ਕੀ ਪਹਿਲੇ ਪੰਜ ਪਿਆਰੇ ਹਿੰਦੂ ਸਨ?

ਗੁਰਚਰਨਜੀਤ ਸਿੰਘ ਲਾਂਬਾ
ਸੋਸ਼ਲ ਮੀਡੀਆ ਦੇ ਅਜੋਕੇ ਦੌਰ ਵਿਚ ਮਰਮਰਜ਼ੀਆਂ ਦੀ ਅਜਿਹੀ ਹਵਾ ਵਗੀ ਹੈ ਕਿ ਤੱਥਾਂ ਬਾਰੇ ਕੋਈ ਘੋਖ-ਪੜਤਾਲ ਕੀਤੇ ਬਗੈਰ ਅਜਿਹੀਆਂ ਰਚਨਾਵਾਂ ਵੀ ਵੱਖ-ਵੱਖ ਮੰਚਾਂ ਉਤੇ ਗੇੜੇ ਕੱਢਦੀਆਂ ਰਹਿੰਦੀਆਂ ਹਨ ਜਿਨ੍ਹਾਂ ਦਾ ਹਕੀਕਤ ਨਾਲ ਕੋਈ ਮੇਲ ਨਹੀਂ ਬਣਦਾ। ਅਜਿਹੀ ਇਕ ਰਚਨਾ ਅਤੇ ਆਪ-ਹੁਦਰੇਪਨ ਬਾਰੇ ਚਰਚਾ ਗੁਰਚਰਨਜੀਤ ਸਿੰਘ ਲਾਂਬਾ ਨੇ ਆਪਣੇ ਇਸ ਲੇਖ ਵਿਚ ਕੀਤੀ ਹੈ।

‘ਪਾਂਚ ਹਿੰਦੂ ਹੀ ਪਹਿਲੇ ‘ਪੰਜ ਪਿਆਰੇ` ਸਜੇ ਥੇ।` ਤਰਲੋਚਨ ਸਿੰਘ ਦਾ ਲਿਖਿਆ ਲੇਖ ਵੱਡੀ ਗਿਣਤੀ ਵਿਚ ਗਸ਼ਤ ਕਰ ਰਿਹਾ ਹੈ। ਇਸ ਨੇ ਪੰਥਕ ਹਲਕਿਆਂ ਵਿਚ ਹਲਚਲ ਪੈਦਾ ਕੀਤੀ ਹੈ ਪਰ ਧਾਰਮਿਕ ਅਤੇ ਇਤਿਹਾਸਕ ਪੱਖੋਂ ਇਹ ਬੇਬੁਨਿਆਦ ਅਤੇ ਗ਼ਲਤ ਹੈ। ਇਹ ਕਿਉਂ ਅਤੇ ਕਿਸ ਮਕਸਦ ਨਾਲ ਲਿਖਿਆ ਜਾਂ ਲਿਖਵਾਇਆ, ਕਿਹਾ ਨਹੀਂ ਜਾ ਸਕਦਾ ਪਰ ਜੇ ਇਸ ਨੂੰ ਅਣਗੌਲਿਆ ਕੀਤਾ ਜਾਂਦਾ ਹੈ ਤਾਂ ਇਹ ਭਵਿੱਖ ਵਿਚ ਕਈ ਭਰਮ-ਭੁਲੇਖੇ ਪੈਦਾ ਕਰ ਸਕਦਾ ਹੈ। ਇਸ ਵਿਚ ਗੁਰ ਅਤੇ ਸਿੱਖ ਇਤਿਹਾਸ ਬਾਰੇ ਕਈ ਮਨਘੜਤ ਗੱਲਾਂ ਕਰ ਕੇ ਨਵਾਂ ਹੀ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਲਈ ਇਸ ਬਾਰੇ ਵਿਚਾਰ ਜ਼ਰੂਰੀ ਹੈ ਤਾਂ ਕਿ ਸਹੀ ਤੱਥ ਪੇਸ਼ ਕੀਤੇ ਜਾ ਸਕਣ।
ਸਿੱਖ ਪੰਥ ਦੀ ਨੀਂਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰੱਖੀ। ਇਸ ਕ੍ਰਿਸ਼ਮੇ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕਲਮਬੱਧ ਕੀਤਾ:
ਤਿਨ ਬੇਦੀਯਨ ਕੇ ਕੁਲ ਬਿਖੇ ਪ੍ਰਗਟੇ ਨਾਨਕ ਰਾਇ॥
ਸਭ ਸਿਖਨ ਕੋ ਸੁਖ ਦਏ ਜਹ ਤਹ ਭਏ ਸਹਾਇ॥4॥
ਤਿਨ ਇਹ ਕਲ ਮੋ ਧਰਮ ਚਲਾਯੋ॥ ਸਭ ਸਾਧਨ ਕੋ ਰਾਹੁ ਬਤਾਯੋ॥
ਜੋ ਤਾ ਕੇ ਮਾਰਗ ਮਹਿ ਆਏ॥ ਤੇ ਕਬਹੂੰ ਨਹਿ ਪਾਪ ਸੰਤਾਏ॥5॥
ਉਪਰੰਤ ਨੌਂ ਗੁਰੂ ਸਾਹਿਬਾਨ ਨੇ ਇਸ ਮਹਿਲ ਨੂੰ ਸੁਦ੍ਰਿੜ ਕੀਤਾ। ਫਿਰ 1699 ਦੀ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਬਾਟੇ ਦੀ ਪਾਹੁਲ ਦੇ ਕੇ ਇਸ ਨੂੰ ਸੰਪੂਰਨ ਕੀਤਾ ਅਤੇ ਇਸ ਤਰ੍ਹਾਂ ਗੁਰੂ ਪੰਥ ਵਿਚ ਤਬਦੀਲ ਕਰ ਦਿੱਤਾ। ਪ੍ਰੋ. ਪੂਰਨ ਸਿੰਘ ਵੀ ਕਹਿ ਉਠਿਆ:
ਪੰਜਾਬ ਨਾ ਹਿੰਦੂ ਨਾ ਮੁਸਲਮਾਨ
ਪੰਜਾਬ ਜੀਂਦਾ ਗੁਰਾਂ ਦੇ ਨਾਮ ‘ਤੇ।
