ਹਨੇਰੇ ਰਾਹ

ਹਰਪ੍ਰੀਤ ਸੇਖਾ
ਫੋਨ: +1-778-231-1189
ਕੈਨੇਡਾ ਵੱਸਦੇ ਲਿਖਾਰੀ ਹਰਪ੍ਰੀਤ ਸੇਖਾ (ਕੈਨੇਡਾ) ਦਾ ਨਾਵਲ ‘ਹਨੇਰੇ ਰਾਹ’ ਟਰੱਕਿੰਗ ਸਨਅਤ ਨਾਲ ਜੁੜੀਆਂ ਹਕੀਕਤਾਂ ਦੇ ਰੂ-ਬ-ਰੂ ਕਰਵਾਉਂਦਾ ਹੈ। ਬਤੌਰ ਲਿਖਾਰੀ ਉਹਦੀ ਅੱਖ ਉਹ ਹਨੇਰੇ ਖੂੰਜੇ ਵੀ ਫਰੋਲ ਲੈਂਦੀ ਹੈ ਜਿਹੜੇ ਆਮ ਕਰ ਕੇ ਅੱਖਾਂ ਤੋਂ ਓਹਲੇ ਰਹਿ ਜਾਂਦੇ ਹਨ। ਉਸ ਦੀ ਮਾਨਵਤਾਵਾਦੀ ਅਤੇ ਯਥਾਰਥਵਾਦੀ ਪਹੁੰਚ ਉਸ ਦੀਆਂ ਰਚਨਾਵਾਂ ਲਈ ਸੋਨੇ ‘ਤੇ ਸੁਹਾਗੇ ਵਾਲਾ ਕੰਮ ਕਰਦੀ ਹੈ। ‘ਹਨੇਰੇ ਰਾਹ’ ਅਸਲ ਵਿਚ ਮੁਸੀਬਤਾਂ ਝਾਗਦੇ ਮਨੁੱਖ ਦੇ ਰਾਹ ਰੁਸ਼ਨਾਉਣ ਵੱਲ ਵਧਾਏ ਕਦਮ ਹਨ।

ਕਰਨਵੀਰ

ਅਗਲਾ ਐਤਵਾਰ ਕਰਨਵੀਰ ਲਈ ਮਸਾਂ ਬਹੁੜਿਆ ਸੀ। ਐਤਵਾਰ ਸਵੇਰ ਨੂੰ ਉਹ ਬੱਚਿਆਂ ਦੇ ਰੌਲੇ ਨਾਲ਼ ਨਹੀਂ ਸੀ ਜਾਗਿਆ, ਉਸ ਦੀ ਆਪ ਹੀ ਅਲਾਰਮ ਦੇ ਬੋਲਣ ਤੋਂ ਪਹਿਲਾਂ ਅੱਖ ਖੁੱਲ੍ਹ ਗਈ। ਉਹ ਵਾਸ਼ਰੂਮ ਵਿਚ ਗਿਆ ਅਤੇ ਤਿਆਰ ਹੋਣ ਲੱਗਾ। ਸ਼ੀਸ਼ੇ ਮੂਹਰੇ ਖੜ੍ਹਾ ਕੇਸਾਂ ਨੂੰ ਸੰਵਾਰਦਾ ਉਹ ਗੁਣ-ਗਣਾਉਣ ਲੱਗਾ। ਕਿਸੇ ਕੁੜੀ ਨਾਲ ਅਸਲ ਵਿਚ ਉਹ ਪਹਿਲੀ ਵਾਰ ਬਾਹਰ ਘੁੰਮਣ ਚੱਲਿਆ ਸੀ। ਬਣ-ਠਣ ਕੇ ਉਹ ਗਿਆਰਾਂ ਵਜੇ ਘਰੋਂ ਤੁਰ ਪਿਆ। ਸੈਂਡਲਵੁੱਡ ਲੂਪ ਤੋਂ ਸ਼ਾਪਰਜ਼ ਵਰਡ ਤਕ ਜਾਣ ਲਈ ਉਸ ਨੇ 502 ਨੰਬਰ ਬੱਸ ਫੜ ਲਈ। ਉੱਥੇ ਹੀ ਉਸ ਨੂੰ ਜੀਤੀ ਨੇ ਮਿਲਣਾ ਸੀ। ਬੱਸ ਵਿਚ ਬੈਠ ਕੇ ਉਸ ਅੰਦਰ ਮੁੜ ਅਹਿਸਾਸ ਜਾਗਿਆ ਕਿ ਉਹ ਪਹਿਲੀ ਵਾਰ ਕਿਸੇ ਕੁੜੀ ਨਾਲ ਡੇਟ ‘ਤੇ ਚੱਲਿਆ ਸੀ। ਉਹ ਸਵਾਦ-ਸਵਾਦ ਹੋ ਗਿਆ। ਸਾਰਾ ਹਫ਼ਤਾ ਹੀ ਉਹ ਇਸ ਖਿਆਲ ਨਾਲ ਨਸ਼ਿਆਉਂਦਾ ਰਿਹਾ ਸੀ। ਉਸ ਨੇ ਗੂਗਲ ਤੋਂ ਕਈ ਵਾਰ ਇਹ ਪ੍ਰਸ਼ਨ ਪੁੱਛਿਆ ਸੀ ਕਿ ਪਹਿਲੀ ਡੇਟ ਵੇਲੇ ਮੁੰਡੇ ਨੂੰ ਕੀ ਕਰਨਾ ਚਾਹੀਦਾ ਹੈ ਤੇ ਕਿਸ ਗੱਲੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਬੱਸ’ਚ ਬੈਠਿਆਂ ਉਸ ਅੰਦਰ ਮੁੜ ਉਹੀ ਸੀਨ ਚੱਲ ਪਿਆ ਜਿਸ ਦੀ ਉਹ ਰਾਤ ਨੂੰ ਸੌਣ ਤੋਂ ਪਹਿਲਾਂ ਕਲਪਨਾ ਕਰਦਾ ਰਿਹਾ ਸੀ। ਫਿਲਮਾਂ ਵਿਚ ਦੇਖੇ ਅਨੁਸਾਰ, ਸੀ ਐਨ ਟਾਵਰ ਦੇ ਸਿਖਰ ‘ਤੇ ਪਹੁੰਚ ਕੇ ਉਹ ਜੀਤੀ ਦੇ ਹੱਥ ਵਿਚ ਹੱਥ ਪਾ ਕੇ ਤੁਰਦਾ ਰੁਕ ਜਾਵੇਗਾ ਤੇ ਉਸ ਦੇ ਮੂਹਰੇ ਝੁਕ ਕੇ ਪੁੱਛੇਗਾ, ‘ਮੇਰੇ ਨਾਲ-ਨਾਲ ਤੁਰੇਂਗੀ ਸਾਰੀ ਉਮਰ?’
