ਮਨ ਦੀ ਮੰਨਦਿਆਂ

ਡਾ ਗੁਰਬਖ਼ਸ਼ ਸਿੰਘ ਭੰਡਾਲ
ਬੰਦਾ ਅਕਸਰ ਜ਼ਿਆਦਾਤਰ ਮਨ ਦੀ ਮੰਨਦਾ। ਇਸਦੇ ਆਖੇ ਲੱਗ ਕੇ ਆਪਣੀਆਂ ਤਰਜੀਹਾਂ, ਤਮੰਨਾਵਾਂ ਅਤੇ ਤਾਂਘਾਂ ਨੂੰ ਤਰਤੀਬ ਦਿੰਦਾ ਅਤੇ ਮਨਚਾਹੇ ਵਕਤ ਨੂੰ ਮਾਣਦਾ। ਪਰ ਮਨ ਕੀ ਏ। ਕਿਉਂ ਮਨੁੱਖ ਮਨ ਦੇ ਆਖੇ ਲੱਗਦਾ? ਕੀ ਮਨ ਸਥੂਲ ਏ ਜਾਂ ਅਸਥੂਲ? ਮਨ ਦੀਆਂ ਪੈੜਾਂ ਨੂੰ ਨੱਪਣਾ ਕਿਉਂ ਜ਼ਰੂਰੀ? ਮਨ ਤੀਕ ਪਹੁੰਚਣਾ ਅਤੇ ਇਸਨੂੰ ਮੁਖ਼ਾਤਬ ਹੋਣਾ, ਮਨੁੱਖੀ ਫ਼ਿਤਰਤ ਲਈ ਕਿੰਨਾ ਕੁ ਜ਼ਰੂਰੀ?

ਬਹੁਤ ਪ੍ਰਸ਼ਨ ਮਨ ਵਿਚ ਪੈਦਾ ਹੁੰਦੇ ਅਤੇ ਇਨ੍ਹਾਂ ਦਾ ਜਵਾਬ ਵੀ ਮਨ ਨੂੰ ਕੁਰੇਦ ਕੇ ਹੀ ਪ੍ਰਾਪਤ ਕੀਤਾ ਜਾ ਸਕਦਾ।
ਕੀ ਮਨ ਮਨੁੱਖੀ ਭਾਵਨਾਵਾਂ ਦਾ ਕੇਂਦਰ ਏ? ਕੀ ਇਹ ਮਨੁੱਖ ਦੀਆਂ ਇੰਦਰਾਈ ਕਿਰਿਆਵਾਂ ਦਾ ਬਿੰਦੂ ਏ? ਕੀ ਇਹ ਮਨੁੱਖੀ ਵਿਹਾਰ ਨਾਲ ਪੈਦਾ ਹੋਏ ਸੁਖਨ ਨੂੰ ਪ੍ਰਾਪਤ ਕਰਨ ਦਾ ਸਰੋਤ ਏ? ਕੀ ਮਨ, ਮਨਚਾਹੇ ਸੁੱਖਾਂ, ਵਰਤਾਰਿਆਂ ਅਤੇ ਭਾਵਾਂ ਦੀ ਪੂਰਤੀ ਦਾ ਸਬੱਬ ਏ? ਅਸੀਂ ਬਹੁਤ ਕੁਝ ਸੋਚਦੇ। ਵੱਖ-ਵੱਖ ਪਰਤਾਂ ਨੂੰ ਵੱਖਰੇ ਦ੍ਰਿਸ਼ਟੀਕੋਣ ਤੋਂ ਫਰੋਲਦੇ। ਕਈ ਕਿਆਸੇ ਵੀ ਲਾਉਂਦੇ ਪਰ ਅਸੀਂ ਕਰਦੇ ਉਹੀ ਕੁਝ ਹਾਂ ਜੋ ਸਾਡੇ ਮਨ ਨੂੰ ਭਾਉਂਦਾ। ਭਾਵੇਂ ਇਹ ਖਾਣਾ ਹੋਵੇ, ਪਹਿਨਣਾ ਹੋਵੇ, ਕਿਸੇ ਨੂੰ ਮਿਲਣਾ ਹੋਵੇ, ਖਰੀਦਣਾ ਹੋਵੇ, ਪੜ੍ਹਨਾ ਹੋਵੇ ਜਾਂ ਕੁਝ ਵੀ ਕਰਨਾ ਹੋਵੇ। ਜਦ ਅਸੀਂ ਮਨ ਅਨੁਸਾਰ ਕੁਝ ਕਰਾਂਗੇ ਤਾਂ ਇਸਦੇ ਸਿੱਟੇ ਕਮਾਲ ਦੇ ਹੋਣਗੇ। ਦਰਅਸਲ ਉਚੇਰੀਆਂ ਪ੍ਰਾਪਤੀਆਂ ਦਾ ਮੂਲ ਸਿਧਾਂਤ ਹੀ ਇਹ ਹੈ ਕਿ ਆਪਣੇ ਮਨ ਦੀਆਂ ਮੁਹਾਰਾਂ ਨੂੰ ਮਨਚਾਹੇ ਟੀਚਿਆਂ ਵੱਲ ਮੋੜੋ ਜੋ ਸੁਖਨ ਦਾ ਸਭ ਤੋਂ ਵੱਡਾ ਸਾਧਨ ਅਤੇ ਸਰੋਤ ਬਣੇਗਾ।
