ਏਸ਼ਿਆਈ ਖੇਡਾਂ ਦਾ ਪਿਛੋਕੜ: ਏਸ਼ਿਆਈ ਖੇਡਾਂ `ਚ ਪੰਜਾਬੀਆਂ ਦੀ ਸਰਦਾਰੀ

ਪ੍ਰਿੰ. ਸਰਵਣ ਸਿੰਘ
ਪਹਿਲੀਆਂ ਏਸ਼ਿਆਈ ਖੇਡਾਂ 1951 ਵਿਚ ਨਵੀਂ ਦਿੱਲੀ `ਚ ਹੋਈਆਂ ਸਨ। ਉਨ੍ਹਾਂ ਖੇਡਾਂ ਵਿਚ ਪੰਜਾਬੀਆਂ ਦੀ ਸਰਦਾਰੀ ਸੀ। ਸਭ ਤੋਂ ਪਹਿਲਾਂ 1913 ਵਿਚ ਤਿੰਨ ਏਸ਼ਿਆਈ ਮੁਲਕਾਂ ਦੇ ਖੇਡ ਮੁਕਾਬਲੇ ‘ਓਰੀਐਂਟਲ ਓਲੰਪਿਕ ਖੇਡਾਂ’ ਦੇ ਨਾਂ `ਤੇ ਮਨੀਲਾ `ਚ ਹੋਏ ਸਨ। ਉਨ੍ਹਾਂ `ਚ ਫਿਲਪਾਈਨ 141 ਅੰਕ ਲੈ ਕੇ ਪ੍ਰਥਮ, ਚੀਨ 42 ਅੰਕਾਂ ਨਾਲ ਦੋਇਮ ਤੇ ਜਪਾਨ 16 ਅੰਕਾਂ ਨਾਲ ਫਾਡੀ ਰਿਹਾ ਸੀ। 1915 ਵਿਚ ‘ਫਾਰ ਈਸਟਰਨ ਏਸ਼ੀਆਟਕ ਖੇਡਾਂ’ ਦੇ ਨਾਂ ਹੇਠਾਂ ਮੁਕਾਬਲੇ ਸਿੰLਘਾਈ ਵਿਚ ਹੋਏ। ਉਥੇ ਚੀਨ ਨੇ 152 ਅੰਕ, ਫਿਲਪਾਈਨ ਨੇ 72 ਤੇ ਜਪਾਨ ਨੇ 32 ਅੰਕ ਪ੍ਰਾਪਤ ਕੀਤੇ ਸਨ। 1917 ਵਿਚ ਖੇਡਾਂ ਟੋਕੀਓ `ਚ ਹੋਈਆਂ। ਉਥੇ ਜਪਾਨ ਦੇ 120, ਫਿਲਪਾਈਨ ਦੇ 80 ਤੇ ਚੀਨ ਦੇ 49 ਅੰਕ ਸਨ। ‘ਫਾਰ ਈਸਟਰਨ ਏਸ਼ੀਆਟਕ ਖੇਡਾਂ’ 1913 ਤੋਂ 1927 ਤਕ ਹਰ ਦੋ ਸਾਲ ਪਿਛੋਂ ਮਨੀਲਾ, ਟੋਕੀਓ ਤੇ ਸ਼ਿੰਘਾਈ ਵਿਚ ਹੁੰਦੀਆਂ ਰਹੀਆਂ। 1927 `ਚ ਸਿੰLਘਾਈ ਦੀਆਂ ਖੇਡਾਂ ਸਮੇਂ ਫੈਸਲਾ ਹੋਇਆ ਕਿ ਇਹ ਖੇਡਾਂ ਓਲੰਪਿਕ ਖੇਡਾਂ ਵਿਚਾਲੇ ਚਹੁੰ ਸਾਲਾਂ ਪਿਛੋਂ ਕਰਾਈਆਂ ਜਾਣਗੀਆਂ। ਨੌਵੀਆਂ ਖੇਡਾਂ 1930 ਵਿਚ ਟੋਕੀਓ ਵਿਖੇ ਹੋਈਆਂ ਜਿੱਥੇ ਪਹਿਲੀ ਵਾਰ ਇੰਡੀਆ ਨੇ ਭਾਗ ਲਿਆ। ਇਸ ਪਿਛੋਂ ਫਾਰ ਈਸਟਰਨ ਖੇਡਾਂ ਦਾ ਭੋਗ ਪੈ ਗਿਆ।
1934 ਵਿਚ ਪੰਜਾਬੀ ਖੇਡ ਪ੍ਰਮੋਟਰ ਪ੍ਰੋ. ਗੁਰੂ ਦੱਤ ਸੋਂਧੀ ਦੇ ਯਤਨਾਂ ਨਾਲ ‘ਪੱਛਮੀ ਏਸ਼ੀਆਟਕ ਖੇਡਾਂ’ ਦੇ ਨਾਂ ਥੱਲੇ ਇਨ੍ਹਾਂ ਖੇਡਾਂ ਦਾ ਪੁਨਰ ਜਨਮ ਹੋਇਆ। ਖੇਡਾਂ ਨਵੀਂ ਦਿੱਲੀ ਤੇ ਪਟਿਆਲੇ `ਚ 2-4 ਮਾਰਚ 1934 ਨੂੰ ਹੋਈਆਂ। ਪੱਛਮੀ ਏਸ਼ੀਆਟਕ ਕਮੇਟੀ ਦੇ ਚੇਅਰਮੈਨ ਯਾਦਵਿੰਦਰ ਸਿੰਘ ਤੇ ਆਨਰੇਰੀ ਸੈਕਟਰੀ ਗੁਰੂ ਦੱਤ ਸੋਂਧੀ ਬਣੇ। ਮਹਾਰਾਜਾ ਭੂਪਿੰਦਰ ਸਿੰਘ ਉਦੋਂ ਭਾਰਤੀ ਓਲੰਪਿਕ ਕਮੇਟੀ ਦੇ ਪ੍ਰਧਾਨ ਸਨ। ਇਨ੍ਹਾਂ ਖੇਡਾਂ ਵਿਚ ਚਾਰ ਮੁਲਕਾਂ, ਲੰਕਾ, ਅਫ਼ਗ਼ਾਨਿਸਤਾਨ, ਫ਼ਲਸਤੀਨ ਤੇ ਇੰਡੀਆ ਨੇ ਭਾਗ ਲਿਆ। ਇੰਡੀਆ ਦੇ ਖਿਡਾਰੀ ਸਹਿਜੇ ਹੀ ਸਾਰੀਆਂ ਖੇਡਾਂ ਵਿਚ ਜਿੱਤਾਂ ਹਾਸਲ ਕਰ ਗਏ। 1938 ਦੀਆਂ ਖੇਡਾਂ ਕਰਾਉਣ ਦੀ ਜ਼ਿੰਮੇਵਾਰੀ ਤਲਅਵੀਵ ਨੇ ਚੁੱਕੀ ਜੋ ਹੁਣ ਇਸਰਾਈਲ ਦੀ ਰਾਜਧਾਨੀ ਹੈ। ਪਰ ਦੂਜੇ ਵਿਸ਼ਵ ਯੁੱਧ ਦੇ ਖ਼ਤਰੇ ਕਾਰਨ ਖੇਡਾਂ ਹੋ ਨਾ ਸਕੀਆਂ। 1942 ਤੇ 44 ਦੀਆਂ ਖੇਡਾਂ ਵਿਸ਼ਵ ਜੰਗ ਦੀ ਭੇਟ ਹੋ ਗਈਆਂ।
1947 `ਚ ਏਸ਼ਿਆਈ ਦੇਸ਼ਾਂ ਦੇ ਆਪਸੀ ਸੰਬੰਧਾਂ ਬਾਰੇ ਇਕ ਕਾਨਫਰੰਸ ਦਿੱਲੀ ਵਿਚ ਹੋਈ। ਉਥੇ ਖੇਡਾਂ ਰਾਹੀਂ ਏਸ਼ਿਆਈ ਮੁਲਕਾਂ ਵਿਚਕਾਰ ਸਾਂਝ ਵਧਾਉਣ ਦੇ ਵਿਚਾਰ ਨੂੰ ਭਰਵਾਂ ਹੁੰਗਾਰਾ ਮਿਲਿਆ। 1948 ਦੀਆਂ ਓਲੰਪਿਕ ਖੇਡਾਂ ਸਮੇਂ ਲੰਡਨ ਵਿਚ ਫਿਲਪਾਈਨ ਦੇ ਖੇਡ ਪ੍ਰੋਮੋਟਰ ਜਾਰਜ ਬੀ ਵਾਰਗਸ ਨੇ ਭਾਰਤ ਦੇ ਪ੍ਰੋ. ਗੁਰੂ ਦੱਤ ਸੋਂਧੀ ਨਾਲ ਏਸ਼ਿਆਈ ਖੇਡਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਿਸ ਦੇ ਫਲਸਰੂਪ ਏਸ਼ੀਅਨ ਐਮੇਚਿਓਰ ਅਥਲੈਟਿਕ ਫੈਡਰੇਸ਼ਨ ਬਣਾਈ ਗਈ। ਫੈਡਰੇਸ਼ਨ ਦੀ ਪਹਿਲੀ ਮੀਟਿੰਗ 12-13 ਫਰਵਰੀ 1949 ਨੂੰ ਨਵੀਂ ਦਿੱਲੀ ਦੇ ਪਟਿਆਲਾ ਹਾਊਸ ਵਿਚ ਹੋਈ। ਫਿਲਪਾਈਨ, ਸਿਆਮ, ਇੰਡੋਨੇਸ਼ੀਆ, ਬਰਮਾ, ਸੀਲੋਨ, ਨਿਪਾਲ, ਅਫ਼ਗ਼ਾਨਿਸਤਾਨ, ਪਾਕਿਸਤਾਨ ਤੇ ਭਾਰਤ ਦੇ ਨੁਮਾਇੰਦੇ ਉਸ ਵਿਚ ਸ਼ਾਮਲ ਹੋਏ। ਉਥੇ ਏਸ਼ੀਅਨ ਅਥਲੈਟਿਕ ਫੈਡਰੇਸ਼ਨ ਦਾ ਨਾਂ ਬਦਲ ਕੇ ‘ਏਸ਼ੀਅਨ ਖੇਡ ਫੈਡਰੇਸ਼ਨ’ ਰੱਖ ਦਿੱਤਾ ਗਿਆ ਤੇ ਮਹਾਰਾਜਾ ਯਾਦਵਿੰਦਰ ਸਿੰਘ ਨੂੰ ਫੈਡਰੇਸ਼ਨ ਦਾ ਪ੍ਰਧਾਨ ਚੁਣ ਲਿਆ ਗਿਆ। ਫਿਲਪਾਈਨ ਦੇ ਜਾਰਜ ਬੀ ਵਾਰਗਸ ਮੀਤ ਪ੍ਰਧਾਨ ਅਤੇ ਭਾਰਤ ਦੇ ਗੁਰੂ ਦੱਤ ਸੋਂਧੀ ਸਕੱਤਰ ਥਾਪੇ ਗਏ। ਮੀਟਿੰਗ ਵਿਚ ਏਸ਼ੀਅਨ ਖੇਡ ਫੈਡਰੇਸ਼ਨ ਦਾ ਸੰਵਿਧਾਨ ਪਾਸ ਕੀਤਾ ਗਿਆ ਜਿਸ ਅਨੁਸਾਰ ਏਸ਼ਿਆਈ ਖੇਡਾਂ ਓਲੰਪਿਕ ਖੇਡਾਂ ਵਿਚਾਲੇ ਚਹੁੰ ਸਾਲਾਂ ਪਿਛੋਂ ਕਰਾਉਣੀਆਂ ਤੈਅ ਹੋਈਆਂ। ਪਹਿਲੀਆਂ ਏਸ਼ਿਆਈ ਖੇਡਾਂ ਕਰਾਉਣ ਦੀ ਜ਼ਿੰਮੇਵਾਰੀ ਨਵੀਂ ਦਿੱਲੀ ਨੇ ਚੁੱਕੀ ਤੇ ਦੂਜੀਆਂ ਮਨੀਲਾ ਨੂੰ ਸੌਂਪੀਆਂ ਗਈਆਂ। ਪਹਿਲੀਆਂ ਏਸ਼ਿਆਈ ਖੇਡਾਂ 1950 ਵਿਚ ਕਰਾਈਆਂ ਜਾਣੀਆਂ ਸਨ ਜਿਨ੍ਹਾਂ `ਚ ਅਥਲੈਟਿਕਸ, ਤੈਰਾਕੀ, ਟੈਨਿਸ, ਹਾਕੀ, ਬੇਸਬਾਲ, ਬਾਸਕਟਬਾਲ, ਵਾਲੀਬਾਲ, ਫੁੱਟਬਾਲ, ਮੁੱਕੇਬਾਜ਼ੀ ਤੇ ਕੁਸ਼ਤੀਆਂ ਦੇ ਮੁਕਾਬਲੇ ਹੋਣੇ ਸਨ। ਪਰ ਇਹ ਖੇਡਾਂ ਮਿੱਥੇ ਸਮੇਂ ਕਰਾਉਣੀਆਂ ਸੰਭਵ ਨਾ ਹੋ ਸਕੀਆਂ।
ਏਸ਼ੀਅਨ ਖੇਡ ਫੈਡਰੇਸ਼ਨ ਦੀ ਦੂਜੀ ਮੀਟਿੰਗ 31 ਜੁਲਾਈ 1950 ਨੂੰ ਫਿਰ ਨਵੀਂ ਦਿੱਲੀ `ਚ ਹੋਈ। ਉਸ ਮੀਟਿੰਗ `ਚ ਖੇਡਾਂ ਦੀ ਗਿਣਤੀ ਘੱਟ ਕੀਤੀ ਗਈ ਤੇ ਫੈਸਲਾ ਹੋਇਆ ਕਿ ਖੇਡਾਂ 15 ਫਰਵਰੀ ਤੋਂ 15 ਮਾਰਚ 1951 ਵਿਚਕਾਰ ਕਰਾਈਆਂ ਜਾਣ ਪਰ ਦੂਜੀਆਂ ਖੇਡਾਂ 1954 ਵਿਚ ਹੀ ਹੋਣ। ਖੇਡਾਂ ਦੀ ਸੰਚਾਲਨ ਕਮੇਟੀ ਦੇ ਚੇਅਰਮੈਨ ਮਹਾਰਾਜਾ ਯਾਦਵਿੰਦਰ ਸਿੰਘ, ਸਕੱਤਰ ਪ੍ਰੋ. ਗੁਰੂ ਦੱਤ ਸੋਂਧੀ, ਖ਼ਜ਼ਾਨਚੀ ਐਸ.ਪੀ. ਚੋਪੜਾ ਤੇ ਪਬਲਿਕ ਰਿਲੇਸ਼ਨ ਅਫਸਰ ਐੱਮ.ਐੱਲ. ਕਪੂਰ ਨੂੰ ਬਣਾਇਆ ਗਿਆ। ਰਾਜਾ ਭਲਿੰਦਰ ਸਿੰਘ, ਸਰ ਸੋਭਾ ਸਿੰਘ ਤੇ ਡਾ. ਤਾਰਾ ਚੰਦ ਹੋਰੀਂ ਕਾਰਜਕਾਰੀ ਮੈਂਬਰ ਸਨ। ਇੰਜ ਸਮਝ ਲਓ ਕਿ ਏਸ਼ਿਆਈ ਖੇਡਾਂ ਕਰਨ ਕਰਾਉਣ ਵਿਚ ਪੰਜਾਬੀਆਂ ਦਾ ਹੀ ਬੋਲਬਾਲਾ ਸੀ। ਖੇਡਾਂ ਦੇ ਮੈਡਲ ਜਿੱਤਣ ਵਿਚ ਵੀ ਪੰਜਾਬੀ ਖਿਡਾਰੀਆਂ ਦੀ ਝੰਡੀ ਰਹੀ।
