ਟਰੂਡੋ ਦੇ ਬਿਆਨ ਨਾਲ ਸਿੱਖ ਇਤਿਹਾਸ ਨੇ ਵੀਂ ਪਲਾਂਘ ਪੁਟੀ, ਇਕ ਨਵੀਂ ਅੰਗੜਾਈ ਲਈ।

ਖਾਲਸਾ ਪੰਥ “ਰਾਜਨੀਤਕ ਕੌਮ” ਬਣ ਕੇ ਉੱਭਰਿਆ।
ਕਰਮਜੀਤ ਸਿੰਘ ਚੰਡੀਗੜ੍ਹ
ਸੀਨੀਅਰ ਪੱਤਰਕਾਰ
ਦੋਸਤੋ, ਸੱਚੀ ਗੱਲ ਇਹੋ ਹੈ ਕਿ ਜਸਟਿਨ ਟਰੂਡੋ ਦੇ ਬਿਆਨ ਨਾਲ ਖੁਸ਼ੀ ਅਤੇ ਚਿੰਤਾ ਆਸਮਾਨ ਨੂੰ ਜਾ ਲੱਗੀਆਂ ਹਨ।

ਖੁਸ਼ੀ ਇਸ ਗੱਲ ਦੀ ਕਿ “ਖਾਲਿਸਤਾਨੀ ਤੇ ਸਿੱਖ” ਇਕ ਹੁੰਦੇ ਜਾ ਰਹੇ ਹਨ। ਜਿਸਨੂੰ “ਹਾਸ਼ੀਏ ਵਾਲੀ ਬਰਾਦਰੀ” ਜਾਂ ਗੁਮਰਾਹ ਹੋਏ ਲੋਕ ਕਿਹਾ ਜਾਂਦਾ ਸੀ ਜਾਂ ਮੁੱਠੀ ਭਰ ਕਹਿੰਦੇ ਹਨ, ਉਹ ਅਸਲ ਵਿਚ ਸਿੱਖ ਕੌਮ ਦੀ ਰਾਜਨੀਤਕ ਕਿਸਮਤ ਘੜ ਰਹੇ ਹਨ। ਪਰ ਇਸ ਅਲਬੇਲੀ ਤੇ ਖੁਸ਼ਗਵਾਰ ਹਾਲਤ ਨੂੰ ਬਿਆਨ ਕਰਨ ਜਾਂ ਇਸ ਖੁਸ਼ੀ ਦੇ ਹੱਕ ਵਿਚ ਖਲੋਣ ਵਾਲੀ, ਜਾਂ ਇਸ ਖੁਸ਼ੀ ਨੂੰ ਸੰਭਾਲਣ ਵਾਲੀ ਦਾਨਿਸ਼ਵਰ ਲੀਡਰਸ਼ਿਪ ਕਿਤੇ ਵੀ ਨਜ਼ਰੀਂ ਨਹੀਂ ਪੈਂਦੀ। ਜਰਮਨੀ ਦੇ ਬਜ਼ੁਰਗਾਂ ਦਾ ਸਿੱਟਾ ਇਹ ਹੈ ਕਿ ਮਾੜੀ ਕਿਸਮਤ ਅਤੇ ਚੰਗੀ ਕਿਸਮਤ ਦੋ ਬਾਲਟੀਆਂ ਹਨ ਜੋ ਇੱਕੋ ਖੂਹ ਵਿਚ ਪਈਆਂ ਹੋਈਆਂ ਹਨ। ਸਾਡੀ ਹਾਲਤ ਇਹ ਹੈ।
ਆਪਾਂ ਸਾਰੇ ਪੰਜਾਬ ਦੀ ਸਿਆਸਤ ਨਾਲ ਹੀ ਕਲੋਲ ਕਰਦੇ ਆ ਰਹੇ ਹਾਂ। ਖੂਹ ਦੇ ਰਾਜਨੀਤਕ ਡੱਡੂ ਹੀ ਬਣੇ ਰਹੇ। ਇਹ ਕੁੱਕੜ ਉਡਾਰੀ ਸੀ, ਪਰ ਟਰੂਡੋ ਨੇ ਪਹਿਲਾਂ ਆਪਣੇ ਦੇਸ਼ ਦੀ ਪਾਰਲੀਮੈਂਟ ਵਿਚ ਅਤੇ ਫਿਰ ਦੁਨੀਆਂ ਦੀ ਪਾਰਲੀਮੈਂਟ (ਯੂ ਐਨ ਓ) ਵਿਚ ਦਿੱਤੇ ਬਿਆਨ ਨਾਲ ਸਾਡੇ ਵਜੂਦ ਦਾ, ਸਾਡੀ ਵੱਖਰੀ ਹੋਂਦ ਦਾ, ਸਾਡੀ ਪ੍ਰਭੂਸੱਤਾ ਦਾ ਪ੍ਰਕਾਸ਼ ਦੁਨੀਆਂ ਵਿਚ ਕਰ ਦਿੱਤਾ।
ਪਰ ਦੁਨੀਆਂ ਨੂੰ ਸਮਝਣਾ ਇੰਨਾ ਆਸਾਨ ਨਹੀਂ। ਦਸਮੇਸ਼ ਪਿਤਾ ਦੇ ਜਾਪੁ ਸਾਹਿਬ (ਰੱਬ ਕਰੇ ਉਨ੍ਹਾਂ ਦਾ ਹੁਮਾ ਪੰਛੀ ਸਦਾ ਸਾਡੇ ਸਿਰ `ਤੇ ਰਹੇ) ਮੁਤਾਬਿਕ ‘ਕਲਾ-ਸੰਜੁਗਤ’ ਲੀਡਰਸ਼ਿਪ ਚਾਹੀਦੀ ਹੈ ਜਿਸ ਵਿਚ ਸਾਰੀਆਂ ਬਾਰੀਕ ਕਲਾਵਾਂ ਦਾ ਹੁਸਨ ਹੋਵੇ, ਬਾਰੀਕ ਮਿਲਾਪ ਹੋਵੇ, ਬਾਰੀਕ ਨਿਚੋੜ ਹੋਵੇ ਅਤੇ ਬਾਰੀਕ ਕਸ਼ੀਦੀਕਰਣ ਹੋਵੇ।
ਪਰ ਬੌਧਿਕ ਕੰਗਾਲੀ, ਸਾਫ ਨਜ਼ਰ ਆ ਰਹੀ ਹੈ। ਆਪਣੀ ਹੋਂਦ ਦਾ ‘ਸੁਤੰਤਰ ਬਿਰਤਾਂਤ’ ਸਾਡੇ ਕੋਲ ਅਜੇ ਨਹੀਂ। ਮੰਨੋ ਭਾਵੇਂ ਨਾ ਮੰਨੋ, ਪਰ ਇਮਾਨਦਾਰ ਤੇ ਸੰਜੀਦਾ ਹੁੰਦੇ ਹੋਏ ਵੀ ਕਿਸੇ ਨਾ ਕਿਸੇ ਰੂਪ ਵਿਚ ‘ਹੋਰ ਦੇ ਬਿਰਤਾਂਤ’ ਦੀ ਹੀ ਅਸੀਂ ਸੇਵਾ ਕਰ ਰਹੇ ਹਾਂ।
ਕੁਝ ਵੀਰ ਸੁਚੇਤ ਰੂਪ ਵਿਚ ਵੀ ਸੇਵਾ ਵਿਚ ਲੱਗੇ ਹੋਏ ਹਨ।
ਜਦੋਂ ਅਸੀਂ ਇਹ ਗੱਲਾਂ ਕਰ ਹੀ ਰਹੇ ਹਾਂ ਤਾਂ ‘ਦੀਪ ਸਿੱਧੂ ਤੇ ਹੰਝੂ’ ਇਕ ਥਾਂ `ਤੇ ਇਕੱਠੇ ਹੋ ਗਏ ਹਨ। ਜੇ ਕਿਤੇ ਉਹ ਸਾਡੇ ਵਿਚ ਅੱਜ ਮੌਜੂਦ ਹੁੰਦਾ ਤਾਂ ਸਾਡੀ ਡਿਪਲੋਮੈਟਿਕ ਸਿਆਣਪ, ਕੂਟਨੀਤਕ ਸੋਚ ਦੀਆਂ ਧੁੰਮਾਂ ਅੰਤਰਰਾਸ਼ਟਰੀ ਵਿਹੜਿਆਂ ਵਿਚ ਪੈ ਜਾਣੀਆਂ ਸਨ। ਅਸੀਂ ਉਸ ਵਿੱਛੜੀ ਰੂਹ ਨੂੰ ਪਛਾਣਿਆ ਹੀ ਨਹੀਂ, ਬਸ ਈਰਖਾ ਹੀ ਈਰਖਾ ਕਰਦੇ ਰਹੇ ਤੇ ਦੂਜੇ ਨੂੰ ਹੁਣ ਅਸੀਂ ਡਿਬਰੂਗੜ੍ਹ ਜੇਲ੍ਹ ਵਿਚ ਸੁੱਟ ਦਿੱਤਾ ਹੈ।
