ਵਿਸ਼ਵ ਦੇ ਮਹਾਨ ਖਿਡਾਰੀ: ਓਲੰਪਿਕ ਤੇ ਵਿਸ਼ਵ ਚੈਂਪੀਅਨ ਅਭਿਨਵ ਬਿੰਦਰਾ

ਪ੍ਰਿੰ. ਸਰਵਣ ਸਿੰਘ
ਅਭਿਨਵ ਸਿੰਘ ਬਿੰਦਰਾ ਨਿਸ਼ਾਨੇਬਾਜ਼ੀ ਦਾ ਰੁਸਤਮ-ਏ-ਜ਼ਮਾਂ ਹੈ। ਵਿਅਕਤੀਗਤ ਖੇਡ ਦਾ ਪਹਿਲਾ ਭਾਰਤੀ ਓਲੰਪਿਕ ਚੈਂਪੀਅਨ। ਉਹ ਬੀਜਿੰਗ ਦੀਆਂ ਓਲੰਪਿਕ ਖੇਡਾਂ-2008 ਵਿਚ ਓਲੰਪਿਕ ਚੈਂਪੀਅਨ ਬਣਨ ਤੋਂ ਪਹਿਲਾਂ 2006 `ਚ ਜ਼ੈਗਰੇਵ ਦੀ ਵਿਸ਼ਵ ਚੈਂਪੀਅਨਸ਼ਿਪ ਜਿੱਤ ਕੇ ਵਿਸ਼ਵ ਚੈਂਪੀਅਨ ਬਣ ਚੁੱਕਾ ਸੀ।

ਇਹ ਵੀ ਪਹਿਲੀ ਵਾਰ ਹੋਇਆ ਸੀ ਕਿ ਕੋਈ ਭਾਰਤੀ ਖਿਡਾਰੀ ਕਿਸੇ ਵਿਅਕਤੀਗਤ ਖੇਡ ਮੁਕਾਬਲੇ ਵਿਚ ਵਿਸ਼ਵ ਚੈਂਪੀਅਨ ਬਣਿਆ ਸੀ। ਕਾਮਨਵੈੱਲਥ ਖੇਡਾਂ ਦਾ ਤਾਂ ਉਹ ਚਾਰ ਵਾਰ ਚੈਂਪੀਅਨ ਬਣਿਆ। ਉਹ ਸੱਚਮੁੱਚ ‘ਸਿੰਘ ਇਜ਼ ਕਿੰਗ’ ਹੈ। ਉਸ ਨੇ 22 ਸਾਲ ਦੇ ਖੇਡ ਕੈਰੀਅਰ ਵਿਚ ਪੰਜ ਓਲੰਪਿਕ ਖੇਡਾਂ, ਪੰਜ ਕਾਮਨਵੈੱਲਥ ਖੇਡਾਂ ਤੇ ਤਿੰਨ ਏਸ਼ਿਆਈ ਖੇਡਾਂ `ਚ ਭਾਗ ਲਿਆ। ਓਲੰਪਿਕ ਖੇਡਾਂ, ਵਿਸ਼ਵ ਚੈਂਪੀਅਨਸ਼ਿਪਾਂ, ਵਿਸ਼ਵ ਕੱਪਾਂ, ਕਾਮਨਵੈੱਲਥ ਖੇਡਾਂ, ਏਸ਼ਿਆਈ ਖੇਡਾਂ ਤੇ ਏਸ਼ਿਆਈ ਚੈਂਪੀਅਨਸ਼ਿਪਾਂ ਵਿਚੋਂ ਉਸ ਨੇ 6 ਸੋਨੇ, 3 ਚਾਂਦੀ ਤੇ 3 ਕਾਂਸੀ ਦੇ ਤਗ਼ਮੇ ਜਿੱਤੇ। ਉਸ ਦੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਕੁਲ ਮੈਡਲ ਗਿਣਨੇ ਹੋਣ ਤਾਂ ਗਿਣਤੀ ਡੇਢ ਸੌ ਤੋਂ ਵੱਧ ਹੈ। ਭਾਰਤ ਸਰਕਾਰ ਨੇ ਉਸ ਨੂੰ ਪਦਮ ਭੂਸ਼ਨ ਪੁਰਸਕਾਰ ਨਾਲ ਸਨਮਾਨਿਆ ਤੇ ਪੰਜਾਬ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਅਵਾਰਡ ਨਾਲ। ਉਹ ਪੰਜਾਬ ਦਾ ਮਾਣ ਹੈ ਤੇ ਭਾਰਤ ਦੀ ਸ਼ਾਨ!
