ਘਰ ਬੋਲਦਾ ਹੈ

ਡਾ. ਗੁਰਬਖਸ਼ ਸਿੰਘ ਭੰਡਾਲ
ਫੋਨ: 216-556-2080
ਘਰ ਬੋਲਦਾ ਹੈ। ਕੀ ਤੁਸੀਂ ਕਦੇ ਘਰ ਨੂੰ ਬੋਲਦੇ ਸੁਣਿਆ? ਘਰ ਕੀ ਕਹਿੰਦਾ ਏ? ਕਿਉਂ ਕਹਿੰਦਾ? ਕਿਸਨੂੰ ਕਹਿੰਦਾ? ਇਸਦੇ ਕਹਿਣ ਦੇ ਕੀ ਅਰਥ? ਘਰ ਦੀ ਬੋਲਬਾਣੀ ਵਿਚ ਕਿਹੜੇ ਸ਼ਬਦ ਨੇ ਅਤੇ ਇਨ੍ਹਾਂ ਦੀ ਅਰਥਕਾਰੀ ਕੀ ਏ? ਕੀ ਅਸੀਂ ਇੰਨੇ ਸੰਵੇਦਨਸ਼ੀਲ ਹਾਂ ਕਿ ਘਰ ਨੂੰ ਬੋਲਦਾ ਸੁਣ ਸਕੀਏ?

ਸਭ ਤੋਂ ਜ਼ਰੂਰੀ ਹੈ ਕਿ ਸਮਝ ਹੋਵੇ ਕਿ ਘਰ ਕਿਹੜੀ ਬੋਲੀ ਵਿਚ ਬੋਲਦਾ? ਕੀ ਅਸੀਂ ਘਰ ਨਾਲ ਇੰਨੀ ਨੇੜਤਾ ਪਾਲੀ ਹੋਈ ਹੈ ਕਿ ਸਾਨੂੰ ਪਤਾ ਲੱਗ ਸਕੇ ਕਿ ਕਿਹੜੇ ਵੇਲੇ ਘਰ ਕੀ ਕਹਿੰਦਾ? ਇਸਨੂੰ ਅਸੀਂ ਕਿਵੇਂ ਸਮਝਣਾ? ਬੋਲਣ ਦੇ ਸਰੋਕਾਰ ਕੀ ਹਨ? ਘਰ ਦੀਆਂ ਸ਼ੰਕਾਵਾਂ ਅਤੇ ਚਿੰਤਾਵਾਂ ਨੂੰ ਕਿਵੇਂ ਦੂਰ ਕਰਨਾ ਏ?
ਘਰ ਦੀ ਬਾਹਰੀ ਦਿੱਖ ਹੀ ਦੇਖਣ ਵਾਲੇ ਦੀ ਅੱਖ ਵਿਚ ਇਹ ਸੁਨੇਹਾ ਧਰ ਜਾਂਦੀ ਕਿ ਇਹ ਘਰ ਕਿਸੇ ਗਰੀਬ ਦਾ ਏ ਜਾਂ ਅਮੀਰ ਦਾ। ਮਹਿਲ ਰੂਪੀ ਬਣਤਰ ਵਿਚੋਂ ਕਿਸੇ ਖਾਸ ਵਿਅਕਤੀ ਦੇ ਘਰ ਦੀ ਝਲਕ ਪੈਂਦੀ। ਉਚੀਆਂ ਕੰਧਾਂ ‘ਤੇ ਲਾਏ ਹੋਏ ਕੱਚ ਅਤੇ ਤਾਰਾਂ ਇਹ ਸੰਕੇਤ ਦਿੰਦੀਆਂ ਕਿ ਘਰ ਵਾਲੇ ਖ਼ੌਫ ਦੀ ਜ਼ਿੰਦਗੀ ਜੀਅ ਰਹੇ। ਘਰ ਵਿਚ ਪਸਰਿਆ ਇਹ ਖ਼ੌਫ਼ ਘਰ ਦਾ ਸਾਹ ਸੂਤੀ ਰੱਖਦਾ। ਘਰ ਦੇ ਗੇਟ ਨੂੰ ਅੰਦਰੋਂ ਲੱਗਿਆ ਜਿੰਦਰਾ ਘਰ ਨੂੰ ਹਾਊਸ ਨੰਬਰ ਬਣਾਉਂਦਾ। ਘਰ ਦੇ ਦਰਬਾਨ ਅਤੇ ਰਾਖੀ ਲਈ ਰੱਖੇ ਹੋਏ ਕੁੱਤਿਆਂ ਦੀ ਹਾਜ਼ਰੀ ਹੀ ਇਹ ਸਾਬਤ ਕਰਨ ਲਈ ਕਾਫ਼ੀ ਏ ਕਿ ਘਰ ਨੂੰ ਆਪਣੀ ਹੋਂਦ ਦੇ ਖੁਰਨ ਦੀ ਕਿੰਨੀ ਚਿੰਤਾ ਏ? ਪਰ ਆਮ ਘਰਾਂ ਦੇ ਦਰ ਹਮੇਸ਼ਾਂ ਖੁੱਲ੍ਹੇ। ਉਹ ਮਕਾਨ ਨਹੀਂ ਸਗੋਂ ਘਰ ਹੁੰਦੇ। ਝੁੱਗੀ ਵਾਲੇ ਭਲਾ ਜਿੰਦਰਾ ਕਿੱਥੇ ਲਾਉਣਗੇ? ਘਰ ਦੀ ਪਹਿਲੀ ਦਿੱਖ ਹੀ ਘਰ ਦੀ ਚੁਗਲੀ ਕਰ ਜਾਂਦੀ। ਘਰ ਦੀ ਨੇਮ ਪਲੇਟ ਰਾਹੀਂ ਘਰ ਦੀ ਹਊਮੈ ਜਾਂ ਨਿਮਰਤਾ ਦੇ ਸ਼ਾਖਸ਼ਾਤ ਦਰਸ਼ਨ ਕਰ ਸਕਦੇ ਹੋ। ਵੱਡੇ ਰੁਤਬਿਆਂ ਵਾਲੇ ਬੌਣੇ ਲੋਕਾਂ ਦੀ ਨੇਮ ਪਲੇਟ ਵਿਚੋਂ ਉਨ੍ਹਾਂ ਦਾ ਬੌਣਾਪਣ ਘਰ ਨੂੰ ਨਮੋਸ਼ੀ ਵਿਚ ਡੋਬ ਦਿੰਦਾ।