ਮਨ ਦੀ ਮਹਿਮਾ ਚਾਰੇ ਪਾਸੇ। ਸਾਡੀਆਂ ਸਾਰੀਆਂ ਕਿਰਿਆਵਾਂ ਮਨ ਦੀ ਮਰਜ਼ੀ `ਤੇ ਨਿਰਭਰ। ਅਸੀਂ ਕੀ ਕਰਨਾ, ਕਿਉਂ ਕਰਨਾ, ਕਿਸ ਵਾਸਤੇ ਕਰਨਾ, ਕਿੰਝ ਕਰਨਾ, ਕਿੰਨੀ ਦੇਰ ਕਰਨਾ ਆਦਿ ਸਭ ਕੁਝ ਮਨ `ਤੇ ਨਿਰਭਰ।
ਕੋਈ ਵਿਅਕਤੀ ਕਤਲ ਕਰਦਾ, ਚੋਰੀ ਕਰਦਾ, ਧੋਖਾ ਦਿੰਦਾ, ਠੱਗੀ ਮਾਰਦਾ ਜਾਂ ਰਿਸ਼ਵਤ ਲੈਂਦਾ, ਇਹ ਸਭ ਮਨ ਦੀਆਂ ਘਤਿੱਤਾਂ। ਪਰ ਇਸਦੀ ਸਜ਼ਾ ਕਦੇ ਵੀ ਮਨ ਨੂੰ ਨਹੀਂ ਮਿਲਦੀ ਸਗੋਂ ਸਰੀਰ ਨੂੰ ਮਿਲਦੀ। ਇਸਲਾਮਿਕ ਦੇਸ਼ਾਂ
ਵਿਚ ਚੋਰੀ ਕਰਦਿਆਂ ਪਕੜੇ ਜਾਣ `ਤੇ ਹੱਥ ਵੱਢ ਦਿੱਤੇ ਜਾਂਦੇ। ਮਨ ਦਾ ਕਸੂਰ, ਪਰ ਭੁਗਤਦੇ ਹੱਥ। ਅੱਖ ਬਦਲੇ ਅੱਖ ਜਾਂ ਕਿਸੇ ਕਸੂਰ ਬਦਲੇ ਦੋਸ਼ੀ ਦੇ ਉਹੀ ਅੰਗ ਨੂੰ ਸਜ਼ਾ ਦੇਣੀ, ਮਨ ਨੂੰ ਮੁਆਫ਼ ਕਰਨ ਦੇ ਬਰਾਬਰ।
ਅਸੀਂ ਸਾਰੇ ਮਨ ਦੇ ਗੁਲਾਮ। ਜੋ ਮਨ ਕਹਿੰਦਾ ਉਹੀ ਕਰਦੇ, ਇਹ ਜਾਣਦਿਆਂ ਵੀ ਕਿ ਕਤਲ ਕਰਨਾ, ਧੋਖਾ ਦੇਣਾ, ਫਰੇਬ ਕਰਨਾ, ਝੂਠ ਬੋਲਣਾ ਬਹੁਤ ਮਾੜਾ। ਪਰ ਫਿਰ ਵੀ ਅਸੀਂ ਇਨ੍ਹਾਂ ਅਲਾਮਤਾਂ ਤੋਂ ਨਹੀਂ ਬਚਦੇ। ਸਗੋਂ ਕਈ ਵਾਰ ਤਾਂ ਬੱਚਿਆਂ ਦੇ ਸਾਹਮਣੇ ਝੂਠ ਬੋਲ ਕੇ ਆਪਣੇ ਬੱਚਿਆਂ ਨੂੰ ਕੂੜ-ਕੁਸੱਤ ਦੇ ਮਾਰਗ ਤੋਰਨ ਤੋਂ ਟਲਦੇ ਨਹੀਂ।
ਮਨ ਦੀ ਕੇਹੀ ਮੌਜ ਕਿ ਉਹ ਕਈ ਵਾਰ ਸਭ ਕੁਝ ਹੁੰਦਿਆਂ ਵੀ ਨਿਰਲੇਪਤਾ ਹੰਢਾਵੇ, ਰਾਜਾ ਹੁੰਦਿਆਂ ਵੀ ਭਿਖਾਰੀ ਬਣਨਾ ਚਾਹਵੇ, ਮਹਿਲਾਂ ਵਿਚ ਵੱਸਦਾ ਵੀ ਝੁੱਗੀਆਂ ਨੂੰ ਘਰ ਬਣਾਵੇ ਅਤੇ ਐਸ਼ੋ-ਇਸ਼ਰਤ ਹੰਢਾਉਂਦਿਆਂ ਵੀ ਜੰਗਲਾਂ `ਚ ਡੇਰਾ ਲਾਵੇ। ਮਨ ਦਾ ਇਹ ਕੇਹਾ ਆਲਮ ਸੀ ਕਿ ਰਾਜਕੁਮਾਰ ਸਿਧਾਰਥ, ਮਹਿਲਾਂ `ਚੋਂ ਨਿਕਲ ਜੰਗਲੀਂ ਚਲੇ ਗਿਆ ਅਤੇ ਸਿਧਾਰਥ ਤੋਂ ਮਹਾਤਮਾ ਬੁੱਧ ਬਣ ਗਿਆ।