ਉਸ ਦਾ ਸ਼ੂਟਿੰਗ ਈਵੈਂਟ 10 ਮੀਟਰ ਏਅਰ ਰਾਈਫ਼ਲ ਸੀ। ਉਹ 16ਵੇਂ ਸਾਲ ਵਿਚ ਸੀ ਜਦੋਂ ਪਹਿਲੀ ਵਾਰ ਕਾਮਨਵੈਲਥ ਖੇਡਾਂ `ਚ ਭਾਗ ਲੈਣ ਗਿਆ। ਸਿਡਨੀ ਦੀਆਂ ਓਲੰਪਿਕ ਖੇਡਾਂ-2000 `ਚ ਭਾਗ ਲੈਣ ਸਮੇਂ 18ਵੇਂ ਸਾਲ `ਚ ਸੀ। ਤਿੰਨ ਵਾਰ ਉਹ ਓਲੰਪਿਕ ਖੇਡਾਂ ਦੇ ਫਾਈਨਲ ਮੁਕਾਬਲਿਆਂ `ਚ ਪੁੱਜਾ। ਆਖ਼ਰ ਰੀਓ ਦੀਆਂ ਓਲੰਪਿਕ ਖੇਡਾਂ ਵਿਚੋਂ ਦੂਜਾ ਗੋਲਡ ਮੈਡਲ ਜਿੱਤਦਾ-ਜਿੱਤਦਾ ਚੌਥਾ ਸਥਾਨ ਲੈ ਕੇ 5 ਸਤੰਬਰ 2016 ਨੂੰ ਸਰਗਰਮ ਖੇਡ ਮੁਕਾਬਲਿਆਂ ਤੋਂ ਰਿਟਾਇਰ ਹੋ ਗਿਆ। ਰਿਟਾਇਰ ਹੋ ਕੇ ਉਸ ਨੇ ਅਭਿਨਵ ਬਿੰਦਰਾ ਫਾਊਂਡੇਸ਼ਨ ਬਣਾਈ ਜੋ ਸਪੋਰਟਸ, ਸਾਇੰਸ, ਟੈਕਨਾਲੋਜੀ ਤੇ ਫਿਜ਼ੀਕਲ ਟ੍ਰੇਨਿੰਗ ਦੇ ਖੇਤਰ ਵਿਚ ਭਾਰਤੀ ਖੇਡਾਂ ਤੇ ਖਿਡਾਰੀਆਂ ਲਈ ਯੋਗਦਾਨ ਪਾ ਰਹੀ ਹੈ। ਉਸ ਦੀਆਂ ਖੇਡ ਸੇਵਾਵਾਂ ਲਈ ਇੰਟਰਨੈਸ਼ਨਲ ਸ਼ੂਟਿੰਗ ਸਪੋਰਟਸ ਫੈਡਰੇਸ਼ਨ ਨੇ ਉਸ ਨੂੰ ਸਰਬਉੱਚ ਸਨਮਾਨ ਬਲਿਊ ਕਰਾਸ ਨਾਲ ਸਨਮਾਨਿਤ ਕੀਤਾ। ਹੁਣ ਉਹ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਐਥਲੀਟਸ ਕਮਿਸ਼ਨ ਦਾ ਮੈਂਬਰ ਹੈ। ਉਸ ਨੂੰ ਤਿੰਨ ਯੂਨੀਵਰਸਿਟੀਆਂ ਨੇ ਡੀ ਲਿੱਟ ਦੀਆਂ ਆਨਰੇਰੀ ਡਿਗਰੀਆਂ ਨਾਲ ਸਨਮਾਨਿਆ ਹੈ।
ਉਸ ਦੀਆਂ ਖੇਡ ਪ੍ਰਾਪਤੀਆਂ ਸਦਕਾ ਭਾਰਤ ਸਰਕਾਰ ਨੇ ਉਸ ਨੂੰ 2000 ਵਿਚ ਅਰਜਨਾ ਅਵਾਰਡ, 2001 ਵਿਚ ਰਾਜੀਵ ਗਾਂਧੀ ਖੇਲ ਰਤਨ ਅਵਾਰਡ ਤੇ 2009 ਵਿਚ ਪਦਮ ਭੂਸ਼ਨ ਪੁਰਸਕਾਰ ਨਾਲ ਸਨਮਾਨਿਤ ਕੀਤਾ। 2011 ਵਿਚ ਭਾਰਤੀ ਫੌਜ ਨੇ ਟੈਰੀਟੋਰੀਅਲ ਆਰਮੀ ਦੀ ਪੈਰਾਸ਼ੂਟ ਬਟਾਲੀਅਨ ਵਿਚ ਲੈਫਟੀਨੈਂਟ ਕਰਨਲ ਦਾ ਆਨਰੇਰੀ ਅਹੁਦਾ ਦਿੱਤਾ। ਉਸ ਨੂੰ ਦੇਸ਼ ਵਿਦੇਸ਼ ਦੇ ਹੋਰ ਵੀ ਅਨੇਕਾਂ ਮਾਣ ਸਨਮਾਨ ਮਿਲੇ। ਜ਼ਿਲ੍ਹਾ ਪੱਧਰ ਤੋਂ ਵਿਸ਼ਵ ਪੱਧਰ ਤਕ ਉਸ ਦੇ ਜਿੱਤੇ ਮੈਡਲਾਂ ਤੇ ਟਰਾਫੀਆਂ ਦੀ ਗਿਣਤੀ ਸੌ ਤੋਂ ਵੱਧ ਹੈ। ਉਹ ਭਾਰਤ ਦੇ ਕਰੋੜਾਂ ਬੱਚਿਆਂ ਤੇ ਨੌਜੁਆਨਾਂ ਦਾ ਰੋਲ ਮਾਡਲ ਹੈ।