ਘਰ ਅੰਦਰ ਪੈਰ ਪਾਉਣ ਤੋਂ ਪਹਿਲਾਂ ਹੀ ਮਾਨਸਿਕ ਤਲਾਸ਼ੀ ਰਾਹੀਂ ਗਰੀਬ ਰਿਸ਼ਤੇਦਾਰ ਦਰਾਂ ਤੋਂ ਹੀ ਮੋੜ ਦਿਤੇ ਜਾਂਦੇ। ਪਰ ਉਚੇ ਰੁਤਬੇ ਵਾਲਿਆਂ ਦੀ ਆਓ-ਭਗਤ ਵਿਚ ਰੁੱਝਿਆ ਘਰ, ਮੋਹ-ਮੁਹੱਬਤ ਤੋਂ ਵਿਰਵਾ ਸਿਰਫ਼ ਨਿੱਜੀ ਮੁਫ਼ਾਦ ਲਈ ਖਿਦਮਤ ਕਰਨ ਜੋਗਾ ਹੀ ਹੁੰਦਾ। ਘਰ ਵਿਚ ਫੁੱਲ ਬੂਟਿਆਂ ਦੀ ਬਹਾਰ, ਘਰ ਵਾਲਿਆਂ ਦਾ ਕੁਦਰਤ ਨਾਲ ਪਿਆਰ ਦਾ ਪ੍ਰਮਾਣ ਜਦ ਕਿ ਵਿਹੜੇ ਵਿਚ ਛਾਈ ਵੈਰਾਨੀ ਉਨ੍ਹਾਂ ਦੀ ਕਾਇਨਾਤ ਪ੍ਰਤੀ ਬੇਰੁਖੀ ਹੁੰਦੀ ਜਿਸ ਨਾਲ ਘਰ ਨੂੰ ਬੇਗਾਨਗੀ ਦਾ ਹੀ ਅਹਿਸਾਸ ਹੁੰਦਾ। ‘ਕੇਰਾਂ ਅਸੀਂ ਕਿਸੇ ਰਿਸ਼ਤੇਦਾਰ ਲੜਕੀ ਲਈ ਲੜਕਾ ਦੇਖਣ ਕਿਸੇ ਦੇ ਘਰ ਗਏ। ਘਰ ਵੜਦਿਆਂ ਸਾਰ ਵਿਹੜੇ ਵਿਚ ਉਡਦੀ ਮਿੱਟੀ ਅਤੇ ਵੈਰਾਨਗੀ ਨੇ ਇੰਨਾ ਨਿਰਾਸ਼ ਕੀਤਾ ਕਿ ਮਨ ‘ਚ ਇਸ ਘਰ ਵਿਚ ਆਉਣ ਦਾ ਪਛਤਾਵਾ ਹੋਣ ਲੱਗਾ। ਘਰ ਵਿਚਲੀ ਹਰਿਆਲੀ ਮਹਿਮਾਨ ਦਾ ਸੁਆਗਤ ਜਦ ਕਿ ਬੇਰੁਖੀ ਘਰ ਆਇਆਂ ਨੂੰ ਦੁਰਕਾਰਨਾ।
ਘਰ ਵਿਚ ਕਮਰਿਆਂ ਦੀ ਕਤਾਰਬੰਦੀ ਇਹ ਦੱਸਣ ਲਈ ਕਾਫ਼ੀ ਹੁੰਦੀ ਕਿ ਘਰ ਦੇ ਕਿਹੜੇ ਜੀਅ ਨੂੰ ਕਿੰਨੀ ਕੁ ਅਹਿਮੀਅਤ ਦਿੱਤੀ ਜਾਂਦੀ? ਘਰ ਵਿਚਲੇ ਸਭ ਤੋਂ ਸੋਹਣੇ ਕਮਰੇ ਵਿਚ ਜਦ ਬਜ਼ੁਰਗਾਂ ਦੀ ਰਿਹਾਇਸ਼ ਹੋਵੇ ਤਾਂ ਘਰ ਮਾਣ ਨਾਲ ਹੁੱਬਦਾ। ਪਰ ਜਦ ਮਾਪਿਆਂ ਲਈ ਘਰ ਦੇ ਪਿੱਛੜਾੜੇ ਜਾਂ ਗੈਰਾਜ ਵਿਚ ਮੰਜਾ ਡਾਹਿਆ ਜਾਂਦਾ ਤਾਂ ਘਰ ਸੰਤਾਪਿਆ ਜਾਂਦਾ। ‘ਕੇਰਾਂ ਬਰੈਂਪਟਨ ਵਿਚ ਘਰ ਦੇਖਣ ਗਿਆ ਤਾਂ ਗੈਰਾਜ ਵਿਚ ਬਜੁLਰਗਾਂ ਦਾ ਮੰਜਾ ਦੇਖ ਕੇ ਮਨ ਇੰਨਾ ਦੁਖੀ ਹੋਇਆ ਕਿ ਘਰ ਦੇਖੇ ਤੋਂ ਬਗੈਰ ਹੀ ਵਾਪਸ ਪਰਤ ਆਇਆ। ਘਰ ਹੌਲੀ ਹੌਲੀ ਧੁਖਦਾ, ਅੰਦਰੋਂ ਰਾਖ਼ ਹੁੰਦਾ ਭਾਵੇਂ ਕਿ ਬਾਹਰੋਂ ਸਾਬਤ ਹੀ ਨਜ਼ਰੀਂ ਆਵੇ।
