ਮਣੀਆ

ਕਰਮ ਸਿੰਘ ਮਾਨ।
ਫੋਨ: 559 261-5024
ਰਾਤ ਅੱਧੀ ਤੋਂ ਉੱਪਰ ਬੀਤ ਚੁੱਕੀ ਹੈ। ਮੇਰਾ ਮਨ ਅਸ਼ਾਂਤ ਹੈ। ਮੈਂ ਆਪਣੇ ਕਮਰੇ ’ਚ ਬੂਹੇ ਬਾਰੀਆਂ ਬੰਦ ਕਰ ਕੇ ਪਿਆ ਹਾਂ। ਮੈਂ ਬਿਸਤਰੇ `ਤੇ ਪਿਆ ਉੱਸਲਵਟੇ ਲੈ ਰਿਹਾ ਹਾਂ। ਕਦੇ ਸਿੱਧਾ ਪੈਂਦਾ ਹਾਂ। ਕਦੇ ਵੱਖੀਂ ਪਰਨੇ। ਕਿਤੇ ਮੇਰਾ ਸਿਰ ਪੈਂਦ ਵੱਲ ਚਲਿਆ ਜਾਂਦਾ ਹੈ। ਕਦੇ ਸਰਾਹਣੇ ਵੱਲ।

ਪਿਛਲੇ ਦਿਨ ਦੀ ਅਖ਼ਬਾਰ ਦੀ ਖ਼ਬਰ ਮੈਨੂੰ ਕਿੰਨਾ ਬੇਜ਼ਾਰ ਕਰ ਗਈ ਹੈ। ਅੱਜ ਦੀ ਖ਼ਬਰ ਨੇ ਕਿੱਥੋਂ ਕਮਬਖਤ ਮਣੀਆ ਮੇਰੇ ਮਨ ਦੀ ਸਕਰੀਨ `ਤੇ ਲਿਆ ਦਿੱਤਾ ਹੈ। ਇਹ ਕਮਬਖਤ ਕਿੱਥੋਂ ਯਾਦ ਆ ਗਿਆ ਹੈ, ਪੰਦਰਾਂ-ਵੀਹ ਸਾਲ ਬਾਅਦ। ਲਗਦਾ ਸਮੇਂ ਦੀ ਚੱਕਰੀ ਪੁੱਠੀ ਘੁੰਮ ਗਈ ਹੋਵੇ। ਖੂਹ ਦੀ ਲੱਠ ਪਿੱਛੇ ਮੁੜ ਰਹੀ ਹੋਵੇ। ਖਾਲੀ ਟਿੰਡਾਂ, ਖਾਲੀ ਪਾੜਛਾ। ਖੜਕਾ। ਬੇਚੈਨੀ।
ਮਣੀਆ ਪੱਚੀ ਸਾਲ ਪਹਿਲਾਂ ਮਈ ਦੇ ਦੂਜੇ ਹਫ਼ਤੇ ਮਿਲਿਆ ਸੀ। ਤੱਤੀ ਲੂਅ ਪਿੰਡਾ ਸਾੜਦੀ ਸੀ। ਸਾਰੀ ਧਰਤੀ ਸੁੱਕ ਕੇ ਖੰਘਰ ਬਣੀ ਪਈ ਸੀ। ਉਦੋਂ ਬੱਦਲਵਾਈ ਦਾ ਨੇੜ-ਤੇੜ ਨਹੀਂ ਸੀ। ਝੋਨੇ ਦੀ ਪਨੀਰੀ ਬੀਜੀ ਨੂੰ ਵੀਹ ਦਿਨ ਹੋ ਚੱਲੇ ਸਨ। ਸੁੱਕੀ ਜ਼ਮੀਨ ਭਿਉਂ ਕੇ ਵਾਹੀ ਯੋਗ ਬਣਾਉਣੀ ਸੀ। ਕੱਸੀ ਦਾ ਪਾਣੀ ਮਿਲਿਆ ਸੀ। ਵਿਚੇ ਈ ਮੋਟਰ ਦਾ ਪਾਣੀ ਛੱਡ ਲਿਆ। ਇਹ ਸੋਚ ਕੇ ਇਕੱਠਾ ਪਾਣੀ ਦੁੱਗਣੀ-ਤਿਗਣੀ ਮਾਰ ਕਰਦਾ ਹੈ।
ਪਿਆਸੀ ਧਰਤੀ ਪਾਣੀ ਪੀਈ ਜਾਂਦੀ। ਇੰਜ ਲਗਦਾ ਸੀ ਧਰਤੀ ਜਨਮਾਂਤਰਾਂ ਦੀ ਪਿਆਸੀ ਹੋਵੇ। ਫਿਰ ਵੀ ਇਕੱਠਾ ਹੋਇਆ ਪਾਣੀ ਖਾਲ਼ ਦੀਆਂ ਵੱਟਾਂ ਤੋਂ ਦੀ ਉਛਲਦਾ, ਚੂਹਿਆਂ ਦੀ ਖੱਡਾਂ ਵਿਚ ਦੀ ਰਿਸਦਾ, ਗਿੱਲੇ ਨੱਕਿਆਂ ਨੂੰ ਖੋਰਦਾ, ਸਾਰੇ ਖੇਤ ਵਿਚ ਖਿੰਡਦਾ ਜਾ ਰਿਹਾ ਸੀ। ਮੇਰਾ ਸੀਰੀ ਬਚਨਾ, ਉਸਦਾ ਭਰਾ ਤੇਜਾ ਅਤੇ ਬਚਨੇ ਦਾ ਮੁੰਡਾ ਸੁਰਤੂ -ਤਿੰਨੇ ਹੰਭੇ ਖੜ੍ਹੇ ਸਨ। ਉਹ ਧਰਤੀ `ਚੋਂ ਮਿੱਟੀ ਪੁੱਟਣ ਲਈ ਟੱਕ ਮਾਰਦੇ, ਕਹੀ ਧਰਤੀ ਵਿਚ ਖੁੱਭਣ ਦੀ ਬਜਾਇ ਉੱਪਰ ਦੀ ਬੁੜਕਦੀ ਕੰਗਰੋੜ `ਤੇ ਵੱਜਣ ਨੂੰ ਪੈਂਦੀ। ਚੇਪੇ ਨਾਲ ਪਾਈਆ ਮਿੱਟੀ ਚੁੱਕ ਕੇ ਅੱਥਰਾ ਪਾਣੀ ਕਦੋਂ ਕੰਟਰੋਲ ਵਿਚ ਆਉਂਦਾ ਸੀ?