ਜਿੰਨੇ ਵੀ ਸਿੱਖ ਲੀਡਰ ਚੈਨਲਾਂ ਉੱਤੇ ਆ ਰਹੇ ਹਨ ਜਾਂ ਅਖਬਾਰਾਂ ਵਿਚ ਲਿਖ ਰਹੇ ਹਨ, ਉਨ੍ਹਾਂ ਦਾ ਰਾਜਨੀਤਕ ਅਤੇ ਬੌਧਿਕ ਕੱਦ ਟਰੂਡੋ ਦੇ ਬਿਆਨ ਦਾ ਰਾਜਨੀਤਕ ਹਾਣੀ ਨਹੀਂ ਬਣ ਸਕਿਆ। ਉਨ੍ਹਾਂ ਦੇ ਵਿਸ਼ਲੇਸ਼ਣਾਂ ਵਿਚ ਬੇਬਸੀ, ਕਮਜ਼ੋਰੀ, ਖੁਸ਼ਾਮਦ ਅਤੇ ਰਾਜਨੀਤਕ ਗ਼ੁਲਾਮੀ ਸਮਝਣੀ ਇੰਨੀ ਵੀ ਮੁਸ਼ਕਲ ਨਹੀਂ। ਜਦੋਂ ਉਹ ਟਰੂਡੋ ਦੇ ਹੱਕ ਵਿਚ ਬੋਲ ਵੀ ਰਹੇ ਹੁੰਦੇ ਹਨ ਤਾਂ ਗੋਲ-ਮੋਲ ਹੀ ਦਲੀਲ ਦਿੰਦੇ ਹਨ।
ਹੁਣ ਅਸਲ ਵਿਚ ਹੋ ਕੀ ਰਿਹਾ ਹੈ? ਹਾਏ, ਕਿਤੇ ਸਾਨੂੰ ਦੇਸ਼ ਧਰੋਹੀ ਨਾ ਕਹਿ ਦੇਣ, ਕਿਤੇ ਸਾਡੀ ਵਫ਼ਾਦਾਰੀ ਸ਼ੱਕ ਦੇ ਘੇਰੇ ਵਿਚ ਨਾ ਆ ਜਾਵੇ, ਕਿਤੇ ਸਾਡੀਆਂ ਜਾਇਦਾਦਾਂ ਹੀ ਕੁਰਕ ਨਾ ਹੋ ਜਾਣ, ਕਿਤੇ ਸਾਡੀ ਔਲਾਦ ਉਤੇ ਹੀ ਸੰਕਟ ਨਾ ਆ ਜਾਏ, ਕਿਤੇ ਸਾਨੂੰ ਵੀ ਹਰਦੀਪ ਸਿੰਘ ਨਿੱਝਰ ਦੀ ਕਤਾਰ ਵਿਚ ਖੜ੍ਹਾ ਨਾ ਕਰ ਦਿੱਤਾ ਜਾਵੇ। ਬੱਸ ਅਸੀਂ ਨਿਮਾਣੇ, ਨਿਤਾਣੇ ਤੇ ਨਿਆਸਰੇ ਬਣ ਕੇ ਸਫ਼ਾਈਆਂ ਦੇਣ ਵਿਚ ਹੀ ਲੱਗੇ ਹੋਏ ਹਾਂ। ਲੇਕਿਨ ਨਹੀਂ ਜਾਣਦੇ ਕਿ ਅਸੀਂ ਤਾਂ 1947 ਤੋਂ ਹੀ ਸ਼ੱਕ ਦੇ ਘੇਰੇ ਵਿਚ ਹਾਂ। ਕਹਾਵਤ ਹੈ ਕਿ ਲੰਬੇ ਸਿੰਗਾਂ ਵਾਲੇ ਬਲਦ ਨੇ ਟੱਕਰ ਨਾ ਵੀ ਮਾਰੀ ਹੋਵੇ ਤਾਂ ਵੀ ਸ਼ੱਕ ਉਸੇ ਉੱਤੇ ਕੀਤਾ ਜਾਂਦਾ ਹੈ।
