ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਬਾਰੇ ਦਿੱਤੇ ਬਿਆਨ ਨੇ ਕੌਮਾਂਤਰੀ ਪੱਧਰ ‘ਤੇ ਸਿਆਸਤ ਭਖਾ ਦਿੱਤੀ ਹੈ। ਸਿਆਸੀ ਵਿਸ਼ਲੇਸ਼ਕਾਂ ਵੱਲੋਂ ਟਰੂਡੋ ਦੇ ਇਸ ਬਿਆਨ ਨੂੰ ਕੈਨੇਡਾ ਵਿਚ 2025 ਅਤੇ ਭਾਰਤ ਵਿਚ ਅਗਲੇ ਸਾਲ ਹੋ ਰਹੀਆਂ ਚੋਣਾਂ ਦੇ ਪ੍ਰਸੰਗ ਵਿਚ ਵੀ ਵਿਚਾਰਿਆ ਜਾ ਰਿਹਾ ਹੈ।
ਜਸਟਿਨ ਟਰੂਡੋ 2015 ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਬਣੇ ਸਨ। ਹੁਣ ਉਨ੍ਹਾਂ ਦੀ ਲੋਕਪ੍ਰਿਯਤਾ ਦਾ ਗ੍ਰਾਫ ਬਹੁਤ ਹੇਠਾਂ ਡਿੱਗ ਚੁੱਕਾ ਹੈ ਅਤੇ ਉਨ੍ਹਾਂ ਦੀ ਲਿਬਰਲ ਪਾਰਟੀ ਨੂੰ ਲੈਣੇ ਦੇ ਦੇਣੇ ਪਏ ਹੋਏ ਹਨ। ਉਂਝ ਵੀ ਉਨ੍ਹਾਂ ਦੇ ਦੋ ਦੇ ਦੋ ਭਾਰਤ ਦੌਰੇ ਬੁਰੀ ਤਰ੍ਹਾਂ ਅਸਫਲ ਰਹੇ ਹਨ। ਕੁਝ ਮਾਹਿਰਾਂ ਨੇ ਟਰੂਡੋ ਦੇ ਤਾਜ਼ਾ ਬਿਆਨ ਦਾ ਅਸਰ ਦੋਹਾਂ ਦੇਸ਼ਾਂ ਦੇ ਦੁਵੱਲੇ ਸਬੰਧਾਂ ਉਤੇ ਪੈਣ ਤੋਂ ਵੀ ਇਨਕਾਰ ਨਹੀਂ ਕੀਤਾ ਹੈ। ਕਿਹਾ ਜਾ ਰਿਹਾ ਹੈ ਕਿ ਭਾਰਤ ਅਤੇ ਕੈਨੇਡਾ ਦੇ ਸਬੰਧਾਂ ਵਿਚ ਅਜਿਹੀ ਗਿਰਾਵਟ ਇਤਿਹਾਸ ਵਿਚ ਪਹਿਲਾਂ ਕਦੀ ਦੇਖਣ ਨੂੰ ਨਹੀਂ ਮਿਲੀ। ਦੱਸਣਾ ਬਣਦਾ ਹੈ ਕਿ ਭਾਰਤ ਤੇ ਕੈਨੇਡਾ ਦੇ ਦੁਵੱਲੇ ਸਬੰਧਾਂ ਵਿਚ ਪਿਛਲੇ ਕਈ ਮਹੀਨਿਆਂ ਤੋਂ ਤਣਾਅ ਹੈ। ਹਾਲ ਹੀ `ਚ ਕੈਨੇਡਾ ਨੇ ਭਾਰਤ ਨਾਲ ਵਪਾਰਕ ਵਾਰਤਾ ਵੀ ਰੱਦ ਕਰ ਦਿੱਤੀ ਸੀ। ਕੈਨੇਡਾ ਦਾ ਦਾਅਵਾ ਹੈ ਕਿ ਇਸ ਨੇ ਨਿੱਝਰ ਕਤਲ ਦੇ ਮਾਮਲੇ ਵਿਚ ਭਾਰਤ ਦੇ ਇਕ ਡਿਪਲੋਮੈਟ ਨੂੰ ਮੁਲਕ ਵਿਚੋਂ ਕੱਢ ਦਿੱਤਾ ਹੈ। ਜਵਾਬੀ ਕਾਰਵਾਈ ਕਰਦਿਆਂ ਭਾਰਤ ਨੇ ਵੀ ਕੈਨੇਡਾ ਦੇ ਇਕ ਡਿਪਲੋਮੇਟ ਨੂੰ ਨਵੀਂ ਦਿੱਲੀ ਤੋਂ ਕੈਨਡਾ ਵਾਪਸ ਭੇਜ ਦਿੱਤਾ ਹੈ। ਇਥੇ ਹੀ ਬੱਸ ਨਹੀਂ, ਟਰੂਡੋ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਨਿੱਝਰ ਦੇ ਕਤਲ ਦਾ ਮੁੱਦਾ ਨਵੀਂ ਦਿੱਲੀ ਵਿਚ ਜੀ-20 ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਈ ਮੀਟਿੰਗ `ਚ ਉਠਾਇਆ ਸੀ ਅਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਉਹ ਇਸ ਮਾਮਲੇ ਦੀ ਤਹਿ ਤੱਕ ਜਾਣ ਵਿਚ ਕੈਨੇਡਾ ਦਾ ਸਹਿਯੋਗ ਕਰਨ। ਦੱਸਿਆ ਜਾ ਰਿਹਾ ਹੈ ਕਿ ਟਰੂਡੋ ਨਾਲ 10 ਸਤੰਬਰ ਨੂੰ ਹੋਈ ਦੁਵੱਲੀ ਮੀਟਿੰਗ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੈਨੇਡਾ ਵਿਚ ਭਾਰਤ ਵਿਰੋਧੀ ਗਤੀਵਿਧੀਆਂ ਅਤੇ ਕੱਟੜਵਾਦੀ ਅਨਸਰਾਂ ਦਾ ਮੁੱਦਾ ਉਠਾਇਆ ਸੀ ਤੇ ਭਾਰਤ ਦੇ ਫਿਕਰ ਸਾਂਝੇ ਕੀਤੇ ਸਨ। ਭਾਰਤ ਦਾ ਪੱਖ ਸੀ ਕਿ ਅਜਿਹੇ ਤੱਤ ਭਾਰਤ ਵਿਚ ਵੱਖਵਾਦ ਅਤੇ ਕੈਨੇਡਾ ਭਾਰਤੀ ਰਾਜਦੂਤਾਂ ਵਿਰੁੱਧ ਹਿੰਸਾ ਭੜਕਾ ਰਹੇ ਹਨ, ਨਾਲ ਹੀ ਕੈਨੇਡਾ ਵਿਚ ਮੌਜੂਦ ਭਾਰਤੀ ਭਾਈਚਾਰੇ ਨੂੰ ਧਮਕਾ ਰਹੇ ਹਨ।
ਇਸੇ ਤਰ੍ਹਾਂ ਭਾਰਤ ਵਿਚ ਅਗਲੇ ਸਾਲ 2024 ਵਿਚ ਹੋ ਰਹੀਆਂ ਚੋਣਾਂ ਦਾ ਮਸਲਾ ਹੈ ਜਿਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਜਥੇਬੰਦੀ ਭਾਰਤੀ ਜਨਤਾ ਪਾਰਟੀ ਪਿਛਲੇ ਕੁਝ ਸਮੇਂ ਤੋਂ ਤਿਆਰੀ ਵਿਚ ਜੁਟੀ ਹੋਈ ਹੈ। ਟਰੂਡੋ ਦੇ ਇਸ ਬਿਆਨ ਨੂੰ ਸਿੱਧਾ ਮੋਦੀ ਦੀ ਸਿਆਸਤ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਪਿਛਲੇ ਕੁਝ ਸਮੇਂ ਤੋਂ ਕੌਮਾਂਤਰੀ ਭਾਈਚਾਰੇ ਵੱਲੋਂ ਅਜਿਹੇ ਸੰਕੇਤ ਵਾਰ-ਵਾਰ ਆ ਰਹੇ ਹਨ ਕਿ ਸੰਸਾਰ ਦੇ ਕੁਝ ਮੋਹਰੀ ਮੁਲਕ ਨਰਿੰਦਰ ਮੋਦੀ ਨੂੰ ਇਕ ਵਾਰ ਹੋਰ ਭਾਰਤ ਦਾ ਪ੍ਰਧਾਨ ਮੰਤਰੀ ਬਣਿਆ ਨਹੀਂ ਦੇਖਣਾ ਚਾਹੁੰਦੇ। ਅਸਲ ਵਿਚ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਨੇ ਜਿਸ ਤਰ੍ਹਾਂ ਦੀ ਸਿਆਸਤ ਪਿਛਲੇ 9 ਸਾਲਾਂ ਵਿਚ ਕੀਤੀ ਹੈ, ਉਸ ਤੋਂ ਕੌਮਾਂਤਰੀ ਭਾਈਚਾਰੇ ਅੰਦਰ ਹਲਚਲ ਹੈ। ਸ਼ਾਇਦ ਇਸੇ ਕਰ ਕੇ ਜਦੋਂ ਕੁਝ ਸਮਾਂ ਪਹਿਲਾਂ ਬੀ.ਬੀ.ਸੀ. ਨੇ ਗੁਜਰਾਤ ਵਿਚ ਮੁਸਲਮਾਨਾਂ ਦੇ ਕਤਲੇਆਮ ਅਤੇ ਨਰਿੰਦਰ ਮੋਦੀ ਬਾਰੇ ਦਸਤਾਵੇਜ਼ੀ ਨਸ਼ਰ ਕੀਤੀ ਸੀ ਤਾਂ ਇੰਗਲੈਂਡ ਦੀ ਸਰਕਾਰ ਨੇ ਭਾਰਤ ਸਰਕਾਰ ਦੇ ਇਤਰਾਜ਼ ਦੇ ਬਾਵਜੂਦ ਕੋਈ ਵੀ ਕਾਰਵਾਈ ਕਰਨ ਤੋਂ ਸਾਫ ਨਾਂਹ ਕਰ ਦਿੱਤੀ ਸੀ। ਹਿੰਡਨਬਰਗ ਮਸਲੇ ਨੂੰ ਵੀ ਇਸੇ ਵਰਗ ਵਿਚ ਰੱਖਿਆ ਜਾ ਰਿਹਾ ਹੈ। ਹੁਣ ਟਰੂਡੋ ਦੇ ਬਿਆਨ ਤੋਂ ਬਾਅਦ ਇੰਗਲੈਂਡ ਦੇ ਨਾਲ-ਨਾਲ ਅਮਰੀਕਾ ਅਤੇ ਆਸਟਰੇਲੀਆ ਨੇ ਫਿਕਰਮੰਦੀ ਪ੍ਰਗਟਾਈ ਹੈ। ਅਸਲ ਵਿਚ, ਕੌਮਾਂਤਰੀ ਭਾਈਚਾਰਾ ਭਾਰਤ ਅੰਦਰ ਤਾਨਾਸ਼ਾਹੀ ਦੀ ਪੈੜਚਾਲ ਨੂੰ ਬਹੁਤ ਨੇੜਿਓਂ ਦੇਖ ਰਿਹਾ ਹੈ। ਭਾਰਤ ਸਰਕਾਰ ਅਨੁਸਾਰ ਹਰਦੀਪ ਸਿੰਘ ਨਿੱਝਰ ਪਾਬੰਦੀਸ਼ੁਦਾ ਜਥੇਬੰਦੀ ਖਾਲਿਸਤਾਨ ਟਾਈਗਰ ਫੋਰਸ ਦਾ ਮੁਖੀ ਰਿਹਾ ਹੈ ਅਤੇ ਉਹ ਭਾਰਤ ਵਿਚ ‘ਮੋਸਟ ਵਾਂਟੇਡ` ਅਤਿਵਾਦੀਆਂ ਦੀ ਸੂਚੀ ਵਿਚ ਸ਼ਾਮਲ ਸੀ। ਉਸ `ਤੇ 10 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਹੋਇਆ ਸੀ। 