“ਟਾਹਲੀ ਥੱਲੇ ਖੜ੍ਹੇ ਤੋਂ ਨੀ ਸਰਨਾ। ਗੱਜਣ ਕਿਆਂ ਤੋਂ ਬੰਦਾ ਮੰਗ ਲਿਆ। ਗੱਜਣ ਕਿਆਂ ਤੋਂ ਬੰਦਾ ਮੰਗ ਲਿਆ। ਪਾਣੀ ਖਿੰਡਦਾ ਜਾਂਦਾ। ਨਹੀਂ ਤਾਂ ਪਾਣੀ ਖਰਾਬ ਹੋਜੂ।” ਬਚਨੇ ਨੇ ਕਿਹਾ। ਮੈਂ ਗੁਆਂਢੀ ਗੱਜਣ ਕਿਆਂ ਤੋਂ ਸੀਰੀ ਮੰਗਣ ਚਲਿਆ ਗਿਆ। ਗੱਜਣ ਦਾ ਸੀਰੀ ਤਾਂ ਬੀਮਾਰ ਸੀ। ਉਸਨੇ ਮੇਰੇ ਨਾਲ ਆਪਣਾ ਸੀਰੀ ਭੇਜ ਦਿੱਤਾ। “ਇਹ ਕੀ ਕਰੂ? ਬਚਨੇ ਹੋਰਾਂ ਤੋਂ ਤਾਂ ਪਾਣੀ ਕਾਬੂ ਵਿਚ ਨਹੀਂ ਆਉਂਦਾ।” ਮੈਂ ਸੋਚਦਾ ਆਇਆ।
ਮੇਰੇ ਨਾਲ ਮਣੀਏ ਨੂੰ ਆਉਂਦਾ ਵੇਖ ਕੇ ਬਚਨਾ ਦੂਰੋਂ ਈ ਬੁੜਕਿਆ, “ਹੱਕ ਲਿਆਇਆ ਗਿੱਠ ਮੁਠੀਆ। ਤਿੰਨ ਮੁਠੀ ਜਾਤ।” ਬਚਨਾ ਮਣੀਏ ਨੂੰ ਵੇਖ ਕੇ ਇਉਂ ਝਾਕਿਆ ਜਿਵੇਂ ਉਹ ਉਸਨੂੰ ਚੱਬ ਜਾਣਾ ਹੋਵੇ।
ਕੱਦ ਦਾ ਮਧਰਾ ਮਣੀਆ। ਜਿੰਨਾ ਲੰਬਾ ਉਨਾ ਚੌੜਾ। ਗੋਲ-ਮਟੋਲ। ਫੁੱਟਬਾਲ ਵਰਗਾ। ਚਪਟਾ ਨੱਕ। ਮੂੰਹ `ਤੇ ਮਾਤਾ ਦੇ ਦਾਗ। ਟੱਕ ਮਾਰਦਾ। ਕਹੀ ਪੀਨ ਤੱਕ ਖੌਭ ਦਿੰਦਾ। ਇਕ ਦੋ ਚੇਪਿਆਂ ਵਿਚ ਹੀ ਖੁਰੇ ਨੱਕੇ ਬੰਦ ਕਰ ਦਿੰਦਾ। ਉਛਲਦੇ ਖਾਲ `ਤੇ ਮਿੱਟੀ ਪਾਈ ਜਾਂਦਾ। ਚੂਹਿਆਂ ਦੀਆਂ ਖੁੱਡਾਂ ਲੱਭ ਕੇ ਬੰਦ ਕਰ ਦਿੰਦਾ। ਛੇਤੀ ਹੀ ਬੇਲਗਾਮਿਆ ਪਾਣੀ ਲਗਾਮਿਆ ਗਿਆ।
ਬਚਨਾ ਤੇ ਮਣੀਆ ਦੋਵੇਂ ਕੜਕਦੀ ਧੁੱਪ ਨੰਗੇ ਪਿੰਡੇ ਝਲਦੇ ਰਹੇ। ਸਾਰਾ ਕੰਮ ਜੋLਰ ਦਾ। ਮੁੜ੍ਹਕੇ ਨਾਲ ਨੁੱਚੜਦੇ ਚਾਹ-ਪਾਣੀ ਬਦਲ ਬਦਲ ਕੇ ਪੀਂਦੇ। ਮੋਟਰ ਤੇ ਕੱਸੀ ਦਾ ਇਕੱਠਾ ਹੋਇਆ ਪਾਣੀ ਘੰਟੇ ਵਿਚ ਇੱਕ ਹੈਕਟੇਅਰ ਭਰਦਾ ਪੰਜਾਂ ਘੰਟਿਆਂ ਬਾਰਾਂ ਏਕੜ ਵਿਚ ਫਿਰ ਗਿਆ ਸੀ।
ਮੇਰਾ ਜੀਅ ਕੀਤਾ ਮਣੀਏ ਨੂੰ ਪੰਜ-ਦਸ ਰੁਪਏ ਇਨਾਮ ਵਜੋਂ ਦੇਵਾਂ। ਪਰ ਉਹ ਤਾਂ ਗੱਜਣ ਸਿੰਘ ਦਾ ਭਈਆ ਸੀ। ਉਸ ਦੀ ਨਾਰਾਜ਼ਗੀ ਕਿਵੇਂ ਮੁੱਲ ਲੈਂਦਾ। ਉਸਨੇ ਕਹਿਣਾ ਸੀ ਚੰਗਾ ਬੰਦਾ। ਭਈਏ ਵਿਗਾੜਨ ਲੱਗਿਆ?” ਫਿਰ ਬਚਨੇ ਹੋਰੀਂ ਵੀ ਤਾਂ ਭਈਏ ਹੋਰਾਂ `ਤੇ ਦੰਦ ਪੀਂਹਦੇ ਸਨ। ਉਸਨੂੰ ਫੋਕੀ ਸ਼ਾਬਾਸ਼ ਦੇ ਸਕਿਆ। ਉਹ ਬਹੁਤ ਖੁਸ਼ ਹੋਇਆ। ਉਵੇਂ ਹੀ ਜਿਵੇਂ ਕਲਾਕਾਰ ਆਪਣੀ ਪ੍ਰਸ਼ੰਸਾ ਸੁਣ ਕੇ ਖੁਸ਼ ਹੁੰਦਾ ਹੈ। ਉਵੇਂ ਜਿਵੇਂ ਕਲਾਕਾਰ, ਕਵੀ, ਗੀਤਕਾਰ ਤੇ ਸੰਗੀਤਕਾਰ ਆਪਣੀ ਰਚਨਾ `ਤੇ ਦਾਦ ਮਿਲਣ `ਤੇ ਹੁੰਦਾ ਹੈ।
