ਅੱਜ ਦੇ ਮਾਰੂ ਦੌਰ ਵਿਚ ਅਧਿਆਪਕ ਦੀ ਭੂਮਿਕਾ

ਅਵਿਜੀਤ ਪਾਠਕ
ਅਧਿਆਪਨ ਦੇ ਕਿੱਤੇ ਵਿਚ ਕਿਸੇ ਅਧਿਆਪਕ ਲਈ ਅਲਜਬਰਾ ਅਤੇ ਅੰਗਰੇਜ਼ੀ ਗ੍ਰਾਮਰ, ਥਰਮੋਡਾਇਨੈਮਿਕਸ ਤੇ ਮੱਧਕਾਲੀ ਇਤਿਹਾਸ ਜਾਂ ਕੰਪਿਊਟਰ ਇੰਜਨੀਅਰਿੰਗ ਅਤੇ ਵਿੱਤੀ ਪ੍ਰਬੰਧਨ ਤੋਂ ਪਰ੍ਹੇ ਕਿਸੇ ਹੋਰ ਚੀਜ਼ ਦੀ ਪ੍ਰਵਾਹ ਕਰਨੀ ਜ਼ਰੂਰੀ ਹੈ?

ਹੋ ਸਕਦਾ ਹੈ, ਇਹ ਸਵਾਲ ਗ਼ੈਰ-ਵਾਜਿਬ ਨਾ ਹੋਵੇ; ਖਾਸਕਰ ਉਦੋਂ ਜਦੋਂ ਅਸੀਂ ਇਕ ਹੋਰ ਅਧਿਆਪਕ ਦਿਵਸ ਮਨਾ ਕੇ ਹਟੇ ਹਾਂ ਜਾਂ ਇਨ੍ਹਾਂ ਔਖੇ ਅਤੇ ਵਿਹਾਰਕ ਸਮਿਆਂ ਵਿਚ ਸਾਡੇ ਵਿਚੋਂ ਬਹੁਤੇ ਅਧਿਆਪਕ ਭਾਰੂ ਆਮ ਸੋਝੀ ਨਾਲ ਹੀ ਸਹਿਜ ਮਹਿਸੂਸ ਕਰਨ ਲੱਗ ਪਏ ਹਨ? ਬੀ.ਐੱਡ./ਪੀ.ਐੱਚ.ਡੀ. ਦੀ ਡਿਗਰੀ ਹਾਸਲ ਕਰੋ; ਅਧਿਆਪਕ ਦੀ ਕਿਸੇ ਅਸਾਮੀ ਲਈ ਅਰਜ਼ੀ ਦਿਓ; ਤੇ ਜੇ ਕਿਸਮਤ ਨਾਲ ਤੁਹਾਨੂੰ ਇਹ ਨੌਕਰੀ ਮਿਲ ਜਾਂਦੀ ਹੈ ਤਾਂ ਤੁਸੀਂ 9 ਤੋਂ 5 ਵਜੇ ਤੱਕ ਦੀ ਕਿਸੇ ਨੌਕਰੀ ਦੀ ਤਰ੍ਹਾਂ ਡਿਊਟੀ ਵਜਾਓ ਤੇ ਇਸ ਤਰ੍ਹਾਂ ਸਾਂਚੇ ਵਿਚ ਢਲ ਜਾਓ, ਰੁਟੀਨ ਬਣਾ ਲਓ ਤੇ ਆਪਣੀ ਆਤਮਾ ਨੂੰ ਮਾਰ ਦਿਓ। ਹੈਰਾਨੀ ਦੀ ਗੱਲ ਨਹੀਂ ਕਿ ਸਾਡੇ `ਚੋਂ ਜ਼ਿਆਦਾਤਰ ਅਧਿਆਪਕ ਸਿਰਫ਼ ਸਿਲੇਬਸ ਪੂਰਾ ਕਰਦੇ ਹਨ, ਇਮਤਿਹਾਨ ਲੈਂਦੇ ਹਨ, ਵਿਦਿਆਰਥੀਆਂ ਦੀ ਦਰਜਾਬੰਦੀ ਕਰਦੇ ਹਨ ਤੇ ਆਪਣੇ ਬੌਸਾਂ- ਪ੍ਰਿੰਸੀਪਲ, ਉਪ ਕੁਲਪਤੀ ਤੇ ਸਿਆਸੀ ਆਕਾਵਾਂ ਦੀ ਖੁਸ਼ਨੂਦੀ ਹਾਸਲ ਕਰਦੇ ਹਨ ਅਤੇ ਇਵੇਂ ਖ਼ੁਦ ਨੂੰ ‘ਮਹਿਫ਼ੂਜ਼` ਮਹਿਸੂਸ ਕਰਦੇ ਹਨ। ਜਿਵੇਂ ਬਹੁਤ ਸਾਰੇ ਲੋਕ ਇਹ ਦਲੀਲ ਦੇਣਗੇ, ਲਕੀਰ ਦੀ ਫ਼ਕੀਰੀ ਅਤੇ ਇਸ ਨਾਲ ਜੁੜੇ ਡਰ ਦੇ ਯੁੱਗ ਵਿਚ ਸਿੱਖਿਆ ਦੇ ਅਰਥ ਨੂੰ ਮੁੜ ਪਰਿਭਾਸ਼ਤ ਕਰਨਾ ਜਾਂ ਕਲਾਸਰੂਮ ਨੂੰ ਸੰਵਾਦ ਮੁਕਤੀ ਦੀ ਜਗ੍ਹਾ ਵਿਚ ਤਬਦੀਲ ਕਰਨ ਵਿਚ ਅਧਿਆਪਕ ਨੂੰ ਅਹਿਮ ਭੂਮਿਕਾ ਨਿਭਾਉਂਦੇ ਹੋਏ ਦੇਖਣਾ ਕੋਈ ਸੌਖਾ ਨਹੀਂ ਹੈ।
ਅਧਿਆਪਕ ਹੋਣ ਦੇ ਨਾਤੇ ਮੈਂ ਮਹਿਸੂਸ ਕਰਦਾ ਹਾਂ ਕਿ ਇਨ੍ਹਾਂ ਔਖੇ ਅਤੇ ਹਰ ਤਰ੍ਹਾਂ ਦੀ ਸਰੀਰਕ ਤੇ ਸੰਕੇਤਕ ਹਿੰਸਾ ਨਾਲ ਗ੍ਰਸੇ ਅਸਹਿਣਸ਼ੀਲਤਾ ਦੇ ਸਮਿਆਂ ਵਿਚ ਵੀ ਸਾਨੂੰ ਹੌਸਲਾ ਨਹੀਂ ਛੱਡਣਾ ਚਾਹੀਦਾ ਅਤੇ ਆਪਣਾ ਇਹ ਨਿਹਚਾ ਕਾਇਮ ਰੱਖਣਾ ਚਾਹੀਦਾ ਹੈ ਕਿ ਚੰਗੇ ਅਧਿਆਪਕ ਉਹ ਨਹੀਂ ਹੁੰਦੇ ਜੋ ਬਚ ਬਚ ਕੇ ਚੱਲਣ ਦੇ ਆਦੀ ਹੁੰਦੇ ਹਨ, ਸਿਰਫ਼ ਸਿਲੇਬਸ ਮੁਕੰਮਲ ਕਰਦੇ ਹਨ ਜਾਂ ਵਿਦਿਆਰਥੀਆਂ ਨੂੰ ਟੈਸਟਾਂ ਤੇ ਪ੍ਰੀਖਿਆਵਾਂ ਲਈ ਤਿਆਰੀ ਕਰਵਾਉਂਦੇ ਹਨ ਸਗੋਂ ਉਹ ਹੁੰਦੇ ਹਨ ਜੋ ਤਬਦੀਲੀ ਦਾ ਆਧਾਰ ਬਣਦੇ ਹਨ; ਜੋ ਇਨਸਾਨੀਅਤ ਦਾ ਸੰਚਾਰ ਕਰਦੇ ਹਨ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਕੋਈ ਇਤਿਹਾਸ ਪੜ੍ਹਾਉਂਦਾ ਹੈ ਜਾਂ ਗਣਿਤ, ਕਵਿਤਾ ਜਾਂ ਭੌਤਿਕ ਸ਼ਾਸਤਰ; ਚੰਗਾ ਅਧਿਆਪਕ ਤਾਉਮਰ ਵਿਦਿਆਰਥੀ ਹੋਣ ਜਾਂ ਨਿਆਂਪੂਰਨ ਅਤੇ ਮਾਨਵੀ ਸਮਾਜ ਲਈ ਤਲਾਸ਼ ਦਾ ਜਗਿਆਸੂ ਬਣਨ ਦੇ ਅਮਲ ਨੂੰ ਨਵੇਂ ਅਰਥ ਦਿੰਦਾ ਹੈ। ਇਸ ਪ੍ਰਸੰਗ ਵਿਚ ਮੈਂ ਅਧਿਆਪਨ ਦੇ ਤਿੰਨ ਮੂਲ ਆਦਰਸ਼ਾਂ ਦੀ ਗੱਲ ਕਰਨਾ ਚਾਹੁੰਦਾ ਹਾਂ।
ਪਹਿਲਾ, ਇਹ ਆਲੋਚਨਾਤਮਿਕ ਸਿੱਖਿਆ ਦੀ ਭਾਵਨਾ ਹੈ ਜੋ ਕਲਾਸ ਰੂਮ ਨੂੰ ਸਹੀ ਮਾਇਨਿਆਂ ਵਿਚ ਭਰਪੂਰ, ਸੰਵਾਦੀ ਅਤੇ ਸੋਚਵਾਨ ਬਣਾਉਂਦੀ ਹੈ। ਇਹ ਤਦ ਸੰਭਵ ਹੁੰਦੀ ਹੈ ਜਦੋਂ ਅਧਿਆਪਕ ਇਕ ਤਬਦੀਲੀ ਦੇ ਵਾਹਕ ਵਜੋਂ ਵਿਚਰਦਾ ਹੈ ਅਤੇ ਨੌਜਵਾਨ ਵਿਦਿਆਰਥੀ ਆਪਣੇ ਆਪ ਨੂੰ ਸਵਾਲ ਕਰਨ, ਪੁੱਛ ਪੜਤਾਲ ਕਰਨ ਅਤੇ ਦੁਨੀਆ ਨੂੰ ਮੁੜ ਪਰਿਭਾਸ਼ਤ ਕਰਨ ਦੇ ਸਮੱਰਥ ਰਚਨਾਤਮਿਕ ਏਜੰਟ ਦੇ ਰੂਪ ਵਿਚ ਦੇਖਦੇ ਹਨ। ਅਧਿਆਪਕ ਇਸ ਸਫ਼ਰ ਦਾ ਸੰਗੀ ਬਣ ਕੇ ਆਪਣੇ ਵਿਦਿਆਰਥੀਆਂ ਨਾਲ ਮਿਲ ਕੇ ਕੰਮ ਕਰਦਾ ਹੈ ਅਤੇ ਨਵੇਂ ਸਵਾਲਾਂ ਅਤੇ ਨਵੀਆਂ ਸੰਭਾਵਨਾਵਾਂ ਸਹਿਤ ਨਵੀਂ ਦੁਨੀਆ ਦੀ ਰਲ ਕੇ ਤਲਾਸ਼ ਕਰਦਾ ਹੈ। ਇਹ ਰੱਟਾ ਗਿਆਨ, ਸਰਬ ਗਿਆਤਾ ਅਧਿਆਪਕ ਦਾ ਖੌਫ਼, ਵਿਦਿਆਰਥੀਆਂ `ਤੇ ਠੋਸੀ ਗਈ ਸਿੱਥਲਤਾ, ਹਰ ਤਰ੍ਹਾਂ ਦੇ ਬਹੁ-ਚੋਣਵੇਂ ਸਵਾਲਾਂ ਵਾਲੇ ਮਿਆਰੀ ਟੈਸਟ ਪਾਸ ਕਰਨ ਦੀ ਬੇਚੈਨੀ ਤੋਂ ਪਰ੍ਹੇ ਇਹ ਪੜ੍ਹਨ/ਪੜ੍ਹਾਉਣ ਦਾ ਅਭਿਆਸ ਮੁਕਤੀ ਮਾਰਗ ਬਣ ਜਾਂਦਾ ਹੈ। ਸਿਰਫ਼ ਇਸ ਕਿਸਮ ਦੀ ਆਲੋਚਨਾਤਮਿਕ ਸਿੱਖਿਆ ਜ਼ਰੀਏ ਹੀ ਨੌਜਵਾਨ ਵਿਦਿਆਰਥੀ ਪਿੱਤਰ ਸੱਤਾ, ਜਾਤੀ ਦਰਜਾਬੰਦੀ, ਖੋਖਲੀਆਂ ਰਹੁ ਰੀਤਾਂ, ਅੰਧ-ਵਿਸ਼ਵਾਸ ਦੀਆਂ ਵਿਧੀਆਂ ਅਤੇ ਸਮਾਜਿਕ/ਆਰਥਿਕ ਅਸਮਾਨਤਾ `ਤੇ ਕਿੰਤੂ ਕਰਨ ਲਈ ਬੌਧਿਕ ਅਤੇ ਇਖ਼ਲਾਕੀ ਸਪੱਸ਼ਟਤਾ ਹਾਸਲ ਕਰ ਸਕਦੇ ਹਨ।
