‘ਬੂਹੇ ਬਾਰੀਆਂ’ ਅਤੇ ਵਿਗਸ ਰਿਹਾ ਪੰਜਾਬੀ ਸਿਨਮਾ

ਦਵੀ ਦਵਿੰਦਰ ਕੌਰ
ਆਮ ਕਿਰਤੀ ਔਰਤਾਂ ਪੰਜਾਬੀ ਸਿਨਮੇ ਦੀ ਪ੍ਰੇਰਨਾ ਬਣਨ ਲੱਗੀਆਂ ਹਨ, ਇਹ ਸ਼ੁੱਭ ਸ਼ਗਨ ਹੈ। ਵੀਰਵਾਰ ਦੀ ਸ਼ਾਮ ਨੂੰ ਫਿਲਮ ‘ਬੂਹੇ ਬਾਰੀਆਂ’ ਦੇਖਣ ਦਾ ਸਬਬ ਬਣਿਆ। ਇਹ ਫਿਲਮ ਕਿਸਾਨ ਅੰਦੋਲਨ ਵੇਲੇ ਦਿੱਲੀ ਵਿਚ ਧਰਨੇ ‘ਤੇ ਬੈਠੀਆਂ ਮੁਜ਼ਾਰਾ ਲਹਿਰ ਦੀ ਕਰਮਭੂਮੀ ਬਣੇ ਪਿੰਡ ਕਿਸ਼ਨਗੜ੍ਹ ਦੀਆਂ ਔਰਤਾਂ ਤੋਂ ਪ੍ਰਭਾਵਿਤ ਹੋ ਕੇ ਲਿਖੀ ਗਈ ਹੈ। ਫਿਲਮ ਦੇ ਪ੍ਰੀਮੀਅਰ ਮੌਕੇ ਇਹ ਕਿਸਾਨ ਔਰਤਾਂ ਹਾਜ਼ਰ ਸਨ। ਫਿਲਮ ਦੀਆਂ ਨਾਇਕ ਵੀ ਔਰਤਾਂ ਹਨ, ਕਿਰਤੀ ਔਰਤਾਂ। ਨੌਜਵਾਨ ਉਦੈ ਪ੍ਰਤਾਪ ਸਿੰਘ ਨਿਰਦੇਸ਼ਤ ਫਿਲਮ ਜਗਦੀਪ ਬੜਿੰਗ ਨੇ ਲਿਖੀ ਹੈ।

ਪਿੱਤਰ ਸੱਤਾ ਅਤੇ ਕਿਰਤ ਦੇ ਲੋਟੂਆਂ ਦੀਆਂ ਸਤਾਈਆਂ ਕੁਝ ਔਰਤਾਂ ਭਰਪੂਰ ਕੌਰ (ਭੂਰੋ ਬੀਬੀ) ਦੀ ਅਗਵਾਈ ਵਿਚ ਪਿੰਡੋਂ ਬਾਹਰ ਆਪਣਾ ਚੰਬਾ ਸਿਰਜ ਲੈਂਦੀਆਂ ਹਨ। ਉਹ ਆਪੋ-ਆਪਣੇ ਢੰਗ ਨਾਲ ਕਿਰਤ ਕਰਦੀਆਂ ਆਪਣੇ ਹੁਨਰ ਦੇ ਮਾਣ ਨਾਲ ਆਪਣਾ ਨਿਰਬਾਹ ਕਰ ਰਹੀਆਂ ਹਨ ਪਰ ਜਗੀਰੂ ਪਿੱਤਰ ਸੱਤਾ ਦੀ ਅੱਖ ਵਿਚ ਰੜਕਦੀਆਂ ਹਨ। ਮਰਦਾਨੀ ਧੌਂਸ ਦਾ ਮੱਥਾ ਉਦੋਂ ਠਣਕਦਾ ਹੈ ਜਦੋਂ ਇਹ ਬੀਬੀਆਂ ਆਪਣੀ ਕਿਰਤ ਕਮਾਈ ਵਿਚੋਂ ਕਾਰ ਖਰੀਦ ਕੇ ਇੱਕ ਲੋੜਵੰਦ ਘਰ ਦੀ ਧੀ ਦੀ ਡੋਲੀ ਤੋਰ ਕੇ ਉਸ ਨੂੰ ਵੱਸਦੀ ਕਰਦੀਆਂ ਹਨ। ਇਹ ਔਰਤਾਂ ਮਰਦਾਂ ਵਿਰੁੱਧ ਨਹੀਂ ਬਲਕਿ ਪਿੱਤਰਕ ਸੱਤਾ ਵੱਲੋਂ ਔਰਤਾਂ ਨੂੰ ਹਾਸ਼ੀਏ ‘ਤੇ ਧੱਕ ਕੇ ਆਮ ਇਨਸਾਨੀ ਹਕੂਕ ਤੋਂ ਵੀ ਵਿਰਵੇਂ ਕਰਨ ਵਿਰੁੱਧ ਡਟਦੀਆਂ ਹਨ। ਇਸ ਚੰਬੇ ਵਿਚ ਸਰਪੰਚ ਦੇ ਮੁੰਡੇ ਵੱਲੋਂ ਪਿਆਰ ਦੇ ਪੱਜ ਗਰਭਵਤੀ ਕਰ ਦਿੱਤੀ ਗਈ ਕੰਮੀਆਂ ਦੀ ਧੀ ਨੂੰ ਆਪਣੇ ਅੰਦਰ ਪਲ ਰਹੇ ਜੀਅ ਨੂੰ ਮਾਣ ਨਾਲ ਵਿਗਸਣ ਦਾ ਵੱਲ ਸਿਖਾਇਆ ਜਾਂਦਾ ਹੈ।
ਪਹਿਲੀ ਨਜ਼ਰੇ ਤੁਹਾਨੂੰ ਇਹ ਫਿਲਮ ‘ਗੁਲਾਬੀ ਗੈਂਗ` ਦਾ ਭੁਲੇਖਾ ਪਾਵੇਗੀ ਪਰ ਛੇਤੀ ਹੀ ਇਸ ਦੀ ਮੌਲਿਕਤਾ ਪ੍ਰਤੱਖ ਹੋਣ ਲੱਗਦੀ ਹੈ।
ਇਹ ਸਾਧਾਰਨ ਜਿਹੇ ਕੰਮ ਕਰਦੀਆਂ ਅਲੋਕਾਰ ਔਰਤਾਂ ਪਿੰਡ ਦੀਆਂ ਸਾਰੀਆਂ ਰੂੜੀਵਾਦੀ ਕਦਰਾਂ ਕੀਮਤਾਂ ਨੂੰ ਲਲਕਾਰਦੀਆਂ ਨੇ। ਹਰ ਤਰ੍ਹਾਂ ਦੇ ਸਮਾਜਿਕ, ਸਿਆਸੀ, ਆਰਥਿਕ ਅਸਾਵੇਂਪਣ ਨੂੰ ਸਿੱਧੀਆਂ ਟੱਕਰਦੀਆਂ ਨੇ। ਮਰਦਾਵੀਂ ਚੌਧਰ ਦੀ ਹਰ ਚੁਣੌਤੀ ਦਾ ਆਪਣੇ ਵਿੱਤ ਮੂਜਬ ਬਾਦਲੀਲ ਜਵਾਬ ਦਿੰਦੀਆਂ ਨੇ ਪਰ ਕਿਤੇ ਵੀ ਆਪਣੀ ਮਰਿਆਦਾ ਤੇ ਤਹੱਮਲ ਦਾ ਪੱਲਾ ਨਹੀਂ ਛੱਡਦੀਆਂ। ਜਤਿੰਦਰ ਕੌਰ, ਨਿਰਮਲ ਰਿਸ਼ੀ, ਗੁਰਪ੍ਰੀਤ ਭੰਗੂ, ਰੁਪਿੰਦਰ ਕੌਰ, ਸੀਮਾ ਕੌਸ਼ਲ ਤੇ ਅਨੀਤਾ ਮੀਤ ਨੇ ਤਾਂ ਆਪਣੇ ਕਿਰਦਾਰਾਂ ਮੁਤਾਬਿਕ ਪਹਿਰਾਵਾ ਤੇ ਸਾਦਗੀ ਰੱਖੀ ਹੀ, ਰੁਬੀਨਾ ਬਾਜਵਾ ਜਿਸ ਤਰ੍ਹਾਂ ਡi-ਗਲੈਮਰਾਈਜ਼ ਹੋ ਕੇ ਕਿਰਦਾਰ ਨਾਲ ਨਿੱਬੜੀ, ਕਮਾਲ ਹੈ। ਸਰਪੰਚ ਦੀ ਵਿਦੇਸ਼ੋਂ ਪੜ੍ਹ ਕੇ ਆਈ ਧੀ (ਸਿਮਰਨ ਚਾਹਲ) ਇਨ੍ਹਾਂ ਬੀਬੀਆਂ ਦੀ ਧਿਰ ਬਣਦੀ ਹੈ ਕਿਉਂਕਿ ਇਹੀ ਸਹੀ ਰਾਹ ਹੁੰਦਾ ਹੈ।
ਫਿਲਮ ਜਾਤ-ਪਾਤ ਅਤੇ ਜਾਤ ‘ਤੇ ਫੋਕੇ ਮਾਣ ਨੂੰ ਤਰਕ ਦੀ ਸਾਣ ‘ਤੇ ਲਾ ਕੇ ਲਲਕਾਰਦੀ ਹੈ। ਇਹ ਫਿਲਮ ਹੀਰੋ ਹੀਰੋਇਨ ਦੀ ਪ੍ਰੇਮ ਕਹਾਣੀ ਨਹੀਂ ਬਲਕਿ ਸੱਚੀਂ-ਮੁੱਚੀਂ ਦੀ ਪ੍ਰੇਮ ਕਥਾ ਹੈ ਜਿਸ ਵਿਚ ਨਿਮਾਣੀਆਂ, ਨਿਤਾਣੀਆਂ ਕਰਾਰ ਦਿੱਤੀਆਂ ਗਈਆਂ ਧਿਰਾਂ ਜ਼ਿੰਦਗੀ ਨਾਲ ਇਸ਼ਕ ਕਰਨਾ ਸਿੱਖਦੀਆਂ ਨੇ, ਸਵੈਮਾਣ ਦੀ ਪਰਿਭਾਸ਼ਾ ਨਵੇਂ ਸਿਰਿਓਂ ਸਿਰਜਦੀਆਂ ਨੇ। ਆਪਣੀ ਥਾਂ ਮੱਲਦੀਆਂ, ਆਪਣੇ ‘ਤੇ ਲੱਗੀਆਂ ਬੇਤੁਕੀਆਂ ਰੋਕਾਂ ਨਿਸ਼ੰਗ ਤੋੜਦੀਆਂ ਇਹ ਸੁਨੱਖੀਆਂ ਔਰਤਾਂ ਚਿੰਨ੍ਹਾਤਮਿਕ ਰੂਪ ਵਿਚ ਪੰਜਾਬੀ ਸਿਨਮੇ ਵਿਚਲੀ ਮਰਦਾਵੀਂ ਧੌਂਸ ਨੂੰ ਵੀ ਤੋੜਨ ਵਿਚ ਸਫਲ ਰਹੀਆਂ ਹਨ।
