ਭਾਰਤ ਵਿਚ ਹੋਏ ਜੀ-20 ਸਿਖਰ ਸੰਮੇਲਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਵਾਰ ਫਿਰ ਆਪਣਾ ਸਿਆਸੀ ਜਲੌਅ ਦਿਖਾਇਆ ਹੈ। ਇਸ ਨੇ ਦਰਬਾਰੀ ਮੀਡੀਆ ਦੀ ਮਦਦ ਨਾਲ ਅਗਲੇ ਸਾਲ ਹੋ ਰਹੀਆਂ ਚੋਣਾਂ ਤੋਂ ਐਨ ਪਹਿਲਾਂ ਭਾਰਤ ਨੂੰ ਵਿਸ਼ਵ ਗੁਰੂ ਦਰਸਾਉਣ ਲਈ ਪੂਰਾ ਟਿੱਲ ਲਾ ਦਿੱਤਾ। ਮਸ਼ਹੂਰ ਚੈਨਲ ਅਲ-ਜ਼ਜੀਰਾ ਨੇ ਉਘੀ ਲਿਖਾਰੀ ਅਤੇ ਲੋਕ ਪੱਖੀ ਕਾਰਕੁਨ ਅਰੁੰਧਤੀ ਰਾਏ ਨਾਲ ਇਸ ਮਸਲੇ ਬਾਰੇ ਗੱਲਬਾਤ ਕੀਤੀ ਹੈ। ਇਹ ਗੱਲਬਾਤ ਭਾਵੇਂ ਸਿਖਰ ਸੰਮੇਲਨ ਤੋਂ ਪਹਿਲਾਂ ਦੀ ਹੈ ਪਰ ਇਸ ਵਿਚ ਪ੍ਰਗਟ ਕੀਤੇ ਖਦਸ਼ੇ ਸੱਚ ਹੋ ਕੇ ਸਾਹਮਣੇ ਆਏ ਹਨ। ਇਸ ਗੱਲਬਾਤ ਦਾ ਪੰਜਾਬੀ ਰੂਪ ਸਾਡੇ ਕਾਲਮਨਵੀਸ ਬੂਟਾ ਸਿੰਘ ਮਹਿਮੂਦਪੁਰ ਨੇ ਤਿਆਰ ਕੀਤਾ ਹੈ।
ਅਲ ਜਜ਼ੀਰਾ: ਜੀ-20 ਸੰਮੇਲਨ ਦੀ ਮੇਜ਼ਬਾਨੀ ਕਰ ਰਹੇ ਭਾਰਤ ਵੱਲੋਂ ਘੱਟ-ਗਿਣਤੀਆਂ ਨਾਲ ਕੀਤੇ ਜਾ ਰਹੇ ਸਲੂਕ ਦੇ ਪ੍ਰਸੰਗ `ਚ ਤੁਹਾਡਾ ਕੀ ਕਹਿਣਾ ਹੈ?
ਅਰੁੰਧਤੀ ਰਾਏ: ਮੈਨੂੰ ਨਹੀਂ ਲੱਗਦਾ ਕਿ ਕੋਈ ਇਸ ਗੱਲ ਦੀ ਪ੍ਰਵਾਹ ਕਰਦਾ ਹੈ ਕਿਉਂਕਿ ਇੱਥੇ ਜੀ-20 ਹੋ ਰਿਹੈ, ਹਰ ਕੋਈ ਆਪਣੇ ਲਈ ਮੌਕੇ, ਵਪਾਰਕ ਸੌਦੇ ਜਾਂ ਫ਼ੌਜੀ ਸਾਜ਼ੋ-ਸਮਾਨ ਦੇ ਸੌਦੇ ਜਾਂ ਭੂ-ਰਾਜਨੀਤਕ ਰਣਨੀਤਕ ਸਮਝੌਤੇ ਦੀ ਤਲਾਸ਼ `ਚ ਹੈ। ਇਸ ਲਈ ਇਹ ਗੱਲ ਨਹੀਂ ਹੈ ਕਿ ਇੱਥੇ ਆਉਣ ਵਾਲੇ ਲੋਕਾਂ ਵਿਚੋਂ ਕਿਸੇ ਨੂੰ, ਰਾਜ ਦੇ ਮੁਖੀਆਂ ਜਾਂ ਕਿਸੇ ਹੋਰ ਨੂੰ ਇਹ ਨਹੀਂ ਪਤਾ ਕਿ ਭਾਰਤ ਵਿਚ ਕੀ ਹੋ ਰਿਹਾ ਹੈ। ਜੋ ਕੁਝ ਭਾਰਤ ਵਿਚ ਹੋ ਰਿਹਾ ਹੈ, ਅਮਰੀਕਾ, ਯੂ.ਕੇ. ਅਤੇ ਫਰਾਂਸ ਵਰਗੇ ਮੁਲਕਾਂ ਦਾ ਮੁੱਖਧਾਰਾ ਮੀਡੀਆ ਉਸ ਦੀ ਬਥੇਰੀ ਆਲੋਚਨਾ ਕਰਦਾ ਰਿਹਾ ਹੈ ਪਰ ਸਰਕਾਰਾਂ ਦਾ ਏਜੰਡਾ ਬਿਲਕੁਲ ਵੱਖਰਾ ਹੈ।
ਅਲ ਜਜ਼ੀਰਾ: ਭਾਰਤ ਵਿਚ ਜੋ ਜੀ-20 ਕੀਤਾ ਜਾ ਰਿਹਾ ਹੈ, ਕੀ ਤੁਸੀਂ ਇਸ ਨੂੰ ਉਨ੍ਹਾਂ ਆਗੂਆਂ ਵੱਲੋਂ ਭਾਰਤ ਸਰਕਾਰ ਨੂੰ ਇਸ ਦੇ ਘੱਟ-ਗਿਣਤੀਆਂ ਨਾਲ ਸਲੂਕ ਬਾਰੇ ਕਹਿਣ ਦੇ ਇਕ ਮੌਕੇ ਵਜੋਂ ਦੇਖਦੇ ਹੋ?
