ਹਨੇਰੇ ਰਾਹ

ਹਰਪ੍ਰੀਤ ਸੇਖਾ
ਫੋਨ: +1-778-231-1189
ਗੁਰਸੀਰ
ਗੁਰਸੀਰ ਟਰੱਕ ਦੀ ਕੈਬਿਨ ਵੱਲ ਜਾਣ ਲੱਗਾ ਤਾਂ ਡਰਾਈਵਰ ਸੀਟ ‘ਤੇ ਬੈਠੇ ਰਿਪਨ ਨੇ ਪੁੱਛਿਆ, “ਬ੍ਰਦਰ, ਤੇਰੇ ਕੋਲ ਬੀ ਸੀ ਦਾ ਲਾਈਸੰਸ ਐ?”

“ਨਹੀਂ, ਮੈਨੀਟੋਬਾ ਸੂਬੇ ਦਾ ਆ।”
“ਮੇਰੇ ਕੋਲ ਓਂਟਾਰੀਓ ਦਾ ਐ।”
“ਅੱਛਾ।” ਆਖ ਕੇ ਗੁਰਸੀਰ ਕੈਬਿਨ ‘ਚ ਵੜ ਗਿਆ।
“ਆ ਜਾ ਬ੍ਰਦਰ, ਬਹਿ ਜਾ ਦੋ ਮਿੰਟ ਕਿ ਨੀਂਦ ਆਉਂਦੀ ਐ?” ਰਿਪਨ ਬੋਲਿਆ।
“ਨੀਂਦ ਤਾਂ ਆਉਂਦੀ ਐ ਪਰ ਕਹਿਨੈ ਤਾਂ ਬਹਿ ਜਾਨੈ।” ਆਖਦਾ ਗੁਰਸੀਰ ਕੈਬਿਨ ‘ਚੋਂ ਨਿਕਲ਼ ਆਇਆ।
ਗੁਰਸੀਰ ਟਰਾਂਟੋ ਦਾ ਗੇੜਾ ਲਾ ਕੇ ਮੁੜ ਰਿਹਾ ਸੀ। ਉਹ ਕੈਲਗਰੀ ਸ਼ਹਿਰ ਦੇ ਨੇੜੇ ਪਹੁੰਚਣ ਵਾਲੇ ਹੀ ਸਨ, ਜਦੋਂ ਸ਼ਮਿੰਦਰ ਦਾ ਫੋਨ ਆ ਗਿਆ ਸੀ। ਉਹ ਕੁਝ ਦੇਰ ਗੁਰਸੀਰ ਦੇ ਸਾਥੀ ਡਰਾਈਵਰ ਨਾਲ਼ ਗੱਲ ਕਰਦਾ ਰਿਹਾ। ਫਿਰ ਗੁਰਸੀਰ ਨੂੰ ਬੋਲਿਆ, “ਹਾਂ ਬਈ, ਆਪਾਂ ਨੂੰ ਇਕ ਨਵਾਂ ਕਸਟਮਰ ਮਿਲਿਆ ਇਆ। ਉਹਦਾ ਲੋਡ ਸਾਨ ਫਰਾਂਸਿਸਕੋ ਦਾ ਹੋਇਆ ਕਰੇਗਾ। ਆਪਾਂ ਪੱਕਾ ਲੈਣਾ ਇਹ ਲੋਡ। ਧਾਡੇ ਆਲਾ ਟਰੱਕ ਭੇਜਣਾ ਓਥੇ ਪਰ ਧਾਡੇ ਦੋਹਾਂ ਕੋਲ ਹੀ ਅਮਰੀਕਾ ਦਾ ਵੀਜ਼ਾ ਹੈਨੀ। ਰਿਪਨ ਕੋਲ ਹੈਗਾ ਇਆ। ਉਹਨੂੰ ਭੇਜਣਾ ਧਾਡੇ ਟਰੱਕ ‘ਤੇ। ਉਹ ਟਰਾਂਟੋ ਜਾਂਦਾ ਸੀ। ਮੈਂ ਓਹਨੂੰ ਰੋਕ ਲਿਆ ਕੈਲਗਰੀ। ਧਾਡੀ ਵੇਟ ਕਰਦਾ ਇਆ ਓਥੇ। ਮੈਂ ਤੇਰੇ ਪਾਰਟਨਰ ਨੂੰ ਰਿਪਨ ਦੀ ਥਾਂ ਟਰਾਂਟੋ ਭੇਜਣ ਲੱਗਾ ਇਆਂ ਤੇ ਉਹਦੀ ਥਾਂ ਰਿਪਨ ਟਰੱਕ ਲਿਆਵੇਗਾ ਸਰੀ। ਤੂੰ ਪਿਛਲੇ ਬਾਰਾਂ ਘੰਟੇ ਟਰੱਕ ਚਲਾਇਆ ਇਆ। ਕੈਲਗਰੀ ਤੋਂ ਤੇਰਾ ਆਫ ਸ਼ੁਰੂ ਹੋਣਾ ਇਆ। ਤੂੰ ਏਦਾਂ ਕਰੀਂ, ਰਿਪਨ ਨੂੰ ਟਰੱਕ ਚਲਾਉਣ ਦੇਈਂ। ਤੂੰ ਆਵਦਾ ਸੌਂ ਜਾਵੀਂ। ਰਿਪਨ ਨਾਂਹ-ਨੁੱਕਰ ਜਿਹੀ ਕਰਦਾ ਸੀ ਪਰ ਤੂੰ ਪਰਵਾਹ ਨਾ ਕਰੀਂ, ਆਵਦਾ ਸੌਂ ਜਾਵੀਂ।”
“ਮੈਂ ਸਰੀ ਪਹੁੰਚ ਕੇ ਕੀ ਕਰੂੰ? ਮੇਰਾ ਟਰੱਕ ਤਾਂ ਤੁਸੀਂ ਅਮਰੀਕਾ ਭੇਜਣ ਲੱਗੇ ਆਂ।”
“ਓਹਦੀ ਵਰੀ ਨਾ ਕਰ। ਤੈਨੂੰ ਘਰ ਨੀ ਬਿਠਾਉਂਦਾ। ਕਿਸੇ ਹੋਰ ਨਾਲ਼ ਭੇਜ ਦੇਊਂ।”
“ਠੀਕ ਐ ਜੀ।” ਗੁਰਸੀਰ ਨੇ ਕਿਹਾ ਸੀ।
ਗੁਰਸੀਰ ਨੂੰ ਰਿਪਨ ਕੋਲ ਮੂਹਰਲੀ ਸੀਟ ‘ਤੇ ਬੈਠਦਿਆਂ ਸ਼ਮਿੰਦਰ ਦੇ ਬੋਲ ਕਿ ‘ਰਿਪਨ ਨਾਂਹ-ਨੁੱਕਰ ਜਿਹੀ ਕਰਦਾ ਸੀ’, ਯਾਦ ਆ ਗਏ। ਗੁਰਸੀਰ ਨੇ ਸੋਚਿਆ ਕਿ ਰਿਪਨ ਉਸ ਨੂੰ ਬੈਠਣ ਲਈ ਆਖ ਰਿਹਾ ਹੈ, ਜ਼ਰੂਰ ਹੀ ਕੋਈ ਸਵਾਲ ਪਾਵੇਗਾ। ਗੁਰਸੀਰ ਨੇ ਉਸ ਦੇ ਕੁਝ ਬੋਲਣ ਤੋਂ ਪਹਿਲਾਂ ਹੀ ਅੱਗਾ ਵਲਦਿਆਂ ਕਿਹਾ, “ਬਾਰਾਂ ਘੰਟੇ ਚਲਾ ਕੇ ਆਇਐਂ। ਬੱਸ ਹੋਈ ਪਈ ਐ। ਸਿਰ ਪਾਟਣ-ਪਾਟਣ ਕਰੀ ਜਾਂਦੈ।”
ਰਿਪਨ ਨੇ ਜਿਵੇਂ ਇਹ ਸੁਣਿਆ ਹੀ ਨਾ ਹੋਵੇ। ਉਹ ਬੋਲਿਆ, “ਮੈਨੂੰ ਬੀ ਸੀ ‘ਚ ਮੂਵ ਹੋਏ ਨੂੰ ਦੋ ਸਾਲ ਹੋਣ ਵਾਲੇ ਐ ਪਰ ਮੈਂ ਹਾਲੇ ਵੀ ਲਾਈਸੰਸ ਬੀ ਸੀ ਵਾਲ਼ਾ ਨਹੀਂ ਕਰਾਇਆ। ਦੋ ਵੀਕਾਂ ਪਹਿਲਾਂ ਗੋਲਡਨ ਵਾਲੀ ਸਕੇਲ ‘ਤੇ ਵਾਰਨਿੰਗ ਮਿਲੀ ਸੀ ਕਿ ਮਹੀਨੇ ਦੇ ਵਿਚ-ਵਿਚ ਲਾਈਸੰਸ ਬਦਲ ਕੇ ਬੀ ਸੀ ਵਾਲ਼ਾ ਲੈ ਲਵਾਂ ਪਰ ਸ਼ਮਿੰਦਰ ਨੇ ਇਹ ਕਰਨ ਹੀ ਨਹੀਂ ਦਿੱਤਾ। ਕਹਿੰਦਾ, ਓਨ੍ਹਾਂ ਨੇ ਤੇਰਾ ਲਾਈਸੰਸ ਰੱਖ ਲੈਣਾ। ਤੈਨੂੰ ਮੁੱਢੋਂ-ਸੁੱਢੋਂ ਰੋਡ ਟੈੱਸਟ ਦੇ ਕੇ ਬੀ ਸੀ ਵਾਲ਼ਾ ਲੈਣਾ ਪਵੇਗਾ। ਕਹਿੰਦਾ ਬੀ ਸੀ ਦੀ ਹੱਦ ‘ਚ ਨਾ ਚਲਾਈਂ। ਅੱਜ ਕਹਿੰਦਾ ਚਲਾ ਲੈ ਕੁਛ ਨੀ ਹੁੰਦਾ—।”
ਗੁਰਸੀਰ ਦੇ ਦਿਮਾਗ਼ ’ਚ ਆਇਆ ਕਿ ਸ਼ਮਿੰਦਰ ਉਸ ਨੂੰ ਵੀ ਇਸ ਤਰ੍ਹਾਂ ਹੀ ਕਹਿੰਦਾ ਰਿਹਾ ਸੀ ਪਰ ਗੁਰਸੀਰ ਮੂੰਹੋਂ ਕੁਝ ਨਾ ਬੋਲਿਆ। ਉਹ ਰਿਪਨ ਵੱਲ ਦੇਖਦਾ ਰਿਹਾ ਕਿ ਉਹ ਅੱਗੋਂ ਕੀ ਆਖੇਗਾ। ਰਿਪਨ ਬੋਲਿਆ, “ਬੀ ਸੀ ਦੀ ਹੱਦ ‘ਚ ਜੇ ਟਰੱਕ ਚਲਾਉਂਦਾ ਫੜਿਆ ਗਿਆ ਤਾਂ ਮੇਰਾ ਲਾਈਸੰਸ ਜ਼ਬਤ ਹੋ ਜਾਣੈ।”
“ਇਹ ਤੂੰ ਸ਼ਮਿੰਦਰ ਨੂੰ ਕਹਿਣਾ ਸੀ।”
“ਕਿਹਾ ਸੀ ਬ੍ਰਦਰ ਪਰ ਹੁਣ ਉਹ ਮੈਨੂੰ ਜਾਣ ਕੇ ਤੰਗ ਕਰਨ ਲੱਗ ਪਿਐ। ਮੈਂ ਓਹਨੂੰ ਦੋ ਕੁ ਵਾਰ ਮਾੜਾ ਲੋਡ ਚੁੱਕਣ ਤੋਂ ਇਨਕਾਰ ਕਰ ਬੈਠਾ।”
“ਮੈਂ ਤਾਂ ਕੀ ਕਰ ਸਕਦੈਂ!”
“ਮੈਂ ਗੋਲਡਨ ਤਕ ਚਲਾਈ ਜਾਨੈ। ਤੂੰ ਤਿੰਨ ਘੰਟੇ ਸੌਂ ਲੈ। ਸਕੇਲ ਤੋਂ ਪਹਿਲਾਂ ਟਰੱਕ ਫੜ ਲਵੀਂ। ਸਕੇਲ ਟਪਾ ਕੇ ਜੇ ਕਹੇਂ ਤਾਂ ਮੈਂ ਫੇਰ ਚਲਾਉਣ ਲੱਗ ਪਊਂ।”
“ਮੈਂ ਨਾ ਫਸੂੰ?”
“ਜੇ ਫੜਿਆ ਗਿਆ, ਤੈਨੂੰ ਤਾਂ ਵਾਰਨਿੰਗ ਦੇ ਕੇ ਛੱਡ ਦੇਣਗੇ। ਪਹਿਲੀ ਵਾਰ ਤਾਂ ਵਾਰਨਿੰਗ ਹੀ ਦਿੰਦੇ ਆ।”
“ਇਹ ਜ਼ਰੂਰੀ ਤਾਂ ਨਹੀਂ। ਆਪਾਂ ਨੂੰ ਸਕੇਲ ‘ਤੇ ਕਿਉਂ ਰੋਕਣਗੇ? ਆਪਾਂ ਕਿਹੜਾ ਓਵਰਲੋਡ ਐਂ। ਨਾ ਹੀ ਕੋਈ ਟਰੱਕ ‘ਚ ਖਰਾਬੀ ਐ। ਨਾਲ਼ੇ ਤੂੰ ਕਿਹੜਾ ਰੈਗੂਲਰ ਟਰੱਕ ‘ਤੇ ਐਂ। ਤੈਨੂੰ ਵਾਰਨਿੰਗ ਦੇਣ ਲੱਗਿਆਂ ਤੇਰੇ ਆਲੇ ਟਰੱਕ ਦੀ ਈ ਪਲੇਟ ਪਾਈ ਹੋਊ ਸਿਸਟਮ ਵਿਚ।”
“ਕਈ ਵਾਰੀ ਰੈਂਡਮ ਚੈੱਕ ਹੀ ਕਰ ਲੈਂਦੇ ਆ। ਰਿਸਕ ਐ।”
“ਹਾਂ ਰਿਸਕ ਤਾਂ ਹੈ। ਉਹ ਤਾਂ ਦੋਹਾਂ ਵਾਸਤੇ ਇਕੋ ਜਿਹਾ ਹੀ ਹੈ।” ਆਖ ਕੇ ਗੁਰਸੀਰ ਕੈਬਿਨ ਵਿਚ ਜਾ ਕੇ ਪੈ ਗਿਆ।
ਗੁਰਸੀਰ ਲਾਈਸੰਸ ਬਦਲਣ ਵਾਲੀ ਕਾਰਵਾਈ ਬਾਰੇ ਸੋਚਣ ਲੱਗਾ।
ਗੁਰਸੀਰ ਨੂੰ ਟਰੱਕ ਦੇ ਪਹਿਲੇ ਕੁਝ ਗੇੜਿਆਂ ਦੌਰਾਨ ਪਤਾ ਨਹੀਂ ਸੀ ਲੱਗਾ ਕਿ ਉਹ ਹਰ ਗੇੜੇ ਬਾਅਦ ਕਿਉਂ ਨਕਲੀ ਲੌਗ ਬੁੱਕ ਤਿਆਰ ਕਰ ਕੇ ਅਸਲੀ ਪਾੜ ਦਿੰਦੇ ਸਨ। ਉਸ ਨੂੰ ਹਰ ਗੇੜੇ ਬਾਅਦ ਟਰੱਕ ਵਿਚ ਬੈਠ ਕੇ ਨਕਲੀ ਲੌਗ ਬੁੱਕ ਤਿਆਰ ਕਰਨ ‘ਤੇ ਲਗਦਾ ਘੰਟਾ ਬਹੁਤ ਚੁਭਦਾ ਸੀ। ਇਕ ਦਿਨ ਉਸ ਨੇ ਸ਼ਮਿੰਦਰ ਨੂੰ ਆਖ ਹੀ ਦਿੱਤਾ, “ਭਾਅ ਜੀ, ਮੈਥੋਂ ਨੀ ਆਹ ਨਵੇਂ ਸਿਰਿਉਂ ਲੌਗ ਬੁੱਕ ਬਣਾਉਣ ਦਾ ਜੱਭ ਹੁੰਦਾ, ਮੈਂ ਤਾਂ ਬੀ ਸੀ ਦਾ ਲਸੰਸ ਹੀ ਲੈ ਲੈਣਾ।” ਸ਼ਮਿੰਦਰ ਝੱਟ ਬੋਲਿਆ ਸੀ, “ਨਾ ਨਾ, ਏਦਾਂ ਨਾ ਕਰੀਂ। ਇਹ ਲੌਗ ਬੁੱਕਾਂ ਧਾਡੇ ਭਲੇ ਖ਼ਾਤਰ ਹੀ ਬਦਲਦੇ ਇਆਂ।”
“ਉਹ ਕਿਵੇਂ?”