ਸਿੱਖ ਲੀਡਰਸ਼ਿਪ ਦਾ ਇਕ ਹਿੱਸਾ ਹੁਣ ਗੲੋਪੋਲਟਿਚਿਸ ਦਾ ਗਿਆਨ ਦੇ ਰਿਹਾ ਹੈ। ਸਤਈ ਪੱਧਰ ਦੇ ਸਬਕ ਪੜ੍ਹਾਉਣ ਵਿਚ ਲੱਗਾ ਹੋਇਆ ਹੈ। ਇਹ ਕਹਿ ਰਿਹਾ ਹੈ ਅਖੇ, ਇਹ ਤਾਂ ਅੰਤਰਰਾਸ਼ਟਰੀ ਤਾਕਤਾਂ ਦੇ ਭੇੜ ਵਿਚ ਸਿੱਖਾਂ ਨੂੰ ਵਰਤਣ ਦੀ ਚਾਲ ਹੈ, ਅਖੇ ਸਿੱਖ ਐਵੇਂ ਕਮਲੇ ਹੋਏ ਫਿਰਦੇ ਹਨ, ਅਖੇ, ਟਰੂਡੋ ਨੂੰ ਤਾਂ ਆਪਣੇ ਹੀ ਦੇਸ਼ ਵਿਚ ਕੋਈ ਨਹੀਂ ਪੁੱਛਦਾ, ਅਖੇ ਅਮਰੀਕਾ ਵੀ ਭਾਰਤ ਦੀ ਬਾਂਹ ਮਰੋੜ ਕੇ ਉਸ ਨੂੰ ਰੂਸ ਨਾਲੋਂ ਤੋੜ ਕੇ ਆਪਣੇ ਨਾਲ ਲਾਉਣਾ ਚਾਹੁੰਦਾ ਹੈ ਅਤੇ ਇਹੋ ਜਿਹੇ ਹੋਰ ਕਈ ਪੁੱਠੇ ਸਿੱਧੇ ਬਿਆਨ ਬੌਧਿਕਤਾ ਦੀ ਪੁੱਠ ਦੇ ਕੇ ਹਵਾ ਵਿਚ ਛੱਡੇ ਜਾ ਰਹੇ ਹਨ। ਆਪਾਂ ਤਰਸ ਹੀ ਕਰ ਸਕਦੇ ਹਾਂ ਇਹੋ ਜਿਹੇ ਵੀਰਾਂ ਉੱਤੇ।
ਦੋਸਤੋ, ਸਮਝੋ, ਜ਼ਰਾ ਅਕਲ ਨੂੰ ਹੱਥ ਮਾਰੋ, ਭਾਰਤ ਸਰਕਾਰ ਮਰਨੇ ਪਈ ਹੋਈ ਹੈ। ਜੀ20 ਵਿਚ ਹਾਸਲ ਕੀਤੀ ਟੌਅਰ ਟਰਪਲ, ਚੰਦਰਯਾਨ ਦੀ ਸਫਲਤਾ ਅਤੇ ਵਿਸ਼ਵ-ਗੁਰੂ ਬਣਨ ਦੀ ਤਮੰਨਾ ਟਰੂਡੋ ਵਲੋਂ ਦਿੱਤੇ ਇਕ ਝਟਕੇ ਨਾਲ ਮੂਧੜੇ ਮੂੰਹ ਡਿੱਗ ਪਈ ਹੈ ਅਤੇ ਸਰਕਾਰ ਉਠਣ ਜੋਗੀ ਨਹੀਂ ਰਹੀ। ਇਤਿਹਾਸ ਦੀ ਇਸ ਚਾਲ ਨੂੰ ਖ਼ਾਲਸਾਈ ਅਰਥਾਂ ਵਿਚ ਸਮਝਣ ਬੁੱਝਣ ਦੀ ਲੋੜ ਹੈ। ਇਸ ਸਮਝ ਵਿਚ ਸਾਰੇ ਪੰਥ ਨੂੰ ਸਾਂਝਾ ਹਿੱਸਾ ਪਾਉਣਾ ਚਾਹੀਦਾ ਹੈ।
ਦੋਸਤੋ, ਆਪਣੀ ਅੰਦਰਲੀ ਰੌਸ਼ਨੀ ਨੂੰ ਗੁੱਸੇ ਵਿਚ ਢਾਲ ਕੇ ਅਖਬਾਰਾਂ ਤੇ ਚੈਨਲਾਂ ਵੱਲ ਵੀ ਧਿਆਨ ਦਿਓ ਕਿ ਇਸ ਸਮੇਂ ਚੈਨਲਾਂ ਤੇ ਅਖਬਾਰਾਂ ਵਿਚ ਜੋ ਹੋ ਰਿਹਾ ਹੈ ਉਸ ਨੂੰ ਪਰਾਪੇਗੰਡਾ ਜੰਗ ਕਿਹਾ ਜਾ ਸਕਦਾ ਹੈ। ਇਸ ਜੰਗ ਵਿਚ ਕਈ ਢੰਗ ਤਰੀਕੇ ਵਰਤੇ ਜਾ ਰਹੇ ਹਨ। ਉੱਚੀ ਉੱਚੀ ਬੋਲਣਾ, ਇਕ ਪਾਸੜ ਜਜ਼ਬਿਆਂ ਨਾਲ ਖੇਡਣਾ, ਏਕਤਾ ਅਤੇ ਅਖੰਡਤਾ ਦਾ ਰੌਲਾ ਪਾਉਣਾ, ਇਕ ਪਾਸੜ ਤੱਥਾਂ ਦਾ ਮੀਂਹ ਵਰ੍ਹਾਉਣਾ, ਕੱਚੀ ਪਿੱਲੀ ਅਕਲ ਦੀ ਨੁਮਾਇਸ਼ ਲਾਉਣੀ, ਅਫਵਾਹਾਂ ਦੀ ਰੱਜ ਕੇ ਵਰਤੋਂ ਕਰਨੀ, ਸੁਣੀਆਂ ਸੁਣਾਈਆਂ ਗੱਲਾਂ ਨੂੰ ਹਕੀਕਤ ਬਣਾ ਕੇ ਪੇਸ਼ ਕਰਨਾ- ਯਾਨੀ ਜੋ ਕੌਮ ਜ਼ੁਲਮ ਦਾ ਸ਼ਿਕਾਰ ਹੈ ਉਸ ਨੂੰ ਹੀ ਉਲਟਾ ਕਸੂਰਵਾਰ ਸਿੱਧ ਕਰ ਕੇ ਨਿਤਾਣਾ, ਨਿਮਾਣਾ ਅਤੇ ਵਿਚਾਰਾ ਜਿਹਾ ਬਣਾ ਕੇ ਸਫਾਈਆਂ ਦੇਣ ਵਾਲੀ ਹਾਲਤ ਵਿਚ ਸੁੱਟ ਦੇਣਾ ਇਸ ਪਰਾਪੇਗੰਡਾ ਮਸ਼ੀਨਰੀ ਦਾ ਮੁੱਖ ਮਨੋਰਥ ਹੈ। ਇਸ ਹਾਲਤ ਵਿਚ ਸਿਆਣਪਾਂ ਵਾਲੇ ਲੋਕਾਂ ਨੂੰ ਅਤੇ ਚੰਗੀ ਸੋਚ ਨੂੰ ਜਾਂ ਤਾਂ ਨੁੱਕਰੇ ਲਾ ਦਿੱਤਾ ਜਾਂਦਾ ਹੈ ਜਾਂ ਫਿਰ ਰੌਲੇ ਹੇਠ ਗੁੰਮ ਕਰ ਦਿੱਤਾ ਜਾਂਦਾ ਹੈ।
ਅਜੇ ਦੋ ਦਿਨ ਪਹਿਲਾਂ ਬੁੱਧੀਜੀਵੀਆਂ ਦੀ ਇਕ ਮਹਿਫ਼ਲ ਵਿਚ ਟਰੂਡੋ ਦੇ ਬਿਆਨ ਦੇ ਸੰਭਾਵੀ ਨਤੀਜਿਆਂ ਦਾ ਜਦੋਂ ਵਿਸ਼ਲੇਸ਼ਣ ਕੀਤਾ ਜਾ ਰਿਹਾ ਸੀ ਤਾਂ ਇਕ ਉੱਘੇ ਇਤਿਹਾਸਕਾਰ ਦਾਨਿਸ਼ਵਰ ਨੇ ਇਹ ਕਹਿ ਕੇ ਹੈਰਾਨ ਕਰ ਦਿੱਤਾ ਕਿ ਟਰੂਡੋ ਦੇ ਬਿਆਨ ਨਾਲ ‘ਇਕ ਕਲਾ’ ਵਰਤੀ ਹੈ। ਇਹ ਇਕ ‘ਖੇਡ’ ਹੈ ਜਿਸ ਨੂੰ ਤਰਕ ਦੇ ਘੇਰਿਆਂ ਵਿਚ ਰੱਖ ਕੇ ਸਮਝਿਆ ਨਹੀਂ ਜਾ ਸਕਦਾ। ਇਤਿਹਾਸ ਨੂੰ ਅਧਿਆਤਮਕ ਤਰਕ ਨਾਲ ਵੀ ਸਮਝਣਾ ਚਾਹੀਦਾ ਹੈ। ਬਾਹਰ ਮੁਖੀ ਤਰਕ ਤੇ ਅਧਿਆਤਮਕ ਤਰਕ ਦੇ ਸਜੀਵ ਅਤੇ ਜਿਊਂਦੇ ਜਾਗਦੇ ਰਿਸ਼ਤੇ ਬਾਰੇ ਵੀ ਸਮਝ ਹੋਣੀ ਚਾਹੀਦੀ ਹੈ। ਹੁਣ ਗੱਲ ਟਰੂਡੋ ਤਕ ਹੀ ਨਹੀਂ ਰਹਿ ਗਈ, ਟਰੂਡੋ ਕੱਲ੍ਹ ਨੂੰ ਮਜਬੂਰੀਆਂ ਕਰਕੇ ਕਿਸੇ ਹੋਰ ਪਾਸੇ ਵੀ ਖਲੋ ਸਕਦਾ ਹੈ। ਪਰ ਜੋ ਉਸ ਨੇ ਪਾਰਲੀਮੈਂਟ ਵਿਚ ਕਿਹਾ, ਯੂ ਐਨ ਓ ਵਿਚ ਕਿਹਾ, ਜਿਵੇਂ ਹੋਰ ਵੱਡੇ ਮੁਲਕ ਵੀ ਉਸ ਦੇ ਨਾਲ ਖਲੋ ਗਏ, ਜਿਵੇਂ ਸਰਕਾਰ ਨੂੰ ਲਗਾਤਾਰ ਸਿਰ ਪੀੜ ਲੱਗੀ ਹੋਈ ਹੈ ਅਤੇ ਉਹ ਨਹੀਂ ਚਾਹੁੰਦੀ ਕਿ ਸਿੱਖ ਇਕ ਮੰਚ ਉੱਤੇ ਖੜ੍ਹੇ ਹੋ ਜਾਣ, ਕਿਸੇ ਵੱਡੀ ਤੇ ਵਿਸ਼ਾਲ ਏਕਤਾ ਵਿਚ ਪਰੋਏ ਜਾਣ, ਇਸੇ ਲਈ ਉਹ ਕਦੇ ਕੈਪਟਨ ਅਮਰਿੰਦਰ ਸਿੰਘ ਨੂੰ ਅਤੇ ਕਦੇ ਕਿਸੇ ਹੋਰ ਨੂੰ ਆਪਣੇ ਹਿੱਤਾਂ ਲਈ ਇਸਤੇਮਾਲ ਕਰ ਰਹੀ ਹੈ।
ਦੋਸਤੋ, ਇਹ ਉਹ ਕੈਪਟਨ ਹੈ ਜਿਸ ਨੇ ਅੰਮ੍ਰਿਤਸਰ ਐਲਾਨਨਾਮੇ ਉਤੇ ਦਸਤਖ਼ਤ ਕੀਤੇ ਹਨ ਅਤੇ ਜਿਸ ਵਿਚ ਪ੍ਰਭੂ ਸੰਪੰਨ ਸਿੱਖ ਸਟੇਟ ਦੀ ਮੰਗ ਕੀਤੀ ਗਈ ਸੀ। ਇਸ ਦਾ ਪਿਓ ਵੀ ਕਿਸੇ ਸਮੇਂ ਸਿੱਖ ਰਾਜ ਦੀ ਮੰਗ ਕਰਦਾ ਰਿਹਾ ਸੀ। ਪ੍ਰਕਾਸ਼ ਸਿੰਘ ਬਾਦਲ ਨੇ ਵੀ ਇਕ ਸਮੇਂ ਦਸਤਖ਼ਤ ਕਰ ਕੇ ਸਿੱਖਾਂ ਲਈ ਸਵੈ-ਨਿਰਣੇ ਦੀ ਮੰਗ ਕੀਤੀ ਸੀ ਅਤੇ ਉਹ ਯਾਦ ਪੱਤਰ ਯੂ ਐਨ ਓ ਦੇ ਤਤਕਾਲੀਨ ਸਕੱਤਰ ਜਨਰਲ ਬੁਤਰਸ ਘਾਲੀ ਨੂੰ ਪੇਸ਼ ਕੀਤਾ ਗਿਆ ਸੀ। ਉਸਦੇ ਪੁੱਤਰ ਸੁਖਬੀਰ ਸਿੰਘ ਬਾਦਲ ਨੂੰ ਇਹ ਗੱਲ ਭੁੱਲਣੀ ਨਹੀਂ ਚਾਹੀਦੀ। ਜੇ ਉਸ ਨੇ ਖਾਲਸਾ ਪੰਥ ਵਿਚ ਆਪਣੀ ਖੁਸ਼ੀ ਤੇ ਗੁਆਚੀ ਸ਼ਕਤੀ ਅਤੇ ਸ਼ਾਨ ਨੂੰ ਮੁੜ ਬਹਾਲ ਕਰਨਾ ਹੈ ਤਾਂ ਅੱਜ ਪੰਥ ਨਾਲ ਜੁੜਨ ਲਈ ਉਸ ਵਾਸਤੇ ਇਹ ਸੁਨਹਿਰੀ ਮੌਕਾ ਹੈ। ਹੋ ਸਕਦਾ ਹੈ ਪੰਥ ਉਸ ਨੂੰ ਉਨ੍ਹਾਂ ਦੇ ਭਿਆਨਕ ਗੁਨਾਹਾਂ ਲਈ ਮੁਆਫ਼ ਕਰ ਦੇਵੇ। ਇਤਿਹਾਸ ਇਹੋ ਜਿਹੇ ਮੌਕੇ ਕਦੇ ਕਦੇ ਹੀ ਬਖ਼ਸ਼ਦਾ ਹੈ।
ਗੈਬ ਤੋਂ ਆਉਣ ਵਾਲੇ ਇਸ਼ਾਰੇ ਸਾਫ ਹਨ। ਗੁੱਝੀਆਂ ਰਮਜ਼ਾਂ ਦੇ ਭੇਤ ਵੀ ਕੁਝ ਕੁਝ ਸਮਝ ਆਉਂਦੇ ਹਨ।
ਜੇ ਗੁਰਮਤਿ ਦਰਸ਼ਨ ਦੀਆਂ ਗਹਿਰਾਈਆਂ ਵਿਚ ਉਤਰਨ ਦਾ ਚਾਅ ਹੋਵੇ ਤਾਂ ਇੜਾ, ਪਿੰਗਲਾ ਅਤੇ ਸੁਖਮਨਾ ਅਰਥਾਤ ਕਾਇਨਾਤ ਦੀਆਂ ਸਾਰੀਆਂ ਨਾੜੀਆਂ (ਵਇਨਸ) ਇੱਕ ਥਾਂ `ਤੇ ਇਕਾਗਰ ਹੋ ਕੇ ਕੁਝ ਤਾਂ ਕਹਿ ਹੀ ਰਹੀਆਂ ਹਨ।
ਅਮਰੀਕੀ ਟੀਮ ਦੇ ਫੁੱਟਬਾਲ ਦੇ ਖਿਡਾਰੀਆਂ ਦੀਆਂ ਬਨੈਣਾਂ ‘ਤੇ ਖਾਲਸਾ ਜੀ ਦੇ ਜਰਨੈਲ ਹਰੀ ਸਿੰਘ ਨਲੂਏ ਦੀਆਂ ਤਸਵੀਰਾਂ ਦਾ ਜਲਾਲ ਅਤੇ ਜਮਾਲ ਕੁਝ ਤਾਂ ਸੁਨੇਹਾ ਦੇ ਹੀ ਰਿਹਾ ਹੈ।
ਕੈਨੇਡਾ ਦਾ ਰਾਜਦੂਤ ਇਹ ਸਰਜ਼ਮੀਨ ਛੱਡਣ ਤੋਂ ਪਹਿਲਾਂ ਦਰਬਾਰ ਸਾਹਿਬ ਦੇ ਦੀਦਾਰ ਲਈ ਕਿਉਂ ਉਤਾਵਲਾ ਹੈ?