ਅਰੁੰਧਤੀ ਰਾਏ: ਇੰਝ ਨਹੀਂ ਹੋਵੇਗਾ। ਉਨ੍ਹਾਂ `ਚੋਂ ਕੋਈ ਵੀ ਇਹ ਨਹੀਂ ਕਰੇਗਾ। ਮੈਨੂੰ ਅਜਿਹੀ ਕੋਈ ਉਮੀਦ ਨਹੀਂ ਪਰ ਮੇਰੀ ਜਾਚੇ ਦਿਲਚਸਪ ਗੱਲ ਇਹ ਹੈ ਕਿ ਜੇ ਤੁਸੀਂ ਦਿੱਲੀ ਵਿਚ ਹੁੰਦੇ, ਜਿਵੇਂ ਮੈਂ ਹੁਣ ਇੱਥੇ ਹਾਂ, ਜੇ ਤੁਸੀਂ ਪ੍ਰਚਾਰ ਨੂੰ ਦੇਖੋ, ਜੇ ਤੁਸੀਂ ਬੈਨਰਾਂ ਨੂੰ ਦੇਖੋ, ਜੇ ਤੁਸੀਂ ਜੀ-20 ਲਈ ਕੀਤੀਆਂ ਜਾ ਰਹੀਆਂ ਉਨ੍ਹਾਂ ਸਾਰੀਆਂ ਤਿਆਰੀਆਂ ਨੂੰ ਦੇਖੋ ਤਾਂ ਤੁਸੀਂ ਇਹ ਸੋਚੋਗੇ ਕਿ ਜੀ-20 ਦੀ ਮੇਜ਼ਬਾਨ ਭਾਰਤ ਸਰਕਾਰ ਨਹੀਂ ਸਗੋਂ ਭਾਜਪਾ ਹੈ। ਹਰ ਬੈਨਰ ਉੱਪਰ ਕਮਲ ਦਾ ਫੁੱਲ ਹੈ ਜੋ ਭਾਜਪਾ ਦਾ ਚਿੰਨ੍ਹ ਹੈ।
ਭਾਰਤ ਵਿਚ ਜੋ ਕੁਝ ਵਾਪਰਿਆ ਹੈ ਅਤੇ ਇਹ ਇੰਨਾ ਖਤਰਨਾਕ, ਇੰਨਾ ਖੁੱਲ੍ਹ-ਮ-ਖੁੱਲ੍ਹਾ ਹੈ ਕਿ ਮੁਲਕ, ਰਾਸ਼ਟਰ, ਸਰਕਾਰ ਅਤੇ ਇਸ ਦੀਆਂ ਸਭ ਸੰਸਥਾਵਾਂ ਨੂੰ ਸੱਤਾਧਾਰੀ ਪਾਰਟੀ, ਇਕ ਸਿਆਸੀ ਪਾਰਟੀ `ਚ ਮਿਲਾ ਦਿੱਤਾ ਗਿਆ ਹੈ; ਤੇ ਉਹ ਸੱਤਾਧਾਰੀ ਪਾਰਟੀ ਵੀ ਇਕ ਵਿਅਕਤੀ, ਨਰਿੰਦਰ ਮੋਦੀ `ਚ ਮਿਲਾ ਦਿੱਤੀ ਗਈ ਹੈ। ਦਰਅਸਲ, ਹੁਣ ਸ਼ਾਇਦ ਹੀ ਕੋਈ ਸੱਤਾਧਾਰੀ ਪਾਰਟੀ ਹੈ, ਸਿਰਫ਼ ਇਕ ਹਾਕਮ ਹੈ। ਇਸ ਲਈ ਇਹ ਤਾਂ ਇਸ ਤਰ੍ਹਾਂ ਹੈ ਜਿਵੇਂ ਜੀ-20 ਦੀ ਮੇਜ਼ਬਾਨੀ ਮੋਦੀ ਕਰ ਰਿਹਾ ਹੋਵੇ। ਅਸੀਂ ਸਾਰੇ ਅੰਦਰ ਡੱਕੇ ਹੋਏ ਹਾਂ। ਅਸੀਂ ਬਾਹਰ ਨਹੀਂ ਨਿਕਲ ਸਕਦੇ। ਸ਼ਹਿਰ ਵਿਚੋਂ ਗ਼ਰੀਬਾਂ ਨੂੰ ਹਟਾ ਦਿੱਤਾ ਗਿਆ ਹੈ। ਝੁੱਗੀਆਂ-ਝੌਂਪੜੀਆਂ ਨੂੰ ਪਰਦੇ ਪਾ ਕੇ ਢਕ ਦਿੱਤਾ ਗਿਆ ਹੈ। ਸੜਕਾਂ `ਤੇ ਬੈਰੀਕੇਡ ਹਨ, ਆਵਾਜਾਈ ਬੰਦ ਹੈ। ਸ਼ਹਿਰ ਮੌਤ ਵਾਂਗ ਸ਼ਾਂਤ ਹੈ। ਇਹ ਇਉਂ ਹੈ, ਜਿਵੇਂ ਉਸ ਨੂੰ ਸਾਡੇ ਸਾਰਿਆਂ ਤੋਂ, ਇਸ ਗੱਲ ਤੋਂ ਬਹੁਤ ਸ਼ਰਮ ਆ ਰਹੀ ਹੈ ਕਿ ਸ਼ਹਿਰ ਕਿਹੋ ਜਿਹਾ ਹੈ।
ਅਲ ਜਜ਼ੀਰਾ: ਤੁਹਾਡੇ ਕਹਿਣ ਤੋਂ ਇੰਞ ਲੱਗਦਾ ਹੈ ਜਿਵੇਂ ਇਹ ਸਮਾਗਮ ਮੋਦੀ ਵੱਲੋਂ ਆਪਣੀ ਮਸ਼ਹੂਰੀ ਲਈ ਕਰਵਾਇਆ ਗਿਆ ਹੈ।
ਅਰੁੰਧਤੀ ਰਾਏ: ਨਿਸ਼ਚੇ ਹੀ ਇਹ ਮਸ਼ਹੂਰੀ ਲਈ ਸਮਾਗਮ ਹੈ। ਉਹ ਕਲਾਬਾਜ਼ੀ ਮਾਰਦਾ ਫਿਰੇਗਾ ਅਤੇ ਇਹ ਚੋਣਾਂ ਤੋਂ ਠੀਕ ਪਹਿਲਾਂ ਹੋ ਰਿਹਾ ਹੈ; ਤੇ ਇਸ ਨੂੰ ਉਸ ਦੀ ਚੋਣ ਮੁਹਿੰਮ ਨਾਲ ਜੋੜਿਆ ਜਾਵੇਗਾ। ਇਹ ਸਾਰੇ ਪੱਛਮੀ ਆਗੂ ਜੋ ਲੋਕਤੰਤਰ ਦੀ ਗੱਲਾਂ ਕਰਦੇ ਰਹਿੰਦੇ ਹਨ – ਮੇਰਾ ਮਤਲਬ ਹੈ, ਤੁਸੀਂ ਟਰੰਪ ਵਰਗੇ ਕਿਸੇ ਨੂੰ ਮੁਆਫ਼ ਕਰ ਸਕਦੇ ਹੋ ਕਿਉਂਕਿ ਉਹ ਲੋਕਤੰਤਰ ਵਿਚ ਯਕੀਨ ਨਹੀਂ ਰੱਖਦਾ – ਪਰ ਬਾਇਡੇਨ, ਮੈਕਰੌਨ, ਇਹ ਸਾਰੇ ਲੋਕ ਜੋ ਲੋਕਤੰਤਰ ਦੀਆਂ ਗੱਲਾਂ ਕਰਦੇ ਰਹਿੰਦੇ ਹਨ, ਜਾਣਦੇ ਹਨ ਕਿ ਇੱਥੇ ਕੀ ਹੋ ਰਿਹਾ ਹੈ। ਉਹ ਜਾਣਦੇ ਹਨ ਕਿ ਮੁਸਲਮਾਨਾਂ ਦਾ ਕਤਲੇਆਮ ਕੀਤਾ ਗਿਆ, ਵਿਰੋਧ ਪ੍ਰਦਰਸ਼ਨ ਕਰਨ ਵਾਲੇ ਮੁਸਲਮਾਨਾਂ ਦੇ ਘਰਾਂ ਨੂੰ ਬੁਲਡੋਜ਼ਰ ਚਲਾ ਕੇ ਢਾਹ ਦਿੱਤਾ ਗਿਆ। ਇਸ ਦਾ ਮਤਲਬ ਹੈ ਕਿ ਸਾਰੀਆਂ ਪਬਲਿਕ ਸੰਸਥਾਵਾਂ- ਅਦਾਲਤਾਂ, ਮੈਜਿਸਟਰੇਟ, ਪ੍ਰੈੱਸ – ਦੀ ਇਸ ਵਿਚ ਮਿਲੀ-ਭੁਗਤ ਹੈ। ਉਹ ਜਾਣਦੇ ਹਨ ਕਿ ਕੁਝ ਕਸਬਿਆਂ ਵਿਚ ਮੁਸਲਮਾਨਾਂ ਦੇ ਘਰਾਂ ਦੇ ਦਰਵਾਜ਼ਿਆਂ ਉੱਪਰ ਐਕਸ ਦੇ ਨਿਸ਼ਾਨ ਲਗਾਏ ਗਏ ਹਨ ਅਤੇ ਉਨ੍ਹਾਂ ਨੂੰ ਉੱਥੋਂ ਚਲੇ ਜਾਣ ਲਈ ਧਮਕਾਇਆ ਜਾ ਰਿਹਾ ਹੈ। ਇਨ੍ਹਾਂ ਨੂੰ ਪਤਾ ਹੈ ਕਿ ਮੁਸਲਮਾਨਾਂ ਨੂੰ ਭੀੜੀਆਂ ਮੁਸਲਿਮ ਬਸਤੀਆਂ ਵਿਚ ਰਹਿਣ ਲਈ ਮਜਬੂਰ ਕਰ ਦਿੱਤਾ ਗਿਆ ਹੈ; ਤੇ ਜਿਹੜੇ ਲੋਕ ਦਰਅਸਲ ਮੁਸਲਮਾਨਾਂ ਵਿਰੁੱਧ ਹਜੂਮੀ ਹਮਲਿਆਂ ਦੇ, ਉਨ੍ਹਾਂ ਨੂੰ ਕਤਲ ਕਰਨ ਦੇ ਦੋਸ਼ੀ ਹਨ, ਉਹ ਹੁਣ ਇਨ੍ਹਾਂ ਭੀੜੀਆਂ ਬਸਤੀਆਂ ਵਿਚ ਕਥਿਤ ਧਾਰਮਿਕ ਜਲੂਸਾਂ ਦੀ ਅਗਵਾਈ ਕਰ ਰਹੇ ਹਨ। ਇਹ ਆਗੂ ਜਾਣਦੇ ਹਨ ਕਿ ਚੌਕਸੀ ਗਰੋਹ ਉੱਥੇ ਤਲਵਾਰਾਂ ਲੈ ਕੇ ਦਨ-ਦਨਾਉਂਦੇ ਫਿਰਦੇ ਹਨ, ਉਹ ਮੁਸਲਮਾਨਾਂ ਦੇ ਕਤਲੇਆਮ ਦੀਆਂ, ਮੁਸਲਿਮ ਔਰਤਾਂ ਦੇ ਸਮੂਹਿਕ ਬਲਾਤਕਾਰ ਕਰਨ ਦੀਆਂ ਧਮਕੀਆਂ ਦੇ ਰਹੇ ਹਨ। ਇਨ੍ਹਾਂ ਆਗੂਆਂ ਨੂੰ ਇਹ ਸਭ ਪਤਾ ਹੈ ਪਰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿਉਂਕਿ ਕੁਝ ਪੱਛਮੀ ਮੁਲਕਾਂ ਦਾ ਰੁਖ ਹਮੇਸ਼ਾ ਇਹੀ ਰਿਹਾ ਹੈ, ਜਿਵੇਂ ਸਾਡੇ ਗੋਰਿਆਂ ਲਈ ਤਾਂ ਲੋਕਤੰਤਰ ਹੋਣਾ ਚਾਹੀਦਾ ਹੈ ਜਦਕਿ ਸਾਡੇ ਗ਼ੈਰ-ਗੋਰੇ ਮਿੱਤਰਾਂ ਲਈ ਤਾਨਾਸ਼ਾਹੀ ਜਾਂ ਇਸ ਤਰ੍ਹਾਂ ਦਾ ਕੁਝ ਵੀ ਚੱਲੇਗਾ। ਇਸ ਨਾਲ ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ।
ਅਲ ਜਜ਼ੀਰਾ: ਮੰਨ ਲਓ, ਤੁਹਾਨੂੰ ਜੀ-20 ਵਿਚ ਭਾਸ਼ਣ ਦੇਣ ਲਈ ਸੱਦਾ ਦਿੱਤਾ ਜਾਂਦਾ ਹੈ। ਤੁਸੀਂ ਜੀ-20 ਸੰਮੇਲਨ ਦਾ ਮਹੂਰਤ ਕਰ ਰਹੇ ਹੋ। ਫਿਰ ਤੁਸੀਂ ਕੀ ਕਹੋਗੇ?
ਅਰੁੰਧਤੀ ਰਾਏ: ਮੈਂ ਕਹਾਂਗੀ ਕਿ ਇਕ ਅਜਿਹੀ ਪ੍ਰਕਿਰਿਆ ਜਿਸ ਵਿਚ 1.4 ਅਰਬ ਲੋਕਾਂ ਦਾ ਮੁਲਕ ਜੋ ਪਹਿਲਾਂ ਨੁਕਸਾਂ ਵਾਲਾ ਲੋਕਤੰਤਰ ਹੁੰਦਾ ਸੀ ਅਤੇ ਹੁਣ ਇਕ ਤਰ੍ਹਾਂ ਦੀ ਐਸੀ ਸਥਿਤੀ `ਚ ਫਸ ਰਿਹਾ ਹੈ ਜਿਸ ਲਈ ਮੈਂ ਸਿਰਫ਼ ਫਾਸ਼ੀਵਾਦ ਸ਼ਬਦ ਹੀ ਵਰਤ ਸਕਦੀ ਹਾਂ, ਉਸ ਦਾ ਬਾਕੀ ਦੁਨੀਆ ਉੱਪਰ ਅਸਰ ਨਹੀਂ ਪਵੇਗਾ ਤਾਂ ਤੁਸੀਂ ਬਹੁਤ ਗ਼ਲਤ ਸੋਚਦੇ ਹੋ, ਤੁਹਾਡਾ ਇਹ ਸੋਚਣਾ ਮੂਰਖਤਾ ਵਾਲੀ ਗੱਲ ਹੋਵੇਗੀ। ਮੈਂ ਕਹਾਂਗੀ ਕਿ ਇਸ ਨੂੰ ਕੋਈ ਮਦਦ ਲਈ ਪੁਕਾਰ ਨਾ ਸਮਝੇ। ਇਹ ਤਾਂ ਇਨ੍ਹਾਂ ਆਗੂਆਂ ਨੂੰ ਬਸ ਇੰਨਾ ਕਹਿਣ ਦੀ ਕੋਸ਼ਿਸ਼ ਹੈ ਕਿ ਜ਼ਰਾ “ਆਪਣੇ ਆਲੇ-ਦੁਆਲੇ ਦੇਖ ਲਓ ਕਿ ਤੁਸੀਂ ਕੀ ਹੋ, ਤੁਸੀਂ ਦਰਅਸਲ ਕੀ ਬਣਾਉਣ ਵਿਚ ਮਦਦ ਕਰ ਰਹੇ ਹੋ।” 2002 ਵਿਚ ਮੁਸਲਿਮ ਵਿਰੋਧੀ ਗੁਜਰਾਤ ਕਤਲੇਆਮ ਤੋਂ ਬਾਅਦ ਇਕ ਪਲ ਅਜਿਹਾ ਆਇਆ ਸੀ – ਜਿਸ ਵਿਚ ਯੂ.ਕੇ. ਵਰਗੇ ਮੁਲਕਾਂ ਦੀਆਂ ਖ਼ੁਫ਼ੀਆ ਰਿਪੋਰਟਾਂ ਨੇ ਮੋਦੀ ਨੂੰ ਨਸਲੀ ਸਫ਼ਾਏ ਲਈ ਜ਼ਿੰਮੇਵਾਰ ਠਹਿਰਾਇਆ ਸੀ, ਇਹ ਅਸਲੀਅਤ ਹੈ। ਮੋਦੀ ਉੱਪਰ ਅਮਰੀਕਾ ਜਾਣ `ਤੇ ਪਾਬੰਦੀ ਲਗਾਈ ਗਈ ਪਰ ਇਹ ਸਭ ਹੁਣ ਭੁਲਾ ਦਿੱਤਾ ਗਿਆ ਹੈ। ਸ਼ਖ਼ਸ ਤਾਂ ਉਹੀ ਹੈ; ਤੇ ਹਰ ਵਾਰ ਜਦੋਂ ਵੀ ਕੋਈ ਉਸ ਨੂੰ ਇਸ ਤਰ੍ਹਾਂ ਦੀ ਆਕਸੀਜਨ ਅਤੇ ਇਸ ਤਰ੍ਹਾਂ ਦੀ ਸਪੇਸ ਮੁਹੱਈਆ ਕਰਦਾ ਹੈ ਅਤੇ ਦਾਅਵਾ ਕਰਦਾ ਹੈ ਕਿ ਸਿਰਫ਼ ਉਹ ਹੀ ਇਨ੍ਹਾਂ ਸ਼ਕਤੀਸ਼ਾਲੀ ਲੋਕਾਂ ਨੂੰ ਭਾਰਤ ਵਿਚ ਲਿਆ ਸਕਦਾ ਸੀ ਤਾਂ ਇਹ ਸੰਦੇਸ਼ ਸਾਡੇ ਨਵੇਂ ਜੀ-ਹਜ਼ੂਰੀਏ ਚੈਨਲਾਂ ਦੁਆਰਾ ਹਜ਼ਾਰਾਂ ਗੁਣਾ ਵਧਾ ਕੇ ਪੇਸ਼ ਕੀਤਾ ਜਾਂਦਾ ਹੈ ਤੇ ਇਹ ਇਕ ਤਰ੍ਹਾਂ ਦੀ ਸਮੂਹਿਕ ਕੌਮੀ ਅਸੁਰੱਖਿਆ, ਹੀਣਤਾ ਦੀ ਭਾਵਨਾ ਅਤੇ ਝੂਠੇ ਘਮੰਡ ਨੂੰ ਪੱਠੇ ਪਾਉਣਾ ਬਣ ਜਾਂਦਾ ਹੈ। ਇਹ ਵਧ ਕੇ ਖ਼ਤਰਨਾਕ ਚੀਜ਼ `ਚ ਬਦਲ ਚੁੱਕਾ ਹੈ ਅਤੇ ਇਨ੍ਹਾਂ ਲੋਕਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਹ ਸਿਰਫ਼ ਭਾਰਤ ਦੀ ਸਮੱਸਿਆ ਤੱਕ ਸੀਮਤ ਰਹਿਣ ਵਾਲਾ ਨਹੀਂ।
ਅਲ ਜਜ਼ੀਰਾ: ਦੱਖਣੀ ਰਾਜ ਕੇਰਲ ਵਿਚ ਆਪਣੇ ਹਾਲੀਆ ਭਾਸ਼ਣ ਦੌਰਾਨ ਤੁਸੀਂ ਕਿਹਾ ਕਿ ਭਾਰਤ ਨਵੇਂ ਅਧਿਆਏ ਵਿਚ ਦਾਖ਼ਲ ਹੋ ਰਿਹਾ ਹੈ। ਇਸ ਤੋਂ ਤੁਹਾਡਾ ਕੀ ਭਾਵ ਸੀ?
ਅਰੁੰਧਤੀ ਰਾਏ: ਮੇਰਾ ਭਾਵ ਇਹ ਸੀ- ਤੁਸੀਂ ਜਾਣਦੇ ਹੋ ਕਿ ਪਿਛਲੇ ਕੁਝ ਸਾਲਾਂ ਵਿਚ ਅਸੀਂ ਭਾਜਪਾ, ਮੋਦੀ, ਆਰ.ਐੱਸ.ਐੱਸ. (ਰਾਸ਼ਟਰੀ ਸਵੈਮਸੇਵਕ ਸੰਘ, ਭਾਜਪਾ ਦੇ ਵਿਚਾਰਧਾਰਕ ਗੁਰੂ) ਦੇ ਉਭਰਨ ਦੀ ਗੱਲ ਕਰਦੇ ਰਹੇ ਹਾਂ। ਆਰ.ਐੱਸ.ਐੱਸ. ਹਿੰਦੂ ਸਰਵਉੱਚਤਾ ਦੀ ਪੂਜਾ ਦੀ ਜਨਣੀ ਹੈ ਅਤੇ ਮੋਦੀ ਇਸ ਦਾ ਜੀਵਨ ਭਰ ਮੈਂਬਰ ਚਲਿਆ ਆ ਰਿਹਾ ਹੈ। ਅਸੀਂ, ਸਾਡੇ ਵਿਚੋਂ ਕਈ ਇਸ ਦੀ ਸਿਆਸੀ ਤੌਰ `ਤੇ, ਢਾਂਚਾਗਤ ਤੌਰ `ਤੇ ਆਲੋਚਨਾ ਕਰਦੇ ਰਹੇ ਹਾਂ ਪਰ ਹੁਣ ਅਸੀਂ ਬਿਲਕੁਲ ਵੱਖਰੀ ਸਥਿਤੀ ਵਿਚ ਹਾਂ। ਹਾਲਾਂਕਿ ਸਾਡੇ ਇੱਥੇ ਚੋਣਾਂ ਦੀ ਵਿਵਸਥਾ ਹੈ ਪਰ ਮੈਂ ਹੁਣ ਆਪਣੇ ਮੁਲਕ ਨੂੰ ਲੋਕਤੰਤਰ ਨਹੀਂ ਕਹਾਂਗੀ। ਸਾਡੇ ਕੋਲ ਕਿਉਂਕਿ ਚੋਣਾਂ ਦੀ ਵਿਵਸਥਾ ਹੈ, ਇਸ ਕਰ ਕੇ ਭਰੋਸੇਯੋਗ ਵੋਟਰ ਆਧਾਰ ਬਣਾਉਣ ਖ਼ਾਤਰ ਉਨ੍ਹਾਂ ਲਈ ਹਿੰਦੂ ਸਰਵਉੱਚਤਾ ਦਾ ਇਹ ਸੰਦੇਸ਼ 1.4 ਅਰਬ ਲੋਕਾਂ ਤੱਕ ਪਹੁੰਚਾਉਣਾ ਜ਼ਰੂਰੀ ਹੈ। ਲਿਹਾਜ਼ਾ, ਚੋਣਾਂ ਦਾ ਮੌਸਮ ਘੱਟ-ਗਿਣਤੀਆਂ ਲਈ ਬਹੁਤ ਖ਼ਤਰਨਾਕ ਬਣ ਜਾਂਦਾ ਹੈ।
“ਅਸੀਂ ਹੁਣ ਇਕ ਵੱਖਰੇ ਪੜਾਅ `ਤੇ ਪਹੁੰਚ ਗਏ ਹਾਂ” ਤੋਂ ਮੇਰਾ ਭਾਵ ਇਹ ਹੈ ਕਿ ਹੁਣ ਮਹਿਜ਼ ਸਾਡੇ ਲਈ ਲੀਡਰਸ਼ਿਪ ਡਰਾਉਣੀ ਨਹੀਂ, ਦਰਅਸਲ ਹੁਣ ਤਾਂ ਆਬਾਦੀ ਦੇ ਇਕ ਹਿੱਸੇ ਦੇ ਦਿਮਾਗ ਐਨੇ ਕੱਟੜਪੰਥੀ ਬਣਾ ਦਿੱਤੇ ਹਨ ਜਿਸ ਨਾਲ ਘੱਟ-ਗਿਣਤੀਆਂ ਲਈ ਹੁਣ ਸੜਕਾਂ ਵੀ ਖ਼ਤਰਨਾਕ ਬਣ ਗਈਆਂ ਹਨ। ਹਿੰਸਾ ਹੁਣ ਸਰਕਾਰ ਦੁਆਰਾ ਕਰਵਾਏ ਗਏ ਕਤਲੇਆਮ ਤੱਕ ਸੀਮਤ ਨਹੀਂ। ਹਨਾ ਅਰੈਂਡਟ ਦੇ ਕਹਿਣ ਅਨੁਸਾਰ, ਅਸੀਂ ਆਮ ਹੋ ਚੁੱਕੀ ਬੁਰਾਈ ਦੀ ਘਟਨਾ-ਦਰ-ਘਟਨਾ ਦੇ ਗਵਾਹ ਹਾਂ। ਦੁਨੀਆ ਨੇ ਉੱਤਰੀ ਭਾਰਤ ਵਿਚ ਸਾਧਾਰਨ ਨਿੱਕੇ ਜਿਹੇ ਕਲਾਸਰੂਮ ਦੀ ਵੀਡੀਓ ਦੇਖੀ ਹੈ ਜਿੱਥੇ ਅਧਿਆਪਕਾ, ਸਕੂਲ ਦੀ ਪ੍ਰਿੰਸੀਪਲ, ਸੱਤ ਸਾਲ ਦੇ ਮੁਸਲਿਮ ਬੱਚੇ ਨੂੰ ਖੜ੍ਹਾ ਕਰਦੀ ਹੈ ਅਤੇ ਬਾਕੀ ਸਾਰੇ ਹਿੰਦੂ ਬੱਚਿਆਂ ਤੋਂ ਵਾਰੀ-ਵਾਰੀ ਉਸ ਦੇ ਥੱਪੜ ਮਰਵਾਉਂਦੀ ਹੈ।
