੇ ਗੁਰੂ-ਵਰੋਸਾਏ ਜਿਊੜੇ ਸਨ। ਇਨ੍ਹਾਂ ਦਾ ਪਰਿਵਾਰ ‘ਅਕਾਲੀ’ ਨਾਂ ਨਾਲ਼ ਜਾਣਿਆ ਜਾਂਦਾ ਸੀ। ਆਪਣੇ ਪਰਿਵਾਰ ਵਿਚ ਇਹ ਚਾਰ ਭੈਣਾਂ ਤੇ ਦੋ ਭਰਾ ਹਨ। ਗੁਰਨਾਮ ਕੌਰ ਨੇ 1963 ਵਿਚ ਪਹਿਲੇ ਨੰਬਰ ਵਿਚ ਰਹਿ ਕੇ ਦਸਵੀਂ ਪਾਸ ਕੀਤੀ। 1969 ਵਿਚ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਫਿਲਾਸਫੀ ਦੀ ਐਮ.ਏ. ਯੂਨੀਵਰਸਿਟੀ ਵਿਚ ਦੂਜੇ ਸਥਾਨ `ਤੇ ਰਹਿ ਕੇ ਪਾਸ ਕੀਤੀ। 1979 ਵਿਚ ਇਸ ਦੀ ਗੁਰਦਿਆਲ ਸਿੰਘ ਬੱਲ ਨਾਲ਼ ਸ਼ਾਦੀ ਹੋਈ। 1990 ਵਿਚ ਇਸ ਸੁਭਾਗ ਜੋੜੀ ਨੇ ਅਰਬਨ ਅਸਟੇਟ ਫੇਜ਼ ਇਕ ਵਿਚ ਆਪਣੀ ਕੋਠੀ ਬਣਾਈ। 1969 ਵਿਚ ‘ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਸਰਵਿਸ ਜੁਆਇਨ ਕੀਤੀ।
ਇਸ ਯੂਨੀਵਰਸਿਟੀ ਵਿਚ ਜਿਨ੍ਹਾਂ ਮਹਾਨ ਵਿਦਵਾਨ ਹਸਤੀਆਂ ਦਾ ਮਾਣ-ਮੱਤਾ ਤੇ ਖੁਸ਼ਬੂਦਾਰ ਸੰਗ-ਸਾਥ ਮਿਲਿਆ ਉਹ ਸਨ: ਡਾ. ਤਾਰਨ ਸਿੰਘ, ਡਾ. ਅਵਤਾਰ ਸਿੰਘ, ਪ੍ਰੋ. ਗੁਲਵੰਤ ਸਿੰਘ, ਡਾ. ਮਹਿੰਦਰਪਾਲ ਕੋਹਲੀ, ਡਾ. ਬਲਕਾਰ ਸਿੰਘ, ਪ੍ਰੋ. ਕੁਲਵੰਤ ਸਿੰਘ ਗਰੇਵਾਲ, ਪ੍ਰੋ. ਪਿਆਰਾ ਸਿੰਘ ਪਦਮ ਆਦਿ ਜੋ ਆਪਣੇ ਸਮੇਂ ਦੀਆਂ ਮਹਾਨ ਵਿਦਵਾਨ ਲੇਖਕ ਹਸਤੀਆਂ ਸਨ।
ਪਹਿਲੀ ਨਜ਼ਰੇ ਦੇਖਿਆਂ ਡਾ. ਗੁਰਨਾਮ ਕੌਰ ਸਧਾਰਣ ਪੇਂਡੂ ਪਹਿਰਾਵੇ ਵਿਚ ਸਧਾਰਣ ਸੁਆਣੀ ਦੇ ਰੂਪ ਵਿਚ ਦਿਖਾਈ ਦੇਵੇਗੀ। ਅਸਲੋਂ ਪੇਂਡੂ ਪੱਧਰ ਦਾ ਸਧਾਰਣ ਪਹਿਰਾਵਾ, ਸਧਾਰਣ ਚਾਲ ਢਾਲ, ਚੁੰਨੀ ਨਾਲ਼ ਢਕਿਆ ਸਿਰ, ਨਿਰਛਲ ਬੋਲ ਚਾਲ। ਦਿਖਾਵੇ ਲਈ ਕੋਈ ਗਹਿਣਾ ਨਹੀਂ, ਕੋਈ ਹਾਰ ਸ਼ਿੰਗਾਰ ਨਹੀਂ। ਕੋਈ ਜਾਣ ਹੀ ਨਹੀਂ ਸਕਦਾ ਕਿ ਸਧਾਰਣ ਰੂਪ ਵਿਚ ਦਿਖਾਈ ਦਿੰਦੀ ਇਹ ਸੁਆਣੀ ਕੋਈ ਵਿਦਵਾਨ, ਚਿੰਤਕ ਤੇ ਗੁਰਮਤਿ ਦੀ ਮਹਾਨ ਆਚਾਰੀਆ ਹੋਵੇਗੀ। ਜਾਣਿਆਂ ਹੀ ਪਤਾ ਚਲਦਾ ਹੈ ਕਿ ਉਹ ਇੱਕ ਰੱਜੀ, ਪ੍ਰਸੰਨ ਤੇ ਸੰਤੁਸ਼ਟ ਹਸਤੀ, ਫਿਲਾਸਫੀ ਦੀਆਂ ਸਰਬੋਤਮ ਡਿਗਰੀਆਂ, ਵੱਡੀਆਂ ਪਦਵੀਆਂ ਅਤੇ ਉਚਤਮ ਵਿਚਾਰਸ਼ੀਲ ਗਹਿਣਿਆਂ ਦੀ ਮਾਲਕ ਹੈ।
ਡਾ. ਗੁਰਨਾਮ ਕੌਰ ਵਰਤਣ ਵਿਹਾਰ ਵਿਚ ਤੇ ਗੱਲਬਾਤ ਵਿਚ ਵੀ ਅਤਿਅੰਤ ਸਰਲ, ਸਹਿਜ ਤੇ ਸਧਾਰਣ ਹੈ। ਉਸ ਨੂੰ ਆਪਣੀ ਕੋਈ ਗੱਲ ਲੁਕਾਉਣੀ ਨਹੀਂ ਆਉਂਦੀ ਨਾ ਹੀ ਆਪਣੀ ਕੋਈ ਗੱਲ ਵਧਾਅ-ਚੜ੍ਹਾਅ ਕੇ ਆਖਣੀ ਆਉਂਦੀ ਹੈ। ਸਹਿਜ ਤੇ ਧੀਰਜ ਉਸ ਦੇ ਗਹਿਣੇ ਹਨ, ਸੰਤੋਖ ਤੇ ਠਰੰਮੇ ਨਾਲ਼ ਗੱਲ ਕਰਨ ਤੇ ਸੁਣਨ ਦਾ ਸਬਰ ਤੇ ਸਲੀਕਾ ਹੈ। ਪਹਿਲੀ ਮਿਲਣੀ ਵਿਚ ਹੀ ਉਸ ਦੇ ਸੁਭਾਅ ਦੇ ਸਾਰੇ ਰੰਗ ਰੂਪ, ਸੰਤਰੇ ਦੀਆਂ ਫਾੜੀਆਂ ਵਾਂਗ ਖਿੱਲਰ ਕੇ ਸਾਹਮਣੇ ਆ ਜਾਂਦੇ ਹਨ| ਗੁਰਨਾਮ ਕੌਰ ਦੇ ਦੱਸਣ ਅਨੁਸਾਰ ਉਸ ਨੇ ਆਪਣੇ ਸੁਭਾਅ ਦਾ ਬਹੁਤਾ ਹਿੱਸਾ ਆਪਣੇ ਪਰਿਵਾਰ ਦੇ ਸਿੱਖੀ ਰਹਿਤ ਬਹਿਤ ਵਿਚੋਂ ਅਤੇ ਬਾਣੀ ਦੀ ਵਿਦਿਆਰਥਣ ਹੋਣ ਵਿਚੋਂ ਗ੍ਰਹਿਣ ਕੀਤਾ ਹੈ।
ਡਾ. ਗੁਰਨਾਮ ਕੌਰ ਬਹੁਤ ਕੋਮਲ, ਸਰਲ ਤੇ ਸੰਵੇਦਨਸ਼ੀਲ ਸੁਭਾਅ ਦੀ ਮਾਲਕ ਹੈ। ਬਹੁਤਾ ਛਪਣ, ਆਪਣੀ ਮਸ਼ਹੂਰੀ ਕਰਾਉਣ ਜਾਂ ਕਿਸੇ ਇਨਾਮ ਸਨਮਾਨ ਦੀ ਇੱਛਾ ਜਾਂ ਲਾਲਸਾ ਤੋਂ ਅਸਲੋਂ ਪਾਕ ਪਵਿੱਤਰ ਤੇ ਨਿਰਲੇਪ ਹਸਤੀ ਹੈ। ਫਿਰ ਵੀ ਕਈ ਸਨਮਾਨਯੋਗ ਐਵਾਰਡ ਇਸ ਦੀ ਝੋਲ਼ੀ ਵਿਚ ਪੈ ਚੁੱਕੇ ਹਨ। ਸੁਧਾਰਵਾਦੀ ਰੁਚੀਆਂ ਦੀ ਮਾਲਕ ਹੈ। ਸਮਾਜਿਕ ਤੇ ਲੋਕ-ਭਲਾਈ ਦੇ ਕੰਮਾਂ ਦੀ ਲਗਨ ਹੈ। ਪਰ ਕਿਸੇ ਧਾਰਮਿਕ, ਸਮਾਜਿਕ ਜਾਂ ਰਾਜਨੀਤਕ ਇਕੱਠ ਦਾ ਹਿੱਸਾ ਬਣਨ, ਵੱਡੀ ਪਦਵੀ ਪ੍ਰਾਪਤ ਕਰਨ ਜਾਂ ਉੱਚੇ ਅਹੁਦੇ ਹਾਸਲ ਕਰਨ ਦੀ ਲਾਲਸਾ ਤੋਂ ਇਹ ਹਸਤੀ ਅਸਲੋਂ ਨਿਰਲੋਭ ਤੇ ਨਿਰਲੇਪ ਹੈ। ਸਾਹਿਤਕ ਖੇਤਰ ਵਿਚ ਵੀ ਸੰਜਮੀ, ਸੰਕੋਚੀ ਤੇ ਛੁਪੇ ਰਹਿਣ ਦੀ ਭਾਵਨਾ ਨਾਲ਼ ਭਰੀ ਹੋਈ ਹੈ।
ਡਾ. ਗੁਰਨਾਮ ਕੌਰ ਦੇ ਆਚਾਰ ਤੇ ਕਿਰਦਾਰ ਵਿਚ ਸਚਾਈ, ਸਫਾਈ ਤੇ ਮਿਠਾਸ ਕੱਚੇ ਦੁੱਧ ਵਰਗੀ, ਵਿਚਾਰਾਂ ਵਿਚ ਨਿਰਮਲਤਾ ਤੇ ਨਿਮਰਤਾ ਨਦੀ ਦੇ ਨਿਰਮਲ ਨੀਰ ਵਰਗੀ ਅਤੇ ਵਰਤਣ ਵਿਹਾਰ ਵਿਚ ਕਸਤੂਰੀ ਦੀ ਮਹਿਕ ਵਰਗੀ ਹੁੰਦੀ ਹੈ। ਇੱਕ ਤਿਆਗੀ ਵੈਰਾਗੀ ਸਾਧੂ-ਸਨਿਆਸੀ ਵਾਂਗ ਜੀਵਨ ਦੀਆਂ ਕਾਮਨਾਵਾਂ ਤੇ ਇੱਛਾਵਾਂ ਤੋਂ ਅਸਲੋਂ ਪਾਕ ਪਵਿੱਤਰ ਹੈ ਅਤੇ ਸਬਰ, ਸ਼ੁਕਰ, ਸੰਤੋਖ ਤੇ ਰੱਬੀ ਰਜ਼ਾ ਤੇ ਭਾਣੇ ਵਿਚ ਰਹਿਣ ਵਾਲੀ ਹਸਤੀ ਹੈ। ਉਸ ਦੀ ਲਿਖਣ-ਸ਼ੈਲੀ ਵੀ ਉਸ ਦੇ ਸਾਦੇ ਰਹਿਣ ਸਹਿਣ ਵਾਂਗ ਸਾਦੀ ਭਾਸ਼ਾ ਵਿਚ ਸਹਿਭਾਵੀ ਹੁੰਦੀ ਹੈ।
ਦੂਜੇ ਪਾਸੇ ਡਾ. ਗੁਰਨਾਮ ਕੌਰ ਦਾ ਜੀਵਨ ਸਾਥੀ ਗੁਰਦਿਆਲ ਸਿੰਘ ਬੱਲ ਵੀ ਨਿਰਾਲੀ ਤੇ ਵਿਲੱਖਣ ਹਸਤੀ ਹੈ। ਸੰਸਾਰ ਦੀ ਭੀੜ ਵਿਚ ਗੁਆਚਿਆ ਹੋਇਆ, ਚਿੰਤਕ, ਦਰਵੇਸ਼, ਵਿਸਮਾਦੀ ਬਿਰਤੀ ਦਾ ਮਾਲਕ, ਪੱਕਾ ਘੁਮੱਕੜ। ਸੋਚਾਂ ਵਿਚ ਗੁਆਚੇ ਦਰਵੇਸ਼ ਵਰਗੀ ਚਾਲ ਢਾਲ, ਮੋਢੇ ਨਾਲ਼ ਲਟਕਦਾ ਕਾਮਰੇਡੀ ਥੈਲਾ, ਸਿਰ ਦੇ ਗੰਜ ਵਿਚ ਬੈਠੀ ਐਨਕ ਤੋਂ ਉਹ ਕਿਸੇ ਅਨੋਖੀ ਤੇ ਨਿਰਾਲੀ ਦੁਨੀਆਂ ਦਾ ਵਾਸੀ ਜਾਪੇਗਾ। ਅਸਲ ਵਿਚ ਉਸ ਦਾ ਅਜਿਹੇ ਪੁਰਸ਼ਾਂ ਵਿਚ ਸ਼ੁਮਾਰ ਹੋਣਾ ਵਧੇਰੇ ਜਚਦਾ ਹੈ; ਜਿਨ੍ਹਾਂ ਨੂੰ ਬੁੱਧੀਜੀਵੀ ਵਰਗ ਵਿਚ ਦਾਰਸ਼ਨਿਕ, ਚਿੰਤਕ ਜਾਂ ਫਿਲਾਸਫਰ ਆਖਿਆ ਜਾਂਦਾ ਹੈ। ਸੰਸਾਰ ਦੇ ਰਹੱਸ ਨੂੰ ਜਾਨਣ ਅਤੇ ਮਨੁੱਖੀ ਮਨ ਦੀ ਨਬਜ਼ ਪਛਾਨਣ ਦੀ ਉਸ ਦੇ ਅੰਦਰ ਅੰਤਾਂ ਦੀ ਪਿਆਸ ਸਮਾਈ ਹੋਈ ਹੈ। ਕਿਤਾਬਾਂ ਉਸ ਦੀਆਂ ਸਾਥਣਾਂ ਹਨ। ਰੋਟੀ ਮਿਲੇ ਨਾ ਮਿਲੇ, ਕੋਈ ਪ੍ਰਵਾਹ ਨਹੀਂ, ਕਿਤਾਬਾਂ ਬਗੈਰ ਗੁਜ਼ਾਰਾ ਮੁਸ਼ਕਲ ਹੈ।
ਗੁਰਦਿਆਲ ਸਿੰਘ ਬੱਲ ਦੀ ਬੋਲ ਬਾਣੀ ਵਿਚ ਦੋ ਵਿਸ਼ੇਸ਼ ਲੱਛਣ ਵੇਖੇ ਜਾਂਦੇ ਹਨ: ਜੋ ਉਸ ਦੀ ਸ਼ਖ਼ਸੀਅਤ ਨੂੰ ਹੋਰਾਂ ਤੋਂ ਵਖਰਿਆਉਂਦੇ ਤੇ ਵਿਸ਼ੇਸ਼ ਬਣਾਉਂਦੇ ਹਨ: ਇੱਕ ਉਦੋਂ, ਜਦੋਂ ਉਹ ਆਪਣੇ ਬੀਰ-ਰਸੀ ਅੰਦਾਜ਼ ਵਿਚ ਹੁੰਦਾ ਹੈ ਅਤੇ ਕੜਾਕੇਦਾਰ ਗਾਲ਼L ਨਾਲ਼ ਆਪਣਾ ਵਾਕ ਅਰੰਭ ਕਰਦਾ ਹੈ। ਉਦੋਂ ਉਸ ਦੀ ਆਵਾਜ਼ ਤਬਲੇ ਦੀ ਸੁਰ ਹੋਈ ਕਿਨਾਰ ਵਾਂਗ ਟੁਣਕਦੀ ਹੈ। ਹਰ ਸਭਾ ਵਿਚ ਉਹ ਅਗਰਬੱਤੀ ਦੀ ਸੁਗੰਧੀ ਵਾਂਗ ਛਾ ਜਾਂਦਾ ਹੈ। ਇਸ ਦੇ ਵਿਪਰੀਤ ਦੂਜਾ ਉਦੋਂ, ਜਦੋਂ ਕਿਸੇ ਦੀ ਆਖੀ ਕੋਈ ਗੱਲ ਉਸ ਨੂੰ ਬਹੁਤ ਪਿਆਰੀ ਲੱਗੇ। ਉਦੋਂ ਉਹ ਮੁਹੱਬਤੀ ਸਰੂਰ ਵਿਚ ਭਿੱਜ ਕੇ, ਮਾਖਿਓਂ ਮਿੱਠੇ ਮੂੰਹ ਨਾਲ ‘ਹਾਇ ਰੱਬ ਜੀ’ ਆਖਦਾ ਹੈ। ‘ਹਾਇ ਰੱਬ ਜੀ’ ਉਸ ਦਾ ਤਕੀਆ ਕਲਾਮ ਹੈ। ਇਸ ਤਕੀਆ ਕਲਾਮ ਨਾਲ਼ ਉਸ ਦੀ ਸਾਰੀ ਦੀ ਸਾਰੀ ਕਾਇਆ ਮਿਸ਼ਰੀ ਦੀ ਡਲ਼ੀ ਬਣੀ ਹੁੰਦੀ ਹੈ ਤੇ ਉਸ ਦਾ ਤਨ ਬਦਨ ਅੰਤਾਂ ਦੀ ਮਿਠਾਸ ਨਾਲ਼ ਭਰਿਆ ਹੁੰਦਾ ਹੈ। ਇਸ ਤਰ੍ਹਾਂ ਇਹ ਵਿਦਵਾਨ, ਗੁਣਵਾਨ ਤੇ ਸੁਭਾਗਸ਼ੀਲ ਜੋੜੀ ਕੈਨੇਡਾ ਦੀ ਹਰ ਸਾਹਿਤ ਸਭਾ ਦੀ ਇਕੱਤਰਤਾ ਦਾ ਸਿੰLਗਾਰ ਹੁੰਦੀ ਹੈ ਅਤੇ ਆਪਣੇ ਬੋਲਾਂ ਤੇ ਵਿਚਾਰਾਂ ਨਾਲ਼ ਹਰ ਸਭਾ ਨੂੰ ਸ਼ਰਸ਼ਾਰ ਕਰਦੀ ਹੈ।
ਡਾ. ਗੁਰਨਾਮ ਕੌਰ ਦੀਆਂ ਬਹੁਤ ਗੰਭੀਰ ਤੇ ਗੂੜ੍ਹ ਫਿਲਾਸਫੀ ਦੀਆਂ ਪੁਸਤਕਾਂ, “ਰੀਜਨ ਐਂਡ ਰੈਵੇਲੇਸ਼ਨ ਇਨ ਸਿੱਖਇਜ਼ਮ”, “ਸਟੱਡੀ ਇਨ ਸਿੱਖਇਜ਼ਮ”, “ਬਾਣੀ ਅਤੇ ਧਰਮ ਦਰਸ਼ਨ” ਆਦਿ ਛਪ ਚੁੱਕੀਆਂ ਹਨ। ਵਿਭਾਗੀ ਮੈਗਜ਼ੀਨ “ਨਾਨਕ ਪ੍ਰਕਾਸ਼ ਪਤ੍ਰਿਕਾ” ਦੀ ਕਈ ਸਾਲ ਦੀ ਸੰਪਾਦਕੀ ਤੋਂ ਇਲਾਵਾ ਉਸ ਦੀਆਂ ਸੰਪਾਦਤ ਕੀਤੀਆਂ ਪੁਸਤਕਾਂ ਵਿਚੋਂ ਕੁੱਝ ਕੁ ਵਰਣਨਯੋਗ ਹਨ: “ਖਾਲਸਾ-ਏ ਥਿਮੈਟਿਕ ਪਰਸਪੈਕਟਿਵ”, “ਦਾ ਡੀਵਾਈਨ ਵਰਸੀਫਾਇਰ”, “ਸਿੱਖ ਵੈਲਿਯੂ ਸਿਸਟਮ ਐਂਡ ਸੋਸ਼ਲ ਚੇਂਜ”, “ਫਿਲਸਾਫੀਕਲ ਪਰਸਪੈਕਟਿਵਜ਼ ਆਫ ਸਿਖਇਜ਼ਮ-ਲੇਖਕ ਸਵਰਗੀ ਡਾਕਟਰ ਅਵਤਾਰ ਸਿੰਘ”, ਸਿੱਖ ਪ੍ਰਸਪੈਕਟਿਵ ਆਫ ਹਿਊਮਨ ਵੈਲੂਇਜ਼”, “ਸਿੱਖ ਚਿੰਤਨ ਅਨੁਸਾਰ ਸੇਵਾ ਦਾ ਸੰਕਲਪ” “ਉਦਾਸੀ ਸੰਪਰਦਾ ਦਾ ਅਕਾਦਮਿਕ ਪਰਿਪੇਖ” “ਗੁਰੂ ਖਾਲਸਾ ਪੰਥ” “ਸ੍ਰੀ ਗੁਰੂ ਅੰਗਦ ਦੇਵ-ਗੁਰੂ ਚੇਲਾ, ਚੇਲਾ ਗੁਰੂ”| ਪਰ ਹੁਣ ਲੰਮੇ ਸਮੇਂ ਦੀ ਚੁੱਪ ਪਿੱਛੋਂ ਇਕੱਠੀਆਂ ਤਿੰਨ ਹੋਰ ਕਿਤਾਬਾਂ ਛਪੀਆਂ ਹਨ: “ਆਪਣੀ ਮਿੱਟੀ ਵਿਚੋਂ ਉਗਦਿਆਂ”,“ਬੀਤੇ ਪਲਾਂ ਦੀ ਦਾਸਤਾਨ” ਅਤੇ “ਜਬ ਲਗ ਦੁਨੀਆਂ ਰਹੀਐ ਨਾਨਕ”।
“ਆਪਣੀ ਮਿੱਟੀ ‘ਚੋਂ ਉਗਦਿਆਂ” ਪੁਸਤਕ ਵਿਚ ਅੰਤਿਕਾ ਸਮੇਤ ਕੁੱਲ ਅਠਾਰਾਂ ਲੇਖ ਹਨ ਜਿਨ੍ਹਾਂ ਵਿਚੋਂ ਪਹਿਲੇ ਛੇ ਲੇਖ ਉਸ ਦੇ ਆਪਣੇ ਪਿੰਡ ਘੁੰਗਰਲੀ ਸਿੱਖਾਂ ਅਤੇ ਉਥੇ ਵਸਦੇ ਭਾਈਚਾਰੇ, ਰੀਤੀ-ਰਿਵਾਜ਼ ਅਤੇ ਪਿੰਡ ਦੇ ਆਮ ਜੀਵਨ ਬਾਰੇ ਹਨ| ਅਗਲੇ ਲੇਖਾਂ ਵਿਚ ਆਪਣੇ ਸਕੂਲ ਘੁੰਗਰਾਲੀ ਸਿੱਖਾਂ ਅਤੇ ਕੋਟਲਾ ਸ਼ਮਸ਼ਪੁਰ, ਲੁਧਿਆਣੇ ਦਾ ਲੜਕੀਆਂ ਦਾ ਸਰਕਾਰੀ ਕਾਲਜ ਅਤੇ ਉਥੋਂ ਦਾ ਹੋਸਟਲ ਜੀਵਨ ਜਿੱਥੋਂ ਉਸ ਨੇ ਬੀ ਏ ਦੀ ਡਿਗਰੀ ਕੀਤੀ ਅਤੇ ਕੁਰੂਕਸ਼ੇਤਰ ਵਿਸ਼ਵਵਿਦਿਆਲੇ ਵਿਚ ਬਿਤਾਏ ਸਮੇਂ ਦਾ ਹਾਲ-ਹਵਾਲ ਹੈ ਜਿੱਥੋਂ ਫਿਲਾਸਫੀ ਦੀ ਮਾਸਟਰ ਡਿਗਰੀ ਕੀਤੀ| ਉਨ੍ਹਾਂ ਸਮਿਆਂ ਵਿਚ ਜਦੋਂ ਪਿੰਡਾਂ ਵਿਚ ਕੁੜੀਆਂ ਨੂੰ ਪੜ੍ਹਾਉਣ ਦੀ ਰਵਾਇਤ ਆਮ ਨਹੀਂ ਸੀ, ਪਿੰਡੋਂ ਬਾਹਰ ਦੇ ਸਕੂਲਾਂ-ਕਾਲਜ ਜਾਂ ਯੂਨੀਵਰਸਿਟੀ ਵਿਚ ਪੜ੍ਹਨ ਜਾਣਾ ਆਪਣੇ-ਆਪ ਵਿਚ ਵਿਸ਼ੇਸ਼ ਮਾਅਨੇ ਰੱਖਦਾ ਹੈ|
“ਬੀਤੇ ਪਲਾਂ ਦੀ ਦਾਸਤਾਨ” ਪੁਸਤਕ ਵਿਚ 21 ਲੇਖ ਹਨ। ਮੁੱਢਲੇ ਲੇਖਾਂ ਵਿਚ ਡਾਕਟਰ ਸਾਹਿਬ ਨੇ ਆਪਣੇ ਜੀਵਨ ਦੇ ਉਸ ਸੰਘਰਸ਼ ਭਰੇ ਪਲਾਂ ਦੀ ਵਿਥਿਆ ਬਿਆਨ ਕੀਤੀ ਹੈ; ਜਿਨ੍ਹਾਂ ਪਲਾਂ ਵਿਚ ਹਰ ਵਿਅਕਤੀ ਜ਼ਿੰਦਗੀ ਦੇ ਭਵ-ਸਾਗਰ ਵਿਚੋਂ ਕਿਸੇ ਕਿਨਾਰੇ ਲੱਗਣ ਦੀ ਦੌੜ ਵਿਚ ਹੁੰਦਾ ਹੈ। ਇਸ ਦੀ ਇਸ ਮੈਰਾਥਨ ਦੌੜ ਦਾ ਮੈਦਾਨ ਪੰਜਾਬ ਦੀ ਫਿਜ਼ਾ ਵਿਚ 1962 ਵਿਚ ਹੋਂਦ ਵਿਚ ਆਈ “ਪੰਜਾਬੀ ਯੂਨੀਵਰਸਿਟੀ, ਪਟਿਆਲਾ” ਸੀ। ਕਿਤਾਬ ਦੇ ਮੁੱਢਲੇ ਲੇਖ “ਨੌਕਰੀ ਦੀ ਭਾਲ ਵਿਚ” ਤੇ “ਅਕਾਦਮਿਕ ਪ੍ਰਵੇਸ਼ ਅਤੇ ਪ੍ਰਬੰਧਕੀ ਰਵੱਈਆ” ਵਿਚ ਸੁਘੜ ਸੁਜਾਨ ਲੇਖਕਾ ਨੇ ਉਨ੍ਹਾਂ ਦੁਸ਼ਵਾਰੀਆਂ ਤੇ ਪ੍ਰੇਸ਼ਾਨੀਆਂ ਦਾ ਜ਼ਿਕਰ ਕੀਤਾ ਹੈ; ਜੋ ਤਕਰੀਬਨ ਹਰ ਕਿਸੇ ਨੂੰ ਅਕਸਰ ਨੌਕਰੀ ਵਿਚ ਪ੍ਰਵੇਸ਼ ਕਰਦਿਆਂ ਹੰਢਾਉਣੀਆਂ ਪੈਂਦੀਆਂ ਹਨ।
ਆਖਰ ਉਹ ਸੁਨਹਿਰੀ ਸਮਾਂ ਆ ਹੀ ਜਾਂਦਾ ਹੈ; ਜਦੋਂ ਕੁਰੂਕਸ਼ੇਤਰ ਯੂਨੀਵਰਸਿਟੀ ਵਿਚ ਸੈਕਿੰਡ ਰਹਿ ਕੇ ਫਿਲਾਸਫੀ ਦੀ ਐਮ.