“ਨਵੇਂ ਸਿਰਿਉਂ ਲਾਈਸੰਸ ਲੈਣ ਨਾਲੋਂ ਚੰਗਾ ਨਹੀਂ ਕਿ ਲੌਗ ਬੁੱਕਾਂ ਹੀ ਦੁਬਾਰਾ ਬਣਾ ਲਵੋਂ?” ਆਖ ਕੇ ਸ਼ਮਿੰਦਰ ਨੇ ਗੁਰਸੀਰ ਵੱਲ ਦੇਖਿਆ। ਗੁਰਸੀਰ ਨੂੰ ਗੱਲ ਦੀ ਪੂਰੀ ਸਮਝ ਨਾ ਲੱਗੀ। ਉਹ ਪ੍ਰਸ਼ਨ ਪੂਰਵਕ ਨਿਗ੍ਹਾ ਨਾਲ਼ ਸ਼ਮਿੰਦਰ ਵੱਲ ਦੇਖਦਾ ਰਿਹਾ। ਸ਼ਮਿੰਦਰ ਫਿਰ ਬੋਲਿਆ, “ਬੀ ਸੀ ‘ਚ ਟਰੱਕ ਦਾ ਲਾਈਸੰਸ ਲੈਣਾ ਬਹੁਤ ਟੱਫ ਇਆ। ਕਈ ਆਪਣੇ ਬੰਦੇ ਐਥੇ ਫੇਲ੍ਹ ਹੋਣ ਤੋਂ ਬਾਅਦ ਓਂਟੇਰੀਓ ਜਾਂ ਮੈਨੀਟੋਬਾ ਪ੍ਰੋਵੈਂਸ ‘ਚ ਜਾ ਕੇ ਟਰੱਕ ਦਾ ਲਈਸੰਸ ਲੈ ਆਉਂਦੇ ਇਆ। ਓਥੇ ਐਨੀ ਸਖਤਾਈ ਨਹੀਂ। ਪਹਿਲਾਂ ਐਥੇ ਬੀ ਸੀ ‘ਚ ਬਿਨਾਂ ਪੁੱਛ ਪੜਤਾਲ ਕੀਤਿਆਂ ਹੋਰ ਪ੍ਰੋਵੈਂਸਾਂ ਦੇ ਡਰਾਈਵਰਾਂ ਨੂੰ ਏਥੋਂ ਦਾ ਲਾਈਸੰਸ ਈਸ਼ੂ ਕਰ ਦਿੰਦੇ ਸੀ ਪਰ ਹੁਣ ਨਹੀਂ ਛੇਤੀ ਕੀਤੇ ਕਰਦੇ। ਏਨ੍ਹਾਂ ਨੂੰ ਡਰਾਈਵਰਾਂ ਦੀ ਚਲਾਕੀ ਦਾ ਪਤਾ ਲੱਗ ਗਿਆ ਇਆ। ਹੁਣ ਉਹ ਲਾਈਸੰਸ ਬਦਲਣ ਵੇਲੇ ਇੰਡੀਆ ਦਾ ਪੁਰਾਣਾ ਰਿਕਾਰਡ ਮੰਗ ਲੈਂਦੇ ਇਆ। ਕਿੱਥੋਂ ਲਿਆ ਕੇ ਦਿਓਂਗੇ? ਬਹੁਤਿਆਂ ਦੇ ਰੱਖੇ ਆ ਲਾਈਸੰਸ ਓਨ੍ਹਾਂ ਨੇ। ਕਹਿੰਦੇ ਨਵੇਂ ਸਿਰਿਉਂ ਰੋਡ ਟੈਸਟ ਦਿਓ।” ਸ਼ਮਿੰਦਰ ਨੇ ਦੱਸਿਆ। ਉਸ ਨੇ ਗੁਰਸੀਰ ਦੇ ਚਿਹਰੇ ਵੱਲ ਦੇਖਿਆ ਤੇ ਮੁੜ ਬੋਲਿਆ, ‘‘ਇਹਦੇ ਨਾਲੋਂ ਚੰਗਾ ਇਆ ਬੀ ਸੀ ਦੀ ਹੱਦ ‘ਚ ਟਰੱਕ ਨਾ ਹੀ ਚਲਾਓ; ਤਾਂ ਹੀ ਮੈਂ ਹਰੇਕ ਟੀਮ ਨਾਲ਼ ਇਕ ਬੀ ਸੀ ਦੇ ਲਾਈਸੰਸ ਵਾਲ਼ਾ ਡਰਾਈਵਰ ਲਾਉਨਾ ਇਆਂ।”
