ਪੰਜਾਬ ਵਿਚ ਗੱਠਜੋੜ ਨੂੰ ਲੈ ਕੇ ਆਪਸ `ਚ ਹੀ ਖਹਿਬੜੇ ਕਾਂਗਰਸੀ ਆਗੂ

ਚੰਡੀਗੜ੍ਹ: ਲੋਕ ਸਭਾ ਚੋਣਾਂ ਨੂੰ ਲੈ ਕੇ ਕੌਮੀ ਪੱਧਰ ਉਤੇ ‘ਇੰਡੀਆ` ਗੱਠਜੋੜ ਬਾਰੇ ਬਣ ਰਹੇ ਮਾਹੌਲ ਪਿੱਛੋਂ ਪੰਜਾਬ ਵਿਚ ਸੱਤਾਧਾਰੀ ‘ਆਪ` ਤੇ ਵਿਰੋਧੀ ਧਿਰ ਕਾਂਗਰਸ ਦਰਮਿਆਨ ਸ਼ਬਦੀ ਜੰਗ ਹੋਰ ਤਿੱਖੀ ਹੋ ਗਈ ਹੈ। ਇਸ ਦੌਰਾਨ ਕਾਂਗਰਸੀ ਆਗੂ ਆਪਸ ਵਿਚ ਵੀ ਉਲਝਦੇ ਨਜ਼ਰ ਆ ਰਹੇ ਹਨ।

ਹੁਣ ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਪੰਜਾਬ ਵਿਚ ‘ਆਪ` ਤੇ ਕਾਂਗਰਸ ਵਿਚਾਲੇ ਗੱਠਜੋੜ ਨੂੰ ਲੈ ਕੇ ਬਿਨਾਂ ਕਿਸੇ ਦਾ ਨਾਮ ਲਏ ਪਾਰਟੀ ਦੇ ਸੀਨੀਅਰ ਲੀਡਰਾਂ ਖ਼ਿਲਾਫ਼ ਤਿੱਖੇ ਤੇਵਰ ਦਿਖਾਏ ਹਨ। ਬਿੱਟੂ ਨੇ ਕਿਹਾ, ‘’ਜਿਨ੍ਹਾਂ ਆਗੂਆਂ ਨੂੰ ਕਾਂਗਰਸ ਹਾਈ ਕਮਾਨ ਦਾ ਫੈਸਲਾ ਮਨਜ਼ੂਰ ਨਹੀਂ ਹੈ ਤਾਂ ਉਹ ਅਸਤੀਫ਼ਾ ਦੇ ਦੇਣ।“ ਕੁਝ ਦਿਨ ਪਹਿਲਾਂ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਪੰਜਾਬ ਵਿਚ ਸਿਆਸੀ ਗੱਠਜੋੜ ਨੂੰ ਲੈ ਕੇ ਸਮਝੌਤੇ ਦੀ ਹਮਾਇਤ ਵਿਚ ਨਿੱਤਰੇ ਸਨ। ਹੁਣ ਰਵਨੀਤ ਬਿੱਟੂ ਦੂਸਰੇ ਅਜਿਹੇ ਕਾਂਗਰਸੀ ਨੇਤਾ ਹਨ ਜਿਨ੍ਹਾਂ ਨੇ ਸਮਝੌਤੇ ਦੇ ਪੱਖ `ਚ ਖੁੱਲ੍ਹੀ ਤਰਫ਼ਦਾਰੀ ਕੀਤੀ ਹੈ। ਦੱਸਣਯੋਗ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪਿਛਲੇ ਦਿਨੀਂ ਪੰਜਾਬ ਵਿਚ ‘ਆਪ` ਨਾਲ ਗੱਠਜੋੜ ਖ਼ਿਲਾਫ਼ ਖੜ੍ਹੇ ਹੁੰਦਿਆਂ ਕਿਹਾ ਸੀ ਕਿ ਪੰਜਾਬ ਵਿਚ ਕਾਂਗਰਸ ਇਕੱਲੇ ਤੌਰ `ਤੇ ਆਗਾਮੀ ਲੋਕ ਸਭਾ ਚੋਣਾਂ ਲੜੇਗੀ। ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਮੋੜਵਾਂ ਇਸ਼ਾਰਾ ਕਰ ਦਿੱਤਾ ਸੀ ਕਿ ਉਹ ਚੋਣਾਂ ਲੜਨੀਆਂ ਵੀ ਜਾਣਦੇ ਹਨ ਅਤੇ ਜਿੱਤਣਾ ਵੀ ਜਾਣਦੇ ਹਨ। ਇਹੋ ਜਿਹੀ ਗੱਲ ਹੀ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਕੀਤੀ ਸੀ। ਰਵਨੀਤ ਬਿੱਟੂ ਨੇ ਕਿਹਾ ਹੈ ਕਿ ਅਗਲੀਆਂ ਚੋਣਾਂ ਨੂੰ ਲੈ ਕੇ ਸਮਝੌਤਾ ਹੋ ਚੁੱਕਾ ਹੈ ਅਤੇ ਗੱਠਜੋੜ ਨੂੰ ਲੈ ਕੇ ਕਮੇਟੀਆਂ ਵੀ ਬਣ ਚੁੱਕੀਆਂ ਹਨ। ਉਨ੍ਹਾਂ ਕਿਹਾ, ‘’ਜੇਕਰ ਕੋਈ ਅੱਜ ਕਾਂਗਰਸ ਪ੍ਰਧਾਨ ਜਾਂ ਵਿਰੋਧੀ ਧਿਰ ਦਾ ਨੇਤਾ ਹੈ ਤਾਂ ਕਾਂਗਰਸ ਦੀ ਬਦੌਲਤ ਹੀ ਹੈ। ਜੇਕਰ ਕਿਸੇ ਨੂੰ ਸਮਝੌਤਾ ਪ੍ਰਵਾਨ ਨਹੀਂ ਹੈ ਤਾਂ ਉਹ ਅਸਤੀਫ਼ਾ ਦੇਵੇ।“ ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਅਜਿਹੇ ਆਗੂ ਅਹੁਦੇ ਨੂੰ ਮਾਣ ਰਹੇ ਹਨ ਅਤੇ ਦੂਸਰੇ ਪਾਸੇ ਪਾਰਟੀ ਦਾ ਹੁਕਮ ਵੀ ਨਹੀਂ ਮੰਨ ਰਹੇ ਹਨ। ਪਾਰਟੀ ਹਾਈਕਮਾਨ ਤੋਂ ਪਾਸੇ ਜਾਣਾ ਕਿਸੇ ਤਰ੍ਹਾਂ ਦਾ ਜਾਇਜ਼ ਨਹੀਂ ਹੈ।