ਚਾਚੀ ਵੀਰੋ

ਦਵਿੰਦਰ ਕੌਰ ਗੋਰਾਇਆ
ਉਸ ਦੀ ਤੇ ਸਾਡੇ ਘਰ ਦੀ ਛੱਤ ਸਾਂਝੀ ਸੀ| ਇਕ ਕੰਧ ਦਾ ਹੀ ਪਰਦਾ ਸੀ| ਇਕ ਪਾਸੇ ਮਾਂ ਰੁਮਾਲ ਦੀ ਗੰਢ ਖੋਲ੍ਹ ਕੇ ਇਕ-ਇਕ ਟੂੰਬ ਮੁਕੱਦਮੇ ’ਤੇ ਲਾਉਣ ਲਈ ਦੇ ਰਹੀ ਸੀ ਤੇ ਦੂਜੇ ਪਾਸੇ ਉਹ ਲਾਸਾਂ ਭਰੇ ਪਿੰਡੇ ਨਾਲ ਜ਼ਿੰਦਗੀ ਦੀ ਦੁਪਹਿਰ ਹੰਢਾ ਰਹੀ ਸੀ| ਮੈਂ ਉਸ ਨੂੰ ‘ਚਾਚੀ ਵੀਰੋ’ ਆਖਦੀ ਸਾਂ| ਸਕੀ ਚਾਚੀ ਤੇ ਨਹੀਂ ਸੀ ਸਗੋਂ ਉਸ ਦੀ ਤੇ ਜਾਤ ਵੀ ਹੋਰ ਸੀ|

ਇਕ ਦਿਨ ਮਿੱਟੀ ਦੇ ਕੂੰਡੇ ਵਿਚ ਭੰਗ ਘੋਟਦਾ ਗਿਆਨ ਆਖ ਰਿਹਾ ਸੀ, ‘‘ਮੈਂ ਭੰਗ ਪੀਂਦਾ ਹਾਂ ਤੇ ਪੀਵਾਂਗਾ ਇਹ ਕੌਣ ਹੁੰਦੀ ਆ ਰੋਕਣ ਵਾਲੀ?’’
ਗਿਆਨ ਚਾਚੀ ਵੀਰੋ ਦਾ ਘਰਵਾਲਾ ਸੀ| ਆਖਦੀ ਤੇ ਮੈਂ ਉਸ ਨੂੰ ਵੀ ਚਾਚਾ ਸੀ ਪਰ ਦਿਲੋਂ ਨਹੀਂ ਸੀ ਆਖਦੀ| ਉਸ ਨੂੰ ਬੋਲਦਾ ਸੁਣ ਕੇ ਗੁਆਂਢੀ ਪੂਰਨ ਨੇ ਝਿੜਕ ਦਿੱਤੀ, ‘‘ਉਏ ਚੁੱਪ ਕਰ! ਮਿਹਨਤ ਕਰ ਕੇ ਟੱਬਰ ਪਾਲ ਰਹੀ ਏ|’’
ਇਸੇ ਵਕਤ ਬਾਹਰ ਦਾ ਬੂਹਾ ਖੜਕਿਆ| ਗਿਆਨ ਬੂਹੇ ਨੂੰ ਕੁੰਡੀ ਮਾਰ ਕੇ ਰੱਖਦਾ ਸੀ| ਉਸ ਨੇ ਝੀਥ ’ਚੋਂ ਦੇਖਿਆ, ਵੀਰੋ ਸਿਰ ’ਤੇ ਘਾਹ ਦੀ ਪੰਡ ਚੁੱਕੀ ਖੜ੍ਹੀ ਸੀ| ਘਾਹ ਦੀਆਂ ਤਿੜਾਂ ’ਚੋਂ ਤਰੇਲ ਦੇ ਤੁਬਕੇ ਸਿੰਮ-ਸਿੰਮ ਕੇ ਉਸ ਦੀਆਂ ਖ਼ੁਸ਼ਕ ਅੱਖਾਂ ਵੱਲ ਆ ਰਹੇ ਸਨ| ਗਿਆਨ ਨੇ ਬੂਹਾ ਖੋਲ੍ਹ ਕੇ ਭੰਗ ਘੋਟਣ ਵਾਲਾ ਡੰਡਾ ਵੀਰੋ ਦੀ ਬਾਂਹ ’ਤੇ ਮਾਰ ਦਿੱਤਾ| ਚੂੜੀਆਂ ਟੁੱਟ ਕੇ ਡਿੱਗ ਪਈਆਂ ਤੇ ਨਾਲ਼ ਹੀ ਸਿਰ ਤੋਂ ਡਿੱਗ ਕੇ ਪੰਡ ਵੀ ਖੁੱਲ੍ਹ ਗਈ| ਪੰਡ ਵਿਚ ਲੁਕਾਏ ਹੋਏ ਹਰੇ ਗੰਢਿਆਂ ਤੇ ਕੱਦੂ ਨੇ ਚੂੜੀਆਂ ਟੁੱਟਣ ਦਾ ਬਦਸ਼ਗਨ ਭੁਲਾ ਦਿੱਤਾ| ਫੇਰ ਵੀਰੋ ਘਾਹ ਇਕੱਠਾ ਕਰਦੀ ਦੇਖਦੀ ਰਹਿ ਗਈ| ਗਿਆਨ ਨੇ ਕੱਦੂ ਚੁੱਕ ਕੇ ਕੰਧ ਉੱਤੋਂ ਦੀ ਛੱਪੜ ਵਿਚ ਸੁੱਟ ਦਿੱਤਾ ਸੀ|
ਚਾਚੀ ਵੀਰੋ ਨੂੰ ਕੁਝ ਸੁੱਝ ਨਹੀਂ ਸੀ ਰਿਹਾ|
ਉਸ ਨੇ ਘਬਰਾਅ ਕੇ ਸੁੱਕੀਆਂ ਢੀਂਗਰਾਂ ਤੋੜ ਕੇ ਚੁੱਲ੍ਹੇ ਅੱਗੇ ਰੱਖ ਦਿੱਤੀਆਂ ਤੇ ਆਪਣੇ-ਆਪ ਨਾਲ ਗੱਲਾਂ ਕਰਨ ਲੱਗ ਪਈ, ‘‘ਚੰਗਾ ਹੋਇਆ ਕੱਲ੍ਹ ਹਨੇਰੀ ਵਗੀ ਤੇ ਟਹਿਣਾ ਗਲੀ ਵਿਚ ਡਿੱਗ ਪਿਆ, ਜੇ ਅੰਦਰ-ਵਾਰ ਡਿੱਗਦਾ ਤਾਂ ਮਾਂ ਨੂੰ ਕਿਹੜਾ ਕਿਸੇ ਨੇ ਚੁੱਕਣ ਦੇਣਾ ਸੀ?’’
