‘ਚਿੱਟੇ’ ਦੀ ਖੇਡ

ਪੀ.ਐਸ.ਰੋਡੇ
ਫੋਨ: 737 274 2370
ਗਰੀਬ ਕਿਸਾਨ ਦਾ ਪੁੱਤਰ ‘ਬਲਤੇਜ਼’ ਇਕ ਹਸਮੁੱਖ, ਮਖੌਲੀਆ ਅਤੇ ਸੂਝਵਾਨ ਮੁੰਡਾ ਸੀ| ਪੜ੍ਹਾਈ ਦੇ ਨਾਲ-ਨਾਲ ਉਹ ਅਪਣੇ ਬਾਪ ‘ਜਗਤਾਰ ਸਿੰਘ’ (ਤਾਰਾ) ਦਾ, ਖੇਤੀ ਨਾਲ ਸਬੰਧਤ ਸਾਰੇ ਕੰਮਾਂ ‘ਚ ਹੱਥ ਵਟਾਉਂਦਾ ਸੀ।

ਪਿੰਡ ਦੇ ਸਰਕਾਰੀ ਸਕੂਲ ਤੋਂ ਪਲੱਸ-ਟੂ ਪਾਸ ਕਰਨ ਤੋਂ ਬਾਅਦ, ਅੱਗੇ ਪੜ੍ਹਾਈ ਕਰਨ ਦੀ ਬਜਾਏ ਉਸ ਨੇ ਆਈਲੈਟਸ ਕਰਨ ਦਾ ਫੈਸਲਾ ਕਰ ਲਿਆ| ਉਹ ਦੋ ਵਾਰ ਟੈਸਟ ‘ਚ ਬੈਠਾ ਵੀ ਪਰ ਗੱਲ ਨਹੀਂ ਬਣੀ, ਦੋਨੋਂ ਵਾਰ ਉਹ ਸਾਢੇ-ਪੰਜ ਤੋਂ ਵੱਧ ਬੈਂਡ ਨਾ ਲਿਜਾ ਸਕਿਆ| ਉਹ ਤੀਜੀ ਵਾਰ ਵੀ ਟੈਸਟ ਦੇ ਸਕਦਾ ਸੀ ਪਰ ਉਸਨੇ ਅਜਿਹਾ ਨਾ ਕਰਨ ਦਾ ਫੈਸਲਾ ਲੈ ਲਿਆ| ਬਾਪ ਜਗਤਾਰ ਸਿੰਘ ਨੇ ਬਹੁਤ ਕਿਹਾ ਕਿ ਔਖੇ-ਸੌਖੇ ਇਕ ਵਾਰ ਹੋਰ ਫੀਸ ਭਰ ਦਿੰਦੇ ਹਾਂ ਪਰ ਉਹ ਨਹੀਂ ਮੰਨਿਆ| ਉਸਦਾ ਕਹਿਣਾ ਸੀ ਕਿ ਹੁਣ ਤਾਂ ਇਹ ਖਾਹ-ਮਖਾਹ ਪੈਸੇ ਦੀ ਬਰਬਾਦੀ ਐ| ਅਸਲ ‘ਚ ਉਹ ਆਪਾ-ਵਿਸ਼ਵਾਸ ਖੋ ਬੈਠਾ ਸੀ| ਇਸ ਤੋਂ ਵੀ ਵੱਧ ਮਾੜੀ ਗੱਲ ਇਹ ਹੋਈ ਕਿ ਉਹ ਛੇਤੀ ਹੀ ਡਿਪਰੈਸ਼ਨ ਦਾ ਸਿæਕਾਰ ਹੋ ਗਿਆ|
ਬਲਤੇਜ ਦਾ ਘਰ ਪਿੰਡ ਦੇ ਕੇਂਦਰ ‘ਚ ਸੀ| ਉਹ ਜਦੋਂ ਵੀ ਘਰ ਤੋਂ ਖੇਤ ਵੱਲ ਜਾਂਦਾ, ਰਸਤੇ ‘ਚ ਮਿਲਣ ਵਾਲੇ ਹਰ ਮਰਦ-ਔਰਤ ਨੂੰ ਬੁਲਾਉਂਦਾ ਤੇ ਹਾਲ-ਚਾਲ ਪੁੱਛਦਾ| ਕਦੇ ਕਹਿੰਦਾ,”ਭਾਬੀ ਤਕੜੀ ਐਂ!” ਕਿਸੇ ਨੂੰ, “ਚਾਚੀ ਅੱਜ ਸਵੇਰੇ-ਸਵੇਰੇ ਵਗੀ ਜਾ ਰਹੀ ਐਂ, ਸੁੱਖ ਐ?” ਕਿਸੇ ਨੂੰ,”ਉਏ ਤਾਇਆ ਤੂੰ ਹੁਣੇ ਬੁੱਢਾ ਹੋ ਚੱਲਿਆ ਐਂ! ਅਜੇ ਤਾਂ ਬਹੁਤ ਕੁੱਛ ਕਰਨ ਵਾਲਾ ਬਾਕੀ ਪਿਆ ਐ!” ਅਤੇ ਕਿਸੇ ਨੂੰ, “ਉਏ ਜੀਤਿਆ ਹੁਣ ਅੰਮਾਂ ਦਾ ਕੀ ਹਾਲ ਐ? ਦੁਬਾਰਾ ਤਾਂ ਬੁਖਾਰ ਨਹੀਂ ਹੋਇਆ?” ਆਦਿ| ਪਰ ਅੱਜ-ਕੱਲ੍ਹ ਉਹ ਚੁੱਪ-ਗੜੁੱਪ ਰਹਿਣ ਲੱਗ ਪਿਆ| ਉਹ ਬੁਲਾਏ ਤੋਂ ਵੀ ਘੱਟ ਹੀ ਬੋਲਦਾ ਸੀ!” “ਤਾਰਿਆ ਆਪਣੇ ਮੁੰਡੇ ਨੂੰ ਕੀ ਹੋ ਗਿਆ? ਬੜਾ ਉਦਾਸ-ਉਦਾਸ ਰਹਿੰਦਾ ਐ!” ਲੋਕ ਉਸਦੇ ਬਾਪ ਤੋਂ ਪੁੱਛਦੇ| ਇਕ ਦਿਨ ਪਿੰਡ ‘ਚੋਂ ਕਿਸੇ ਨੇ ਉਸਦੇ ਬਾਪ ਨੂੰ ਦੱਸਿਆ,” ਬਾਈ ‘ਤਾਰਿਆ’ ਕੱਲ ਆਪਣਾ ਬਲਤੇਜ ਸਾਡੇ ਖੇਤ ਕੋਲ ‘ਸੂਏ’ ਦੀ ਪਟੜੀ ‘ਤੇ ਗਲਤ ਮੁੰਡਿਆਂ ਨਾਲ ਬੈਠਾ ਸੀ, ਮੈਨੂੰ ਲਗਦਾ ਐ ਕਿ ਉਹ ਵੀ ‘ਚਿੱਟਾ’ ਲੈਣ ਲੱਗ ਪਿਆ ਐ!” “ਲਗਦਾ ਤਾਂ ਨੀਂ, ਜਦੋਂ ਘਰ ਆਉਂਦੈ ਉਦੋਂ ਤਾਂ ਠੀਕ ਹੁੰਦੈ!” ਜਗਤਾਰ ਨੇ ਜਵਾਬ ਦਿੱਤਾ| ਅਸਲ ‘ਚ ਜਗਤਾਰ ਨੇ ਝੂਠ ਬੋਲਿਆ ਸੀ, ਉਸਨੂੰ ਪਤਾ ਲੱਗ ਚੁੱਕਾ ਸੀ ਕਿ ਬਲਤੇਜ ਚਿੱਟਾ ਵਰਤਦਾ ਐ|
“ਮੁੰਡੇ ਦਾ ਕੀ ਕਰੀਏ? ਹੁਣ ਤਾਂ ਬੱਚੇ-ਬੱਚੇ ਨੂੰ ਪਤਾ ਲੱਗ ਗਿਆ ਐ ਕਿ ਬਲਤੇਜ ਚਿੱਟਾ ਲੈਂਦਾ ਐ!” ਤਾਰੇ ਨੇ ਆਪਣੀ ਪਤਨੀ ‘ਜੀਤੋ’ ਨੂੰ ਕਿਹਾ| “ਮੈਂ ਤਾਂ ਕਹਿਨੀਂ ਆਂ ਇਸਦੇ ਮਾਮੇ ਅਤੇ ਫੁੱਫੜ ਨੂੰ ਸੱਦੋ ਉਹ ਬਿਠਾ ਕੇ ਗੱਲ ਕਰਨਗੇ, ਆਪਣੀ ਤਾਂ ਨਹੀਂ ਮੰਨਦਾ ਸ਼ਾਇਦ ਉਨ੍ਹਾਂ ਦੀ ਝੇਪ ਮੰਨ ਲਵੇ!” ਮਾਮੇ ਤੇ ਫੁੱਫੜ ਨੇ ਗੱਲ ਕੀਤੀ ਤਾਂ ਬਲਤੇਜ ਨੇ ਅੱਗੇ ਤੋਂ ਨਸ਼ਾ ਨਾ ਕਰਨ ਦਾ ਵਾਅਦਾ ਕੀਤਾ ਪਰ ਕੋਈ ਫਰਕ ਨਹੀਂ ਪਿਆ, ਪਰਨਾਲਾ ਉੱਥੇ ਦਾ ਉੱਥੇ| “ਦੇਖ ਕਿਵੇਂ ਮੇਲ੍ਹਦਾ ਜਾਂਦਾ ਐ”! ਗਲੀ ‘ਚ ਲੜਖੜਾ ਕੇ ਤੁਰੇ ਜਾਂਦੇ ਬਲਤੇਜ ਨੂੰ ਦੇਖ ਕੇ ਚਾਚੀ ‘ਭਾਨੋਂ’ ਨੇ ਕਿਹਾ| ਘਰਾਂ ਦੇ ਬੂਹਿਆਂ ‘ਚ ਖੜੇ ਲੋਕ ਬੇਸ਼ੱਕ ਹੱਸ ਰਹੇ ਸਨ ਪਰ ਉਨ੍ਹਾਂ ਨੂੰ ਅਫਸੋਸ ਵੀ ਬਹੁਤ ਸੀ ਕਿ ‘ਕੀ ਤੋਂ ਕੀ ਹੋ ਗਿਆ’| ਜਦ ਬਲਤੇਜ ਘਰ ‘ਚ ਦਾਖਲ ਹੋਇਆ ਤਾਂ ਮਾਂ ਜੀਤੋ ਨੇ ਬਾਂਹ ਤੋਂ ਫੜ ਕੇ ਮੰਜੇ ‘ਤੇ ਬਿਠਾਇਆ ਅਤੇ ਕੋਲ ਬੈਠ ਕੇ ਰੋਣ ਲੱਗ ਪਈ| “ਵੇ ਤੇਰੀ ਘੜੀ ਕਿੱਥੇ ਐ?” ਖਾਲੀ ਗੁੱਟ ਦੇਖ ਕੇ ਰੋਂਦੀ-ਰੋਂਦੀ ਮਾਂ ਨੇ ਪੁੱਛਿਆ| “ਪਤਾ ਨਹੀਂ ਕਿੱਥੇ ਡਿੱਗ ਪਈ!” ਬਲਤੇਜ ਨੇ ਜਵਾਬ ਦਿੱਤਾ| “ਡਿੱਗ ਪਈ ਕਿ ਵੇਚ ਕੇ ਨਸ਼ਾ ਲੈ ਲਿਆ?” ਮਾਂ ਨੇ ਪੁੱਛਿਆ| ਬਲਤੇਜ ਚੁੱਪ ਸੀ|
“ਮੁੰਡੇ ਨੇ ਇਕ ਹੋਰ ਕਾਰਾ ਕਰਤਾ! ਮੇਰੀਆਂ ਤਾਂ ‘ਵਾਲੀਆਂ’ ਨਹੀਂ ਲੱਭਦੀਆਂ?” ਕਮਰੇ ‘ਚੋਂ ਬਾਹਰ ਆ ਕੇ ਜੀਤੋ ਨੇ ਵਿਹੜੇ ‘ਚ ਬੈਠੇ ਤਾਰੇ ਨੂੰ ਦੱਸਿਆ| “ਤੂੰ ਪੇਟੀ ਨੂੰ ਜਿੰਦਰਾ ਲਾ ਕੇ ਰੱਖਣਾ ਸੀ, ਨਸੇæ ਵਾਲੇ ਬੰਦੇ ‘ਤੇ ਕਾਹਦਾ ਯਕੀਨ!” ਤਾਰਾ ਬੋਲਿਆ| “ਕੁੜੇ ਜੀਤੋ ਕਿਵੇਂ ਮੂੰਹ ਲਟਕਾਈ ਬੈਠੀ ਐਂ! ਸੁੱਖ ਤਾਂ ਹੈ?” “ਖੰਡ ਦੀ ਕੌਲੀ ਉਧਾਰੀ ਲੈਣ ਆਈ ਗੁਆਂਢਣ ‘ਤਾਰੋ’ ਨੇ ਪੁੱਛਿਆ| “ਸੁੱਖ ਕਾਹਦੀ ਭੈਣੇ, ਸੁੱਖ ਦੇ ਦਿਨ ਤਾਂ ਕਦੋਂ ਦੇ ਗੁਜ਼ਰਗੇ!” ਜੀਤੋ ਨੇ ਤਾਰੋ ਨੂੰ ਵਾਲੀਆਂ ਗੁੰਮ ਹੋਣ ਵਾਲੀ ਗੱਲ ਦੱਸੀ| ਉਹ ਗੱਲਾਂ ਕਰ ਈ ਰਹੇ ਸਨ ਕਿ ਉਨ੍ਹਾਂ ਨੂੰ ਪੈਦਲ ਤੁਰਿਆ ਆਉਂਦਾ ਬਲਤੇਜ ਦਿਸਿਆ| “ਉਏ ਤੇਰਾ ਸਾਈਕਲ ਕਿੱਥੇ ਐ! ਕਿਧਰੇ ਵੇਚ ਤਾਂ ਨੀਂ ਆਇਆ?” ਤਾਰੇ ਨੇ ਪੁੱਛਿਆ| “ਨਹੀਂ ਬਾਪੂ ਉਹ ਤਾਂ ਚੋਰੀ ਹੋ ਗਿਆ, ਮੈਂ ਖੜਾ ਕਰ ਕੇ ਦੁਕਾਨ ਦੇ ਅੰਦਰ ਗਿਆ ਪਰ ਜਦੋਂ ਵਾਪਿਸ ਮੁੜਿਆ ਤਾਂ ਸਾਈਕਲ ਗੁੰਮ ਸੀ!” ਅਸਲ ‘ਚ ਉਸ ਨੇ ਸਾਈਕਲ ਵੇਚ ਕੇ ਨਸ਼ਾ ਖਰੀਦ ਲਿਆ ਸੀ| “ਅਤੇ ਮੇਰੀਆਂ ਵਾਲੀਆਂ ਕੀਹਨੂੰ ਵੇਚ ਕੇ ਆਇਆ ਐਂ?” ਜੀਤੋ ਨੇ ਨਾਲ ਲਗਦੇ ਈ ਸਵਾਲ ਕੀਤਾ| “ਵਾਲੀਆਂ ਦਾ ਮੈਨੂੰ ਕੀ ਪਤੈ! ਖਵਰੇ ਕੌਣ ਲੈ ਗਿਆ!” ਬਲਤੇਜ ਬੋਲਿਆ| ਇਹ ਸੁਣ ਕੇ ਜਗਤਾਰ ਸਿੰਘ ਨੂੰ ਗੁੱਸਾ ਚੜ੍ਹ ਗਿਆ| ਉਸ ਨੇ ਡਾਂਗ ਚੁੱਕੀ ਅਤੇ ਬਲਤੇਜ ਦੇ ਮਾਰਨ ਹੀ ਲੱਗਿਆ ਸੀ ਕਿ ਜੀਤੋ ਅਤੇ ਤਾਰੋ ਵਿਚਕਾਰ ਹੋ ਗਈਆਂ| ਇਹ ਸੱਭ ਕੁੱਝ ਦੇਖ ਕੇ ਕੋਲ ਬੈਠੀ ਬੇਟੀ ਬਲਜੀਤ ਉੱਚੀ-ਉੱਚੀ ਰੋਣ ਲੱਗ ਪਈ| “ਕੰਜਰਾ ਤੂੰ ਆਪ ਤਾਂ ਮਰਨਾਂ ਈ ਐ ਨਾਲ ਸਾਨੂੰ ਵੀ ਮੰਗਣ ਲਾਵੇਂਗਾ!” ਗੁੱਸੇ ‘ਚ ਬੋਲਦਿਆਂ ਜਗਤਾਰ ਸਿੰਘ ਦਾ ਸਰੀਰ ਕੰਬ ਰਿਹਾ ਸੀ| “ਜੇ ਮੇਰੀ ਮੰਨੋ ਤਾਂ ਸਰਪੰਚ ਨੂੰ ਦੱਸੋ, ਉਹ ਨਾਲੇ ਇਸਨੂੰ ਸਮਝਾਊਗਾ ਅਤੇ ਨਾਲੇ ਡਰਾਊਗਾ!” ਘਰ ਆਈ ਗੁਆਂਢਣ ਬੋਲੀ|
ਸਰਪੰਚ ਹਰਜੀਤ ਸਿੰਘ ਘਰ ਆਇਆ ਤਾਂ ਉਸਨੇ ਬਲਤੇਜ ਨੂੰ ਆਪਣੇ ਕੋਲ ਬਿਠਾ ਕੇ ਨਸੇæ ਨਾਲ ਮਰਨ ਵਾਲੇ ਮੁੰਡਿਆਂ ਦੇ ਨਾਮ ਦੱਸੇ ਅਤੇ ਸਮਝਾਇਆ ਕਿ ਜੇ ਤੂੰ ਇਸ ਨਸੇæ ਤੋਂ ਨਾ ਹਟਿਆ ਤਾਂ ਤੇਰੀ ਮੌਤ ਯਕੀਨੀ ਐ| ਉਸਨੇ ਇਹ ਵੀ ਦੱਸਿਆ ਕਿ ਜੇ ਤੂੰ ਮਰ ਗਿਆ ਤਾਂ ਤੇਰੇ ਮਾਂ-ਬਾਪ ਅਤੇ ਛੋਟੀ ਭੈਣ ਦਾ ਕੀ ਹਸ਼ਰ ਹੋਵੇਗਾ| ਆਖਿਰ ‘ਤੇ ਉਸਨੇ ਉਸਨੂੰ ਪੁਲਸ ਕੋਲ ਫੜਾਉਣ ਦਾ ਡਰਾਵਾ ਵੀ ਦਿੱਤਾ| ਬਲਤੇਜ ਨੇ ਸਰਪੰਚ ਨਾਲ ਵਾਅਦਾ ਕੀਤਾ ਕਿ ਅੱਜ ਤੋਂ ਬਾਅਦ ਉਹ ਡਰੱਗ ਤੋਂ ਦੂਰ ਰਹੇਗਾ| ਸਰਪੰਚ ਆਪਣੀ ਕਾਰਵਾਈ ਪਾ ਕੇ ਚਲਾ ਗਿਆ, ਉਂਜ ਉਸਨੂੰ ਪਤਾ ਸੀ ਕਿ ਬਲਤੇਜ ਦਾ ਵਾਅਦਾ ਝੂਠਾ ਹੈ ਅਤੇ ਉਹ ਹਰ ਹਾਲ ਨਸ਼ਾ ਕਰੇਗਾ ਇਸ ਲਈ ਮਨ ਹੀ ਮਨ ਉਸਨੇ ਬਲਤੇਜ ਬਾਰੇ ‘ਕੁੱਝ ਹੋਰ’ ਵੀ ਸੋਚ ਰੱਖਿਆ ਸੀ!
ਜਦੋਂ ਸਰਪੰਚ, ਤਾਰੇ ਦੇ ਘਰੋਂ ਚਲਾ ਗਿਆ ਤਾਂ ਘੰਟੇ ਕੁ ਬਾਅਦ ਬਲਤੇਜ ਵੀ ਘਰੋਂ ਨਿਕਲ ਗਿਆ| ਸ਼ਾਮ ਨੂੰ ਜਦ ਉਹ ਵਾਪਿਸ ਘਰ ਪਰਤਿਆ ਤਾਂ ਨਸੇæ ‘ਚ ਗਲਤਾਨ ਸੀ| ਤਾਰੇ ਅਤੇ ਜੀਤੋ ਨੇ ਤਾਂ ਉਸਨੂੰ ਬੁਲਾਇਆ ਈ ਨਹੀਂ ਪਰ ਛੋਟੀ ਭੈਣ ਬਲਜੀਤ ਨੇ ਜਦ ਦਾਲ-ਰੋਟੀ ਦੀ ਪਲੇਟ ਫੜਾਈ ਤਾਂ ਉਹ ਚੁੱਪ-ਚਾਪ ਅੱਧ-ਪਚੱਧੀ ਖਾ ਕੇ ਸੌਂ ਗਿਆ| ਕੁੱਝ ਦਿਨਾਂ ਬਾਅਦ ਪਤਾ ਲੱਗਾ ਕਿ ਘਰ ਦੇ ਕੁੱਝ ਭਾਂਡੇ ਗਾਇਬ ਹਨ| ਇਕ ਦਿਨ ਤਾਏ ਦੇ ਮੁੰਡੇ ਨੇ ਦੱਸਿਆ ਕਿ ਉਨ੍ਹਾਂ ਦੇ ਟਰੈਕਟਰ ਦੀ ਬੈਟਰੀ ਚੋਰੀ ਹੋ ਗਈ ਐ ਅਤੇ ਸ਼ੱਕ ਦੀ ਸੂਈ ਬਲਤੇਜ ‘ਤੇ ਈ ਟਿਕਦੀ ਹੈ| ਸਰਪੰਚ ਤੱਕ ਹਰ ਖ਼ਬਰ ਪਹੁੰਚ ਰਹੀ ਸੀ| ਉਸਨੇ ਆਪਣੇ ਭਤੀਜੇ ‘ਪੂਰਨ’ ਦੀ ਡਿਊਟੀ ਲਾਈ ਕਿ ਜਦੋਂ ਬਲਤੇਜ ਨੇ ਨਸ਼ਾ ਨਾ ਕੀਤਾ ਹੋਵੇ, ਉਸਨੂੰ ਉਸ ਕੋਲ ਲੈ ਕੇ ਆਵੇ| ਪੂਰਨ ਨੇ ਉਹੀ ਕੀਤਾ ਜੋ ਸਰਪੰਚ ਨੇ ਕਿਹਾ ਸੀ, ਤਿੰਨ ਦਿਨਾਂ ਬਾਅਦ ਉਹ ‘ਸੋਫੀ’ ਬਲਤੇਜ ਨੂੰ ਸਰਪੰਚ ਦੇ ਕੋਲ ਲੈ ਆਇਆ| ਆਉਂਦਿਆਂ ਦੀ ਬਲਤੇਜ ਨੇ ਕੁਰਸੀ ‘ਤੇ ਬੈਠੇ ਸਰਪੰਚ ਦੇ ਗੋਡੀਂ ਹੱਥ ਲਾਏ ਤਾਂ ਸਰਪੰਚ ਨੇ ਸੈਣਤ ਨਾਲ ਉਸਨੂੰ ਮੰਜੇ ‘ਤੇ ਬੈਠ ਜਾਣ ਲਈ ਕਿਹਾ|
“ਕਿਵੇਂ ਐਂ ਬਲਤੇਜ ਸਿਆਂ, ਭੱਜ ਗਿਆ ਐਂ ਵਾਅਦੇ ਤੋਂ?” “ਗਲਤੀ ਹੋ ਗਈ ਸਰਪੰਚ ਸਾਹਿਬ ਪਰ ਅੱਜ ਤੋਂ ਬਾਅਦ ਨਹੀ ਹੋਵੇਗੀ, ਮੈਨੂੰ ਮੁਆਫ ਕਰ ਦਿਓ!” ਸੁਣ ਚੋਬਰਾ, ਇਹ ਤਾਂ ਤੈਨੂੰ ਵੀ ਪਤਾ ਐ ਅਤੇ ਮੈਨੂੰ ਵੀ ਕਿ ਤੂੰ ‘ਚਿੱਟਾ’ ਛੱਡ ਨਹੀਂ ਸਕਦਾ ਪਰ ਮੈਂ ਤੈਨੂੰ ਘਰ ਇਸ ਲਈ ਸੱਦਿਆ ਐ ਕਿ ਤੂੰ ਨਸ਼ਾ ਭਾਵੇਂ ਨਾ ਛੱਡ ਪਰ ਤੈਨੂੰ ਆਪਦੇ ਮਾਪਿਆਂ ‘ਤੇ ਬੋਝ ਨਹੀਂ ਬਣਨਾ ਚਾਹੀਦਾ, ਸਗੋਂ ਉਨ੍ਹਾਂ ਦੀ ਥੋੜੀ-ਬਹੁਤੀ ਮੱਦਦ ਕਰਨੀ ਚਾਹੀਦੀ ਐ!” “ਗੱਲ ਤਾਂ ਥੋਡੀ ਠੀਕ ਐ ਸਰਪੰਚ ਸਾਬ੍ਹ ਪਰ ਖਰਚਾ ਤਾਂ ਮੈਥੋਂ ਆਵਦਾ ਨੀਂ ਪੂਰਾ ਹੁੰਦਾ, ਘਰਦਿਆਂ ਦੀ ਮੱਦਦ ਮੈਂ ਕਿਵੇਂ ਕਰ ਸਕਦਾ ਆਂ?” “ਢੰਗ ਤਾਂ ਤੈਨੂੰ ਮੈਂ ਦੱਸ ਦਿੰਦਾ ਆਂ ਪਰ ਕਿਸੇ ਕੋਲ ਮੇਰਾ ਨਾਮ ਨਹੀਂ ਲੈਣਾ!” “ਠੀਕ ਐ ਸਰਪੰਚ ਸਾਹਿਬ ਪਰ ਢੰਗ ਤਾਂ ਦੱਸੋ?” “ਸੁਣ ਫਿਰ! ਢੰਗ ਇਹ ਐ ਕਿ ਤੂੰ ਨਸ਼ਾ ਵੇਚ! ਨਾਲੇ ਨਸ਼ਾ ਆਪ ਵਰਤ ਅਤੇ ਨਾਲੇ ਕਮਾਈ ਕਰ, ਹੌਲੀ-ਹੌਲੀ ਮੋਟਰ-ਸਾਈਕਲ ਵੀ ਖਰੀਦ ਲਈਂ!” “ਪਰ ਜੇ ਪੁਲਸ ਨੇ ਫੜ ਲਿਆ ਫੇਰ?” ਬਲਤੇਜ ਨੇ ਸੰਸਾ ਜ਼ਾਹਰ ਕੀਤਾ| “ਪੁਲਸ ਨੂੰ ਮੈਂ ਆਪੇ ਸਾਂਭ ਲਊਂ ਤੂੰ ਉਸਦਾ ਫਿਕਰ ਨਾ ਕਰ!” ਸਰਪੰਚ ਨੇ ਗਰੰਟੀ ਦਿੱਤੀ| “ਜੇ ਇਹ ਗੱਲ ਐ ਸਰਪੰਚ ਜੀ ਤਾਂ ਮੈਨੂੰ ਥੋੜਾ ਸੋਚ ਲੈਣ ਦਿਓ!” “ਸੋਚ ਕੇ ਕੀ ਕਰੇਂਗਾ? ਘਰ ਦੇ ਚੰਗੇ-ਚੰਗੇ ਭਾਂਡੇ ਤਾਂ ਤੂੰ ਪਹਿਲਾਂ ਈ ਵੇਚ ਦਿੱਤੇ ਐ, ਹੁਣ ਕੌਲੀਆਂ-ਬਾਟੀਆਂ ਵੇਚ ਕੇ ਨਸ਼ਾ ਨਹੀਂ ਮਿਲਣਾ!” ਸੁਣ ਕੇ ਬਲਤੇਜ ਨੇ ਥੋੜਾ ਸੋਚਿਆ ਤੇ ਬੋਲਿਆ,”ਠੀਕ ਐ ਸਰਪੰਚ ਸਾਹਿਬ ਮੈਂ ਤਿਆਰ ਆਂ ਪਰ ਵੇਚਣ ਲਈ ‘ਚਿੱਟਾ’ ਮਿਲੂ ਕਿੱਥੋਂ?” “ਚਿੱਟਾ ਮਿਲੂ ਤੈਨੂੰ ਦੀਸੇæ ਮਹਾਜਨ ਤੋਂ, ਉਸ ਨੂੰ ਮੈਂ ਸਾਰੀ ਗੱਲ ਸਮਝਾ ਦੇਵਾਂਗਾ ਪਰ ਇਕ ਹੋਰ ਗੱਲ ਵੀ ਸਮਝ ਲੈ!” “ਜੀ ਉਹ ਕਿਹੜੀ?” ਬਲਤੇਜ ਨੇ ਪੁੱਛਿਆ| “ਉਹ ਇਹ ਕਿ ਜਿਹੜੀ ਕਮਾਈ ਹੋਊ ਉਸ ‘ਚੋਂ ਇਕ ਹਿੱਸਾ ਤੇਰਾ ਅਤੇ ਤਿੰਨ ਹਿੱਸੇ ਸਾਡੇ!” “ਤਿੰਨ ਹਿੱਸੇ?” ਇਹ ਕਹਿ ਕੇ ਬਲਤੇਜ ਨੇ ਸਰਪੰਚ ਦੀ ਨਜ਼ਰ ਨਾਲ ਨਜ਼ਰ ਮਿਲਾਈ| “ਹੈਰਾਨ ਹੋਣ ਵਾਲੀ ਕੋਈ ਗੱਲ ਨਹੀਂ, ਇਕ ਹਿੱਸਾ ਮੇਰਾ, ਇਕ ਪੁਲਸ ਦਾ ਅਤੇ ਇਕ ਐਮ ਐਲ ਏ ‘ਪਰਸ਼ਨ ਸਿੰਘ ਬਰਾੜ ਦਾ! ਮੇਰੇ ਹਿੱਸੇ ‘ਚੋਂ ਅੱਧ ਫਿਰ ਪੁਲਸ ਨੇ ਲੈ ਜਾਣਾ ਐ!” “ਮੈਂ ਸਮਝ ਗਿਆ ਪਰ ਪੁਲਸ ਥੋਡੇ ਹਿੱਸੇ `ਚੋਂ ਅੱਧ ਕਿਓਂ ਲੈ ਜਾਂਦੀ ਐ? ਇਸ ਗੱਲ ਦੀ ਸਮਝ ਨਹੀਂ ਆਈ!” “ਪਤਾ ਤਾਂ ਮੈਨੂੰ ਵੀ ਨਹੀਂ, ਹੌਲਦਾਰ ਆਉਂਦਾ ਐ ਅਤੇ ਪੈਸੇ ਫੜ ਕੇ ਲੈ ਜਾਂਦਾ ਐ, ਅਖੇ ਇਹ ਏਜੰਸੀ ਦਾ ਹਿੱਸਾ ਐ!” ਦੱਸ ਕੇ ਸਰਪੰਚ ਮੁਸਕਰਾਇਆ| ਗੱਲਾਂ ਕਰਦਿਆਂ ਤੋਂ ਬਾਈਚਾਨਸ ਹੌਲਦਾਰ ਬਖਸੀਸ਼ ਸਿੰਘ ਵੀ ਆ ਗਿਆ। “ਆਓ ਹੌਲਦਾਰ ਸਾਬ੍ਹ ਤੁਸੀਂ ਠੀਕ ਟਾਈਮ ‘ਤੇ ਆ ਗਏ! ਇਹ ਹੈ ‘ਚਿੱਟੇ’ ਦਾ ਸਾਡਾ ਨਵਾਂ ਸੂਟਰ ਬਲਤੇਜ ਸਿੰਘ! ਕੱਲ ਤੋਂ ਇਹ ਵੀ ਚਿੱਟੇ ਦੀ ਖੇਡ ਦੇ ਮੈਦਾਨ ‘ਚ ਉਤਰੇਗਾ!” “ਠੀਕ ਐ ਸੇæਰਾ! ਖੇਡ ਬੇਫਿਕਰ ਹੋ ਕੇ, ਜਿੰਨਾ ਚਿਰ ਸਾਡੇ ਨਾਲ ਬਣਾ ਕੇ ਰੱਖੇਂਗਾ ਤੈਨੂੰ ਕਿਸੇ ਤੋਂ ਵੀ ਡਰਨ ਦੀ ਲੋੜ ਨਹੀਂ!” ਹੌਲਦਾਰ ਨੇ ਹੱਲਾ-ਸੇæਰੀ ਦਿੱਤੀ|
ਬਲਤੇਜ ਦਾ ‘ਕੰਮ’ ਸੋਹਣਾ ਚੱਲ ਪਿਆ| ਮੁੱਢ ‘ਚ ਉਸਦੇ ਸਿਰਫ ਪੰਜ ਗਾਹਕ ਸਨ ਪਰ ਇਕ ਸਾਲ ‘ਚ ਇਹ ਗਿਣਤੀ ਸੈਂਕੜਿਆਂ ਤੱਕ ਪਹੁੰਚ ਗਈ| ਪਹਿਲਾਂ ਉਸਦੇ ਗਾਹਕਾਂ ਦਾ ਘੇਰਾ ਆਪਣੇ ਪਿੰਡ ਤੱਕ ਸੀਮਤ ਸੀ ਪਰ ਫਿਰ ਉਸਦੀ ਕਾਬਲੀਅਤ ਦੇਖ ਥਾਣੇਦਾਰ ਨੇ ਉਸਨੂੰ ਚਾਰ ਪਿੰਡ ਹੋਰ ਦੇ ਦਿੱਤੇ। ਬਲਤੇਜ ਦਾ ਹਿਸਾਬ-ਕਿਤਾਬ ਬਿਲਕੁਲ ਸਾਫ਼ ਸੀ| ਕਮਾਈ ਦੇ ਤਿੰਨ ਹਿੱਸੇ ਉਹ ਸਮੇਂ-ਸਿਰ ਸਰਪੰਚ ਨੂੰ ਦੇ ਆਉਂਦਾ। ਉਸਦੇ ਗਾਹਕਾਂ ‘ਚ ਕੁੱਝ ਕਾਲਜ ਦੀਆਂ ਕੁੜੀਆਂ ਵੀ ਸਨ| ਕੁੜੀਆਂ ਦੀ ਗਾਹਕੀ ਦਾ ਕੰਮ ਉਸਦੇ ਪਿੰਡ ਦੀਆਂ ਦੋ ਕੁੜੀਆਂ ਤੋਂ ਸੁLਰੂ ਹੋਇਆ ਸੀ| ਪਹਿਲਾਂ-ਪਹਿਲਾਂ ਨਸ਼ਾ ਲੈਣ ਲਈ ਉਹ ਭਈਆਂ ਦੀ ਕੁੜੀ ‘ਗੰਗਾ’ ਨੂੰ ਭੇਜਦੀਆਂ ਪਰ ਜਦ ਉਹ ਡਰ ਗਈ ਤਾਂ ਇਨ੍ਹਾਂ ਕੁੜੀਆਂ ਨੇ ਬਲਤੇਜ ਤੱਕ ਸਿੱਧੀ ਪਹੁੰਚ ਕਰ ਲਈ| ਮੋਟਰ-ਸਾਈਕਲ ਤਾਂ ਉਸਨੇ ਪਹਿਲੇ ਤਿੰਨ ਮਹੀਨਿਆਂ ‘ਚ ਈ ਖਰੀਦ ਲਿਆ ਸੀ ਫਿਰ ਹੌਲਦਾਰ ਬਖਸੀਸ਼ ਸਿੰਘ ਦੇ ਕਹਿਣ ‘ਤੇ ਪਿਸਤੌਲ ਦਾ ਲਾਈਸੈਂਸ ਵੀ ਬਣਾ ਲਿਆ| ਹੁਣ ਉਹ ਪਹਿਲਾਂ ਵਾਂਗ ਨਸ਼ਾ ਨਹੀਂ ਸੀ ਕਰਦਾ! ਉਸਨੇ ਘਟਾ ਦਿੱਤਾ ਸੀ ਕਿਉਂਕਿ ਜਿਸ ਦਿਨ ਉਸਦਾ ਜ਼ਿਆਦਾ ਨਸ਼ਾ ਕੀਤਾ ਹੁੰਦਾ ਉਸ ਤੋਂ ਮੋਟਰਸਾਈਕਲ ਨਹੀਂ ਸੀ ਚਲਦਾ| ਉਹ ਇਕ ਪ੍ਰੋਫੈਸ਼ਨਲ ਬਲੈਕੀਆ ਬਣ ਚੁੱਕਿਆ ਸੀ|