ਮਨ ਬਹੁਤ ਤਰਲ। ਅਕਸਰ ਹੀ ਡੋਲ ਜਾਂਦਾ। ਕਈ ਵਾਰ ਕੁਝ ਛਿੱਲੜਾਂ ਖਾਤਰ ਵਿਕ ਜਾਂਦਾ ਪਰ ਕਈ ਵਾਰ ਕਰੋੜਾਂ ਵਿਚ ਵੀ ਵਿਕਣ ਤੋਂ ਨਾਂਹ ਕਰਦਾ। ਇਹ ਮਨ ਹੀ ਹੈ ਕਿ ਅਸੀਂ ਲਾਵਾਰਸ ਪਿਆ ਨੋਟਾਂ ਨਾਲ ਭਰਿਆ ਪਰਸ, ਇਸਦੇ ਮਾਲਕ ਨੂੰ ਵਾਪਸ ਕਰਨਾ ਹੈ ਜਾਂ ਇਸਨੂੰ ਹਜ਼ਮ ਕਰ ਜਾਣਾ। ਜਦ ਕੋਈ ਰਿਕਸ਼ੇ ਵਾਲਾ ਕਿਸੇ ਸਵਾਰੀ ਦਾ ਪਰਸ ਮੋੜਦਾ ਤਾਂ ਇਹ ਉਸਦੀ ਦਿਆਨਤਦਾਰੀ ਦਾ ਪ੍ਰਮਾਣ ਹੁੰਦਾ।
ਰੋਜ਼ਾਨਾ ਜੀਵਨ ਵਿਚ ਮਨ ਦਾ ਵਰਤਾਰਾ ਬਹੁਤ ਹੀ ਅਜੀਬ। ਅਸੀਂ ਰਿਕਸ਼ੇ ਵਾਲੇ ਜਾਂ ਸਬਜ਼ੀ ਵਾਲੇ ਨਾਲ ਜ਼ਰੂਰ ਬਹਿਸਦੇ ਕਿ ਫਲਾਣੀ ਚੀਜ਼ ਸਸਤੀ ਦੇ ਦੇ ਜਾਂ ਕਿਰਾਇਆ ਘੱਟ ਲੈ ਲਵੀਂ। ਪਰ ਅਸੀਂ ਕਿਸੇ ਮਹਿੰਗੇ ਰੈਸਟੋਰੈਂਟ ਵਿਚ ਖਾਣਾ ਖਾਣ ਤੋਂ ਬਾਅਦ ਜਾਂ ਵੱਡੇ ਸਟੋਰ ਵਿਚ ਖ਼ਰੀਦਦਾਰੀ ਕਰਨ ਸਮੇਂ ਕਦੇ ਵੀ ਕੀਮਤ ਘਟਾਉਣ ਬਾਰੇ ਮੂੰਹ ਨਹੀਂ ਖੋਲਦੇ ਕਿਉਂਕਿ ਅਸੀਂ ਖ਼ੁਦ ਨੂੰ ਉਚੇ ਘਰਾਣੇ ਦਾ ਸਾਬਤ ਕਰਨਾ ਹੁੰਦਾ।
ਮਨ ਦੀ ਖ਼ੂਬਸੂਰਤੀ ਹੀ ਇਸ ਵਿਚ ਹੁੰਦੀ ਕਿ ਸੀਮਤ ਸਾਧਨਾਂ ਵਿਚ ਹੀ ਜ਼ਿੰਦਗੀ ਦੇ ਹਰ ਰੰਗ ਨੂੰ ਮਾਣਿਆ ਜਾਵੇ। ਸਰਬ ਸੁਖਨ ਵਿਚੋਂ ਹੀ ਸਾਹਾਂ ਦੀ ਸੰਪੂਰਨਤਾ ਲੋਚੀ ਜਾਵੇ। ਆਪਣੀ ਰੋਟੀ ਵਿਚੋਂ ਅੱਧੀ ਕਿਸੇ ਭੁੱਖੇ ਨੂੰ ਦੇ ਕੇ ਰੂਹ ਦਾ ਰੱਜ ਮਾਣੋ। ਸ਼ੁਕਰਗੁਜ਼ਾਰੀ ਵਿਚੋਂ ਹੀ ਜੀਵਨ ਦੀ ਗਨੀਮਤਾ ਨੂੰ ਸਮਝੋ। ਮਨ ਜਦ ਸ਼ੁਕਰਾਨੇ ਦੀ ਅਰਦਾਸ ਵਿਚ ਲੀਨ ਹੋ ਜਾਵੇ ਤਾਂ ਸਮਝੋ ਕਿ ਬੰਦੇ ਨੇ ਆਪਣੇ ਆਪ ਨੂੰ ਪਛਾਣ ਲਿਆ ਅਤੇ ਹੁਣ ਉਹ ਆਪਣਾ ਸੂਰਜ ਆਪ ਹੀ ਬਣ ਗਿਆ ਏ।
ਸਾਡੇ ਗੁਰੂਆਂ, ਪੀਰਾਂ, ਰਿਸ਼ੀਆਂ, ਮੁਨੀਆਂ ਅਤੇ ਪੈਗ਼ੰਬਰਾਂ ਨੇ ਮਨ ਦੀਆਂ ਮੁਹਾਰਾਂ ਨੂੰ ਉਸਾਰੂ ਪਾਸੇ ਲਾਉਣ ਅਤੇ ਪ੍ਰਤੀਤੀ ਵਿਚੋਂ ਪੈਗ਼ੰਬਰੀ ਦਾ ਰਾਹ ਅਪਨਾਉਣ ਦੀ ਜੁਗਤ ਸਮਝਾਈ ਹੈ। ਕਦੇ ਇਸਨੂੰ ਯੋਗ ਰਾਹੀਂ ਮੋੜਿਆ ਅਤੇ ਕਦੇ ਭਗਤੀ ਰਾਹੀਂ। ਪਰ ਸਭ ਤੋਂ ਸੁੰਦਰ ਤਾਂ ਗੁਰਬਾਣੀ ਦੱਸਦੀ ਕਿ ਗ੍ਰਹਿਸਥੀ ਜੀਵਨ ਵਿਚੋਂ ਵੀ ਬ੍ਰਹਮਚਾਰੀ ਵਰਗੀ ਜੀਵਨ-ਜਾਚ ਮਾਣੀ ਜਾ ਸਕਦੀ ਹੈ। ਮਨ ਦੀ ਸ਼ਾਂਤੀ ਅਤੇ ਸਬਰ, ਜੀਵਨ ਦੀ ਮਾਨਵੀ ਧਾਰਨਾ ਬਣਾਈ ਜਾ ਸਕਦੀ। ਮਨ ਨੂੰ ਸਮਝੌਤੀ ਕਰਦਿਆਂ ਗੁਰਬਾਣੀ ਵਿਚ ਸ਼ਬਦ ਹਨ ਜਿਨ੍ਹਾਂ ਦੀ ਸੇਧ ਵਿਚ ਜੀਵਨ ਜਿਉਂਦਿਆਂ ਮਨ ਦੀ ਸਾਧਨਾ ਵੀ ਕਰ ਸਕਦੇ ਹਾਂ ਅਤੇ ਇਸਨੂੰ ਉਲਾਰ ਬਿਰਤੀ ਤੋਂ ਬਚਾਅ ਕੇ ਜੀਵਨੀ ਬੁਲੰਦੀਆਂ ਦਾ ਹਾਸਲ ਵੀ
ਬਣ ਸਕਦੇ ਹਾਂ। ਜਿਵੇਂ
‘ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ’
………………
ਮਨੁ ਤਨੁ ਜੀਤ ਸਬਦੁ ਲੈ ਲਾਹਾ
……………………….
ਮਨ ਹੀ ਤੇ ਮਨੁ ਮਾਨਿਆ ਗੁਰ ਕੈ ਸਬਦਿ ਅਪਾਰਿ

………………………
ਮਨ ਮੇਰੇ ਨਾਮਿ ਰਤੇ ਸੁਖੁ ਹੋਇ।
………………………
ਮਾਇਆ ਮਨਹੁ ਨ ਵੀਸਰੈ ਮਾਂਗੈ ਦੰਮਾ ਦੰਮ।
…………………………………………
ਮਨ ਮਹਿ ਮਾਣਕੁ ਲਾਲੁ ਨਾਮੁ ਰਤਨੁ ਪਦਾਰਥੁ ਹੀਰੁ।
………………………………………….
ਮਨ, ਸਾਡੀ ਬਿਰਤੀ ਦਾ ਬਿਰਤਾਂਤ। ਸਾਡੀਆਂ ਖਾਹਸ਼ਾਂ ਦਾ ਖ਼ਾਬ। ਸਾਡੀਆਂ ਚਾਹਤਾਂ ਦੀ ਚੰਗੇਰ। ਸਾਡੀਆਂ ਮਨੋਕਾਮਨਾਵਾਂ ਦਾ ਮੰਦਰ। ਸਾਡੇ ਭਵਿੱਖ ਦੀ ਭਵਿੱਖਬਾਣੀ। ਸਾਡੇ ਅੱਜ ਦੀ ਚਸ਼ਮਦੀਦੀ। ਸਾਡੀ ਜੀਵਨ-ਜਾਚ ਦਾ ਆਧਾਰ ਅਤੇ ਸਾਡੇ ਵਿਅਕਤੀਤਵ ਦਾ ਪਾਸਾਰ।
ਮਨ ਕੁਝ ਨਾ ਵੀ ਹੁੰਦਿਆਂ ਸਭ ਕੁਝ। ਸਥੂਲ ਨਾ ਹੁੰਦਿਆਂ ਵੀ ਹਾਜ਼ਰ-ਨਾਜ਼ਰ। ਅਸੀਂ ਮਾਨਸਿਕ ਅਪਾਹਜਤਾ ਦੀ ਅਣਦੇਖੀ ਤਾਂ ਕਰਦੇ ਹਾਂ ਪਰ ਮਨ ਦੀ ਅਵੱਗਿਆ ਕਦੇ ਨਹੀਂ ਕਰਦੇ ਕਿਉਂਕਿ ਸਾਡੀ ਸਮੁੱਚਤਾ ਹੀ ਮਨ `ਤੇ ਨਿਰਭਰ।