ਖੇਡਾਂ ਕਰਾਉਣ ਦੀ ਤਿਆਰੀ ਜੰਗੀ ਪੱਧਰ `ਤੇ ਕੀਤੀ ਗਈ। ਇੰਡੀਆ ਗੇਟ ਦੇ ਸਾਹਮਣੇ ਨੈਸ਼ਨਲ ਸਟੇਡੀਅਮ ਉਸਾਰਿਆ ਗਿਆ ਜਿਸ ਦੇ ਟਰੈਕ ਦੁਆਲੇ ਸਾਈਕਲ ਪੱਟੀ ਵਿਛਾਈ ਗਈ। ਤੈਰਨ ਤਲਾਅ ਤੇ ਹੋਰ ਖੇਡ ਭਵਨ ਤਿਆਰ ਕਰਨ ਦੇ ਨਾਲ ਨੇੜੇ ਲੱਗਦੀਆਂ ਫੌਜੀ ਬੈਰਕਾਂ ‘ਓਲੰਪਿਕ ਪਿੰਡ’ ਬਣਾ ਦਿੱਤੀਆਂ ਗਈਆਂ। ਮਿੱਥੇ ਦਿਨ ਏਸ਼ਿਆਈ ਮੁਲਕਾਂ ਦੇ ਰੰਗ ਬਰੰਗੇ ਝੰਡੇ ਨੈਸ਼ਨਲ ਸਟੇਡੀਅਮ ਦੀਆਂ ਬਾਹੀਆਂ `ਤੇ ਲਹਿਰਾਉਣ ਲੱਗੇ। ਭਾਰਤ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਏਸ਼ੀਆ ਦੇ ਖਿਡਾਰੀਆਂ ਨੂੰ ਨਾਹਰਾ ਦਿੱਤਾ: ਖੇਡ ਨੂੰ ਖੇਡ ਭਾਵਨਾ ਨਾਲ ਖੇਡੋ। ਖੇਡਾਂ ਦੇ ਮਾਟੋ 'ਐਵਰ ਆਨਵਰਡ' ਉਤੇ ਅਮਲ ਕਰਨ ਲਈ ਏਸ਼ੀਆ ਦੇ ਖਿਡਾਰੀ ਮੈਦਾਨ ਵਿਚ ਜੂਝਣ ਲੱਗੇ।
ਖੇਡਾਂ 4 ਮਾਰਚ 1951 ਨੂੰ ਆਰੰਭ ਹੋਈਆਂ। ਦਿੱਲੀ ਦੇ ਲਾਲ ਕਿਲੇ `ਚ ਕਿਰਨਾਂ ਤੋਂ ਅਗਨੀ ਪੈਦਾ ਕਰ ਕੇ ਖੇਡਾਂ ਦੀ ਮਸ਼ਾਲ ਜਗਾਈ ਗਈ। ਲਾਲ ਕਿਲੇ ਤੋਂ ਨੈਸ਼ਨਲ ਸਟੇਡੀਅਮ ਦਾ ਪੰਧ 50 ਖਿਡਾਰੀਆਂ ਨੇ ਮਸ਼ਾਲ ਲੈ ਕੇ ਦੌੜਦਿਆਂ ਪੂਰਾ ਕੀਤਾ। ਓਲੰਪੀਅਨ ਬ੍ਰਿਗੇਡੀਅਰ ਦਲੀਪ ਸਿੰਘ ਨੇ ਆਖ਼ਰੀ ਦੌੜਾਕ ਵਜੋਂ ਮਸ਼ਾਲ ਫੜ ਕੇ ਸਟੇਡੀਅਮ ਦਾ ਚੱਕਰ ਲਾਇਆ। ਉਸ ਨੇ ਜੋਤ ਜਗਾਈ ਤਾਂ ਸਟੇਡੀਅਮ ਤਾੜੀਆਂ ਨਾਲ ਗੂੰਜ ਉਠਿਆ। ਸਟੇਡੀਅਮ `ਚ 11 ਦੇਸ਼ਾਂ ਦੇ 489 ਖਿਡਾਰੀ ਸਾਵਧਾਨ ਖੜ੍ਹੇ ਸਨ। ਭਾਰਤੀ ਦਲ ਦੇ ਝੰਡਾਬਰਦਾਰ ਬਲਦੇਵ ਸਿੰਘ ਨੇ ਸਮੂਹ ਖਿਡਾਰੀਆਂ ਵੱਲੋਂ ਸਹੁੰ ਚੁੱਕੀ। ਉਦੋਂ ਦਿੱਲੀ ਪੰਜਾਬੀ ਸ਼ਰਨਾਰਥੀਆਂ ਨਾਲ ਭਰੀ ਹੋਈ ਸੀ।
ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ ਨੇ ਖੇਡਾਂ ਸ਼ੁਰੂ ਕਰਨ ਦਾ ਐਲਾਨ ਕੀਤਾ। ਅਮਨ ਦਾ ਪੈਗ਼ਾਮ ਦੇਣ ਲਈ ਘੁੱਗੀਆਂ ਕਬੂਤਰ ਆਕਾਸ਼ ਵਿਚ ਛੱਡੇ ਗਏ। ਖੇਡਾਂ `ਚ ਭਾਗ ਲੈਣ ਵਾਲੇ ਮੁਲਕ ਅਫ਼ਗ਼ਾਨਿਸਤਾਨ, ਬਰਮਾ, ਸੀਲੋਨ, ਇੰਡੋਨੇਸ਼ੀਆ, ਇਰਾਨ, ਜਪਾਨ, ਨੇਪਾਲ, ਫਿਲਪਾਈਨ, ਮਲਾਇਆ, ਥਾਈਲੈਂਡ ਤੇ ਭਾਰਤ ਸਨ। ਚੀਨ ਤੇ ਪਾਕਿਸਤਾਨ ਪਹਿਲੀਆਂ ਏਸ਼ਿਆਈ ਖੇਡਾਂ `ਚ ਭਾਗ ਨਾ ਲੈ ਸਕੇ। ਭਾਰਤੀ ਦਲ `ਚ 151 ਤੇ ਜਪਾਨੀ ਦਲ ਵਿਚ 72 ਖਿਡਾਰੀ ਸਨ। ਖੇਡਾਂ 11 ਮਾਰਚ ਤਕ ਚੱਲੀਆਂ। ਇਨ੍ਹਾਂ ਵਿਚ ਅਥਲੈਟਿਕਸ, ਬਾਸਕਟਬਾਲ, ਫੁੱਟਬਾਲ, ਸਾਈਕਲ ਦੌੜਾਂ, ਭਾਰ ਚੁੱਕਣ ਤੇ ਤੈਰਨ ਦੇ ਮੁਕਾਬਲੇ ਹੋਏ। ਭਾਰਤ ਦੇ ਸਚਿਨ ਨਾਗ ਨੇ ਤੈਰਨ ਵਿਚ ਏਸ਼ਿਆਈ ਖੇਡਾਂ ਦਾ ਪਹਿਲਾ ਸੋਨ ਤਗ਼ਮਾ ਜਿੱਤਿਆ। ਭਾਰਤੀ ਟੀਮ ਵਾਟਰ ਪੋਲੋ ਦਾ ਗੋਲਡ ਮੈਡਲ ਵੀ ਜਿੱਤ ਗਈ। ਫੁੱਟਬਾਲ ਦੀ ਖੇਡ `ਚ ਵੀ ਭਾਰਤ ਨੂੰ ਗੋਲਡ ਮੈਡਲ ਮਿਲਿਆ। ਬਾਸਕਟਬਾਲ ਵਿਚ ਫਿਲਪਾਈਨ ਪ੍ਰਥਮ ਰਿਹਾ ਤੇ ਜਪਾਨ ਦੋਇਮ।
