ਪੁਰਾਣੇ ਤੋਂ ਨਵੇਂ ਸੰਸਦ ਭਵਨ ਤੱਕ

ਗੁਲਜ਼ਾਰ ਸਿੰਘ ਸੰਧੂ
ਕੇਂਦਰ ਦੀ ਵਰਤਮਾਨ ਸਰਕਾਰ ਨੇ ਇੱਕ ਬਹੁਤ ਚੰਗਾ ਕੰਮ ਇਹ ਕੀਤਾ ਹੈ ਕਿ ਨਵੀਂ ਦਿੱਲੀ ਵਿਚ ਪੁਰਾਣੇ ਸੰਸਦ ਭਵਨ ਤੇ ਇੰਡੀਆ ਗੇਟ ਦੇ ਨੇੜੇ ਨਵੇਂ ਸੰਸਦ ਭਵਨ ਦੀ ਉਸਾਰੀ ਕੀਤੀ ਹੈ| ਦੇਸ਼ ਦੀ ਲਗਾਤਾਰ ਵਧ ਰਹੀ ਆਬਾਦੀ ਤੇ ਉਨ੍ਹਾਂ ਦੇ ਪ੍ਰਤੀਨਿਧਾਂ ਦੀ ਵਧ ਰਹੀ ਗਿਣਤੀ 1947 ਤੋਂ ਪਹਿਲਾਂ ਸਿਰਜੇ ਸੰਸਦ ਭਵਨ ਲਈ ਕਾਫੀ ਨਹੀਂ ਸੀ| ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰ ਦਬੜੂੰ ਘੁਸੜੰ ਕਰਕੇ ਸਮਾਉਂਦੇ ਸਨ|

ਇੱਕ ਹੋਰ ਚੰਗੀ ਗੱਲ ਇਹ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਰਾਣੇ ਭਵਨ ਵਿਚ ਦਿੱਤੇ ਆਪਣੇ 52 ਮਿੰਟ ਦੇ ਲੰਮੇ ਭਾਸ਼ਣ ਵਿਚ ਇਸਨੂੰ ਸਾਬਕਾ ਪ੍ਰਧਾਨ ਮੰਤਰੀਆਂ ਦੀ ਵਿਰਾਸਤ ਕਹਿੰਦੇ ਸਮੇਂ ਜਵਾਹਰ ਲਾਲ ਨਹਿਰੂ ਤੇ ਲਾਲ ਬਹਾਦਰ ਸ਼ਾਸਤਰੀ ਨੂੰ ਉਨ੍ਹਾਂ ਦਾ ਬਣਦਾ ਸਤਿਕਾਰ ਜਤਾਇਆ| ਏਧਰ ਕਾਂਗਰਸ ਪ੍ਰਤੀਨਿਧ ਅਧੀਰ ਰੰਜਨ ਚੌਧਰੀ ਨੇ ਵੀ ਅਟਲ ਬਿਹਾਰੀ ਵਾਜਪਾਈ ਦੇ ਯੋਗਦਾਨ ਨੂੰ ਉਚੇਚੇ ਤੌਰ `ਤੇ ਯਾਦ ਕੀਤਾ| ਨਿਸ਼ਚੇ ਹੀ ਦੋਨਾਂ ਧਿਰਾਂ ਦਾ ਇਹ ਪੈਂਤੜਾ ਕਿਸੇ ਹੱਦ ਤੱਕ 2024 ਵਿਚ ਹੋਣ ਵਾਲੀਆਂ ਚੋਣਾਂ ਤੋਂ ਪ੍ਰੇਰਤ ਸੀ| ਫੇਰ ਵੀ ਇਸਦਾ ਸਵਾਗਤ ਕਰਨਾ ਬਣਦਾ ਹੈ|
ਏਸੇ ਤਰ੍ਹਾਂ ਵਰਤਮਾਨ ਸਰਕਾਰ ਵਲੋਂ ਨਵੇਂ ਸੰਸਦ ਭਵਨ ਵਿਚ ਮਹਿਲਾ ਰਾਖਵਾਂਕਰਨ ਬਿੱਲ ਨੂੰ ਪਹਿਲ ਦੇਣਾ ਤੇ ਕਾਂਗਰਸ ਪਾਰਟੀ ਵਲੋਂ ਇਸਦੀ ਬਿਨਾ ਸ਼ਰਤ ਹਮਾਇਤ ਕਰਨ ਦਾ ਐਲਾਨ ਕਰਨਾ ਮੌਕੇ ਦੀ ਸੰਜੀਦਗੀ ਦੇ ਹਾਣ ਦਾ ਸੀ|
ਮਾੜੀ ਗੱਲ ਇਹ ਕਿ ਇਸ ਉਤੇ ਪਹਿਰਾ ਨਹੀਂ ਦਿੱਤਾ ਗਿਆ| ਰਾਜ ਕਰ ਰਹੀ ਧਿਰ ਵਿਰੋਧੀ ਧਿਰ ਨੂੰ ਏਨਾ ਵੀ ਮਾਣ ਦੇਣ ਲਈ ਤਿਆਰ ਨਹੀਂ ਕਿ ਇਸ ਰਾਖਵਾਂਕਰਨ ਦੇ ਯਤਨ 1996, 1998, 2008 ਤੇ 2010 ਵਿਚ ਵੀ ਹੁੰਦੇ ਆਏ ਹਨ|
ਜਦੋਂ ਵਿਰੋਧੀ ਧਿਰ ਦੇ ਨੇਤਾ ਮਲਿਕਅਰਜੁਨ ਖੜਗੇ ਨੇ ਕੇਵਲ ਇਸ ਬਿੱਲ ਵਿਚ ਓ ਬੀ ਸੀ ਨੂੰ ਬਾਹਰ ਰੱਖਣ `ਤੇ ਮਾਮੂਲੀ ਜਿਹਾ ਖਦਸ਼ਾ ਪ੍ਰਗਟ ਕੀਤਾ ਤਾਂ ਵਿੱਤ ਮੰਤਰੀ ਨਿਰਮਲ ਸੀਤਾ ਰਮਨ ਗਰਮਾ- ਗਰਮ ਬਹਿਸ ਉਤੇ ਉਤਰ ਆਈ| ਉਹ ਇਹ ਵੀ ਭੁੱਲ ਗਈ ਕਿ ਨਰਿੰਦਰ ਮੋਦੀ ਨੇ ਨਵੇਂ ਸੰਸਦ ਭਵਨ ਵਿਚ ਨਵੀਂ ਭਾਵਨਾ ਨੂੰ ਪਹਿਲ ਦੇਣ ਦੀ ਭਾਵਨਾ ਜਤਾਈ ਸੀ| ਮੋਦੀ ਦਾ ਇਹ ਕਹਿਣਾ ਵੀ ਭੁੱਲ ਗਈ ਕਿ ਇਹ ਭਾਰਤੀ ਲੋਕਤੰਤਰ ਵਿਚ ਹੀ ਸੰਭਵ ਹੈ ਕਿ ਉਹਦੇ ਵਰਗਾ ਰੇਲਵੇ ਸਟੇਸ਼ਨ `ਤੇ ਕੰਮ ਕਰਦਾ ਨੌਜਵਾਨ ਵੀ ਦੇਸ਼ ਦਾ ਪ੍ਰਧਾਨ ਮੰਤਰੀ ਬਣ ਸਕਦਾ ਹੈ|
ਮਹਿੰਦਰ ਸਿੰਘ ਸਰਨਾ ਨੂੰ ਚੇਤੇ ਕਰਦਿਆਂ
25 ਸਤੰਬਰ ਨੂੰ ਰਾਵਲਪਿੰਡੀ ਦੇ ਜੰਮਪਲ ਤੇ ਪ੍ਰਸਿੱਧ ਪੰਜਾਬੀ ਲੇਖਕ ਮਹਿੰਦਰ ਸਿੰਘ ਸਰਨਾ ਨੇ ਸੌ ਸਾਲ ਦਾ ਹੋ ਜਾਣਾ ਸੀ| ਉਹ ਇੰਡੀਅਨ ਆਡਿਟ ਐਂਡ ਅਕਾਊਂਟਸ ਸਰਵਿਸ ਦਾ ਅਧਿਕਾਰੀ ਸੀ ਤੇ ਅਕਾਊਂਟੈਂਟ ਜਨਰਲ ਦੀ ਉਪਾਧੀ ਤੱਕ ਪਹੁੰਚਿਆ| ਮੇਰੀ ਪਹਿਲੀ ਸਰਕਾਰੀ ਨੌਕਰੀ ਸਮੇਂ ਉਹ ਮੇਰਾ ਵੱਡਾ ਅਫਸਰ ਸੀ| ਮੈਂ ਪੇਅ ਐਂਡ ਅਕਾਊਂਟਸ ਆਫਿਸ ਅਕਬਰ ਰੋਡ, ਨਵੀਂ ਦਿੱਲੀ ਵਿਚ ਅੱਧਰ ਡਿਵੀਜ਼ਨ ਕਲਰਕ ਸਾਂ ਤੇ ਉਹ ਉਸ ਦਫਤਰ ਦਾ ਮੁਖੀ| ਉਸਨੇ ਅਨੇਕਾਂ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ| ਦੋ ਮਹਾਕਾਵਿ, ਚਾਰ ਨਾਵਲ ਤੇ 11 ਕਹਾਣੀ ਸੰਗ੍ਰਹਿ| ਮਹਿੰਦਰ ਸਿੰਘ ਸਰਨਾ ਅਣਥੱਕ ਰਚਨਾਕਾਰ ਸੀ| ਉਸਨੇ ‘ਸਾਕਾ ਜਿਨ ਕੀਆ’, ‘ਪਾਉਂਟਾ’ ਤੇ ‘ਅਬ ਜੂਝਨ ਕੋ ਚਾਓ’ ਵਰਗੇ ਮਹਾਕਾਵਿ ਹੀ ਨਹੀਂ ਰਚੇ ‘ਪੀੜਾਂ-ਮੱਲੇ ਰਾਹ’, ‘ਕਾਂਗਾਂ ਤੇ ਕੰਢੇ’ ‘ਨੀਲਾ ਗੁਲਾਬ’ ਤੇ ‘ਸੂਹਾ ਰੰਗ ਮਜੀਠ ਦਾ’ ਨਾਂ ਦੇ ਚਾਰ ਨਾਵਲਾਂ ਤੋਂ ਬਿਨਾ ‘ਪਸਰਦੇ ਆਦਮੀ’, ‘ਸ਼ਗਨ ਭਰੀ ਸਵੇਰ’ ‘ਸੁਪਨਿਆਂ ਦੀ ਸੀਮਾ’, ‘ਵੰਝਲੀ ਤੇ ਵਿਲਕਣੀ’, ‘ਛਵ੍ਹੀਆਂ ਦੀ ਰੁੱਤ’, ‘ਕਲਿੰਗ’, ‘ਕਾਲਾ ਬੱਦਲ ਕੂਲੀ ਧੁੱਪ’, ‘ਸੂਹਾ ਸਾਲੂ ਸੂਹਾ ਗੁਲਾਬ’, ‘ਸੁੰਦਰ ਘਾਟੀ ਦੀ ਸਹੁੰ’, ‘ਨਵੇਂ ਯੁਗ ਦੇ ਵਾਰਸ’, ਔਰਤ ਈਮਾਨ’ ਆਦਿ ਦਰਜਣ ਭਰ ਕਹਾਣੀ-ਸੰਗ੍ਰਹਿ ਵੀ ਪੰਜਾਬੀ ਸਾਹਿਤ ਦੇ ਵੱਡੇ ਖਜ਼ਾਨੇ ਦਾ ਹਿੱਸੇ ਬਣਾਏ|
ਇਹ ਗੱਲ ਵੱਖਰੀ ਹੈ ਕਿ ਉਹ ਕਹਾਣੀ ਦੇ ਖੇਤਰ ਵਿਚ ਕੁਲਵੰਤ ਸਿੰਘ ਵਿਰਕ ਜਿੰਨਾ ਪ੍ਰਸਿੱਧ ਨਹੀਂ ਹੋਇਆ| ਉਸਦਾ ਵੱਡਾ ਕਾਰਨ, ਸ਼ਾਇਦ, ਇਹ ਸੀ ਕਿ ਮਨੁੱਖ ਵਜੋਂ ਉਹ ਬੜਾ ਸੰਗਾਊ ਸੀ ਤੇ ਬਹੁਤਾ ਮਿਲਾਪੜਾ ਵੀ ਨਹੀਂ ਸੀ|