ਜਦ ਮਨ ਮਰ ਜਾਂਦਾ ਤਾਂ ਬੰਦਾ ਜਿਉਂਦਿਆਂ ਹੀ ਮਰ ਜਾਂਦਾ। ਮਨ ਦੇ ਮਰਨ `ਤੇ ਭੁੱਖ ਮਰ ਜਾਂਦੀ। ਸਾਨੂੰ ਸੰਵਰਨਾ ਅੱਛਾ ਨਾ ਲੱਗਦਾ। ਅਸੀਂ ਦੁਨੀਆਂ ਤੋਂ ਲੁਕਦੇ ਕਿਉਂਕਿ ਦੁਨੀਆਂ ਸਾਨੂੰ ਚੰਗੀ ਨਹੀਂ ਲੱਗਦੀ। ਜਦ ਨੀਂਦ, ਪਿਆਸ ਤੇ ਭੁੱਖ ਮਰ ਜਾਵੇ, ਜਿਊਣ ਨੂੰ ਚਿੱਤ ਨਾ ਕਰੇ ਤਾਂ ਸਮਝੋ ਕਿ ਮਨ ਮਰ ਚੁੱਕਾ ਹੈ। ਫਿਰ ਬੰਦੇ ਦੇ ਜਿਊਣ ਦੇ ਕੋਈ ਅਰਥ ਨਹੀਂ ਰਹਿ ਜਾਂਦੇ। ਤਾਂ ਹੀ ਅਕਸਰ ਕਿਹਾ ਜਾਂਦਾ ਕਿ ਕੁਝ ਲੋਕ `ਕੇਰਾਂ ਮਰਦੇ ਪਰ ਕੁਝ ਲੋਕ ਹਰ ਰੋਜ਼ ਜਾਂ ਹਰ ਪਲ ਵੀ ਮਰਦੇ। ਮਨ ਦੀ ਮੌਤ, ਸਰੀਰਕ ਮੋਤ ਨਾਲੋਂ ਵੀ ਜ਼ਿਆਦਾ ਕਸ਼ਟਦਾਇਕ ਅਤੇ ਖ਼ਤਰਨਾਕ ਹੁੰਦੀ। ਸਰੀਰਕ ਮੌਤ `ਤੇ ਸਬਰ ਹੋ ਜਾਂਦਾ ਪਰ ਮਾਨਸਿਕ ਮੌਤ `ਤੇ ਕਿੰਜ ਕੋਈ ਸਬਰ ਕਰੇਗਾ? ਸਗੋਂ ਤਿਲ ਤਿਲ
ਕਰ ਕੇ ਮਰੇਗਾ।
ਇਹ ਮਨ ਹੀ ਹੁੰਦਾ ਏ ਕਿ ਉਹ ਲੜਕਪਣ ਦੀ ਉਮਰੇ ਹੀ ਜਵਾਨ ਹੋਣਾ ਲੋਚਦਾ, ਬਜੁLਰਗ ਹੋ ਕੇ ਵੀ ਜਵਾਨੀ ਵਾਲੇ ਰੰਗ ਮਾਨਣਾ ਚਾਹੁੰਦਾ। ਕਈ ਵਾਰ ਬਜੁLਰਗ ਹੁੰਦਿਆਂ ਵੀ ਬੱਚਾ ਬਣਨ ਦੀ ਚਾਹਨਾ ਹੁੰਦੀ। ਮਨ ਬੀਤੇ ਨੂੰ ਵਾਰ ਵਾਰ ਜਿਊਣਾ ਚਾਹੁੰਦਾ। ਆਪਣੇ ਬਚਪਨੇ ਦੀਆਂ ਥਾਵਾਂ ਨੂੰ ਕਈ ਵਾਰ ਤਾਂ ਉਡ ਕੇ ਜਾਣਾ ਲੋਚਦਾ। ਮਨ ਵਿਚ ਹੀ ਉਹ ਕਈ ਪਤਾਲਾਂ, ਦੇਸ਼ਾਂ, ਧਰਤੀਆਂ, ਜੰਗਲਾਂ ਅਤੇ ਸਮੁੰਦਰਾਂ ਨੂੰ ਗਾਹ ਕੇ ਪਲ ਭਰ ਵਿਚ ਵਾਪਸ ਪਰਤ ਆਉਂਦਾ।
ਮਨ ਦੀ ਉਡਾਣ ਹੁੰਦੀ ਹੈ ਸਭ ਤੋਂ ਤੇਜ਼, ਵਚਿੱਤਰ ਅਤੇ ਮਨ, ਮਨ-ਚਾਹੀਆਂ ਥਾਵਾਂ `ਤੇ ਛਿਣ ਭਰ ਵਿਚ ਪਹੁੰਚ ਜਾਂਦਾ। ਪਲ ਵਿਚ ਬੀਤੇ ਦ੍ਰਿਸ਼ ਅਤੇ ਪਲਾਂ ਨੂੰ ਮਾਣਦਾ।