ਨਸੇæ ਦੀ ਓਵਰ-ਡੋਜ਼ ਨਾਲ ਨੌਜਵਾਨਾਂ ਦੀ ਮੌਤ ਦੀਆਂ ਖਬਰਾਂ ਆਉਂਦੀਆਂ ਈ ਰਹਿੰਦੀਆਂ ਸਨ ਪਰ ਬਲਤੇਜ ਨੂੰ ਇਸ ਨਾਲ ਕੋਈ ਫਰਕ ਨਹੀਂ ਸੀ ਪੈਂਦਾ, ਇਕ ਸਾਲ ਤੋਂ ਉਹ ਬੇ-ਕਿਰਕ ਅਤੇ ਬੇ-ਦਰਦ ਹੋ ਕੇ ਨਸ਼ਾ ਵੇਚ ਰਿਹਾ ਸੀ! ਪਰ ਹੌਲੀ-ਹੌਲੀ ਇਹੀ ਖਬਰਾਂ ਉਸਨੂੰ ਪਰੇਸ਼ਾਨ ਕਰਨ ਲੱਗ ਪਈਆਂ| ਜਦੋਂ ਉਸਦੇ ਅਧੀਨ ਆਉਂਦੇ ਪੰਜ ਪਿੰਡਾਂ ‘ਚ ਕੋਈ ਮੌਤ ਹੁੰਦੀ ਤਾਂ ਉਸਨੂੰ ਇੰਜ ਲੱਗਦਾ ਕਿ ਇਸ ਮੌਤ ਦਾ ਜ਼ਿੰਮੇਵਾਰ ਉਹ ਖੁਦ ਹੈ! ਉਹ ਆਪਣੇ ਆਪ ਨੂੰ ਨੌਜਵਾਨਾਂ ਦਾ ਕਾਤਲ ਸਮਝਣ ਲੱਗ ਪਿਆ ਸੀ| ਉਪਰੋਂ ਇਕ ਗੱਲ ਹੋਰ! ਉਸ ਦੀ ਛੋਟੀ ਭੈਣ ਬਲਜੀਤ ਜਿਸਨੂੰ ਉਹ ਬਹੁਤ ਪਿਆਰ ਕਰਦਾ ਸੀ, ਦੀਆਂ ਗੱਲਾਂ ਨੇ ਉਸਦੀ ਪਰੇਸ਼ਾਨੀ ਹੋਰ ਵਧਾਉਣੀ ਸ਼ੁਰੂ ਕਰ ਦਿੱਤੀ| ਜਦ ਉਹ ਸਕੂਲ ਤੋਂ ਵਾਪਿਸ ਘਰ ਆਉਂਦੀ ਤਾਂ ਬਲਤੇਜ ਨੂੰ ਰੋ ਕੇ ਦੱਸਦੀ,”ਸਕੂਲ ‘ਚ ਕੁੜੀਆਂ ਮੈਨੂੰ ਬਲੈਕੀਏ ਦੀ ਭੈਣ” ਕਹਿੰਦੀਆਂ ਹਨ!” ਇਕ ਦਿਨ ਤਾਂ ਬਲਤੇਜ ਨੂੰ ਇਹ ਦੱਸ ਕੇ ਕਿ ਅੱਜ ਮੈਨੂੰ ਇਕ ਕੁੜੀ ਕਹਿੰਦੀ, “ਮੇਰੇ ਤਾਏ ਦਾ ਮੁੰਡਾ ਤੇਰੇ ਭਰਾ ਦੇ ਨਸੇæ ਨਾਲ ਮਰਿਆ ਹੈ!” ਉਹ ਉੱਚੀ-ਉੱਚੀ ਰੋਣ ਲੱਗ ਪਈ| ਬਲਤੇਜ ਨੇ ਉਸਨੂੰ ਬੁੱਕਲ ‘ਚ ਲੈ ਕੇ ਇਕ ਵਾਰ ਫਿਰ ਵਾਅਦਾ ਕੀਤਾ,” ਤੂੰ ਰੋ ਨਾ ਬਲਜੀਤ! ਤੂੰ ਦੇਖੇਂਗੀ! ਥੋੜੇ ਹੀ ਸਮੇਂ ‘ਚ ਮੈਂ ਇਸ ਧੰਦੇ ਦਾ ਪੱਕੇ ਤੌਰ ‘ਤੇ ਫਾਹਾ ਵੱਢ ਦੇਣਾ ਐ!”
ਬਲਤੇਜ ਦੀਸੇæ ਮਹਾਜਨ ਦੀ ਦੁਕਾਨ ‘ਤੇ ਬੈਠਾ ਸੀ ਜਦਂੋ ਦੋ ਜਣੇ ਚਿੱਟੇ ਦੀ ਖੇਪ ਦੀ ਡਲਿਵਰੀ ਕਰਨ ਆਏ| ਇਕ ਤਾਂ ਕਾਰ ‘ਚ ਹੀ ਬੈਠਾ ਰਿਹਾ ਅਤੇ ਦੂਜਾ ਵੱਡੀਆਂ ਮੁੱਛਾਂ ਤੇ ਕੱਦਾਵਰ ਬੰਦਾ, ਦੋ ਵੱਡੇ ਬਾਕਸ ਦੀਸੇæ ਦੀ ਦੁਕਾਨ ‘ਤੇ ਰੱਖ ਗਿਆ| ਜਦ ਉਹ ਚਲੇ ਗਏ ਤਾਂ ਬਲਤੇਜ ਨੇ ਪੁੱਛਿਆ,”ਦੀਸੇæ ਇਸ ਬੰਦੇ ਦਾ ਕੀ ਨਾਮ ਐ?” “ਪਤਾ ਨਹੀਂ! ਉਂਜ ਤਾਂ ਮੈਨੂੰ ਹੁਕਮ ਐ ਕਿ ਕਦੇ ਕਿਸੇ ਦਾ ਨਾਮ ਨਹੀਂ ਪੁੱਛਣਾ ਪਰ ਇਕ ਦਿਨ ਮੈਨੂੰ ਆਪ ਈ ਕਹਿੰਦਾ ਕਿ ਮੈਂ ਡੀ.ਆਈ.ਜੀ. ਦਾ ਬੰਦਾ ਹਾਂ!” ਦੀਸੇæ ਨੇ ਦੱਸਿਆ|
‘ਯਾਰ ਦੀਸੇæ ਕਦੇ-ਕਦੇ ਤਾਂ ਮੇਰਾ ਇੰਜ ਦਿਲ ਕਰਦਾ ਐ ਬਈ ਚਿੱਟੇ ਵਾਲਾ ਕੰਮ ਪੱਕਾ ਈ ਛੱਡ ਦੇਵਾਂ!’ ਬਲਤੇਜ ਨੇ ਮਨ ਦੀ ਗੱਲ ਸਾਂਝੀ ਕੀਤੀ| “ਇਹ ਤਾਂ ਭੁੱਲ ਈ ਜਾ ਮਿੱਤਰਾ ਕਿ ਇਹ ਕੰਮ ਤੂੰ ਛੱਡ ਦੇਵੇਂਗਾ! ਜਿਹੜਾ ਵੀ ਪੁਲਿਸ ਤੇ ਸਿਆਸੀ ਲੀਡਰਾਂ ਦੀ ਚੁੰਗਲ ‘ਚ ਫਸ ਗਿਆ, ਉਹ ਇਥੋਂ ਭੱਜ ਨਹੀਂ ਸਕਦਾ! ਜੇ ਕੋਈ ਕੋਸ਼ਿਸ਼ ਕਰੂਗਾ ਵੀ ਤਾਂ ਇਹ ਲੋਕ ਉਸਨੂੰ ਤਬਾਹ ਕਰ ਦੇਣਗੇ!” ਦੀਸੇæ ਨੇ ਧੰਦੇ ਦੀ ਸਚਾਈ ਦੱਸੀ| “ਇਹ ਤਾਂ ਆਪਣੀ ਮਰਜ਼ੀ ਐ, ਭਾਵੇਂ ਕੰਮ ਕਰੀਏ ਭਾਵੇਂ ਛੱਡ ਦੇਈਏ!” ਬਲਤੇਜ ਬੋਲਿਆ| “ਨਹੀਂ ਬਲਤੇਜ ਇਹ ਕੰਮ ਦੂਜੇ ਕੰਮਾਂ ਵਰਗਾ ਨਹੀਂ! ਜੇ ਤੂੰ ਕੰਮ ਛੱਡ ਦੇਵੇਂਗਾ ਤਾਂ ਇਨ੍ਹਾਂ ਨੂੰ ਕੰਮ ਕਰਨ ਵਾਲਾ ਤਾਂ ਹੋਰ ਲੱਭ ਜਾਊ ਪਰ ਕਿਉਂਂਕਿ ਆਪਣੇ ਕੋਲ ਇਨ੍ਹਾਂ ਦੇ ਵੱਡੇ ਭੇਦ ਐ! ਇਸ ਲਈ ਭੇਦ ਖੁੱਲਣ ਦੇ ਡਰੋਂ ਇਹ ਕੰਮ ਛੱਡਣ ਵਾਲੇ ਕਰਿੰਦੇ ਨੂੰ ਰਸਤੇ ‘ਚੋਂ ਈ ਸਾਫ ਕਰ ਦਿੰਦੇ ਹਨ! ਇਸੇ ਕਰਕੇ ਮੈਂ ਤੈਨੂੰ ਦੱਸਿਆ ਐ ਕਿ ਇਨ੍ਹਾਂ ਦੀ ਚੁੰਗਲ ‘ਚੋਂ ਨਿਕਲਣਾ ਬਹੁਤ ਔਖਾ ਐ!” ਦੀਸੇæ ਦੀ ਗੱਲ ਸੁਣ ਕੇ ਬਲਤੇਜ ਨੂੰ ਡਰ ਲੱਗਿਆ|
ਬਲਤੇਜ ਉਦਾਸ ਰਹਿਣ ਲੱਗ ਪਿਆ| ਇਕ ਦਿਨ ਜਦ ਉਹ ਖੇਤ ਗਿਆ ਤਾਂ ਉਸਨੂੰ ਦੇਖ ਜਗਤਾਰ ਸਿੰਘ ਨੇ ਪੁੱਛਿਆ,”ਅੱਜ ਕਿਵੇਂ ਦਿਲ ਕੀਤਾ ਖੇਤ ਗੇੜਾ ਮਾਰਨ ਨੂੰ?” “ਬਾਪੂ! ਇਥੇ ਪੰਜਾਬ ‘ਚ ਰਹਿੰਦਿਆਂ ਇਨ੍ਹਾਂ ਜ਼ਾਲਮਾਂ ਦੀ ‘ਚੁੰਗਲ’ ‘ਚੋ ਬਚ ਕੇ ਨਿਕਲਣਾ ਮੇਰੇ ਲਈ ਬਹੁਤ ਮੁਸ਼ਕਲ ਐ! ਮੈਂ ਸੋਚਦਾ ਹਾਂ ਕਿ ਚੁੱਪ-ਚੁਪੀਤੇ ਡੁਬਈ ਚਲਾ ਜਾਵਾਂ ਪਰ ਉਸਤੋਂ ਪਹਿਲਾਂ ਮੈਨੂੰ ਚਿੱਟੇ ਦੇ ਨਸੇæ ਤੋਂ ਖਹਿੜਾ ਛੁੜਾਉਣਾ ਪੈਣਾ ਐ|” ਬਲਤੇਜ ਨੇ ਬਾਪ ਨੂੰ ਮਨ ਦੀ ਗੱਲ ਦੱਸੀ| “ਦੇਖ ਲੈ ਪੁੱਤ ਜੋ ਠੀਕ ਲਗਦਾ ਐ ਕਰ ਲੈ ਪਰ ਇਨ੍ਹਾਂ ਤੋਂ ਬਚ ਜਿਵੇਂ ਵੀ ਬਚ ਸਕਦੈਂ|” ਜਗਤਾਰ ਬੋਲਿਆ|
ਬਲਤੇਜ ਮਹੀਨੇ ਦੀ ਆਖਰੀ ਤਰੀਕ ਨੂੰ ਸਰਪੰਚ ਦੇ ਘਰ ਗਿਆ| ਉਸ ਨੂੰ ਤਿੰਨ ਹਿੱਸੇ ਦੀ ਪੇਮੈਂਟ ਕੀਤੀ, ਬਚੇ ਹੋਏ ਚਿੱਟੇ ਦੇ ਪੈਕਟ ਦਿੱਤੇ, ਗਾਹਕਾਂ ਦੀ ਲਿਸਟ ਉਸਦੇ ਹੱਥ ਫੜਾਈ ਅਤੇ ਬੋਲਿਆ,”ਸਰਪੰਚ ਸਾਬ੍ਹ ਮੈਂ ਚਿੱਟੇ ਦਾ ਨਸ਼ਾ ਲੈਣਾ ਛੱਡਣ ਦਾ ਫੈਸਲਾ ਕਰ ਲਿਆ ਐ ਇਸ ਲਈ ਇਕ ਮਹੀਨਾ ਤੁਸੀਂ ਮੇਰੀ ਥਾਂ ‘ਤੇ ਕਿਸੇ ਹੋਰ ਤੋਂ ਕੰਮ ਲੈ ਲਓ, ਮਹੀਨੇ ਬਾਅਦ ਮੈਂ ਵਾਪਿਸ ਆ ਜਾਵਾਂਗਾ!” “ਤੇਰੀ ਮਰਜ਼ੀ ਐ ਚੋਬਰਾ, ਮੈਂ ਸਾਰੀ ਗੱਲ ਹੌਲਦਾਰ ਨੂੰ ਦੱਸ ਦੇਊਂ, ਫਿਰ ਤੇਰੇ ਨਾਲ ਉਹ ਆਪੇ ਸਮਝੂ!” ਸਰਪੰਚ ਬਲਤੇਜ ਦੇ ਫੈਸਲੇ ਨਾਲ ਸਹਿਮਤ ਨਹੀਂ ਸੀ| ਅਗਲੇ ਈ ਦਿਨ ਸ਼ਹਿਰ ਜਾ ਕੇ ਬਲਤੇਜ ਨਸ਼ਾ ਛੁਡਾਊ ਕੇਂਦਰ’ ‘ਚ ਦਾਖਲ ਹੋ ਗਿਆ| ਤਿੰਨ ਦਿਨਾਂ ਬਾਅਦ ਬਲਤੇਜ ਨੂੰ ਹੌਲਦਾਰ ਦਾ ਫੋਨ ਆਇਆ, “ਉਏ ਜੇ ਤੂੰ ਨਸ਼ਾ ਛੱਡਣਾ ਸੀ ਤਾਂ ਹਫਤਾ ਪਹਿਲਾਂ ਕਿਓਂ ਨਹੀਂ ਦੱਸਿਆ? ਏਡੀ ਛੇਤੀ ਅਸੀਂ ਹੋਰ ਬੰਦਾ ਕਿਥੋਂ ਲੱਭੀਏ?” “ਹੌਲਦਾਰ ਸਾਬ੍ਹ ਨਸ਼ਾ ਕਰਦਾ ਹੋਣ ਕਰਕੇ ਮੈਥੋਂ ਕੰਮ ਨਹੀਂ ਸੀ ਹੁੰਦਾ, ਦੋ ਦਿਨਾਂ ‘ਚ ਮੈਂ ਤਿੰਨ ਵਾਰ ਮੋਟਰ-ਸਾਈਕਲ ਤੋਂ ਡਿੱਗਿਆ ਆਂ ਇਸ ਲਈ ਸੋਚਿਆ ਕਿ ਜੇ ਠੀਕ-ਠੀਕ ਕੰਮ ਕਰਨਾ ਐ ਤਾਂ ਸਭ ਤੋਂ ਪਹਿਲਾਂ ਮੈਨੂੰ ਚਿੱਟੇ ਦਾ ਨਸ਼ਾ ਲੈਣਾ ਬੰਦ ਕਰਨਾ ਚਾਹੀਦਾ ਐ!” “ਚੱਲ ਠੀਕ ਐ, ਮਹੀਨਾ ਤਾਂ ਬਹੁਤ ਜ਼ਿਆਦਾ ਐ ਪੰਦਰਾਂ ਦਿਨਾਂ ਬਾਅਦ ਕੰਮ ‘ਤੇ ਆ ਜਾਵੀਂ!” ਹੌਲਦਾਰ ਨੇ ਫੋਨ ਕੱਟ ਦਿੱਤਾ| ਇਸ ਤੋਂ ਚਾਰ ਦਿਨ ਬਾਅਦ ਐਮ ਐਲ ਏ ਪਰਸ਼ਨ ਸਿੰਘ ਬਰਾੜ ਦਾ ਫੋਨ ਆਇਆ,”ਉਏ ਤੂੰ ਸਰਪੰਚ ਨੂੰ ਕਿਹੜੀ ਤਰੀਕ ਤੱਕ ਦਾ ਹਿਸਾਬ ਦੇ ਕੇ ਆਇਆ ਐਂ?” “ਜੀ ਇਕੱਤੀ ਜੁਲਾਈ ਤੱਕ ਦਾ!” “ਪਰ ਹੌਲਦਾਰ ਤਾਂ ਕਹਿੰਦਾ ਪੰਦਰਾਂ ਜੁਲਾਈ ਤੱਕ ਦਾ ਦਿੱਤਾ ਐ?” ਐਮ.