ਯਾਦ ਰਹੇ ਕਿ ਘਰ, ਕਮਰਿਆਂ ਦੀ ਗਿਣਤੀ ਨਹੀਂ ਸਗੋਂ ਕਮਰਿਆਂ ਵਿਚ ਰਹਿਣ ਵਾਲਿਆਂ ਦਾ ਸ਼ੀਸ਼ਾ ਹੁੰਦਾ। ਛੋਟੇ ਘਰਾਂ ਵਿਚ ਵੀ ਵੱਡੇ ਲੋਕ ਹੁੰਦੇ ਜਦ ਕਿ ਅੱਜ-ਕੱਲ੍ਹ ਅਕਸਰ ਹੀ ਵੱਡੇ ਘਰਾਂ ਵਿਚ ਬਹੁਤ ਹੀ ਛੋਟੇ ਲੋਕ ਰਹਿੰਦੇ। ਘਰ ਕਮਰਿਆਂ ਵਿਚੋਂ ਬੋਲਦਾ ਅਤੇ ਉਸਦੀ ਵਾਰਤਾਲਾਪ ਵਿਚੋਂ ਉਹੀ ਕੁਝ ਸੁਣਾਈ ਦਿੰਦਾ ਜੋ ਘਰ ਸਮਝਦਾ ਅਤੇ ਸਮਝਾਉਣਾ ਚਾਹੁੰਦਾ।
ਘਰ ਦੀਆਂ ਕੰਧਾਂ ਵੀ ਬੋਲਦੀਆਂ। ਐਂਵੇਂ ਤਾਂ ਨਹੀਂ ਕਹਿੰਦੇ ਕਿ ਕੰਧਾਂ ਵੀ ਚੁਗਲੀ ਕਰ ਜਾਂਦੀਆਂ। ਕਿਹੜੇ ਕਮਰੇ ਨੂੰ ਕਿਹੜਾ ਰੰਗ ਕੀਤਾ, ਬਹੁਤ ਕੁਝ ਦੇਖਣ ਵਾਲੀ ਅੱਖ ਵਿਚ ਧਰ ਜਾਂਦਾ ਕਿ ਕਮਰੇ ਵਿਚ ਰਹਿਣ ਵਾਲੇ ਦੀ ਮਾਨਸਿਕਤਾ ਕੀ ਏ? ਕੀ ਇਹ ਰੰਗ ਸ਼ੌਖ, ਗੂੜੇ, ਹਲਕੇ ਜਾਂ ਸਫੈਦ ਹੈ।
ਇਹ ਰੰਗ ਜਦ ਬੋਲਣ ਲੱਗਦੇ ਤਾਂ ਘਰ ਵਾਲਿਆਂ ਦੀਆਂ ਉਹ ਪਰਤਾਂ ਫਰੋਲਦੇ ਜਿਨ੍ਹਾਂ ਦਾ ਕਈ ਵਾਰ ਘਰਦਿਆਂ ਨੂੰ ਵੀ ਪਤਾ ਨਹੀਂ ਹੁੰਦਾ। ਘਰ ਦੇ ਕਿਸੇ ਕਮਰੇ ਦੀਆਂ ਕੰਧਾਂ ‘ਤੇ ਕਿਹੜੀਆਂ ਤਸਵੀਰਾਂ ਟੰਗੀਆਂ? ਕੀ ਬਜ਼ੁਰਗਾਂ ਦੀਆਂ ਤਸਵੀਰਾਂ ਦਿਸਦੀਆਂ? ਬੱਚਿਆਂ ਦੀਆਂ ਦਿਲਕਸ਼ ਫਰੇਮ ਵਿਚ ਜੜੀਆਂ ਤਸਵੀਰਾਂ ਵੀ ਹਨ? ਕੀ ਕੁਦਰਤੀ ਦ੍ਰਿਸ਼ਾਂ ਨਾਲ ਕਮਰਾ ਸਜਾਇਆ ਹੈ? ਕੀ ਧਾਰਮਿਕ ਹਸਤੀਆਂ ਜਾਂ ਮਹਾਨ ਵਿਅਕਤੀਆਂ ਦੇ ਚਿੱਤਰ ਨਜ਼ਰ ਆਉਂਦੇ ਜਾਂ ਸਿਰਫ਼ ਐਕਟਰਾਂ, ਕੱਟੜਤਾ ਦੇ ਹਾਮੀਆਂ ਦੀਆਂ ਤਸਵੀਰਾਂ ਦੀ ਪ੍ਰਦਰਸ਼ਨੀ ਏ? ਘਰ ਦੀਆਂ ਇਹ ਤਸਵੀਰਾਂ ਉਹ ਕੁਝ ਬੋਲਦੀਆਂ ਨੇ ਜਿਸਦੇ ਦੱਸਣ ਦੀ ਘਰ ਵਾਲਿਆਂ ਨੂੰ ਕੋਈ ਲੋੜ ਨਹੀਂ। ਇਹ ਤਸਵੀਰਾਂ ਰਾਹੀਂ ਹੀ ਘਰ, ਘਰ ਵਿਚ ਰਹਿਣ ਵਾਲਿਆਂ ਦੀ ਸੋਚ ਨੂੰ ਪੜ੍ਹਦਾ ਅਤੇ ਫਿਰ ਉਚੀ ਉਚੀ ਬੋਲ ਕੇ ਦੱਸਦਾ ਕਿ ਘਰ ਵਾਲਿਓ ਤੁਸੀਂ ਕੌਣ ਹੋ? ਪਰ ਇਹ ਇਸ ‘ਤੇ ਨਿਰਭਰ ਕਰਦਾ ਕਿ ਕੀ ਘਰ ਵਾਲੇ ਘਰ ਨੂੰ ਸੁਣਦੇ ਆ ਜਾਂ ਉਹ ਬੋਲੇ ਨੇ ਜਾਂ ਘਰ ਦੀ ਕਹੀ ਨੂੰ ਅਣਸੁਣੀ ਕਰਨ ਦੇ ਆਦੀ ਨੇ।