ਮੈਨੂੰ ਮਣੀਆ ਚੰਗਾ ਲੱਗਿਆ। ਮੈਂ ਮਣੀਏ ਦੇ ਚੰਮ ਤੋਂ ਕੀ ਲੈਣਾ ਸੀ? ਮੈਨੂੰ ਤਾਂ ਉਸਦਾ ਕੰਮ ਚੰਗਾ ਲੱਗਿਆ। ਮੁੱਲ ਵੀ ਸਸਤਾ। ਕੰਮ ਵੀ ਵਧੀਆ। ਦੇਸੀ ਲੇਬਰ ਨਾਲ ਤਾਂ ਪੀੜ੍ਹੀਆਂ ਦੀ ਸਾਂਝ। ਕੋਈ ਬਾਬਾ, ਕੋਈ ਚਾਚਾ, ਕੋਈ ਤਾਇਆ ਆਦਿ। ਉਹ ਵੀ ਹਰ ਇਕ ਦੇ ਪੋਤੜਿਆਂ ਦੇ ਜਾਣੂੰ। ਪਰ ਭਈਏ ਤਾਂ ਹੋਏ ਭਈਏ। ਇਨ੍ਹਾਂ ਦਾ ਨਾਉਂ ਵੀ ਕਿਹੜਾ ਲੈਂਦਾ। ਨਾਲੇ ਨਾਉਂ ਤਾਂ ਉਨਹਾਂ ਦਾ ਹੁੰਦਾ ਜਿਨ੍ਹਾਂ ਦੀ ਕੋਈ ਵੱਖਰੀ ਪਹਿਚਾਣ ਹੋਵੇ। ਬੱਸ’ ਉਹ ਭਈਆ’ ਕਹਿ ਕੇ ਹੀ ਸਰ ਜਾਂਦਾ। ਕਈ ਤਾਂ ‘ਉਇ ਭਈਆ’ ਦੇ ਨਾਲ ਕੋਈ ਗਾਲ਼ ਵਰਗਾ ਵਿਸ਼ਲੇਸ਼ਣ ਲਾ ਦਿੰਦੇ।
ਜਦ ਵੀ ਮੈਨੂੰ ਲੋੜ ਪੈਂਦੀ, ਮੈਂ ਮਣੀਏ ਨੂੰ ਦਿਹਾੜੀ `ਤੇ ਲੈ ਆਉਂਦਾ। ਉਹ ਤੇ ਨੌਂ ਹੋਰ ਭਈਏ ਗੱਜਣ ਦੀ ਮੋਟਰ `ਤੇ ਕੰਧ ਨਾਲ ਪਾਏ ਛਤੜੇ ਵਿਚ ਰਹਿੰਦੇ ਸਨ। ਇਨ੍ਹਾਂ ਦਾ ਨੰਬਰਦਾਰ ਸੀ ਸਲੀਮ -ਲੰਬਾ, ਚੌੜਾ, ਕੋਚਰੀ, ਤਿੱਖੀਆਂ ਅੱਖਾਂ ਵਾਲਾ। ਉਹ ਇਨ੍ਹਾਂ ਲਈ ਕੰਮ ਲਭਦਾ। ਉਹ ਆਪ ਕੰਮ ਨਹੀਂ ਸੀ ਕਰਦਾ। ਉਸਦਾ ਕੰਮ ਸੀ ਕੰਮ ਲੱਭ ਕੇ ਉਸਦੀ ਉਜਰਤ ਵਸੂਲ ਕਰਨੀ। ਉਹ ਖਰਚਾ ਕੱਟ ਕੇ ਜੋ ਪੈਸੇ ਬਚਦੇ ਦਸ ਹਿੱਸਿਆਂ ਵਿਚ ਵੰਡ ਲੈਂਦੇ। ਮਣੀਏ ਨੂੰ ਜਿੰਨੇ ਪੈਸੇ ਬਚਦੇ ਉਹ ਮੈਨੂੰ ਫੜਾ ਜਾਂਦਾ। ਜਦ ਪੰਜ-ਸੱਤ ਸੌ ਇਕੱਠਾ ਹੁੰਦਾ ਉਹ ਆਪਣੇ ਪਿੰਡ ਭੇਜ ਦਿੰਦਾ। ਇਕ ਸਾਲ ਵਿਚ ਉਹ ਬਹੁਤ ਨੇੜੇ ਆ ਗਿਆ।
ਅਗਲੇ ਸਾਲ ਮਣੀਆ ਮੇਰੇ ਨਾਲ ਸਾਲ ਭਰ ਲਈ ਰਲ ਗਿਆ। ਮਣੀਏ ਦੇ ਨਾ ਰੰਨ ਨਾ ਕੰਨ। ਦਿਨ ਰਾਤ ਦੀ ਡਿਊਟੀ। ਬਿਜਲੀ ਦਿਨੇ ਤਾਂ ਲੰਙੇ ਡੰਗ ਆਉਂਦੀ। ਰਾਤ ਨੂੰ ਵੀ ਅੱਖ ਮਟੱਕਾ ਮਾਰਦੀ ਰਹਿੰਦੀ। ਉਹ ਰਾਤ ਕਈ ਵਾਰ ਉੱਠ ਕੇ ਮੋਟਰ ਛੱਡਦਾ। ਦਿਨੇ ਹਿੱਕ ਡਾਹ ਕੇ ਕੰਮ ਕਰਦਾ। ਬਚਨਾ ਤਾਂ ਉਦੋਂ ਹੀ ਰਾਤ ਨੂੰ ਜਾਂਦਾ ਸੀ ਜਦੋਂ ਕੱਸੀ ਦੀ ਵਾਰੀ ਆੳਂੁਦੀ ਜਾਂ ਕੋਈ ਹੋਰ ਜ਼ਰੂਰੀ ਕੰਮ ਹੁੰਦਾ। ਮਣੀਏ ਦੀ ਖੇਤ ਦੀ ਅਪਣੱਤ ਉਸ ਦੀ ਮਾਲਕ ਤੋਂ ਵੀ ਵੱਧ। ਮਜ਼ਾਲ ਏ ਕੋਈ ਖੇਤ ਵਿਚ ਦੀ ਲੰਘ ਜਾਵੇ। ਸਾਗ-ਸੱਪੇ ਦੀ ਚੀਰਨੀ ਤੋੜਨ ਵਾਲਿਆਂ ਨੂੰ ਵੀ ਲਲਕਾਰ ਦਿੰਦਾ।