ਸੁਪਨਿਆਂ ‘ਚ ਗਵਾਚੇ ਕਰਨਵੀਰ ਨੂੰ ਪਤਾ ਹੀ ਨਾ ਲੱਗਾ ਕਿ ਬੱਸ ਕਦੋਂ ਸ਼ਾਪਰਜ਼ ਵਰਡ ਪਹੁੰਚ ਗਈ ਸੀ। ਬੱਸ ਵਿਚੋਂ ਉੱਤਰ ਕੇ ਕਰਨਵੀਰ ਗੇਟਵੇਅ ਟਰਮੀਨਲ ਵੱਲ ਚੱਲ ਪਿਆ ਜਿੱਥੋਂ ਜੀਤੀ ਨੇ ਬੱਸ ਵਿਚੋਂ ਉਤਰਨਾ ਸੀ। ਜੀਤੀ ਦੀ ਬੱਸ ਜਲਦੀ ਹੀ ਆ ਗਈ। ਬੱਸ ਵਿਚੋਂ ਉਤਰਦੀ ਜੀਤੀ ਨੂੰ ਦੇਖ ਉਸ ਨੂੰ ਆਪਣੇ ਦਿਲ ਦੀ ਧੜਕਣ ਵਧਦੀ ਲੱਗੀ ਜਿਵੇਂ ਉਹ ਉਸ ਨੂੰ ਪਹਿਲੀ ਵਾਰ ਮਿਲ ਰਿਹਾ ਹੋਵੇ। ਚਿੱਟੀ ਪੈਂਟ, ਹਲਕਾ ਗੁਲਾਬੀ ਸਵੈਟਰ ਤੇ ਉੱਪਰ ਲਾਲ ਪਰਕਾ। ਸਵੈਟਰ ਦੇ ਰੰਗ ਵਰਗੀ ਹੀ ਲਿਪਸਟਿਕ, ਮੋਢਿਆਂ ‘ਤੇ ਪਲਮਦੇ ਸਿਆਹ ਵਾਲ। ਕਰਨਵੀਰ ਦਾ ਜੀਅ ਕੀਤਾ ਕਿ ਉਹ ਉਸ ਨੂੰ ਜੱਫੀ ਪਾ ਕੇ ਮਿਲੇ ਪਰ ਉਹ ਜਕ ਗਿਆ। ਜੀਤੀ ਨੇ ਉਂਗਲਾਂ ਨਚਾ ਕੇ ‘ਹਾਏ’ ਕਿਹਾ। ਕਰਨਵੀਰ ਮੁਸਕਰਾ ਪਿਆ। ਯੂਨੀਅਨ ਸਟੇਸ਼ਨ ਲਈ 31 ਨੰਬਰ ਬੱਸ ਫੜਨ ਲਈ ਜੀਤੀ ਨਾਲ ਤੁਰਦੇ ਕਰਨਵੀਰ ਦੀਆਂ ਉਂਗਲਾਂ ਵਿਚ ਜਲੂਣ ਹੋਣ ਲੱਗੀ। ਉਸ ਦਾ ਜੀਅ ਕਰਨ ਲੱਗਾ ਕਿ ਉਹ ਜੀਤੀ ਦਾ ਹੱਥ ਫੜ ਕੇ ਤੁਰੇ। ਉਸ ਦਾ ਜੀਅ ਇਹ ਵੀ ਕਰਦਾ ਸੀ ਕਿ ਕਹੇ, ‘ਤੂੰ ਬਹੁਤ ਹੀ ਸੋਹਣੀ ਲੱਗ ਰਹੀ ਏਂ।’ ਉਹ ਸੋਚਦਾ ਹੀ ਰਹਿ ਗਿਆ ਕਿ ਜੀਤੀ ਬੋਲੀ, “ਆਈ ਲਾਈਕ ਯੂਅਰ ਕਲਰ ਕੰਬੀਨੇਸ਼ਨ।” ਕਰਨਵੀਰ ਨੇ ਹਲਕੇ ਨੀਲੇ ਰੰਗ ਦੀ ਜੀਨ ਨਾਲ ਸਫੈਦ ਕਮੀਜ਼ ਤੇ ਉੱਪਰ ਉਨਾਬੀ ਰੰਗ ਦਾ ਬਲੇਜ਼ਰ ਪਹਿਨਿਆ ਹੋਇਆ ਸੀ। ਜਵਾਬ ‘ਚ ਉਸ ਦੇ ਮੂੰਹੋਂ ਮਸਾਂ ਹੀ ਨਿਕਲਿਆ, “ਤੂੰ ਬਹੁਤ ਜਚਦੀ ਏਂ।”
“ਅੱਛਾ? ਚੰਗਾ ਹੋ ਗਿਆ ਕਿ ਸਨੋਅ ਨਹੀਂ ਪੈਂਦੀ ਅੱਜ। ਧੁੱਪ ਕਿੰਨੀ ਸੋਹਣੀ ਲਗਦੀ ਐ।”
‘ਬਿਲਕੁਲ ਤੇਰੇ ਵਰਗੀ’, ਕਰਨਵੀਰ ਕਹਿਣਾ ਚਾਹੁੰਦਾ ਸੀ ਪਰ ਉਸ ਦੇ ਮੂੰਹੋਂ ਸਿਰਫ “ਹਾਂ” ਹੀ ਨਿਕਲਿਆ। ਜੀਤੀ ਨੇ ਉਸ ਵੱਲ ਦੇਖਿਆ ਤੇ ਬੋਲੀ, “ਤੈਨੂੰ ਨਹੀਂ ਚੰਗੀ ਲਗਦੀ ਧੁੱਪ?”
“ਲਗਦੀ ਏ ਸਗੋਂ ਬਹੁਤ ਚੰਗੀ ਲਗਦੀ ਏ। ਅੱਜ ਤਾਂ…”, ਆਖਦਾ ਆਖਦਾ ਉਹ ਰੁਕ ਗਿਆ। ਜੀਤੀ ਮੁਸਕਰਾ ਪਈ। ਉਨ੍ਹਾਂ ਦੀ ਬੱਸ ਆ ਗਈ। ਕਰਨਵੀਰ ਨੇ ਜੀਤੀ ਨੂੰ ਪਹਿਲਾਂ ਬੱਸ ਵਿਚ ਚੜ੍ਹਨ ਦਿੱਤਾ ਤੇ ਫਿਰ ਬੱਸ ਅੰਦਰ ਜੀਤੀ ਦੇ ਸੀਟ ‘ਤੇ ਬੈਠਣ ਤੋਂ ਬਾਅਦ ਬੈਠਾ। ਬੱਸ ਤੁਰ ਪਈ। ਕਰਨਵੀਰ ਨੂੰ ਸਮਝ ਨਹੀਂ ਸੀ ਲਗ ਰਹੀ ਕਿ ਕੀ ਗੱਲ ਸ਼ੁਰੂ ਕਰੇ। ਜੀਤੀ ਹੀ ਬੋਲੀ, “ਫੋਨ ’ਤੇ ਤਾਂ ਕਿੰਨੀਆਂ ਗੱਲਾਂ ਕਰਦਾ ਹੁੰਨੈ। ਹੁਣ ਕਿਉਂ ਚੁੱਪ ਐ?”
ਕਰਨਵੀਰ ਨੇ ਇਸ ਦਾ ਕੋਈ ਜਵਾਬ ਨਾ ਦਿੱਤਾ। ਉਹ ਸਿਰਫ ਮੁਸਕਰਾ ਪਿਆ। ਕਰਨਵੀਰ ਨੂੰ ਇਹ ਯਕੀਨ ਹੋ ਗਿਆ ਸੀ ਕਿ ਜੀਤੀ ਨੂੰ ਉਸ ਦੀ ਮੁਸਕਰਾਹਟ ਚੰਗੀ ਲਗਦੀ ਸੀ। ਉਹ ਕਰਨਵੀਰ ਦੀ ਮੁਸਕਰਾਹਟ ਨੂੰ ਟਿਕਟਿਕੀ ਲਾ ਕੇ ਨਿਹਾਰ ਰਹੀ ਸੀ। ਉਸ ਦਾ ਜੀਅ ਕੀਤਾ ਕਿ ਜੀਤੀ ਉਸ ਨੂੰ ਇਸ ਤਰ੍ਹਾਂ ਹੀ ਦੇਖਦੀ ਰਹੇ ਤੇ ਉਹ ਜੀਤੀ ਨੂੰ। ਇਹ ਗੱਲ ਉਸ ਦੇ ਬੁੱਲ੍ਹਾਂ ‘ਤੇ ਨਾ ਆਈ। ਇਸ ਦੀ ਥਾਂ ਉਨ੍ਹਾਂ ਵਿਚੋਂ ਨਿਕਲਿਆ, “ਜੀਤੀ, ਤੇਰੀਆਂ ਹੌਬੀਜ਼ ਕੀ ਨੇ?”
“ਸਵੇਰੇ ਕਾਲਜ, ਫੇਰ ਕੰਮ ‘ਤੇ ਸਬਵੇਅ ਰੈਸਟੋਰੈਂਟ। ਅੱਧੀ ਰਾਤੋਂ ਘਰ ਵਾਪਸੀ। ਕਿੱਥੇ ਟਾਈਮ ਮਿਲਦੈ।”
“ਪਹਿਲਾਂ ਕੀ ਸੀ; ਜਾਂ ਜੇ ਹੁਣ ਟਾਈਮ ਮਿਲੇ ਤਾਂ ਕੀ ਕਰਨਾ ਚਾਹੇਂਗੀ?”