‘ਅਭੀ’ ਦਾ ਜਨਮ ਮਾਤਾ ਕੰਵਰਜੀਤ ਕੌਰ ਬਬਲੀ ਦੀ ਕੁੱਖੋਂ ਪਿਤਾ ਡਾ. ਅਪਜੀਤ ਸਿੰਘ ਬਿੰਦਰਾ ਦੇ ਘਰ 28 ਸਤੰਬਰ 1982 ਨੂੰ ਦੇਹਰਾਦੂਨ ਵਿਖੇ ਹੋਇਆ ਸੀ। ਜਨਮ ਸਮੇਂ ਉਸ ਦਾ ਵਜ਼ਨ 8 ਪੌਂਡ ਸੀ। ਬਾਅਦ ਵਿਚ ਅਭਿਨਵ ਨੇ 5 ਫੁੱਟ 8 ਇੰਚ ਕੱਦ ਕੀਤਾ ਤੇ ਓਲੰਪਿਕ ਚੈਂਪੀਅਨ ਬਣਨ ਸਮੇਂ ਉਸ ਦਾ ਵਜ਼ਨ 65.5 ਕਿੱਲੋਗਰਾਮ ਸੀ। ਉਸ ਦਾ ਰੰਗ ਗੋਰਾ-ਗੰਦਮੀ, ਸਿਰ ਅਤੇ ਸਿਹਲੀਆਂ ਦੇ ਵਾਲ ਕਾਲੇ ਸੰਘਣੇ, ਬੁੱਲ੍ਹ ਢਾਲਵੇਂ, ਅੱਖਾਂ ਮੋਟੀਆਂ ਤੇ ਚਿਹਰਾ ਗੋਲ ਹੈ। ਉਹਦੇ ਮੂੰਹ ਉਤੇ ਮਸੂਮੀਅਤ ਝਲਕਦੀ ਰਹਿੰਦੀ ਹੈ। ਉਹ ਆਮ ਕਰਕੇ ਗੰਭੀਰ ਦਿਸਦਾ ਹੈ ਤੇ ਕਦੇ-ਕਦੇ ਹੀ ਹੱਸਦਾ ਮੁਸਕਰਾਉਂਦਾ ਹੈ। ਵੇਖਣ ਨੂੰ ਉਹ ਸਾਧਾਰਨ ਨੌਜੁਆਨ ਲੱਗਦਾ ਹੈ ਜਿਸ ਵਿਚ ਕਿਸੇ ਤਰ੍ਹਾਂ ਦੀ ਕੋਈ ਫੂੰ-ਫਾਂ ਨਹੀਂ।
ਉਸ ਦੀ ਮਾਤਾ ਕੰਵਰਜੀਤ ਕੌਰ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਮਹਾਨ ਜਰਨੈਲ ਹਰੀ ਸਿੰਘ ਨਲੂਆ ਦੀ ਪੰਜਵੀਂ ਪੀੜ੍ਹੀ ਵਿਚੋਂ ਹੈ। ਦੰਦ ਕਥਾ ਹੈ ਕਿ ਹਰੀ ਸਿੰਘ ਨਲੂਆ ਨੇ ਬਿਨਾਂ ਕਿਸੇ ਹਥਿਆਰ ਦੇ ਹੱਥਾਂ ਨਾਲ ਸ਼ੇਰ ਦਾ ਸ਼ਿਕਾਰ ਕੀਤਾ ਸੀ। ਉਸ ਦੀ ਛੇਵੀਂ ਪੀੜ੍ਹੀ ਦੇ ਵਾਰਸ ਅਭਿਨਵ ਨੇ ਏਅਰ ਰਾਈਫਲ ਨਾਲ ਓਲੰਪਿਕ ਖੇਡਾਂ ਦਾ ਸੋਨ ਤਗ਼ਮਾ ਫੁੰਡਿਆ। ਅਭਿਨਵ ਦੀ ਮਾਤਾ ਜਿਸ ਦਾ ਨਿੱਕਾ ਨਾਂ ਬਬਲੀ ਹੈ, ਕੌਮੀ ਪੱਧਰ ਦੀ ਹੈਂਡਬਾਲ ਖਿਡਾਰਨ ਰਹੀ ਹੈ। ਸਕੂਲ ਕਾਲਜ ਵਿਚ ਪੜ੍ਹਦਿਆਂ ਉਹ ਬਾਸਕਟਬਾਲ, ਟੇਬਲ ਟੈਨਿਸ ਤੇ ਹਾਕੀ ਦੀਆਂ ਟੀਮਾਂ ਦੀ ਕਪਤਾਨ ਰਹੀ। ਉਸ ਦੇ ਪਿਤਾ ਅਪਜੀਤ ਸਿੰਘ ਬਿੰਦਰਾ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਵੈਟਰਨਰੀ ਸਾਇੰਸ ਦੀ ਮਾਸਟਰ ਡਿਗਰੀ ਕਰ ਕੇ ਡੈਨਮਾਰਕ ਤੋਂ ਡਾਕਟਰੇਟ ਕੀਤੀ ਤੇ ਡੈਨਮਾਰਕ ਵਿਚ ਹੀ ਆਪਣਾ ਬਿਜ਼ਨਸ ਸ਼ੁਰੂ ਕੀਤਾ ਜਿਸ ਨੂੰ ਬੜੇ ਰੰਗ ਭਾਗ ਲੱਗੇ। ਫਿਰ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਪ੍ਰੇਰਨਾ ਨਾਲ ਉਹੀ ਕਾਰੋਬਾਰ ਪੰਜਾਬ ਵਿਚ ਸ਼ੁਰੂ ਕਰ ਲਿਆ। ਉਨ੍ਹਾਂ ਦੇ ਘਰ ਪਹਿਲਾਂ ਧੀ ਦਿਵੀਆ ਨੇ ਜਨਮ ਲਿਆ ਜੋ ਵਿਆਹੀ ਜਾ ਚੁੱਕੀ ਹੈ। ਅਭਿਨਵ ਨੇ ਜਿੰਨੀ ਦੇਰ ਖੇਡ ਜਾਰੀ ਰੱਖੀ, ਵਿਆਹ ਨਹੀਂ ਕਰਵਾਇਆ ਤੇ ਨਾ ਹੀ ਉਸ ਦੀ ਕੋਈ ਸਖੀ ਸਹੇਲੀ (ਗਰਲ ਫਰੈਂਡ) ਸੀ। ਉਸ ਦੀ ਪ੍ਰੇਮਿਕਾ 1994-95 ਤੋਂ 2016 ਤਕ ਉਹਦੀ ਏਅਰ ਰਾਈਫ਼ਲ ਹੀ ਰਹੀ ਜਿਸ ਨਾਲ ਉਹ ਵੱਧ ਤੋਂ ਵੱਧ ਸਮਾਂ ਬਿਤਾਉਂਦਾ ਰਿਹਾ।
ਅਭਿਨਵ ਦੇ ਬਾਬਾ ਜੀ ਕਰਨਲ ਬੀਰ ਸਿੰਘ, ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੀ ਕਪਤਾਨੀ ਹੇਠ ਭਾਰਤੀ ਫੌਜ ਦੀ ਹਾਕੀ ਟੀਮ ਵਿਚ ਖੇਡਦੇ ਰਹੇ ਸਨ। ਇੰਜ ਬਿੰਦਰਾ ਪਰਿਵਾਰ ਆਪਣੇ ਪੁਰਖਿਆਂ ਤੋਂ ਹੀ ਖੇਡ ਪ੍ਰੇਮੀ ਪਰਿਵਾਰ ਹੈ। ਅਭਿਨਵ ਨੇ ਦੇਹਰਾਦੂਨ ਦੇ ਦੂਨ ਸਕੂਲ ਤੋਂ ਪੜ੍ਹਨਾ ਸ਼ੁਰੂ ਕੀਤਾ। ਨੌਂਵੀ ਜਮਾਤ ਵਿਚ ਉਹ ਚੰਡੀਗੜ੍ਹ ਦੇ ਸੇਂਟ ਸਟੀਫ਼ਨਜ਼ ਸਕੂਲ ਵਿਚ ਪੜ੍ਹਨ ਆ ਲੱਗਾ। ਉਸ ਦੇ ਪਿਤਾ ਜੀ ਨੇ ਛੱਤ ਬੀੜ ਨੇੜੇ ਜ਼ੀਰਕਪੁਰ-ਪਟਿਆਲਾ ਸੜਕ `ਤੇ ਬਿੰਦਰਾ ਫਾਰਮਜ਼ ਨਾਂ ਦਾ ਆਲੀਸ਼ਾਨ ਨਿਵਾਸ ਬਣਾ ਲਿਆ ਸੀ। ਇਹ ਫਾਰਮ, ਪਿੰਡ ਕਿਸ਼ਨਪੁਰਾ, ਜ਼ਿਲ੍ਹਾ ਮੁਹਾਲੀ ਦੀ ਜ਼ਮੀਨ ਵਿਚ ਹੈ। ਤੇਰ੍ਹਾਂ ਏਕੜ ਦੇ ਇਸ ਵਿਸ਼ਾਲ ਬਿੰਦਰਾ ਫਾਰਮਜ਼ ਵਿਚ ਪਿਤਾ ਨੇ ਪੁੱਤਰ ਨੂੰ ਨਿਸ਼ਾਨੇਬਾਜ਼ੀ ਦੀ ਟ੍ਰੇਨਿੰਗ ਦੇਣ ਲਈ ਓਲੰਪਿਕ ਪੱਧਰ ਦੀ ਇਨਡੋਰ ਸ਼ੂਟਿੰਗ ਰੇਂਜ ਬਣਵਾਈ ਤੇ ਵਧੀਆ ਕੋਚਿੰਗ ਦਾ ਪ੍ਰਬੰਧ ਕੀਤਾ ਸੀ।