ਸੁਣ ਕੇ ਗੁਰਸੀਰ ਨੇ “ਠੀਕ ਐ ਭਾਅ ਜੀ” ਕਿਹਾ। ਇਸ ਬਾਰੇ ਗੁਰਸੀਰ ਨੇ ਹੋਰ ਵੀ ਕਈ ਡਰਾਈਵਰਾਂ ਤੋਂ ਪੁੱਛ-ਪੜਤਾਲ ਕੀਤੀ। ਉਨ੍ਹਾਂ ਨੇ ਵੀ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ। ਗੁਰਸੀਰ ਨੂੰ ਨਵੇਂ ਸਿਰੇ ਤੋਂ ਲਾਈਸੰਸ ਲੈਣ ਨਾਲੋਂ ਦੁਬਾਰਾ ਲੌਗ ਬੁੱਕ ਤਿਆਰ ਕਰਨੀ ਸੌਖੀ ਲੱਗੀ ਪਰ ਜਦੋਂ ਗੁਰਸੀਰ ਨੂੰ ਕਿਸੇ ਕੋਲੋਂ ਪਤਾ ਲੱਗਾ ਕਿ ਕੈਨੇਡਾ ’ਚ ਪੱਕੇ ਹੋਣ ਲਈ ਜਿਸ ਸੂਬੇ ਵਿਚ ਅਰਜ਼ੀ ਦੇਣੀ ਹੁੰਦੀ ਹੈ, ਉਸ ਸੂਬੇ ਦਾ ਹੀ ਟਰੱਕ ਚਲਾਉਣ ਦਾ ਲਾਈਸੰਸ ਹੋਣਾ ਚਾਹੀਦਾ ਹੈ ਤਾਂ ਗੁਰਸੀਰ ਨੇ ਸੋਚਿਆ ਕਿ ਉਹ ਕਿਸੇ ਦਿਨ ਬੀ ਸੀ ਸੂਬੇ ਦਾ ਲਾਈਸੰਸ ਲੈ ਹੀ ਲਵੇਗਾ। ਫਿਰ ਉਸ ਅੰਦਰ ਡਰ ਉੱਠ ਖਲੋਤਾ, ‘ਜੇ ਉਨ੍ਹਾਂ ਨੇ ਲਾਈਸੰਸ ਰੱਖ ਲਿਆ ਤਾਂ ਨੌਕਰੀ ਵਿਚ ਰੁਕਾਵਟ ਪੈ ਜਾਵੇਗੀ। ਅਰਜ਼ੀ ਲਾਉਣ ਲਈ ਤਾਂ ਘੱਟੋ-ਘੱਟ ਨੌਂ ਮਹੀਨੇ ਨੌਕਰੀ ਲਗਾਤਾਰ ਚਾਹੀਦੀ ਹੈ।’ ਇਸ ਡਰ ਕਰ ਕੇ ਹੀ ਉਹ ਆਪਣਾ ਲਾਈਸੰਸ ਬਦਲਾਉਣ ਨਹੀਂ ਸੀ ਗਿਆ।
ਟਰੱਕ ਦੇ ਕੈਬਿਨ ਵਿਚ ਪਿਆ, ਇਹ ਸਭ ਸੋਚਦਾ ਹੀ ਗੁਰਸੀਰ ਸੌਂ ਗਿਆ। ਕੈਮਲੂਪਸ ਵਾਲੀ ਸਕੇਲ ‘ਤੇ ਉਹੀ ਹੋਇਆ ਜਿਸ ਬਾਰੇ ਉਹ ਡਰਦੇ ਸਨ।

ਗੁਰਸੀਰ ਨੂੰ ਅਗਲੀ ਸਵੇਰ ਹੀ ਉਸਤਾਦ ਦਾ ਫੋਨ ਆ ਗਿਆ। ਉਹ ਬੋਲਿਆ, “ਕਰਵਾ ਆਇਆ ਜੇ ਜ਼ਬਤ ਲਸੰਸ ਸਾਡੇ ਬੰਦੇ ਦਾ?”
“ਮਾੜੀ ਹੋਈ ਉਸਤਾਦ।” ਗੁਰਸੀਰ ਢਿੱਲੀ ਆਵਾਜ਼ ’ਚ ਬੋਲਿਆ।