“ਘੁੰਮਣਾ-ਫਿਰਨਾ, ਪੜ੍ਹਨਾ।” ਕੁਝ ਪਲਾਂ ਬਾਅਦ ਉਹ ਫਿਰ ਬੋਲੀ, “ਬੇਕਿੰਗ ਕਰਨੀ ਵੀ ਪਸੰਦ ਆ ਮੈਨੂੰ।”
“ਅੱਛਾ? ਮੈਨੂੰ ਵੀ ਬੇਕਿੰਗ ਬਹੁਤ ਪਸੰਦ ਏ। ਮੈਂ ਸਪੇਨ ‘ਚ ਬੇਕਰੀ ‘ਚ ਕੰਮ ਕਰਦਾ ਰਿਹਾ ਵਾਂ।”
“ਤੇਰੀਆਂ ਕੀ ਨੇ, ਕਰਨ?”
“ਮੈਨੂੰ ਤਾਂ ਖੇਡਣਾ ਹੀ ਪਸੰਦ ਸੀ।”
“ਕੀ ਖੇਲਦਾ ਸੀ?”
“ਕ੍ਰਿਕਟ। ਅੱਛਾ ਤੇਰਾ ਘਰ ‘ਚ ਸਭ ਤੋਂ ਜ਼ਿਆਦਾ ਕਿਸ ਨਾਲ ਪਿਆਰ ਏ?”
“ਡੈਡੀ ਨਾਲ। ਉਹ ਮੇਰੇ ‘ਤੇ ਪੂਰਾ ਟਰੱਸਟ ਕਰਦੇ ਆ। ਤੇ ਤੇਰਾ?”
ਕਰਨਵੀਰ ਨੇ ਸੋਚਿਆ ਕਿ ਕੁੜੀ ਸਮਝਦਾਰ ਹੈ। ਸਾਰੀ ਗੱਲ ਧਿਆਨ ਨਾਲ ਸੁਣਦੀ ਹੈ। ਫਿਰ ਆਪਣੇ ‘ਤੇ ਹੀ ਫੋਕਸ ਨਹੀਂ ਰਹਿੰਦੀ, ਅੱਗੋਂ ਸਵਾਲ ਕਰ ਕੇ ਦਿਲਚਸਪੀ ਦਿਖਾਉਂਦੀ ਹੈ। ਇਹ ਗੁਰ ਕਰਨਵੀਰ ਨੂੰ ਗੂਗਲ ਨੇ ਦੱਸੇ ਸਨ। ਉਸ ਨੇ ਜਵਾਬ ਦਿੱਤਾ, “ਮੇਰੇ ਡੈਡੀ ਤਾਂ ਨਹੀਂ ਹਨ। ਮੈਂ ਦਸ-ਬਾਰਾਂ ਸਾਲ ਦਾ ਈ ਸੀ ਜਦੋਂ ਉਨ੍ਹਾਂ ਦੀ ਡੈੱਥ ਹੋ ਗਈ ਸੀ।” ਇਹ ਆਖ ਕੇ ਕਰਨਵੀਰ ਚੁੱਪ ਹੋ ਗਿਆ। ਗੂਗਲ ਨੇ ਦੱਸਿਆ ਸੀ ਕਿ ਆਪਣੇ ਦੁੱਖ ਨਹੀਂ ਰੋਣੇ।
ਜੀਤੀ ਨੇ ਪੁੱਛਿਆ, “ਕੀ ਹੋ ਗਿਆ ਸੀ?”
“ਐਕਸੀਡੈਂਟ। ਅੱਛਾ ਤੁਹਾਡੇ ਘਰ ਵਿਚ ਹੋਰ ਕੌਣ ਕੌਣ ਨੇ?”
“ਮੰਮੀ-ਡੈਡੀ, ਛੋਟੀ ਭੈਣ ਤੇ ਦਾਦੀ। ਤੇ ਤੁਹਾਡੇ?”
“ਮਾਂ, ਛੋਟਾ ਭਰਾ ਤੇ ਵੱਡੀ ਭੇਣ।” ਆਖ ਕੇ ਕਰਨਵੀਰ ਫਿਰ ਚੁੱਪ ਹੋ ਗਿਆ। ਉਸ ਨੇ ਸੋਚਿਆ ਕਿ ਭੈਣ ਦੇ ਤਲਾਕ ਬਾਰੇ ਹੁਣ ਦੱਸੇ ਜਾਂ ਕਦੇ ਬਾਅਦ ਵਿਚ। ਉਸ ਨੇ ਇਹ ਗੱਲ ਕਦੇ ਫੇਰ ‘ਤੇ ਛੱਡ ਦਿੱਤੀ ਅਤੇ ਚੁੱਪ ਹੋ ਗਿਆ। ਗੂਗਲ ਨੇ ਉਸ ਨੂੰ ਹੁੱਝ ਮਾਰੀ, ‘ਬੀ ਕਰੀਏਟਿਵ।’ ਕਰਨਵੀਰ ਨੇ ਪੁੱਛਿਆ, “ਮੰਮੀ-ਡੈਡੀ ਹੋਰਾਂ ਦੀ ਯਾਦ ਆਉਂਦੀ ਹੋਣੀ ਏ?”
ਜੀਤੀ ਨੇ ਹਾਂ ‘ਚ ਸਿਰ ਹਿਲਾਇਆ ਤੇ ਕਰਨਵੀਰ ਵੱਲ ਦੇਖਿਆ। ਉਹ ਉਸ ਵੱਲ ਹੀ ਦੇਖ ਰਿਹਾ ਸੀ। ਅੱਖਾਂ ਮਿਲਦਿਆਂ ਹੀ ਉਹ ਮੁਸਕਰਾ ਪਿਆ। ਜੀਤੀ ਵੀ ਮੁਸਕਰਾ ਪਈ। ਆਪਣੇ ਵੱਲ ਦੇਖਦੀ ਜੀਤੀ ਦੀਆਂ ਅੱਖਾਂ ਵਿਚ ਉਸ ਨੂੰ ਚਮਕ ਦਿਸੀ। ਕਰਨਵੀਰ ਦਾ ਜੀਅ ਕੀਤਾ ਕਿ ਉਹ ਜੀਤੀ ਨੂੰ ਆਪਣੇ ਨਾਲ ਘੁੱਟ ਲਵੇ। ਜੀਤੀ ਨੇ ਆਪਣੀ ਨਿਗ੍ਹਾ ਉਸ ਤੋਂ ਹਟਾ ਕੇ ਆਪਣੇ ਹੱਥਾਂ ਵੱਲ ਕਰ ਲਈ। ਕਰਨਵੀਰ ਦੀਆਂ ਅੱਖਾਂ ਵੀ ਮਗਰ ਤੁਰ ਪਈਆਂ। ਉਸ ਦਾ ਜੀਅ ਕੀਤਾ ਕਿ ਜੀਤੀ ਦਾ ਹੱਥ ਆਪਣੇ ਹੱਥ ਵਿਚ ਲੈ ਲਵੇ। ਉਹ ਆਪਣਾ ਹੱਥ ਅੱਗੇ ਵਧਾਉਣ ਹੀ ਲੱਗਾ ਸੀ ਕਿ ਗੂਗਲ ਨੇ ਉਸ ਨੂੰ ਵਰਜ ਦਿੱਤਾ, ‘ਬਿਨਾ ਮਤਲਬ ਛੋਹਣਾ ਨਹੀਂ।’ ਕਰਨਵੀਰ ਦੇ ਮਨ ਨੇ ਜ਼ਿੱਦ ਕੀਤੀ ਪਰ ਗੂਗਲ ਨੇ ਅੱਗੋਂ ਵਲ ਲਿਆ, ‘ਮੰਨ ਜਾ’। ਕਰਨਵੀਰ ਨੇ ਉਸ ਦੀ ਮੰਨ ਲਈ ਅਤੇ ਆਪਣਾ ਧਿਆਨ ਜੀਤੀ ਦੇ ਹੱਥਾਂ ਤੋਂ ਪਾਸੇ ਕਰ ਲਿਆ ਤੇ ਮੁੜ ਗੂਗਲ ਤੋਂ ਯਾਦ ਕੀਤੇ ਹੋਏ ਪ੍ਰਸ਼ਨ ਪੁੱਛਦਾ ਰਿਹਾ ਤੇ ਆਪਣੇ ਮਨ ਅੰਦਰਲੇ ਸਵਾਲਾਂ ਨੂੰ ਦਬਾਉਂਦਾ ਰਿਹਾ। ਉਹ ਕਾਹਲੀ ਵਿਚ ਕੋਈ ਅਜਿਹਾ ਸਵਾਲ ਕਰ ਕੇ ਜੀਤੀ ਨੂੰ ਗੰਵਾਉਣਾ ਨਹੀਂ ਸੀ ਚਾਹੁੰਦਾ।