ਵੀਰੋ ਦਾਣੇ ਭੁੰਨਦੀ ਨੇ ਦੇਖਿਆ ਸੀ, ਮਾਂ ਟਾਹਣਾ ਘੜੀਸਦੀ ਤੁਰੀ ਆਉਂਦੀ ਨੂੰ|
ਅਚਾਨਕ ਅੰਦਰੋਂ ਮਾਂ ਦੇ ਖੰਘਣ ਦੀ ਆਵਾਜ਼ ਸੁਣ ਕੇ ਵੀਰੋ ਨੇ ਦੱਬੀ ਅੰਗਿਆਰੀ ਫੋਲ ਕੇ ਅੱਗ ਬਾਲ ਦਿੱਤੀ| ਫਿਰ ਯਾਦ ਆਇਆ, ‘ਹੈਹੈਂ! ਕੱਦੂ?’
ਉਸ ਨੇ ਕਾਹਲੀ ਨਾਲ ਕੰਧ ਉੱਤੋਂ ਦੀ ਛੱਪੜ ਵੱਲ ਦੇਖਿਆ ਤੇ ਫਿਰ ਪੈਰਾਂ ਥੱਲੇ ਮਿੱਧੇ ਗੰਢੇ ਚੁੱਕ ਕੇ ਇੱਧਰ-ਉੱਧਰ ਦੇਖਦੀ ਅੰਦਰ ਮਾਂ ਕੋਲ ਚਲੀ ਗਈ|
ਮਾਂ ਵੱਡੀ ਪੋਤਰੀ ਨੂੰ ਦਸੂਤੀ ਕੱਢਣਾ ਸਿਖਾਅ ਰਹੀ ਸੀ|
‘‘ਆਂਦਾ ਈ ਕੁਝ ਰਿੰਨਣ ਨੂੰ ਵੀਰੋ ਪੁੱਤ? ਆਟਾ ਕੁੜੀ ਲੰਬੜਾਂ ਘਰੋਂ ਲੈ ਆਈ ਆ,’’ ਮਾਂ ਨੇ ਆਸ ਭਰੀ ਨਜ਼ਰ ਨਾਲ ਨੂੰਹ ਵੱਲ ਦੇਖਿਆ|
‘‘ਲਿਆ ਮਾਂ ਲੱਤਾਂ ਘੁੱਟ ਦਿਆਂ,’’ ਵੀਰੋਂ ਮਾਂ ਦੀਆਂ ਪਂੈਦਾਂ ਵੱਲ ਬੈਠ ਗਈ|
‘‘ਲੱਤਾਂ ਘੁੱਟਿਆਂ ਭੁੱਖ ਨਹੀਂ ਮਿਟਦੀ,’’ ਮਾਂ ਕੰਬਦੇ ਹੱਥਾਂ ਨਾਲ ਸੋਟੀ ਸੰਭਾਲਦੀ ਬਾਹਰ ਨੂੰ ਚਲੀ ਗਈ|
‘‘ਫੁੱਲ ਕੱਢਣਾ ਸਿੱਖਿਆਂ ਵੀ ਭੁੱਖ ਨਹੀਂ ਮਿਟਦੀ ਮਾਂ,’’ ਵੀਰੋ ਨੇ ਹਰਖ ਕੇ ਕੁੜੀ ਦੇ ਹੱਥੋਂ ਸੂਈ ਖੋਹ ਕੇ ਕੰਧ ਵਿਚ ਗੱਡ ਦਿੱਤੀ| ਫਿਰ ਹੱਥ ਵਿਚ ਫੜੇ ਮੈਲੇ ਜਿਹੇ ਕੱਪੜੇ ਵੱਲ ਦੇਖ ਕੇ ਬੋਲੀ, ‘‘ਹੂੰ! ਰੀਝਾਂ ਵੀ ਸਾਡੇ ਵਰਗਿਆਂ ਦੀਆਂ ਸੁਆਹ ਵਰਗੀਆਂ ਹੁੰਦੀਆਂ ਨੇ|’’
ਗਿਆਨ ਨੇ ਭੰਗ ਪੀ ਕੇ ਗਿਲਾਸ ਬੂਹੇ ਵੱਲ ਵਗਾਹ ਕੇ ਮਾਰ ਦਿੱਤਾ| ਕਾਹਲੀ ਨਾਲ ਬਾਹਰ ਆਉਂਦੀ ਵੀਰੋ ਦਾ ਪੈਰ ਦਹਿਲੀਜ਼ ਨਾਲ ਅੜ ਗਿਆ ਤੇ ਉਹ ਡਿੱਗ ਪਈ| ਮਾਂ ਹੱਥ ਨਾਲ ਕਲੇਜਾ ਘੁੱਟੀ ਕੁੜੀ ਨੂੰ ਆਵਾਜ਼ਾਂ ਮਾਰਨ ਲੱਗ ਪਈ| ਗਿਆਨ ਵੇਹੜੇ ਦੇ ਚੱਕਰ ਕੱਢਦਾ ਬਾਹਰ ਨੂੰ ਚਲਾ ਗਿਆ| ਕੁਝ ਚਿਰ ਬਾਅਦ ਚਾਚੀ ਵੀਰੋ ਕੋਠੇ ’ਤੇ ਪਾਥੀਆਂ ਥੱਲ ਰਹੀ ਸੀ| ਉਹ ਕਦੀ ਮੱਥੇ ’ਤੇ ਹੱਥ ਰੱਖ ਕੇ ਰੋਣ ਲੱਗ ਪੈਂਦੀ ਤੇ ਕਦੀ ਇੱਧਰ-ਉੱਧਰ ਦੇਖ ਕੇ ਅੱਖਾਂ ਪੂੰਝ ਲੈਂਦੀ|
ਚਾਚੀ ਵੀਰੋ ਨੂੰ ਗ਼ੁੱਸਾ ਕਿਉਂ ਨਹੀਂ ਆਉਂਦਾ? ਇਹ ਕਦੀ ਕਿਸੇ ਨਾਲ ਰੁੱਸਦੀ ਕਿਉਂ ਨਹੀਂ? ਸੋਚਦਿਆਂ ਮੈਂ ਉੱਧਰ ਦੇਖਿਆ, ਉਹ ਸਾਡੇ ਘਰ ਵੱਲ ਤੁਰੀ ਆਉਂਦੀ ਸੀ| ਮੈਨੂੰ ਲੱਗਾ ਜਿਵੇਂ ਮੇਰੀ ਚੋਰੀ ਫੜੀ ਗਈ ਹੋਵੇ| ਮੈਂ ਘਬਰਾ ਕੇ ਪੁੱਛਿਆ, ‘‘ਚਾਚੀ ਅੱਜ ਭੱਠੀ ਨਹੀਂ ਤਾਉਣੀ?’’