ਘਰ ਵਿਚ ਕਿਤਾਬਾਂ ਦੀ ਸ਼ੈਲਫ਼ ਜਾਂ ਬੀਅਰ ਬਾਰ ਦੀ ਹੋਂਦ ਘਰ ਨੂੰ ਬੋਲਣ ਲਈ ਮਜਬੂਰ ਕਰਦੀ ਕਿ ਘਰ ਵਾਲੇ ਕਿਸਨੂੰ ਅਹਿਮੀਅਤ ਦਿੰਦੇ? ਘਰ ਹੀ ਦੱਸਦਾ ਕਿ ਕੀ ਘਰ ਵਾਲੇ ਕਿਤਾਬਾਂ ਪੜ੍ਹਨ ਦੇ ਸ਼ੌਕੀਨ ਨੇ ਜਾਂ ਸ਼ਰਾਬ ਦੀਆਂ ਮਹਿਫ਼ਲਾਂ ਅਤੇ ਰੰਗੀਨ ਸ਼ਾਮਾਂ ਵਿਚ ਖੁਦ ਨੂੰ ਡੋਬ, ਜੀਵਨ ਨੂੰ ਅਕਾਰਥਾ ਬਣ ਰਹੇ? ਜੇ ਘਰ ਦੀ ਨੁੱਕਰੇ ਅਸਾਲਟ ਰਾਈਫ਼ਲਾਂ ਤੇ ਪਿਸਤੌਲਾਂ ਦੀ ਪ੍ਰਦਰਸ਼ਨੀ ਲੱਗੀ ਹੋਵੇ ਤਾਂ ਘਰ ਦੀ ਹਿੱਕ ਵਿਚੋਂ ਹੂਕ ਨਿਕਲਦੀ ਕਿ ਯਾ ਅੱਲ੍ਹਾ! ਇਹ ਮਾਰੂ ਹਥਿਆਰ ਘਰ ਲਈ ਕਬਰ ਹੀ ਨਾ ਬਣ ਜਾਣ। ਕਮਰੇ ਦੀ ਫ਼ਿਜ਼ਾ ਵਿਚ ਉਗਿਆ ਹਉਕਾ ਸੁਣ ਕੇ ਹੀ ਪਤਾ ਲੱਗ ਜਾਂਦਾ ਕਿ ਡਬਲ ਬੈੱਡ ‘ਤੇ ਰਾਤ ਨੂੰ ਸੌਣ ਵਾਲਿਆਂ ਦਰਮਿਆਨ ਸਿਰਫ਼ ਚੁੱਪ ਤੇ ਸੀਤ ਦਾ ਹੀ ਪਹਿਰਾ। ਵਧ ਰਹੀ ਆਪਸੀ ਦੂਰੀ ਇਸ ਸੇਜ ਨੂੰ ਸੁੰਨੀ ਵੀ ਕਰ ਸਕਦੀ। ਝਦ ਕਿ ਵੱਟੋ-ਵੱਟ ਹੋਈ ਚਾਦਰ ਘਰ ਨੂੰ ਇਹ ਸੰਦੇਸ਼ ਦਿੰਦੀ ਕਿ ਦੋ ਰੂਹਾਂ ਆਪਸ ਵਿਚ ਪਿਘਲ ਕੇ ਸਮੇਂ ਨੂੰ ਰਾਂਗਲੇ ਪਲਾਂ ਦਾ ਨਾਮਕਰਣ ਦਿੰਦੀਆਂ ਨੇ।
ਜਦ ਕਿਸੇ ਘਰ ਵਿਚ ਦਿਨ ਵੇਲੇ ਵੀ ਪਰਦੇ ਤਣੇ ਰਹਿਣ, ਰੌਸ਼ਨਦਾਨਾਂ ਰਾਹੀਂ ਰੌਸ਼ਨੀ ਦੇ ਆਉਣ ਦੀ ਮਨਾਹੀ ਹੋਵੇ ਅਤੇ ਕਮਰੇ ਦੀ ਹਵਾ ਸਿਸਕ ਰਹੀ ਹੋਵੇ ਤਾਂ ਘਰ ਸਮਝਾਅ ਦਿੰਦਾ ਕਿ ਘਰ ਇਕ ਕੈਦਖ਼ਾਨਾ ਅਤੇ ਕੈਦੀਆਂ ਨੂੰ ਬਾਹਰ ਝਾਕਣ ਦੀ ਮਨਾਹੀ। ਘਰ ਵੀ ਇਹ ਦਰਸਾਉਣ ਵਿਚ ਪਲ ਨਹੀਂ ਲਾਉਂਦਾ ਕਿ ਘਰ ਵਿਚ ਸਹਿਮ ਦਾ ਮਾਹੌਲ ਹੈ। ਕੁਕਰਮਾਂ ਦੀ ਖੇਤੀ ‘ਤੇ ਪਰਦਾਦਾਰੀ ਲਈ ਪਰਦੇ ਤਣੇ ਜਾਂਦੇ। ਚਾਨਣ ਵਿਚ ਗੁਨਾਹ ਨਹੀਂ ਹੁੰਦੇ ਜਦ ਕਿ ਹਨੇਰੇ ਵਿਚ ਬਦਫ਼ੈਲੀਆਂ ਦੇ ਬੀਜ ਪਨਪਦੇ। ਘਰ ਨੂੰ ਸਭ ਪਤਾ ਹੁੰਦਾ ਕਿਉਂਕਿ ਘਰ ਦਾ ਰਾਜ਼, ਘਰ ਨੂੰ ਪਤਾ ਨਾ ਲੱਗੇ ਇਹ ਕਿੰਝ ਹੋ ਸਕਦਾ?