ਸਾਡੇ ਇੱਥੇ ਮਨੀਪੁਰ ਵਿਚ ਖ਼ਾਨਾਜੰਗੀ ਚੱਲ ਰਹੀ ਹੈ ਜਿੱਥੇ ਰਾਜ ਸਰਕਾਰ ਸ਼ਰੇਆਮ ਪੱਖਪਾਤੀ ਹੈ, ਕੇਂਦਰ ਦੀ ਇਸ ਵਿਚ ਮਿਲੀ-ਭੁਗਤ ਹੈ, ਸੁਰੱਖਿਆ ਬਲਾਂ ਦੀ ਕਮਾਨ ਵਿਵਸਥਾ ਨਕਾਰਾ ਹੋ ਚੁੱਕੀ ਹੈ। ਇਹ ਉਸੇ ਤਰ੍ਹਾਂ ਦੇ ਹਾਲਾਤ ਦੀ ਸ਼ੁਰੂਆਤ ਹੈ ਜੋ ਬਲਕਾਨ ਮੁਲਕਾਂ `ਚ ਵਾਪਰਿਆ ਸੀ। ਅਸੀਂ ਇੱਥੇ ਔਰਤਾਂ ਨੂੰ ਨੰਗੀਆਂ ਕਰ ਕੇ ਉਨ੍ਹਾਂ ਦੇ ਜਲੂਸ ਕੱਢਣ ਅਤੇ ਸਮੂਹਿਕ ਬਲਾਤਕਾਰ ਕੀਤੇ ਜਾਣ ਦਾ ਭਿਆਨਕ ਮੰਜ਼ਰ ਦੇਖਿਆ। ਸਾਨੂੰ ਪਤਾ ਲੱਗਾ ਕਿ ਮਨੀਪੁਰ ਪੁਲਿਸ ਨੇ ਹੀ ਉਨ੍ਹਾਂ ਔਰਤਾਂ ਨੂੰ ਭੀੜ ਦੇ ਹਵਾਲੇ ਕੀਤਾ ਸੀ। ਜਿਵੇਂ ਮੈਂ ਪਹਿਲਾਂ ਕਹਿ ਚੁੱਕੀ ਹਾਂ, ਸਾਡੇ ਇੱਥੇ ਮੁਸਲਮਾਨ ਨੌਜਵਾਨਾਂ ਨੂੰ ਕਤਲ ਕਰਨ, ਹਜੂਮੀ ਕਤਲ ਕਰਨ, ਜ਼ਿੰਦਾ ਸਾੜਨ ਦੇ ਦੋਸ਼ੀ ਅਨਸਰ ਹੁਣ ਧਾਰਮਿਕ ਜਲੂਸਾਂ ਦੀ ਅਗਵਾਈ ਕਰ ਰਹੇ ਹਨ। ਸਾਡੇ ਇੱਥੇ ਅਜਿਹੀ ਸਥਿਤੀ ਹੈ ਕਿ ਜਦੋਂ ਪ੍ਰਧਾਨ ਮੰਤਰੀ ਸੁਤੰਤਰਤਾ ਦਿਵਸ ਉੱਪਰ ਔਰਤਾਂ ਦੇ ਹੱਕਾਂ ਬਾਰੇ ਬੋਲ ਰਿਹਾ ਹੁੰਦਾ ਹੈ, ਐਨ ਉਸੇ ਸਮੇਂ ਉਸ ਦੀ ਸਰਕਾਰ ਉਨ੍ਹਾਂ 14 ਵਿਅਕਤੀਆਂ ਦੀ ਸਜ਼ਾ ਮੁਆਫੀ `ਤੇ ਦਸਤਖ਼ਤ ਕਰ ਰਹੀ ਹੁੰਦੀ ਹੈ ਜਿਨ੍ਹਾਂ ਨੇ ਬਿਲਕੀਸ ਬਾਨੋ ਦਾ ਸਮੂਹਿਕ ਬਲਾਤਕਾਰ ਕੀਤਾ ਸੀ ਅਤੇ ਇੱਕੋ ਪਰਿਵਾਰ ਦੇ 14 ਜੀਆਂ ਨੂੰ ਕਤਲ ਕੀਤਾ ਸੀ। ਉਹ ਹੁਣ ਸਮਾਜ ਦੇ ਸਤਿਕਾਰਯੋਗ ਮੈਂਬਰ ਹਨ। ਇਹ ਉਹ ਸ਼ਖ਼ਸ ਹਨ ਜਿਨ੍ਹਾਂ ਨੂੰ ਸੁਪਰੀਮ ਕੋਰਟ ਨੇ ਦੋਸ਼ੀ ਕਰਾਰ ਦੇ ਕੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ।