‘‘ਲੈ ਤਾਉਣੀ ਕਿਉਂ ਨਹੀਂ! ਤੂੰ ਲੈ ਆ ਚüੰਗ, ਮੈਂ ਮਾਂ ਨੂੰ ਰੋਟੀ ਦੇ ਕੇ ਅੱਗ ਬਾਲਦੀ ਆਂ,’’ ਚਾਚੀ ਵੀਰੋ ਨੇ ਮਾਂ ਤੋਂ ਆਚਾਰ ਮੰਗਿਆ| ਉਸ ਨੇ ਕੌਲੀ ਭਰ ਕੇ ਆਚਾਰ ਦਿੱਤਾ| ਇਕ ਪਲ ਮੈਨੂੰ ਲੱਗਾ ਮਾਂ ਸਭ ਮਾਵਾਂ ਤੋਂ ਚੰਗੀ ਮਾਂ ਹੈ|
ਚਾਚੀ ਵੀਰੋ ਦੀ ਭੱਠੀ ਦਾ ਬਾਲਣ ਹਮੇਸ਼ਾ ਗਿੱਲਾ ਹੁੰਦਾ| ਉਹ ਫੂਕਾਂ ਮਾਰ-ਮਾਰ ਅੱਗ ਮਚਾਉਂਦੀ| ਫਿਰ ਕੜਾਹੀ ਵਿਚ ਮਾਂਝਾ ਫੇਰ ਕੇ ਰੇਤ ਤਪਾਉਂਦੀ| ਜਦੋਂ ਦਾਣੇ ਖਿੜ-ਖਿੜ ਭੁੱਜਦੇ ਤਾਂ ਉਸ ਦੇ ਚਿਹਰੇ ’ਤੇ ਰੌਣਕ ਆ ਜਾਂਦੀ| ਅੱਜ ਸੋਚਦੀ ਹਾਂ, ਸ਼ਾਇਦ ਉਹ ‘ਸ਼ਿਵ’ ਦੀ ‘ਲੂਣਾ’ ਵਰਗੀ ਸੀ, ਜੋ ਦਾਣਿਆਂ ਨਾਲ ਆਪਣੀਆਂ ਪੀੜਾਂ ਵੀ ਭੁੰਨ-ਸਾੜ ਕੇ ਤਰੋ-ਤਾਜ਼ਾ ਹੋ ਜਾਂਦੀ ਸੀ|
ਇਕ ਰਾਤ ਦੁਹਾਈ ਮੱਚ ਗਈ|
ਗਿਆਨ ਵੀਰੋ ਨੂੰ ਮਾਰਦਾ-ਗਾਲਾਂ ਕੱਢਦਾ ਕੋਠੇ ਤੋਂ ਘੜੀਸ ਕੇ ਹੇਠਾਂ ਲਿਜਾ ਰਿਹਾ ਸੀ| ਕੁਝ ਆਦਮੀ ਛੁਡਾਉਣ ਗਏ ਤਾਂ ਦੇਖਿਆ ਗਿਆਨ ਦਾ ਭਰਾ ਸ਼ਾਮ ਹੱਥ ਵਿਚ ਵੀਰੋ ਦੀ ਚüੰਨੀ ਫੜੀ ਬਨੇਰੇ ਨਾਲ ਲੱਗਾ ਕੰਬ ਰਿਹਾ ਸੀ| ਫਿਰ ਕਿਸੇ ਨੇ ਗਿਆਨ ਦੇ ‘ਸ਼ੱਕ’ ਨੂੰ ਸੱਚ ਮੰਨਿਆ ਤੇ ਕਿਸੇ ਨੇ ਵੀਰੋ ਦੇ ਦੁੱਖਾਂ ਦੀ ਹਾਮੀ ਭਰੀ|
ਰੌਲਾ ਤੇ ਕੁੱਟ-ਮਾਰ ਸੁਣ ਕੇ ਮਾਂ ਦਾ ਦਿਲ ਬੈਠ ਗਿਆ| ਵਾਰ-ਵਾਰ ਆਵਾਜ਼ਾਂ ਮਾਰਦੀ ਦਾ ਗਲਾ ਸੁੱਕ ਗਿਆ| ਗਿਆਨ ਨੇ ਵੀਰੋ ਨੂੰ ਅੰਦਰ ਬੰਦ ਕਰ ਕੇ ਕੁੰਡੀ ਮਾਰ ਦਿੱਤੀ| ਫਿਰ ਭੰਗ ਘੋਟ ਕੇ ਪੀਤੀ ਤੇ ਪਿੰਡ ਦਾ ਚੱਕਰ ਕੱਢਣ ਚਲਾ ਗਿਆ|
‘‘ਮਾਂ ਪਾਣੀ,’’ ਸ਼ਾਮ ਨੇ ਆਲੇ-ਦੁਆਲੇ ਦੇਖਿਆ ਵੀਰੋ ਦੀਆਂ ਸਿਸਕੀਆਂ ਤੋਂ ਬਿਨਾਂ ਸਭ ਸ਼ਾਂਤ ਸੀ| ਉਸ ਨੇ ਹੌਲੀ ਨਾਲ ਬੂਹਾ ਖੋਲ੍ਹ ਕੇ ਅੰਦਰ ਚੁੰਨੀ ਸੁੱਟੀ ਤੇ ਚਲਾ ਗਿਆ| ਪਾਣੀ ਦਾ ਘੁੱਟ ਭਰਦਿਆਂ ਮਾਂ ਨੇ ਜਾਂਦੇ ਸ਼ਾਮ ਵੱਲ ਦੇਖਿਆ| ਉਸ ਦੇ ਹੱਥੋਂ ਗਿਲਾਸ ਡਿੱਗ ਗਿਆ| ਫਿਰ ਖਾਲ਼ੀ ਹੱਥ ਛਾਤੀ ’ਤੇ ਘੁੱਟ ਕੇ ਕੰਧ ਨਾਲ ਲੱਗ ਗਈ|
ਅਗਲੀ ਸਵੇਰ ਚਿੜੀਆਂ ਦੀ ਚਹਿ-ਚਹਿ ਦੇ ਨਾਲ਼ ਹੀ ਵੀਰੋ ਦੇ ਰੋਣ ਦੀ ਆਵਾਜ਼ ਆਈ| ਮਾਂ ਧੰਤੀ ਦੀ ਮੌਤ ਹੋ ਗਈ ਸੀ| ਮਾਂ ਦੀਆਂ ਕੁੜੀਆਂ ਤੇ ਸ਼ਾਮ ਨੂੰ ਸੁਨੇਹਾ ਭੇਜ ਦਿੱਤਾ ਗਿਆ|
ਅਮਰ ਸਿੰਘ ਮਜ਼੍ਹਬੀ (ਜੋ ਲੁਹਾਰਾ ਕੰਮ ਕਰਦਾ ਸੀ) ਲੱਕੜਾਂ ਪਾੜਦਾ ਨਾਲ-ਨਾਲ ਗੌਂ ਰਿਹਾ ਸੀ -‘ਰਾਜਾ ਰੰਕ ਨਾ ਰਿਹਾ, ਸਭ ਜੱਗ ਚੱਲਣ ਹਾਰ|’