ਕੰਧਾਂ ‘ਤੇ ਮਾਰੀਆਂ ਲਕੀਰਾਂ, ਪਾਏ ਪੂਰਨਿਆਂ, ਤੇ ਕੀਤੀ ਅੱਖਰਕਾਰੀ ਵਿਚੋਂ ਘਰ ਦੱਸ ਦਿੰਦਾ ਕਿ ਇਹ ਘਰ ਵਿਚ ਵੱਸਦੇ ਨਿੱਕੇ ਬਾਲਾਂ ਦੀਆਂ ਕੀਰਤੀਆਂ ਨੇ ਜਿਨ੍ਹਾਂ ਸਦਕਾ ਕੰਧਾਂ ਨੂੰ ਕੈਨਵਸ ਬਣਨ ਦਾ ਸੁਭਾਗ ਮਿਲਿਆ। ਘਰ ਵਿਚ ਬੱਚਿਆਂ ਦਾ ਪਿਆ ਖਿਲਾਰਾ ਦੇਖ ਕੇ ਘਰ ਨੂੰ ਚਾਅ ਚੜ੍ਹ ਜਾਂਦਾ ਕਿ ਇਹੀ ਖਿਲਾਰਾ ਵੱਸਦੇ ਘਰਾਂ ਦੀ ਨਿਸ਼ਾਨੀ ਜਿਸ ਵਿਚ ਬੱਚੇ ਹੱਸਦੇ, ਰੋਂਦੇ, ਮੰਨਦੇ, ਜਿੱLਦ ਕਰਦੇ ਤੇ ਆਪਣੀ ਮਨਾਉਂਦੇ। ਉਨ੍ਹਾਂ ਦੀ ਬੇਪ੍ਰਵਾਹੀ ਘਰ ਨੂੰ ਨਵਾਂ ਰੂਪ ਚਾੜ੍ਹਦੀ ਅਤੇ ਬੱਚੇ ਘਰ ਦੀ ਸੁਰੱਖਿਅਤ ਫਿਜ਼ਾ ਵਿਚ ਕੁਝ ਵੀ ਕਰਨ ਲਈ ਆਜ਼ਾਦ ਅਤੇ ਬੇਖੌਫ਼ ਹੋ ਕੇ ਹੁੱੜਦੰਗ ਮਚਾ ਸਕਦੇ। ਪਰ ਘਰ ਕਦੇ ਕਦਾਈਂ ਥੋੜ੍ਹੀ ਜਹੀ ਮਾਯੂਸੀ ਵਿਚ ਵੀ ਬੋਲਦਾ ਕਿ ਇਨ੍ਹਾਂ ਦਿਨਾਂ ਸਦਾ ਨਹੀਂ ਰਹਿਣਾ ਕਿਉਂਕਿ ਜਦ ਬੱਚੇ ਵੱਡੇ ਹੋ ਕੇ ਨਵੀਂ ਪ੍ਰਵਾਜ਼ ਭਰ ਗਏ ਤਾਂ ਘਰ ਦੀ ਸੁੰਨਤਾ ਅਤੇ ਬੇਰੌਣਕੀ ਘਰ ਨੂੰ ਬਹੁਤ ਸਤਾਵੇਗੀ।
ਘਰ ਇਹ ਚੁਗਲੀ ਕਰਨ ਲੱਗਿਆਂ ਦੇਰ ਨਹੀਂ ਲਾਉਂਦਾ ਕਿ ਘਰ ਦੇ ਜੀਆਂ ਵਿਚ ਆਪਸੀ ਪਿਆਰ, ਤਾਲਮੇਲ, ਸਹਿਯੋਗ, ਸਤਿਕਾਰ, ਨੇੜਤਾ ਅਤੇ ਬੋਲਚਾਲ ਕਿੰਨੀ ਕੁ ਹੈ? ਉਹ ਕਿੰਨਾ ਕੁ ਇਕ ਦੂਜੇ ਨੂੰ ਸਮਝਦੇ? ਉਨ੍ਹਾਂ ਵਿਚ ਸੁਪਨਿਆਂ ਦੀ ਸਾਂਝ ਕਿੰਨੀ ਨਰੋਈ ਅਤੇ ਪੀਢੀ ਹੈ? ਉਹ ਇਕ ਦੂਜੇ ਲਈ ਕਿੰਨੇ ਕੁ ਅਰਪਿਤ? ਜਾਂ ਸਿਰਫ਼ ਹਰ ਜੀਅ ਆਪਣੇ ਨਿੱਜ ਤੀਕ ਹੀ ਸੀਮਤ? ਇਹ ਘਰ ਦੀ ਆਬੋ-ਹਵਾ ਵਿਚੋਂ ਪੜ੍ਹਿਆ ਅਤੇ ਸੁਣਿਆ ਜਾ ਸਕਦਾ ਅਗਰ ਸਾਨੂੰ ਇਸਦੀ ਜਾਚ ਹੋਵੇ। ਅਸੀਂ ਆਪਣੀ ਦਿੱਬ-ਦ੍ਰਿਸ਼ਟੀ ਰਾਹੀਂ ਉਹ ਕੁਝ ਸੁਣ ਸਕੀਏ ਜੋ ਘਰ ਵਿਚ ਪਸਰੀ ਸੁੰਨ ਵਿਚ ਹੁੰਦਾ।
ਘਰ ਇਹ ਵੀ ਸਮਝਾ ਦਿੰਦਾ ਕਿ ਉਚੇ ਦਰਵਾਜ਼ਿਆਂ ਵਾਲੇ ਸੱਚੀਂ ਹੀ ਉਚੇ ਹਨ ਜਾਂ ਨੀਵੇਂ? ਛੋਟੇ ਦਰਾਂ ਵਾਲੇ ਕਿੰਨੀ ਕੁ ਅਪਣੱਤ ਨਾਲ ਆਏ ਮਹਿਮਾਨਾਂ ਦਾ ਅਦਬ ਕਰਦੇ ਅਤੇ ਕੀ ਉਚੇਚ ਵਿਚੋਂ ਵੀ ਨਿਰਉਚੇਚਤਾ ਦਾ ਝਲਕਾਰਾ ਪੈਂਦਾ?