ਭਾਦੋਂ ਦਾ ਮਹੀਨਾ ਸੀ। ਪੂਰੀ ਹੁੰਮਸ। ਕੜਕਦੀ ਧੁੱਪ। ਇਸ ਧੁੱਪ `ਤੇ ਸਾਹ ਘੁੱਟਣ ਦੇ ਮਾਰੇ ਕਿੰਨੇ ਲੋਕ ਸਾਧ ਬਣ ਜਾਂਦੇ। ਉਸ ਸਾਲ ਝੋਨੇ ਨੂੰ ਹਿਸਪਾ ਹਰੇ ਪੱਤੇ ਤਣੇ ਤੱਕ ਖਾਈ ਜਾਂਦਾ। ਝੋਨਾ ਸੁੱਕ ਸੁੱਕ ਦੱਗੀਆਂ ਪਈ ਜਾਂਦੀਆਂ। ਹੌਲ਼ੀ ਹੌਲ਼ੀ ਸਾਰੀ ਫਸਲ ਸੁੱਕ ਜਾਂਦੀ। ਸਮੇਂ ਸਿਰ ਕੀੜੇ ਮਾਰ ਦਵਾਈਆਂ ਛਿੜਕ ਕੇ ਥੋੜ੍ਹਾ ਬਹੁਤਾ ਕੰਟਰੋਲ ਹੁੰਦਾ। ਬਹੁਤਿਆਂ ਨੂੰ ਦਵਾਈ ਚੜ੍ਹ ਜਾਂਦੀ। ਕਈ ਮਰ ਜਾਂਦੇ। ਕਈ ਉਮਰ ਭਰ ਲਈ ਰੋਗੀ ਹੋ ਜਾਂਦੇ।
‘ਮਣੀਏ, ਦਵਾਈ ਮਹਿੰਗੀ ਆ। ਉੱਤੋਂ ਗਰਮੀ ਤੇ ਹੁੰਮਸ ਆ। ਹਵਾ ਦਾ ਰੁਖ਼ ਵੇਖ ਕੇ ਸਪਰੇਅ ਕਰੀਂ। ਦਸ ਵਜੇ ਤੋਂ ਪਹਿਲਾਂ-ਪਹਿਲਾਂ। ਇਕ ਏਕੜ ਤੋਂ ਵੱਧ ਸਪਰੇਅ ਨਹੀਂ ਕਰਨੀ। ਫਿਰ ਸਾਰਾ ਦਿਨ ਨਹਾ ਧੋ ਕੇ ਅਰਾਮ ਕਰਨਾ। ਪਸ਼ੂਆਂ ਲਈ ਪੱਠੇ ਵੀ ਦਿਨ ਛੁਪਣ ਤੋਂ ਦੋ ਘੰਟੇ ਪਹਿਲਾਂ ਹੀ ਵੱਢਣੇ ਆ।’ ਮੈਂ ਮਣੀਏ ਨੂੰ ਹਦਾਇਤ ਕੀਤੀ।
ਮੈਂ ਮਣੀਏ ਨੂੰ ਇਸ ਲਈ ਨਹੀਂ ਕਿਹਾ ਮਣੀਆ ਮੈਨੂੰ ਕੰਮ ਤੋਂ ਵੱਧ ਪਿਆਰਾ ਸੀ। ਅਸਲ ’ਚ ਮੈਨੂੰ ਕੰਮ ਦਾ ਈ ਫਿਕਰ ਸੀ। ਜੇ ਉਹ ਬੀਮਾਰ ਹੋ ਗਿਆ, ਗੱਡੀ ਕਿਵੇਂ ਰੁੜੂਗੀ? ਪਾਣੀ ਕੌਣ ਲਾਊ? ਪੱਠੇ ਕੌਣ ਵੱਢੂ? ਕੌਣ ਕੁਤਰੂ? ਰਾਤ ਨੂੰ ਮੋਟਰ ਕੌਣ ਛੱਡੂ? ਬਚਨਾ ਤਾਂ ਤੇਈਏ ਤਾਪ ਦਾ (ਮਲ਼ੇਰੀਏ) ਦਾ ਝੰਬਿਆ ਅਜੇ ਉੱਠਿਆ ਨਹੀਂ ਸੀ।
“ਲੈ ਤੇਰੀ ਕੀ ਜਾਂਦੀ, ਮੇਰਾ ਚੋਨਾ ਮਰਜੂ” ਉਸਦਾ ਉੱਤਰ ਸੁਣ ਕੇ ਮੈਨੂੰ ਹੈਰਾਨੀ ਵੀ ਹੋਈ ਤੇ ਖ਼ੁਸ਼ੀ ਵੀ। ਮਣੀਏ ਨੂੰ ਆਪਣੇ ਨਾਲੋਂ ਫਸਲ ਪਿਆਰੀ ਸੀ। ਉਹ ਫਸਲ ਦਾ ਆਸ਼ਕ ਸੀ। ਫਸਲ ਉਸਦੀ ਮਸ਼ੂਕ। ਉਹ ਦੋਵੇਂ ਇਕ ਦੂਜੇ ਦੇ ਸਾਹਾਂ ਦੇ ਦੀਵਾਨੇ। ਮਣੀਏ ਦਾ ਖ਼ੂਨ ਪਸੀਨਾ ਤਾਂ ਹੀ ਸੀ ਜਿਹੜਾ ਫ਼ਸਲ ਦੀ ਰਗ-ਰਗ ਵਿਚ ਦੌੜਦਾ ਸੀ। ਮੈਂ ਤਾਂ ਘੰਟਾ ਕੁ ਖੇਤ ਜਾਨਾਂ। ਟਾਹਲੀ ਥੱਲੇ ਬੈਠ ਕੇ ਆਹ ਕਰਨਾ, ਆਹ ਨੀਂ ਕਰਨਾ। ਹਦਾਇਤਾਂ ਨਾਲ ਲੱਦ ਦਿੰਨਾਂ। ਆਪ ਡੱਕਾ ਤੋੜ ਕੇ ਦੂਹਰਾ ਨਹੀਂ ਕਰਨਾ। ਅਸਲੀ ਮਾਲਕ ਮੈਂ ਹਾਂ ਮਣੀਆ। ਮੇਰੀ ਖ਼ੁਦਗਰਜ਼ੀ ਮੇਰੀ ਸੋਚ ਤੇ ਜ਼ਮੀਰ ਦਾ ਮੂੰਹ ਚਿੜ੍ਹਾਉਂਦੀ।
ਬਚਨਾ ਮੇਰਾ ਸੀਰੀ ਸੀ। ਉਸਨੂੰ ਸੱਤਵਾਂ ਹਿੱਸਾ ਮਿਲਦਾ ਸੀ। ਉਸਨੂੰ ਮਣੀਏ ਨਾਲੋਂ ਸੱਤ ਗੁਣਾ ਵੱਧ ਪੈਸੇ ਮਿਲਦੇ ਸਨ। ਮਣੀਏ ਨੂੰ ਸਾਲ ਭਰ ਦੇ ਉੱਕਾ-ਪੁੱਕਾ ਤਿੰਨ ਹਜ਼ਾਰ ਮਿਲਦੇ ਸਨ। ਉੱਤੋਂ ਮਣੀਏ ਉੱਪਰ ਬਚਨੇ ਦੀ ਸਰਦਾਰੀ। ਸੌਖਾ ਕੰਮ ਆਪ ਕਰਦਾ ਰਾਤ ਦੀ ਮੋਟਰ ਛੱਡਣ ਦੀ ਡਿਊਟੀ ਵੀ ਮਣੀਏ ਦੀ। “ਭਈਏ ਨਿਰਦਈ ਹੁੰਦੇ ਆ। ਲੁਟੇਰੇ। ਬੰਦਾ ਮਾਰਨ ਲੱਗੇ ਦਰੇਗ ਨਹੀਂ ਕਰਦੇ।” ਇਹ ਇਕੱਲਾ ਬਚਨਾ ਹੀ ਨ੍ਹੀਂ ਸੀ ਕਹਿੰਦਾ। ਬਚਨੇ ਵਰਗੇ ਹੋਰ ਵੀ ਕਹਿੰਦੇ।