ਆਮ ਤੌਰ ‘ਤੇ ਮੰਨਿਆ ਜਾਂਦਾ ਰਿਹਾ ਹੈ ਕਿ ਫਿਲਮ, ਮਰਦ ਸਟਾਰ ਦੇ ਸਿਰ ‘ਤੇ ਚੱਲਦੀ ਹੈ ਪਰ ‘ਬੂਹੇ ਬਾਰੀਆਂ’ ਨੇ ਇਹ ਭਰਮ ਤੋੜਿਆ ਹੈ। ਪੁਰਸ਼ ਠਾਣੇਦਾਰ ਲਈ ਸਰ ਤੇ ਜਨਾਬ (ਮਰਦਾਵਾਂ ਸੰਬੋਧਨ) ਸ਼ਬਦ ਹਨ ਪਰ ਔਰਤ ਠਾਣੇਦਾਰ ਲਈ ਪੰਜਾਬੀ ਵਿਚ ਕੋਈ ਸ਼ਬਦ ਨਾ ਹੋਣਾ ਸਾਡੇ ਸਮਾਜਿਕ ਤੇ ਭਾਸ਼ਾਈ ਤਾਣੇ-ਬਾਣੇ ‘ਤੇ ਸਵਾਲ ਖੜ੍ਹਾ ਕਰਦਾ ਹੈ। ਬੀਬੀ ਭੂਰੋ ਇਸ ਨੂੰ ਮਰਦ ਅਤੇ ਔਰਤ ਦੀ ਬਰਾਬਰੀ ਵਜੋਂ ਪਰ ਪ੍ਰੇਮ ਕੌਰ ਠਾਣੇਦਾਰ ਇਸ ਨੂੰ ਹੋਰ ਪੱਖ ਤੋਂ ਦੇਖਦੀ ਹੈ। ਫਿਲਮ ਪੰਜਾਬੀ ਸਿਨਮੇ ਦੇ ਵਿਗਸਣ ਦੀ ਸ਼ਾਹਦੀ ਭਰਦੀ ਹੈ। ਨੀਰੂ ਬਾਜਵਾ ਲਗਾਤਾਰ ਚੰਗੀਆਂ ਪੰਜਾਬੀ ਫਿਲਮਾਂ ਲਈ ਪੈਸਾ ਲਾ ਰਹੀ ਹੈ। ਇਹ ਪੰਜਾਬੀ ਸਿਨਮਾ ਲਈ ਮੁਬਾਰਕ ਦੌਰ ਹੈ। ਮਲਕੀਤ ਰੌਣੀ, ਪ੍ਰਕਾਸ਼ ਗਾਧੂ, ਬਲਜੀਤ, ਦੀਪਕ ਸਭ ਨੇ ਆਪੋ-ਆਪਣੇ ਕਿਰਦਾਰਾਂ ਨਾਲ ਇਨਸਾਫ ਕੀਤਾ ਹੈ। ਫਿਲਮ ਦੇ ਤਿੰਨ ਗੀਤ ਹਰਿੰਦਰ ਕੌਰ ਨੇ ਲਿਖੇ ਹਨ। ਸੰਗੀਤ ਬਹੁਤ ਉਮਦਾ ਹੈ।
ਪਿਛਲੇ ਕੁਝ ਸਮੇਂ ਤੋਂ ਪੰਜਾਬੀ ਸਿਨਮੇ ਲਈ ਠੰਢੀ ਹਵਾ ਦੇ ਬੁੱਲ੍ਹੇ ਵਗ ਰਹੇ ਨੇ। ‘ਕਲੀ ਜੋਟਾ’, ‘ਮੌੜ’, ‘ਗੋਡੇ ਗੋਡੇ ਚਾਅ’, ‘ਚੇਤਾ ਸਿੰਘ’ ਜਿਹੀਆਂ ਫਿਲਮਾਂ ਸੋਹਣੇ ਸੁਨੇਹੇ ਲੈ ਕੇ ਆਈਆਂ ਹਨ। ਇਹ ਵਕਤ ਸਾਡਾ ਹਾਸਲ ਬਣਿਆ ਰਹੇ, ਬੱਸ ਇਹੀ ਦੁਆ ਹੈ।