ਏ. ਕਰਨ ਵਾਲੀ ਡਾ. ਗੁਰਨਾਮ ਕੌਰ ਨੂੰ ਉਸ ਦੀ ਘਾਲ ਕਮਾਈ ਅਤੇ ਮਿਹਨਤ ਦਾ ਫਲ਼ ਪ੍ਰਾਪਤ ਹੁੰਦਾ ਹੈ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਸਨਮਾਨਯੋਗ ਨੌਕਰੀ ਮਿਲ ਜਾਂਦੀ ਹੈ। ਇਸ ਯੂਨੀਵਰਸਿਟੀ ਵਿਚ ਪਹਿਲਾਂ ਉਹ “ਗੁਰੂ ਗ੍ਰੰਥ ਸਾਹਿਬ ਵਿਭਾਗ” ਵਿਚ ਬਤੌਰ ਲੈਕਚਰਾਰ ਲੱਗੀ। ਫਿਰ “ਰੀਜਨ ਐਂਡ ਰੈਵੇਲੇਸ਼ਨ ਇਨ ਸਿੱਖਇਜ਼ਮ” ਵਿਸ਼ੇ `ਤੇ ਪੀ.ਐਚ.ਡੀ. ਕਰਨ ਉਪਰੰਤ, ਇਸੇ ਯੂਨੀਵਰਸਿਟੀ ਵਿਚ ਰੀਡਰ ਅਤੇ ਫਿਰ ਪ੍ਰੋਫੈਸਰ ਦੀ ਪਦਵੀ `ਤੇ ਸੁਸ਼ੋਭਿਤ ਹੋੋ ਗਈ। ਇਸ ਯੂਨੀਵਰਸਿਟੀ ਵਿਚ ਡਾ. ਗੁਰਨਾਮ ਕੌਰ ਨੇ ਲਗਾਤਾਰ ਸਾਢੇ ਪੈਂਤੀ ਸਾਲ ਸੇਵਾ ਕੀਤੀ ਅਤੇ 31 ਮਾਰਚ 2005 ਨੂੰ ਸੇਵਾ ਮੁਕਤ ਹੋਈ। ਪੁਸਤਕ ਵਿਚ ਉਸ ਦਾ ਇਹ ਸਮਾਂ ਅਤਿਅੰਤ ਸੁਰੀਲਾ ਅਤੇL ਰੌਚਕਤਾ ਭਰਿਆ ਬਿਰਤਾਂਤ ਹੈ।
ਕਿਤਾਬ ਦੇ ਅਗਲੇ 3 ਤੋਂ 11 ਨੰਬਰ ਤੱਕ ਦੇ 9 ਲੇਖਾਂ ਵਿਚ ਯੂਨੀਵਰਸਿਟੀ ਵਿਚ ਨਵੇਂ ਤੇ ਅਨੋਖੇ ਮਾਹੌਲ ਦੀਆਂ ਅਤਿਅੰਤ ਮਾਣਮੱਤੀਆਂ, ਰੌਚਕ ਤੇ ਪ੍ਰੇਰਨਾਦਾਇਕ ਗਤੀਵਿਧੀਆਂ ਦਾ ਲੇਖਾ ਜੋਖਾ ਹੈ। ਯੂਨੀਵਰਸਿਟੀ ਦੇ ਅੰਦਰਲੇ ਮਾਹੌਲ ਦੀ ਬਹੁ-ਮੁੱਲੀ ਜਾਣਕਾਰੀ ਤੇ ਗਿਆਨ ਭਰਪੂਰ ਲੇਖ ਹਨ। ਇਨ੍ਹਾਂ ਦੀ ਮਹਾਨਤਾ ਦਾ ਪੜ੍ਹਿਆਂ ਹੀ ਪਤਾ ਲਗ ਸਕਦਾ ਹੈ। 12 ਤੋਂ 21 ਤੱਕ ਦੇ ਲੇਖ ਵੱਖ ਵੱਖ ਵਿਸ਼ਿਆਂ ਨਾਲ਼ ਗਿਆਨ ਦਾ ਭੰਡਾਰ ਸਮੋਈ ਬੈਠੇ ਹਨ; ਜਿਨ੍ਹਾਂ ਨੂੰ ਪੜ੍ਹ ਕੇ ਹੀ ਅਨੰਦ ਮਾਣਿਆ ਜਾ ਸਕਦਾ ਹੈ। ਸਮੁੱਚੇ ਤੌਰ `ਤੇ ਇਹ ਪੁਸਤਕ ਹਰ ਵਿਅਕਤੀ ਲਈ, ਵਿਸ਼ੇਸ਼ ਕਰਕੇ ਉਭਰਦੀ ਜੁਆਨੀ ਲਈ, ਅਤਿਅੰਤ ਪ੍ਰੇਰਨਾਦਾਇਕ, ਸਿਖਿਆਦਾਇਕ ਅਤੇ ਗਿਆਨਦਾਤੀ ਪੁਸਤਕ ਹੈ।