ਟੁੱਟੇ ਮਨ ਵਾਲਾ `ਕੇਰਾਂ ਡਿੱਗਣ ਤੋਂ ਬਾਅਦ ਕਦੇ ਵੀ ਖੜਾ ਨਹੀਂ ਹੋ ਸਕਦਾ ਅਤੇ ਛੋਟੇ ਮਨ ਵਾਲਾ ਸਭ ਕੁਝ ਹੁੰਦਿਆਂ ਵੀ ਸਦਾ ਬੌਣਾ ਹੀ ਰਹਿੰਦਾ। ਇਹ ਮਨ ਦੀ ਤਾਕਤ ਹੀ ਹੁੰਦੀ ਕਿ ਬੰਦਾ ਕਿਸੇ ਵੀ ਅੰਬਰ ਨੂੰ ਕਲਾਵੇ ਵਿਚ
ਲੈ ਸਕਦਾ, ਤਾਰਿਆਂ ਨਾਲ ਆੜੀ ਗੰਢ ਸਕਦਾ ਅਤੇ ਚੰਦ ਨੂੰ ਬਨੇਰੇ `ਤੇ ਉਤਾਰ ਸਕਦਾ। ਮਨ ਹੀ ਬੰਦਾ ਦੇ ਸਭ ਤੋਂ ਸ਼ਕਤੀਸ਼ਾਲੀ ਸਾਧਨ ਅਤੇ ਇਸ ਨਾਲ ਉਹ ਜੀਅ ਵਿਚ ਆਈ ਹਰ ਮੰਜ਼ਲ ਨੂੰ ਪ੍ਰਾਪਤ ਕਰ ਸਕਦਾ।
ਯਾਦ ਰਹੇ ਕਿ ਦੁਨੀਆਂ ਦੇ ਸਭ ਤੋਂ ਮਹਾਨ ਅਤੇ ਤਾਕਤਵਰ ਵਿਅਕਤੀ ਸਿਰਫ਼ ਆਪਣੀ ਮਨ ਦੀ ਸ਼ਕਤੀ ਕਾਰਨ ਹੀ ਬੁਲੰਦੀਆਂ ਦਾ ਸਿਰਨਾਵਾਂ ਬਣੇ। ਗੁਬਾਰਾ ਉਪਰ ਨੂੰ ਸਿਰਫ਼ ਆਪਣੀ ਅੰਦਰਲੀ ਹਵਾ ਸਦਕਾ ਹੀ ਚੜ੍ਹਦਾ ਜਦਕਿ ਬਾਹਰਲੀ ਹਵਾ ਦਾ ਇਸ ਵਿਚ ਕੋਈ ਯੋਗਦਾਨ ਨਹੀਂ ਹੁੰਦਾ। ਅੰਦਰੋਂ ਤਕੜੇ ਸ਼ਖਸ਼ ਲਈ ਹਰ ਮੰਜ਼ਲ ਸੰਭਵ।
‘ਮਨ ਜੀਤੇ ਜਗ ਜੀਤ’ ਦਾ ਮੂਲ ਮੰਤਰ ਰੱਟਨ ਵਾਲੇ ਲੋਕਾਂ ਦੀ ਜਿੱਤ ਨਿਸ਼ਚਿਤ ਹੁੰਦੀ ਕਿਉਂਕਿ ਉਨ੍ਹਾਂ ਨੇ ਪਹਿਲਾਂ ਹੀ ਮਨ ਵਿਚ ਜਿੱਤ ਨੂੰ ਸਾਕਾਰ ਕੀਤਾ ਹੁੰਦਾ। ਦੁਨੀਆਂ ਨੂੰ ਜਿੱਤ ਤਾਂ ਕੁਝ ਸਮੇਂ ਬਾਅਦ ਹੀ ਨਜ਼ਰ ਆਉਂਦੀ।
ਮਨ ਦੀ ਜਰਖੇLਜਤਾ ਵਿਚ ਕਦੇ ਵੀ ਡਰ ਦਾ ਬੀਅ ਨਾ ਬੀਜੋ। ਕੁਝ ਸਮਾਂ ਬਾਅਦ ਇਹ ਭਿਆਨਕ ਦਰਖਤ ਬਣ ਕੇ ਤੁਹਾਨੂੰ ਹਜ਼ਮ ਕਰ ਜਾਵੇਗਾ। ਜ਼ਿੰਦਗੀ ਵਿਚ ਜਿੱਤ ਜਾਂ ਹਾਰ ਤੁਹਾਡੀ ਮਾਨਸਿਕ ਬਣਤਰ ਹੀ ਨਿਸ਼ਚਿਤ ਕਰਦੀ। ਮੰਨ ਲਓ ਤਾਂ ਹਾਰ ਹੁੰਦੀ ਪਰ ਮਨ ਵਿਚ ਧਾਰ ਲਓ ਤਾਂ ਜਿੱਤ ਤੁਹਾਡੇ ਕਦਮਾਂ ਨੂੰ ਚੁੰਮਦੀ।
ਚੇਤੇ ਰੱਖੋ ਕਿ ਮਨ ਜਦ ਕਮਜ਼ੋਰ ਹੁੰਦਾ ਤਾਂ ਹਾਲਾਤ ਤੁਹਾਡੇ ਲਈ ਸਮੱਸਿਆ ਬਣਦੇ। ਸੰਤੁਲਤ ਮਨ ਲਈ ਉਹੀ ਹਾਲਾਤ ਇਕ ਚੁਣੌਤੀ ਬਣ ਜਾਂਦੇ। ਪਰ ਤਕੜੇ ਮਨ ਵਾਲਿਆਂ ਲਈ ਉਹੀ ਹਾਲਾਤ ਇਕ ਮੌਕਾ ਦਿੰਦੇ, ਕੁਝ ਕਰ