ਪਹਿਲਾਂ ਬਚਨਾ ਮਣੀਏ ਨੂੰ ਉਸਦਾ ਨਾਉਂ ਲੈ ਕੇ ਨਹੀਂ ਬੁਲਾਉਂਦਾ ਸੀ। ‘ਉਇ ਭਈਏ’ ਈ ਦਸਦਾ। ਪਰ ਖੇਤੀ ਦਾ ਕੰਮ ਕਿਹੜਾ ਇਕੱਲੇ ਇਕਹਿਰੇ ਦਾ। ਇਕ ਜਿੰਦਰਾ ਦਬਦਾ ਦੂਜਾ ਖਿੱਚਦਾ। ਇਕ ਭਰੀ ਬੰਨ੍ਹ ਕੇ ਚੁਕਾਉਂਦਾ। ਇਕ ਰੁਗ ਲਾਉਂਦਾ, ਦੂਜਾ ਮਸ਼ੀਨ ਚਲਾਉਂਦਾ। ਇਕ ਟ੍ਰੈਕਟਰ ਚਲਾਉਂਦਾ। ਦੂਜਾ ਸੁਹਾਗੇ `ਤੇ ਚੜ੍ਹਦਾ। ਸਾਰੇ ਕੰਮ ਤਾਲ-ਮੇਲ ਦੇ। ਦੁੱਖ-ਸੁੱਖ ਸਾਂਝਾ। ਹੌਲੀ-ਹੌਲੀ ਬਚਨਾ ਉਸਨੂੰ ਮਣੀਆ ਕਹਿਣ ਲੱਗ ਪਿਆ।
ਉਸ ਦਿਨ ਤੋਂ ਤਾਂ ਬਹੁਤ ਈ ਫਰਕ ਪੈ ਗਿਆ ਸੀ ਜਿਸ ਦਿਨ ਬਚਨੇ ਦੇ ਮੁੰਡੇ ਸੁਰਤੂ ਨੂੰ ਉਸਦੀ ਨੂੰਹ ਦੇ ਭਰਾ ਤੇ ਉਸਦੇ ਹੋਰ ਰਿਸ਼ਤੇਦਾਰ ਖੇਤ ਕੁੱਟਣ ਆ ਪਏ। ਬਚਨੇ ਦੇ ਮੁੰਡੇ ਨੇ ਆਪਣੀ ਘਰ ਵਾਲੀ ਕੁੱਟ ਕੇ ਘਰੋਂ ਕੱਢ ਦਿੱਤੀ ਸੀ। ਕਈ ਵਾਰ ਸਮਝੌਤੇ ਬਾਰੇ ਗੱਲ ਚਾਲੂ ਹੋਈ ਪਰ ਕਿਸੇ ਤਣ-ਪੱਤਣ ਨਾ ਲੱਗੀ ਸੀ।
ਇਕ ਦਿਨ ਬਚਨਾ, ਬਚਨੇ ਦਾ ਮੁੰਡਾ ਸੁਰਤੂ ਦਿਨ ਛੁਪਦੇ ਨਾਲ ਕੱਸੀ ਦਾ ਪਾਣੀ ਲਾ ਰਹੇ ਸਨ।
“ਮਣੀਆ ਮਾਰਤੇ ਓਇ’ ਬਚਨੇ ਨੇ ਮਣੀਏ ਨੂੰ ਹਾਕ ਮਾਰੀ।
“ਖੜ੍ਹ ਜਾ ਤੇਰੀ ਪੈਨ ਦੀ।” ਮਣੀਏ ਨੇ ਉੱਚੀ ਲਲਕਾਰਾ ਮਾਰਿਆ। ਉਹ ਕਹੀ ਲੈ ਕੇ ਅੱਗੇ ਵਧਿਆ। ਉਸਨੇ ਕਹੀ ਨਾਲ ਇਕ ਦਾ ਗੰਡਾਸਾ ਵੱਢ ਦਿੱਤਾ। ਇਹ ਰੌਲਾ ਸੁਣ ਕੇ ਗੱਜਣ ਦੀ ਮੋਟਰ `ਤੇ ਬੈਠੇ ਸਾਰੇ ਭਈਏ ਲਲਕਾਰੇ ਮਾਰਦੇ ਇੱਧਰ ਨੂੰ ਭੱਜ ਪਏ। ਉਨ੍ਹਾਂ ਦੇ ਲਲਕਾਰਿਆਂ ਨਾਲ ਅਸਮਾਨ ਗੂੰਜ ਉੱਠਿਆ। ਹਮਲਾਵਰ ਜਿਧਰ ਨੂੰ ਮੂੰਹ ਆਇਆ, ਭੱਜ ਗਏ।
ਇਸ ਦਿਨ ਤੋਂ ਪਿੱਛੋਂ ਬਚਨਾ ਉਸਨੂੰ ‘ਸਾਡਾ ਮਣੀਆ’ ਕਹਿਣ ਲੱਗ ਪਿਆ ਸੀ। ਹੁਣ ਕਈ ਵਾਰ ਮਣੀਆ ਬਚਨੇ ਦੇ ਘਰ ਜਾ ਆਉਂਦਾ। ਖੇਤ ਜੇ ਬਚਨੇ ਦੀ ਰੋਟੀ ਪਹਿਲਾਂ ਆ ਜਾਂਦੀ ਦੋਵੇਂ ਵੰਡ ਕੇ ਖਾ ਲੈਂਦੇ। ਜੇ ਮਣੀਏ ਦੀ ਰੋਟੀ ਤੇ ਚਾਹ ਪਾਣੀ ਪਹਿਲਾਂ ਆ ਜਾਂਦਾ ਤਾਂ ਉਹ ਇਕੱਠੇ ਵੰਡ ਕੇ ਪੀ ਲੈਂਦੇ।
ਕਈ ਵਾਰ ਪੰਡਤ ਠੇਲਾ ਰਾਮ ਮੋਟਰ `ਤੇ ਸਵੇਰ ਵੇਲੇ ਨਹਾਉਣ ਆ ਜਾਂਦਾ। “ਤਾਇਆ ਇਸ ਵਿਚ ਸਾਡਾ ਮਣੀਆ ਤੇ ਮੈਂ ਇਕੱਠੇ ਨ੍ਹਾਤੇ ਹਾਂ। ਚਲ੍ਹਾ ਸਾਫ ਕਰ ਦੇਈਏ ਜੇ ਤੈਂ ਨਹਾਉਣਾ?”