ਐਲ.ਏ ਨੇ ਦੱਸਿਆ| “ਨਹੀਂ ਜੀ, ਹੌਲਦਾਰ ਨੇ ਥੋਡੇ ਕੋਲ ਝੂਠ ਬੋਲਿਆ ਐ, ਤੁਸੀਂ ਭਾਵੇਂ ਸਰਪੰਚ ਤੋਂ ਪੁੱਛ ਲਓ!” ਬਲਤੇਜ ਨੇ ਸਫ਼ਾਈ ਦਿੱਤੀ| “ਅੱਛਾ ਇਹ ਗੱਲ ਐ? ਤਾਂ ਫਿਰ ਬਣਾਊਂ ਬੰਦਾ ਮੈਂ ਹਰਾਮਜ਼ਾਦੇ ਹੌਲਦਾਰ ਨੂੰ!” ਐਮ ਐਲ ਏ ਗੁੱਸੇ ‘ਚ ਸੀ| ਇਸ ਤੋਂ ਹਫਤਾ ‘ਕੁ ਬਾਅਦ ਹੌਲਦਾਰ ਦਾ ਫਿਰ ਫੋਨ ਆ ਗਿਆ,”ਉਏ ਬਲਤੇਜਿਆ! ਮੈਨੂੰ ਪਤਾ ਲੱਗ ਗਿਆ ਐ ਕਿ ਤੂੰ ਕੰਮ ਛੱਡਣ ਨੂੰ ਫਿਰਦਾ ਐਂ? ਜਾਂ ਤਾਂ ਬੰਦਾ ਬਣ ਕੇ ਪਰਸੋਂ ਕੰਮ ‘ਤੇ ਆਜਾ ਨਹੀਂ ਫਿਰ ਚਿੱਟਾ ਵੇਚਣ ਦਾ ਕੇਸ ਪਾ ਕੇ ਜੇਲ੍ਹ ‘ਚ ਤੁੰਨ ਦੇਊਂ!” “ਇਹ ਗੱਲ ਨਹੀਂ ਸਾਬ੍ਹ ਪਰ ਤੁਸੀਂ ਫਿਕਰ ਨਾ ਕਰੋ, ਮੈਂ ਪਰਸੋਂ ਕੰਮ ‘ਤੇ ਆ ਜਾਊਂਗਾ!”
ਸਾæਮ ਨੂੰ ਬਲਤੇਜ ਨੇ ਨਸ਼ਾ ਛੁਡਾਊ ਕੇਂਦਰ ਦੇ ਡਾਕਟਰ ਨਾਲ ਗੱਲ ਕੀਤੀ,”ਡਾਕਟਰ ਸਾਬ੍ਹ ਹੁਣ ਮੈਂ ਬਿਲਕੁਲ ਠੀਕ ਹਾਂ, ਮੈਨੂੰ ਪੂਰਾ ਯਕੀਨ ਐ ਕਿ ਮੈਂ ਹੁਣ ਨਸ਼ਾ ਨਹੀ ਕਰਾਂਗਾ! ਫਿਰ ਵੀ ਜੇ ਤੁਹਾਨੂੰ ਲੋੜ ਲੱਗਦੀ ਐ ਤਾਂ ਮੈਨੂੰ ਕੁੱਝ ਦਿਨਾਂ ਦੀ ਦਵਾਈ ਦੇ ਦਿਓ ਮੈਂ ਘਰ ਬਹਿ ਕੇ ਲੈ ਲਿਆ ਕਰੂੰਗਾ, ਹੁਣ ਮੈਂ ਘਰ ਜਾ ਰਿਹਾ ਹਾਂ!” ਕੇਂਦਰ ਇੰਚਾਰਜ ਨੇ ਬਲਤੇਜ ਤੋਂ ਪੇਪਰਾਂ ‘ਤੇ ਦਸਤਖਤ ਕਰਾਏ ਅਤੇ ਤਿੰਨ ਦਿਨ ਦੀ ਦੁਆਈ ਦੇ ਕੇ ਘਰ ਨੂੰ ਤੋਰ ਦਿੱਤਾ| ਘਰ ਜਾ ਕੇ ਰੋਟੀ ਖਾਣ ਤੋਂ ਛੇਤੀ ਬਾਅਦ ਬਲਤੇਜ ਨੇ ਆਪਣਾ ਰਿਵਾਲਵਰ ਚੁੱਕਿਆ, ਮੋਟਰਸਾਈਕਲ ਸਟਾਰਟ ਕੀਤਾ ਅਤੇ ਪਰਿਵਾਰ ਨੂੰ ਬਿਨਾਂ ਦੱਸਿਆਂ ਕਿ ਉਹ ਕਿਧਰ ਨੂੰ ਜਾ ਰਿਹਾ ਹੈ, ਘਰੋਂ ਚਲਾ ਗਿਆ| ਉਸਦੀ ਸਕੀਮ ਆਪਣੇ ਭੂਆ ਦੇ ਮੁੰਡੇ ਕੋਲ ਯੂਪੀ ਜਾਣ ਦੀ ਸੀ| ਉਹ ਅਜੇ ਪਿੰਡ ਦੀ ਫਿਰਨੀ ‘ਤੇ ਈ ਪਹੁੰਚਿਆ ਸੀ ਕਿ ਉਸਨੂੰ ਪਿੰਡ ਦੇ ਗੁਰਦੁਆਰੇ ਤੋਂ ਹੋ ਰਹੀ ਇਹ ਅਨਾਊਂਸਮੈਂਟ ਸੁਣੀ,”ਸਾਰੇ ਪਿੰਡ ਨਿਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਅੱਠ ਵਜੇ ‘ਭਗਤ ਸਿੰਘ ਪਾਰਕ’ ‘ਚ ‘ਨਸ਼ਾ ਵਿਰੋਧੀ ਕਮੇਟੀ’ ਦੀ ਰੈਲੀ ਹੋ ਰਹੀ ਹੈ, ਇਸ ਲਈ ਘਰ-ਘਰ ਦੇ ਮਰਦ-ਔਰਤਾਂ ਹੁੰਮ-ਹੁੰਮਾ ਕੇ ਉੱਥੇ ਪਹੁੰਚੋ!” ਅਨਾਊਂਸਮੈਟ ਸੁਣ ਕੇ ਬਲਤੇਜ ਦੇ ਮਨ ‘ਚ ਅਚਾਨਕ ਕੋਈ ਖਿਆਲ ਆਇਆ! ਉਹ ਉਸੇ ਵਕਤ ਵਾਪਿਸ ਘਰ ਪਰਤ ਆਇਆ|
ਅੱਠ ਵਜੇ ਤੋਂ ਪਹਿਲਾਂ ਈ ਬਲਤੇਜ ਰੈਲੀ ਵਾਲੀ ਜਗ੍ਹਾ ‘ਤੇ ਪਹੁੰਚ ਗਿਆ| ਉੱਥੇ ਜਾ ਕੇ ਉਹ ਨਸ਼ਾ ਵਿਰੋਧੀ ਕਮੇਟੀ ਦੇ ਇਕ ਮੈਂਬਰ ਨੂੰ ਮਿਲਿਆ ਅਤੇ ਉਸਨੂੰ ਦੱਸਿਆ ਕਿ ਜੇ ਉਹ ਉਸਨੂੰ ਸਟੇਜ ਤੋਂ ਬੋਲਣ ਦੀ ਇਜਾਜ਼ਤ ਦੇਣ ਤਾਂ ਉਹ ਨਸੇæ ਦੇ ਧੰਦੇ ਨਾਲ ਸਬੰਧਤ ਇਕ ਖਤਰਨਾਕ ਜੁੰਡਲੀ ਦੇ ਭੇਤ ਖੋਲ੍ਹ ਦੇਵੇਗਾ|” ਇਹ ਇਜਾਜ਼ਤ ਮਿਲਣ ‘ਤੇ ਬਲਤੇਜ ਲੋਕਾਂ ਦੇ ਵੱਡੇ ਇਕੱਠ ਸਾਹਵੇਂ ਬੋਲਿਆ, “ਭੈਣੋਂ ਤੇ ਭਰਾਵੋ! ਥੋਨੂੰ ਸਾਰਿਆਂ ਨੂੰ ਪਤਾ ਐ ਕਿ ਮੈਂ ਚਿੱਟਾ ਵਰਤਦਾ ਵੀ ਸੀ ਅਤੇ ਵੇਚਦਾ ਵੀ ਸੀ| ਹੁਣ ਇਕ ਮਹੀਨੇ ਤੋਂ ਮੈਂ ਚਿੱਟਾ ਵਰਤਣਾ ਵੀ ਬੰਦ ਕਰਤੈ ਅਤੇ ਵੇਚਣਾ ਵੀ| ਅੱਜ ਮੈਂ ਥੋਨੂੰ ਕੁੱਝ ਐਸੀਆਂ ਗੱਲਾਂ ਦੱਸਣ ਲੱਗਿਆ ਹਾਂ ਜੋ ਤੁਸੀਂ ਲੋਕ ਨਹੀਂ ਜਾਣਦੇ| ਤੁਸੀਂ ਸਾਰੇ ਇਹ ਸੁਣ ਕੇ ਹੈਰਾਨ ਹੋਵੋਗੇ ਕਿ ਮੈਨੂੰ ਚਿੱਟਾ ਵੇਚਣ ਆਪਣੇ ਪਿੰਡ ਦੇ ਸਰਪੰਚ ਗੁਰਜੀਤ ਸਿੰਘ ਨੇ ਲਾਇਆ ਸੀ| ਸਰਪੰਚ ਨੇ ਮੈਨੂੰ ਇਹ ਵੀ ਦੱਸਿਆ ਕਿ ਵੇਚਣ ਲਈ ਨਸ਼ਾ ਮੈਨੂੰ ਦੀਸੇæ ਮਹਾਜਨ ਦੀ ਦੁਕਾਨ ਤੋਂ ਮਿਲ ਜਾਇਆ ਕਰੇਗਾ| ਸਰਪੰਚ ਨੇ ਮੈਨੂੰ ਕਿਹਾ ਕਿ ਕੁਲ ਕਮਾਈ ਦਾ ਚੌਥਾ ਹਿੱਸਾ ਆਪਣੇ ਕੋਲ ਰੱਖ ਕੇ ਮੈਂ ਬਾਕੀ ਤਿੰਨ ਹਿੱਸੇ ਸਰਪੰਚ ਨੂੰ ਦੇ ਦਿਆ ਕਰਾਂ! ਜਿਨ੍ਹਾਂ ‘ਚੋਂ ਇਕ ਹਿੱਸਾ ਐਮ ਐਲ ਏ ਪਰਸ਼ਨ ਬਰਾੜ ਦਾ, ਇਕ ਹਿੱਸਾ ਪੁਲਸ ਦਾ ਅਤੇ ਇਕ ਹਿੱਸਾ ਸਰਪੰਚ ਦਾ ਹੋਵੇਗਾ! ਜੀਹਦੇ ‘ਚੋਂ ਅੱਧ ਫਿਰ ਪੁਲਸ ਦਾ| ਮੈਂ ਇਸੇ ਤਰ੍ਹਾਂ ਕਰਦਾ ਰਿਹਾ| ਹਰ ਮਹੀਨੇ ਦੀ ਆਖਰੀ ਤਰੀਕ ਨੂੰ ਮੈਂ ਕੁੱਲ ਕਮਾਈ ਦਾ ਚੌਥਾ ਹਿੱਸਾ ਆਪਣੇ ਕੋਲ ਰੱਖ ਕੇ ਤਿੰਨ ਹਿੱਸੇ ਸਰਪੰਚ ਨੂੰ ਦੇ ਆਇਆ ਕਰਦਾ ਸੀ ਪਰ ਕਿਉਂਂਕਿ ਹੁਣ ਮੈਂ ਨਸ਼ਾ ਵੇਚਣਾ ਛੱਡ ਦਿੱਤਾ ਹੈ ਇਸ ਲਈ ਹੌਲਦਾਰ ਬਖਸੀਸ਼ ਸਿੰਘ ਮੈਨੂੰ ਦੁਬਾਰਾ ਚਿੱਟਾ ਵੇਚਣ ਲਈ ਕਹਿ ਰਿਹਾ ਹੈ| ਉਹ ਮੈਨੂੰ ਧਮਕੀ ਵੀ ਦੇ ਰਿਹਾ ਹੈ ਕਿ ਜੇ ਮੈਂ ਅਜਿਹਾ ਨਾ ਕੀਤਾ ਤਾਂ ਉਹ ਮੇਰੇ ‘ਤੇ ਝੂਠਾ ਕੇਸ ਬਣਾ ਕੇ ਮੈਨੂੰ ਜੇਲ੍ਹ ਭੇਜ ਦੇਵੇਗਾ| ਮੇਰੀ ਥੋਨੂੰ ਸਾਰਿਆਂ ਨੂੰ ਬੇਨਤੀ ਐ ਕਿ ਕਿਸੇ ਤਰ੍ਹਾਂ ਮੈਨੂੰ ਇਸ ਜੁੰਡਲੀ ਦੀ ਚੁੰਗਲ ‘ਚੋਂ ਬਾਹਰ ਨਿਕਲਣ ‘ਚ ਮੱਦਦ ਕਰੋ| ਇਨ੍ਹਾਂ ਤੋਂ ਤਾਂ ਮੇਰੀ ਜਾਨ ਨੂੰ ਵੀ ਖਤਰਾ ਹੈ| ਮੈਂ ਵਾਅਦਾ ਕਰਦਾ ਹਾਂ ਕਿ ਮੈਂ ਜਿੰLਦਗੀ ‘ਚ ਕਦੇ ਵੀ ਨਸ਼ਾ ਨਹੀਂ ਵੇਚਾਂਗਾ!” ਬਲਤੇਜ ਨੇ ਆਪਣੀ ਗੱਲ ਖਤਮ ਕੀਤੀ ਤਾਂ ਪੰਡਾਲ ‘ਚੋਂ ਨਾਹਰੇ ਲੱਗਣ ਲੱਗ ਪਏ: ਪੰਜਾਬ ਪੁਲਸ—ਮੁਰਦਾਬਾਦ, ਪੰਜਾਬ ਸਰਕਾਰ—ਮੁਰਦਾਬਾਦ, ਪਰਸ਼ਨ ਬਰਾੜ—ਮੁਰਦਾਬਾਦ!
ਜਦ ਨਾਅਰੇ ਲਗਣੇ ਬੰਦ ਹੋਏ ਤਾਂ ਇਕ ਕਮੇਟੀ ਮੈਂਬਰ ਨੇ ਸਟੇਜ ਤੋਂ ਐਲਾਨ ਕੀਤਾ, “ਅਸੀਂ ਨਸ਼ਾ ਵਿਰੋਧੀ ਕਮੇਟੀ ਵਲੋਂ ਦੱਸਣਾ ਚਾਹੁੰਦੇ ਹਾਂ ਕਿ ਬਲਤੇਜ ਹੁਣ ਸਾਡਾ ਬੰਦਾ ਹੈ! ਅਸੀਂ ਇਸ ਨਾਲ ਕਿਸੇ ਵੀ ਕਿਸਮ ਦਾ ਧੱਕਾ ਨਹੀਂ ਹੋਣ ਦੇਵਾਂਗੇ| ਜੇ ਇਸਨੂੰ ਕੁੱਛ ਹੁੰਦਾ ਹੈ ਤਾਂ ਇਸਦੀ ਜ਼ਿੰਮੇਵਾਰ ਪੁਲਸ, ਪਰਸ਼ਨ ਬਰਾੜ ਐਮ ਐਲ ਏ ਅਤੇ ਸਰਕਾਰ ਹੋਵੇਗੀ|” ਪੰਡਾਲ ‘ਚੋਂ ਫਿਰ ਨਾਅਰੇ ਲੱਗਣ ਲੱਗ ਪਏ| ਨਾਅਰੇ ਲੱਗਣੇ ਬੰਦ ਹੋਏ ਤਾਂ ਨਸ਼ਾ ਵਿਰੋਧੀ ਕਮੇਟੀ ਦੇ ਬੁਲਾਰਿਆਂ ਨੇ ਲੋਕਾਂ ਨੂੰ ਨਸੇæ ਵਿਰੁੱਧ ਆਪਣੇ ਸੂਘੋਲ ਦੀ ਸਮੁੱਚੀ ਰੂਪ-ਰੇਖਾ ਤੋਂ ਜਾਣੂ ਕਰਾਇਆ|