ਪੁਲਿਸ ਮੁਲਾਜ਼ਮਾਂ ਕੋਲੋਂ ਹੈਰੋਇਨ ਫੜੇ ਜਾਣ ਦਾ ਮਾਮਲਾ ਭਖਿਆ

ਚੰਡੀਗੜ੍ਹ: ਪੁਲਿਸ ਮੁਲਾਜ਼ਮਾਂ ਕੋਲੋਂ ਹੈਰੋਇਨ ਫੜੇ ਜਾਣ ਦਾ ਮਾਮਲਾ ਭਖ ਗਿਆ ਹੈ। ਵਿਰੋਧੀ ਧਿਰਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤੀ ਹੈ।

ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਤੋਂ ਫਿਰੋਜ਼ਪੁਰ ਵਿਚ ਦੋ ਪੁਲਿਸ ਮੁਲਾਜ਼ਮਾਂ ਕੋਲੋਂ ਬਰਾਮਦ ਹੋਈ ਦੋ ਕਿਲੋ ਹੈਰੋਇਨ ਦੇ ਮਾਮਲੇ ਦਾ ਨੋਟਿਸ ਲੈ ਕੇ ਨਿਆਇਕ ਜਾਂਚ ਕਰਵਾਉਣ ਦੀ ਮੰਗ ਕੀਤੀ।
ਸੀਨੀਅਰ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਫਿਰੋਜ਼ਪੁਰ ਵਿਚ ਸਰਹੱਦ ਨੇੜਲੇ ਪਿੰਡ ਢਾਂਡੀਵਾਲ ਵਿਚ ਨਸ਼ਾ ਰੋਕਥਾਮ ਕਮੇਟੀ ਤੇ ਬੀ.ਐਸ.ਐਫ. ਨੇ ਦੋ ਪੁਲਿਸ ਮੁਲਾਜ਼ਮਾਂ ਨੂੰ ਦੋ ਕਿੱਲੋ ਹੈਰੋਇਨ ਸਣੇ ਫੜਿਆ ਸੀ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਫਿਰੋਜ਼ਪੁਰ ਪੁਲਿਸ ਦੇ ਅਧਿਕਾਰੀਆਂ ਕਹਿ ਰਹੇ ਹਨ ਕਿ ਜਲੰਧਰ ਦੇ ਦੋ ਪੁਲਿਸ ਅਧਿਕਾਰੀ ਦੋ ਕਿਲੋ ਹੈਰੋਇਨ ਨਾਲ ਫੜੇ ਗਏ ਹਨ, ਜਦਕਿ ਦੂਜੇ ਪਾਸੇ ਐਸ.ਐਸ.ਪੀ. ਮੁਖਵਿੰਦਰ ਸਿੰਘ ਭੁੱਲਰ ਦਾਅਵੇ ਕਰ ਰਹੇ ਹਨ ਕਿ 9 ਸਤੰਬਰ ਨੂੰ ਫੜੇ ਗਏ ਨਸਾ ਤਸਕਰ ਮਲਕੀਤ ਸਿੰਘ ਕਾਲੀ ਦੀ ਨਿਸ਼ਾਨਦੇਹੀ ‘ਤੇ ਪੁਲਿਸ ਮੁਲਾਜ਼ਮ ਹੈਰੋਇਨ ਬਰਾਮਦ ਕਰਨ ਗਏ ਸਨ।
ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਪੰਜਾਬ ‘ਚ ਨਸ਼ਿਆਂ ਦੀ ਤਸਕਰੀ ਰੋਕਣ ਲਈ ਨਾਰਕੋਟਿਕਸ ਕੰਟਰੋਲ ਬਿਊਰੋ (ਐਨ.ਸੀ.ਬੀ.) ਦਾ ਸਿੱਧਾ ਦਖਲ ਜਰੂਰੀ ਕਰਾਰ ਦਿੱਤਾ ਹੈ। ਫਿਰੋਜ਼ਪੁਰ ਵਿਚ ਸੀਮਾ ਸੁਰੱਖਿਆ ਬਲ ਵੱਲੋਂ ਦੋ ਪੁਲਿਸ ਮੁਲਾਜ਼ਮਾਂ ਨੂੰ ਇਕ ਵਾਹਨ ਦੇ ਟਾਇਰ ਵਿਚ ਲੁਕੋ ਕੇ ਦੋ ਕਿਲੋ ਹੈਰੋਇਨ ਲੈ ਕੇ ਜਾਂਦੇ ਹੋਏ ਫੜੇ ਜਾਣ ਦੀ ਘਟਨਾ ਨੂੰ ਗੰਭੀਰ ਕਰਾਰ ਦਿੰਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਹੁਣ ਸਥਿਤੀ ਅਜਿਹੀ ਹੈ ਕਿ ਪੰਜਾਬ ਵਿਚ ਲੋਕਾਂ ਦੀ ਸੁਰੱਖਿਆ ਲਈ ਤਾਇਨਾਤ ਪੁਲਿਸ ‘ਤੇ ਨਜ਼ਰ ਰੱਖਣ ਦਾ ਸਮਾਂ ਆ ਗਿਆ ਹੈ। ਸੁਨੀਲ ਜਾਖੜ ਨੇ ਕਿਹਾ ਕਿ ਸਰਕਾਰ ਨਸਾ ਤਸਕਰਾਂ ਦੀ ਬਜਾਏ ਨਸ਼ਿਆਂ ਦੇ ਕਾਰੋਬਾਰ ਵਿਚ ਸ਼ਾਮਲ ਲੋਕਾਂ ਨੂੰ ਬੇਨਕਾਬ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰਨ ਵਿਚ ਲੱਗੀ ਹੋਈ ਹੈ ਜਦਕਿ ‘ਆਪ‘ ਨੇ ਸਰਕਾਰ ਬਣਦਿਆਂ ਹੀ ਨਸ਼ੇ ਖਤਮ ਕਰਨ ਦਾ ਵਾਅਦਾ ਕੀਤਾ ਸੀ।
ਇਸ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿਹਾ ਕਿ ਸੂਬੇ ਦੇ ਲੋਕ ‘ਆਪ` ਸਰਕਾਰ ਦੇ ਹੱਥਾਂ ਵਿਚ ਸੁਰੱਖਿਅਤ ਨਹੀਂ ਹਨ। ਉਨ੍ਹਾਂ ਕਾਂਗਰਸੀ ਵਰਕਰਾਂ ਨੂੰ ਟੀਮਾਂ ਬਣਾ ਕੇ ਨਸ਼ਾ ਤਸਕਰਾਂ ਨੂੰ ਘੇਰਨ ਦਾ ਸੱਦਾ ਦਿੱਤਾ। ਉਨ੍ਹਾਂ ਕਾਂਗਰਸੀ ਵਰਕਰਾਂ, ਪੰਚਾਂ-ਸਰਪੰਚਾਂ ਨੂੰ ਨਸ਼ਿਆਂ ਦੇ ਖ਼ਾਤਮੇ ਖਿਲਾਫ ਅੱਗੇ ਆਉਣ ਦੀ ਪੁਰਜ਼ੋਰ ਅਪੀਲ ਕੀਤੀ।
ਬਾਜਵਾ ਨੇ ‘ਆਪ` ਕੇਜਰੀਵਾਲ `ਤੇ ਤਿੱਖਾ ਹਮਲਾ ਬੋਲਦਿਆਂ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ `ਚ ਸਰਕਾਰ ਬਣਨ `ਤੇ ਤਿੰਨ ਮਹੀਨੇ ਵਿਚ ਨਸ਼ਾ ਖ਼ਤਮ ਕਰਨ ਦਾ ਵਾਅਦਾ ਯਾਦ ਕਰਵਾਇਆ। ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਵਿਚ ਬੇਰੁਜ਼ਗਾਰੀ ਸਭ ਤੋਂ ਵੱਡਾ ਮੁੱਦਾ ਹੈ। ਸੂਬੇ `ਚ ਤਿੰਨ ਲੱਖ ਤੋਂ ਵੱਧ ਨੌਜਵਾਨ ਤਾਂ ਰੁਜ਼ਗਾਰ ਨਾ ਮਿਲਣ ਕਰਕੇ ਬਾਹਰਲੇ ਮੁਲਕਾਂ ਵਿਚ ਚਲੇ ਗਏ ਹਨ। ਸ੍ਰੀ ਬਾਜਵਾ ਨੇ ਅਰਵਿੰਦ ਕੇਜਰੀਵਾਲ ਦੇ ਪੰਜਾਬ ਦੌਰੇ ਨੂੰ ਫਲਾਪ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਦੀ ‘ਆਪ` ਸਰਕਾਰ ਨੇ ਸਿਰਫ ਭਾਸ਼ਣਾਂ ਨਾਲ ਪੰਜਾਬ ਦੇ ਉਦਯੋਗਪਤੀਆਂ ਅਤੇ ਸਨਅਤਕਾਰਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ‘ਆਪ` ਸਰਕਾਰ ਉਦਯੋਗਪਤੀਆਂ ਅਤੇ ਸਨਅਤਕਾਰਾਂ ਦੇ ਮਸਲਿਆਂ ਨੂੰ ਹੱਲ ਕਰਨ ਵਿਚ ਅਸਫਲ ਰਹੀ ਹੈ। ਇਸ ਤੋਂ ਇਲਾਵਾ ਹੋਰ ਫਰੰਟਾਂ ‘ਤੇ ਵੀ ਸਰਕਾਰ ਦੀ ਕਾਰਗੁਜ਼ਾਰੀ ਮਾੜੀ ਹੀ ਰਹੀ ਹੈ।