ਡਾ. ਗੁਰਨਾਮ ਕੌਰ ਦੀ ਤੀਜੀ ਪੁਸਤਕ ਦਾ ਨਾਂ ਹੈ-“ਜਬ ਲਗੁ ਦੁਨੀਆਂ ਰਹੀਐ ਨਾਨਕ”। ਗੁਰੂ ਨਾਨਕ ਸਾਹਿਬ ਦੀ ਇਹ ਤੁਕ ਗੁਰੂ ਗ੍ਰੰਥ ਸਾਹਿਬ ਵਿਚ ਰਾਗ ਧਨਾਸਰੀ ਵਿਚ 661 ਸਫੇ `ਤੇ ਹੈ। ਸਾਰੀ ਤੁਕ ਇੰਜ ਹੈ: “ਜਬ ਲਗੁ ਦੁਨੀਆਂ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ” ਇਸ ਤੁਕ ਵਿਚ ਜੀਵਨ ਵਿਚ ਆਖਣ ਤੇ ਸੁਣਨ ਦੀ ਮਹਾਨਤਾ, ਸੂਖਮਤਾ ਅਤੇ ਸੁੱਚਮਤਾ ਦਾ ਵਿਸਥਾਰ ਛੁਪਿਆ ਹੋਇਆ ਹੈ। ਪੁਸਤਕ ਵਿਚ 16 ਬਹੁ-ਮੁੱਲੇ ਲੇਖ ਹਨ। ਪੁਸਤਕ ਪੜ੍ਹ ਕੇ ਹੀ ਲੇਖਕਾ ਦੇ ਗਿਆਨ ਤੇ ਘਾਲਣਾ ਨੂੰ ‘ਬੱਲੇ ਬੱਲੇ’ ਆਖਣ ਨੂੰ ਦਿਲ ਕਰਦਾ ਹੈ। ਕਿਤਾਬ ਦੇ ਸਿਰਲੇਖ ਦੇਖੋ: ‘ਜਬ ਲਗ ਦੁਨੀਆਂ ਰਹੀਐ ਨਾਨਕ’, ‘ਸੇਵਕ ਕੀ ਅਰਦਾਸ’, ‘ਵਿਸ਼ਵ ਸਿੱਖ ਸਮੇਲਨ ਤੋਂ ਬਾਅਦ ਦਾ ਖਾਲਸਾ ਮਾਰਚ’, ‘ਸਿੱਖ ਬੀਬੀਆਂ ਦੀ ਸੇਵਾ’, ‘ਕਹਿਣੀ ਤੇ ਕਰਨੀ’, ‘ਧਰਤੀ ਪੰਜ ਦਰਿਆਵਾਂ ਦੀ’, ‘ਸ੍ਰੀ ਗੁਰੂ ਗ੍ਰੰਥ ਸਾਹਿਬ, ਸਤਿਕਾਰ ਕਮੇਟੀਆਂ ਅਤੇ ਨਾਨਕ-ਨਾਮ ਲੇਵਾ ਸੰਗਤ’, ‘ਇਛ ਪੁੰਨੀ ਸਰਧਾ ਸਭ ਪੂਰੀ’ ‘ਤੇਰਾ ਥਾਨ ਸੁਹਾਵਾ’ ‘ਫਿਰਿ ਬਾਬਾ ਆਇਆ ਕਰਤਾਰਪੁਰ’ ਅਤੇ ਹੋਰ ਲੇਖ। ਕਿਤਾਬ ਦੇ ਬਹੁਤੇ ਲੇਖ ਗੁਰਬਾਣੀ ਦੀਆਂ ਤੁਕਾਂ ਤੋਂ ਲਏ ਗਏ ਹਨ; ਜਿਸ ਤੋਂ ਡਾਕਟਰ ਸਾਹਿਬ ਦੇ ਗੁਰਬਾਣੀ ਦੇ ਗਿਆਨ ਦੀਆਂ ਪਹੁੰਚਾਂ ਤੇ ਪ੍ਰਾਪਤੀਆਂ ਦਾ ਅਤੇ ਬਾਣੀ ਵਿਚ ਸ਼ਰਧਾ ਤੇ ਵਿਸ਼ਵਾਸ ਦਾ ਪਤਾ ਲਗਦਾ ਹੈ। ਕਿਤਾਬ ਬਾਰੇ ਭਾਵੇਂ ਬਹੁਤ ਕੁਝ ਆਖਿਆ ਜਾ ਸਕਦਾ ਹੈ ਪਰ ਸੰਖੇਪ ਵਿਚ ਗੱਲ ਇੱਥੇ ਮੁਕਦੀ ਹੈ ਕਿ ਇਹ ਪੁਸਤਕ ਬਹੁ-ਪੱਖੀ ਗਿਆਨ ਅਤੇ ਵਿਆਪਕ ਜਾਣਕਾਰੀ ਦਾ ਮਿਨੀ ਐਨਸਾਈਕਲੋਪੀਡੀਆ ਹੈ। ਇਹ ਤਿੰਨੋਂ ਪੁਸਤਕਾਂ ਹਰ ਸੂਝਵਾਨ ਤੇ ਅਗਾਂਹਵਧੂ ਸੋਚ ਵਾਲੇ ਹਰ ਵਿਅਕਤੀ ਦੇ ਘਰ ਦਾ ਸ਼ਿੰਗਾਰ ਹੋਣੀਆਂ ਚਾਹੀਦੀਆਂ ਹਨ।