ਨਸ਼ਿਆਂ ਦਾ ਮਸਲਾ ਫਿਰ ਭਖਿਆ

ਚੰਡੀਗੜ੍ਹ: ਪੰਜਾਬ ਵਿਚ ਨਸ਼ਿਆਂ ਅਤੇ ਗੈਰ-ਕਾਨੂੰਨੀ ਖਣਨ ਦਾ ਮੁੱਦਾ ਪਿਛਲੇ ਕੁਝ ਦਿਨਾਂ ਤੋਂ ਭਖਿਆ ਹੋਇਆ ਹੈ। ਵਿਰੋਧੀਆਂ ਧਿਰਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰ ਰਹੀਆਂ ਹਨ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੀ ਰੋਪੜ ‘ਚ ਹੋ ਰਹੇ ਗੈਰ-ਕਾਨੂੰਨੀ ਖਣਨ ਦੇ ਮਾਮਲੇ ਵਿਚ ਪੰਜਾਬ ਪੁਲਿਸ ਤੋਂ ਪੁੱਛਿਆ ਹੈ ਕਿ ਇਸ ਸਬੰਧੀ ਵੱਡੇ ਅਪਰਾਧੀਆਂ ਨੂੰ ਕਿਉਂ ਨਹੀਂ ਫੜਿਆ ਗਿਆ? ਪੁਲਿਸ ਨੇ ਸਿਰਫ ਜੇ.ਸੀ.ਬੀ. ਦੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ, ਖਣਨ ਦਾ ਗੈਰ-ਕਾਨੂੰਨੀ ਧੰਦਾ ਚਲਾਉਣ ਵਾਲੇ ਅਸਲੀ ਬੰਦਿਆਂ ਨੂੰ ਹੱਥ ਨਹੀਂ ਪਾਇਆ ਗਿਆ।

ਨਸ਼ਿਆਂ ਦੇ ਮਾਮਲੇ ਵਿਚ ਹਾਲਾਤ ਇਸ ਤੋਂ ਵੀ ਮਾੜੇ ਹਨ। ਇਕ ਸੀਨੀਅਰ ਪੁਲਿਸ ਅਫਸਰ ਦੇ ਵਾਇਰਲ ਹੋਏ ਪੱਤਰ ਤੋਂ ਖੁਲਾਸਾ ਹੋਇਆ ਹੈ ਕਿ ਕੁਝ ਹੇਠਲੇ ਪੱਧਰ ਦੇ ਪੁਲਿਸ ਅਫਸਰਾਂ ਦੀ ਨਸ਼ਾ ਤਸਕਰਾਂ ਨਾਲ ਮਿਲੀ-ਭੁਗਤ ਹੈ। ਇਸ ਅਫਸਰ ਨੇ ਇਥੋਂ ਤੱਕ ਦਾਅਵਾ ਕੀਤਾ ਹੈ ਕਿ ਕੁਝ ਪੁਲਿਸ ਅਧਿਕਾਰੀ ਪਰਦੇ ਪਿੱਛੇ ਸਾਰੀ ਖੇਡ ਖੇਡ ਰਹੇ ਹਨ। ਨਸ਼ਿਆਂ ਖਿਲਾਫ ਮੁਹਿੰਮ ਚਲਾਉਣ ਵਾਲੀਆਂ ਸੰਸਥਾਵਾਂ/ਕਮੇਟੀਆਂ ਦੇ ਆਗੂਆਂ ਉਤੇ ਪਿਛਲੇ ਕੁਝ ਦਿਨਾਂ ਵਿਚ ਹੋਏ ਹਮਲੇ ਤੇ ਪੁਲਿਸ ਵਧੀਕੀਆਂ ਵੀ ਸਾਫ ਇਸ਼ਾਰਾ ਕਰਦੀਆਂ ਹਨ ਕਿ ਸਾਰੀ ਤਾਣੀ ਉਲਝੀ ਹੋਈ ਹੈ। ਪਿੰਡ ਸਿਧਾਣਾ ਵਿਚ ਨਸ਼ਾ ਰੋਕੂ ਕਮੇਟੀ ਦੇ ਮੈਂਬਰ ਜਸਵੀਰ ਸਿੰਘ ਦੀ ਹੱਤਿਆ ਵੱਡੇ ਸਵਾਲ ਖੜ੍ਹੇ ਕਰਦੀ ਹੈ। ਇਹ ਨੌਜਵਾਨ ਨਸ਼ਾ ਵਿਰੋਧੀ ਕਮੇਟੀ ਬਣਾ ਕੇ ਪਿੰਡ ਵਿਚ ਦਾਖਲ ਹੋਣ ਵਾਲੇ ਨਸ਼ਾ ਤਸਕਰਾਂ ਨੂੰ ਰੋਕਣ ਲਈ ਦਿਨ-ਰਾਤ ਪਹਿਰੇਦਾਰੀ ਕਰਵਾ ਰਿਹਾ ਸੀ। ਨਸ਼ਿਆਂ ਖਿਲਾਫ ਡਟਣ ਵਾਲੇ ਪਰਵਿੰਦਰ ਸਿੰਘ ਝੋਟਾ ਨੂੰ ਗ੍ਰਿਫਤਾਰ ਕਰ ਕੇ ਜੇਲ੍ਹ ਵਿਚ ਸੁੱਟਣ ਅਤੇ ਉਸ ਦੀ ਰਿਹਾਈ ਲਈ ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਅਤੇ ਐਂਟੀ ਡਰੱਗ ਟਾਸਕ ਫੋਰਸ ਨੂੰ ਕਰਨੀ ਪਈ ਲੰਮੀ ਜੱਦੋ-ਜਹਿਦ ਵੀ ਗੰਭੀਰ ਚਿੰਤਾ ਵੱਲ ਇਸ਼ਾਰਾ ਕਰਦੀ ਹੈ।
ਮੌਜੂਦਾ ਹਾਲਾਤ ਇਹ ਹਨ ਕਿ ਇਹ ਸੰਸਥਾਵਾਂ-ਕਮੇਟੀਆਂ ਨਸ਼ਿਆਂ ਖਿਲਾਫ ਮੁਹਿੰਮ ਚਲਾਉਣ ਦੀ ਥਾਂ ਹੁਣ ਆਪਣੇ ਮੈਂਬਰ-ਕਾਰਕੁਨਾਂ ਨੂੰ ਇਨਸਾਫ ਦਿਵਾਉਣ ਲਈ ਜੱਦੋ-ਜਹਿਦ ਕਰ ਰਹੀਆਂ ਹਨ। ਆਮ ਆਦਮੀ ਪਾਰਟੀ ਸੂਬੇ ਵਿਚ ਨਵੀਂ ਸ਼ੁਰੂਆਤ ਕਰਨ ਦੇ ਵਾਅਦੇ ਨਾਲ ਸੱਤਾ ਵਿਚ ਆਈ ਹੈ ਅਤੇ ਇਸ ਪਾਸੇ ਕੋਸ਼ਿਸ਼ ਵੀ ਹੋਈ ਪਰ ਹਾਲਾਤ ਇਹ ਸਾਫ ਇਸ਼ਾਰਾ ਕਰਦੇ ਹਨ ਕਿ ਇਹ ਸੁਧਰਨ ਦੀ ਥਾਂ ਹੋ ਬਦਤਰ ਹੋਏ ਹਨ। ਪਿਛਲੇ 14 ਮਹੀਨਿਆਂ ਵਿਚ ਪੰਜਾਬ ਭਰ ‘ਚੋਂ ਤਕਰੀਬਨ 1400 ਕਿਲੋਗਰਾਮ ਹੈਰੋਇਨ ਜ਼ਬਤ ਕੀਤੀ ਗਈ ਹੈ। ਪੰਜਾਬ ਪੁਲਿਸ ਅਨੁਸਾਰ ਇਕੱਲੇ ਅਗਸਤ ਵਿਚ ਹੀ ਲਗਭਗ 240 ਕਿਲੋ ਹੈਰੋਇਨ ਫੜੀ ਗਈ। ਸਰਕਾਰ ਭਾਵੇਂ ਇਨ੍ਹਾਂ ਅੰਕੜਿਆਂ ਨੂੰ ਸਫਲਤਾ ਦੱਸੇ ਪਰ ਸਵਾਲ ਇਹੀ ਹੈ ਕਿ ਪੁਲਿਸ ਇਸ ਨਸ਼ੇ ਦੀ ਸਪਲਾਈ ਪਿੱਛੇ ਲੁਕੇ ਵੱਡੇ ਚਿਹਰਿਆਂ ਤੱਕ ਪਹੁੰਚ ਕਰਨ ਵਿਚ ਨਾਕਾਮ ਕਿਉਂ ਰਹੀ ਹੈ।
ਪੰਜਾਬ ਵਿਚ ਚਿੰਤਾ ਦਾ ਇਕ ਹੋਰ ਕਾਰਨ ਇਹ ਹੈ ਕਿ 10 ਤੋਂ 17 ਸਾਲ ਦੀ ਉਮਰ ਦੇ 3.43 ਲੱਖ ਬੱਚੇ ਓਪੀਆਡ ਨਸ਼ੇ ਲੈ ਰਹੇ ਹਨ। ਪੰਜਾਬ ਲੰਮੇ ਸਮੇਂ ਤੋਂ ਇਸ ਮੁੱਖ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ ਕਿ ਲਗਾਤਾਰ ਨਸ਼ੇ ਮੁਹੱਈਆ ਕਰਵਾਉਣ ਵਾਲੀਆਂ ਸਪਲਾਈ ਚੇਨਾਂ ਨੂੰ ਤੋੜਿਆ ਜਾਵੇ। ਅੰਕੜਿਆਂ ਅਨੁਸਾਰ ਪੰਜਾਬ ਪੁਲਿਸ ਨੇ 5 ਜੁਲਾਈ 2022 ਤੋਂ ਲੈ ਕੇ 7 ਜੁਲਾਈ 2023 ਤਕ ਐਨ.ਡੀ.ਪੀ.ਐੱਸ. ਐਕਟ ਦੇ ਤਹਿਤ 12,218 ਕੇਸ ਦਰਜ ਕੀਤੇ ਸਨ; ਭਾਵ, ਲਗਭਗ ਰੋਜ਼ਾਨਾ 33 ਕੇਸਾਂ ਤੋਂ ਵੱਧ ਕੇਸ ਦਰਜ ਕੀਤੇ ਗਏ। ਇਸ ਦੇ ਬਾਵਜੂਦ ਨਸ਼ਿਆਂ ਕਾਰਨ ਮੌਤਾਂ ਵਿਚ ਕਮੀ ਨਹੀਂ ਆ ਰਹੀ।
ਪਿਛਲੇ ਦਿਨੀਂ ਸੰਸਦ ਦੀ ਸਮਾਜਿਕ ਨਿਆਂ ਅਤੇ ਸ਼ਕਤੀਕਰਨ ਬਾਰੇ ਸਥਾਈ ਕਮੇਟੀ ਦੀ ਲੋਕ ਸਭਾ ਵਿਚ ਪੇਸ਼ ਕੀਤੀ ਰਿਪੋਰਟ ਵਿਚ ਚਿੰਤਾਜਨਕ ਅੰਕੜੇ ਸਾਹਮਣੇ ਆਏ ਹਨ। ਲੋਕ ਸਭਾ ਵਿਚ ਪੇਸ਼ ਕੀਤੇ ਗਏ ਅੰਕੜਿਆਂ ਅਨੁਸਾਰ ਪੰਜਾਬ ਵਿਚ 66 ਲੱਖ ਤੋਂ ਜ਼ਿਆਦਾ ਲੋਕ ਨਸ਼ੇ ਦੇ ਆਦੀ ਹਨ ਜਿਨ੍ਹਾਂ ਵਿਚੋਂ 21.36 ਲੱਖ ਓਪੀਆਡ ਨਸ਼ਿਆਂ ਦਾ ਸੇਵਨ ਕਰਦੇ ਹਨ। ਓਪੀਆਡ ਨਸ਼ਿਆਂ ਵਿਚ ਅਫੀਮ, ਅਫੀਮ ਤੋਂ ਬਣਦੀ ਮਾਰਫੀਨ, ਹੈਰੋਇਨ ਅਤੇ ਕੁਝ ਹੋਰ ਨਸ਼ੇ ਸ਼ਾਮਲ ਹਨ ਜਿਨ੍ਹਾਂ ਦਾ ਅਸਰ ਮਾਰਫੀਨ ਜਿਹਾ ਹੁੰਦਾ ਹੈ। ਮਾਰਚ ਵਿਚ ਪੰਜਾਬ ਦੇ ਸਿਹਤ ਮੰਤਰੀ ਨੇ ਵਿਧਾਨ ਸਭਾ ਵਿਚ ਦੱਸਿਆ ਸੀ ਕਿ ਸੂਬੇ ਵਿਚ 2.62 ਲੱਖ ਨਸ਼ਿਆਂ ਦੇ ਆਦੀ ਸਰਕਾਰ ਦੇ ਨਸ਼ਾ ਛੁਡਾਊ ਕੇਂਦਰਾਂ ਤੋਂ ਇਲਾਜ ਕਰਾ ਰਹੇ ਸਨ ਅਤੇ 6.12 ਲੱਖ ਨਸ਼ਾ ਕਰਨ ਵਾਲੇ ਨਿੱਜੀ ਖੇਤਰ ਦੇ ਨਸ਼ਾ ਛੁਡਾਊ ਕੇਂਦਰਾਂ ਤੋਂ। ਸਿਹਤ ਮੰਤਰੀ ਨੇ ਇਹ ਜਾਣਕਾਰੀ ਵੀ ਦਿੱਤੀ ਸੀ ਕਿ ਨਸ਼ਾ ਕਰਨ ਵਾਲਿਆਂ ਦੀ ਗਿਣਤੀ ਕਾਫੀ ਵੱਧ ਹੈ ਕਿਉਂਕਿ ਬਹੁਤ ਸਾਰੇ ਨਸ਼ਈ ਜਿਨ੍ਹਾਂ ਵਿਚ ਰਗਾਂ ‘ਚ ਸਿੱਧਾ ਟੀਕਾ ਲਾ ਕੇ ਨਸ਼ਾ ਕਰਨ ਵਾਲੇ ਸ਼ਾਮਲ ਹਨ, ਬਦਨਾਮੀ ਦੇ ਡਰ ਤੋਂ ਇਲਾਜ ਕਰਾਉਣ ਲਈ ਸਾਹਮਣੇ ਨਹੀਂ ਆਉਂਦੇ। ਕਈ ਵਰਿ੍ਹਆਂ ਤੋਂ ਸਰਕਾਰਾਂ ਤਰ੍ਹਾਂ-ਤਰ੍ਹਾਂ ਦੇ ਦਾਅਵੇ ਕਰ ਰਹੀਆਂ ਹਨ ਪਰ ਅਮਲੀ ਰੂਪ ਵਿਚ ਇਹ ਸਮੱਸਿਆ ਘਟਣ ਦੇ ਕੋਈ ਸੰਕੇਤ ਦਿਖਾਈ ਨਹੀਂ ਦੇ ਰਹੇ। ਪੁਲਿਸ ਦੀਆਂ ਕਾਰਵਾਈਆਂ ਹੇਠਲੇ ਪੱਧਰ `ਤੇ ਨਸ਼ੇ ਵੇਚਣ ਤੇ ਉਨ੍ਹਾਂ ਦਾ ਸੇਵਨ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰਨ ਤੱਕ ਸੀਮਤ ਹਨ। ਨਸ਼ਿਆਂ ਦੀ ਇੰਨੀ ਵੱਡੀ ਪੱਧਰ `ਤੇ ਸਪਲਾਈ ਨਸ਼ਾ ਤਸਕਰਾਂ, ਪੁਲਿਸ ਕਰਮਚਾਰੀਆਂ ਤੇ ਸਿਆਸਤਦਾਨਾਂ ਦੀ ਮਿਲੀ-ਭੁਗਤ ਤੋਂ ਬਿਨਾਂ ਸੰਭਵ ਨਹੀਂ। ਆਜ਼ਾਦੀ ਦਿਵਸ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਕਲਪ ਲਿਆ ਸੀ ਕਿ ਪੰਜਾਬ ਨੂੰ ਨਸ਼ਿਆਂ ਤੋਂ ਮੁਕਤੀ ਦਿਵਾਈ ਜਾਵੇਗੀ। ਇਹੀ ਵਾਅਦਾ ‘ਆਪ’ ਨੇ ਚੋਣਾਂ ਤੋਂ ਪਹਿਲਾਂ ਕੀਤਾ ਸੀ। ਕੈਪਟਨ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੀ ਇਸੇ ਵਾਅਦੇ ਨਾਲ ਸੱਤਾ ਵਿਚ ਆਈ ਸੀ ਪਰ ਸਮੱਸਿਆ ਘਟਣ ਦੀ ਥਾਂ ਹੋਰ ਵਧੀ ਹੈ। ਇਸ ਮਸਲੇ ਨਾਲ ਜੁੜੇ ਮਾਹਿਰਾਂ ਦਾ ਕਹਿਣਾ ਹੈ ਕਿ ਸਰਕਾਰ ਦੀ ਰਣਨੀਤੀ ਛੋਟੇ-ਮੋਟੇ ਤਸਕਰਾਂ ਨੂੰ ਫੜ ਕੇ ਅਤੇ ਬਰਾਮਦਗੀ ਕਰ ਕੇ ਆਪਣੀ ਪਿੱਠ ਥਾਪੜਨ ਵਾਲੀ ਰਹੀ ਹੈ।
ਵਿਰੋਧੀ ਧਿਰਾਂ ਦੇ ਸਵਾਲ-ਦਰ-ਸਵਾਲ
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਸਰਕਾਰ ਦੀ ਲਾਪਰਵਾਹੀ ਕਾਰਨ ਨਸ਼ਿਆਂ ਦੀ ਸਮੱਸਿਆ ਲਗਾਤਾਰ ਵਧ ਰਹੀ ਹੈ। ਪੰਜਾਬ ਦੇ ਲੋਕ ਮੁਫਤ ਬਿਜਲੀ, ਰਾਸ਼ਨ ਅਤੇ ਮੁਹੱਲਾ ਕਲੀਨਿਕਾਂ ਤੋਂ ਬਿਨਾਂ ਰਹਿ ਸਕਦੇ ਹਨ ਪਰ ਜੇ ਨੌਜਵਾਨ ਪੀੜ੍ਹੀ ਹੀ ਖਤਮ ਹੋ ਗਈ ਤਾਂ ਇਹ ਮੁਫਤ ਸਹੂਲਤਾਂ ਕਿਸ ਕੰਮ ਦੀਆਂ ਹਨ। ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ‘ਆਪ` ਦੇ 14 ਮਹੀਨਿਆਂ ਦੇ ਕਾਰਜਕਾਲ ਦੌਰਾਨ ਪੰਜਾਬ ਦੇਸ਼ `ਚ ਨਸ਼ਿਆਂ ਦੀ ਰਾਜਧਾਨੀ ਬਣਨ ਦੀ ਕਗਾਰ `ਤੇ ਹੈ ਪਰ ਮੁੱਖ ਮੰਤਰੀ ਨਸ਼ਿਆਂ `ਤੇ ਲਗਾਮ ਲਗਾਉਣ ਦੀ ਥਾਂ ਸੈਰ-ਸਪਾਟਾ ਸੰਮੇਲਨ ਨੂੰ ਤਰਜੀਹ ਦੇ ਰਹੇ ਹਨ।