ਯੂਨੀਅਨ ਸਟੇਸ਼ਨ ‘ਤੇ ਬੱਸ ‘ਚੋਂ ਉੱਤਰ ਕੇ ਉਹ ਪੈਦਲ ਹੀ ਸੀ ਐਨ ਟਾਵਰ ਵੱਲ ਚੱਲ ਪਏ। ਜੀਤੀ ਦੇ ਨਾਲ ਤੁਰਦਿਆਂ, ਉਸ ਦਾ ਹੱਥ ਫੜਨ ਲਈ ਕਰਨਵੀਰ ਦਾ ਫਿਰ ਦਿਲ ਕੀਤਾ ਪਰ ਉਸ ਨੇ ਫਿਰ ਆਪਣੇ ਆਪ ਨੂੰ ਰੋਕ ਲਿਆ। ਪੰਦਰਾਂ ਮਿੰਟਾਂ ‘ਚ ਉਹ ਸੀ ਐਨ ਟਾਵਰ ਪਹੁੰਚ ਗਏ। ਕਰਨਵੀਰ ਅੱਗੇ ਹੋ ਕੇ ਟਿਕਟ ਲੈਣ ਲੱਗਾ ਬੋਲਿਆ, “ਮੈਂ ਲੈਨਾ ਵਾਂ ਟਿਕਟ।”
“ਨਾ, ਆਪਣੀ-ਆਪਣੀ ਲਵਾਂਗੇ।” ਜੀਤੀ ਦੀ ਫ਼ੈਸਲਾਕੁਨ ਆਵਾਜ਼ ਸੁਣ ਕੇ ਕਰਨਵੀਰ ਨੇ ਉਸ ਵੱਲ ਦੇਖ ਕੇ ਕਿਹਾ, “ਲੈ ਵੱਖ ਹੋਣ ਵਾਲੀਆਂ ਗੱਲਾਂ ਕਿਉਂ ਕਰਦੀ ਏਂ?”
“ਜੇ ਇਕੱਠੇ ਹੋ ਗਏ, ਫੇਰ ਨਹੀਂ ਕਰਦੀ। ਓਨਾ ਚਿਰ ਆਪੋ-ਆਪਣਾ।” ਆਖ ਕੇ ਜੀਤੀ ਅਗਾਂਹ ਹੋ ਗਈ। ਉਸ ਨੇ ਆਪਣੇ ਵਾਸਤੇ ‘ਲੁੱਕ ਆਊਟ ਲੈਵਲ’ ਤਕ ਦੀ ਟਿਕਟ ਲੈ ਲਈ। ਕਰਨਵੀਰ ਨੇ ਆਪਣੇ ਲਈ ਖਰੀਦ ਲਈ। ਟਿਕਟ ਖਿੜਕੀ ਤੋਂ ਪਾਸੇ ਹੋ ਕੇ ਜੀਤੀ ਨੇ ਪੁੱਛਿਆ, “ਤੇਰਾ ਇਰਾਦਾ ਕਿਤੇ ‘ਸਕਾਈਪਾਡ ਲੈਵਲ’ ਤਕ ਜਾਣ ਦਾ ਤਾਂ ਨਹੀਂ ਸੀ? ਮੈਂ ਪਿਛਲੀ ਵਾਰ ਗਈ ਸੀ। ਕੋਈ ਫਾਇਦਾ ਨੀ ਵੀਹ ਡਾਲਰ ਐਕਸਟਰਾ ਖਰਚਣ ਦੇ। ਸੇਮ ਈ ਵਿਊ ਐ। ਏਨਾ ਈ ਵੱਧ ਆ ਕਿ ਤੇਤੀ ਸਟੋਰੀ ਹੋਰ ਉੱਚਾ ਐ।”
“ਮੈਂ ਤਾਂ ਤੇਰੇ ਨਾਲ ਵਾਂ।” ਆਖਦਾ ਕਰਨਵੀਰ ਮੁਸਕਰਾ ਪਿਆ ਅਤੇ ਫਿਰ ਅਠਾਰਾਂ ਸੌ ਪੰਦਰਾਂ ਫੁੱਟ ਉਚੇ ਟਾਵਰ ਦੇ ਸਿੱਖਰ ਤਕ ਦੇਖਣ ਲਈ ਆਪਣੇ ਮੂੰਹ ਨੂੰ ਨੱਬੇ ਡਿਗਰੀ ਤੱਕ ਲਿਜਾਣ ਦੀ ਕੋਸ਼ਿਸ਼ ਕਰਨ ਲੱਗਾ। ਉਸ ਦੇ ਪੈਰ ਉੱਖੜਨ ਲੱਗੇ ਤਾਂ ਝੱਟ ਜੀਤੀ ਬੋਲੀ, “ਡਿੱਗ ਨਾ ਪਈਂ।” ਕਰਨਵੀਰ ਨੇ ਧੌਣ ਸਿੱਧੀ ਕਰ ਲਈ ਅਤੇ ਆਪਣੀ ਗਿੱਚੀ ਨੂੰ ਮਲਣ ਲੱਗਾ। ਜੀਤੀ ਉਸ ਨੂੰ ਐਲੀਵੇਟਰ ਵੱਲ ਲੈ ਗਈ ਜਿਸ ਰਾਹੀਂ ਉਨ੍ਹਾਂ ਨੇ ਅਠਵੰਜਾ ਸਕਿੰਟਾਂ ਵਿਚ ਇਕ ਹਜ਼ਾਰ ਇਕ ਸੌ ਛੱਤੀ ਫੁੱਟ ਦੀ ਉਚਾਈ ‘ਤੇ ਪਹੁੰਚ ਜਾਣਾ ਸੀ। ਉਪਰ ਜਾਂਦਿਆਂ ਐਲੀਵੇਟਰ ਦੀਆਂ ਪਾਰਦਰਸ਼ੀ ਕੰਧਾਂ ਰਾਹੀਂ ਬਾਹਰ ਦਾ ਨਜ਼ਾਰਾ ਦਿਸਦਾ ਸੀ। “ਥੱਲੇ ਵੱਲ ਨਾ ਦੇਖੀਂ ਕਰਨ, ਡਰ ਲੱਗੂਗਾ।” ਆਖਦੀ ਜੀਤੀ ਕਰਨਵੀਰ ਦੇ ਨਾਲ ਲੱਗ ਕੇ ਖੜ੍ਹ ਗਈ। ਜੀਤੀ ਦੀ ਬਾਂਹ ਕਰਨਵੀਰ ਦੀ ਬਾਂਹ ਨਾਲ ਘਸਰਦੀ ਸੀ। ਕਰਨਵੀਰ ਨੂੰ ਇਹ ਖਹਿ ਆਨੰਦਤ ਕਰਨ ਲੱਗੀ। ਉਸ ਨੂੰ ਟਰਾਂਟੋ ਸ਼ਹਿਰ ਖ਼ੂਬਸੂਰਤ ਲੱਗਾ; ਤੇ ‘ਲੁੱਕ ਆਊਟ ਲੈਵਲ’ ‘ਤੇ ਪਹੁੰਚ ਕੇ ਇਕ ਥਾਂ ਬਣੇ ਸ਼ੀਸ਼ੇ ਦੇ ਫਰਸ਼ ਰਾਹੀਂ ਇਕ ਸੌ ਤੇਰਾਂ ਮੰਜ਼ਿਲਾਂ ਆਪਣੇ ਪੈਰਾਂ ਹੇਠ ਦੇਖਦੀ ਜੀਤੀ ਨੇ ਡਰ ਕੇ ਕਰਨਵੀਰ ਦੀ ਬਾਂਹ ਫੜ ਲਈ। “ਕਰਨ, ਚੱਲ ਪਾਸੇ ਹੋ ਇਸ ਥਾਂ ਤੋਂ।” ਉਹ ਚੀਕੀ। ਕਰਨਵੀਰ ਦਾ ਜੀਅ ਨਹੀਂ ਸੀ ਕਰਦਾ ਕਿ ਜੀਤੀ ਉਸ ਦੀ ਬਾਂਹ ਛੱਡੇ। ਉਹ ਖੜ੍ਹਾ ਰਿਹਾ ਤੇ ਬੋਲਿਆ, “ਆਹ ਦੇਖ ਬੱਚੇ ਕਿਵੇਂ ਇਸ ‘ਤੇ ਟੱਪੀ ਜਾਂਦੇ ਨੇ, ਤੂੰ ਐਵੇਂ ਹੀ ਡਰੀ ਜਾਨੀ ਏਂ।” ਬਾਹਰੋਂ ਤਾਂ ਉਹ ਜੀਤੀ ਨੂੰ ਨਾ ਡਰਨ ਲਈ ਹੱਲਾਸ਼ੇਰੀ ਦੇ ਰਿਹਾ ਸੀ ਪਰ ਅੰਦਰ ਉਸ ਦਾ ਆਖਦਾ ਸੀ ਕਿ ਜੀਤੀ ਹੋਰ ਡਰੇ। ਤੇ ਫਿਰ ਉਸ ਦੇ ਐਨ ਪਾਸ ਉਹੀ ਸੀਨ ਸਾਕਾਰ ਹੋ ਗਿਆ ਜਿਸ ਦੀ ਉਸ ਨੇ ਬੱਸ ’ਚ ਬੈਠਿਆਂ ਕਲਪਨਾ ਕੀਤੀ ਸੀ। ਕੋਈ ਹਾਣੀ ਆਪਣੇ ਗੋਡੇ ਨੂੰ ਸ਼ੀਸ਼ੇ ਦੀ ਫਰਸ਼ ‘ਤੇ ਟਿਕਾਈ ਆਪਣੀ ਹਾਨਣ ਦਾ ਹੱਥ ਮੰਗ ਰਿਹਾ ਸੀ। ਕਰਨਵੀਰ ਇਕ ਟਕ ਉਨ੍ਹਾਂ ਵੱਲ ਦੇਖਣ ਲੱਗਾ। ਉਸ ਦੇ ਜੀਅ ‘ਚ ਆਈ ਕਿ ਉਹ ਵੀ ਆਪਣੀ ਰੀਝ ਪੂਰੀ ਕਰ ਲਵੇ। ਇਸ ਤੋਂ ਪਹਿਲਾਂ ਕਿ ਉਹ ਦੁਚਿੱਤੀ ‘ਚੋਂ ਨਿਕਲੇ, ਜੀਤੀ ਨੇ ਉਸ ਦੀ ਬਾਂਹ ਖਿੱਚ ਕੇ ਉਸ ਨੂੰ ਸ਼ੀਸ਼ੇ ਦੀ ਫਰਸ਼ ਤੋਂ ਪਾਸੇ ਕਰ ਲਿਆ। ਫਿਰ ਉਹ ਹੌਲ਼ੀ-ਹੌਲ਼ੀ ਤੁਰਦੇ ਅਸਮਾਨ ਵੱਲੋਂ ਸ਼ਹਿਰ ਵੱਲ ਦੇਖਦੇ, ਜੀਤੀ ਦੇ ਕਾਲਜ ਦੀ ਨਿਸ਼ਾਨਦੇਹੀ ਕਰਨ ਦੀ ਕੋਸ਼ਿਸ਼ ਕਰਦੇ ਤੁਰ ਪਏ। ਫਿਰ ਖੜ੍ਹ ਗਏ। ਇਸ ਥਾਂ ਤੋਂ ਦਿਸਦੇ ਨਜ਼ਾਰੇ ਨੇ ਉਨ੍ਹਾਂ ਨੂੰ ਕੀਲ ਲਿਆ। ਅੰਬਰ ਦੇ ਹੇਠ ਜਿਸ ਥਾਂ ਇਹ ਗਗਨ ਚੁੰਬੀ ਟਾਵਰ ਖੜ੍ਹਾ ਸੀ, ਉੱਥੇ ਅਸਮਾਨ ਸਾਫ਼ ਸੀ। ਨੇੜੇ-ਤੇੜੇ ਕੋਈ ਬਦਲੋਟੀ ਵੀ ਨਹੀਂ ਸੀ। ਹੇਠ ਲੇਕ ਓਂਟੇਰੀਓ ਦਾ ਪਾਣੀ ਸੂਰਜ ਦੀਆਂ ਕਿਰਨਾਂ ਨਾਲ਼ ਲਿਸ਼ਕੋਰੇ ਮਾਰਦਾ ਸੀ। ਦੂਰ ਦੁਮੇਲ ਵਿਚ ਜਿੱਥੇ ਝੀਲ ਅਤੇ ਅਸਮਾਨ ਵਿਚਕਾਰ ਕੋਈ ਵਿੱਥ ਨਹੀਂ ਸੀ ਦਿਸਦੀ, ਉੱਥੋਂ ਦਾ ਰੰਗ ਬੱਦਲਖੋਰਾ ਦਿਸਦਾ ਸੀ। ਸ਼ਾਇਦ ਇਹ ਇਸਪਾਤੀ ਨਗਰ, ਹੈਮਿਲਟਨ ਦੀਆਂ ਚਿਮਨੀਆਂ ‘ਚੋਂ ਉੱਠਦੇ ਧੂੰਏਂ ਕਾਰਨ ਸੀ। ਉਹ ਬਾਹਰ ਵੱਲ ਦੇਖਦੇ ਰਹੇ।
“ਕਿੰਨਾ ਸੋਹਣਾ ਲਗਦੈ, ਹਨਾਂ?” ਜੀਤੀ ਨੇ ਬਾਹਰ ਵੱਲ ਦੇਖਦਿਆਂ ਕਿਹਾ।
ਕਰਨਵੀਰ ਦੇ ਚਿੱਤ ‘ਚ ਆਈ ਕਿ ਕਹੇ- ਬਾਹਰ ਨਾਲੋਂ ਵੀ ਕਿਤੇ ਵੱਧ ਮੇਰਾ ਸਾਥ ਸੋਹਣਾ ਹੈ ਪਰ ਉਸ ਨੇ ਇਹ ਨਾ ਕਿਹਾ ਅਤੇ ਬੋਲਿਆ, “ਹਾਂ, ਬਹੁਤ।” ਉਹ ਫਿਰ ਚੁੱਪ ਕਰ ਗਏ। ਗੂਗਲ ਨੇ ਫਿਰ ਕਰਨਵੀਰ ਦੀ ਉਂਗਲ ਫੜ ਲਈ। ਬੋਲਿਆ, ‘ਚੁੱਪ ਦਾ ਪੱਥਰ ਨਹੀਂ ਟਿਕਣ ਦੇਣਾ ਵਿਚਾਲੇ।’ ਕਰਨਵੀਰ ਅਚਾਨਕ ਬੋਲਿਆ, “ਜੀਤੀ।”
“ਹੂੰ।” ਜੀਤੀ ਨੇ ਬਾਹਰ ਵੱਲ ਦੇਖਦੀ ਨੇ ਹੀ ਕਿਹਾ। ਕਰਨਵੀਰ ਨੂੰ ਉਸ ਦੀ ਆਵਾਜ਼ ਕਿਤੋਂ ਬਹੁਤ ਦੂਰੋਂ ਆਈ ਲੱਗੀ। ਕਰਨਵੀਰ ਦੇ ਦਿਮਾਗ਼ ਵਿਚ ਹੁਣੇ-ਹੁਣੇ ਸ਼ੀਸ਼ੇ ਦੇ ਫਰਸ਼ ‘ਤੇ ਦੇਖਿਆ ਸੀਨ ਆ ਗਿਆ। ਉਸ ਨੇ ਸੋਚਿਆ ਕਿ ਇਸ ਤੋਂ ਵਧੀਆ ਮੌਕਾ ਕੀ ਹੋਵੇਗਾ ਆਪਣੇ ਦਿਲ ਦੀ ਗੱਲ ਕਹਿਣ ਲਈ ਪਰ ਝੱਟ ਗੂਗਲ ਨੇ ਟੋਕ ਦਿੱਤਾ, ‘ਪਹਿਲੀ ਡੇਟ ‘ਤੇ ਵਿਆਹ ਦੀ ਗੱਲ ਨਹੀਂ ਕਰਨੀ’ ਪਰ ਜੀਤੀ ਦੇ ਹੁੰਗਾਰੇ ਤੋਂ ਬਾਅਦ ਕੁਝ ਤਾਂ ਬੋਲਣਾ ਸੀ। ਉਸ ਦੇ ਦਿਮਾਗ਼ ਵਿਚ ਕੋਈ ਹੋਰ ਗੱਲ ਨਾ ਆਈ ਤੇ ਉਸ ਨੇ ਛੇਤੀ ’ਚ ਗੂਗਲ ਤੋਂ ਸਿੱਖਿਆ ਸਵਾਲ ਹੀ ਦਾਗ ਦਿੱਤਾ, “ਕਿਹੜੀ ਗੱਲ ਤੈਨੂੰ ਸਭ ਤੋਂ ਜ਼ਿਆਦਾ ਤੰਗ ਕਰਦੀ ਏ?” ਜੀਤੀ ਨੇ ਉਸ ਵੱਲ ਦੇਖਿਆ ਤੇ ਖਿੜ-ਖਿੜਾ ਕੇ ਹੱਸ ਪਈ। ਉਹ ਭੁਚੱਕਾ ਉਸ ਵੱਲ ਦੇਖਣ ਲੱਗਾ। ਹੱਸਦੀ ਜੀਤੀ ਉਸ ਨੂੰ ਹੋਰ ਵੀ ਸੋਹਣੀ ਲੱਗੀ। ਉਹ ਬੋਲੀ, “ਤੂੰ ਸਾਰੇ ਸਵਾਲ ਗੂਗਲ ਤੋਂ ਪੜ੍ਹ ਕੇ ਆਇਐਂ?”
“ਤੈਨੂੰ ਕਿਵੇਂ ਪਤਾ ਏ? ਤੂੰ ਵੀ ਪੜ੍ਹਿਆ ਸੀ?”
“ਤੈਨੂੰ ਐਨਾ ਫਾਰਮਲ ਹੋਣ ਦੀ ਲੋੜ ਨਹੀਂ। ਬੀ ਯੂਅਰ ਸੈਲਫ।”
ਉਹ ਝੇਂਪ ਗਿਆ। ਜੀਤੀ ਬੋਲੀ, “ਓਧਰ ਨਿਆਗਰਾ ਫਾਲਜ਼ ਐ। ਆਪਾਂ ਕਿਸੇ ਦਿਨ ਓਥੇ ਵੀ ਚੱਲਾਂਗੇ। ਕਈ ਵਾਰ ਕਹਿੰਦੇ ਇੱਥੋਂ ਵੀ ਦਿਸ ਪੈਂਦਾ। ਟੈਲੀਸਕੋਪ ਰਾਹੀਂ ਟਰਾਈ ਕਰੀਏ?”
ਕਰਨਵੀਰ ਨੇ ਦੂਰਬੀਨ ਵਿਚ ਸਿੱਕਾ ਪਾ ਦਿੱਤਾ ਤੇ ਕਿਹਾ, “ਤੂੰ ਦੇਖ ਪਹਿਲਾਂ।”
ਜੀਤੀ ਕੁਝ ਦੇਰ ਦੂਰਬੀਨ ਰਾਹੀਂ ਦੇਖਦੀ ਰਹੀ, ਫਿਰ ਬੋਲੀ, “ਹੁਣ ਤੂੰ ਦੇਖ।” ਦੂਰਬੀਨ ਬੰਦ ਹੋਣ ਦੇ ਸਕਿੰਟ ਘਟ ਰਹੇ ਸਨ। ਕਰਨਵੀਰ ਨੇ ਇਕ ਸਿੱਕਾ ਹੋਰ ਪਾ ਦਿੱਤਾ ਤੇ ਬੋਲਿਆ, “ਤੂੰ ਦੇਖੀ ਚੱਲ।” ਉਸ ਨੇ ਚਿੱਤ ‘ਚ ਹੀ ਕਿਹਾ, ‘ਮੈਂ ਤਾਂ ਤੈਨੂੰ ਦੇਖਣਾ ਚਾਹੁੰਨਾ ਵਾਂ।’ ਫਿਰ ਆਖਿਆ, “ਤੇਰੀ ਫੋਟੋ ਖਿੱਚ ਦਿਆਂ?”
“ਸ਼ਿਓਰ।” ਦੂਰਬੀਨ ਰਾਹੀਂ ਦੇਖਦੀ ਜੀਤੀ ਨੇ ਜਵਾਬ ਦਿੱਤਾ। ਕਰਨਵੀਰ ਜੀਤੀ ਅਤੇ ਬਾਹਰ ਦਿਸਦੇ ਨਜ਼ਾਰੇ ਨੂੰ ਇਕੱਠਿਆਂ ਕੈਮਰੇ ਵਿਚ ਸੰਭਾਲ਼ਣਾ ਚਾਹੁੰਦਾ ਸੀ ਪਰ ਬਾਹਰ ਜ਼ਿਆਦਾ ਰੋਸ਼ਨੀ ਸੀ ਤੇ ਜੀਤੀ ਦੇ ਚਿਹਰੇ ‘ਤੇ ਹਨੇਰਾ ਪੈ ਰਿਹਾ ਸੀ। ਕਰਨਵੀਰ ਨੇ ਫੋਟੋਆਂ ਖਿੱਚਣ ਵਾਲੀ ਝੜੀ ਲਗਾ ਦਿੱਤੀ ਪਰ ਜਿੰਨੀ ਸੋਹਣੀ ਜੀਤੀ ਉਸ ਨੂੰ ਲਗਦੀ ਸੀ, ਓਨੀ ਸੋਹਣੀ ਫ਼ੋਟੋ ਨਹੀਂ ਆ ਰਹੀ ਸੀ। ਕਰਨਵੀਰ ਨੇ ਖਿੱਚੀ ਫੋਟੋ ਦੇਖਣੀ ਹੀ ਛੱਡ ਦਿੱਤੀ ਤੇ ਲਗਾਤਾਰ ਨਵੀਆਂ ਖਿੱਚਦਾ ਰਿਹਾ। ਕੁਝ ਦੇਰ ਬਾਅਦ ਜੀਤੀ ਬੋਲੀ, “ਲਿਆ ਹੁਣ ਤੇਰੀ ਖਿੱਚ ਦਿਆਂ।” ਕਰਨਵੀਰ ਦੇ ਚਿੱਤ ‘ਚ ਆਈ, ‘ਮੇਰੀ ‘ਕੱਲੇ ਦੀ ਕੀ ਖਿੱਚਣੀ ਏ? ਜੇ ਖਿਚਵਾਉਣੀ ਏ ਤਾਂ ਆਪਣੇ ਨਾਲ਼ ਖਿੱਚਵਾ’ ਪਰ ਉਸ ਨੇ ਇਹ ਕਿਹਾ ਨਹੀਂ। ਇੰਨੀ ਦੇਰ ਵਿਚ ਜੀਤੀ ਨੇ ਆਪਣਾ ਫੋਨ ਸਿੱਧਾ ਕੀਤਾ ਤੇ ਫੋਟੋ ਖਿੱਚ ਰਹੇ ਕਰਨਵੀਰ ਨੂੰ ਬੋਲੀ, “ਸਮਾਈਲ।”
ਕਰਨਵੀਰ ਨੂੰ ਪਤਾ ਸੀ ਕਿ ਉਸ ਦੀ ਮੁਸਕਰਾਹਟ ਕਿਸ ਕੋਨ ਤੋਂ ਜ਼ਿਆਦਾ ਸੋਹਣੀ ਲਗਦੀ ਹੈ। ਉਹੀ ਪਾਸਾ ਜੀਤੀ ਵੱਲ ਕਰ ਕੇ ਉਹ ਮੁਸਕਰਾ ਪਿਆ। ਜੀਤੀ ਨੇ ਲਗਾਤਾਰ ਤਿੰਨ-ਚਾਰ ਫੋਟੋ ਖਿੱਚੀਆਂ ਤੇ ਉਨ੍ਹਾਂ ਵੱਲ ਦੇਖਦੀ ਬੋਲੀ, “ਤੇਰੀ ਜਿਹੜੀ ਫੋਟੋ ਮੈਨੂੰ ਚਾਹੀਦੀ ਸੀ, ਉਹ ਮਿਲ ਗਈ।”