ਦੂਜਾ, ਚੰਗਾ ਅਧਿਆਪਕ ਮਨਬਚਨੀ ਤੋਂ ਬਚਦਾ ਹੈ ਤੇ ਵੱਖੋ-ਵੱਖਰੇ ਦ੍ਰਿਸ਼ਟੀਕੋਣਾਂ ਨੂੰ ਹੱਲਾਸ਼ੇਰੀ ਦਿੰਦਾ ਹੈ ਅਤੇ ਆਪਣੇ ਵਿਦਿਆਰਥੀਆਂ ਦੀ ਕਰੁਣਾ ਦੀ ਸ਼ਕਤੀ ਨੂੰ ਤਿੱਖਾ ਕਰਦਾ ਅਤੇ ਉਨ੍ਹਾਂ ਵਿਚ ਤਹੱਮਲ ਨਾਲ ਸੁਣਨ ਦੀ ਕਲਾ ਦਾ ਸੰਚਾਰ ਕਰਦਾ ਹੈ। ਜੇ ਸੰਵਾਦਪੂਰਨ ਕਲਾਸ ਰੂਮ ਮਰ ਜਾਂਦੀ ਹੈ ਤਾਂ ਲੋਕਤੰਤਰ ਵੀ ਮਰ ਜਾਂਦਾ ਹੈ। ਸਮੇਂ ਸਮੇਂ `ਤੇ ਚੋਣਾਂ ਕਰਵਾ ਲੈਣ ਦੀ ਰਸਮ ਨਿਭਾਉਣਾ ਲੋਕਤੰਤਰ ਨਹੀਂ ਹੁੰਦਾ ਸਗੋਂ ਲੋਕਤੰਤਰ ਦਾ ਵਾਸਤਾ ਗੱਲਬਾਤ ਅਤੇ ਸੰਵਾਦ ਨਾਲ ਹੁੰਦਾ ਹੈ; ਲੋਕਤੰਤਰ ਤਰਕਮਈ ਸੰਵਾਦ ਅਤੇ ਬਹੁਵਾਦ ਦੀ ਸੰਵੇਦਨਸ਼ੀਲਤਾ ਜ਼ਰੀਏ ਟਕਰਾਅ ਸੁਲਝਾਉਣ ਦੀ ਕਲਾ ਦਾ ਨਾਂ ਹੁੰਦਾ ਹੈ। ਬਤੌਰ ਅਧਿਆਪਕ ਮੈਨੂੰ ਇਹ ਗੱਲ ਕਹਿਣ ਵਿਚ ਕੋਈ ਸੰਕੋਚ ਨਹੀਂ ਹੈ ਕਿ ਜਦੋਂ ਅਸੀਂ ਸੁਣਨ ਦੀ ਕਲਾ ਦਾ ਸੰਚਾਰ ਕਰਦੇ ਹਾਂ ਤਾਂ ਅਸੀਂ ਜਾਤ, ਨਸਲ, ਰਾਸ਼ਟਰ ਅਤੇ ਧਰਮ ਦੀਆਂ ਖੜ੍ਹੀਆਂ ਕੀਤੀਆਂ ਵਲਗਣਾਂ ਤੋਂ ਪਾਰ ਚਲੇ ਜਾਂਦੇ ਹਾਂ। ਅਸੀਂ ਸਾਗਰ ਦਾ ਰੂਪ ਲੈ ਲੈਂਦੇ ਹਾਂ। ਜ਼ਰਾ, ਜਲਾਲੂਦੀਨ ਰੂਮੀ ਦੀ ਕਾਵਿਕ ਸੂਝ ਦਾ ਜਸ਼ਨ ਮਨਾਉਂਦੇ ਕਿਸੇ ਹਿੰਦੂ ਵਿਦਿਆਰਥੀ ਦੀ ਕਲਪਨਾ ਕਰੋ। ਜਯੋਤੀਰਾਓ ਫੂਲੇ ਅਤੇ ਬਾਬਾ ਸਾਹਿਬ ਅੰਬੇਡਕਰ ਬਾਰੇ ਆਪਣੇ ਕਿਸੇ ਅਧਿਆਪਕ ਦੇ ਭਾਸ਼ਣ ਦੀ ਬੇਸਬਰੀ ਨਾਲ ਉਡੀਕ ਕਰਦੇ ਕਿਸੇ ਬ੍ਰਾਹਮਣ ਵਿਦਿਆਰਥੀ ਬਾਰੇ ਸੋਚੋ; ਜਾਂ ਭਗਵਤ ਗੀਤਾ ਬਾਰੇ ਮਹਾਤਮਾ ਗਾਂਧੀ ਦੀ ਵਿਆਖਿਆ ਬਾਰੇ ਕਿਸੇ ਮੁਸਲਮਾਨ ਵਿਦਿਆਰਥੀ ਜਾਂ ਈਸਾਈ ਅਧਿਆਪਕ ਦੇ ਵਿਚਾਰ ਜਾਣੋ। ਹਾਲਾਂਕਿ ਇਨ੍ਹਾਂ ਜ਼ਹਿਰੀਲੇ ਸਮਿਆਂ ਵਿਚ ਅਜਿਹੀਆਂ ਸੰਭਾਵਨਾਵਾਂ ਦਾ ਕਿਆਸ ਕਰਨਾ ਔਖਾ ਹੈ ਪਰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸੰਵਾਦ ਅਤੇ ਸੁਣਨ ਦੀ ਭਾਵਨਾ ਨੂੰ ਹੁਲਾਰਾ ਦੇਣ ਵਾਲੇ ਅਧਿਆਪਕ ਮਹਾਨ ਕੰਮ ਅੰਜਾਮ ਦੇ ਰਹੇ ਹੁੰਦੇ ਹਨ। ਉਹ ਸੱਤਾਵਾਦੀ ਰੁਚੀਆਂ ਨੂੰ ਠੱਲ੍ਹ ਪਾਉਂਦੇ ਹਨ, ਵੰਡੀਆਂ ਪਾਉਣ ਦੇ ਵਿਚਾਰਾਂ ਦੀਆਂ ਸੀਮਤਾਈਆਂ ਦਾ ਖੁਲਾਸਾ ਕਰਦੇ ਹਨ ਅਤੇ ਲੋਕਰਾਜੀ ਸੋਚ ਦੇ ਬੀਜ ਬੀਜਦੇ ਹਨ।
ਤੀਜਾ, ਆਸ ਦੇ ਪਾਠ ਤੋਂ ਬਗ਼ੈਰ ਕੋਈ ਸਾਰਥਕ ਸਿੱਖਿਆ ਕੀ ਹੋਵੇਗੀ? ਜਦੋਂ ਲੋਕਤੰਤਰ ਦਾ ਮੰਦਰ ਢਹਿ ਢੇਰੀ ਹੋ ਰਿਹਾ ਹੈ; ਸਭਿਆਚਾਰ ਦੀ ਸਨਅਤ ਖਪਤਵਾਦ ਦੇ ਪ੍ਰਵਚਨਾਂ ਰਾਹੀਂ ਬੰਧਕ ਹਾਜ਼ਰੀਨ ਬਣਾ ਰਹੀ ਹੈ; ਪ੍ਰਾਪੇਗੰਡਾ ਮਸ਼ੀਨਰੀ ਹਰ ਸ਼ੈਅ ਨੂੰ ਪੁੱਠਾ ਕਰਦੀ ਜਾ ਰਹੀ ਹੈ; ਤੇ ਸਭ ਤੋਂ ਉਪਰ ਖ਼ੁਦਪ੍ਰਸਤ ਧਾਰਨਾਵਾਂ ਦੇ ਹੰਕਾਰ; ਜਲਵਾਯੂ ਐਮਰਜੈਂਸੀ ਤੇ ਜੋਖ਼ਮ ਭਰਪੂਰ ਸਮਾਜ ਦੇ ਵਿਕਾਸ ਨਾਲ ਜੁੜੀ ਨਾਉਮੀਦੀ ਅਤੇ ਜੰਗ ਅਤੇ ਤਬਾਹੀ ਦੀਆਂ ਨਿਰੰਤਰ ਸੰਭਾਵਨਾਵਾਂ ਨਾਲ ਜਾਣੇ ਜਾਂਦੇ ਸਾਡੇ ਸਮਿਆਂ ਵਿਚ ਜੀਵਨ ਮੁਖੀ ਹਾਂਮੁਖੀ ਸੋਚ ਨੂੰ ਅਪਣਾਉਣਾ ਸੌਖਾ ਨਹੀਂ ਹੈ। ਕੀ ਅਸੀਂ ਸਿੱਖਿਆ ਅਤੇ ਅਧਿਆਪਨ ਬਾਰੇ ਮੁੜ ਚਿਤਵ ਸਕਦੇ ਹਾਂ ਤਾਂ ਕਿ ਇਸ ਹਨੇਰੇ `ਚੋਂ ਉਭਰਨ ਅਤੇ ਆਤਮਿਕ ਤੌਰ `ਤੇ ਉਨਤ, ਵਾਤਾਵਰਨਕ ਪ੍ਰਤੀ ਸਜਗ ਅਤੇ ਸਮਤਾਵਾਦੀ/ ਲੋਕਰਾਜੀ ਸ਼ਾਂਤਮਈ ਦੁਨੀਆ ਸਿਰਜਣ ਲਈ ਸਾਨੂੰ ਇਖ਼ਲਾਕੀ/ਸਿਆਸੀ/ਬੌਧਿਕ ਹੁਨਰ ਗ੍ਰਹਿਣ ਹੋ ਸਕੇ। ਕੀ ਅਧਿਆਪਕ ਇਸ ਉਮੀਦ ਦਾ ਸੰਚਾਰ ਕਰਨ ਵਿਚ ਮੋਹਰੀ ਭੂਮਿਕਾ ਨਿਭਾ ਸਕਦੇ ਹਨ?