ਕਈ ਵਾਰ ਘਰ ਖਾਮੋਸ਼ ਹੋ ਜਾਂਦਾ ਜਦ ਕਮਰੇ ਨੂੰ ਕਾਗਜ਼ੀ ਫੁੱਲਾਂ ਨਾਲ ਸਜਾਇਆ ਜਾਂਦਾ। ਮਖੌਟਿਆਂ ਵਾਂਗ ਵਿਚਰਦੇ ਲੋਕ ਆਪਣੇ ਅੰਦਰਲੇ ਸੱਚ ਨੂੰ ਛੁਪਾਉਣ ਦੀ ਅਸਫ਼ਲ ਕੋਸ਼ਿਸ਼ ਕਰਦੇ। ਕਣਕ ਦੇ ਛਿੱਟੇ ਜਦ ਕਮਰੇ ਦੀ Lਸ਼ਾਨ ਵਧਾਉਣ ਲਈ ਲਾਏ ਜਾਂਦੇ ਤਾਂ ਕਣਕ ਦੇ ਦਾਣਿਆਂ ਵਿਚ ਉਗਿਆ ਹੇਰਵਾ, ਘਰ ਲਈ ਸੁਸਰੀ ਬਣ ਜਾਂਦਾ। ਘਰ ਨੂੰ ਬਹੁਤ ਅੱਖਰਦਾ ਅਤੇ ਬੋਲਾਂ ਵਿਚ ਖ਼ਰਵਾਪਣ ਹਾਵੀ ਹੁੰਦਾ ਜਦ ਇਸਦੇ ਖੂੰਜਿਆਂ ਵਿਚ ਜਾਲੇ ਉਗਦੇ। ਛੱਤ ‘ਤੇ ਪਿੱਪਲ ਤੇ ਬੋਹੜ ਉਗਦੇ। ਪ੍ਰਨਾਲਿਆਂ ਵਿਚ ਮਿੱਟੀ ਦੇ ਢੇਰ ਲੱਗਦੇ ਤੇ ਕੰਧਾਂ ਤੋਂ ਕੱਲਰ ਕਿਰਦਾ। ਘਰ ਵਾਲਿਆਂ ਦਾ ਅਵੇਸਲਾਪਣ ਮਹਿਸੂਸ ਕਰ ਕੇ ਘਰ ਉਦਾਸੀ ਵਿਚ ਡੁੱਬ ਜਾਂਦਾ ਜੋ ਕਈ ਵਾਰ ਘਰ ਲਈ ਹਊਆ ਬਣ ਜਾਂਦੀ।
ਘਰ ਦੀ ਉਪਰਾਮਤਾ ਨੂੰ ਬੋਲ ਹੀ ਨਾ ਮਿਲਦੇ ਜਦ ਘਰ ਦੇਖਦਾ ਕਿ ਘਰ ਵਿਚੋਂ ਗਾਇਬ ਹੋ ਗਈ ਹੈ ਸਿਹਤਮੰਦ ਜੀਵਨ-ਜਾਚ। ਖਾਣ-ਪੀਣ ਵਿਚ ਆਇਆ ਬਦਲਾਅ, ਜੀਵਨ ਲਈ ਕਿਆਮਤ। ਘਰ ਵਿਚ ਦਵਾਈਆਂ ਦੀ ਬਹੁਤਾਤ ਨੇ ਅਰੋਗਤਾ ਦਾ ਮਰਸੀਆ ਪੜ੍ਹ ਦਿੱਤਾ ਅਤੇ ਇਸ ਮਰਸੀਏ ਵਿਚ ਘਰ ਸ਼ਾਮਲ ਹੋਣ ਤੋਂ ਨਹੀਂ ਬਚ ਸਕਦਾ। ਘਰ ਨੂੰ ਇਹ ਰੰਜਿਸ਼ ਹੈ ਕਿ ਹੁਣ ਘਰ ਵਾਲੇ ਘਰ ਦੇ ਤਿਆਰ ਕੀਤੇ ਖਾਣੇ ਦੀ ਬਜਾਏ ਡੱਬੇਬੰਦ ਖਾਣਿਆਂ ‘ਤੇ ਇੰਨੇ ਨਿਰਭਰ ਹੋ ਗਏ ਕਿ ਉਨ੍ਹਾਂ ਦੇ ਸੁਹਜ ਸਵਾਦ ਹੀ ਬਦਲ ਗਏ। ਘਰ ਵਾਲਿਆਂ ਦੇ ਬਦਲੇ ਹੋਏ ਤੇਵਰਾਂ ਨੇ ਘਰ ਨੂੰ ਬਹੁਤ ਹਤਾਸ਼ ਕਰ ਦਿੱਤਾ ਜੋ ਘਰ ਦੀ ਗੁਫ਼ਤਗੂ ਵਿਚੋਂ ਸਾਫ਼ ਝਲਕਦਾ।
