ਪਾਕਿਸਤਾਨੀ ਅਦਾਕਾਰ ਫਵਾਦ ਖਾਨ, ਅਦਾਕਾਰਾ ਮਾਹਿਰਾ ਖਾਨ ਅਤੇ ਸਨਮ ਸਈਦ ਵੈੱਬ ਸੀਰੀਜ਼ ‘ਜੋ ਬਚੇ ਹੈਂ ਸੰਗ ਸਮੇਟ ਲੋ` ਵਿਚ ਇਕੱਠਿਆਂ ਨਜ਼ਰ ਆਉਣਗੇ। ਇਹ ਸੀਰੀਜ਼ ਨੈੱਟਫਲਿਕਸ `ਤੇ ਰਿਲੀਜ਼ ਹੋਵੇਗੀ। ਇਹ ਸੀਰੀਜ਼ ਲੇਖਕ ਫਰਹਤ ਇਸ਼ਤਿਆਕ ਦੇ ਸਾਲ 2013 `ਚ ਸਭ ਤੋਂ ਵੱਧ ਵਿਕੇ ਉਰਦੂ ਦੇ ਨਾਵਲ `ਤੇ ਆਧਾਰਿਤ ਹੈ।
ਇਸ ਦੀ ਕਹਾਣੀ ਹਾਰਵਰਡ ਯੂਨੀਵਰਸਿਟੀ `ਚ ਕਾਨੂੰਨ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਸਿਕੰਦਰ ਦੇ ਜੀਵਨ ਦੁਆਲੇ ਘੁੰਮਦੀ ਹੈ ਜਿਸ ਦੀ ਜ਼ਿੰਦਗੀ `ਚ ਅਜਿਹੀ ਘਟਨਾ ਵਾਪਰਦੀ ਹੈ ਜੋ ਸਭ ਕੁਝ ਬਦਲ ਦਿੰਦੀ ਹੈ। ਇਸ ਦੀ ਸ਼ੂਟਿੰਗ ਇਟਲੀ, ਯੂ.ਕੇ. ਅਤੇ ਪਾਕਿਸਤਾਨ `ਚ ਕੀਤੀ ਗਈ ਹੈ। ‘ਜੋ ਬਚੇ ਹੈਂ ਸੰਗ ਸਮੇਟ ਲੋ` ਵਿਚ ਆਹਦ ਰਜ਼ਾ ਮੀਰ, ਹਮਜ਼ਾ ਅਲੀ ਅੱਬਾਸੀ, ਬਿਲਾਲ ਅਸ਼ਰਫ਼, ਮਾਇਆ ਅਲੀ, ਇਕਰਾ ਅਜ਼ੀਜ਼, ਹਾਨੀਆ ਆਮਿਰ, ਖੁਸ਼ਹਾਲ ਖਾਨ, ਨਾਦੀਆ ਜਮੀਲ, ਓਮੈਰ ਰਾਣਾ ਤੇ ਸਮੀਨਾ ਅਹਿਮਦ ਮੁੱਖ ਭੂਮਿਕਾਵਾਂ ਵਿਚ ਹਨ।
ਜ਼ਿਕਰਯੋਗ ਹੈ ਕਿ ਫਵਾਦ ਖਾਨ, ਮਾਹਿਰਾ ਖਾਨ ਅਤੇ ਸਨਮ ਸਈਦ ਪਾਕਿਸਤਾਨ ਦੇ ਚੋਟੀ ਦੇ ਸਿਤਾਰਿਆਂ `ਚ ਸ਼ੁਮਾਰ ਹਨ। ਇਸ ਤੋੋਂ ਪਹਿਲਾਂ ਫਵਾਦ ਖਾਨ ਅਤੇ ਮਾਹਿਰਾ ਖਾਨ ਦਾ ਡਰਾਮਾ ‘ਹਮਸਫ਼ਰ` ਪਾਕਿਸਤਾਨ ਦੇ ਨਾਲ-ਨਾਲ ਭਾਰਤ `ਚ ਵੀ ਕਾਫ਼ੀ ਮਕਬੂਲ ਹੋਇਆ ਸੀ। ਸਾਲ 2022 `ਚ ਇਹ ਜੋੜੀ ਫਿਲਮ ‘ਦਿ ਲੀਜੈਂਡ ਆਫ ਮੌਲਾ ਜੱਟ` ਵਿਚ ਨਜ਼ਰ ਆਈ ਸੀ ਅਤੇ ਇਹ ਪਾਕਿਸਤਾਨ `ਚ ਹੁਣ ਤੱਕ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣੀ। ਇਸ `ਚ ਹਮਜ਼ਾ ਅਲੀ ਅੱਬਾਸੀ ਨੇ ਵੀ ਭੂਮਿਕਾ ਨਿਭਾਈ ਸੀ। ਸਨਮ ਸਈਦ ਅਤੇ ਫਵਾਦ ਖਾਨ ਨੇ ਪ੍ਰਸਿੱਧ ਪਾਕਿਸਤਾਨੀ ਡਰਾਮੇ ‘ਜ਼ਿੰਦਗੀ ਗੁਲਜ਼ਾਰ ਹੈ’ ਵਿਚ ਇਕੱਠਿਆਂ ਕੰਮ ਕੀਤਾ ਸੀ। ਹੁਣ ਇਨ੍ਹਾਂ ਦੀ ਅਗਲੀ ਸੀਰੀਜ਼ ‘ਬਰਜ਼ਾਖ` ਆ ਰਹੀ ਹੈ। ਯਾਦ ਰਹੇ ਕਿ ਪਿਛਲੇ ਕੁਝ ਸਮੇਂ ਤੋਂ ਜਦੋਂ ਯੂਟਿਊਬ ਚੈਨਲਾਂ ਦਾ ਰਿਵਾਜ ਵਧਿਆ ਹੈ, ਭਾਰਤੀ ਦਰਸ਼ਕਾਂ ਦੀ ਪਹੁੰਚ ਪਾਕਿਸਤਾਨੀ ਡਰਾਮਿਆਂ ਤੱਕ ਵਾਹਵਾ ਹੋ ਗਈ ਹੈ ਅਤੇ ਇਹ ਡਰਾਮੇ ਭਾਰਤ ਵਿਚ ਬਹੁਤ ਮਕਬੂਲ ਹੋ ਰਹੇ ਹਨ। ਇਸ ਦਾ ਅੰਦਾਜ਼ਾ ਇਨ੍ਹਾਂ ਡਰਾਮਿਆਂ ਦੇ ਵਿਊਜ਼ ਤੋਂ ਵੀ ਹੋ ਜਾਂਦਾ ਹੈ। ਇਸ ਨਾਲ ਪਾਕਿਸਤਾਨੀ ਦੀ ਫਿਲਮ ਅਤੇ ਟੈਲੀਵਿਜ਼ਨ ਸਨਅਤ ਨੂੰ ਹੁਲਾਰਾ ਮਿਲਿਆ ਹੈ।