ਸੰਵਾਦੀ ਸੁਰ ਵਿਚ ਸੰਤ ਹਰਚੰਦ ਸਿੰਘ ਲੌਂਗੋਵਾਲ-2

ਬਲਕਾਰ ਸਿੰਘ ਪ੍ਰੋਫੈਸਰ
ਸੁਮੇਲ ਸਿੰਘ ਸਿੱਧੁੂ ਨੇ ‘ਪੰਜਾਬ ਟਾਈਮਜ਼’ ਦੇ 2 ਸਤੰਬਰ 2023 ਦੇ ਅੰਕ ਵਿਚ ਮਰਹੂਮ ਹਰਚੰਦ ਸਿੰਘ ਲੌਂਗੋਵਾਲ ਨੂੰ ‘ਪੰਜਾਬੀ-ਪੰਥ ਦੇ ਹੁਸਨ ਇਖਲਾਕ ਦਾ ਮੁਜੱਸਮਾ’ ਕਹਿ ਕੇ ਸੰਵਾਦੀ ਸੁਰ ਨੂੰ ਉਭਾਰਨ ਵਾਸਤੇ ਜੋ ਕੋਸ਼ਿਸ਼ ਕੀਤੀ ਹੈ, ਉਸ ਨੂੰ ਅੱਗੇ ਤੋਰੇ ਜਾਣ ਦੀ ਇਸ ਵੇਲੇ ਬਹੁਤ ਲੋੜ ਹੈ।

ਚੁਫੇਰੇ ਪਸਰੀ ਸਿਆਸੀ ਆਪਾ-ਧਾਪੀ ਵਿਚ ਸੰਵਾਦੀ ਸੁੰਗੜਾਅ ਕਰਕੇ ਪੈਦਾ ਹੋ ਗਈ ਹਰ ਤਰ੍ਹਾਂ ਦੀ ਖੜੋਤ ਵਿਚ ਪੰਜਾਬੀ-ਪੰਥ ਨੂੰ ਸਿੱਖ-ਪੰਥ ਅਤੇ ਖਾਲਸਾ-ਪੰਥ ਦੇ ਹਵਾਲੇ ਨਾਲ ਪੰਥਕ-ਸਮੁੱਚ ਨੂੰ ਵੀਚਾਰੇ ਜਾਣ ਦੀ ਲੋੜ ਹੈ। ਪੱਕੇ ਸਿੱਖ, ਕੱਟੜ ਸਿੱਖ ਅਤੇ ਲਿਬਰਲ-ਸਿੱਖ ਵਿਚਕਾਰ ਪਾਏ ਜਾ ਰਹੇ ਵਖਰੇਵਿਆਂ ਨਾਲ ਪੈਦਾ ਹੋ ਰਹੀਆਂ ਸਿੱਖ-ਕੋਟੀਆਂ ਦੀ ਗੁਰੂ ਦੇ ਸਿੱਖਾਂ ਨੂੰ ਕਦੇ ਲੋੜ ਨਹੀਂ ਸੀ ਕਿਉਂਕਿ ਸਿੱਖ ਅਤੇ ਗੁਰੂ ਦੇ ਵਿਚਕਾਰ ਕਿਸੇ ਹੋਰ ਦੀ ਲੋੜ ਦੀ ਆਗਿਆ ਹੀ ਨਹੀਂ ਹੈ।
ਇਸ ਵਰਤਾਰੇ ਵਿਚ ਸੁਮੇਲ ਨੇ ਅਕਾਦਮਿਕ ਡੀਹਟੀ ਮਾਰਦਿਆਂ-ਮਾਰਦਿਆਂ ਵਗਦੇ ਵਹਿਣ ਵਿਚ ਆਪ ਹੀ ਛਾਲ ਮਾਰ ਦਿੱਤੀ ਹੈ। ਧਿਆਨ ਨਾਲ ਪੜ੍ਹਣ ਵਾਲਿਆਂ ‘ਤੇ ਪੈ ਗਏ ਛਿੱਟਿਆਂ ਨਾਲ ਇਹ ਸਵਾਲ ਪੈਦਾ ਹੋ ਗਿਆ ਹੈ ਕਿ ਸਿੱਖ-ਸੰਤਾਂ ਨੂੰ ਜਿਵੇਂ ਸਿੱਖ ਸਿਆਸਤ ਨੇ ਸਿੱਖਾਂ ਦੀ ਮੁੱਖਧਾਰਾ ਵਿਚੋਂ ਡੇਰੇਦਾਰ ਕਹਿ ਕੇ ਬਾਹਰ ਕੀਤਾ ਹੋਇਆ ਹੈ, ਉਸ ਵਿਚ ਸੁਮੇਲ ਨੂੰ ਸੰਤ ਹਰਚੰਦ ਸਿੰਘ ਇਹੋ ਜਿਹਾ ਕਿਉਂ ਲੱਗਿਆ ਹੈ? ਇਹ ਵੀ ਸੋਚੇ ਜਾਣ ਦੀ ਲੋੜ ਹੈ ਕਿ ਇਹੋ ਜਿਹੇ ਸਵਾਲਾਂ ਨੂੰ ਪਿਛਲੇ ਚਾਰ ਦਹਾਕੇ ਕਿਸ ਨੇ ਰੋਕੀ ਰੱਖਿਆ ਹੈ? ਕਤਲ ਹੋਣ ਵਾਲੇ ਦਿਨ ਤੋਂ ਹੀ ਸੰਤ ਜੀ ਸ਼ਹੀਦ ਸਨ ਅਤੇ ਉਨ੍ਹਾਂ ਨੂੰ ਅਕਾਦਮੀਸ਼ਨ ‘ਹਰੀਚੰਦ’ ਕਹਿ ਕੇ ਮਾਰਨ ਦੀ ਕੋਸ਼ਿਸ਼ ਕਿਉਂ ਕਰਦੇ ਰਹੇ ਹਨ? ਜਿਨ੍ਹਾ ਦੇ ਪੈਰੋਂ ਇਹ ਸ਼ਹੀਦੀ ਹੋਈ ਸੀ, ਉਹੀ ਉਸ ਨੂੰ ਸਿਆਸੀ-ਜੱਫੀ ਵਿਚ ਲੈ ਕੇ ਕਿਉਂ ਮਾਰਦੇ ਰਹੇ ਹਨ? ਇਸ ਪਿਛੋਕੜ ਵਿਚ ਸੁਮੇਲ ਨੇ ਜੋ ਕਹਿਣ ਦੀ ਕੋਸ਼ਿਸ਼ ਕੀਤੀ ਹੈ, ਉਹ ਹਰ ਹਾਲਤ ਵਿਚ ਲੋੜੀਂਦੀ ਸੁਰ ਵਾਂਗ ਬੁਲੰਦ ਕੀਤੇ ਜਾਣ ਦੀ ਲੋੜ ਹੈ। ਹੁੰਗਾਰੇ ਦੀ ਅਣਹੋਂਦ ਵਿਚ ਕੋਸ਼ਿਸ਼ਾਂ ਅਤੇ ਸੰਭਾਵਨਾਵਾਂ ਨੂੰ ਦਫਨ ਹੋ ਜਾਣ ਤੋਂ ਨਹੀਂ ਰੋਕਿਆ ਜਾ ਸਕਦਾ। ਮੇਰੇ ਉਹ ਹਾਣੀ ਸਨ ਅਤੇ ਮੈਂ ਜਾਣਦਾ ਹਾਂ ਕਿ ਜਿਹੜੇ ਵਰਤਾਰੇ ਵਿਚ ਮੌਜੋ ਵਰਗੀ ਸਿੱਖ-ਟਕਸਾਲ ਨੇ ਉਨ੍ਹਾਂ ਦੇ ਗੁਆਚੇ ਹੋਏ ਬਚਪਨ ਨੂੰ ਅਕਾਲੀ ਦਲ ਦਾ ਪ੍ਰਧਾਨ ਹੋ ਜਾਣ ਦੇ ਕਾਬਲ ਬਣਾ ਦਿੱਤਾ ਸੀ, ਉਹ ਸਮਾਜਿਕ ਜੁੰਮੇਵਾਰੀ ਇਸ ਵੇਲੇ ਟਕਸਾਲੀ ਈਜਾਰੇਦਾਰੀ ਦਾ ਸ਼ਿਕਾਰ ਹੋ ਚੁੱਕੀ ਹੈ। ਸੰਗਰੂਰ ਵਿਚ ਇਹੋ ਜਿਹਾ ਕ੍ਰਿਸ਼ਮਾਂ ਪਹਿਲਾਂ ਅਕਾਲੀ ਫੂਲਾ ਸਿੰਘ ਦੇ ਰੂਪ ਵਿਚ ਨਿਹੰਗ-ਟਕਸਾਲ ਰਾਹੀਂ ਵੀ ਵਾਪਰ ਚੁੱਕਾ ਸੀ। ਸਿੱਖ ਪ੍ਰਸੰਗ ਵਿਚ ਇਸ ਤਰ੍ਹਾਂ ਦੇ ਉਭਾਰਾਂ ਦੇ ਉਸਾਰ ਸਾਹਮਣੇ ਲਿਆਂਦੇ ਜਾਣ ਦੀ ਲੋੜ ਲਈ ਲੋੜੀਂਦੇ ਸੰਵਾਦ ਦੀ ਵੰਗਾਰ ਇਸ ਲੇਖ ਨਾਲ ਪੈਦਾ ਤਾਂ ਹੋ ਗਈ ਹੈ, ਪਰ ਇਸ ਨੂੰ ਤੋਰੀ ਰੱਖਣ ਲਈ ਚੇਤੰਨ ਲੋਕਾਂ ਨੂੰ ਅੱਗੇ ਆਉਣ ਦੀ ਲੋੜ ਹੈ।
ਸੰਵਾਦੀ ਉਸਾਰੀ (ਕਿਛੁ ਕਹੀਐ ਕਿਛੁ ਸੁਣੀਐ..) ਵਾਲੇ ਰਾਹ ਤੁਰਾਂਗੇ ਤਾਂ ਸਮਝ ਸਕਾਂਗੇ ਕਿ ਪੰਜਾਬੀ ਸਭਿਆਚਾਰ ਅਤੇ ਸਿੱਖ ਧਰਮ ਨੂੰ ਕਰਿੰਘੜੀ ਪੁਆ ਕੇ ਓਸੇ ਤਰ੍ਹਾਂ ਤੋਰੀ ਰੱਖਣ ਦੀ ਲੋੜ ਹੈ, ਜਿਸ ਦੀ ਨੀਂਹ ਗੁਰੂ ਨਾਨਕ ਦੇਵ ਜੀ ਨੇ ਇਹ ਕਹਿ ਕੇ ਰੱਖੀ ਸੀ ਕਿ ਬੰਦੇ ਦਾ ਜਨਮ ਸਭਿਆਚਾਰ ਵਿਚ ਹੁੰਦਾ ਹੈ ਅਤੇ ਧਰਮ ਉਸ ਨੂੰ ਧਾਰਨ ਕਰਨਾ ਪੈਂਦਾ ਹੈ। ਇਹੋ ਜਿਹੀ ਭਾਵਨਾ ਦੇ ਪ੍ਰਤੀਨਿਧ ਸਨ ਮਰਹੂਮ ਸੰਤ ਜੀ। ਉਹ ਮੂਲ ਰੂਪ ਵਿਚ ਸਿੱਖ ਸਨ ਅਤੇ ਸਿੱਖੀ ਵਿਚ ਸਾਰੀਆਂ ਸੰਭਾਵਨਾਵਾਂ ਨਿਹਿਤ ਮੰਨਦੇ ਸਨ। ਜਿਨ੍ਹਾਂ ਦੇ ਵਾਸਤੇ ਉਹ ਜੀਉ ਰਹੇ ਸਨ, ਜਦੋਂ ਉਨ੍ਹਾਂ ਨੇ ਹੀ ਕੌਮ ਦਾ ਗੱਦਾਰ ਕਹਿ ਕੇ ਗੋਲੀਆਂ ਮਾਰ ਦਿੱਤੀਆ ਤਾਂ ਸੁਮੇਲ ਨੇ ਇਸ ਵਰਤਾਰੇ ਨੂੰ ‘ਹਤਿਆਰਿਆਂ ਹੱਥੋਂ ਸਹੀਦ ਹੋਏ’ ਕਿਹਾ ਹੈ। ਜਿਹੜੇ ਅੱਜ ਵੀ ਇਹ ਸਵਾਲ ਪੈਦਾ ਕਰ ਰਹੇ ਹਨ ਕਿ ਰਾਜੀਵ-ਲੌਂਗੋਵਾਲ ਸਮਝੌਤੇ ਨਾਲ ਮਿਲਿਆ ਕੀ, ਉਨ੍ਹਾਂ ਨੂੰ ਕੌਣ ਦੱਸੇ ਕਿ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਦਰਮਿਆਨ ਹੋਏ ਸਮਝੌਤੇ ਦਾ ਜਿਨ੍ਹਾਂ ਨੇ ਲਾਭ ਲੈਣਾ ਸੀ, ਉਨ੍ਹਾਂ ਦੇ ਪੈਰੋਂ ਹੀ ਜਦੋਂ ਸੰਭਾਵਨਾਵਾਂ ਦਫਨ ਹੋ ਗਈਆਂ ਤਾਂ ਨਤੀਜਆਂ ਨੂੰ ਕਿਵੇਂ ਰੋਕਿਆ ਜਾ ਸਕਦਾ ਸੀ। ਸੁਮੇਲ ਮੁਤਾਬਿਕ ‘ਸਿੱਖ ਲਹਿਰ ਦੀ ਮਨੁੱਖ-ਮਿੱਤਰ ਵੀਚਾਰਧਾਰਾ’ ਦਾ ਰਾਹ ਜਿਸ ਤਰ੍ਹਾਂ ਵਾਰਸ ਕਹਾਉਣ ਵਾਲਿਆਂ ਵੱਲੋਂ ਲਗਾਤਾਰ ਰੋਕਿਆ ਜਾਂਦਾ ਰਿਹਾ ਹੈ, ਉਸ ਤਰ੍ਹਾਂ ਕਿਸੇ ਵੀ ਰੰਗ ਦੇ ਸਿੱਖ-ਵਿਰੋਧੀ ਨੇ ਤਾਂ ਨਹੀਂ ਰੋਕਿਆ। ਪੰਥ ਦੇ ਨਾਮ ਤੇ ਸਿਆਸੀ ਦੁਕਾਨਾਂ ਸਜਾਈ ਬੈਠਿਆਂ ਨੂੰ ਕੌਣ ਦੱਸੇ ਕਿ ਬਹੁ-ਸਭਿਆਚਾਰਕ ਵਰਤਾਰਿਆਂ ਵਿਚ ਸਿੱਖਾਂ ਦੀਆਂ ਪ੍ਰਾਪਤੀਆਂ ਨੂੰ ਉਲਾਰ ਸਿਆਸਤ ਤੋਂ ਬਚਾਏ ਜਾਣ ਦੀ ਲੋੜ ਹੈ। ਇਸ ਬਾਰੇ ਸੰਵਾਦ ਰਚਾਵਾਂਗੇ ਤਾਂ ਸਮਝ ਸਕਾਂਗੇ ਕਿ ਸਿੰਘ ਸਭਾ ਦੇ ਮਹਾਂਰਥੀਆਂ ਵਿਚੋਂ ਸਿਆਸਤ ਵੱਲ ਰੁਚਿਤ ਕਿਉਂ ਨਹੀਂ ਹੋਏ ਸਨ? ਇਹ ਵੀ ਵੀਚਾਰਿਆ ਜਾਣਾ ਚਾਹੀਦਾ ਹੈ ਕਿ ਸਿਆਸਤ ਦੇ ਪੈਰੋਂ ਧਰਮ ਦਾ ਸੰਵਰਦਾ ਕੀ ਰਿਹਾ ਹੈ ਅਤੇ ਵਿਗੜਦਾ ਕੀ ਰਿਹਾ ਹੈ? ਗੁਰਮਤਿ ਨੇ ਆਮ ਬੰਦੇ ਲਈ ਜੋ ‘ਨਰੋਈ, ਸਾਂਝੀ ਕੌਮੀ ਜ਼ਮੀਨ ਤਿਆਰ ਕੀਤੀ ਸੀ’, ਉਸ ਨੂੰ ਬੰਜਰ ਬਨਾਉਣ ਦੀ ਰਾਜਨੀਤੀ ਕੌਣ ਕਰਦਾ ਰਿਹਾ ਹੈ?