ਘਰ ਦੇ ਬੋਲਾਂ ਵਿਚ ਰੋਹ ਪੈਦਾ ਹੁੰਦਾ ਜਦ ਉਹ ਦੇਖਦਾ ਕਿ ਘਰ ਵਿਚੋਂ ਬਜ਼ੁਰਗਾਂ ਦਾ ਮੰਜਾ ਹੀ ਗਾਇਬ ਹੋ ਗਿਆ। ਮਾਪਿਆਂ ਲਈ ਸੋਫ਼ਿਆਂ ਤੇ ਗਦੇਲਿਆਂ ਦੇ ਕੋਈ ਅਰਥ ਨਹੀਂ। ਉਹ ਤਾਂ ਚਾਹੁੰਦੇ ਕਿ ਘਰ ਵਾਲੇ ਆਪਣੇ ਵਡੇਰਿਆਂ ਨੂੰ ਅਦਬ ਦੇਣ। ਉਨ੍ਹਾਂ ਨਾਲ ਗੱਲਾਂ ਕਰਨ। ਉਹ ਆਪਣਿਆਂ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰ ਸਕਣ ਅਤੇ ਖ਼ੁਦ ਨੂੰ ਫਰੋਲ ਸਕਣ। ਜੇ ਬੱਚੇ ਹੀ ਮਾਪਿਆਂ ਦੀ ਨਹੀਂ ਸੁਣਨਗੇ ਤਾਂ ਮਾਪਿਆਂ ਨੇ ਸਭ ਕੁਝ ਹਿੱਕ ਵਿਚ ਦਫ਼ਨਾ ਕੇ ਹੀ ਇਸ ਦੁਨੀਆਂ ਤੋਂ ਤੁਰ ਜਾਣਾ ਅਤੇ ਹੋ ਸਕਦਾ ਕਿ ਘਰ ਵਾਲੇ ਉਨ੍ਹਾਂ ਦੀਆਂ ਗੱਲਾਂ ਸੁਣਨ ਲਈ ਤਰਸ ਜਾਣ। ਆਪਣੇ ਕਮਰੇ ਵਿਚ ਇਕੱਲੇ ਬੈਠੇ ਬਜ਼ੁਰਗਾਂ ਦੀਆਂ ਗੱਲਾਂ, ਘਰ ਜ਼ਰੂਰ ਸੁਣਦਾ ਏ ਅਤੇ ਚਾਹੁੰਦਾ ਕਿ ਘਰ ਵਾਲੇ ਵੀ ਸੁਣਨ। ਪਰ ਜਦ ਘਰ ਵਾਲਿਆਂ ਨੂੰ ਫੁਰਸਤ ਹੀ ਨਾ ਮਿਲੇ ਤਾਂ ਘਰ ਦੁਹਾਈ ਵੀ ਪਾਉਂਦਾ ਪਰ ਘਰ ਦੀ ਕੌਣ ਸੁਣਦਾ? ਕਿਸ ਕੋਲ ਵਿਹਲ ਕਿ ਉਹ ਘਰ ਦੀ ਵੇਦਨਾ ਸੁਣੇ ਅਤੇ ਇਸ ਰਾਹੀਂ ਆਪਣੇ ਆਪ ਦੇ ਰੂਬਰੂ ਹੋਵੇ।
ਘਰ ਦੀ ਹਾਕ ਜਦ ਹੂਕ ਬਣ ਜਾਵੇ ਤਾਂ ਘਰ ਢੱਠਦਾ ਢੱਠਦਾ ਢਹਿ ਜਾਂਦਾ।
ਇਸਦੇ ਲਿਉੜਾਂ ਨੂੰ ਜਦ ਕੋਈ ਥੱਪਦਾ ਨਾ ਤਾਂ ਇਹ ਲਹਿੰਦਾ ਲਹਿੰਦਾ ਲਹਿ ਜਾਂਦਾ।
ਆਲ਼ੇ ਵਿਚ ਧਰਿਆ ਦੀਵਾ ਜੇ ਨਾ ਜਗੇ ਤਾਂ ਪਸਰਦਾ ‘ਨੇਰ ਘਰ ਨੂੰ ਖਾ ਜਾਂਦਾ।
ਪੌੜੀਆਂ ਤੋਂ ਚਾਨਣੀ ਜੇ ਉਤਰੇ ਨਾ ਤਾਂ ਮੱਸਿਆ ਦਾ ਕਹਿਰ ਹੈ ਛਾ ਜਾਂਦਾ।
ਕਮਰੇ ਵਿਚ ਖਾਮੋਸ਼ੀ ਦਾ ਹੋਵੇ ਪਹਿਰਾ ਤਾਂ ਹੋਠ ਤਰਸਦੇ ਮੋਹ ਪਿਆਰ ਦੇ ਲਈ।
ਮੁੱਕ ਜਾਂਦੀਆਂ ਕੈਲੰਡਰ ਦੀਆਂ ਲੀਕਾਂ, ਸੱਧਰਾਂ ਰੋਂਦੀਆਂ ਮਾਹੀ-ਦੀਦਾਰ ਦੇ ਲਈ।
ਚੁੱਲਿਆਂ ਵਿਚ ਜਦ ਘਾਹ ਉਗਦਾ, ਚੌਂਕੇ ਵਿਚ ਵੀਰਾਨਗੀ ਛਾ ਜਾਂਦੀ।
ਸੁੰਨੇ ਦਰੀਂ ਨਾ ਦੇਵੇ ਕੋਈ ਦਸਤਕ, ਬੂਹਿਆਂ ਮੱਥੇ ਉਡੀਕ ਚਿਪਕਾ ਜਾਂਦੀ।