ਸਸਕਾਰ ਤੋਂ ਬਾਅਦ ਲੋਕ ਆਪੋ-ਆਪਣੇ ਘਰਾਂ ਨੂੰ ਚਲੇ ਗਏ| ਪਿੰਡ ਦੇ ਕੁਝ ਮੋਹਰੀ ਬੰਦੇ ਬਾਕੀ ਰਸਮਾਂ ਦੀ ਸਲਾਹ ਕਰਨ ਲਈ ਸ਼ਾਮ ਨਾਲ ਘਰ ਆ ਗਏ| ਅਚਾਨਕ ਅੰਦਰੋਂ ਭਾਂਡੇ ਖੜਕਣ ਦੀ ਆਵਾਜ਼ ਆਈ| ਵੱਡੀ ਕੁੜੀ ਨੇ ਅੰਦਰ ਜਾ ਕੇ ਦੇਖਿਆ ਗਿਆਨ ਭਾਂਡੇ ਬੋਰੀ ਵਿਚ ਪਾ ਰਿਹਾ ਸੀ| ਇਹ ਪੁਰਾਣੇ ਭਾਂਡੇ ਮਾਂ ਨੇ ਕੱਚੀ ਕੋਠੀ ਵਿਚ ਜੰਦਰਾ ਮਾਰ ਕੇ ਰੱਖੇ ਹੋਏ ਸਨ| ਫਾਕੇ ਦੇ ਦਿਨਾਂ ਵਿਚ ਵੀ ਉਸ ਨੇ ਇਹ ਜਾਇਦਾਦ ਖੁਰਨ ਨਹੀਂ ਸੀ ਦਿੱਤੀ| ਉਹ ਵੀਰੋ ਨੂੰ ਆਖਦੀ ਹੁੰਦੀ ਸੀ, ‘‘ਕੁੜੀਆਂ ਦੇ ਵਿਆਹਾਂ ਵੇਲੇ ਦੋਹਾਂ ਨੂੰ ਅੱਧੇ-ਅੱਧੇ ਵੰਡ ਦੇਵੀਂ|’’
ਟੱਬਰ ਦੀ ਰੋਟੀ ਦਾ ਵਸੀਲਾ ਉਹ ਲੋਕਾਂ ਦੇ ਘਰ ਕੰਮ ਕਰ ਕੇ, ਟੁੱਪੇ ਦੀਆਂ ਚਾਦਰਾਂ ਕੱਢ ਕੇ ਤੇ ਗਾਈਂ ਦਾ ਪਾਈਆ ਦੁੱਧ ਵੇਚ ਕੇ ਕਰਦੀਆਂ| ਮਾਂ ਦੀ ਮੌਤ ਤੋਂ ਬਾਅਦ ਘਰ ਦੀ ਹਾਲਤ ਹੋਰ ਖਰਾਬ ਹੋ ਗਈ| ਗਿਆਨ ਵੀਰੋ ਨੂੰ ਕੁੱਟ-ਮਾਰ ਕੇ ਪੈਸੇ ਖੋਹ ਲੈਂਦਾ| ਕਈ ਵਾਰ ਇਕ ਵੇਲੇ ਦੀ ਰੋਟੀ ਵੀ ਘਰ ਵਿਚ ਨਾ ਪੱਕਦੀ|
ਸ਼ਾਮ ਵਿਚ-ਵਾਰ ਆ ਕੇ ਕੁਝ ਸਾਮਾਨ ਦੇ ਜਾਂਦਾ| ਉਸ ਦਿਨ ਦੀ ਖੁਸ਼ੀ ਉਨ੍ਹਾਂ ਤੋਂ ਸਾਂਭੀ ਨਾ ਜਾਂਦੀ| ਚਾਚੀ ਵੀਰੋ ਦੇ ਚਿਹਰੇ ’ਤੇ ਰੌਣਕ ਆ ਜਾਂਦੀ| ਇਕ ਦਿਨ ਮਾਂ ਨੂੰ ਆਖਦੀ ਸੀ, ‘‘ਭੈਣ! ਜੋ ਔਰਤ ਦੀ ਭੁੱਖ ਦਾ ਖਿਆਲ ਕਰੇ, ਉਹ ਹੀ ਰੱਬ ਹੁੰਦਾ ਏ| ਫਿਰ ਮੈਂ ਗਿਆਨ ਵਰਗੇ ਰਾਖਸ਼ ਤੋਂ ਡਰ ਕੇ ਤੇ ਰੱਬ ਤੋਂ ਨਹੀਂ ਮੂੰਹ ਮੋੜ ਸਕਦੀ|’’
ਜੂਨ ਦਾ ਮਹੀਨਾ ਸੀ| ਅੰਤਾਂ ਦੀ ਗਰਮੀ ਕਾਰਨ ਲੋਕ ਕੋਠਿਆਂ ’ਤੇ ਅਲ੍ਹਾਣੀਆਂ ਮੰਜੀਆਂ ’ਤੇ ਪਾਸੇ ਮਾਰ ਰਹੇ ਸਨ| ਵੀਰੋ ਵੀ ਬੱਚਿਆਂ ਨਾਲ ਨੀਵੀਂ ਢਾਰੀ ਦੀ ਛੱਤ ’ਤੇ ਸੁੱਤੀ ਹੋਈ ਸੀ| ਨਲਕਾ ਗਿੜਨ ਦੀ ਆਵਾਜ਼ ਨਾਲ ਗਿਆਨ ਦੀਆਂ ਗਾਲ਼੍ਹਾਂ ਨੇ ਲੋਕਾਂ ਦੇ ਕੰਨ ਖੜ੍ਹੇ ਕਰ ਦਿੱਤੇ| ਨਲਕੇ ਦਾ ਪਾਣੀ ਸੁੱਕ ਗਿਆ ਸੀ| ਵੀਰੋ ਨੇ ਕਾਹਲੀ ਨਾਲ ਪੌੜੀਆਂ ਉੱਤਰ ਕੇ ਪਾਣੀ ਦਾ ਭਰਿਆ ਜੱਗ ਪਾ ਕੇ ਨਲਕਾ ਗੇੜਿਆ| ਗਿਆਨ ਨੇ ਹਫਲਿਆ ਵਾਂਗ ਪਾਣੀ ਪੀਤਾ| ਫਿਰ ਪਿੱਛੇ ਮੁੜਦੀ ਵੀਰੋ ਹੱਥੋਂ ਜੱਗ ਖੋਹ ਕੇ ਸਿਰ ਵਿਚ ਮਾਰ ਦਿੱਤਾ| ਵੀਰੋ ਦੀ ਇਕ ਹੀ ਚੀਕ ਸੁਣਾਈ ਦਿੱਤੀ|
ਗਿਆਨ ਆਖ ਰਿਹਾ ਸੀ, ‘‘ਮੈਂ ਤੇਹ ਨਾਲ ਮਰ ਰਿਹਾ ਸੀ ਤੇ ਇਹ ਕੋਠੇ ’ਤੇ ਰੰਗ-ਰਲੀਆਂ ਮਨਾਅ ਰਹੀ ਸੀ| ਮਰ ਗਈ, ਅੱਜ ਕੰਮ ਮੁੱਕ ਗਿਆ|’’
ਗੁਆਂਢੀ ਪੂਰਨ ਨੇ ਕੰਧ ਉੱਤੋਂ ਦੀ ਦੇਖਿਆ ਵੀਰੋ ਜ਼ਮੀਨ ’ਤੇ ਨਿਢਾਲ ਪਈ ਸੀ| ਕੁਝ ਚਿਰ ਬਾਅਦ ਮਾਂ ਤੇ ਵੱਡੀ ਬੀਬੀ ਪਹੁੰਚ ਗਈਆਂ| ਵੀਰੋ ਦਾ ਖ਼ੂਨ ਨਾਲ ਲੱਥ-ਪੱਥ ਮੂੰਹ ਪੂੰਝਦਿਆਂ ਵੱਡੀ ਬੀਬੀ ਨੇ ਮਾਂ ਨੂੰ ਦੁੱਧ ਵਿਚ ਹਲਦੀ ਪਾ ਕੇ ਲਿਆਉਣ ਲਈ ਆਖਿਆ| ਪੂਰਨ ਦੂਸਰੇ ਪਿੰਡੋਂ ਟਾਂਗਾ ਲੈਣ ਚਲਾ ਗਿਆ|
ਹੁਣ ਚਾਚੀ ਵੀਰੋ ਪਹਿਲਾਂ ਵਰਗੀ ਨਹੀਂ ਸੀ ਰਹੀ| ਉਹ ਬਹੁਤ ਘੱਟ ਬੋਲਦੀ| ਲੋਕ ਆਖਦੇ, ਸਿਰ ਦੀ ਸੱਟ ਕਰਕੇ ਹੈ, ਪਰ ਉਸ ਦੇ ਅੰਦਰ ਤੇ ਕੋਈ ਘੋਲ ਚੱਲ ਰਿਹਾ ਸੀ|
ਇਕ ਦਿਨ ਗਿਆਨ ਉਸ ਦੇ ਸ਼ਾਮ ਨਾਲ ਸਬੰਧਾਂ ਦੀ ਗੱਲ ਕਰ ਕੇ ਮਾਰਨ ਲੱਗਾ ਤਾਂ ਉਸ ਨੇ ਹੱਥ ਫੜ ਲਿਆ| ਉਹ ਸ਼ੇਰਨੀ ਵਾਂਗ ਦਹਾੜ ਕੇ ਬੋਲੀ, ‘‘ਹਾਂ! ਹੈ ਮੇਰੇ ਸ਼ਾਮ ਨਾਲ ਸਬੰਧ, ਜੇ ਇਹ ਮੰਨਿਆਂ ਤੇਰੇ ਤੋਂ ਛੁੱਟ ਜਾਵਾਂ ਤਾਂ ਹੋਰ ਕੀ ਚਾਹੀਦਾ ਏ|’’
ਸਭ ਹੈਰਾਨ ਸਨ, ਵੀਰੋ ਵਿਚ ਇੰਨੀ ਹਿੰਮਤ ਕਿੱਥੋਂ ਆ ਗਈ? ਹੁਣ ਵੀਰੋ ਬੋਲ ਰਹੀ ਸੀ ਤੇ ਗਿਆਨ ਚੁੱਪ ਸੀ| ਫਿਰ ਉਹ ਦੋਹਾਂ ਕੁੜੀਆਂ ਤੇ ਮੁੰਡਿਆਂ ਨੂੰ ਲੈ ਕੇ ਘਰੋਂ ਤੁਰ ਗਈ| ਗਿਆਨ ਪਥਰਾਈਆਂ ਅੱਖਾਂ ਨਾਲ ਬੰਦ ਬੂਹੇ ਵੱਲ ਦੇਖਦਾ ਰਿਹਾ ਪਰ ਉਹ ਦੁਬਾਰਾ ਨਹੀਂ ਖੁੱਲਿ੍ਹਆ| ਕੁਝ ਦਿਨਾਂ ਬਾਅਦ ਗਿਆਨ ਵੀ ਘਰੋਂ ਚਲਾ ਗਿਆ| ਗੁਆਂਢੀ ਅਮਰ ਸਿੰਘ ਨੇ ਉਸ ਨੂੰ ਮੋਢੇ ’ਤੇ ਬੋਰੀ ਚੁੱਕੀ ਜਾਂਦਾ ਦੇਖਿਆ ਸੀ| ਇਸ ਤਰ੍ਹਾਂ ਤਾਂ ਉਹ ਪਹਿਲਾਂ ਵੀ ਕਈ ਵਾਰ ਜਾਂਦਾ ਹੁੰਦਾ ਸੀ, ਪਰ ਅਗਲੇ ਹੀ ਦਿਨ ਵੇਹੜੇ ਵਿਚ ਭੰਗ ਘੋਟਦਾ ਦਿਸਦਾ| ਪਰ ਇਸ ਵਾਰ ਗਿਆ ਉਹ ਨਹੀਂ ਸੀ ਮੁੜਿਆ|
ਲਗਪਗ ਸਾਲ ਕੁ ਬਾਅਦ ਸ਼ਾਮ ਕੋਠਿਆਂ ਦੀਆਂ ਛੱਤਾਂ ਦਹੇੜ ਕੇ ਲੈ ਗਿਆ| ਕੋਠੇ ਢਾਉਂਦਿਆਂ ਜਦੋਂ ਵੱਡੇ ਅੰਦਰ ਦਾ ਕੋਕਿਆਂ ਵਾਲਾ ਬੂਹਾ ਡਿੱਗਾ ਤਾਂ ਇੰਝ ਲੱਗਾ ਜਿਵੇਂ ਸਾਰਾ ਪਿੰਡ ਢਹਿ-ਢੇਰੀ ਹੋ ਗਿਆ ਹੋਵੇ| ਇਸ ਬੂਹੇ ਦਾ ਜੰਦਰਾ ਖੋਲ੍ਹ ਕੇ ਚਾਚੀ ਵੀਰੋ ਅੰਦਰ ਆਈ ਸੀ|
ਮੈਂ ਬੜੀ ਵਾਰ ਮਾਂ ਤੋਂ ਪੁੱਛਿਆ ਕਿ ਜੰਦਰਾ ਕਿਉਂ ਮਾਰਿਆ ਸੀ? ਉਹ ਘੂਰੀ ਵੱਟ ਕੇ ਆਖਦੀ, ‘‘ਤੂੰ ਕੀ ਲੈਣਾ ਪੁੱਛ ਕੇ? ਕੋਈ ਵਿਚਾਰ ਹੁੰਦੀ ਏ|’’
ਸਾਰਾ ਕੰਮ ਨਿਬੇੜ ਕੇ ਜਦੋਂ ਸ਼ਾਮ ਜਾਣ ਲੱਗਾ ਤਾਂ ਮੇਰੇ ਪਿਤਾ ਜੀ ਨੇ ਹੌਸਲਾ ਦਿੰਦਿਆਂ ਆਖਿਆ, ‘‘ਫਿਕਰ ਨਾ ਕਰੀਂ| ਮੈਂ ਤੇਰੀ ਥਾਂ ਵੀ ਸੰਭਾਲ ਰੱਖਾਂਗਾ| ਜਦੋਂ ਮਰਜ਼ੀ ਆ ਕੇ ਕੋਠਾ ਛੱਤ ਲਵੀਂ| ਜਿੰਨੀ ਹੋ ਸਕੀ ਮੈਂ ਵੀ ਮਦਾਦ ਕਰਾਂਗਾ|’’
ਮੈਂ ਪੜ੍ਹਨ ਚਲੀ ਗਈ|
ਜਦੋਂ ਛੁੱਟੀਆਂ ਵਿਚ ਆਈ ਤਾਂ ਦੇਖਿਆ ਪਿਤਾ ਜੀ ਹੁਰਾਂ ਉਹ ਥਾਂ ਚਾਰ-ਦਿਵਾਰੀ ਕਰ ਕੇ ਆਪਣੇ ਘਰ ਵਿਚ ਮਿਲਾ ਲਈ ਸੀ| ਮੈਂ ਮਾਂ ਨੂੰ ਪੁੱਛਿਆ, ‘‘ਇਹ ਤੇ ਚਾਚੀ ਵੀਰੋ ਦੀ ਥਾਂ ਸੀ|’’
ਮਾਂ ਨੇ ਦੱਸਿਆ, ‘‘ਤੇਰਾ ਪਿਓ ਆਖਦਾ ਏ ਰੌiਲ਼ਆਂ ਵੇਲੇ ਇਹ ਥਾਂ ਤੇਰੇ ਬਾਬੇ ਨੇ ਗਿਆਨ ਦੇ ਪਿਓ ਨੂੰ ਰਹਿਣ ਲਈ ਦਿੱਤੀ ਸੀ|’’
ਸਮਾਂ ਬੀਤਦਾ ਗਿਆ ਪਰ ਉਹ ਥਾਂ ਹਮੇਸ਼ਾ ਮੇਰੀ ਖਿੱਚ ਦਾ ਕਾਰਨ ਬਣੀ ਰਹੀ| ਘਰ ਦੇ ਬਰਾਂਡੇ ’ਚੋਂ ਉਸ ਪਾਸੇ ਛੋਟਾ ਬੂਹਾ ਕੱਢਿਆ ਹੋਇਆ ਸੀ| ਜਦੋਂ ਪਿੰਡ ਆਉਂਦੀ ਬੜੀ ਰੀਝ ਨਾਲ ਫੁੱਲ-ਬੂਟੇ ਲਾਉਂਦੀ ਪਰ ਜਾਣ ਤੋਂ ਬਾਅਦ ਸੜ-ਸੁੱਕ ਜਾਂਦੇ| ਫਿਰ ਮੈਂ ਥੋਰ੍ਹ ਦਾ ਬੂਟਾ ਲਗਾ ਦਿੱਤਾ|
ਮਾਂ ਆਖਦੀ, ‘‘ਕੋਈ ਤੂਤ-ਧਰੇਕ ਲਾਉਂਦੀ ਤਾਂ ਬੰਦਾ ਛਾਵੇਂ ਬੈਠਦਾ, ਇਸ ਜੰਗਲੀ ਬੂਟੇ ਦਾ ਕੀ ਫਾਇਦਾ?’’
‘‘ਲੈ ਫਾਇਦਾ ਕਿਉਂ ਨਹੀਂ?’’ ਤੇ ਮੈਂ ਛੋਟੀ ਜਿਹੀ ਮੰਜੀ ਡਾਹ ਕੇ ‘ਲੂਣਾ’ ਪੜ੍ਹਨ ਲੱਗ ਗਈ|
ਥੋਰ੍ਹ ਦੀ ਵਿਰਲੀ ਛਾਂ ਬੋਹੜ ਦੀ ਛਾਂ ਹੋ ਗਈ| ਮੇਰੀ ਅੱਖ ਲੱਗ ਗਈ|
ਚਾਚੀ ਵੀਰੋ ਪਿੰਡ ਆ ਗਈ ਹੈ| ਕੱਚੀ ਇੱਟ ਦੀਆਂ ਕੰਧਾਂ ਉੱਸਰ ਗਈਆਂ ਹਨ| ਪਿਤਾ ਜੀ ਨੇ ਸ਼ਤੀਰਾਂ-ਬਾਲਿਆਂ ਲਈ ਲੱਕੜਾਂ ਦੇ ਕੇ ਮਦਦ ਕਰਨ ਦਾ ਵਾਅਦਾ ਪੂਰਾ ਕਰ ਦਿੱਤਾ ਏ| ਕੰਧਾਂ ਉੱਪਰ ਛੱਤ ਪੈ ਗਈ ਹੈ| ਚਾਚੀ ਵੀਰੋ ਦੇ ਕੋਠੇ ਦੀ ਛੱਤ, ਜੋ ਸਾਡੇ ਘਰ ਦੀ ਛੱਤ ਨਾਲ ਸਾਂਝੀ ਸੀ|
‘‘ਤੂੰ ਇਸ ਸੁੰਨੀ ਜਿਹੀ ਥਾਂ ’ਤੇ ਕਿਉਂ ਬੈਠੀ ਰਹਿੰਦੀ ਏਂ?’’ ਮਾਂ ਨੇ ਬਰਾਂਡੇ ਦੇ ਬੂਹੇ ’ਚੋਂ ਖਲੋ ਕੇ ਆਖਿਆ ਤਾਂ ਤ੍ਰਬਕ ਕੇ ਮੇਰੀ ਅੱਖ ਖੁੱਲ੍ਹ ਗਈ| ਅੱਖ ਨਹੀਂ ਸੀ ਖੁੱਲ੍ਹੀ, ਚਾਚੀ ਵੀਰੋ ਦੇ ਘਰ ਦੀ ਛੱਤ ਪਲ ਵਿਚ ਢਹਿ-ਢੇਰੀ ਹੋ ਗਈ ਸੀ|
ਗਲੀ ਦੇ ਮੋੜ ’ਤੇ ਕਾਰ ਰੁਕੀ| ਹਵੇਲੀ ਵਿਚ ਬੈਠੇ ਆਦਮੀਆਂ ਦੀਆਂ ਨਜ਼ਰਾਂ ਉੱਧਰ ਘੁੰਮ ਗਈਆਂ| ਲਾਲ ਰੰਗ ਦੀ ਸਾੜੀ ਵਿਚ ਚਾਚੀ ਵੀਰੋ ਸਾਡੇ ਘਰ ਨੂੰ ਤੁਰੀ ਆ ਰਹੀ ਸੀ| ਮੈਂ ਅੱਖਾਂ ਬੰਦ ਕਰ ਕੇ ਖੋਲ੍ਹੀਆਂ ਪਰ ਪੁਰਾਣੀ ਚਾਚੀ ਵੀਰੋ ਨਾ ਲੱਭੀ| ਉਹ ਚਾਚੀ ਵੀਰੋ, ਜੋ ਫਟੇ-ਪੁਰਾਣੇ ਸ਼ਾਲ ਦੀ ਬੁੱਕਲ ਮਾਰੀ, ਟੁੱਟੀਆਂ ਚਪਲਾਂ ਘੜੀਸਦੀ ਆਉਂਦੀ ਹੁੰਦੀ ਸੀ| ਉਸ ਨੇ ਮਾਂ ਦੇ ਪੈਰਾਂ ਨੂੰ ਹੱਥ ਲਾ ਕੇ ਮੈਨੂੰ ਆਪਣੇ ਨਾਲ ਘੁੱਟ ਲਿਆ, ‘‘ਤੂੰ ਚਾਚੀ ਨੂੰ ਭੁੱਲ ਤਾਂ ਨਹੀਂ ਗਈ?’’