ਇਸ ਲਈ ਸਾਡੇ ਇੱਥੇ ਹੁਣ ਅਜਿਹੀ ਸਥਿਤੀ ਹੈ ਜਿੱਥੇ ਸੰਵਿਧਾਨ ਨੂੰ ਲੱਗਭੱਗ ਪਾਸੇ ਰੱਖ ਦਿੱਤਾ ਗਿਆ ਹੈ। ਜੇ ਉਹ ਅਗਲੇ ਸਾਲ ਚੋਣਾਂ ਜਿੱਤ ਜਾਂਦੇ ਹਨ ਤਾਂ 2024 ਵਿਚ ਇੱਥੇ ਉਹੀ ਹੋਣ ਜਾ ਰਿਹਾ ਹੈ ਜਿਸ ਨੂੰ ਅਸੀਂ “ਹੱਦਬੰਦੀ” ਕਹਿੰਦੇ ਹਾਂ ਜੋ ਇਕ ਕਿਸਮ ਦੀ ਹੇਰਾ-ਫੇਰੀ ਹੈ ਜਿੱਥੇ ਸੀਟਾਂ ਦੀ ਗਿਣਤੀ ਤੇ ਚੋਣ ਹਲਕਿਆਂ ਦਾ ਭੂਗੋਲ ਬਦਲ ਦਿੱਤਾ ਜਾਵੇਗਾ ਅਤੇ ਹਿੰਦੀ ਬੋਲਣ ਵਾਲੀ ਪੱਟੀ ਜਿੱਥੇ ਭਾਜਪਾ ਸਭ ਤੋਂ ਮਜ਼ਬੂਤ ਹੈ, ਨੂੰ ਹੋਰ ਸੀਟਾਂ ਮਿਲ ਜਾਣਗੀਆਂ ਜਿਸ ਨਾਲ ਦਰਅਸਲ ਸ਼ਕਤੀ ਸੰਤੁਲਨ ਹੀ ਬਦਲ ਜਾਵੇਗਾ।
ਸਾਡੇ ਇੱਥੇ ਅਜਿਹੀ ਸਥਿਤੀ ਹੈ ਜਿੱਥੇ ਅਸੀਂ ਇਕ ਰਾਸ਼ਟਰ, ਇਕ ਭਾਸ਼ਾ, ਇਕ ਚੋਣ ਦੀ ਗੱਲ ਕਰ ਰਹੇ ਹਾਂ ਪਰ ਦਰਅਸਲ ਸਾਡੇ ਇੱਥੇ ਸਥਿਤੀ ਇਹ ਹੈ ਜਿੱਥੇ ਤੁਹਾਡੇ ਕੋਲ ਤਾਨਾਸ਼ਾਹ, ਕਾਰਪੋਰੇਸ਼ਨ ਹੈ। ਸਾਡੇ ਕੋਲ ਕਾਰਪੋਰੇਟ ਮੁਖੀ ਹੈ ਜੋ ਗੁਜਰਾਤ ਕਤਲੇਆਮ ਦੇ ਸਮੇਂ ਤੋਂ ਹੀ ਮੋਦੀ ਦਾ ਪੁਰਾਣਾ ਯਾਰ ਚਲਿਆ ਹੈ, ਜਿਸ ਉੱਪਰ ਹੁਣ ਨਾ ਸਿਰਫ਼ ਹਿੰਡਨਬਰਗ ਰਿਸਰਚ ਨਾਂ ਦੀ ਜਾਅਲੀ ਕੰਪਨੀ ਬਣਾਉਣ ਦਾ ਦੋਸ਼ ਲੱਗ ਚੁੱਕਾ ਹੈ ਸਗੋਂ ਜਥੇਬੰਦ ਜੁਰਮ ਦੀ ਰਿਪੋਰਟ ਕਰਨ ਵਾਲੇ ਪੱਤਰਕਾਰਾਂ ਦੇ ਪੂਰੇ ਗੱਠਜੋੜ ਵੱਲੋਂ ਉਸ ਬਾਰੇ ਗੱਲ ਕਰਦਿਆਂ ਇਤਿਹਾਸ ਦਾ ਸਭ ਤੋਂ ਵੱਡਾ ਕਾਰਪੋਰੇਟ ਘੋਟਾਲਾ ਬੰਦ ਕਰ ਦਿੱਤਾ ਗਿਆ ਹੈ ਪਰ ਕੁਝ ਨਹੀਂ ਕੀਤਾ ਜਾਵੇਗਾ। ਇਸ ਲਈ ਅਸੀਂ ਅਜਿਹੀ ਸਥਿਤੀ ਵਿਚ ਹਾਂ ਜਿੱਥੇ ਦੁਨੀਆ ਨੂੰ ਇਹ ਵੀ ਮੁਲਾਂਕਣ ਕਰਨਾ ਪੈਣਾ ਹੈ ਕਿ ਜਦੋਂ ਕੁਝ ਲੋਕਾਂ ਉੱਪਰ ਨਿਯਮ ਲਾਗੂ ਨਹੀਂ ਹੁੰਦੇ ਅਤੇ ਹੋਰ ਲੋਕਾਂ ਉੱਪਰ ਵੱਖਰੇ ਤਰੀਕੇ ਨਾਲ ਲਾਗੂ ਹੁੰਦੇ ਹਨ ਤਾਂ ਕੀ ਵਾਪਰਦਾ ਹੈ। ਤੁਹਾਨੂੰ ਪਤੈ, ਸਾਡੇ ਇੱਥੇ ਕਾਨੂੰਨ ਦਾ ਰਾਜ ਹੈ, ਬਹੁਤ ਵਧੀਆ ਨਿਆਂ-ਸ਼ਾਸਤਰ ਹੈ ਪਰ ਇਹ ਕਿਵੇਂ ਲਾਗੂ ਹੁੰਦਾ ਹੈ, ਇਹ ਇਸ ਗੱਲ `ਤੇ ਨਿਰਭਰ ਕਰਦਾ ਹੈ ਕਿ ਤੁਹਾਡਾ ਧਰਮ ਕੀ ਹੈ, ਤੁਹਾਡੀ ਜਾਤ ਕੀ ਹੈ, ਤੁਹਾਡਾ ਲਿੰਗ ਕੀ ਹੈ, ਤੁਹਾਡੀ ਜਮਾਤ ਕੀ ਹੈ।
ਅਲ ਜਜ਼ੀਰਾ: ਜੇ ਤੁਸੀਂ ਥੋੜ੍ਹੇ ਸੰਖੇਪ `ਚ ਕਹਿਣਾ ਹੋਵੇ ਤਾਂ ਅੱਜ ਭਾਰਤ ਦੀ ਸਥਿਤੀ ਕੀ ਹੈ?
