ਸਿਆਸਤ, ਘਰ ਤੇ ਜ਼ਿੰਮੇਵਾਰੀਆਂ ਦਾ ਵਜ਼ਨ

ਸੁਰਿੰਦਰ ਸਿੰਘ ਤੇਜ
ਫੋਨ: +91-98555-01488
ਗੱਲ ਸਾਡੇ ਖਿੱਤੇ ਦੀ ਇਕ ਉੱਚ ਪੁਲੀਸ ਅਫ਼ਸਰ ਤੋਂ ਸ਼ੁਰੂ ਕਰਦੇ ਹਾਂ। ਚੰਦ ਵਰ੍ਹੇ ਪਹਿਲਾਂ ਇਕ ਕੰਮ ਦੇ ਸਿਲਸਿਲੇ ਵਿਚ ਮੈਂ ਉਸ ਨੂੰ ਮਿਲਣ ਗਿਆ। ਸਵੇਰ ਦੇ ਦਸ ਵਜੇ ਸਨ। ਉਹ ਚਾਹ ਦੇ ਨਾਲ ਪਰੌਂਠੀ ਰੋਲ ਕਰ ਕੇ ਖਾ ਰਹੀ ਸੀ।

ਮੈਨੂੰ ਬੈਠਣ ਦਾ ਇਸ਼ਾਰਾ ਕਰਦਿਆਂ ਉਹ ਖਿਸਿਆਨੇ ਜਿਹੇ ਅੰਦਾਜ਼ ‘ਚ ਬੋਲੀ: “ਮੈਨੂੰ ਨਾਸ਼ਤੇ ਲਈ ਵਕਤ ਇੱਥੇ ਈ ਮਿਲਦਾ ਏ, ਘਰੇ ਨਹੀਂ।” ਫਿਰ ਬਾਤ ਨੌਕਰੀ-ਪੇਸ਼ਾ ਇਸਤਰੀਆਂ ਦੀਆਂ ਦਿੱਕਤਾਂ ਤੇ ਦੂਹਰੀਆਂ-ਤੀਹਰੀਆਂ ਜ਼ਿੰਮੇਵਾਰੀਆਂ ਦੀ ਹੋਣ ਲੱਗੀ। ਅਚਾਨਕ ਉਹ ਫਿੱਸ ਪਈ: “ਪਾਪਾ ‘ਕੱਲੇ ਰਹਿੰਦੇ ਨੇ। (ਉਨ੍ਹਾਂ ਦੀਆਂ) ਦੋਵਾਂ ਅੱਖਾਂ ਦਾ ਅਪਰੇਸ਼ਨ ਹੋਣਾ ਹੈ। ਮੈਂ ਤਿੰਨ ਮਹੀਨਿਆਂ ਤੋਂ ਟਾਲ ਰਹੀ ਆਂ। ਕੀ ਕਰਾਂ, ਫ਼ੁਰਸਤ ਈ ਨਹੀਂ ਉਨ੍ਹਾਂ ਵੱਲ ਧਿਆਨ ਦੇਣ ਦੀ। ਡੈਡ (ਸਹੁਰਾ ਸਾਹਿਬ) ਅਧਰੰਗ ਕਾਰਨ ਛੇ ਮਹੀਨਿਆਂ ਤੋਂ ਬਿਸਤਰ ‘ਤੇ ਹਨ। ਦੋ ਨਰਸਾਂ ਰੱਖੀਆਂ ਨੇ ਉਨ੍ਹਾਂ ਦੀ ਸੰਭਾਲ ਲਈ, ਅੱਠ-ਅੱਠ ਘੰਟਿਆਂ ਵਾਸਤੇ। ਫਿਰ ਵੀ ਕਈ ਵਾਰ ਜਦੋਂ ਸ਼ਾਮੀਂ ਘਰ ਜਾਂਦੀ ਆਂ ਤਾਂ ਡੈਡ ਦੇ ਨੈਪੀ ਮੈਨੂੰ ਬਦਲਣੇ ਪੈਂਦੇ ਨੇ। (ਮੇਰੇ) ਪਤੀ ਦੇਵ ਤੇ ਮਾਮਾ (ਮੇਰੀ ਸੱਸ) ਨੂੰ ਡੈਡ ਤੋਂ ਬਦਬੂ ਆਉਂਦੀ ਏ। … ਪਤੀ ਦੇਵ ਜੇ ਫਰਿੱਜ ‘ਚੋਂ ਬੋਤਲ ਕੱਢ ਕੇ ਪਾਣੀ ਆਪ ਪੀ ਲੈਣ ਤਾਂ ਮਾਮਾ ਝੱਟ ਕਹਿ ਉੱਠਦੇ ਨੇ… ਕਿੰਨਾ ਕੰਮ ਕਰਨਾ ਪੈਂਦਾ ਏ ਇਹਨੂੰ! ਮੈਂ ਸਵੇਰੇ ਪੰਜ ਵਜੇ ਤੋਂ ਰਾਤ ਬਾਰਾਂ ਵਜੇ ਤੱਕ ਜੋ ਖਪਦੀ ਆਂ, ਉਹ ਕਿਸੇ ਨੂੰ ਨਜ਼ਰ ਨਹੀਂ ਆਉਂਦਾ।… ਬਾਹਰ ਅਸੀਂ ਮਹਿਲਾ ਸ਼ਕਤੀਕਰਨ ਦੇ ਰੋਲ ਮਾਡਲ ਆਂ, ਘਰੇ ਸ਼ਕਤੀ-ਵਿਹੂਣਤਾ ਦੇ!”
ਅਜਿਹੀਆਂ ਹੀ ਜ਼ਿੰਦਗਾਨੀਆਂ ਪਰ ਵੱਖਰੇ ਧਰਾਤਲ ਦਾ ਕਥਾਨਕ ਪੇਸ਼ ਕਰਦੀ ਹੈ ਨਿਧੀ ਸ਼ਰਮਾ ਦੀ ਕਿਤਾਬ ‘ਸ਼ੀ, ਦਿ ਲੀਡਰ: ਵਿਮੈੱਨ ਇਨ ਇੰਡੀਅਨ ਪਾਲੇਟਿਕਸ` (ਭਾਰਤੀ ਮਹਿਲਾ ਸਿਆਸੀ ਨੇਤਾਵਾਂ ਦਾ ਸੰਸਾਰ)। ਮਹਿਲਾ ਸਿਆਸੀ ਨੇਤਾਵਾਂ ਦੀਆਂ ਦੁਸ਼ਵਾਰੀਆਂ, ਖ਼ੁਸ਼ਗਵਾਰੀਆਂ, ਘਰੋਗੀ ਖਿੱਚੋਤਾਣਾਂ, ਪੇਸ਼ਕਦਮੀਆਂ ਅਤੇ ਪੁਰਸ਼-ਪ੍ਰਧਾਨਤਾ ਦੇ ਖ਼ਿਲਾਫ਼ ਨਿੱਤ ਦੀਆਂ ਜੱਦੋਜਹਿਦਾਂ ਦਾ ਖੁਲਾਸਾ ਕਰਨ ਵਾਲੀ। ਨਿਧੀ ਸ਼ਰਮਾ ਪੇਸ਼ੇ ਪੱਖੋਂ ਪੱਤਰਕਾਰ ਹੈ ਅਤੇ ਸੋਚ-ਸੁਹਜ ਪੱਖੋਂ ਸੰਵੇਦਨਸ਼ੀਲ ਲੇਖਕ। ਕਿਤਾਬ ਇਨ੍ਹਾਂ ਦੋਵਾਂ ਸ਼ਖ਼ਸੀ ਖ਼ੂਬੀਆਂ ਦਾ ਸੁਮੇਲ ਹੈ; ਤੱਥ-ਮੂਲਕ, ਖ਼ੁਸ਼ਾਮਦੀ ਸੁਰਾਂ ਤੋਂ ਮੁਕਤ ਅਤੇ ਸਿਆਸੀ ਪੱਖਪਾਤਾਂ ਤੇ ਉਲਾਰਾਂ ਤੋਂ ਰਹਿਤ। ਫੋਕਸ ਉਸ ਲੜਾਈ ਉੱਤੇ ਕੇਂਦ੍ਰਿਤ ਹੈ ਜਿਹੜੀ ਇਸ ਕਿਤਾਬ ਦੇ 17 ਕਿਰਦਾਰਾਂ ਨੂੰ ਆਪੋ-ਆਪਣਾ ਸਿਆਸੀ-ਸਮਾਜਿਕ ਮੁਕਾਮ ਬਣਾਉਣ ਲਈ ਜ਼ਾਤੀ, ਪਰਿਵਾਰਕ, ਸਮਾਜਿਕ ਤੇ ਸਿਆਸੀ ਤੌਰ `ਤੇ ਲੜਨੀ ਪਈ। ਬਹੁਤੇ ਕਿਰਦਾਰਾਂ ਦੀ ਇਹ ਲੜਾਈ ਤਾਂ ਅਜੇ ਵੀ ਜਾਰੀ ਹੈ; ਪੁਰਸ਼-ਪ੍ਰਧਾਨਤਾ ਇਸ ਨੂੰ ਮੁੱਕਣ ਨਹੀਂ ਦੇ ਰਹੀ।
ਆਜ਼ਾਦੀ ਵੇਲੇ ਭਾਰਤੀ ਸੰਵਿਧਾਨ ਸਭਾ ਦੇ 389 ਮੈਂਬਰ ਸਨ। ਇਨ੍ਹਾਂ ਵਿਚੋਂ ਸਿਰਫ਼ 15 ਮਹਿਲਾਵਾਂ ਸਨ ਪਰ ਉਨ੍ਹਾਂ ਨੇ ਵਿਧਾਨਕ ਸੰਸਥਾਵਾਂ ਵਿਚ ਇਸਤਰੀਆਂ ਲਈ ਕੋਟੇ ਦਾ ਡੱਟ ਕੇ ਵਿਰੋਧ ਕੀਤਾ। ਉਨ੍ਹਾਂ ਦਾ ਯਕੀਨ ਸੀ ਕਿ ਇਸਤਰੀਆਂ ਨੂੰ ਖ਼ੈਰਾਤ ਨਹੀਂ, ਬਰਾਬਰੀ ਚਾਹੀਦੀ ਹੈ। ਬਰਾਬਰੀ ਦੇ ਅਵਸਰ, ਪੁਰਸ਼-ਪ੍ਰਧਾਨੀ ਜਾਂ ਪਿਤਰੀ-ਤੰਤਰ ਘਟਾ ਕੇ ਹੀ ਸੰਭਵ ਹੋ ਸਕਦੇ ਹਨ। ਉਹ ਇਕਸੁਰ ਸਨ ਕਿ ਅਵਸਰ ਮਿਲਣ ‘ਤੇ ਇਸਤਰੀਆਂ ਬਿਹਤਰ ਸਿਆਸੀ-ਸਮਾਜਿਕ ਪ੍ਰਬੰਧ ਦੀ ਸਿਰਜਣਾ ਕਰ ਸਕਦੀਆਂ ਹਨ। ਪੁਰਸ਼-ਪ੍ਰਧਾਨੀ ਨੇ ਇਸ ਸੁਪਨੇ ਨੂੰ ਬੂਰ ਨਹੀਂ ਪੈਣ ਦਿੱਤਾ ਬਲਕਿ ਸਾਰੀਆਂ ਰਾਜਸੀ ਧਿਰਾਂ ਦੀ ਕੋਸ਼ਿਸ਼, ਪੁਰਸ਼ਾਂ ਦੀ ਚੌਧਰ ਵਧਾਉਣ ਉੱਤੇ ਕੇਂਦ੍ਰਿਤ ਰਹੀ। ਅੰਕੜੇ ਇਸ ਦੇ ਗਵਾਹ ਹਨ। ਪ੍ਰਥਮ ਲੋਕ ਸਭਾ ਵਿਚ ਸਿਰਫ਼ 9 ਇਸਤਰੀਆਂ ਪੁੱਜੀਆਂ। ਹੁਣ 2023 ਵਿਚ ਇਹ ਸੰਖਿਆ ਭਾਵੇਂ 81 ਹੈ ਪਰ ਗ਼ਲਬਾ ਅਜੇ ਵੀ ਪੁਰਸ਼ਾਂ ਦਾ ਹੀ ਹੈ। ਪੰਚਾਇਤੀ ਰਾਜ ਸੰਸਥਾਵਾਂ ਵਿਚ ਇਸਤਰੀਆਂ ਲਈ 50 ਫ਼ੀਸਦੀ ਕੋਟੇ ਦੀ ਵਿਵਸਥਾ ਕਈ ਰਾਜਾਂ ਵਿਚ ਲਾਗੂ ਹੈ ਪਰ ਇਹ ਕਦਮ ਵੀ ਮਹਿਲਾ ਸ਼ਕਤੀਕਰਨ ਵਾਸਤੇ ਬਹੁਤਾ ਕਾਰਗਰ ਸਾਬਤ ਨਹੀਂ ਹੋਇਆ। ਇਸਤਰੀ ਪ੍ਰਤੀਨਿਧ ਦੀ ਥਾਂ ਉਸ ਦੇ ਪਤੀ ਜਾਂ ਪੁੱਤ ਦੀ ਹਾਜ਼ਰੀ ਅਜੇ ਵੀ ਆਮ ਰੁਝਾਨ ਹੈ। ਅਜਿਹੇ ਨਾਖ਼ੁਸ਼ਗਵਾਰ ਆਲਮ ਦੇ ਬਾਵਜੂਦ ਜੇਕਰ ਇਸ ਕਿਤਾਬ ਅੰਦਰਲੀਆਂ 17 ਨਾਇਕਾਵਾਂ ਨੇ ਪਥ-ਪ੍ਰਦਰਸ਼ਕਾਂ ਵਾਲਾ ਮੁਕਾਮ ਹਾਸਲ ਕੀਤਾ ਹੈ ਤਾਂ ਇਹ ਮੁਕਾਮ ਉਨ੍ਹਾਂ ਦੇ ਸਿਰੜ, ਲਗਨ, ਦ੍ਰਿੜਤਾ, ਸਾਹਸ ਅਤੇ ਸਿਆਸੀ-ਸਮਾਜਿਕ ਸੂਝ-ਬੂਝ ਨੂੰ ਸਿਜਦਾ ਹੈ।
ਕਿਤਾਬ ਦੇ ਚਾਰ ਅਨੁਭਾਗ ਹਨ। ਪਹਿਲਾ ਅਨੁਭਾਗ ਰਹਿਨੁਮਾਵਾਂ ਜਾਂ ਮੋਢੀਆਂ ਬਾਰੇ ਹੈ ਅਤੇ ਇਸ ਸ਼੍ਰੇਣੀ ਵਿਚ ਇੰਦਰਾ ਗਾਂਧੀ ਤੇ ਸੁਚੇਤਾ ਕ੍ਰਿਪਲਾਨੀ ਨੂੰ ਰੱਖਿਆ ਗਿਆ ਹੈ। ਇਕ ਮੁਲਕ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਰਹੀ ਅਤੇ ਦੂਜੀ ਆਜ਼ਾਦ ਭਾਰਤ ਦੀ ਪਹਿਲੀ ਮਹਿਲਾ (ਸੂਬਾਈ) ਮੁੱਖ ਮੰਤਰੀ। ਇੰਦਰਾ ਦੀ ਸੰਘਰਸ਼-ਕਹਾਣੀ ਤੋਂ ਅਸੀਂ ਸਾਰੇ ਵਾਕਫ਼ ਹਾਂ। ਉਹ ਸੀ ਵੀ ਖਾਸ ਪਰਿਵਾਰ ਤੋਂ। ਸਿਆਸੀ ਰਹਿਨੁਮਾਈ ਉਸ ਅੱਗੇ ਚਾਂਦੀ ਦੀ ਤਸ਼ਤਰੀ ਵਿਚ ਪਰੋਸੀ ਗਈ ਪਰ ਅਜਿਹੀ ਪ੍ਰਾਪਤੀ ਤੱਕ ਪੁੱਜਣ ਲਈ ਉਸ ਨੂੰ ਵੀ ਢੇਰ ਸਾਰੀਆਂ ਜ਼ਾਤੀ, ਪਰਿਵਾਰਕ ਤੇ ਸਿਧਾਂਤਕ ਕੁਰਬਾਨੀਆਂ ਵੀ ਦੇਣੀਆਂ ਪਈਆਂ। ਉਂਝ ਵੀ, ਉਸ ਦਾ ਸੰਘਰਸ਼, ਰੁਤਬਾ ਹਾਸਿਲ ਕਰਨ ਮਗਰੋਂ ਮੁੱਕਿਆ ਨਹੀਂ। ਸੁਚੇਤਾ (ਮਜੂਮਦਾਰ) ਕ੍ਰਿਪਲਾਨੀ ਦਾ ਰਾਹ ਤਾਂ ਹੋਰ ਵੀ ਬਿਖਮ ਰਿਹਾ। ਉਹ ਸਾਧਾਰਨ ਜਨ ਸੀ; ਅੰਬਾਲਾ ‘ਚ ਤਾਇਨਾਤ ਬੰਗਾਲੀ ਸਰਕਾਰੀ ਨੌਕਰ ਦੀ ਧੀ। ਜਵਾਨੀ ‘ਚ ਗਾਂਧੀ-ਭਗਤ ਵੀ ਬਣ ਬੈਠੀ ਅਤੇ ਫਿਰ ਆਪਣੇ ਤੋਂ 20 ਸਾਲ ਵੱਡੇ ਆਚਾਰੀਆ (ਜੇ.ਬੀ.) ਕ੍ਰਿਪਲਾਨੀ ਨਾਲ ਮੋਹ-ਮੁਹੱਬਤ ਵੀ ਕਰ ਬੈਠੀ। ਵਿਆਹ ‘ਚ ਗਾਂਧੀ-ਭਗਤੀ ਵੱਡਾ ਅੜਿੱਕਾ ਸਾਬਤ ਹੋਈ; ਮਜੂਮਦਾਰ ਪਰਿਵਾਰ ਵਾਂਗ ਮਹਾਤਮਾ ਵੀ ਇਸ ਰਿਸ਼ਤੇ ਤੋਂ ਨਾਖ਼ੁਸ਼ ਸੀ। ਉਹ ਇਸ ਸ਼ਰਤ ‘ਤੇ ਇਜਾਜ਼ਤ ਦੇਣ ਲਈ ਰਾਜ਼ੀ ਹੋਇਆ ਕਿ ਸੁਚੇਤਾ ਤੇ ਜੇ.ਬੀ. ਦਾ ਰਿਸ਼ਤਾ ਜਿਸਮਾਨੀ ਨਹੀਂ, ਸਿਰਫ਼ ਤੇ ਸਿਰਫ਼ ‘ਰੂਹਾਨੀ‘ ਰਹੇਗਾ (ਕਚਿਆਣ ਆਉਂਦੀ ਹੈ ਇਸ ਬੰਦਸ਼ ਬਾਰੇ ਸੋਚ ਕੇ)। ਬੰਦਸ਼ਾਂ ਹੋਰ ਵੀ ਕਈ ਲਾਈਆਂ ਗਈਆਂ। ਆਚਾਰੀਆ, ਨਹਿਰੂ ਵਿਰੋਧੀ ਸੀ। ਪਹਿਲੀ ਲੋਕ ਸਭਾ ਦੀਆਂ ਚੋਣਾਂ ਵੇਲੇ ਕਾਂਗਰਸ ਨੇ ਸੁਚੇਤਾ ਨੂੰ ਟਿਕਟ ਨਹੀਂ ਦਿੱਤੀ। ਉਸ ਨੇ ਆਚਾਰੀਆ ਵੱਲੋਂ ਬਣਾਈ ਪਾਰਟੀ ਦੀ ਉਮੀਦਵਾਰ ਵਜੋਂ ਚੋਣ ਲੜੀ ਅਤੇ ਜੇਤੂ ਰਹੀ। ਬਾਅਦ ਵਿਚ ਕਾਂਗਰਸ ਨੇ ਉਸ ਨੂੰ ‘ਅਪਣਾ‘ ਲਿਆ। ਉਹ ਤਿੰਨ ਵਾਰ ਲੋਕ ਸਭਾ ਮੈਂਬਰ ਰਹੀ ਅਤੇ ਪੰਜ ਵਰਿ੍ਹਆਂ (1963-67) ਤਕ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ।