ਗੁਰੂ ਗੋਬਿੰਦ ਸਿੰਘ ਜੀ ਵਲੋਂ ਅੰਮ੍ਰਿਤ ਦੀ ਦਾਤ ਦੇਣ ਤੋਂ ਪਹਿਲਾਂ ਹੀ ਸਿੱਖ ਅਤੇ ਸਿੱਖੀ ਪੂਰੀ ਤਰ੍ਹਾਂ ਸੁਦ੍ਰਿੜ ਅਤੇ ਸੰਸਥਾਗਤ ਹੋ ਚੁੱਕੇ ਸਨ। ਹੁਣ ਜੇ ਹਿੰਦੂਆਂ ਨੂੰ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰੇ ਸਾਜਿਆ ਸੀ ਤਾਂ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 1699 ਦੀ ਵਿਸਾਖੀ ਤੱਕ ਗੁਰੂ ਕਾਲ ਦੀ ਘਾਲਣਾ ਨਾਲ ਤਿਆਰ ਕੀਤੇ ਸਿੱਖ ਕਿੱਥੇ ਸਨ? ਇਸ ਲੇਖ ਮੁਤਾਬਿਕ ਤਾਂ 1469 ਤੋਂ 1699 ਤਕ ਦੀ ਸਾਰੀ ਘਾਲਣਾ ਹੀ ਲੋਪ ਕਰ ਦਿੱਤੀ ਗਈ ਹੈ। ਗੁਰੂ ਗੋਬਿੰਦ ਸਿੰਘ ਜੀ ਨੂੰ ਸੀਸ ਭੇਟ ਕਰਨ ਵਾਲੇ ਮਹਾਨ ਸੂਰਬੀਰ ਪੰਜ ਪਿਆਰੇ ਗੁਰੂ ਕੇ ਅਨਿੰਨ ਸਿੱਖ ਸਨ। ਉਹਨਾਂ ਨੂੰ ਹਿੰਦੂ ਕਹਿਣਾ ਮਹਾਨ ਯੋਧਿਆਂ ਨੂੰ ਸਿੱਖੀ ਤੋਂ ਮਹਿਰੂਮ ਕਰਨਾ ਅਤੇ ਧਾਰਮਿਕ ਅਵੱਗਿਆ ਹੈ।
ਗੁਰੂ ਨਾਨਕ ਦੇਵ ਜੀ ਨੇ ਤਾਂ ਪਹਿਲੇ ਜਾਮੇ ਵਿਚ ਹੀ ਸਿੱਖ ਬਣਨ ਲਈ ਸ਼ਰਤ ਰੱਖ ਦਿੱਤੀ ਸੀ:
ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰ ਧਰੀਜੈ॥
ਸਿਰੁ ਦੀਜੈ ਕਾਣਿ ਨ ਕੀਜੈ॥20॥ (ਮ. 1, ਪੰਨਾ 1412)
ਇਸ ਤਰ੍ਹਾਂ ਜਿਹੜੇ ਵੀ ਗੁਰੂ ਜੀ ਦੇ ਮਾਰਗ ‘ਤੇ ਆਏ, ਉਹ ਗੁਰੂ ਕੇ ਸਿੱਖ ਸਨ ਅਤੇ ਉਹਨਾਂ ਬਾਰੇ ਭਾਈ ਗੁਰਦਾਸ ਜੀ ਨੇ ਕਿਹਾ:
ਸੁਣੀ ਪੁਕਾਰਿ ਦਾਤਾਰ ਪ੍ਰਭੁ ਗੁਰੁ ਨਾਨਕ ਜਗ ਮਾਹਿ ਪਠਾਇਆ।
ਚਰਨ ਧੋਇ ਰਹਰਾਸਿ ਕਰਿ ਚਰਣਾਮ੍ਰਿਤੁ ਸਿਖਾਂ ਪੀਲਾਇਆ।
ਬਿਲਕੁਲ ਇਸੇ ਤਰਜ਼ ‘ਤੇ ਹੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਬਚਨ ਨੂੰ ਨੰਗੀ ਸ੍ਰੀ ਸਾਹਿਬ ਲੈ ਕੇ ਸਿਰ ਦੀ ਮੰਗ ਕੀਤੀ ਸੀ ਕਿ ਜੋ ਵੀ ਇਸ ਪ੍ਰੇਮ ਦੇ ਮਾਰਗ ਤੇ ਤੁਰਨਾ ਚਾਹੁੰਦੇ ਹਨ, ਜੋ ਵੀ ਪਿਆਰੇ ਅਖਵਾਉਣਾ ਚਾਹੁੰਦੇ ਹਨ, ਉਹ ਆਪਣਾ ਸੀਸ ਭੇਟ ਕਰਨ। ਇਸ ਤਰ੍ਹਾਂ ਚਰਨਾਮ੍ਰਿਤ ਤੋਂ ਖੰਡੇ ਦੀ ਪਾਹੁਲ ਦਾ ਸਫ਼ਰ ਤੈਅ ਪਾਇਆ ਗਿਆ।
ਇੱਥੇ ਗੁਰੂ ਜੀ ਨੇ ਸਿੱਖ ਸੰਗਤ ਸੱਦਾ ਦਿੱਤਾ ਸੀ ਅਤੇ ਸਿੱਖ ਸੰਗਤਾਂ ਹੀ ਜੁੜੀਆਂ ਸਨ।
ਦੋਹਰਾ: ਭਯੋ ਮੇਲ ਜਬਿ ਅਨੰਪੁਰਿ ਚਹੁਦਿਸ਼ਿ ਤੇ ਸਿਖ ਆਇ॥
ਭਈ ਭੀਰ ਦੀਰਘ ਤਹਾਂ ਦਰਸ ਚਾਹਿ ਅਧਿਕਾਇ॥1॥
ਇਸ ਮੁਕਾਮ ਤਕ ਪਹੁੰਚਣ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਕੀਤੀਆਂ ਅਤੇ ਥਾਂ-ਥਾਂ ਧਰਮਸਾਲਾ ਅਤੇ ਸੰਗਤਾਂ ਕਾਇਮ ਕੀਤੀਆਂ; ਜਿਵੇਂ ਛੋਟੀ ਸੰਗਤ, ਬੜੀ ਸੰਗਤ, ਕੱਚੀ ਸੰਗਤ, ਪੱਕੀ ਸੰਗਤ ਆਦਿ; ਤੇ ਇਹ ਸਿਲਸਿਲਾ ਬਾਅਦ ਵਿਚ ਵੀ ਗੁਰੂ ਕਾਲ ਵਿਚ ਜਾਰੀ ਰਿਹਾ। ਇਹਨਾਂ ਸੰਗਤਾਂ ਨੂੰ ਪੱਕੇ ਤੌਰ ‘ਤੇ ਧੁਰੇ ਨਾਲ ਜੋੜਨ ਲਈ ਗੁਰੂ ਅਮਰਦਾਸ ਜੀ ਨੇ ਮੰਜੀਆਂ ਸਥਾਪਤ ਕੀਤੀਆਂ ਅਤੇ ਮਸੰਦ ਥਾਪੇ।
ਗੁਰੂ ਜੀ ਦੇ ਮਾਰਗ ਨੂੰ ਅਪਣਾਉਣ ਵਾਲੇ ਸਿੱਖ ਅਖਵਾਏ। ਸ਼ਬਦ ਸਿੱਖ ਕਿਸੇ ਵੇਦ, ਪੁਰਾਣ, ਸ਼ਾਸਤਰ ਵਿਚ ਨਹੀਂ ਸੀ ਪਰ ਗੁਰੂ ਨਾਨਕ ਦੇਵ ਜੀ ਤੋਂ ਆਰੰਭ ਹੋ ਕੇ ਸਿੱਖ, ਗੁਰਸਿੱਖ, ਗੁਰਬਾਣੀ, ਗੁਰ ਇਤਿਹਾਸ ਅਤੇ ਸਿੱਖ ਪ੍ਰੰਪਰਾ ਵਿਚ ਇਹ ਲਫ਼ਜ਼ ਪੂਰੀ ਤਰ੍ਹਾਂ ਮਕਬੂਲ ਹੋ ਗਿਆ:
ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ॥ (ਮ. 3, ਪੰਨਾ 920)
ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ (ਮ. 3 ਪੰਨਾ 602)
ਨਾਮੁ ਜਪਹੁ ਮੇਰੇ ਗੁਰਸਿਖ ਮੀਤਾ॥ ਨਾਮੁ ਜਪਹੁ ਨਾਮੇ ਸੁਖ ਪਾਵਹੂ (ਮ. 4ਪੰਨਾ367)
ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੋ ਭਲਕੇ ਉਠਿ ਹਰਿ ਨਾਮੁ ਧਿਆਵੈ॥
ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ॥ (ਮ. 4 ਪੰਨਾ 306)
ਗੁਰੂ ਨਾਨਕ ਦੇਵ ਜੀ ਵਲੋਂ ਲਾਏ ਸਿੱਖੀ ਦੇ ਬੂਟੇ ਦੀ ਮਹਿਕ ਕਿਤਨੀ ਫੈਲ ਚੁੱਕੀ ਸੀ ਕਿ ਭਾਈ ਮਨੀ ਸਿੰਘ ਜੀ ਦੁਆਰਾ ਰਚਿਤ ਸਿੱਖਾਂ ਦੀ ਭਗਤ ਮਾਲਾ ਵਿਚ ਤਕਰੀਬਨ ਦੋ ਸੌ ਸਿੱਖਾਂ ਦਾ ਜ਼ਿਕਰ ਹੈ ਅਤੇ ਹਰ ਇਕ ਨੂੰ ਭਾਈ ਲਫ਼ਜ਼ ਨਾਲ ਸੰਬੋਧਨ ਕੀਤਾ ਗਿਆ ਹੈ। ਇਸੇ ਤਰ੍ਹਾਂ ਗੁਰੂ ਹਰਗੋਬਿੰਦ ਜੀ, ਗੁਰੂ ਤੇਗ ਬਹਾਦੁਰ ਜੀ ਦੇ ਹੁਕਮਨਾਮੇ ਮੌਜੂਦ ਹਨ ਜਿਹਨਾਂ ਵਿਚ ਗੁਰੂ ਜੀ ਨੇ ਗੁਰਸਿੱਖਾਂ ਦੇ ਨਾਮ ਅੰਕਤ ਹਨ। ਹੋਰ ਤਾਂ ਹੋਰ, ਗੁਰੂ ਹਰਗੋਬਿੰਦ ਜੀ ਨੇ ਆਪਣੇ ਹੁਕਮਨਾਮੇ ਵਿਚ ਸਿੱਖਾਂ ਬਾਰੇ ਲਿਖਿਆ ਹੈ ਕਿ ਤੁਸੀਂ ਮੇਰਾ ਖਾਲਸਾ ਹੋ। ਖਾਲਸਾ ਉਸ ਜ਼ਮੀਨ ਨੂੰ ਕਿਹਾ ਜਾਂਦਾ ਹੈ ਜੋ ਸਿੱਧੀ ਬਾਦਸ਼ਾਹ ਦੇ ਅਧੀਨ ਹੋਵੇ ਅਤੇ ਜਿਸ ‘ਤੇ ਕੋਈ ਮਾਲੀਆ, ਟੈਕਸ ਜਾਂ ਲਗਾਨ ਨਾ ਹੇਵੇ।
ਇਹ ਗੱਲ ਨਿਰਵਿਵਾਦਤ ਰੂਪ ਵਿਚ ਸਹੀ ਹੈ ਕਿ ਸ਼ੁਰੂ-ਸ਼ੁਰੂ ਵਿਚ ਸਿੱਖੀ ਦੀ ਪਨੀਰੀ ਵਿਚ ਵੱਡਾ ਯੋਗਦਾਨ ਦੇਣ ਵਾਲੇ ਹਿੰਦੂ ਹੀ ਸਨ ਪਰ ਉਹ ਸਿੱਖਾਂ ਦੀਆਂ ਕੁਰਬਾਨੀਆਂ, ਆਚਰਨ ਅਤੇ ਦੂਸਰਿਆਂ ਲਈ ਆਪਾਂ ਵਾਰਨ ਦੇ ਜਜ਼ਬੇ ਤੋਂ ਪ੍ਰਭਾਵਤ ਹੋ ਕੇਸਿੰਘ ਸਜੇ ਸਨ। ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਇਕ ਵਾਰ ਸਿੰਘ ਸਜ ਜਾਣ ਤੋਂ ਬਾਅਦ ਸਿੱਖੀ ਦਾ ਤਿਆਗ ਕਰਨ ਵਾਲਾ ਪਤਿਤ ਹੁੰਦਾ ਹੈ, ਸਹਿਜਧਾਰੀ ਜਾਂ ਹਿੰਦੂ ਨਹੀਂ।
ਇਸ ਤੋਂ ਜ਼ਿਆਦਾਮਹੱਤਵਪੂਰਨ ਗੱਲ ਇਹ ਹੈ ਕਿ ਜਿਵੇਂ ਇਸਲਾਮ, ਮਸੀਹੀ ਜਾਂ ਯਹੂਦੀ ਧਰਮਾਂ ਦਾ ਮੁੱਢ ਤੇ ਸ੍ਰੋਤ, ਉਹਨਾਂ ਦੀਆਂ ਧਾਰਮਿਕ ਪੁਸਤਕਾਂ, ਉਹਨਾਂ ਦੇ ਪੈਗੰਬਰ ਵੀ ਸਾਂਝੇ ਹਨ ਪਰ ਉਹਨਾਂ ਦੀ ਅੱਡਰੀ ਹਸਤੀ ‘ਤੇ ਕਦੀ ਵਿਵਾਦ ਨਹੀਂ ਹੋਇਆ। ਦੂਸਰੇ ਪਾਸੇ ਸਿੱਖ ਅਤੇ ਹਿੰਦੂ ਧਰਮ ਗ੍ਰੰਥ ਵੱਖ-ਵੱਖ ਹਨ ਪਰ ਗੁਰੂ ਜੀ ਨੇ ਗੁਰਬਾਣੀ ਵਿਚ ਪੁਰਾਤਨ ਮਿਥਿਹਾਸਕ ਪਾਤਰਾਂ ਨੂੰ ਅੰਕਤ ਕੀਤਾ। ਪੌਰਾਣਿਕ ਗਾਥਾਵਾਂ ਦੇ ਹਵਾਲੇ ਦਿੱਤੇ ਪਰ ਸ਼ਰਤ ਸਿਰਫ਼ ਇਕ ਸੀ ਕਿ ਸਭ ਦਾ ਕਰਤਾ ਪੁਰਖ ਅਤੇ ਪੂਜਣ ਯੋਗ ਹਸਤੀ ਜਾਂ ਸਤੁਤੀ ਕੇਵਲ ਇਕ ਦੀ ਹੀ ਹੈ।