ਅਰੁੰਧਤੀ ਰਾਏ: ਬਹੁਤ ਨਾਜ਼ੁਕ ਹੈ। ਸੰਵਿਧਾਨ ਨੂੰ ਅਸਰਦਾਰ ਤਰੀਕੇ ਨਾਲ ਪਾਸੇ ਕਰ ਦਿੱਤਾ ਗਿਆ ਹੈ। ਭਾਜਪਾ ਹੁਣ ਦੁਨੀਆ ਦੀਆਂ ਸਭ ਤੋਂ ਅਮੀਰ ਸਿਆਸੀ ਪਾਰਟੀਆਂ ਵਿਚੋਂ ਇਕ ਹੈ। ਸਾਰੀ ਚੋਣ ਮਸ਼ੀਨਰੀ ਤਕਰੀਬਨ ਸਮਝੌਤਾ ਕਰ ਚੁੱਕੀ ਹੈ। ਫਿਰ ਵੀ ਬੇਰੁਜ਼ਗਾਰੀ ਕਾਰਨ (ਅਸੀਂ ਦੁਨੀਆ ਦੇ ਸਭ ਤੋਂ ਨਾ-ਬਰਾਬਰ ਸਮਾਜ ਵਿਚ ਰਹਿ ਰਹੇ ਹਾਂ) ਵਿਰੋਧ ਉੱਸਰ ਰਿਹਾ ਹੈ। ਇਹ ਸਰਕਾਰ ਇਸ ਵਿਰੋਧ ਨੂੰ ਕੁਚਲਣ ਦੀ ਕੋਸ਼ਿਸ਼ `ਚ ਹੈ ਕਿਉਂਕਿ ਇਸ ਦਾ ਵਿਸ਼ਵਾਸ ਨਹੀਂ ਕਿ ਕੋਈ ਵਿਰੋਧੀ ਧਿਰ ਹੋਵੇ। ਅਸੀਂ ਬਹੁਤ ਜ਼ਿਆਦਾ ਅਨਿਸ਼ਚਿਤ ਹਾਲਤ ਵਿਚ ਹਾਂ ਅਤੇ ਸਾਨੂੰ ਉਮੀਦ ਨਹੀਂ ਕਿ ਕੋਈ ਵਿਦੇਸ਼ੀ ਤਾਕਤ ਸਾਡੇ ਨਾਲ ਖੜ੍ਹੇਗੀ। ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਵੀ ਇਹ ਉਮੀਦ ਹੋਵੇਗੀ। ਸਾਨੂੰ ਉਮੀਦ ਨਹੀਂ ਹੈ ਕਿ ਕੋਈ ਵਿਦੇਸ਼ੀ ਤਾਕਤ ਇਨ੍ਹਾਂ ਚੀਜ਼ਾਂ ਵੱਲ ਧਿਆਨ ਦੇਵੇਗੀ ਕਿਉਂਕਿ ਉਨ੍ਹਾਂ ਦੀਆਂ ਅੱਖਾਂ ਵਿਚ ਤਾਂ ਡਾਲਰ ਚਮਕ ਰਿਹਾ ਹੈ, ਉਨ੍ਹਾਂ ਦੀਆਂ ਨਜ਼ਰਾਂ ਇਕ ਅਰਬ ਲੋਕਾਂ ਦੀ ਵਿਸ਼ਾਲ ਮੰਡੀ ਉੱਪਰ ਹਨ ਪਰ ਉਹ ਇਹ ਨਾ ਭੁੱਲਣ ਕਿ ਜਦੋਂ ਇਹ ਮੁਲਕ ਅਫਰਾ-ਤਫਰੀ ਅਤੇ ਯੁੱਧ ਵਿਚ ਫਸ ਗਿਆ ਤਾਂ ਉਦੋਂ ਇਹ ਮੰਡੀ ਵੀ ਨਹੀਂ ਰਹਿਣੀ, ਜਿਵੇਂ ਮਨੀਪੁਰ ਵਰਗੇ ਥਾਵਾਂ ਵਿਚ ਇਹ ਪਹਿਲਾਂ ਹੀ ਹੋ ਚੁੱਕਾ ਹੈ। ਉਨ੍ਹਾਂ ਨੂੰ ਇਹ ਅਹਿਸਾਸ ਨਹੀਂ ਕਿ ਜਦੋਂ ਇਹ ਵਿਸ਼ਾਲ ਮੁਲਕ ਅਰਾਜਕਤਾ ਵਿਚ ਫਸ ਗਿਆ ਤਾਂ ਇਹ ਮੰਡੀ ਵੀ ਨਹੀਂ ਰਹੇਗੀ। ਭਾਰਤ ਦੀ ਖ਼ੂਬਸੂਰਤੀ ਤੇ ਸ਼ਾਨ ਨੂੰ ਕੁਝ ਤੁੱਛ ਅਤੇ ਘਿਨਾਉਣੀਆਂ ਤੇ ਮਾਮੂਲੀ ਅਤੇ ਹਿੰਸਕ ਚੀਜ਼ਾਂ ਦੇ ਰੂਪ `ਚ ਸੁੰਗੇੜਿਆ ਜਾ ਰਿਹਾ ਹੈ; ਤੇ ਜਦੋਂ ਇਸ ਦਾ ਭੜਾਕਾ ਪੈ ਗਿਆ ਤਾਂ ਮੈਨੂੰ ਲੱਗਦਾ ਹੈ ਕਿ ਇਸ ਵਰਗਾ ਭਿਆਨਕ ਹੋਰ ਕੁਝ ਨਹੀਂ ਹੋਣਾ।