ਦੂਜਾ ਅਨੁਭਾਗ ‘ਜਾਂਨਸ਼ੀਨਾਂ` ਬਾਰੇ ਹੈ। ਇਸ ਵਿਚ ਸੋਨੀਆ ਗਾਂਧੀ, ਜਯ ਲਲਿਤਾ, ਮਾਇਆਵਤੀ, ਵਸੁੰਧਰਾ ਰਾਜੇ ਤੇ ਸ਼ੀਲਾ ਦੀਕਸ਼ਿਤ ਦੇ ਪ੍ਰੋਫਾਈਲ ਸ਼ਾਮਲ ਹਨ। ਇਨ੍ਹਾਂ ਸਾਰੀਆਂ ਨੇਤਾਵਾਂ ਨੂੰ ਰਾਜ-ਸੱਤਾ ਜਾਂ ਸਿਆਸੀ ਤਾਕਤ, ਪੁਰਸ਼ ਨੇਤਾਵਾਂ ਦੇ ਜਾਂਨਸ਼ੀਨਾਂ ਵਜੋਂ ਮਿਲੀ। ਅਜਿਹਾ ਹੋਣ ਦੇ ਬਾਵਜੂਦ ਇਨ੍ਹਾਂ ਨੇ ਨਾ ਸਿਰਫ਼ ਆਪੋ ਆਪਣੇ ਰੁਤਬੇ ਦੀ ਸ਼ਾਨ ਸਲਾਮਤ ਰੱਖੀ ਸਗੋਂ ਇਸ ਦਾ ਵਕਾਰ ਵੀ ਵਧਾਇਆ। ਤੀਜਾ ਅਨੁਭਾਗ ਉਨ੍ਹਾਂ ‘ਸੂਰਬੀਰ` ਔਰਤਾਂ ਬਾਰੇ ਹੈ ਜਿਨ੍ਹਾਂ ਨੇ ਸਿਆਸੀ ਸਰਪ੍ਰਸਤਾਂ ਜਾਂ ਮੁਰਸ਼ਿਦਾਂ ਤੋਂ ਬਿਨਾ ਹੀ ਆਪਣਾ ਰਾਹ ਖ਼ੁਦ ਤਲਾਸ਼ਿਆ ਤੇ ਤਰਾਸ਼ਿਆ ਅਤੇ ਆਪੋ-ਆਪਣੀਆਂ ਪ੍ਰਾਪਤੀਆਂ ਦੇ ਜ਼ਰੀਏ ਨਿਪੁੰਨ ਤੇ ਸਮਰੱਥ ਸਿਆਸੀ ਨੇਤਾ ਵਾਲਾ ਮੁਕਾਮ ਹਾਸਲ ਕੀਤਾ। ਇਸ ਅਨੁਭਾਗ `ਚ ਸੁਸ਼ਮਾ ਸਵਰਾਜ, ਮਮਤਾ ਬੈਨਰਜੀ, ਬਰਿੰਦਾ ਕਰਤ, ਪ੍ਰਤਿਭਾ ਪਾਟਿਲ ਅਤੇ ਅੰਬਿਕਾ ਸੋਨੀ ਸ਼ਾਮਲ ਹਨ। ਆਖ਼ਰੀ ਅਨੁਭਾਗ ‘ਭਵਿੱਖੀ ਤਾਰਿਕਾਵਾਂ` ਸੁਪ੍ਰੀਆ ਸੁਲੇ, ਕਾਨੀਮੋੜੀ ਕਰੁਣਾਨਿਧੀ, ਸਮ੍ਰਿਤੀ ਇਰਾਨੀ, ਕੇ. ਕਵਿਤਾ ਤੇ ਐਂਪੇਰੀਨ ਲਿੰਗਦੋਹ ਬਾਰੇ ਹੈ। ਇਹ ਸਹੀ ਹੈ ਕਿ ਸੁਪ੍ਰੀਆ, ਕਾਨੀਮੋੜੀ ਤੇ ਕਵਿਤਾ ਦੇ ਸਿਰਾਂ `ਤੇ ਪਿਤਾ ਜਾਂ ਭਰਾਵਾਂ ਦਾ ਹੱਥ ਰਿਹਾ ਪਰ ਇਕ ਵਾਰ ਸਿਆਸੀ ਦ੍ਰਿਸ਼ਾਵਲੀ `ਤੇ ਉਭਰਨ ਮਗਰੋਂ ਇਨ੍ਹਾਂ ਨੇ ਆਪੋ-ਆਪਣੀ ਕਾਬਲੀਅਤ, ਲਿਆਕਤ, ਸਿਆਸੀ ਸੂਝ ਅਤੇ ਗੱਲ ਕਹਿਣ, ਕਰਨ ਤੇ ਸੁਣਨ ਦੀ ਸੁਹਜ ਸਦਕਾ ਆਪਣੇ ਸਰਪ੍ਰਸਤਾਂ ਦਾ ਮਾਣ-ਤਾਣ ਵੀ ਵਧਾਇਆ ਅਤੇ ਆਪਣਾ ਸਿਆਸੀ ਕੱਦ ਵੀ।
ਮੈਨੂੰ ਐਂਪੇਰੀਨ ਲਿੰਗਦੋਹ ਦੀ ਸੰਘਰਸ਼ ਗਾਥਾ ਜ਼ਿਆਦਾ ਪ੍ਰਭਾਵਸ਼ਾਲੀ ਲੱਗੀ। ਉਹ ਇਸ ਸਮੇਂ ਮੇਘਾਲਿਆ ਸਰਕਾਰ ਵਿਚ ਮੰਤਰੀ ਹੈ। ਪੁਰਸ਼-ਪ੍ਰਧਾਨੀ ਨੂੰ ਸਿੱਧੀ ਚੁਣੌਤੀ ਦੇ ਕੇ ਉਹ ਲਗਾਤਾਰ ਚਾਰ ਵਾਰ ਵਿਧਾਨ ਸਭਾ ਚੋਣ ਜਿੱਤੀ। ਉਸ ਦੇ ਪਿਤਾ ਪੀਟਰ ਮਾਰਬਨਿਆਂਗ ਲੋਕ ਸਭਾ ਦੇ ਮੈਂਬਰ ਰਹੇ। ਉਹ 10 ਵਰ੍ਹੇ ਪਿਤਾ ਦੀ ਸਿਆਸੀ ਸਹਾਇਕ ਵਜੋਂ ਵਿਚਰਦੀ ਰਹੀ ਪਰ 1997 ਵਿਚ ਪਿਤਾ ਦੀ ਅਚਨਚੇਤੀ ਮੌਤ ਹੋਣ ‘ਤੇ ਐਂਪੇਰੀਨ ਦੀ ਮਾਂ ਨੇ ਧੀ ਦੀ ਥਾਂ ਪੁੱਤਰ ਰੌਬਰਟ ਨੂੰ ਪਿਤਾ ਲਿੰਗਦੋਹ ਦਾ ਸਿਆਸੀ ਵਾਰਿਸ ਨਾਮਜ਼ਦ ਕਰ ਦਿੱਤਾ। ਰੌਬਰਟ ਸਰਕਾਰੀ ਅਫ਼ਸਰ ਸੀ। ਅਸਤੀਫ਼ਾ ਦੇ ਕੇ ਉਹ ਐਂਪੇਰੀਨ ਦੀ ਮਦਦ ਨਾਲ ਚੋਣ ਜਿੱਤ ਗਿਆ ਪਰ ਅਧਰੰਗ ਦਾ ਦੌਰਾ ਪੈਣ ਕਾਰਨ ਸਰਗਰਮ ਸਿਆਸਤ ਤੋਂ ਅਲਹਿਦਾ ਹੋ ਗਿਆ। ਅਜਿਹਾ ਕਰਨ ਸਮੇਂ ਉਸ ਨੇ ਭੈਣ ਦਾ ਪੱਖ ਪੂਰਨ ਦੀ ਥਾਂ ਬਾਹਰੀ ਬੰਦੇ ਦਾ ਨਾਮ ਆਪਣੇ ਹਲਕੇ ਲਈ ਤਜਵੀਜ਼ ਕਰ ਦਿੱਤਾ। ਰੋਹ ‘ਚ ਆਈ ਐਂਪੇਰੀਨ ਨੇ ਕਾਂਗਰਸ ਪਾਰਟੀ ਛੱਡ ਕੇ ਇਕ ਖੇਤਰੀ ਪਾਰਟੀ ਦੀ ਉਮੀਦਵਾਰ ਵਜੋਂ ਵਿਧਾਨ ਸਭਾ ਚੋਣ ਲੜੀ, ਜੇਤੂ ਰਹੀ ਅਤੇ ਉਦੋਂ ਤੋਂ ਲਗਾਤਾਰ ਜਿੱਤ ਰਹੀ ਹੈ। ਅਜਿਹੀਆਂ ਕਾਮਯਾਬੀਆਂ ਦੇ ਬਾਵਜੂਦ ਪਰਿਵਾਰਕ ਦਿੱਕਤਾਂ ਘਟੀਆਂ ਨਹੀਂ, ਵਧੀਆਂ। ਪਤੀ ਦੀਆਂ ਆਪਣੀਆਂ ਰਾਜਸੀ ਖ੍ਵਾਹਿਸ਼ਾਤ ਸਨ। ਉਸ ਨੇ ਐਂਪੇਰੀਨ ਦਾ ਸਾਥ ਦੇਣ ਦੀ ਥਾਂ ਉਸ ਨੂੰ ਤਲਾਕ ਦੇ ਕੇ ਵਿਰੋਧੀ ਖੇਮੇ ਵੱਲ ਮੂੰਹ ਕਰ ਲਿਆ। ਹੁਣ ਐਂਪੇਰੀਨ ਬਿਨਾਂ ਕਿਸੇ ਪਰਿਵਾਰਕ ਸਹਾਰੇ ਦੇ ਪ੍ਰਸ਼ਾਸਨਿਕ ਤੇ ਸਿਆਸੀ ਜ਼ਿੰਮੇਵਾਰੀਆਂ ਵੀ ਨਿਭਾਅ ਰਹੀ ਹੈ ਅਤੇ ਦੋ ਬੱਚੇ ਵੀ ਪਾਲ ਰਹੀ ਹੈ।
ਪੁਰਸ਼-ਪ੍ਰਧਾਨੀ ਪ੍ਰੰਪਰਾਵਾਂ ਬਨਾਮ ਮਹਿਲਾ ਪ੍ਰੋਫੈਸ਼ਨਲਜ਼ ਦੀਆਂ ਦੂਹਰੀਆਂ-ਤੀਹਰੀਆਂ ਜ਼ਿੰਮੇਵਾਰੀਆਂ ਬਾਰੇ ਹੈਦਰਾਬਾਦ ਵਿਚ ਸਾਲ ਕੁ ਪਹਿਲਾਂ ਭਾਸ਼ਨ ਦਿੰਦਿਆਂ ਕੇਂਦਰੀ ਖ਼ਜ਼ਾਨਾ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਸੀ: “ਔਰਤ ਨੂੰ ਰੋਜ਼ ਨਵੇਂ ਇਮਤਿਹਾਨ ਦੇਣੇ ਪੈਂਦੇ ਨੇ। ਉਸ ਤੋਂ ਤਵੱਕੋ ਕੀਤੀ ਜਾਂਦੀ ਹੈ ਕਿ ਵਿਸ਼ਵ ਬੈਂਕ ਵਿਚ ਉੱਚ ਨੌਕਰੀ ਕਰਦਿਆਂ ਉਹ ਜਿਹੜੀ ਪੇਸ਼ੇਵਾਰਾਨਾ ਮੁਹਾਰਤ ਦਿਖਾ ਰਹੀ ਹੈ, ਉਹੀ ਮੁਹਾਰਤ ਉਹ ਘਰ ਵਿਚ ਅੰਬ ਦਾ ਆਚਾਰ ਪਾਉਣ ਲੱਗਿਆਂ ਵੀ ਦਿਖਾਏ।… ਕਿੰਨਾ ਤਵਾਜ਼ਨ ਬਿਠਾਉਣਾ ਪੈਂਦਾ ਹੈ ਉਸ ਨੂੰ ਆਪਣੇ ਰੋਜ਼ਮੱਰਾ ਜੀਵਨ ਵਿਚ!” ਅਜਿਹੇ ਤਵਾਜ਼ਨ ਦਾ ਵਜ਼ਨ ਘਟਾਏ ਜਾਣ ਦੀ ਸੰਜੀਦਾ ਵਕਾਲਤ ਕਰਦੀ ਹੈ ਨਿਧੀ ਸ਼ਰਮਾ ਦੀ ਸੁਹਜਮਈ ਕਿਤਾਬ।
ਮਲਵਿੰਦਰ ਦੀ ਪਛਾਣ: ਮਲਵਿੰਦਰ ਦੀ ਪਛਾਣ ਸੁਹਿਰਦ ਤੇ ਚਿੰਤਨਸ਼ੀਲ ਕਵੀ ਵਾਲੀ ਹੈ। ਉਹ ਕਵੀ ਵਜੋਂ ਛਪਣਾ ਸ਼ੁਰੂ ਹੋਇਆ ਅਤੇ ਵਰਿ੍ਹਆਂ ਤੱਕ ਕਵਿਤਾ ਹੀ ਕਰਦਾ ਰਿਹਾ। ਵਾਰਤਕ ਵਾਲਾ ਹੁਨਰ ਉਸ ਨੇ ਬਹੁਤ ਬਾਅਦ ਵਿਚ ਦਿਖਾਉਣਾ ਸ਼ੁਰੂ ਕੀਤਾ, ਉਹ ਵੀ ਅੱਠ ਕਾਵਿ ਸੰਗ੍ਰਹਿ ਛਪਵਾਉਣ ਮਗਰੋਂ। ਇਸ ਹੁਨਰ ਨੂੰ ਉਸ ਨੇ ‘ਚੁੱਪ ਦਾ ਮਰਮ ਪਛਾਣੀਏ` ਰਾਹੀਂ ਕਿਤਾਬੀ ਰੂਪ ਦਿੱਤਾ ਹੈ। ਇਸ ਸੰਗ੍ਰਹਿ ਵਿਚ ਤਿੰਨ ਦਰਜਨ ਦੇ ਕਰੀਬ ਮਜ਼ਮੂਨ ਸ਼ਾਮਲ ਹਨ। ਇਨ੍ਹਾਂ ਨੂੰ ਦੋ ਅਨੁਭਾਗਾਂ ਵਿਚ ਵੰਡਿਆ ਗਿਆ ਹੈ। ਪਹਿਲਾ ਅਨੁਭਾਗ ਵਿਹੰਗਮ ਕਿਸਮ ਦਾ ਹੈ; ਇਹ ਕਿਸੇ ਇਕ ਵਿਸ਼ਾ-ਧਾਰਾ ਤੱਕ ਸੀਮਤ ਨਹੀਂ। ਇਸ ਵਿਚ ਲਲਿਤ ਨਿਬੰਧ ਵੀ ਹਨ, ਫਲਸਫ਼ਾਨਾ ਉਡਾਰੀਆਂ ਵੀ ਅਤੇ ਜ਼ਿੰਦਗੀ ਦੀਆਂ ਤਲਖ਼ੀਆਂ-ਦੁਸ਼ਵਾਰੀਆਂ ਵੀ।
ਦੂਜਾ ਅਨੁਭਾਗ ‘ਪਰਵਾਸ ਦੇ ਸਰੋਕਾਰਾਂ` ਦੇ ਦਾਇਰੇ ਵਿਚ ਰਹਿੰਦਿਆਂ ਜ਼ਾਤੀ ਅਨੁਭਵ ਤੇ ਪ੍ਰਭਾਵ ਪਾਠਕਾਂ ਨਾਲ ਸਾਂਝੇ ਕਰਦਾ ਹੈ। ਸਾਰੇ ਸਰੋਕਾਰ ਉਹ ਹਨ ਜਿਨ੍ਹਾਂ ਵੱਲ ਹਰ ਉਸ ਪੰਜਾਬੀ ਨੂੰ ਧਿਆਨ ਦੇਣਾ ਚਾਹੀਦਾ ਹੈ ਜੋ ਆਪਣੇ ਬੱਚਿਆਂ ਨੂੰ ਪਰਵਾਸੀ ਬਣਾਉਣ ਤੇ ਉਨ੍ਹਾਂ ਦੇ ਜ਼ਰੀਏ ਆਪਣਾ ਭਵਿੱਖ ਵੀ ਸੁਧਾਰ ਲੈਣ ਦੀ ਲੋਚਾ ਪਾਲ਼ੀ ਫਿਰਦਾ ਹੈ। ਅੰਤਿਕਾ ਵਿਚ ਮਲਵਿੰਦਰ ਲਿਖਦਾ ਹੈ: “ਕਵੀ ਕੋਲ ਕਾਵਿਕ ਭਾਸ਼ਾ ਹੁੰਦੀ ਹੈ। ਇਹ ਭਾਸ਼ਾ ਵਾਰਤਕ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਂਦੀ ਹੈ।” ਸਹੀ ਹਨ ਇਹ ਸ਼ਬਦ। ਤਸਦੀਕ ਵਜੋਂ ‘ਭੀੜ` ਨਿਬੰਧ ਦੀਆਂ ਕੁਝ ਸਤਰਾ ਪੇਸ਼ ਹਨ: “ਹਰ ਭੀੜ ਦੇ ਵੱਖਰੇ ਵੱਖਰੇ ਨਕਸ਼ ਹੁੰਦੇ ਹਨ। ਮੇਲੇ ਦੀ ਭੀੜ ਦੇ ਚਿਹਰੇ `ਤੇ ਰੌਣਕ ਹੁੰਦੀ ਹੈ। ਵਿਵਹਾਰ `ਚ ਲਾੜਾ ਬਣੇ ਮੁੰਡੇ ਦਾ ਚਾਅ ਹੁੰਦਾ ਹੈ। ਗੱਲਾਂ ਫੁਰਦੀਆਂ ਹਨ, ਅੱਖਾਂ ਨੱਚਦੀਆਂ ਹਨ ਅਤੇ ਅੰਗ ਫਰਕਦੇ ਹਨ। … ਸਾਰੇ ਫ਼ਿਕਰ, ਸੰਸੇ, ਝੋਰੇ ਵਿਸਰ ਜਾਂਦੇ ਹਨ। ਹਰ ਉਮਰ ਜਵਾਨੀ ਹੰਢਾਉਂਦੀ ਪ੍ਰਤੀਤ ਹੁੰਦੀ ਹੈ।” (ਪੰਨਾ 41)। ਸਵਾਗਤਯੋਗ ਹੈ ਇਹ ਕਿਤਾਬ।