ਗੁਜ਼ਰਨ ਲਈ ਅਤੇ ਆਪਣੇ ਆਪ ਨੂੰ ਸਾਬਤ ਕਰਨ ਲਈ।
ਮਨ ਇਕ ਪਾਵਰ ਹਾਊਸ। ਅਗਰ ਤੁਸੀਂ ਇਸਨੂੰ ਨਕਾਰਾਤਮਿਕਤਾ ਨਾਲ ਭਰੋਗੇ ਤਾਂ ਤੁਹਾਡੇ ਲਈ ਜੀਵਨ ਨਰਕ ਹੋਵੇਗਾ। ਪਰ ਜੇ ਤੁਸੀਂ ਇਸਨੂੰ ਸਕਾਰਾਤਮਕ ਵਿਚਾਰਾਂ ਦਾ ਖ਼ਜ਼ਾਨਾ ਬਣਾਓਗੇ ਤਾਂ ਤੁਸੀਂ ਸਵਰਗ ਦੇ ਵਾਸੀ ਹੋਵੇਗਾ। ਸਵਰਗ ਜਾਂ ਨਰਕ ਤਾਂ ਬੰਦਾ ਇਸੇ ਜੀਵਨ ਵਿਚ ਹੀ ਭੋਗਦਾ। ਮਰਨ ਤੋਂ ਬਾਅਦ ਤਾਂ ਰਾਖ਼, ਮਿੱਟੀ ਵਿਚ ਮਿਲ ਜਾਵੇਗੀ।
ਜੀਵਨ ਵਿਚ ਚੰਗੇ ਮਨ ਵਾਲਾ ਹੋਣਾ ਹੀ ਕਾਫ਼ੀ ਨਹੀਂ ਹੁੰਦਾ। ਲੋੜ ਹੁੰਦੀ ਹੈ ਕਿ ਅਸੀਂ ਮਨ ਦੀ ਸਹੀ ਵਰਤੋਂ ਕਰ ਕੇ ਸਮਾਜ ਅਤੇ ਸੰਸਾਰ ਲਈ ਕੁਝ ਅਜਿਹਾ ਕਰੀਏ ਕਿ ਸਾਡੇ ਜਾਣ ਤੋਂ ਬਾਅਦ ਵੀ ਸਾਡਾ ਕਾਰਜ ਲੋਕ-ਚੇਤਿਆਂ ਵਿਚ ਵੱਸਦਾ ਰਹੇ।
ਮੈਂ ਅਕਸਰ ਹੀ ਮਨ ਨੂੰ ਮਿਲਦਾ ਹਾਂ
ਰਾਤ ਨੂੰ ਸੌਣ ਤੋਂ ਪਹਿਲਾਂ
ਅਤੇ ਸਵੇਰੇ ਅੱਖ ਖੁੱਲ੍ਹਣ `ਤੇ
ਮਨ ਮੇਰੀ ਜਾਮਾ-ਤਲਾਸ਼ੀ ਕਰਦਾ
ਮੇਰੀਆਂ ਬੇਮਾਇਨੀਆਂ ਅਤੇ ਫ਼ਜੂਲ ਗੱਲਾਂ ਤੋਂ ਟੋਕਦਾ
ਮੇਰੀਆਂ ਕੁਤਾਹੀਆਂ ਤੇ ਕਮੀਨਗੀਆਂ ਨੂੰ ਚਿਤਾਰਦਾ
ਮੇਰੀਆਂ ਨੇਕੀਆਂ ਤੇ ਬਦੀਆਂ ਨੂੰ ਤੋਲਦਾ।

ਅਤੇ ਇਕ ਬੈਲੈਂਸ ਸ਼ੀਟ ਮੇਰੇ ਸਾਹਵੇਂ ਕਰਦਿਆਂ
ਮੇਰੀ ਔਕਾਤ ਮੇਰੇ ਸਾਹਵੇਂ ਪ੍ਰਦਰਸ਼ਤ ਕਰਦਾ
ਅਤੇ ਪੁੱਛਦਾ ਕਿ
ਤੂੰ ਕਿਹੜੇ ਮਨ ਦੇ ਆਖੇ ਲੱਗ
ਸਾਰਾ ਦਿਨ ਅਜੇਹਾ ਕੁਝ ਕਿਉਂ ਕੀਤਾ
ਕਿ ਤੇਰਾ ਸਿਰ ਨੀਵਾਂ ਹੋਵੇ
ਤੇ ਤੂੰ ਆਪਣੀ ਜ਼ਮੀਰ ਸਾਹਵੇਂ ਸ਼ਰਮਿੰਦਾ ਹੋਵੇਂ।
ਝੱਲਿਆ!
ਕੁਝ ਤਾਂ ਅਜੇਹਾ ਕਰਿਆ ਕਰ
ਕਿ ਤੇਰੀ ਰੂਹ ਦਾਗਦਾਰ ਨਾ ਹੋਵੇ
ਤੇਰੇ ਤਨ ਦੀ ਚਾਦਰ `ਤੇ ਕੋਈ ਕਾਲਖ਼ ਨਾ ਲੱਗੇ
ਤੇਰੀ ਕਿਰਤ ਵਿਚ ਕਪਟ ਦਾ ਰੰਗ ਨਾ ਹੋਵੇ
ਅਤੇ ਤੇਰੀ ਕਮਾਈ
ਤੇਰੀਆਂ ਪੀਹੜੀਆਂ ਨੂੰ ਗਾਲ਼ ਨਾ ਦੇਵੇ।
ਭਲਿਆ!