‘ਲੱਦ ਗਏ ਉਹ ਦਿਨ, ਬਚਨਿਆ। ਪੱਤਰੀ ਦੇ ਨਾਲ ਗਿਆ ਸਭ ਕੁਝ। ਤਾਜੇ ਪਾਣੀ ਨਾਲ ਇਸ਼ਨਾਨ ਕਰਾ ਦਿਆ ਕਰ, ਇਹੀ ਵਾਧੂ ਹੈ।’
ਸ਼ਾਮ ਦੇ ਸੱਤ ਵੱਜੇ ਸਨ। ਡੁੱਬਦਾ ਸੂਰਜ ਧਰਤੀ ਦੇ ਹੋਠਾਂ ਦੀ ਚੁੰਮਣ ਭਰ ਕੇ ਇਸ ਨੂੰ ਅਲਵਿਦਾ ਕਹਿ ਕੇ ਵਿਦਾ ਹੋ ਰਿਹਾ ਸੀ। ਮੈਂ ਮੋਟਰ `ਤੇ ਸੀ। ਸ਼ਾਮ ਵੇਲੇ ਫਸਲ ਦੁੱਗਣੀ ਸੁਹਣੀ ਲਗਦੀ ਸੀ। ਝੋਨਾ ਫਸਿਆ ਖੜ੍ਹਾ ਸੀ। ਮੱਠੀ ਹਵਾ ਦੇ ਰੁਮਕਣ ਨਾਲ ਨਚਾਰ ਵਾਂਗੂੰ ਝੂੰਮਦਾ ਝੋਨਾ ਕਿਸੇ ਗਰਭਵਤੀ ਹੋਣ ਦਾ ਅਹਿਸਾਸ ਦੇ ਰਿਹਾ ਸੀ। ਇਹ ਸਾਰਾ ਕੁਝ ਵੇਖ ਕੇ ਸਰੂਰ ਚੜ੍ਹ ਗਿਆ।
‘ਹਵਾ ਵੇਖ ਕੇ ਪਾਣੀ ਲਾਇਆ ਕਰੋ। ਮਾੜੀ ਜਿਹੀ ਹਵਾ ਤੇਜ਼ ਵਗਣ ਨਾਲ ਫਸਲ ਡਿੱਗ ਕੇ ਕੂੜਾ ਬਣਜੂ। ਦਿਨੇ ਹਵਾ ਚੱਲਣ ਦਾ ਡਰ ਰਹਿੰਦਾ ਹੈ। ਹੁਣ ਹਵਾ ਬੰਦ ਹੈ। ਦੋ ਘੰਟੇ ਹੋਰ ਪਾਣੀ ਪੈ ਲੈਣ ਦਿਓ। ਬਚਨਿਆ, ਤੂੰ ਗੱਡਾ ਜੋੜ, ਪਸ਼ੂਆਂ ਨੂੰ ਪੱਠੇ ਪਾ ਕੇ ਮਣੀਏ ਦੀ ਰੋਟੀ ਫੜਾ ਜੀਂ।’ ਬਚਨਾ ਗੱਡਾ ਜੋੜ ਕੇ ਚਲਿਆ ਗਿਆ।
“ਮਣੀਆ, ਲਿਆ ਬਈ ਪਾਣੀ?”
ਮਣੀਆ ਪਾਣੀ ਦਾ ਕੱਪ ਭਰ ਕੇ ਰੱਖ ਗਿਆ। ਤਿੰਨ-ਚਾਰ ਆਂਡੇ ਭੁੰਨ ਲਿਆਇਆ। ਰੂੜੀ ਮਾਰਕਾ ਚੱਕ ਲਿਆਇਆ। ਦੋ ਪੈੱਗ ਮੈਂ ਲਾਏ। ਦੋ ਨਾਂਹ ਨੁੱਕਰ ਕਰਦੇ ਮਣੀਏ ਨੂੰ ਲੁਆ ਦਿੱਤੇ।
ਮਣੀਆ ਛੇਤੀ ਹੀ ਹਵਾ ਪਿਆਜੀ ਹੋ ਗਿਆ। ਉਸਦਾ ਮਾਤਾ ਦਾ ਖਾਧਾ ਚਿਹਰਾ ਛੇਤੀ ਹੀ ਗੰਭੀਰ ਹੋ ਗਿਆ। ਉਸ ਦੇ ਬੁੱਲ੍ਹ ਫਰਕੇ। ਮੈਨੂੰ ਲੱਗਿਆ ਜਿਵੇਂ ਕੋਈ ਯਾਦ ਉਸਨੂੰ ਤੜਪਾ ਗਈ ਸੀ। ਕੋਈ ਯਾਦ, ਕੋਈ ਤੜਫ, ਕੋਈ ਅਧੂਰੀ ਰੀਝ ਉਸਨੂੰ ਬੇਚੈਨ ਕਰ ਗਈ ਸੀ। ਕੋਈ ਗੱਲ ਉਸਦੇ ਮਨ ਦਾ ਨਜ਼ਾਮ ਭੰਨ ਕੇ ਬਾਹਰ ਆਉਣ ਲਈ ਬਹਿਬਲ ਹੋ ਰਹੀ ਸੀ।
“ਮਣੀਏ, ਤੂੰ ਵਿਆਹਿਆਂ?” ਮੈਂ ਪੁੱਛਿਆ।
ਉਹ ਚੁੱਪ ਰਿਹਾ। ਮੈਨੂੰ ਇੰਜ ਲੱਗਿਆ ਜਿਵੇਂ ਉਹ ਮੇਰੀ ਗੱਲ ਸਮਝਿਆ ਨਹੀਂ ਸੀ।
“ਤੇਰੀ ਸ਼ਾਦੀ ਹੁਈ ਆ?”
“ਹੂੰ।” ਉਸਨੇ ਧੀਮੀ ਆਵਾਜ਼ ਵਿਚ ਕਿਹਾ।
“ਕਿਤਨਾ ਸਮਾਂ ਹੂਆ”।
“ਦੋ ਬਰਸ਼।” ਉਸਨੇ ਡੂੰਘਾ ਸਾਹ ਲਿਆ।
ਉਸਦੇ ਬੋਲਣ ਤੋਂ ਪਤਾ ਲੱਗਿਆ ਉਸਨੂੰ ਚਾਰ ਸ਼ਬਦ ਹਿੰਦੀ ਦੇ ਬੋਲਣੇ ਆਉਂਦੇ ਹਨ। ਸ਼ਾਇਦ ਉਹ ਸਕੂਲ ਪੜ੍ਹਨ ਗਿਆ ਹੋਵੇ। ਸ਼ਾਇਦ ਉਹ ਹਿੰਦੀ ਦੇ ਗਾਣੇ ਸੁਣ ਕੇ ਸਿੱਖ ਗਿਆ ਹੋਵੇ।
“ਮਣੀਆ, ਕੋਈ ਬੱਚਾ ਬੱਚੀ?”