ਗੁਰੂ ਕਾਲ ਦੌਰਾਨ ਹੀ ਸਿੱਖ ਪੰਥ ਦੇ ਨਿਆਰੇਪਨ ਨੂੰ ਗੁਰੂ ਸਾਹਿਬਾਨ ਨੇ ਨਿਰਣਾਇਕ ਤੌਰ ‘ਤੇ ਪਰਪੱਕ ਕਰ ਦਿੱਤਾ ਸੀ। ਮਸ਼ਹੂਰ ਲੇਖਕ ਖੁਸ਼ਵੰਤ ਸਿੰਘ ਨੇ ਆਪਣੀ ਪੁਸਤਕ ਦੀ ‘ਸਿੱਖਸ’ ਵਿਚ ਅੰਕਤ ਕੀਤਾ ਹੈ:
ਠਹੲ ਾੋਲਲੋੱਨਿਗ ਟਹਅਟ ਂਅਨਅਕ ਹਅਦ ਚਰੲਅਟੲਦ ਨਿ ਹਸਿ ਲiਾੲ ਟਮਿੲ, ਚੋੁਲਦ ਅਟ ਬੲਸਟ ਬੲ ਦੲਸਚਰਬਿੲਦ ਅਸ ਅ ਗਰੋੁਪ ਦਸਿਸੲਨਟਨਿਗ ਾਰੋਮ ਬੋਟਹ ੍ਹਨਿਦੁਸਿਮ ਅਨਦ ੀਸਲਅਮ। (ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਕਾਲ ਵਿਚ ਹੀ ਜਿਹੜੇ ਪੈਰੋਕਾਰ ਬਣਾਏ ਸਨ, ਉਹਨਾਂ ਬਾਰੇ ਇਹ ਕਿਹਾ ਜਾ ਸਕਦਾ ਹੈ ਕਿ ਇਹ ਉਹ ਲੋਕ ਸਨ ਜਿਹਨਾਂ ਨੇ ਆਪਣੇ ਆਪ ਨੂੰ ਇਲਸਾਮ ਅਤੇ ਹਿੰਦੂ ਮਤ ਤੋਂ ਵੱਖ ਕਰ ਲਿਆ ਸੀ।)
ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣਾ ਨਿਸ਼ਾਨਾ ਸਪਸ਼ਟ ਕੀਤਾ:
ਬਿਸਰਿ ਗਈ ਸਭ ਤਾਤਿ ਪਰਾਈ«
ਜਬ ਤੇ ਸਾਧਸੰਗਤਿ ਮੋਹਿ ਪਾਈ«੧«ਰਹਾਉ«
ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ«੧«
ਇਸ ਮਹਾਂ ਵਾਕ ਨੂੰ ਗੁਰੂ ਸਾਹਿਬਾਨ ਨੇ ਅਮਲੀ ਰੂਪ ਵਿਚ ਤਨ ‘ਤੇ ਹੰਢਾਇਆ। ਬਾਬਰ ਦੇ ਹਮਲੇ ਵੇਲੇ ਗੁਰੂ ਨਾਨਕ ਦੇਵ ਜੀ ਨੇ ਹਿੰਦੂ ਮੁਸਲਮਾਨ ਔਰਤਾਂ ‘ਤੇ ਹੁੰਦੇ ਜ਼ੁਲਮਾਂ ਨੂੰ ਦੇਖ ਕੇ ਹਾਅ ਦਾ ਨਾਅਰਾ ਮਾਰਿਆ:
ਮੁਸਲਮਾਨੀਆ ਪੜਹਿ ਕਤੇਬਾ ਕਸ਼ਟ ਮਹਿ ਕਰਹਿ ਖੁਦਾਇ ਵੇ ਲਾਲੇ॥
ਜਾਤਿ ਸਨਾਤੀ ਹੋਰਿ ਹਿਦਵਾਣੀਆ ਏਹਿ ਭੀ ਲੇਖੈ ਲਾਇ ਵੇ ਲਾਲੋ॥
ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੇ॥1॥ (ਮ.1 ਪੰਨਾ 723)
ਇਤਨਾ ਹੀ ਨਹੀਂ, ਗੁਰੂ ਤੇਗ ਬਹਾਦੁਰ ਜੀ ਨੇ ਤਾਂ ਤਿਲਕ ਅਤੇ ਜੰਞੂ ਦੀ ਰਾਖੀ ਦੀ ਖਾਤਰ ਆਪਣੇ ਸੀਸ ਦਾ ਬਲੀਦਾਨ ਦੇ ਦਿੱਤਾ। ਬਾਅਦ ਵਿਚ ਗੁਰੂ ਕੇ ਖਾਲਸੇ ਨੇ ਇਸ ਪਿਰਤ ਨੂੰ ਜਾਨਾਂ ਹੂਲ ਕੇ ਜਾਰੀ ਰੱਖਿਆ।
ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤੇ:
ਜਾ ਤੇ ਛੂਟ ਗਯੋ ਭ੍ਰਮ ਉਰ ਕਾ, ਤਿਸ ਆਗੈ ਹਿੰਦੂ ਕਿਆ ਤੁਰਕਾ॥
ਇਸ ਤਰ੍ਹਾਂ ਬਿਨਾ ਕਿਸੇ ਭੇਦ-ਭਾਵ ਦੇ ਕੇਵਲ ਇਨਸਾਨੀਅਤ ਦੇ ਨਾਤੇ ਆਪਾ ਵਾਰਨ ਦਾ ਇਤਿਹਾਸ ਰਚਿਆ ਪਰ ਇਸ ਦੇ ਨਾਲ ਹੀ ਆਪਣੀ ਨਿਆਰੀ ਹਸਤੀ ਨੂੰ ਵੀ ਕਾਇਮ ਰੱਖਿਆ। ਗੁਰਵਾਕ ਹੈ:
ਵਰਤ ਨ ਰਹਉ ਨ ਮਹ ਰਮਦਾਨਾ«
ਤਿਸੁ ਸੇਵੀ ਜੋ ਰਖੈ ਨਿਦਾਨਾ«੧«
ਏਕੁ ਗੁਸਾਈ ਅਲਹੁ ਮੇਰਾ«
ਹਿੰਦੂ ਤੁਰਕ ਦੁਹਾਂ ਨੇਬੇਰਾ«੧«ਰਹਾਉ«
ਹਜ ਕਾਬੈ ਜਾਉ ਨ ਤੀਰਥ ਪੂਜਾ«
ਏਕੋ ਸੇਵੀ ਅਵਰੁ ਨ ਦੂਜਾ«੨«
ਪੂਜਾ ਕਰਉ ਨ ਨਿਵਾਜ ਗੁਜਾਰਉ«
ਏਕ ਨਿਰੰਕਾਰ ਲੇ ਰਿਦੈ ਨਮਸਕਾਰਉ«੩«
ਨਾ ਹਮ ਹਿੰਦੂ ਨ ਮੁਸਲਮਾਨ«
ਅਲਹ ਰਾਮ ਕੇ ਪਿੰਡੁ ਪਰਾਨ«੪«
ਕਹੁ ਕਬੀਰ ਇਹੁ ਕੀਆ ਵਖਾਨਾ«
ਗੁਰ ਪੀਰ ਮਿਲਿ ਖੁਦਿ ਖਸਮੁ ਪਛਾਨਾ«੫«੩«ਭੈਰਉ ਮਹਲਾ ੫«
ਸੋ ਇਹ ਕਹਿਣਾ ਕਿ ਪਹਿਲੇ ਪੰਜ ਪਿਆਰੇ ਹਿੰਦੂ ਸਨ, ਸਰਾਸਰ ਗ਼ਲਤ ਹੈ ਅਤੇ ਕਿਸੇ ਵਿਸ਼ੇਸ਼ ਮਕਸਦ ਨਾਲ ਕਹੀ ਗਈ ਹੈ। ਇਹ ਪੰਥਕ ਪਿੜ ਵਿਚ ਉਤੇਜਨਾ ਪੈਦਾ ਕਰਨ ਸਿੱਖ ਹੋਂਦ ‘ਤੇ ਪ੍ਰਹਾਰ ਕਰਨ ਵਾਲਾ ਬਿਆਨ ਹੈ। ਅੰਮ੍ਰਿਤ ਦਾ ਅਧਿਕਾਰੀ ਹਰ ਪ੍ਰਾਣੀ ਮਾਤਰ ਹੈ ਪਰ ਅੰਮ੍ਰਿਤ ਛਕਣ ਲਈ ਕੁਝ ਬੁਨਿਆਦੀ ਸ਼ਰਤਾਂ ਹਨ ਜਿਹਨਾਂ ਵਿਚ ਸਭ ਤੋਂ ਪਹਿਲੀ ਹੈ- ਉਸ ਦਾ ਸਾਬਤ ਸੂਰਤ ਹੋਣਾ। ਇਸ ਲਈ ਗੈਰ-ਸਿੱਖ ਤੋਂ ਸਿੰਘ ਸਜਣ ਵਿਚਕਾਰ ਇਕ ਪੜਾਅ ਸਿੱਖ ਹੋਣ ਦਾ ਹੈ। ਹਿੰਦੂ ਤੋਂ ਸਿੰਘ ਸਜਣ ਲਈ ਕੁਝ ਮਹੀਨੇ ਦਾ ਸਮਾਂ ਲਗਦਾ ਹੈ। ਗੁਰੂ ਗੋਬਿੰਦ ਸਿੰਘ ਜੀ ਵਲੋਂ ਅੰਮ੍ਰਿਤ ਦੀ ਦਾਤ ਦੇਣ ਤੋਂ ਪਹਿਲਾਂ ਗੁਰੂ, ਸਿੱਖ, ਸੰਗਤ, ਗੁਰਬਾਣੀ, ਗੁਰੂ ਗ੍ਰੰਥ ਸਾਹਿਬ, ਕਥਾ-ਕੀਰਤਨ, ਸਿੱਖ ਮਰਯਾਦਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ, ਨਿਸ਼ਾਨ, ਨਗਾਰੇ, ਲੰਗਰ ਆਦਿ ਸਾਰੇ ਸਿਧਾਂਤ, ਪ੍ਰੰਪਰਾਵਾਂ ਪੱਕੇ ਪੈਰੀ ਹੋ ਚੁੱਕੀਆਂ ਸਨ। ਅੰਮ੍ਰਿਤ ਪ੍ਰਾਪਤੀ ਦਾ ਰਾਹ ਤਟ-ਫਟ ਨਹੀਂ ਹੁੰਦਾ। ਇਸ ਲਈ ਦ੍ਰਿੜ ਇਰਾਦੇ, ਤਿਆਰੀ ਅਤੇ ਸਮੇਂ ਦੀ ਲੋੜ ਹੁੰਦੀ ਹੈ। ਇਸ ਤਰ੍ਹਾਂ ਗੁਰਮਤਿ ਅਤੇ ਗੁਰਸਿੱਖੀ ਨੂੰ ਦ੍ਰਿੜ ਹੋ ਚੁੱਕੇ ਪੰਜ ਪਿਆਰਿਆਂ ਤੇ ਹੀ ਅੰਮ੍ਰਿਤ ਦੀ ਇਲਾਹੀ ਦਾਤ ਦੀ ਬਖਸ਼ਿਸ਼ ਹੋਈ। ਇਸ ਤੋਂ ਸਪਸ਼ਟ ਹੈ ਕਿ ਗੁਰੂ ਕਲਗੀਧਰ ਪਿਤਾ ਨੇ ਗੁਰ ਸੰਗਤ ਨੂੰ ਖਾਲਸਾ ਬਣਾਇਆ। ਸੋ ਗੁਰੂ ਤੋਂ ਸਿੱਖ ਬਣੇ, ਸਿੱਖ ਤੋਂ ਸੰਗਤਾਂ ਬਣੀਆਂ ਅਤੇ ਸੰਗਤ ਤੋਂ ਖਾਲਸਾ। ਗੁਰ ਸੰਗਤ ਕੀਨੀ ਖਾਲਸਾ ਮਨਮੁਖੀ ਦੁਹੇਲਾ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ॥1॥ (ਰਾਮਕਲੀ ਵਾਰ ਪਾਤਸ਼ਾਹੀ ਦਸਵੀਂ ਕੀ , ਭਾਈ ਗੁਰਦਾਸ ਦੋਇਮ)। ਧਰਮ ਦੇ ਖੇਤਰ ਵਿਚ ਇਕ ਨੁਕਤਾ ਅਹਿਮ ਹੈ ਕਿ ਆਪਣਾ ਛੱਡੋ ਨਾ, ਦੂਜੇ ਦਾ ਛੇੜੋ ਨਾ।
ਮੇਰੇ ਤਾਇਆ ਜੀ ਸੂਬੇਦਾਰ ਮੇਜਰ ਹਰਬੰਸ ਸਿੰਘ ਜੀ ਫੌਜ ਵਿਚ ਸਨ। ਉਹਨਾਂ ਦੀ ਕਿਸੇ ਨੇ ਸ਼ਿਕਾਇਤ ਕਰ ਦਿੱਤੀ ਕਿ ਉਹ ਹਿੰਦੂਆਂ ਨੂੰ ਸਿੱਖ ਬਣਾਉਂਦੇ ਹਨ। ਕਮਾਂਡਰ ਅੰਗਰੇਜ਼ ਸੀ। ਉਸਨੇ ਸ਼ਿਕਾਇਤ ਕਰਤਾ ਨੂੰ ਸਵਾਲ ਕੀਤਾ ਕਿ ਹਿੰਦੂ ਨੂੰ ਸਿੱਖ ਬਣਾਉਣ ਲਈ ਘੱਟੋ-ਘੱਟ ਕਿਤਨਾ ਸਮਾਂ ਚਾਹੀਦਾ ਹੈ? ਜਵਾਬ ਸੀ- ਤਿੰਨ ਮਹੀਨੇ। ਅੰਗਰੇਜ਼ ਨੇ ਪੁੱਛਿਆ ਕਿ ਸਿੱਖ ਨੂੰ ਹਿੰਦੂ ਬਣਾਉਣ ਲਈ ਕਿਤਨਾ ਸਮਾਂ ਚਾਹੀਦਾ ਹੈ? ਜਵਾਬ ਸੀ- ਇਕ ਮਿੰਟ। ਕਮਾਂਡਰ ਨੇ ਕਿਹਾ: ਕੀ ਹਰਬੰਸ ਸਿੰਘ ਕੋਲ ਕੋਈ ਐਸੀ ਥਾਂ ਹੈ ਜਿੱਥੇ ਉਹ ਕਿਸੇ ਬੰਦੇ ਨੂੰ ਤਿੰਨ ਮਹੀਨੇ ਆਪਣੇ ਕਬਜ਼ੇ ਵਿਚ ਰੱਖ ਸਕੇ?