ਉਸ ਦੀ ਇਹ ਗੱਲ ਸੁਣ ਕੇ ਅੱਖਾਂ ਭਰ ਆਈਆ| ਮਾਂ ਆਖਣ ਲੱਗੀ, ‘‘ਖੁਸ਼ੀ ਵਿਚ ਕਮਲੀ ਹੋ ਗਈ ਏ,’’ ਪਰ ਮੈਨੂੰ ਲੱਗਾ ਮੇਰੇ ਅੰਦਰ ਕੁਝ ਟੁੱਟ ਕੇ ਬਿਖਰ ਗਿਆ ਏ|
ਮਾਂ ਤੇ ਚਾਚੀ ਵੀਰੋ ਬਰਾਂਡੇ ਵਿਚ ਬੈਠ ਕੇ ਲੰਮਾ ਸਮਾਂ ਗੱਲਾਂ ਕਰਦੀਆਂ ਰਹੀਆਂ| ਚਾਚੀ ਵੀਰੋ ਨੇ ਦੱਸਿਆ, ‘‘ਕੁੜੀਆਂ ਦੇ ਵਿਆਹਾਂ ਤੋਂ ਬਾਅਦ ਗਿਆਨ ਦੀ ਭੂਆ ਉਨ੍ਹਾਂ ਨੂੰ ਅੰਮ੍ਰਿਤਸਰ ਲੈ ਗਈ ਸੀ| ਉਸ ਨੇ ਉਸ ਨੂੰ ਇਕ ਅਮੀਰ ਲਾਲੇ ਦੇ ਘਰ ਕੰਮ ’ਤੇ ਲਗਾ ਦਿੱਤਾ| ਬੱਚਿਆਂ ਨੂੰ ਸੰਭਾਲਣ ਦਾ ਕੰਮ ਸੀ| ਮਾਂ ਮਰ ਗਈ ਸੀ ਉਨ੍ਹਾਂ ਦੀ| ਲਾਲਾ ਬੜਾ ਚੰਗਾ ਆਦਮੀ ਹੈ| ਦੂਲਾ ਤੇ ਕੀਪਾ ਵੀ ਮੇਰੇ ਨਾਲ ਚਲੇ ਜਾਂਦੇ ਨੇ| ਉਸ ਦੇ ਬੱਚਿਆਂ ਨਾਲ ਖਾਂਦੇ-ਪੀਂਦੇ ਤੇ ਖੇਡਦੇ ਰਹਿੰਦੇ ਨੇ|’’ ਏਨਾਂ ਆਖਦਿਆਂ ਚਾਚੀ ਵੀਰੋ ਨੇ ਡੂੰਘਾ ਸਾਹ ਲਿਆ|
‘‘ਬੜਾ ਚੰਗਾ ਹੋਇਆ ਵੀਰੋ, ਹੁਣ ਤੂੰ ਦਿਲ ਲਾ ਕੇ ਕੰਮ ਕਰੀ ਜਾਈਂ,’’ ਮਾਂ ਨੇ ਚਾਚੀ ਵੀਰੋ ਦਾ ਮੋਢਾ ਥਾਪੜਦਿਆਂ ਆਖਿਆ|
‘‘ਪਰ ਭੈਣ…?’’
‘‘ਹਾਂ ਦੱਸ ਵੀਰੋ?’’
‘‘ਇਹ ਸਾੜੀ ਵੀ ਉਸ ਨੇ ਦਿੱਤੀ ਹੈ, ਨਾਲੇ ਆਖਦਾ ਸੀ ਮੈਂ ਚੰਗੇ ਕੱਪੜੇ ਪਾ ਕੇ ਰੱਖਿਆ ਕਰਾਂ|’’
‘‘ਠੀਕ ਆਖਦਾ ਏ ਲਾਲਾ| ਚੰਗੇ ਘਰ ਵਿਚ ਕੰਮ ਕਰਦੀ ਏਂ, ਕਮਾਈ ਵੀ ਕਰ ਰਹੀ ਏਂ| ਥੋੜ੍ਹਾ ਸੰਵਾਰ ਕੇ ਰੱਖਿਆ ਕਰ ਆਪਣੇ-ਆਪ ਨੂੰ|’’
‘‘ਭੈਣ ਬੜਾ ਖਿਆਲ ਰੱਖਦਾ ਏ ਸਾਡਾ, ਇਕ ਦਿਨ ਆਖਣ ਲੱਗਾ, ‘ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਮੰਗ ਲਈ, ਝਿਜਕੀਂ ਨਾ| ਇਸ ਨੂੰ ਆਪਣਾ ਹੀ ਘਰ ਸਮਝ|’ ਏਨੀ ਅਪਣੱਤ ਤੇ ਇੱਜ਼ਤ ਦੇਖ ਕੇ ਮੇਰਾ ਮਨ ਭਰ ਆਇਆ ਤੇ ਮੇਰਾ ਸਿਰ ਉਸ ਦੇ ਮੋਢੇ ਨਾਲ ਲੱਗ ਗਿਆ| ਬੱਸ ਇਹ ਹੀ ਭੁੱਲ ਸੀ ਮੇਰੀ ਕਿ ਉਹ ਭੂਆ ਕੋਲ ਆ ਕੇ ਮੇਰੇ ਨਾਲ ਵਿਆਹ ਕਰਨ ਬਾਰੇ ਆਖਣ ਲੱਗਾ|’’
‘‘ਕੋਈ ਗੱਲ ਨਹੀਂ ਵੀਰੋ, ਚਾਰ ਦਿਨ ਸੁੱਖ ਦੇ ਕੱਟ ਲਏਂਗੀ|’’
‘‘ਭੈਣ ਭੂਆ ਤੇ ਸ਼ਹਿਰਨ ਏ ਪਰ ਸਾਨੂੰ ਤੇ ਪਿੰਡ ਦੀ ਇੱਜ਼ਤ ਦਾ….?’’