ਅਭਿਨਵ ਅਜੇ ਬੱਚਾ ਹੀ ਸੀ ਜਦੋਂ ਅਮਰੀਕਾ ਦੇ ਅਥਲੀਟ ਕਾਰਲ ਲੇਵਿਸ ਦੀਆਂ ਵੀਡੀਓਜ਼ ਉਸ ਦੀ ਨਜ਼ਰੀਂ ਪਈਆਂ। ਉਸ ਨੇ ਚਾਰ ਓਲੰਪਕਸ ਵਿਚੋਂ ਨੌਂ ਗੋਲਡ ਮੈਡਲ ਜਿੱਤੇ ਸਨ ਤੇ ਇਕ ਸਿਲਵਰ ਮੈਡਲ। 1984, 88, 92, 96 ਦੀਆਂ ਓਲੰਪਿਕ ਖੇਡਾਂ ਵਿਚ ਉਹ ਲਗਾਤਾਰ ਲੰਮੀ ਛਾਲ ਦਾ ਓਲੰਪਿਕ ਚੈਂਪੀਅਨ ਬਣਦਾ ਰਿਹਾ ਸੀ। ਉਸ ਦੀ ਮਹਿਮਾ ਸੁਣ ਕੇ ਉਹਦੇ ਮਨ ਵਿਚ ਵੀ ਖਿਡਾਰੀ ਬਣਨ ਤੇ ਓਲੰਪਿਕ ਖੇਡਾਂ `ਚੋਂ ਮੈਡਲ ਜਿੱਤਣ ਦਾ ਚਾਅ ਪੈਦਾ ਹੋ ਗਿਆ ਸੀ। ਜਦੋਂ ਉਸ ਨੂੰ ਜਨਮ ਦਿਨ ਦੇ ਤੋਹਫ਼ੇ ਵਜੋਂ ਏਅਰ ਰਾਈਫ਼ਲ ਮਿਲੀ ਤਾਂ ਉਹ ਸ਼ੌਕ ਨਾਲ ਸ਼ੂਟਿੰਗ ਕਰਨ ਲੱਗਾ। ਇਕ ਦਿਨ ਉਹਦੇ ਪਿਤਾ ਜੀ ਉਹਦੀ ਪੜ੍ਹਾਈ ਲਈ ਸਾਇੰਸ ਦਾ ਟਿਊਟਰ ਲੱਭਣ ਚੰਡੀਗੜ੍ਹ ਗਏ। ਉਥੇ ਉਨ੍ਹਾਂ ਦਾ ਮੇਲ ਪੀਜੀਆਈ ਦੇ ਰਿਸਰਚ ਸਕਾਲਰ ਡਾ. ਅਮਿਤ ਭੱਟਾਚਾਰਜੀ ਨਾਲ ਹੋਇਆ। ਤਦ ਤਕ ਅਭਿਨਵ, ਮਿਲਖਾ ਸਿੰਘ ਦੇ ਸਾਥੀ ਲੈਫਟੀਨੈਂਟ ਕਰਨਲ ਜੇ. ਐੱਸ. ਢਿੱਲੋਂ ਤੋਂ ਸ਼ੂਟਿੰਗ ਦੀ ਕੋਚਿੰਗ ਲੈਣ ਲੱਗ ਪਿਆ ਸੀ। ਜਦੋ ਭੱਟਾਚਾਰਜੀ ਨੂੰ ਅਭਿਨਵ ਦੀ ਪੜ੍ਹਾਈ ਤੇ ਸ਼ੂਟਿੰਗ ਬਾਰੇ ਦੱਸਿਆ ਤਾਂ ਉਹ ਡਾ. ਬਿੰਦਰਾ ਦੇ ਨਾਲ ਹੀ ਅਭੀ ਨੂੰ ਆ ਮਿਲਿਆ। ਉਦੋਂ ਉਹਦੀ ਉਮਰ ਤੇਰਾਂ ਸਾਲ ਦੀ ਸੀ। ਭੱਟਾਚਾਰਜੀ ਨੇ ਡਾਕਟਰੀ ਦੀਆਂ ਡਿਗਰੀਆਂ ਨਾਲ ਕੁਝ ਸਰਟੀਫਾਈਡ ਕੋਰਸ ਵੀ ਕੀਤੇ ਸਨ। ਉਹ ਮਨੋਵਿਗਿਆਨਕ ਦਬਾਅ, ਪੱਠਿਆਂ ਦੀ ਹਰਕਤ ਤੇ ਸਾਹ ਕਿਰਿਆ ਦੀ ਸਿੱਖਿਆ ਦਾ ਮਾਹਿਰ ਕੋਚ ਸੀ। ਕਰਨਲ ਢਿੱਲੋਂ ਨਾਲ ਉਹ ਵੀ ਉਹਦਾ ਕੋਚ ਬਣ ਗਿਆ।