ਇਕ ਅਹਿਮ ਗਵਾਹੀ ਹੈ। ਸੰਮਤ 1756 ਦੀ ਪਾਵਨ ਵਿਸਾਖੀ ਵਾਲੇ ਦਿਨ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਿਰਜਣਾ ਕੀਤੀ ਤਾਂ ਉਹਨਾਂ ਨੇ ਕਿਸੇ ਵੀ ਆਮ ਸਿਰ ਦੀ ਮੰਗ ਨਹੀਂ ਕੀਤੀ ਬਲਕਿ ਆਵਾਜ਼ ਦਿੱਤੀ ਕਿ ਮੈਨੂੰ ਜ਼ਰੂਰਤ ਆ ਪਈ ਹੈ, ਕੀ ਕੋਈ ਮੇਰਾ ਬਹੁਤ ਪਿਆਰਾ ਸਿੱਖ ਹੈ ਜੋ ਇਸੇ ਵੇਲੇ ਮੈਨੂੰ ਆਪਣਾ ਸੀਸ ਦੇ ਦੇਵੇ। ਇੱਥੇ ਗੁਰੂ ਜੀ ਨੇ ਕਿਸੇ ਸਿੱਖ ਦੇ ਸਿਰ ਦੀ ਮੰਗ ਕੀਤੀ। ਭਾਈ ਸੰਤੋਖ ਸਿੰਘ ਜੀ ਗਵਾਹੀ ਦਿੰਦੇ ਹਨ ਕਿ ਗੁਰੂ ਸਾਹਿਬ ਨੇ ਕਿਹਾ:
ਕੋ ਸਿਖ ਪ੍ਰਿਯ ਮੁਝ ਦੇਇ ਸੁ ਦਾਨਾ।
ਕਰਹਿ ਕਾਜ ਅਰਪਹਿ ਨਿਜ ਪ੍ਰਾਨਾ।
ਦੇਹ ਅਹੰ ਕਹੁ ਤਜਿ ਕਰਿ ਦੂਰ।
ਧੀਰਜ ਥਰਿ ਦੇ ਸੀਸ ਹਜੂਰ॥36॥
ਇਕ ਵਾਰ ਫਿਰ ਆਵਾਜ਼ ਆਈ:
ਅਤਿ ਪ੍ਰਿਯ ਸਿਖ ਅਹੈ ਕੋ ਮੇਰਾ?
ਅਪਨੋ ਸੀਸ ਦੇਹਿ ਇਸ ਬੇਰਾ।
ਕਾਰਜ ਪਰ੍ਯੋ ਆਨ ਇਸ ਕਾਲਾ।
ਪੁਰਵ ਹਿ ਸਿਰ ਦੇ ਅਬਹਿ ਬਿਸਾਲਾ॥33॥
ਇਸੇ ਤਰ੍ਹਾਂ ਤੀਸਰੀ ਵਾਰ ਵੀ ਗੁਰੂ ਸਾਹਿਬ ਜੀ ਨੇ ਸਿੱਖ ਦੇ ਸਿਰ ਦੀ ਮੰਗ ਕੀਤੀ:
ਧੁਨਿ ਊਚੀ ਪੁਨ ਗੁਰੂ ਉਚਾਰਾ।
ਔਰ ਦੇਇ ਸਿਰ ਕੋ ਸਿਖ ਪ੍ਯਾਰਾ॥
ਕਾਰਜ ਪਰ੍ਯੋ ਆਨ ਕਰਿ ਮੇਰਾ।
ਸਿਰ ਦੀਨੇ ਬਿਨ ਹੋਹਿ ਨ ਹੇਰਾ॥3॥
ਭਾਵ,ਵਾਰ-ਵਾਰ ਸਿੱਖ ਦੇ ਸਿਰ ਦੀ ਮੰਗ ਕੀਤੀ ਸੀ। ਉਪਰੰਤ ਜਿਹੜਾ ਖਾਲਸਾ ਗੁਰੂ ਸਾਹਿਬ ਨੇ ਸਾਜਿਆ ਸੀ, ਉਸਦਾ ਜ਼ਿਕਰ ਭਾਈ ਗੁਰਦਾਸ ਦੋਇਮ ਜੀ ਵਾਰ 41 ਵਿਚ ਕਰਦੇ ਹਨ:
ਨਿਜ ਪੰਥ ਚਲਾਇਓ ਖਾਲਸਾ। ਧਰਿ ਤੇਜ ਕਰਾਰਾ।
ਸਿਰ ਕੇਸ ਧਾਰਿ ਕਰ ਖੜਗ ਕੋ ਸਭ ਦੁਸਟ ਪਛਾਰਾ॥
ਸੀਲ ਜਤ ਕੀ ਕਛ ਪਹਰਿ ਪਕੜਿਓ ਹਥਿਆਰਾ।
ਸਚ ਫਤੇ ਬੁਲਾਈ ਗੁਰੂ ਕੀ ਜੀਤਿਓ ਰਣ ਭਾਰਾ।… … …
ਇਉ ਤੀਸਰ ਮਜਹਬ ਖਾਲਸਾ, ਉਪਜਿਓ ਪਰਧਾਨਾ।
ਜਿਨਿ ਗੁਰ ਗੋਬਿੰਦ ਕੇ ਹੁਕਮ ਸਿਉ, ਗਹ ਖੜਗ ਦਿਖਾਨਾ।
ਇਤਿਹਾਸ ਗਵਾਹ ਹੈ ਕਿ ਬਾਅਦ ਵਿਚ ਘੱਲੂਘਾਰਿਆਂ ਵੇਲੇ ਵੀ ਕੇਸਾਂ ਵਾਲੇ ਸਿੱਖਾਂ ਦੇ ਸਿਰਾਂ ਦੇ ਮੁੱਲ ਹੀ ਅੱਸੀ-ਅੱਸੀ ਰੁਪਏ ਪੈਂਦੇ ਸਨ, ਕਿਸੇ ਹੋਰ ਆਮ ਸਿਰ ਦੇ ਨਹੀਂ।
ਉਕਤ ਵਿਵਾਦਤ ਲੇਖ ਵਿਚ ਇਕ ਹੋਰ ਹਾਸੋ ਹੀਣੀ ਗੱਲ ਲਿਖੀ ਗਈ ਹੈ: ਨਾਦਿਰਸ਼ਾਹ ਔਰ ਅਬਦਾਲੀ ਕੇ ਜ਼ੁਲਮੋਂ ਸੇ ਬਚਾਨੇ ਕੇ ਲਿਏ ਸਿਖੋਂ ਕੀ ਸਹਾਇਤਾ ਕੌਨ ਕਰਤਾ ਥਾ?