“ਲਿਆ ਦਿਖਾ।” ਆਖਦਾ ਕਰਨਵੀਰ ਉਸ ਦੇ ਪਿੱਛੇ ਖੜ੍ਹ ਗਿਆ। ਜੀਤੀ ਨੇ ਫੋਨ ਪੁੱਠਾ ਕਰ ਕੇ ਕਿਹਾ, “ਇਹ ਮੇਰੀ ਐ।”
ਇਹ ਸੁਣ ਕੇ ਕਰਨਵੀਰ ਦੇ ਅੰਦਰ ਤਰੰਗ ਉੱਠੀ। ਉਸ ਅੰਦਰ ਫਿਰ ਖਾਹਿਸ਼ ਜਾਗੀ ਕਿ ਉਹ ਜੀਤੀ ਦੇ ਨਾਲ਼ ‘ਸਿਲਫੀ’ ਖਿੱਚੇ। ਫਿਰ ਉਸ ਨੂੰ ਆਪ ਹੀ ਇਹ ਠੀਕ ਨਾ ਲੱਗਾ। ਉਸ ਨੇ ਕਿਹਾ, “ਚੰਗਾ ਜੇ ਨਹੀਂ ਦਿਖਾਉਣੀ ਤਾਂ ਨਾ ਦਿਖਾ। ਮੈਂ ਵੀ ਤੇਰੀ ਕੋਈ ਫੋਟੋ ਤੈਨੂੰ ਫਾਰਵਰਡ ਨਹੀਂ ਕਰਨੀ।”
“ਦੈਟਸ ਨਾਟ ਫੇਅਰ।”
ਮੁਸਕਰਾ ਕੇ ਉਹ ਫਿਰ ਫੋਟੋ ਖਿੱਚਣ ਲੱਗਾ। ਜੀਤੀ ਨੇ ਘੂਰੀ ਵੱਟ ਕੇ ਕਿਹਾ, “ਜੇ ਨਹੀਂ ਮੈਨੂੰ ਭੇਜਣੀਆਂ ਤਾਂ ਮੇਰੀ ਫੋਟੋ ਨਾ ਖਿੱਚ।”
ਕਰਨਵੀਰ ਨੂੰ ਉਸ ਦੀ ਇਹ ਅਦਾ ਹੋਰ ਵੀ ਖ਼ੂਬਸੂਰਤ ਲੱਗੀ; ਤੇ ਜਲਦੀ ਨਾਲ਼ ਫੋਟੋ ਖਿੱਚ ਦਿੱਤੀ। ਫਿਰ ਫੋਟੋ ਨੂੰ ਦੇਖ ਕੇ ਉਸ ਨੇ ਆਖਿਆ, “ਇਹ ਸੀ ਫੋਟੋ ਜਿਹੜੀ ਮੈਨੂੰ ਚਾਹੀਦੀ ਸੀ।”
“ਲਿਆ ਦਿਖਾ।”
“ਨਾ, ਇਹ ਤਾਂ ਸਿਰਫ ਮੇਰੇ ਲਈ ਏ।” ਆਖ ਕੇ ਕਰਨਵੀਰ ਨੇ ਫੋਨ ਜੇਬ ਵਿਚ ਪਾ ਲਿਆ।
ਵਾਪਸੀ ‘ਤੇ ਬੱਸ ਵਿਚ ਬੈਠਿਆਂ ਕਰਨਵੀਰ ਦੇ ਮਨ ਵਿਚ ਉਹੀ ਫੋਟੋ ਦੇਖਣ ਦੀ ਇੱਛਾ ਜਾਗੀ। ਉਹ ਖਿੱਚੀਆਂ ਫੋਟੋ ਫਰੋਲਣ ਲੱਗਾ। ਜੀਤੀ ਉਨ੍ਹਾਂ ਵੱਲ ਦੇਖਣ ਲੱਗੀ ਤਾਂ ਕਰਨਵੀਰ ਨੇ ਫੋਨ ਦੂਜੇ ਪਾਸੇ ਕਰ ਲਿਆ। ਜੀਤੀ ਬੋਲੀ, “ਰੀਮੈਂਬਰ? ਗੂਗਲ ਕਹਿੰਦੈ ਕਿ ਪਹਿਲੀ ਡੇਟ ‘ਤੇ ਫੋਨ ਨਹੀਂ ਖੋਲ੍ਹਣਾ।” ਇਹ ਆਖ ਕੇ ਉਹ ਹੱਸ ਪਈ। ਕਰਨਵੀਰ ਨੇ ਮੁਸਕਰਾ ਕੇ ਫੋਨ ਬੰਦ ਕਰ ਦਿੱਤਾ। ਕੁਝ ਪਲ ਚੁੱਪ ਰਿਹਾ। ਫਿਰ ਉਸ ਨੇ ਕਿਹਾ, “ਜੀਤੀ, ਮੈਂ ਇਕ ਗੱਲ ਕਰਨੀ ਏ।”
“ਹਾਂ, ਕਰ।”
“ਮੈਂ ਤੇਰੇ ਤੋਂ ਉਮਰ ‘ਚ ਚਾਰ-ਪੰਜ ਸਾਲ ਵੱਡਾ ਵਾਂ।”
“ਫੇਰ ਕੀ ਐ।”
“ਆਪਣੇ ਮਾਪਿਆਂ ਨੂੰ ਪੁੱਛ ਲੈ। ਉਨ੍ਹਾਂ ਨੂੰ ਆਖ ਕਿ ਇੰਡੀਆ ਮੇਰਾ ਘਰ-ਪਰਿਵਾਰ ਦੇਖ ਆਉਣ।”
“ਵਿਆਹ ਮੈਂ ਕਰਵਾਉਣੈ, ਮੇਰੇ ਮਾਂ-ਬਾਪ ਨੇ ਨਹੀਂ।”
“ਫਿਰ ਵੀ। ਮੇਰੇ ਘਰਦੇ ਕੋਈ ਅਮੀਰ ਨਹੀਂ। ਛੋਟਾ ਜਿਹਾ ਸਾਡਾ ਘਰ ਏ ਇੰਡੀਆ। ਮਸਾਂ ਹੀ ਗੁਜ਼ਾਰਾ ਚੱਲਦਾ ਏ। ਕੱਲ੍ਹ ਨੂੰ ਆਪਣੀ ਗੱਲ ਅੱਗੇ ਵਧ ਗਈ ਤੇ ਤੇਰੇ ਘਰਦਿਆਂ ਨੂੰ ਕੋਈ ਇਤਰਾਜ਼ ਹੋਇਆ ਫੇਰ?”