“ਜਦੋਂ ਐੱਲ ਐੱਮ ਆਈ ਏਆਂ ਦੇ ਖੂਨ ਮੂੰਹ ਨੂੰ ਲੱਗ ਜਾਣ, ਫੇਰ ਏਦਾਂ ਹੀ ਹੁੰਦੀ ਜੇ। ਹੁਣ ਤੂੰ ਬੀ ਸੀ ਦਾ ਲਸੰਸ ਛੇਤੀ ਲੈ ਲੀਂ, ਨਹੀਂ ਤੇਰੇ ਨਾਲ਼ ਵੀ ਨਾ ਹੋਵੇ ਕਿਤੇ ਏਤਰਾਂ ਈ। ਤੇਰਾ ਮਾਲਕ ਨਈਓਂ ਕਿਸੇ ਨੂੰ ਪੀ ਐੱਨ ਪੀ (ਪ੍ਰੋਵੈਂਸ਼ੀਅਲ ਨੌਮਨੀ ਪ੍ਰੋਗਰਾਮ) ਤਕ ਪਹੁੰਚਣ ਦਿੰਦਾ। ਜਿਹੜਾ ਕੋਈ ਮਾੜੀ ਮੋਟੀ ਤਿੜ ਫਿੜ ਕਰੇ, ਓਹਨੂੰ ਦੁੱਧ ‘ਚੋਂ ਮੱਖੀ ਆਂਗੂ ਕੱਢ ਮਾਰਦਾ ਜੇ।” ਗੁਰਸੀਰ ਨੂੰ ਲੱਗਾ ਕਿ ਸ਼ਮਿੰਦਰ ਪ੍ਰਤੀ ਆਪਣੇ ਰੋਸੇ ਕਾਰਨ ਉਸਤਾਦ ਇਸ ਤਰ੍ਹਾਂ ਬੋਲ ਰਿਹਾ ਸੀ। ਉਸਤਾਦ ਦੇ ਵਰਕ ਪਰਮਿਟ ਦੀ ਮਿਆਦ ਮੁੱਕਣ ਤੋਂ ਬਾਅਦ ਸ਼ਮਿੰਦਰ ਨੇ ਉਸਤਾਦ ਨੂੰ ਵਾਅਦੇ ਅਨੁਸਾਰ ਨਵੀਂ ਐੱਲ ਐੱਮ ਆਈ ਏ ਨਹੀਂ ਸੀ ਦਿੱਤੀ ਤੇ ਉਸਤਾਦ ਨੂੰ ਕਿਸੇ ਹੋਰ ਕੰਪਨੀ ਤੋਂ ਲੈਣੀ ਪਈ ਸੀ। ਗੁਰਸੀਰ ਬੋਲਿਆ, “ਉਸਤਾਦ, ਸ਼ਮਿੰਦਰ ਨੂੰ ਵਿਚੋਂ ਕੀ ਮਿਲੂ ਕਿਸੇ ਦਾ ਨੁਕਸਾਨ ਕਰ ਕੇ?”
“ਨਵੀਂ ਐੱਲ ਐੱਮ ਆਈ ਏ। ਹੋਰ ਕੀ? ਹੁਣ ਸਰਕਾਰ ਨੂੰ ਕਹੇਗਾ ਕਿ ਮੇਰੇ ਡਰੈਵਰ ਦਾ ਲਸੰਸ ਜ਼ਬਤ ਹੋ ਗਿਆ, ਮੈਨੂੰ ਨਵਾਂ ਡਰੈਵਰ ਚਾਹੀਦਾ ਜੇ। ਤਾਂ ਹੀ ਨਈਓਂ ਨਾ ਲੈਣ ਦਿੰਦਾ ਹੁੰਦਾ ਬੀ ਸੀ ਦਾ ਲਸੰਸ। ਡਰੈਵਰ ਨੂੰ ਹਨੇਰੇ ’ਚ ਰੱਖਦਾ ਜੇ, ਪਈ ਪੀ ਐੱਨ ਪੀ ਦੀ ਅਰਜ਼ੀ ਮੌਕੇ ਡਰੈਵਰ ਅਰਜ਼ੀ ਲਾਉਣ ਤੋਂ ਬਾਹਰ ਹੋ ਜੂ। ਕਿਸੇ ਹੋਰ ਸੂਬੇ ਦੇ ਲਸੰਸ ਵਾਲੇ ਦੀ ਬੀ ਸੀ ‘ਚ ਪੀ ਐੱਨ ਪੀ ਦੀ ਅਰਜ਼ੀ ਮਨਜ਼ੂਰ ਨਈਓਂ ਹੋਣੀ। ਡਰੈਵਰ ਜੱਭਦਾ ਫਿਰੇ। ਸ਼ਮਿੰਦਰ ਦੇ ਤਾਂ ਦੋਹੀਂ ਹੱਥੀਂ ਲੱਡੂ ਜੇ।” ਉਸਤਾਦ ਦੀ ਕਹੀ, ਲਾਈਸੰਸ ਰੱਦ ਕਰਵਾਉਣ ਵਾਲੀ ਗੱਲ, ਗੁਰਸੀਰ ਦੇ ਮਨ ਨਹੀਂ ਲੱਗੀ ਪਰ ਪੀ ਐੱਨ ਪੀ ਲਈ ਅਰਜ਼ੀ ਬਾਰੇ ਉਸ ਨੂੰ ਪੱਕਾ ਪਤਾ ਸੀ ਕਿ ਉਸੇ ਸੂਬੇ ਦਾ ਹੀ ਟਰੱਕ ਡਰਾਈਵਿੰਗ ਲਾਈਸੰਸ ਹੋਣਾ ਚਾਹੀਦਾ ਹੈ ਜਿਸ ਸੂਬੇ ਵਿਚ ਅਰਜ਼ੀ ਲਾਉਣੀ ਹੋਵੇ। ਇਹ ਉਸ ਨੂੰ ਹਰਵੀਰ ਨੇ ਵੀ ਦੱਸਿਆ ਸੀ। ਗੁਰਸੀਰ ਨੇ ਧਾਰ ਲਿਆ ਕਿ ਉਹ ਅੱਜ ਹੀ ਬੀ ਸੀ ਦਾ ਲਾਈਸੰਸ ਲੈਣ ਲਈ ਜਾਵੇਗਾ।
ਗੁਰਸੀਰ ਉਸ ਦਿਨ ਹੀ ਆਪਣੇ ਮੈਨੀਟੋਬਾ ਵਾਲੇ ਟਰੱਕ ਚਲਾਉਣ ਦੇ ਲਾਈਸੰਸ ਅਤੇ ਦੁਬਈ ਦੇ ਟਰੱਕ ਚਲਾਉਣ ਦੇ ਰਿਕਾਰਡ ਦੀਆਂ ਕਾਪੀਆਂ ਜਮ੍ਹਾਂ ਕਰਵਾ ਆਇਆ। ਪੰਦਰਾਂ ਦਿਨਾਂ ‘ਚ ਉਸ ਨੂੰ ਬੀ ਸੀ ਸੂਬੇ ਦਾ ਲਾਈਸੰਸ ਮਿਲ ਗਿਆ। ਬਿਨਾਂ ਕਿਸੇ ਪੁੱਛ-ਪੜਤਾਲ ਤੇ ਰੋਕ-ਟੋਕ ਤੋਂ ਮਿਲੇ ਲਾਈਸੰਸ ਵੱਲ ਦੇਖ ਕੇ ਗੁਰਸੀਰ ਨੂੰ ਉਸਤਾਦ ਦੀ ਗੱਲ ਠੀਕ ਲੱਗਣ ਲੱਗੀ। ਫਿਰ ਉਸ ਨੇ ਸੋਚਿਆ ਕਿ ਹੋ ਸਕਦਾ ਹੈ ਕਿ ਉਸ ਦਾ ਪਹਿਲਾ ਲਾਈਸੰਸ ਇੰਡੀਆ ਦੀ ਥਾਂ ਦੁਬਈ ਦਾ ਹੋਣ ਕਰ ਕੇ ਉਸ ਦੀ ਪੁੱਛ ਪੜਤਾਲ ਨਹੀਂ ਸੀ ਹੋਈ। ਉਹ ਆਪਣੇ ਨਵੇਂ ਲਾਈਸੰਸ ਵੱਲ ਦੇਖਦਾ ਸੋਚਣ ਲੱਗਾ ਕਿ ਉਹ ਸ਼ਮਿੰਦਰ ਨੂੰ ਇਸ ਬਾਰੇ ਦੱਸੇ ਜਾਂ ਨਾ। ਕੁਝ ਪਲ ਉਹ ਕੋਈ ਫ਼ੈਸਲਾ ਨਾ ਕਰ ਸਕਿਆ। ਫਿਰ ਉਸ ਨੇ ਸੋਚਿਆ ਕਿ ਉਹ ਸ਼ਮਿੰਦਰ ਨੂੰ ਇਸ ਬਾਰੇ ਦੱਸ ਦੇਵੇਗਾ।
ਗੁਰਸੀਰ ਦੀ ਨਵੇਂ ਲਾਈਸੰਸ ਵਾਲੀ ਗੱਲ ਸੁਣ ਕੇ ਸ਼ਮਿੰਦਰ ਇਕਦਮ ਚੁੱਪ ਹੋ ਗਿਆ। ਫਿਰ ਬੋਲਿਆ, “ਗੁਰਸੀਰ, ਤੂੰ ਵੀ ਹੁਣ ਆਪਣੀਆਂ ਮਰਜ਼ੀਆਂ ਕਰਨ ਲੱਗ ਪਿਆ ਇਆਂ।”
“ਨਹੀਂ ਭਾਅ ਜੀ, ਮੈਂ ਕਿਹਾ ਇਹ ਕੰਮ ਵੀ ਨਬੇੜ ਹੀ ਦੇਵਾਂ। ਕਿਤੇ ਤੁਹਾਨੂੰ ਮੇਰੇ ਕਰ ਕੇ ਕਿਸੇ ਤਕਲੀਫ਼ ‘ਚ ਨਾ ਪੈਣਾ ਪੈ ਜਾਏ।” ਗੁਰਸੀਰ ਨੇ ਜਾਣ ਕੇ ਇਸ ਤਰ੍ਹਾਂ ਅਣਭੋਲ ਬਣਦਿਆਂ ਕਿਹਾ।
(ਚੱਲਦਾ)