ਉਹਦੇ ਦਫ਼ਤਰ ਵਿਚ ਅਫਸਰਾਂ, ਰਾਜ ਸਰਕਾਰਾਂ ਤੇ ਰਿਆਸਤਾਂ ਤੋਂ ਰਾਜ ਸਰਕਾਰਾਂ ਬਣਨ ਵਾਲੇ ਅਮਲੇ ਦੀਆਂ ਤਨਖਾਹਾਂ ਤੇ ਸਫਰੀ ਭੱਤੇ ਦੇ ਬਿੱਲ ਪਾਸ ਕਰਨ ਨਾਲ ਸਬੰਧ ਰਖਦਾ ਸੀ| ਖਾਸ ਕਰਕੇ ਸਫਰੀ ਭੱਤੇ ਦੇ ਬਿੱਲਾਂ ਨਾਲ| ਅਸੀਂ ਕਲਰਕ ਲੋਕਾਂ ਨੇ ਬਿੱਲ ਪਾਸ ਕਰਦੇ ਸਮੇਂ ਇਹ ਵੇਖਣਾ ਹੁੰਦਾ ਸੀ ਕਿ ਸਫਰ ਦਾ ਕਾਰਨ ਠੀਕ ਤਰ੍ਹਾਂ ਲਿਖਿਆ ਹੁੰਦਾ ਸੀ ਜਾਂ ਨਹੀਂ| ਜਾਂ ਫੇਰ ਕਿਸੇ ਨੇ ਟਰੈਵਲਿੰਗ ਐਲਾਊਂਸ ਵੱਧ ਤਾਂ ਨਹੀਂ ਭਰਿਆ ਹੋਇਆ|
ਅਸੀਂ ਆਰ ਆਈ ਓ (ਰਿਟਰਨਡ ਇਨ ਓਰੀਜਨਲ) ਲਿਖ ਕੇ ਕਾਰਨ ਦਸਦੇ ਸਮੇਂ ਲਿਖਦੇ ਹੁੰਦੇ ਸਾਂ ਕਿ ਇਸ ਬਿੱਲ ਵਿਚ ਕਿੰਨੇ ਪੈਸੇ ਵੱਧ ਕਲੇਮ ਕੀਤੇ ਗਏ ਹਨ|
ਬਹੁਤੇ ਬਿੱਲਾਂ ਵਿਚ ਇਹ ਕਲੇਮ ਚਾਰ-ਛੇ ਰੁਪਏ ਹੀ ਵੱਧ ਹੁੰਦਾ ਸੀ ਅਤੇ ਅਜਿਹੇ ਬਿੱਲ ਨੂੰ ਸੋਧ ਲਈ ਭੇਜਦੇ ਸਮੇਂ ਦਫਤਰ ਨੇ ਰਜਿਸਟਰਡ ਪਾਰਸਲ ਭੇਜਣਾ ਹੁੰਦਾ ਸੀ ਤੇ ਸੋਧ ਪਿਛੋਂ ਵਾਪਸ ਕਰਨ ਵਾਲੇ ਵੀ ਰਜਿਸਟਰੀ ਹੀ ਕਰਾਉਂਦੇ ਸਨ| ਦੋਨਾਂ ਧਿਰਾਂ ਵੱਲੋਂ ਰਜਿਸਟਰੀਆਂ ਉੱਤੇ ਕਲੇਮ ਕੀਤੇ ਪੈਸਿਆਂ ਨਾਲੋਂ ਵੱਧ ਲੱਗ ਜਾਂਦੇ ਸਨ|
ਮੇਰੇ ਮਨ ਵਿਚ ਆਈ ਕਿ ਰਜਿਸਟਰੀਆਂ ਦੇ ਖਰਚੇ ਤੋਂ ਬਿਨਾ ਬਿੱਲਾਂ ਦੀ ਭੇਜ ਭਜਾਈ ਕਾਰਨ ਵੀ 15-20 ਦਿਨ ਦੀ ਦੇਰੀ ਹੁੰਦੀ ਹੈ| ਕਿਉਂ ਨਾ ਉਨ੍ਹਾਂ ਦੇ ਵਾਧੂ ਪੈਸੇ ਖੁਦ ਹੀ ਕੱਟ ਕੇ ਬਿੱਲ ਪਾਸ ਕਰ ਦਿੱਤੇ ਜਾਣੇ| ਵਾਪਸ ਭੇਜਦੇ ਸਮੇਂ ਰਾਜ ਸਰਕਾਰਾਂ ਤੇ ਰਿਆਸਤੀ ਅਮਲੇ ਦੀ ਜਾਣਕਾਰੀ ਲਈ ਕੱਟਣ ਦਾ ਕਾਰਨ ਲਿਖ ਦਿੱਤਾ ਜਾਵੇ|
ਅਜਿਹਾ ਕੀਤਿਆਂ ਬਿੱਲ ਭਰਨ ਵਾਲਿਆਂ ਦਾ ਸਮਾਂ ਤੇ ਪੈਸੇ ਬਚ ਸਕਦੇ ਸਨ ਤੇ ਸਾਡੇ ਦਫ਼ਤਰ ਵਲੋਂ ਪਾਸ ਕਰਨ ਦੇ ਵੀ|