ਇਹ ਤਾਂ ਸਾਰੇ ਦੇ ਸਾਰੇ ਸਿੱਖ ਇਤਿਹਾਸ ਨੂੰ ਕਲੰਕਤ ਕਰਨ ਵਾਲੀ ਹਰਕਤ ਹੈ। ਨਾਦਰ ਦੇ ਹਮਲਿਆਂ ਬਾਰੇ ਉਸ ਸਮੇਂ ਮਸ਼ਹੂਰ ਲੋਕ ਅਖਾਣ ਸੀ: ਛਈ ਰੰਨ ਗਈ ਬਸਰੇ, ਮੋੜੀਂ-ਮੋੜੀਂ ਭਾਈ ਕਛ ਵਾਲਿਆ। … ਤੇ ਭਾਗੇ ਜਾ ਰਹੇ ਦੁੱਰਾਨੀ ਕੀ ਸਲਵਾਰ ਜਹਾਂ ਉਲਝਾਨੀ ਥੀ। ਨਾਦਰ ਦਾ ਜ਼ਿਕਰ ਕੀਤਾ ਹੈ ਤਾਂ ਪੰਥ ਪ੍ਰਕਾਸ਼ ਵਿਚ ਉਸਦੇ ਹਵਾਲੇ ਨਾਲ ਲਿਖਿਆ ਹੈ ਕਿ ਉਸਨੇ ਪੁਛਿਆ ਕਿ ਸਿੱਖ ਸਭ ਤੋਂ ਵੱਧ ਕਿਹੜੀ ਗੱਲ ਤੇ ਖ਼ਫਾ ਹੁੰਦੇ ਹਨ? ਲਾਹੌਰ ਦੇ ਸੂਬੇਦਾਰ ਨੇ ਕਿਹਾ ਸੀ ਕਿ ਹਿੰਦੂ ਕਹੇ ਤੇ ਖਿਝਤ ਵਧੇਰਾ। ਮੁਗਲਾਂ, ਦੁੱਰਾਨੀਆਂ, ਰੰਘਣਾ, ਪਠਾਣਾ, ਪਹਾੜੀ ਹਿੰਦੂ ਰਾਜਿਆਂ ਨਾਲ ਹੱਕ ਅਤੇ ਇਨਸਾਫ਼ ਲਈ ਖਾਲਸੇ ਨੇ ਲੋਹਾ ਲਿਆ। ਅਗਰ ਇਹ ਨਾ ਹੁੰਦਾ ਤਾਂ ਭਾਈ ਸੰਤੋਖ ਸਿੰਘ ਜੀ ਇਹ ਨਾ ਲਿਖਦੇ:
ਛਾਇ ਜਾਤੇ ਏਕਤਾ ਅਨੇਕਤਾ ਬਿਲਾਇ ਜਾਤੀ,
ਹੋਵਤੀ ਕੁਚੀਲਤਾ ਕਿਤਾਬਿਨ ਕੁਰਾਨ ਕੀ।
ਪਾਪ ਹੀ ਪ੍ਰਪੱਕ ਜਾਤੇ, ਧਰਮ ਧਸੱਕ ਜਾਤੇ,
ਬਰਨ ਗਰੱਕ ਜਾਤੇ ਸਹਿਤ ਬਿਧਾਨ ਕੀ।
ਦੇਵੀ ਦੇਵ ਦੇਹੁਰੇ ਸੰਤੋਖ ਸਿੰਘ ਦੂਰ ਹੋਤੇ,
ਰੀਤਿ ਮਿਟ ਜਾਤੀ ਕਥਾ ਬੇਦਨਿ ਪੁਰਾਨ ਕੀ।
ਸ੍ਰੀ ਗੁਰੂ ਗੁਬਿੰਦ ਸਿੰਘ ਪਾਵਨ ਪਰਮ ਸੂਰ,
ਮੂਰਤਿ ਨ ਹੋਤੀ ਜਉ ਪੈ ਕਰੁਨਾ ਨਿਧਾਨ ਕੀ॥27॥
ਪਰ ਇਹ ਕੁਰਬਾਨੀਆਂ ਸਿੱਖਾਂ ਨੇ ਕਿਸੇ ‘ਤੇ ਅਹਿਸਾਨ ਲਈ ਨਹੀਂ ਕੀਤੀਆਂ। ਇਹ ਉਹਨਾਂ ਦਾ ਧਾਰਮਿਕ ਫ਼ਰਜ਼ ਅਤੇ ਗੁਰੂ ਸਾਹਿਬ ਦੇ ਅੰਮ੍ਰਿਤ ਦੀ ਹੀ ਬਰਕਤ ਸੀ ਕਿ ਸੋਮਨਾਥ ਦੇ ਮੰਦਰ ਦੇ ਦਰਵਾਜ਼ੇ ਗਜ਼ਨੀ ਤੋਂ ਵਾਪਸ ਲਿਆਂਦੇ ਅਤੇ ਅਬਦਾਲੀ ਦੇ ਚੁੰਗਲ ‘ਚੋਂ ਭਾਰਤ ਦੀ ਅਜ਼ਮਤ ਆਜ਼ਾਦ ਕਰਾ ਕੇ ਉਹਨਾਂ ਦੇ ਘਰੀਂ ਸੁਰੱਖਿਅਤ ਪਹੁੰਚਾਇਆ ਗਿਆ। ਧਾਰਮਿਕ ਤੌਰ ‘ਤੇ ਵਿਚਾਰਿਆ ਜਾਏ ਤਾਂ ਸਾਰੀ ਮਾਨਵਤਾ ਦਾ ਮਾਲਕ, ਖਾਲਕ, ਸਿਰਜਣਹਾਰ ਕੇਵਲ ਇਕ ਹੀ ਹੈ ਜਿਸਨੂੰ ਕਿਸੇ ਨੇ ਵਸੁਧੇਵ ਕਟੁੰਬਕਮ ਅਤੇ ਕਿਸੇ ਨੇ ਰੱਬੁਲ ਆਲਮੀਨ ਕਹਿ ਦਿੱਤਾ। ਗੁਰਬਾਣੀ ਦਾ ਫਰਮਾਨ ਹੈ:
ਹਿੰਦੂ ਤੁਰਕ ਕਹਾ ਤੇ ਆਏ ਕਿਨਿ ਏਹ ਰਾਹ ਚਲਾਈ॥
ਦਿਲ ਮਹਿ ਸੋਚਿ ਬਿਚਾਰਿ ਕਵਾਦੇ ਭਿਸਤ ਦੋਜਕ ਕਿਨਿ ਪਾਈ॥1॥ ਆਸਾ
ਇਸ ਲਈ ਮਸਲਾ ਕੇਵਲ ਲਿਖਣ, ਪੜ੍ਹਨ, ਬੋਲਣ ਅਤੇ ਪ੍ਰਚਾਰਨ ਦਾ ਨਹੀਂ ਬਲਕਿ ਮੰਨਣ ਅਤੇ ਮੰਨ ਕੇ ਅਮਲ ਕਰਨ ਦਾ ਹੈ।
ਇਸ ਲੇਖ ਵਿਚ ਇਕ ਹੋਰ ਸੰਵਿਧਾਨਕ ਨੁਕਤੇ ਧਾਰਾ 25 ਦਾ ਜ਼ਿਕਰ ਕੀਤਾ ਗਿਆ ਹੈ। ਇਹ ਦੁਖਦੀ ਰਗ ਵਾਲੀ ਧਾਰਾ ਸਿੱਖਾਂ ਨੂੰ ਹਿੰਦੂ ਗਰਦਾਨਦੀ ਹੈ ਅਤੇ ਸਿੱਖਾਂ ਨੂੰ ਕਾਨੂੰਨੀ ਮਾਨਤਾ ਦੇਣ ਤੋਂ ਮੁਨਕਰ ਹੈ। ਸੁਘੜ ਲਿਖਾਰੀ ਨੇ ਸਿੱਖ ਕੌਮ ਦੀ ਇਸ ਅਹਿਮ ਮੰਗ ਨੂੰ ਬਹੁਤ ਹੀ ਨਿਗੂਣਾ ਜਿਹਾ ਦਰਸਾ ਕੇ ਲਿਖਿਆ ਹੈ: ਉਸਮੇਂ ਸਿੱਖ, ਜੈਨੀ ਵਾ ਬੋਧੋਂ ਕੋ ਹਿੰਦੂਓਂ ਸੇ ਜੋੜ ਦਿਯਾ ਗਯਾ। ਵਿਧਾਨਕਾਰ ਡਾ. ਅੰਬੇਦਕਰ ਥੇ। ਇਸ ਧਾਰਾ ਕੇ ਕਾਰਨ ਹਮ ਯੇ ਅਰਥ ਨਹੀਂ ਨਿਕਾਲ ਸਕਤੇ ਕਿ ਸੰਵਿਧਾਨ ਵਾਲੇ ਸਿਖੋਂ ਕੇ ਵਿਰੁੱਧ ਥੇ? ਉਨਕਾ ਕੋਈ ਇਰਾਦਾ ਹਮਾਰੇ ਵਿਪਰੀਤ ਨਹੀਂ ਥਾ। ਸੰਵਿਧਾਨ ਮੇਂ ਸ਼ੋਧ ਕਰਨੇ ਵਾਲੀ ਕਮੇਟੀ ਨੇ ਇਸ ਮਦ ਕੋ ਬਦਲਨੇ ਕੀ ਸਿਫਾਰਿਸ਼ ਕਰ ਦੀ ਹੈ।