ਅਥਲੈਟਿਕਸ ਵਿਚ ਭਾਰਤ ਲਈ ਵਧੇਰੇ ਮੈਡਲ ਪੰਜਾਬੀ ਅਥਲੀਟਾਂ ਨੇ ਜਿੱਤੇ ਜਿਨ੍ਹਾਂ ਦੇ ਨਾਂ ਹਨ: ਰਣਜੀਤ ਸਿੰਘ, ਨਿੱਕਾ ਸਿੰਘ, ਛੋਟਾ ਸਿੰਘ, ਮਹਾਵੀਰ ਪ੍ਰਸਾਦ, ਬਖਤਾਵਰ ਸਿੰਘ, ਮਦਨ ਲਾਲ, ਮੱਖਣ ਸਿੰਘ, ਏ. ਐਸ. ਬਖਸ਼ੀ, ਬਲਦੇਵ ਸਿੰਘ, ਗੋਵਿੰਦ ਸਿੰਘ, ਕੁਲਵੰਤ ਸਿੰਘ, ਪ੍ਰੀਤਮ ਸਿੰਘ, ਗੁਰਬਚਨ ਸਿੰਘ, ਸੋਮਨਾਥ, ਤੇਜਾ ਸਿੰਘ, ਅਜੀਤ ਸਿੰਘ, ਬਲਵੰਤ ਸਿੰਘ, ਕਰਨ ਸਿੰਘ, ਕੇਸਰ ਸਿੰਘ ਤੇ ਪਰਸਾ ਸਿੰਘ। ਇਨ੍ਹਾਂ `ਚੋਂ ਵਧੇਰੇ ਖਿਡਾਰੀ ਪਟਿਆਲਾ ਪੁਲੀਸ ਤੇ ਫੌਜ ਦੇ ਸਨ। ਜਪਾਨ 23 ਸੋਨੇ, 20 ਚਾਂਦੀ, 15 ਤਾਂਬੇ ਦੇ ਤਗ਼ਮਿਆਂ ਨਾਲ ਮੀਰੀ ਰਿਹਾ। ਭਾਰਤ ਨੇ 15 ਸੋਨੇ, 16 ਚਾਂਦੀ, 19 ਤਾਂਬੇ ਦੇ ਤਗ਼ਮੇ ਜਿੱਤ ਕੇ ਦੂਜਾ ਸਥਾਨ ਹਾਸਲ ਕੀਤਾ। ਇਰਾਨ 8 ਸੋਨੇ, 6 ਚਾਂਦੀ, 2 ਤਾਂਬੇ ਦੇ ਤਗ਼ਮਿਆਂ ਨਾਲ ਤੀਜੇ ਨੰਬਰ `ਤੇ ਆਇਆ। ਸੋਚੋ, ਭਾਰਤ ਵਿਚ ਪੰਜਾਬੀ ਉਦੋਂ ਕਿਸ ਮੁਕਾਮ `ਤੇ ਸਨ, ਹੁਣ ਕਿਥੇ ਹਨ? ਸੁਆਲ ਹੈ, ਪੰਜਾਬੀਆਂ ਨੇ ਹੋਰ ਕਿੰਨਾ ਕੁ ਹੇਠਾਂ ਆਉਣਾ ਹੈ?
ਪਰਨਿਚਪਿਅਲਸਅਰੱਅਨਸਨਿਗਹ@ਗਮਅਲਿ।ਚੋਮ