ਕਿਸੇ ਦੇਸ਼ ਦਾ ਪ੍ਰਧਾਨ ਮੰਤਰੀ ਪਹਿਲੀ ਵਾਰ ਇਕ ਕੌਮ ਦੇ ਹੱਕ ਵਿਚ ਇਨਸਾਫ ਦੇ ਮੰਦਰ ਅੰਦਰ ਅਰਥਾਤ ਹਾਊਸ ਆਫ਼ ਕਾਮਨਜ਼ ਵਿਚ ਗਰਜਿਆ ਹੈ। ਇਸ ਦੇ ਰੂਹਾਨੀ ਅਰਥ ਕੀ ਹਨ? ਅਤੇ ਮਾਇਆ ਦੇ ਰੰਗ ਵਿਚ ਖੇਡਣ ਵਾਲੇ ਸਿੱਖ ਭਲਾ ਕੀ ਅਰਥ ਕੱਢਦੇ ਹਨ?
ਗੱਲ “ਹਾਅ ਦੇ ਨਾਅਰੇ” ਦੇ ਇਤਿਹਾਸਕ ਸੰਕਲਪ ਅਤੇ ਹਮਦਰਦੀ ਤੋਂ ਕੀ ਬਹੁਤ ਅੱਗੇ ਚਲੀ ਗਈ ਨਹੀਂ ਲੱਗਦੀ? ਕਿਉਂਕਿ ਦੁਨੀਆਂ ਦੀ ਪਾਰਲੀਮੈਂਟ ਅਰਥਾਤ ਯੂ ਐਨ ਓ ਵਿਚ “ਇਸ ਬੰਦੇ” ਨੇ ਸਿੱਖਾਂ ਦੇ ਰਾਜਨੀਤਕ ਦਰਦ ਨੂੰ ਅੰਤਰਰਾਸ਼ਟਰੀ ਰਾਡਾਰ ‘ਤੇ ਲੈ ਆਂਦਾ ਹੈ।
ਦੁਨੀਆਂ ਦੇ ਵੱਡੇ ਮੁਲਕ ਹੁਣ ਤਾਂ ਖੁੱਲ੍ਹੇਆਮ ਕਹਿ ਰਹੇ ਹਨ ਕਿ ਹਰਦੀਪ ਸਿੰਘ ਨਿੱਝਰ ਦੇ ਕਤਲ ਵਿਚ ਕਿਸ ਦੇਸ਼ ਦੇ ਹੱਥ ਖੂਨ ਨਾਲ ਰੰਗੇ ਹੋਏ ਹਨ।
ਬਹੁਗਿਣਤੀ ਵਾਲਿਆਂ ਦੇ ਖਾਲੀ ਤੇ ਵੱਡੇ ਢੋਲ ਵੀ ਚੈਨਲਾਂ ਉੱਤੇ ਖੂਬ ਭੁੜਕ ਰਹੇ ਹਨ। ਭੀੜ ਬੋਲੀ ਜਾ ਰਹੀ ਹੈ ਪਰ ਸੁਣਦੀ ਕੁਝ ਵੀ ਨਹੀਂ।
ਕਈ ਸਿੱਖ ਵੀ ਬਹੁ-ਗਿਣਤੀ ਦੇ ਕੁਹਾੜੇ ਦੇ ਦਸਤੇ ਬਣ ਕੇ ਤਮਾਸ਼ੇ ਵਿਚ ਭਰਪੂਰ ਹਿੱਸਾ ਪਾ ਰਹੇ ਹਨ। ਜਿਸ ਟਾਹਣੀ ਉੱਤੇ ਬੈਠੇ ਹਨ, ਉਸੇ ਟਾਹਣੀ ਨੂੰ ਹੀ ਕੱਟ ਰਹੇ ਹਨ।
ਸਵਾਰਥਾਂ ਦੀ ਦੌੜ ਦਾ ਮੁਕਾਬਲਾ ਵੀ ਖੂਬ ਰੰਗ ਦਿਖਾ ਰਿਹਾ ਹੈ। ਕਈ ਅਕਲਾਂ ਵਾਲੇ ਸੁੱਕੇ ਪੱਤਿਆਂ ਵਾਂਗ ਜਿਧਰ ਵਾ ਲਈ ਜਾਂਦੀ ਹੈ, ਉੱਧਰ ਉੱਡਦੇ ਜਾ ਰਹੇ ਹਨ, ਪਰ ਨਹੀਂ ਜਾਣਦੇ ਕਿ “ਜਾਨ ਦੇ ਵੈਰੀ” ਵੀ ਕਈ ਵਾਰ ਦੋਸਤਾਂ ਵਾਂਗ ਮਿਲਿਆ ਕਰਦੇ ਹਨ।