“ਬੱਚਾ ਕੈਸੇ ਹੋਤੀ? ਸ਼ਾਂਤੀ ਸਾਲੀ ਅਪਣੀ ਮਾਂ ਕੇ ਪਾਸ” ਮਣੀਆ ਬੋਲਿਆ।
ਰਾਤ ਦਾ ਪਸਰ ਰਿਹਾ ਹਨੇਰਾ ਹੋਰ ਵੀ ਗੂੜ੍ਹਾ ਹੋ ਗਿਆ ਸੀ।
“ਰੂਠ ਗਈ ਤੇਰੇ ਨਾਲ?”
“ਨਹੀਂ ਸਰਦਾਰ ਜੀ। ਜਬ ਪੀਸਾ ਦੇਗਾ ਤਬੀ ਸਾਲਾ ਆਏਗੀ।”
“ਕੈਸਾ ਪੀਸਾ। ਕਿਤਨਾ ਪੀਸਾ?”
“ਤੀਸ ਸੌ ਸ਼ਾਦੀ ਕਾ। ਔਰ ਖਰਚੀ ਕਾ ਦੇਨਾ?”
ਮਣੀਏ ਨੇ ਮੈਨੂੰ ਦੱਸਿਆ ਕਿ ਉਸਨੇ ਤਿੰਨ ਹਜ਼ਾਰ ਸ਼ਾਦੀ ਦਾ ਅਤੇ ਪੰਜਾਹ ਰੁਪਏ ਮਹੀਨੇ ਖਰਚ ਦਾ ਉਸਨੂੰ ਆਪਣੇ ਸਹੁਰਿਆਂ ਨੂੰ ਦੇਣਾ ਪੈਣਾ ਸੀ। ਜਿੰਨਾ ਚਿਰ ਨੌਂ ਮਣ ਤੇਲ ਨਾ ਹੁੰਦਾ ਰਾਧਾ ਕਿਵੇਂ ਨੱਚਦੀ। ਤਿੰਨ ਹਜ਼ਾਰ ਨਕਦ ਲੈ ਕੇ ਸ਼ਾਂਤੀ ਦੇ ਪਿਓ ਨੇ ਉਸਨੂੰ ਮਣੀਏ ਨਾਲ ਭੇਜਣਾ ਸੀ। ਜਿਹੜੇ ਥੋੜ੍ਹੇ-ਬਹੁਤੇ ਪੈਸੇ ਉਹ ਭੇਜਦਾ ਰਿਹਾ ਸੀ ਉਸ ਨਾਲ ਉਸਦੇ ਬੁੱਢੇ ਬਾਪ ਤੇ ਬੀਮਾਰ ਮਾ ਦਾ ਮਸਾਂ ਹੀ ਡੰਗ ਟਪਦਾ ਸੀ।
ਮਣੀਏ ਦੀਆਂ ਅੱਖਾਂ ਵਿਚ ਹੰਝੂ ਸਨ। ਹੁਣ ਉਸਨੂੰ ਸ਼ਾਂਤੀ ਦੀ ਯਾਦ ਤੜਪਾ ਰਹੀ ਸੀ। ਉਸਨੂੰ ਬੁੱਢੇ ਮਾਂ-ਬਾਪ ਤੇ ਭੈਣ ਭਰਾ ਯਾਦ ਆ ਰਹੇ ਸਨ। ਹੁਣ ਉਹ ਹੁਬਕ ਹੁਬਕ ਰੋ ਰਿਹਾ ਸੀ। ਦੂਜੇ ਪਾਸੇ ਉਸਦਾ ਯਾਰ ਇੰਜਣ ਹੁਬਕ ਹੁਬਕ ਪਾਣੀ ਕੱਢਦਾ ਸੀ ਜਿਸ ਨੂੰ ਉਹ ਮੋਟਰ ਦੀ ਲਾਈਟ ਜਾਣ ਸਮੇਂ ਛੱਡ ਆਇਆ ਸੀ। ਪਤਾ ਨਹੀਂ ਇੰਜਣ ਆਪਣੇ ਯਾਰ ਮਣੀਏ ਦੇ ਗ਼ਮ ਵਿਚ ਸ਼ਰੀਕ ਹੋ ਰਿਹਾ ਸੀ।
ਉਹ ਰੋਈ ਗਿਆ। ਉਸਦੇ ਹੰਝੂਆਂ ਦਾ ਕੜ ਪਾਟ ਗਿਆ ਸੀ। ਹੰਝੂ ਉਸਦੇ ਚਿਹਰੇ ਦੇ ਮਾਤਾ ਦੇ ਦਾਗ ਵਿਚ ਪਈਆਂ ਨਾਲੀਆਂ ਵਿਚ ਦੀ ਬੇਮੁਹਾਰਾ ਵਗੀ ਗਏ। ਉਹ ਰੋਂਦਾ ਰੋਂਦਾ ਨਿੱਕੇ ਬਾਲ ਵਾਂਗ ਡੁਸਕਣ ਲੱਗ ਪਿਆ।
“ਘਰ ਯਾਦ ਆਤਾ। ਪੀਂਡ ਯਾਦ ਆਤਾ। ਸ਼ਾਂਤੀ ਬਹੁਤ ਯਾਦ ਆਤੀ।” ਮੈਂ ਬਹੁਤ ਪਿਆਰ ਨਾਲ ਪੁੱਛਿਆ।
ਉਹ ਦੁਬਾਰਾ ਪੱਕੇ ਫੋੜੇ ਵਾਂਗੂੰ ਫਿੱਸ ਪਿਆ। ਹੌਲ਼ੀ ਹੌਲ਼ੀ ਉਸਦੀ ਅਵਾਜ਼ ਭਾਰੀ ਹੁੰਦੀ ਗਈ। ਉਹ ਸੰਭਲਿਆ। ਉੱਚੀ ਉੱਚੀ ਗਾਉਣ ਲੱਗ ਪਿਆ। ਉਸਦੇ ਬੋਲ ਹਨੇਰੇ ਦੀ ਹਿੱਕ ਨੂੰ ਚੀਰਦੇ ਸਾਰੀ ਫ਼ਿਜ਼ਾ ਵਿਚ ਮਿੱਠਾ ਦਰਦ ਘੋਲ ਰਹੇ ਸਨ। ਉਹ ਕਿੰਨਾ ਹੀ ਭਿੱਜ ਕੇ ਗਾਉਂਦਾ ਸੀ। ਜਿਵੇਂ ਸਾਰਾ ਬਿਰਹਾ ਉਸਦੇ ਬੋਲਾਂ ’ਚ ਉੱਤਰ ਆਇਆ ਹੋਵੇ। ਜਿਵੇਂ ਉਸਦੇ ਮਨ ’ਚ ਬਿਰਹਾ ਦੇ ਮਾਰੂਥਲ ਦੀ ਤੱਤੀ ਰੇਤ ਭੁਜਦੀ ਹੋਵੇ।