2016 ਵਿਚ ਉਸ ਵਿਰੁੱਧ ਇੰਟਰਪੋਲ ਦਾ ਰੈੱਡ ਕਾਰਨਰ ਨੋਟਿਸ ਵੀ ਨਿਕਲਿਆ ਸੀ। ਸਰੀ (ਬ੍ਰਿਟਿਸ਼ ਕੋਲੰਬੀਆ) ਦੀ ਪੁਲਿਸ ਨੇ 2018 ਵਿਚ ਉਸ ਨੂੰ ਅਤਿਵਾਦ `ਚ ਸ਼ਮੂਲੀਅਤ ਦੇ ਸ਼ੱਕ ਵਿਚ ਆਰਜ਼ੀ ਤੌਰ `ਤੇ ਘਰ ਵਿਚ ਨਜ਼ਰਬੰਦ ਕੀਤਾ ਸੀ ਪਰ ਮਗਰੋਂ ਰਿਹਾਅ ਕਰ ਦਿੱਤਾ ਸੀ। ਸਰੀ ਵਿਚ 18 ਜੂਨ ਨੂੰ ਇਕ ਗੁਰਦੁਆਰੇ ਦੇ ਬਾਹਰ ਦੋ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਸੀ।
ਭਾਰਤ ਸਰਕਾਰ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਬਿਆਨ ਨੂੰ ਬੇਤੁਕਾ ਅਤੇ ਬੇਬੁਨਿਆਦ ਕਰਾਰ ਦਿੱਤਾ ਹੈ। ਨਾਲ ਹੀ ਕਿਹਾ ਹੈ ਕਿ ਇਸ ਕਤਲ ਕੇਸ ਬਾਰੇ ਜੇ ਕੈਨੇਡਾ ਕੋਲ ਕੋਈ ਸਬੂਤ ਹਨ ਤਾਂ ਭਾਰਤ ਨਾਲ ਸਾਂਝੇ ਕਰਨੇ ਚਾਹੀਦੇ ਹਨ ਪਰ ਇਸ ਦੀ ਬਜਾਇ ਪ੍ਰਧਾਨ ਮੰਤਰੀ ਟਰੂਡੋ ਹਾਊਸ ਆਫ ਕਾਮਨਜ਼ ਵਿਚ ਬਿਆਨ ਦੇ ਰਹੇ ਹਨ। ਜ਼ਾਹਿਰ ਹੈ ਕਿ ਇਸ ਮੁੱਦੇ ‘ਤੇ ਸਿਰਫ ਸਿਆਸਤ ਕੀਤੀ ਜਾ ਰਹੀ ਹੈ। ਉਂਝ, ਇਹ ਮੰਨਣ ਵਿਚ ਕੋਈ ਦੋ ਰਾਵਾਂ ਨਹੀਂ ਕਿ ਪਿਛਲੇ ਕਾਫੀ ਸਮੇਂ ਤੋਂ ਕੈਨੇਡਾ ਦੀ ਸਿਆਸਤ ਅੰਦਰ ਸਿੱਖਾਂ ਨੇ ਵਾਹਵਾ ਥਾਂ ਬਣਾਈ ਹੈ। ਕਈ ਸੂਬਿਆਂ ਵਿਚ ਸਿੱਖ ਤੇ ਪੰਜਾਬੀ ਮੰਤਰੀ ਬਣੇ ਹਨ ਅਤੇ ਫੈਡਰਲ ਸਿਆਸਤ ਵਿਚ ਵੀ ਖਾਸ ਮੁਕਾਮ ਰੱਖਦੇ ਹਨ। ਇਸ ਲਈ ਕੈਨੇਡਾ ਦੇ ਕੁਝ ਹਿੱਸਿਆਂ ਵਿਚ ਸਿਆਸਤ ਇਸ ਭਾਈਚਾਰੇ ਦੇ ਹਿਸਾਬ ਨਾਲ ਹੀ ਚੱਲਦੀ ਹੈ। ਸਿੱਖਾਂ ਵਿਚੋਂ ਰੈਡੀਕਲ ਸਿੱਖਾਂ ਦਾ ਇਕ ਹਿੱਸਾ ਭਾਰਤ ਵਿਚ ਸਿੱਖਾਂ ਲਈ ਵੱਖਰੇ ਮੁਲਕ ਦੀ ਕਾਇਮੀ ਲਈ ਲਗਾਤਾਰ ਪੈਰਵਾਈ ਕਰ ਰਿਹਾ ਹੈ। ਇਸ ਤਬਕੇ ਦੀਆਂ ਕੈਨੇਡਾ ਵਿਚ ਅਜਿਹੀਆਂ ਸਰਗਰਮੀਆਂ ਵੀ ਹੁਣ ਆਮ ਹਨ। ਹੁਣ ਦੇਖਣਾ ਇਹ ਹੈ ਕਿ ਦੋਵੇਂ ਮੁਲਕ ਅਜਿਹੇ ਮਸਲਿਆਂ ਨਾਲ ਕਿਵੇਂ ਨਜਿੱਠਦੇ ਹਨ।