ਅਭਿਨਵ ਬਿੰਦਰਾ ਇਸ ਗੱਲੋਂ ਖੁਸ਼ਕਿਸਮਤ ਰਿਹਾ ਕਿ ਉਸ ਨੂੰ ਖੁਸ਼ਹਾਲ ਮਾਪੇ ਮਿਲੇ ਜਿਨ੍ਹਾਂ ਨੇ ਪੁੱਤਰ ਨੂੰ ਓਲੰਪਿਕ ਪੱਧਰ ਦਾ ਨਿਸ਼ਾਨੇਬਾਜ਼ ਬਣਾਉਣ ਲਈ ਲੱਖਾਂ ਰੁਪਏ ਖਰਚੇ। ਅਭਿਨਵ ਵਿਚ ਏਨੀ ਲਗਨ ਸੀ ਕਿ ਉਹ ਹਰ ਰੋਜ਼ ਬਾਰਾਂ-ਬਾਰਾਂ ਘੰਟੇ ਸ਼ੂਟਿੰਗ ਕਰਦਾ ਵੀ ਨਾ ਥੱਕਦਾ। ਅਰਜਨ ਦੇ ਮੱਛੀ ਦੀ ਅੱਖ ਵੇਖਣ ਵਾਂਗ ਉਹਦਾ ਇਕੋ ਨਿਸ਼ਾਨਾ ਸੀ ਕਿ ਓਲੰਪਿਕ ਖੇਡਾਂ ਦਾ ਗੋਲਡ ਮੈਡਲ ਜਿੱਤਣਾ ਹੈ। ਭਾਰਤ ਵਿਚ ਬਹੁਤੇ ਖਿਡਾਰੀ ਸਹੂਲਤਾਂ ਤੋਂ ਸੱਖਣੇ ਰਹਿ ਜਾਂਦੇ ਹਨ ਪਰ ਅਭਿਨਵ ਨੂੰ ਸਹੂਲਤਾਂ ਦੀ ਕੋਈ ਕਮੀ ਨਹੀਂ ਸੀ। ਉਹ ਛੋਟੀ ਉਮਰ ਵਿਚ ਹੀ ਜ਼ਿਲ੍ਹੇ, ਸੂਬੇ ਤੇ ਕੌਮੀ ਪੱਧਰ ਦੇ ਮੁਕਾਬਲੇ ਜਿੱਤਣ ਲੱਗਾ।
ਸਕੂਲ ਦੀ ਪੜ੍ਹਾਈ ਪੂਰੀ ਕਰ ਕੇ ਉਸ ਨੇ ਬੈੱਚਲਰ ਆਫ਼ ਬਿਜ਼ਨਸ ਐਡਮਨਿਸਟ੍ਰੇਸ਼ਨ ਤੇ ਮਾਸਟਰ ਆਫ਼ ਬਿਜ਼ਨਸ ਦੀਆਂ ਡਿਗਰੀਆਂ ਅਮਰੀਕਾ ਦੀ ਯੂਨੀਵਰਸਿਟੀ ਆਫ਼ ਕਲੋਰਾਡੋ ਤੋਂ ਹਾਸਲ ਕੀਤੀਆਂ। 2001 ਵਿਚ ਉਹ ਮਿਊਨਿਖ ਵਿਖੇ 10 ਮੀਟਰ ਏਅਰ ਰਾਈਫ਼ਲ ਨਿਸ਼ਾਨੇਬਾਜ਼ੀ ਵਿਚ 597/600 ਅੰਕ ਲੈ ਕੇ ਨਵੇਂ ਰਿਕਾਰਡ ਨਾਲ ਜੂਨੀਅਰ ਵਰਲਡ ਚੈਂਪੀਅਨ ਬਣਿਆ। ਫਿਰ ਤਾਂ ਚੱਲ ਸੋ ਚੱਲ ਹੋ ਗਈ ਤੇ ਉਹ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਵਿਚ ਭਾਰਤ ਲਈ ਤਮਗ਼ੇ ਜਿੱਤਣ ਲੱਗਾ। 2002 ਵਿਚ ਉਸ ਨੇ ਯੂਰਪੀ ਸਰਕਟ ਚੈਂਪੀਅਨਸ਼ਿਪਾਂ `ਚੋਂ 7 ਸੋਨੇ, 1 ਕਾਂਸੀ ਤੇ 4 ਚਾਂਦੀ ਦੇ ਤਮਗ਼ੇ ਜਿੱਤੇ। ਉਨ੍ਹਾਂ ਵਿਚ ਇਕ ਗੋਲਡ ਤੇ ਇਕ ਸਿਲਵਰ ਮੈਡਲ ਮਾਨਚੈਸਟਰ ਦੀਆਂ ਕਾਮਨਵੈੱਲਥ ਖੇਡਾਂ ਦੇ ਸਨ। ਕੋਚ ਕਰਨਲ ਢਿੱਲੋਂ ਤੋਂ ਬਾਅਦ ਡਾ. ਭੱਟਾਚਾਰਜੀ, ਲਾਜ਼ਲੋ ਸਜੂਜਕ, ਗੈਬਰੀਲਾ ਬੁਲ੍ਹਮੈਨ ਤੇ ਸਨੀ ਥਾਮਸ ਉਸ ਦੇ ਕੋਚ ਰਹੇ। ਭੱਟਾਚਾਰਜੀ ਤਾਂ ਹਮੇਸ਼ਾ ਉਸ ਦੇ ਅੰਗ ਸੰਗ ਰਿਹਾ।