ਅਜੇਹਾ ਕੁਝ ਕਰੀਂ ਕਿ
ਜ਼ਿੰਦਗੀ ਦਾ ਖਿੜਿਆ ਤੇ ਮੁਸਰਕਾਂਦਾ ਚਿਹਰਾ ਲੈ ਕੇ
ਇਸ ਜਹਾਨ ਤੋਂ ਰੁੱਖ਼ਸਤ ਹੋਈਂ
ਤਾਂ ਕਿ ਤੇਰੀ ਅਰਥੀ ਮਗਰ ਜਾਂਦੇ ਲੋਕਾਂ ਦੀ ਜੁLਬਾਨ `ਤੇ
ਤੇਰੀ ਦਰਿਆਦਿਲੀ, ਦਿਆਨਦਾਰੀ ਅਤੇ ਦੀਨਤਾ ਦੀਆਂ ਬਾਤਾਂ
ਬਲਦੇ ਸਿਵੇ ਦੀ ਫ਼ਿਜ਼ਾ ਵਿਚ ਫੈਲਣ

ਅਤੇ ਹਰ ਰੋਂਦੀ ਹੋਈ ਅੱਖ
ਤੇਰੀ ਰੂਹ ਦੇ ਪ੍ਰਕਾਸ਼ ਵਿਚੋਂ
ਚਾਨਣ ਦੀ ਇਕ ਕਾਤਰ ਲੈ ਕੇ
ਆਪਣੇ ਘਰ ਨੂੰ ਵਾਪਸ ਪਰਤੇ।
ਮਨ ਨੂੰ ਮਨ ਮਿਲਦਾ ਤਾਂ ਕ੍ਰਿਸ਼ਮੇ ਹੁੰਦੇ। ਕਰਤਾਰੀ ਕਰਾਮਾਤਾਂ ਲਈ ਜ਼ਰੂਰੀ ਹੁੰਦਾ ਕਿ ਮਨ, ਆਪਣੇ ਜੇਹੇ ਮਨਾਂ ਨਾਲ ਮਿਲਦੇ ਰਹਿਣ। ਮਨਾਂ ਦੀ ਇਕਸੁਰਤਾ ਹੀ ਜੀਵਨੀ-ਜੁਗਤਾਂ ਅਤੇ ਜਾਗਰੂਕਤਾ ਨਾਲ, ਸਮੇਂ ਦੀਆਂ ਹਾਣੀ
ਸੋਚਾਂ ਨੂੰ ਹਰ ਮਨ ਦੇ ਨਾਮ ਲਾਉਂਦੀ। ਮਨ ਦੀ ਪਾਰਦਸ਼ਤਾ, ਮਨੁੱਖੀ ਜੀਵਨ ਲਈ ਅਹਿਮ। ਕਾਲਖ਼ ਭਰੇ ਮਨ ਸਮਾਜ ਲਈ ਕਲੰਕ। ਉਹ ਪਰਿਵਾਰ ਅਤੇ ਸ਼ਰੀਕੇ ਵਿਚ ਸੂਲਾਂ ਦੀ ਖੇਤੀ ਕਰਦੇ ਜਦ ਕਿ ਪਾਕ ਮਨਾਂ ਵਾਲੇ ਲੋਕ ਸਮਾਜਕ-ਬਗੀਚੀ ਦਾ ਅਜੇਹਾ ਸਰੂਪ ਹੁੰਦੇ ਜਿਨ੍ਹਾਂ ਦੀ ਸੁਗੰਧ, ਵਕਤ ਨੂੰ ਸੰਦਲੀ ਸਮਿਆਂ ਦਾ ਪਹਿਰ ਬਣਾਉਂਦੀ।
ਇਕਸੁਰ ਮਨਾਂ ਦੀ ਸੰਗਤ, ਸੰਜੀਵਨੀ ਜਦ ਕਿ ਵਿਰੋਧੀ ਸੁਰਾਂ ਵਾਲੇ ਮਨਾਂ ਦੀ ਬੇਜੋੜਤਾ, ਸਾਹਾਂ ਦਾ ਸੰਤਾਪ। ਮਨ ਜਦ ਮਨ ਵਿਚ ਤਰਲ ਹੋ ਜਾਂਦਾ ਤਾਂ ਮਾਨਸਿਕ ਅਭਿੱਜਤਾ ਹਾਸਲ ਹੁੰਦੀ। ਇਹੀ ਤਰਲਤਾ ਹੀ ਬੋਲਾਂ ਨੂੰ ਸੰਵੇਦਨਾ, ਸੁਰ, ਸਥਿਰਤਾ ਤੇ ਸ਼ਬਦਕੋਸ਼ ਦਾ ਰੁਤਬਾ ਪ੍ਰਦਾਨ ਕਰਦੀ।
ਮਨ ਦੀ ਕਦੇ ਅਵੱਗਿਆ ਨਾ ਕਰੋ। ਇਸਦੀ ਅਧੀਨਗੀ ਵਿਚੋਂ ਹੀ ਤੁਸੀਂ ਦੁਨੀਆਂ ਦੀਆਂ ਸਾਰੀਆਂ ਰਹਿਮਤਾਂ ਦੇ ਮਾਲਕ ਹੋਵੋਗੇ। ਮਨ ਦੀ ਮੁੱਨਕਰੀ, ਮਰਨ-ਰੁੱਤ ਦੀ ਦਸਤਕ। ਅੱਖਰ ਅਰਦਾਸ ਕਰਦੇ ਨੇ ਤੁਹਾਡੇ ਮਨ-ਵਿਹੜੇ ਵਿਚ ਅਜੇਹੀ ਰੁੱਤ ਦਸਤਕ ਨਾ ਦੇਵੇ। ਤੁਸੀਂ ਸਰਬ-ਨਿਆਮਤਾਂ ਦੀ ਰਹਿਬਰੀ ਮਾਣੋ।