ਘਰ ਦੱਸਦਾ ਹੈ ਕਿ ਊਸਨੂੰ ਚੰਗਾ ਲੱਗਦਾ ਹੈ ਜਦ ਕੋਈ ਸੁਪਨਿਆਂ ਦੀ ਪ੍ਰਵਾਜ਼ ਲਈ ਘਰੋਂ ਬਾਹਰ ਪੈਰ ਰੱਖਦਾ ਅਤੇ ਪਰ ਇਸ ਤੋਂ ਜ਼ਿਆਦਾ ਚੰਗਾ ਉਦੋਂ ਲੱਗਦਾ ਜਦ ਕੋਈ ਘਰੋਂ ਬਾਹਰ ਗਿਆ, ਪਰਤ ਕੇ ਘਰ ਨੂੰ ਆਣ ਕੇ ਮਿਲਦਾ।
ਘਰ ਹੀ ਬੰਦੇ ਨੂੰ ਇਹ ਭੇਤ ਸਮਝਾਉਂਦਾ ਕਿ ਮਕਾਨ ਖਰੀਦਿਆ ਜਾ ਸਕਦਾ ਪਰ ਘਰ ਸਦਾ ਘਰ ਵਾਲਿਆਂ ਵਲੋਂ ਉਸਾਰਿਆ ਜਾਂਦਾ। ਘਰ ਬਜ਼ਾਰ ਵਿਚੋਂ ਨਹੀਂ ਮਿਲਦਾ। ਕਈ ਵਾਰ ਮਹਿਲ ਵੀ ਘਰ ਨਹੀਂ ਹੁੰਦਾ ਪਰ ਬਹੁਤੀ ਵਾਰ ਛੰਨ ਵੀ ਘਰ ਹੁੰਦੀ।
ਘਰ ਉਚੀ ਬੋਲ ਕੇ ਦੱਸਦਾ ਕਿ ਸੁੱਚੀਆਂ ਭਾਵਨਾਵਾਂ, ਗੂੜੇ ਅਹਿਸਾਸਾਂ, ਆਪਸੀ ਮੋਹ ਅਤੇ ਮਿੱਤਰਤਾ ਭਰਪੂਰ ਰਵੱਈਏ ਵਿਚੋਂ ਘਰ ਦੀ ਉਚਮਤਾ ਅਤੇ ਸੁੱਚਮਤਾ ਉਜਾਗਰ ਹੁੰਦੀ। ਕਈ ਵਾਰ ਘਰ ਕਵਿਤਾ-ਕਵਿਤਾ ਹੋ ਕੂਕਦਾ;
ਅੱਜ ਕੱਲ ਪਿੰਡ, ਮਕਾਨਾਂ ਦੀ ਬਸਤੀ ਹੋ ਗਈ।
ਮਕਾਨਾਂ ‘ਚ ਬੰਦ, ਕੈਦੀ ਜੇਹੀ ਹਸਤੀ ਹੋ ਗਈ,
ਭੌਲਿਆ ਮਨਾਂ! ਇਹ ਵੀ ਵਕਤ ਨੇ ਦੇਖਣਾ ਸੀ,
ਕਿ ਦੌਲਤ ਮਹਿੰਗੀ ਪਰ ਜ਼ਿੰਦਗੀ ਸਸਤੀ ਹੋ ਗਈ।
ਯਾਦ ਰਹੇ ਕਿ ਘਰ ਜਿੰਨਾ ਚਿਰ ਜਿਊਂਦਾ ਹੈ, ਜਾਗਦਾ ਹੈ ਅਤੇ ਇਸਦੀ ਜ਼ਮੀਰ ਜਾਗਦੀ ਹੈ, ਇਸਨੇ ਬੋਲਦੇ ਰਹਿਣਾ। ਇਸਦੇ ਬੋਲਾਂ ਵਿਚ ਸਾਡੀ ਵਿਰਾਸਤ ਜਿਨ੍ਹਾਂ ਰਾਹੀਂ ਸਾਡੀ ਵਿਰਾਸਤ ਨੇ ਅਗਲੀ ਪੀੜ੍ਹੀ ਤੀਕ ਪਹੁੰਚਣਾ। ਇਸ ਲਈ ਜ਼ਰੂਰੀ ਹੈ ਕਿ ਅਸੀਂ ਇੰਨੇ ਸੰਵੇਦਨਸ਼ੀਲ ਜ਼ਰੂਰ ਹੋਈਏ ਕਿ ਘਰ ਦੀਆਂ ਹਾਕਾਂ ਦਾ ਹੁੰਗਾਰਾ ਭਰੀਏ। ਇਸ ਦੀਆਂ ਸੁਮੱਤਾਂ ਅਨੁਸਾਰ ਆਪਣਾ ਜੀਵਨ ਢਾਲੀਏ ਤਾਂ ਕਿ ਘਰ ਨੂੰ ਘਰ ਹੋਣ ਦਾ ਮਾਣ ਹੋਵੇ ਨਾ ਕਿ ਘਰ ਨੂੰ ਮਕਾਨ ਹੋਣ ਦੀ ਨਮੋਸ਼ੀ ਹੰਢਾਉਣੀ ਪਵੇ।
ਘਰ ਨੇ ਤਾਂ ਹਮੇਸ਼ਾ ਬੋਲਦੇ ਰਹਿਣਾ। ਇਹ ਤਾਂ ਘਰਾਂ ਵਾਲਿਆਂ ਨੇ ਸੋਚਣਾ ਕਿ ਘਰ ਨੂੰ ਸੁਣ ਕੇ, ਘਰ ਨੂੰ ਘਰ ਹੀ ਰਹਿਣ ਦੇਣਾ ਜਾਂ ਇਸਨੂੰ ਹਾਊਸ ਨੰਬਰ ਬਣਾਉਣਾ?