ਪੰਚਾਂ ਦਾ ਕਿਹਾ ਸਿਰ ਮੱਥੇ। ਪਰਨਾਲਾ ਉੱਥੇ ਦਾ ਉੱਥੇ।
ਇਹ ਠੀਕ ਹੈ ਕਿ ਦੋ ਦਹਾਕੇ ਪਹਿਲਾਂ ਅਟਲ ਬਿਹਾਰੀ ਵਾਜਪਾਈ ਜੀ ਦੇ ਪ੍ਰਧਾਨ ਮੰਤਰੀ ਕਾਰਜ ਕਾਲ ਵਿਚ ਸਰਕਾਰ ਵਲੋਂ ਨਿਯੁਕਤ ਵੈਂਕਟਾਚਲੀਆ ਕਮੀਸ਼ਨ ਨੇ ਧਾਰਾ 25 ਵਿਚ ਸੋਧ ਦੀ ਸਿਫਾਰਿਸ਼ ਕੀਤੀ ਸੀ ਪਰ ਸਵਾਲ ਹੈ ਕਿ ਇਸ ਨਿਗੂਣੀ ਜਿਹੀ ਮੰਗ ਨੂੰ ਲਾਗੂ ਕਰਨ ਲਈ ਸਰਕਾਰ ਨੂੰ ਕਿਤਨੇ ਦਹਾਕੇ ਹੋਰ ਚਾਹੀਦੇ ਹਨ? ਕਾਰਨ ਸਪਸ਼ਟ ਹੈ ਕਿ ਸਿੱਖਾਂ ਨੂੰ ਧਾਰਮਿਕ ਤੌਰ ‘ਤੇ ਆਜ਼ਾਦ ਨਹੀਂ ਹੋਣ ਦੇਣਾ।
ਇਸ ਲੇਖ ਵਿਚ ਦਾਅਵਾ ਕੀਤਾ ਗਿਆ ਹੈ: ਮੈਨੇ (ਤਰਲੋਚਨ ਸਿੰਘ) ਲਿਖਤੀ ਰੂਪ ਮੇਂ ਆਰ.ਐਸ.ਐਸ. ਸੇ ਬਯਾਨ ਲਿਯਾ ਥਾ ਕਿ ਸਿੱਖ ਏਕ ਅਲਗ ਧਰਮ ਹੈ ਤਥਾ ਵਹ ਉਸੇ ਮਾਨਤੇ ਹੈਂ। ਕਈ ਮੁਸਲਮਾਨ ਹਮੇਂ ਅਪਨਾ ਭਾਈ ਕਹਿਤੇ ਹੈਂ ਤੋਂ ਕਯਾ ਹਮ ਉਨਹੇਂ ਐਸਾ ਕਹਿਨੇ ਸੇ ਮਨਾ ਕਰ ਦੇਂ?
ਇਹ ਜ਼ਬਾਨੀ-ਕਲਾਮੀ ਤਾਂ ਠੀਕ ਹੈ ਪਰ ਕੀ ਆਰ.ਐਸ.ਐਸ. ਦੀ ਐਸੀ ਕੋਈ ਲਿਖਤ ਹੈ? ਜੇ ਹੈ ਤਾਂ ਉਸਨੂੰ ਸਾਂਝੀ ਕਰਨ ਵਿਚ ਦਿੱਕਤ ਕੀ ਹੈ? ਬਾਵਜੂਦ ਇਸਦੇ ਸਵਾਲ ਇਹ ਹੈ ਕਿ ਕੀ ਇਸ ਲੇਖ ਦੇ ਲਿਖਾਰੀ ਨੂੰ ਸਾਵਰਕਰ ਅਤੇ ਹੋਰ ਹਮ-ਖਿਆਲ ਲਿਖਾਰੀਆਂ ਦੀਆਂ ਲਿਖਤਾਂ ਨਜ਼ਰ ਨਹੀਂ ਆਉਂਦੀਆਂ ਜਿਹਨਾਂ ਵਿਚ ਸਿੱਖਾਂ ਨੂੰ ਸਪਸ਼ਟ ਤੌਰ ‘ਤੇ ਹਿੰਦੂ ਲਿਖਿਆ ਜਾਂਦਾ ਹੈ।
ਦੂਸਰੀ ਗੱਲ ਜੇ ਮੁਸਲਮਾਨ, ਹਿੰਦੂ, ਜੈਨੀ, ਬੋਧੀ, ਈਸਾਈ ਜਾਂ ਕੋਈ ਹੋਰ ਵੀ ਸਿੱਖਾਂ ਨੂੰ ਆਪਣਾ ਭਰਾ ਕਹਿੰਦੇ ਹਨ ਤਾਂ ਸਿੱਖਾਂ ਨੂੰ ਉਸ ‘ਤੇ ਇਤਰਾਜ਼ ਕਿਉਂ ਹੋਏਗਾ? ਗੁਰੂ ਸਾਹਿਬਾਨ ਵਲੋਂ ਬਖਸ਼ੀ ਸਿੱਖਾਂ ਦੀ ਆਜ਼ਾਦ ਧਾਰਮਿਕ ਹਸਤੀ ਹੈ ਪਰ ਜੇ ਮੁਸਲਮਾਨ ਵੀ ਸਿੱਖਾਂ ਨੂੰ ਮੁਸਲਮਾਨ ਕਹਿਣਗੇ ਤਾਂ ਨਿਸਚਤ ਤੌਰ ‘ਤੇ ਇਸ ‘ਤੇ ਇਤਰਾਜ਼ ਹੋਏਗਾ। ਸਿੱਖ ਲਈ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਸਪਸ਼ਟ ਹੁਕਮ ਹੈ:
ਜਬ ਲਗ ਖਾਲਸਾ ਰਹੇ ਨਿਆਰਾ॥
ਤਬ ਲਗ ਤੇਜ ਦੀਉ ਮੈਂ ਸਾਰਾ॥
ਜਬ ਇਹ ਗਹੈ ਬਿਪਰਨ ਕੀ ਰੀਤ॥
ਮੈਂ ਨ ਕਰਉ ਇਨ ਕੀ ਪ੍ਰਤੀਤ॥
ਅੰਤ ਵਿਚ ਪ੍ਰਿੰਸੀਪਲ ਗੰਗਾ ਸਿੰਘ ਜੀ ਦਾ ਕਥਨ ਬਹੁਤ ਮਾਕੂਲ ਹੈ ਕਿ ਹਿੰਦੂ ਅਤੇ ਸਿੱਖ ਗਾਂ ਅਤੇ ਮੱਝ ਦੀ ਨਿਆਈਂ ਕਿੱਲੇ ਨਾਲ ਬੱਧੀਆਂ ਹੋਈਆਂ ਇਕੋ ਖੁਰਲੀ ਵਿਚੋਂ ਪੱਠੇ ਖਾਈ ਜਾਣ। ਜੇ ਇਹ ਇਸ ਬਹਿਸ ਵਿਚ ਪੈ ਜਾਣ ਕਿ ਮੱਝ ਗਾਂ ਕਿਉਂ ਨਹੀਂ ਅਤੇ ਗਾਂ ਕਿਉਂ ਗਾਂ ਹੈ ਤਾਂ ਸ਼ਾਇਦ ਖੁਰਲੀ ਹੀ ਨਾ ਸਾਹਮਣਿਓਂ ਚੁੱਕੀ ਜਾਏ!