ਇਹ ਅਜਿਹੇ ਆਦਰਸ਼ ਹਨ ਜਿਨ੍ਹਾਂ ਨੂੰ ਜੀਵਨ ਵਿਚ ਉਤਾਰਨਾ ਬਹੁਤ ਔਖਾ ਹੁੰਦਾ ਹੈ ਪਰ ਇਕੇਰਾਂ ਜਦੋਂ ਅਸੀਂ ਇਨ੍ਹਾਂ ਆਦਰਸ਼ਾਂ ਦੀ ਵੁੱਕਤ ਪਛਾਣ ਲਵਾਂਗੇ ਤਦ ਹੀ ਅਸੀਂ ਸਿਖਿਆ ਨੂੰ ਨਵ ਉਦਾਰਵਾਦੀ ਹਮਲੇ ਅਤੇ ਨਾਲ ਹੀ ਅੰਧ-ਰਾਸ਼ਟਰਵਾਦੀ ਹੱਲੇ ਤੋਂ ਬਚਾਉਣ ਲਈ ਲਹਿਰ ਸ਼ੁਰੂ ਕਰ ਸਕਾਂਗੇ। ਇਸ ਕਰ ਕੇ ਅਧਿਆਪਕ ਦਿਵਸ `ਤੇ ਮੇਰੀ ਇਹ ਪ੍ਰਾਰਥਨਾ ਹੈ ਕਿ ਅਧਿਆਪਕ ਭਾਈਚਾਰਾ ਇਕਜੁੱਟ ਹੋ ਕੇ ਸਿੱਖਿਆ ਦੇ ਖੇਤਰ ਵਿਚ ਹੋ ਰਹੇ ਇਸ ਨਿਘਾਰ- ਭਾਵ ਰਚਨਾਤਮਿਕ ਆਜ਼ਾਦੀ ਦੇ ਸਹਿਮ, ਨੁਕਸਦਾਰ ਭਰਤੀਆਂ ਰਾਹੀਂ ਵਿਦਿਅਕ ਸੰਸਥਾਵਾਂ ਦੇ ਸਿਆਸੀਕਰਨ, ਅਧਿਆਪਨ ਪ੍ਰਯੋਗਾਂ ਅਤੇ ਕਾਢਾਂ ਪ੍ਰਤੀ ਨਾਂਹਮੁਖਤਾ ਅਤੇ ਸਭ ਤੋਂ ਵਧ ਕੇ ਅਧਿਆਪਕਾਂ ਨੂੰ ਗੁਲਾਮ ਕਾਮਿਆਂ ਦੀ ਤਰ੍ਹਾਂ ਹਰ ਵਕਤ ਜਾਸੂਸੀ ਅਧੀਨ ਰੱਖਣ ਦਾ ਵਿਰੋਧ ਕਰੇ। ਆਖ਼ਰਕਾਰ, ਜੇ ਸਿੱਖਿਆ ਨੂੰ ਬਰਬਾਦ ਹੋਣ ਦਿੱਤਾ ਗਿਆ ਤਾਂ ਕੋਈ ਵੀ ਸੱਤਾਵਾਦੀ ਰਹਿਬਰ ਸਾਨੂੰ ਬਚਾ ਨਹੀਂ ਸਕੇਗਾ।