ਏਥਨਜ਼-2004 ਦੀਆਂ ਓਲੰਪਿਕ ਖੇਡਾਂ ਵਿਚ ਉਸ ਨੇ ਪੁਰਾਣਾ ਓਲੰਪਿਕ ਰਿਕਾਰਡ ਤੋੜ ਦਿੱਤਾ ਪਰ ਕੋਈ ਮੈਡਲ ਨਾ ਜਿੱਤ ਸਕਿਆ। 2005 ਵਿਚ ਉਸ ਨੇ ਏਸ਼ਿਆਈ ਸ਼ੂਟਿੰਗ ਚੈਂਪੀਅਨਸ਼ਿਪ ਦਾ ਗੋਲਡ ਮੈਡਲ ਤੇ 2006 ਵਿਚ ਜ਼ੈਗਰੇਬ ਤੋਂ ਵਰਲਡ ਚੈਂਪੀਅਨਸ਼ਿਪ ਦਾ ਗੋਲਡ ਮੈਡਲ 669.1 ਅੰਕ ਹਾਸਲ ਕਰ ਕੇ ਜਿੱਤਿਆ। 2006 ਵਿਚ ਹੀ ਉਸ ਨੂੰ ਰੀੜ੍ਹ ਦੀ ਹੱਡੀ ਦਾ ਦਰਦ ਸ਼ੁਰੂ ਹੋ ਗਿਆ ਜਿਸ ਕਰਕੇ ਉਹ ਦੋਹਾ ਦੀਆਂ ਏਸ਼ਿਆਈ ਖੇਡਾਂ ਵਿਚ ਭਾਗ ਨਾ ਲੈ ਸਕਿਆ। ਇਲਾਜ ਕਰਾਉਣ ਪਿੱਛੋਂ ਉਹ ਫਿਰ ਕਾਇਮ ਹੋ ਗਿਆ ਤੇ ਮੁੜ ਨਿਸ਼ਾਨੇਬਾਜ਼ੀ ਦਾ ਅਭਿਆਸ ਕਰਨ ਲੱਗਾ। ਬੀਜਿੰਗ-2008 ਦੀਆਂ ਓਲੰਪਿਕ ਖੇਡਾਂ ਤੋਂ ਪਹਿਲਾਂ ਉਸ ਨੇ ਜਰਮਨੀ ਵਿਚ ਤਿੰਨ ਹਫ਼ਤਿਆਂ ਦੀ ਕਮਾਂਡੋ ਟ੍ਰੇਨਿੰਗ ਲਈ। ਬੀਜਿੰਗ ਵਿਚ ਉਸ ਨੇ ਉਹ ਕੁਝ ਕਰ ਵਿਖਾਇਆ ਜਿਸ ਉਤੇ ਭਾਰਤ ਵਾਸੀਸਦਾ ਮਾਣ ਕਰਦੇ ਰਹਿਣਗੇ। ਉਥੇ ਉਸ ਨੇ 10 ਮੀਟਰ ਏਅਰ ਰਾਈਫਲ ਸ਼ੂਟਿੰਗ ਮੁਕਾਬਲੇ ਵਿਚ 700.5 ਅੰਕ ਲੈ ਕੇ ਗੋਲਡ ਮੈਡਲ ਜਿੱਤਿਆ ਜਿਸ ਨੇ ਭਾਰਤ ਵਾਸੀਆਂ ਵਿਚ ਖ਼ੁਸ਼ੀ ਤੇ ਉਤਸ਼ਾਹ ਦੀ ਲਹਿਰ ਪੈਦਾ ਕਰ ਦਿੱਤੀ। ਉਦੋਂ ਤੋਂ ਭਾਰਤ ਵਿਚ ਏਅਰ ਰਾਈਫ਼ਲਾਂ ਦੀ ਵਿਕਰੀ ਵਧ ਗਈ।
ਪੰਜਾਬ ਸਰਕਾਰ ਨੇ ਉਸ ਨੂੰ ਖੇਡਾਂ ਦਾ ਸਰਬੋਤਮ ਪੁਰਸਕਾਰ ਮਹਾਰਾਜਾ ਰਣਜੀਤ ਸਿੰਘ ਅਵਾਰਡ ਪਹਿਲਾਂ ਹੀ ਦੇ ਦਿੱਤਾ ਸੀ, ਓਲੰਪਿਕ ਚੈਂਪੀਅਨ ਬਣਨ `ਤੇ ਇਕ ਕਰੋੜ ਰੁਪਏ ਦਾ ਵਿਸ਼ੇਸ਼ ਇਨਾਮ ਦਿੱਤਾ। ਕੇਂਦਰ ਸਰਕਾਰ, ਹਰਿਆਣਾ ਸਰਕਾਰ ਤੇ ਹੋਰ ਸੂਬਿਆਂ ਦੀਆਂ ਸਰਕਾਰਾਂ ਅਤੇ ਸਨਅਤੀ ਘਰਾਣਿਆਂ ਨੇ ਕਰੋੜਾਂ ਰੁਪਏ ਦੇ ਇਨਾਮ ਦਿੱਤੇ। ਪੰਜਾਬ ਦੇ ਰਾਜਪਾਲ ਤੋਂ ਲੈ ਕੇ ਭਾਰਤ ਦੇ ਰਾਸ਼ਟਰਪਤੀ ਤਕ ਅਤੇ ਪੰਜਾਬ ਦੇ ਮੁੱਖ ਮੰਤਰੀ ਤੋਂ ਲੈ ਕੇ ਭਾਰਤ ਦੇ ਪ੍ਰਧਾਨ ਮੰਤਰੀ ਤਕ ਸਭ ਨੇ ਉਸ ਨੂੰ ਵਧਾਈਆਂ ਦਿੱਤੀਆਂ। ਓਲੰਪਿਕ ਚੈਂਪੀਅਨ ਬਣਨ ਨਾਲ ਉਸ ਦੀ ਚਾਰੇ ਪਾਸੇ ਜੈ ਜੈ ਕਾਰ ਹੋ ਗਈ।