‘‘ਕਿਹੜੇ ਪਿੰਡ ਦੀ ਇੱਜ਼ਤ ਵੀਰੋ? ਕਿੱਥੇ ਸੀ ਤੇਰਾ ਪਿੰਡ ਜਦੋਂ ਬੇਘਰ ਹੋ ਕੇ ਨਿਕਲੀ ਸੀ ਤੂੰ?’’ ਗੱਲ ਕਰਦੀ ਮਾਂ ਦਾ ਚਿਹਰਾ ਲਾਲ ਹੋ ਗਿਆ| ਮੈਨੂੰ ਉਸ ਦਿਨ ਪਤਾ ਲੱਗਾ ਮਾਂ ਦੇ ਅੰਦਰ ਇਕ ਹੋਰ ਔਰਤ ਵੀ ਵਸਦੀ ਹੈ|
ਚਾਚੀ ਵੀਰੋ ਦੇ ਵਿਆਹ ਦਾ ਫੈਸਲਾ ਪੰਚਾਇਤ ਵਿਚ ਹੋ ਗਿਆ|
ਉਹ ਖੁਸ਼ ਹੋ ਕੇ ਆਖਣ ਲੱਗੀ, ‘‘ਲੱਗਦਾ ਜਿਵੇਂ ਮੇਰੇ ਮਾਂ-ਬਾਪ ਨੇ ਸਿਰ ’ਤੇ ਹੱਥ ਰੱਖ ਦਿੱਤਾ ਹੋਵੇ|’’
ਇਕ ਹਫ਼ਤੇ ਬਾਅਦ ਸ਼ਾਮ ਪਿੰਡ ਆਇਆ| ਸਾਰੇ ਵੀਰੋ ਦੇ ਵਿਆਹ ਦੀ ਖ਼ਬਰ ਉਡੀਕ ਰਹੇ ਸਨ| ਸ਼ਾਮ ਦਾ ਉਦਾਸ ਚਿਹਰਾ ਦੇਖ ਕੇ ਮਾਂ ਨੇ ਕਿਹਾ, ‘‘ਸਭ ਠੀਕ ਏ ਨਾ?’’
‘‘ਭਾਬੀ, ਭਾਬੀ ਵੀਰੋ…,’’ ਏਨਾ ਕਹਿ ਕੇ ਸ਼ਾਮ ਨੇ ਨੀਵੀਂ ਪਾ ਲਈ| ਮਾਂ ਨੂੰ ਕੁਝ ਸਮਝ ਨਾ ਆਈ| ਏਨੇ ਚਿਰ ਵਿਚ ਪਿਤਾ ਜੀ ਹਵੇਲੀ ’ਚੋਂ ਆ ਗਏ|
ਸ਼ਾਮ ਭੁੱਬ ਮਾਰ ਕੇ ਪਿਤਾ ਜੀ ਦੇ ਗਲ਼ ਨਾਲ ਚੰਬੜ ਗਿਆ| ਪਿਤਾ ਜੀ ਨੇ ਸ਼ਾਮ ਦਾ ਮੋਢਾ ਥਾਪੜਦਿਆਂ ਪੁੱਛਿਆ, ‘‘ਕੀ ਹੋਇਆ ਸ਼ਾਮ ਸਿਆਂ ਹੌਸਲੇ ਨਾਲ ਦੱਸ?’’
‘‘ਭਾਅ ਭਾਬੀ ਵੀਰੋ ਤੁਰ ਗਈ…,’’ ਏਨਾ ਆਖ ਕੇ ਸ਼ਾਮ ਨੇ ਦੋਹਾਂ ਹੱਥਾਂ ਨਾਲ ਸਿਰ ਘੁੱਟ ਲਿਆ|
‘‘ਕਿੱਥੇ ਤੁਰ ਗਈ?’’ ਮਾਂ ਨੇ ਮੈਨੂੰ ਬਾਹੋਂ ਫੜ ਕੇ ਪਰੇ ਕਰਦਿਆਂ ਪੁੱਛਿਆ| ਸ਼ਾਮ ਨੇ ਦੱਸਿਆ, ‘‘ਕੱਲ੍ਹ ਗੁਰਦੁਆਰੇ ਤੋਂ ਵਿਆਹ ਦੀ ਰਸਮ ਕਰ ਕੇ ਆ ਰਹੇ ਸਾਂ| ਰਸਤੇ ਵਿਚ ਬੈਠੇ ਭਿਖਾਰੀ ਨੇ ਭੀਖ ਮੰਗੀ, ਲਾਲੇ ਨੇ ਭਾਬੀ ਨੂੰ ਦਾਨ ਕਰਨ ਲਈ ਪੈਸੇ ਫੜਾ ਦਿੱਤੇ| ਜਦੋਂ ਭਾਬੀ ਨੇ ਭਿਖਾਰੀ ਦੀ ਤਲੀ ’ਤੇ ਪੈਸੇ ਰੱਖੇ, ਉਸ ਦੇ ਮੂੰਹੋਂ ਅਸੀਸ ਸੁਣ ਕੇ ਉਹ ਚੀਕ ਮਾਰ ਕੇ ਡਿੱਗ ਪਈ| ‘ਉਹ’ ਭਿਖਾਰੀ ‘ਭਾਅ ਗਿਆਨ’ ਸੀ|’’
ਦੱਸ ਕੇ ਸ਼ਾਮ ਏਨਾ ਉੱਚੀ ਰੋਇਆ ਕਿ ਉਸ ਦੇ ਹੰਝੂਆਂ ਦੇ ਹੜ੍ਹ ਅੱਗੇ ਸਭ ਪੱਥਰ ਵਾਂਗ ਅਹਿੱਲ ਹੋ ਗਏ|