ਮੈਂ ਇਹ ਗੱਲ ਸਿੰਧੀ ਸੁਪਰਇਨਟੈਂਡੈਂਟ ਨਾਲ ਕੀਤੀ ਤਾਂ ਉਸਨੇ ਮੇਰੀ ਗੱਲ ਨਹੀਂ ਗੌਲੀ| ਉਸਦੀ ਦਲੀਲ ਇਹ ਸੀ ਕਿ ਚੰਗਾ ਭਲਾ ਕੰਮ ਚੱਲ ਰਿਹਾ ਸੀ| ਦਖਲ ਦੇਣ ਦੀ ਕੋਈ ਲੋੜ ਨਹੀਂ|
ਮੇਰੇ ਕੋਲੋਂ ਰਿਹਾ ਨਹੀਂ ਗਿਆ| ਮੈਂ ਸਿੱਧਾ ਵੱਡੇ ਅਫਸਰ ਮਹਿੰਦਰ ਸਿੰਘ ਸਰਨਾ ਕੋਲ ਗਿਆ ਤੇ ਆਪਣੀ ਦਲੀਲ ਉਹਦੇ ਨਾਲ ਸਾਂਝੀ ਕੀਤੀ| ਉਹ ਚੁਪ ਕਰ ਕੇ ਮੇਰੇ ਚਿਹਰੇ ਵੱਲ ਵੇਖਦਾ ਰਿਹਾ| ਘੰਟੀ ਵਜਾਈ ਤੇ ਸੁਪਰਇਨਟੈਂਡੈਂਟ ਨੂੰ ਸੱਦ ਲਿਆ| ਮੈਂ ਸਰਨਾ ਨੂੰ ਇਹ ਨਹੀਂ ਸੀ ਦੱਸਿਆ ਕਿ ਉਸ ਨੇ ਮੇਰੀ ਗੱਲ ਨਹੀਂ ਸੀ ਗੌਲੀ|
‘‘ਕੀ ਤੁਸੀਂ ਐਨੀ ਗੱਲ ਲਈ ਬਿੱਲ ਪਾਸ ਨਹੀਂ ਕਰਦੇ ਤੇ ਲੌਟਾ ਦਿੰਦੇ ਹੋ?’’
ਸਰਨਾ ਨੇ ਸਹਿਜ ਨਾਲ ਕਿਹਾ| ਮੈਨੂੰ ਉਥੇ ਬੈਠ ਵੇਖ ਸੁਪਰਇਨਟੈਂਡੈਂਟ ਸਮਝ ਗਿਆ ਕਿ ਮਾਮਲਾ ਕੀ ਹੈ|
‘‘ਅੱਗੇ ਤੋਂ ਨਹੀਂ ਕਰਾਂਗੇ ਜਨਾਬ’’ ਉਸਨੇ ਖਿਮਾ ਮੰਗੀ|’’
ਸਰਨਾ ਦੇ ਸੁਪਰਇਨਟੈਂਡੈਂਟ ਨੂੰ ਤਾਂ ਜਾਣ ਦਿੱਤਾ| ਪਰ ਮੇਰੇ ਨਾਲ ਬਿੱਲਾਂ ਦੀ ਥਾਂ ਮੇਰੇ ਰੁਝੇਵਿਆਂ ਦੀਆਂ ਗੱਲਾਂ ਕਰਦਾ ਰਿਹਾ| ਦੋ ਕੱਪ ਚਾਹ ਦੇ ਮੰਗਵਾ ਕੇ| ਉਹ ਥੋੜ੍ਹੇ ਸ਼ਬਦਾਂ ਤੇ ਬਹੁਤੇ ਰੁਅਬ ਵਾਲਾ ਬੰਦਾ ਸੀ| ਉਸ ਤੋਂ ਪਿੱਛੋਂ ਮੈਂ 4-5 ਮਹੀਨੇ ਹੀ ਉਸ ਦਫਤਰ ਵਿਚ ਰਿਹਾ| ਵੱਡੇ ਅਫਸਰ ਸਰਨਾ ਦੇ ਚਹੇਤੇ ਵਜੋਂ|

ਅੰਤਿਕਾ
—ਸੁਰਜੀਤ ਪਾਤਰ—
ਕਦੀ ਬੰਦਿਆਂ ਦੇ ਵਾਂਗ ਸਾਨੂੰ ਮਿਲਿਆ ਵੀ ਕਰ
ਐਵੇਂ ਲੰਘ ਜਾਨੈ, ਪਾਣੀ ਕਦੀ `ਵਾ ਬਣ ਕੇ
ਜਦੋਂ ਮਿਲਿਆ ਸੀ, ਹਾਣਦਾ ਸੀ ਸਾਂਵਲਾ ਜਿਹਾ
ਜਦੋਂ ਜੁਦਾ ਹੋਇਓਂ, ਤੁਰ ਗਿਓਂ ਖੁਦਾ ਬਣ ਕੇ।