ਉਸ ਦੇ ਪਿਤਾ ਨੇ ਉਹਨੂੰ ਇਕ ਆਲੀਸ਼ਾਨ ਹੋਟਲ ਦਾ ਤੋਹਫ਼ਾ ਦਿੱਤਾ। ਬਹੁਤ ਸਾਰੀਆਂ ਸੰਸਥਾਵਾਂ ਨੇ ਉਸ ਨੂੰ ਆਪਣਾ ਸਨਮਾਨਯੋਗ ਮੈਂਬਰ ਬਣਾਇਆ। ਫਿਲਮੀ ਕਲਾਕਾਰਾਂ ਨੇ ਉਸ ਨੂੰ ਅੱਖਾਂ `ਤੇ ਬਿਠਾਇਆ ਤੇ ਉਹਦੇ ਨਾਲ ਫੋਟੋ ਖਿਚਵਾਏ। ਉਹ ਪ੍ਰਸਿੱਧ ਕੰਪਨੀਆਂ ਸੈਮਸੰਗ ਤੇ ਸਹਾਰਾ ਗਰੁੱਪ ਦਾ ਅੰਬੈਸਡਰ ਬਣਿਆ। ਹੁਣ ਉਹ ਅਭਿਨਵ ਫਿਊਰਿਸਟਿਕਸ ਕੰਪਨੀ ਦਾ ਸੀ ਈ ਓ ਹੈ। ਉਸ ਨੇ ਬੱਚਿਆਂ ਤੇ ਨੌਜੁਆਨਾਂ ਵਿਚ ਖੇਡਾਂ ਦਾ ਸ਼ੌਕ ਪੈਦਾ ਕਰਨ ਤੇ ਲੋੜੀਂਦੀਆਂ ਖੇਡ ਸਹੂਲਤਾਂ ਦੇਣ ਲਈ ਅਭਿਨਵ ਸਪੋਰਟਸ ਟ੍ਰੱਸਟ ਬਣਾਇਆ। ਉਸ ਨੂੰ ਬਾਹਰ ਦੇ ਖਾਣੇ ਨਾਲੋਂ ਮਾਂ ਦਾ ਬਣਾਇਆ ਖਾਣਾ ਵਧੇਰੇ ਪਸੰਦ ਹੈ ਤੇ ਚਿਕਨ ਕੱਰੀ ਉਹਦੀ ਮਨਭਾਉਂਦੀ ਤਰਕਾਰੀ ਹੈ। ਫਿਲਮਾਂ ਉਹ ਘੱਟ ਹੀ ਵੇਖਦਾ ਹੈ। ਫਿਰ ਵੀ ਕ੍ਰਿਸ਼ਮਾ ਕਪੂਰ ਉਹਦੀ ਮਨਭਾਉਂਦੀ ਅਦਾਕਾਰਾ ਹੈ। ਉਸ ਨੇ ਦੋ ਪਾਲਤੂ ਕੁੱਤੇ ਰੱਖੇ ਹਨ ਜਿਨ੍ਹਾਂ ਨਾਲ ਉਹ ਵਿਹਲੇ ਵੇਲੇ ਖੇਡਦਾ ਹੈ। ਉਸ ਨੇ ਖੇਡ ਲੇਖਕ ਰੋਹਿਤ ਬ੍ਰਿਜਨਾਥ ਨਾਲ ਮਿਲ ਕੇ ਆਪਣੀ ਸਵੈ-ਜੀਵਨੀ ‘ਏ ਸ਼ਾਟ ਐਟ ਹਿਸਟਰੀ: ਮਾਈ ਓਬਸੈਸਿਵ ਜਰਨੀ ਟੂ ਓਲੰਪਿਕ ਗੋਲਡ’ ਲਿਖੀ ਜੋ ਭਾਰਤ ਦੇ ਖੇਡ ਮੰਤਰੀ ਨੇ ਅਕਤੂਬਰ 2011 ਵਿਚ ਲੋਕ ਅਰਪਨ ਕੀਤੀ।
ਅਭਿਨਵ ਬਿੰਦਰਾ ਨਵੀਂ ਦਿੱਲੀ ਵਿਚ ਹੋਈਆਂ ਕਾਮਨਵੈਲਥ ਖੇਡਾਂ-2010 ਸਮੇਂ ਭਾਰਤੀ ਦਲ ਦਾ ਝੰਡਾਬਰਦਾਰ ਸੀ ਜਿਸ ਨੇ 71 ਦੇਸ਼ਾਂ ਦੇ 6700 ਖਿਡਾਰੀਆਂ ਵੱਲੋਂ ਸਹੁੰ ਚੁੱਕੀ। ਉਹ ਚਾਹੁੰਦਾ ਹੈ ਕਿ ਭਾਰਤ ਦੇ ਬੱਚੇ ਤੇ ਨੌਜੁਆਨ ਖੂਬ ਪੜ੍ਹਾਈ ਕਰਨ, ਨਸ਼ਿਆਂ ਵਿਚ ਨਾ ਪੈਣ ਸਗੋਂ ਕਸਰਤਾਂ ਕਰਨ ਤੇ ਖੇਡਾਂ ਖੇਡਣ। ਇੰਜ ਉਹ ਆਪਣੀ ਸਿਹਤ ਨਰੋਈ ਰੱਖ ਸਕਦੇ ਹਨ ਅਤੇ ਖੇਡਾਂ ਦੇ ਮੈਡਲ ਜਿੱਤ ਕੇ ਆਪਣਾ, ਆਪਣੇ ਮਾਪਿਆਂ ਤੇ ਦੇਸ਼ ਦਾ ਨਾਂ ਰੌਸ਼ਨ ਕਰ ਸਕਦੇ ਹਨ।