“ਮੈਂ ਆਪਣੇ ਘਰਦਿਆਂ ਨਾਲ਼ ਇਹ ਗੱਲ ਪਹਿਲਾਂ ਹੀ ਕਲੀਅਰ ਕੀਤੀ ਹੋਈ ਐ ਕਿ ਉਸ ਨਾਲ਼ ਹੀ ਵਿਆਹ ਕਰਵਾਉਣੈ, ਜਿਹੜਾ ਮੈਨੂੰ ਪਸੰਦ ਆਊ।”
“ਠੀਕ ਏ ਫੇਰ ਤਾਂ।”
“ਤੇਰੀ ਕੀ ਪਲੈਨਿੰਗ ਐ?” ਜੀਤੀ ਨੇ ਕਰਨਵੀਰ ਵੱਲ ਦੇਖਦੀ ਨੇ ਪੁੱਛਿਆ।
“ਪਹਿਲੀ ਪਲੈਨਿੰਗ ਤਾਂ ਇੱਥੇ ਪੱਕਾ ਹੋਣ ਦੀ ਏ। ਬਾਕੀ ਬਾਰੇ ਕੁਝ ਨਹੀਂ ਸੋਚਿਆ।”
“ਪੱਕਾ ਤਾਂ ਹੋ ਈ ਜਾਣੈ ਹੁੰਦੈ। ਟਾਈਮ ਦਾ ਈ ਐ ਜਾਂ ਖਰਚ ਦਾ, ਕਿਸੇ ਦਾ ਵੱਧ ਲੱਗ ਜਾਂਦੈ, ਕਿਸੇ ਦਾ ਘੱਟ।”
“ਜੀਤੀ, ਤੈਨੂੰ ਵੀ ਪੱਕੇ ਹੋਣ ਲਈ ਐੱਲ ਐੱਮ ਆਈ ਏ ਖਰੀਦਣੀ ਪਵੇਗੀ?”
“ਨਹੀਂ, ਮੇਰੇ ਪੁਆਇੰਟ ਬਣ ਜਾਣੇ ਆ। ਜਿਹੜੇ ਸਟੂਡੈਂਟਾਂ ਦੀ ਪੜ੍ਹਾਈ ਪੂਰੀ ਨਹੀਂ ਹੁੰਦੀ ਜਾਂ ਕੋਈ ਅੜਚਣ ਆ ਜਾਂਦੀ ਐ, ਉਹਨਾਂ ਨੂੰ ਈ ਲੈਣੀ ਪੈਂਦੀ ਐ।”
“ਫੇਰ ਤਾਂ ਠੀਕ ਏ।”
“ਮੈਂ ਤੇਰੀ ਟਰੱਕ ਚਲਾਉਣ ਬਾਰੇ ਪਲੈਨਿੰਗ ਪੁੱਛਦੀ ਸੀ। ਤੂੰ ਇਸੇ ਪ੍ਰੋਫੈਸ਼ਨ ‘ਚ ਹੀ ਰਹੇਂਗਾ ਕਿ ਪੱਕਾ ਹੋ ਕੇ ਕੋਈ ਹੋਰ ਕੰਮ ਕਰਨ ਦਾ ਇਰਾਦੈ?
“ਮੇਰਾ ਵਕੀਲ ਕਹਿੰਦਾ ਏ ਕਿ ਟਰੱਕ ਚਲਾਉਣ ਨਾਲ਼ ਨਾਲ਼ੇ ਕਮਾਈ ਜ਼ਿਆਦਾ ਹੋ ਜਾਂਦੀ ਏ, ਨਾਲ਼ੇ ਛੇਤੀ ਪੱਕਾ ਹੋ ਜਈਦਾ ਏ। ਮੇਰਾ ਅਸਲੀ ਗੋਲ ਤਾਂ ਆਵਦੀ ਬੇਕਰੀ ਖੋਲ੍ਹਣ ਦਾ ਏ, ਜਦੋਂ ਕੁਝ ਡਾਲਰ ਸੇਵ ਹੋ ਗਏ।”
“ਸਪੇਨ ‘ਚ ਇਹੀ ਕੰਮ ਕਰਦਾ ਸੀ ਨਾ ਤੂੰ?”
“ਹਾਂ, ਪਹਿਲਾਂ ਸਾਲ-ਡੇਢ ਸਾਲ ਰੈਸਟੋਰੈਂਟ ‘ਚ, ਫੇਰ ਬੇਕਰੀ ‘ਚ। ਮੈਂ ਜਾਣਦਾ ਵਾਂ ਸਾਰਾ ਕੰਮ।”
“ਕਈ ਵਾਰੀ ਮੇਰੇ ਮਨ ‘ਚ ਡਰ ਜਿਹਾ ਉੱਠਦਾ ਕਿ ਕਿਤੇ ਟਰੱਕ ਚਲਾਉਣ ਆਲੇ ਕੰਮ ‘ਚ ਸਟੱਕ ਹੀ ਨਾ ਹੋ ਜਾਵੇਂ।” ਆਖ ਕੇ ਜੀਤੀ ਨੇ ਕਰਨਵੀਰ ਵੱਲ ਦੇਖਿਆ। ਫਿਰ ਬੋਲੀ, “ਮੈਂ ਇਉਂ ਨੀ ਕਹਿੰਦੀ ਕਿ ਇਹ ਕੰਮ ਮਾੜਾ ਆ ਪਰ ਟਰੱਕਾਂ ਵਾਲਿਆਂ ਨੂੰ ਕਿੰਨੇ-ਕਿੰਨੇ ਦਿਨ ਘਰੋਂ ਬਾਹਰ ਰਹਿਣਾ ਪੈਂਦਾ।”
“ਪੀ ਆਰ ਹੋਣ ਲਈ ਕਰਨਾ ਤਾਂ ਪੈਣਾ ਈ ਆ ਪਹਿਲਾਂ ਪਹਿਲਾਂ। ਸੱਚ ਜੀਤੀ, ਤੈਨੂੰ ਉਸ ਦੀ ਜੌਬ ਮਿਲ ਜਾਵੇਗੀ ਜਿਹੜਾ ਤੂੰ ਕੋਰਸ ਕਰਦੀ ਏਂ?”
“ਲਗਦਾ ਨਹੀਂ। ਹਰ ਦੂਜਾ ਸਟੂਡੈਂਟ ਬਿਜ਼ਨਸ ਐਡਮਨਿਸਟਰੇਸ਼ਨ ਦਾ ਕੋਰਸ ਕਰੀ ਜਾਂਦੈ। ਇਹ ਤਾਂ ਪੀ ਆਰ ਹੋਣ ਲਈ ਹੀ ਕਰਦੀ ਆਂ। ਚੰਗੀ ਜੌਬ ਲੈਣ ਲਈ ਕੋਈ ਹੋਰ ਕੋਰਸ ਕਰਨਾ ਪਊ। ਪੀ ਆਰ ਹੋ ਕੇ ਕਰੂੰਗੀ, ਉਦੋਂ ਫੀਸ ਵੀ ਘੱਟ ਦੇਣੀ ਪਵੇਗੀ। ਹੁਣ ਤਾਂ ਤਿੱਗਣੀ ਫੀਸ ਆ।”
“ਇੰਡੀਆ ‘ਚ ਬੈਠਿਆਂ ਨੂੰ ਪਤਾ ਨਹੀਂ ਹੁੰਦਾ ਨਾ ਕਿ ਕਿਹੜਾ ਕੋਰਸ ਬਾਅਦ ‘ਚ ਕੰਮ ਆਵੇਗਾ। ਉਦੋਂ ਤਾਂ ਪੀ ਆਰ ਹੋਣਾ ਈ ਨਿਸ਼ਾਨਾ ਹੁੰਦਾ ਏ। ਜਦੋਂ ਪੱਕੇ ਹੋ ਗਏ, ਮੈਂ ਕੰਮ ਕਰੀ ਜਾਊਂ, ਤੂੰ ਕੋਈ ਕੋਰਸ ਕਰ ਲਵੀਂ।” ਇਹ ਆਖ ਕੇ ਕਰਨਵੀਰ ਨੇ ਜੀਤੀ ਦੇ ਚਿਹਰੇ ‘ਤੇ ਨਿਗ੍ਹਾ ਟਿਕਾ ਲਈ। ਜੀਤੀ ਨੇ ਉਸ ਵੱਲ ਦੇਖਿਆ ਤੇ ਬੋਲੀ, “ਆਪਣੇ ਕੋਲ ਬਹੁਤ ਟਾਈਮ ਐ। ਇਕ-ਦੂਜੇ ਨੂੰ ਹੋਰ ਜਾਣ ਲਈਏ ਪਹਿਲਾਂ।”
‘ਟਰੱਕ ਦਾ ਲਾਈਸੰਸ ਲੈਣਾ ਹੀ ਪਵੇਗਾ।’ ਕਰਨਵੀਰ ਨੇ ਸੋਚਿਆ ਪਰ ਇਹ ਕਿਹਾ ਨਾ। (ਚੱਲਦਾ)