ਇਹ ਸਮਾਂ ਉਲਾਰ ਸੱਜੂਆਂ-ਖੱਬੂਆ ਵਿਚਕਾਰ ਚੱਲ ਰਹੀ ਠੰਡੀ ਜੰਗ ਦਾ ਹੈ। ਇਸ ਵਿਚ ਸੁਣੀਐ ਅਤੇ ਮੰਣੀਐ ਤੋਂ ਮਹਿਰੂਮ ਸਿਆਸਤ ਦਫਨ ਹੈ। ਇਹੋ ਜਿਹੇ ਹਾਲਾਤ ਵਿਚੋਂ ਆਮ ਬੰਦੇ ਨੂੰ ਲੋੜੀਂਦੀਆਂ ਜੁਗਤਾਂ ਦਾ ਰਾਹ ਰੋਕਦੀ ਕਿਸੇ ਵੀ ਕਿਸਮ ਦੀ ਸਿਆਸਤ ਕੰਮ ਨਹੀਂ ਆ ਸਕੀ। ਰਾਜਨੀਤਕ ਖਾਜਾ ਹੋ ਜਾਣ ਤੋਂ ਆਮ ਬੰਦੇ ਨੂੰ ਬਚਾਉਣ ਦੀ ਰੀਝ ਦੇ ਪ੍ਰਤੀਨਿਧ ਵਜੋਂ ਵਿਚਰਦਾ ਰਿਹਾ ਸੀ ਸੰਤ ਹਰਚੰਦ ਸਿੰਘ। ਉਹ ਸੰਗਰੂਰ ਵਿਚ ਚੱਲ ਰਹੀਆਂ ਉਨ੍ਹਾਂ ਜਨਤਕ ਲਹਿਰਾਂ ਵਿਚ ਵੀ ਹਿੱਸਾ ਲੈਂਦੇ ਰਹੇ ਸਨ, ਜਿਨ੍ਹਾਂ ਦੀ ਸਿਆਸਤ ਨਾਲ ਉਹ ਬਿਲਕੁਲ ਵੀ ਸਹਿਮਤ ਨਹੀਂ ਸਨ। ਉਸ ਭਲੇ ਜ਼ਮਾਨੇ ਵਿਚ ਕਮਿਊਨਿਸਟ ਵੀ ਅੰਮ੍ਰਿਤਧਾਰੀ ਹੁੰਦੇ ਸਨ। ਵਿਰਾਸਤੀ ਸਭਿਆਚਾਰ ਨੂੰ ਨਾਲ ਲੈ ਕੇ ਤੁਰਨ ਵਾਲਾ ਇਨਸਾਨੀ ਜਜ਼ਬਾ ਨੈਤਿਕਤਾ ਨਾਲ ਨਿਭਣ ਦੀ ਸੁੱਚੀ ਮਾਨਸਿਕਤਾ ਹੁੰਦਾ ਹੈ। ਏਸੇ ਨਾਲ ਆਪਸੀ ਭਾਈਚਾਰਾ ਪੱਕੇ ਪੈਰੀਂ ਹੋਣ ਵਾਲੇ ਰਾਹ ਪਿਆ ਰਹਿੰਦਾ ਹੈ। ‘ਸਿਆਸੀ ਇਖਲਾਕ’ ਦੀ ਇਸ ਭਾਵਨਾ ਨਾਲ ਨਿਭਣ ਦਾ ਬਿਰਦ ਸੰਤ ਜੀ ਨੇ ਕੇਸਾਂ ਸੁਆਸਾਂ ਸੰਗ ਪਾਲਿਆ ਸੀ। ਇਸੇ ਇਖਲਾਕੀ ਹੁਸਨ ਨੂੰ ਉਸ ਦੇ ਸਮਕਾਲੀ ਗਰੀਬ ਦੀ ਕੁੜੀ ਦੇ ਹੁਸਨ ਵਾਂਗ ਸਮਝਦੇ ਰਹੇ ਸਨ ਅਤੇ ਇਸੇ ਭਾਵਨਾ ਦਾ ਨਤੀਜਾ ਉਨ੍ਹਾਂ ਦੀ ਸ਼ਹੀਦੀ ਵਿਚ ਨਿਕਲਿਆ ਸੀ। ਇਸ ਸ਼ਹੀਦੀ ਦਾ ਲਾਭ ਉਸ ਦੇ ਕਰੀਬੀਆਂ ਅਤੇ ਵਿਰੋਧੀਆਂ ਨੂੰ ਲਗਾਤਾਰ ਹੁੰਦਾ ਰਿਹਾ ਹੈ। ਪੰਜਾਬ ਦੀ ਖਾੜਕੂ ਅਤੇ ਨਰਮ ਰਾਜਨੀਤੀ ਬਾਰੇ ਜਿਹੜੇ ਸਵਾਲ ਸੁਮੇਲ ਨੇ ਉਠਾਏ ਹਨ, ਉਨ੍ਹਾ ਬਾਰੇ ਚਰਚਾ ਹੋਏਗੀ ਤਾਂ ਸਮਝ ਸਕਾਂਗੇ ਕਿ ਸ਼ਹੀਦੀਆਂ ਦੀ ਸਿਆਸਤ ਦੇ ਪੈਰੋਂ ਮਰਨ ਅਤੇ ਮਾਰਨ ਦੇ ਰਾਹ ਪੰਜਾਬੀ ਕਿਉਂ ਪਿਆ ਹੋਇਆ ਹੈ? ਇਹੋ ਜਿਹੇ ਹਾਲਾਤਾਂ ਵਿਚ ਸੁਮੇਲ ਮੁਤਾਬਿਕ ਸੰਤ ਜੀ ਨੇ ‘ਆਪਣੀ ਸਮਰਪਨ ਭਾਵਨਾ, ਧੜੇਬੰਦਕ ਭੇੜ ਤੋਂ ਨਿਰਲੇਪ ਰਹਿੰਦਿਆਂ ਅਕਾਲੀ ਦਲ ਵਿਚ ਸਦਭਾਵੀ ਏਕਤਾ’ ਕਾਇਮ ਕੀਤੀ ਰੱਖੀ ਸੀ। ਏਸੇ ਤੇ ਪਹਿਰਾ ਦਿੱਤੇ ਜਾਣ ਲਈ ਸੰਵਾਦ ਰਚਾਏ ਜਾਣ ਦੀ ਲੋੜ ਦਾ ਮੁਦੱਈ ਹੈ ਸੁਮੇਲ ਦਾ ਲੇਖ। ਸੰਤ ਦਾ ਹਰ ਮੈਦਾਨ ਵਿਚ ਸਿੱਖ-ਸਹਿਜ ਉਸ ਨਾਲ ਤੁਰਨ ਵਾਲਿਆਂ ਨੂੰ ਵਿਚਲਿਤ ਕਰਦਾ ਰਹਿੰਦਾ ਸੀ। ਸਿਆਸੀ ਰੋਟੀਆਂ ਸੇਕਣ ਵਾਲੀ ਪ੍ਰਚਲਿਤ ਸਿਆਸਤ ਦੇ ਵਹਿਣ ਵਿਚ ਵਹਿਣ ਤੋਂ ਉਹ ਬਚਦੇ ਰਹੇ ਸਨ। ਇਕ ਸ਼ਰੀਕ ਸਿਆਸਤਦਾਨ ਦਾ ਇਹ ਖਦਸ਼ਾ ਸੱਚ ਹੋ ਗਿਆ ਹੈ ਕਿ ਜੇ ਇਹ ਪ੍ਰਧਾਨ ਬਣ ਗਿਆ ਤਾਂ ਮਗਰੋਂ ਨਹੀਂ ਲਹਿਣਾ। ਕਹਿਣ ਵਾਲੇ ਵੀ ਉਸ ਵਾਂਗ ਚਲੇ ਗਏ ਹਨ, ਪਰ ਜਿਸ ਤਰ੍ਹਾਂ ਸੁਮੇਲ ਨੇ ਸੰਤ ਜੀ ਨੂੰ ਪੰਜਾਬ ਵਾਸਤੇ ਲੋੜੀਂਦੇ ਪ੍ਰਸੰਗਕ-ਸੰਵਾਦ ਵਾਸਤੇ ਲੋੜਵੰਦਾ ਮੰਨ ਲਿਆ ਹੈ, ਇਸ ‘ਤੇ ਪਹਿਰਾ ਦਿੱਤੇ ਜਾਣ ਵਿਚ ਹੀ ਪੰਜਾਬ ਦਾ ਭਲਾ ਹੇੈ।