ਇਸ ਤੋਂ ਦੋ ਮਹੀਨੇ ਪਿੱਛੋਂ ਮਣੀਏ ਦਾ ਭਣੋਈਆ ਮੁਣਸ਼ੀ ਉਸਨੂੰ ਮਿਲਣ ਆਇਆ ਸੀ। ਮਣੀਏ ਨੇ ਮੈਥੋਂ ਤੀਹ ਰੁਪਏ ਮੰਗੇ। ਉਹ ਸ਼ਰਾਬ ਦੀ ਬੋਤਲ ਲੈਣੀ ਚਾਹੁੰਦਾ ਸੀ। ਪਤਾ ਨਹੀਂ ਮੇਰੇ ਮਨ ਵਿਚ ਇਹ ਕਿਉਂ ਆਈ, ਚਲੋ ਮਣੀਏ ਦਾ ਰਿਸ਼ਤੇਦਾਰ ਆਇਆ, ਉਸਦੀ ਇੱਜ਼ਤ ਕਰਨੀ ਬਣਦੀ ਹੈ। ਸ਼ਾਇਦ ਇਹ ਦੱਸਣ ਲਈ ਬਈ ਮਣੀਏ ਦੀ ਆਪਣੇ ਸਰਦਾਰ ਨਾਲ ਕਿੰਨੀ ਬਣਦੀ ਹੈ। ਸ਼ਾਇਦ ਇਸ ਕਰਕੇ ਮਣੀਏ ਦਾ ਸਰਦਾਰ ਬਹੁਤ ਹੀ ਚੰਗਾ ਹੈ। ਮੈਂ ਤੀਹ ਰੁਪਈਏ ਦੇਣ ਦੀ ਬਜਾਇ ਉਸਨੂੰ ਸ਼ਰਾਬ ਦੀ ਬੋਤਲ ਲਿਆ ਦਿੱਤੀ। ਮੇਰੀ ਪਤਨੀ ਨੇ ਵੀ ਵਿਸ਼ੇਸ਼ ਉਚੇਚ ਕੀਤੀ—ਖੀਰ, ਕੜਾਹ, ਦਾਲ-ਸਬਜ਼ੀ, ਚੌਲ ਤੇ ਚੰਗੀ ਰੋਟੀ ਬਣਾਈ। ਪਤਾ ਨਹੀਂ ਮੁਣਸ਼ੀ ਛੇਤੀ ਸ਼ਰਾਬੀ ਹੋ ਗਿਆ ਜਾਂ ਸ਼ਰਾਬੀ ਹੋਣ ਦਾ ਨਾਟਕ ਕਰਨ ਲੱਗਿਆ। ਪਹਿਲਾਂ ਉਹ ਹੱਸ ਹੱਸ ਗੱਲਾਂ ਕਰਦੇ ਰਹੇ। ਫਿਰ ਮੁਣਸ਼ੀ, ਮਣੀਏ ਨੂੰ ਗਾਲ੍ਹਾਂ ਕੱਢਣ ਲੱਗ ਪਿਆ। ਮਣੀਆ ਉਸਨੂੰ ਪਲੋਸਦਾ ਅਤੇ ਮਿੰਨਤਾਂ ਕਰਦਾ ਰਿਹਾ। ਰੋਟੀ ਕਿਸਨੇ ਖਾਣੀ ਸੀ? ਮਣੀਆ ਉਸਨੂੰ ਨਾਲ ਲੈ ਕੇ ਮੋਟਰ ਲਈ ਚੱਲ ਪਿਆ।
ਪੱਤੀ ਦੀ ਸੱਥ ਵਿਚ ਦੋ ਤਖਤਪੋਸ਼ ਡਹੇ ਰਹਿੰਦੇ ਸਨ। ਦਿਨ ਵੇਲੇ ਉਸ `ਤੇ ਤਾਇਆ ਭਾਨ ਸਿੰਘ ਤੇ ਹੋਰ ਬਜ਼ੁਰਗ ਬੈਠੇ ਰਹਿੰਦੇ ਸਨ। ਵੱਡੀ ਰਾਤ ਤੱਕ ਮੁੰਡੇ ਬੈਠੇ ਰਹਿੰਦੇ ਸਨ। ਕੰਮ ਕਾਜ ਤੋਂ ਵਿਹਲੇ ਹੋ ਕੇ ਮੁੰਡੇ-ਖੁੰਡੇ ਤੇ ਚੋਬਰ ਰਾਤ ਨੂੰ ਆ ਬਹਿੰਦੇ। ਇਸ ਵੇਲੇ ਤੱਕ ਪੀਤੂ ਤੇ ਜੀਤਾ ਅਜੇ ਵੀ ਬੈਠੇ ਸਨ।
ਮਣੀਆ ਤੇ ਮੁਣਸ਼ੀ ਝੂਲਦੇ ਜਾ ਰਹੇ ਸਨ। ਉਨ੍ਹਾਂ ਦੇ ਪਿੱਛੇ ਕੁਝ ਫਾਸਲੇ `ਤੇ ਮੈਂ ਜਾ ਰਿਹਾ ਸਾਂ।
“ਸਾਲੇ ਭਈਏ ਕਿਵੇਂ ਝੂਲਦੇ ਜਾਂਦੇ ਨੇ।” ਪੀਤੂ ਤੇ ਜੀਤਾ ਸੁਭਾਵਕ ਹੀ ਇਕੱਠੇ ਬੋਲੇ। ਇਹ ਸੁਣ ਕੇ ਬਹਿਕਿਆ ਮੁਣਸ਼ੀ ਹੋਰ ਵੀ ਬਹਿਕ ਗਿਆ। ਉਹ ਲੱਤਾਂ ਗੱਡ ਕੇ ਖੜ੍ਹ ਗਿਆ। ਉਸਨੇ ਲਲਕਾਰਾ ਮਾਰਿਆ। ਜਿਵੇਂ ਇਹ ਲਲਕਾਰਾ ਮਾਰ ਕੇ ਆਪਣੇ ਮਨ ਦੀ ਭੜਾਸ ਕੱਢ ਰਿਹਾ ਹੋਵੇ। ਜਿਵੇਂ ਇਹ ਲਲਕਾਰਾ ਮਾਰ ਕੇ ਸਾਰੇ ਪਿੰਡ ਨੂੰ ਲਲਕਾਰ ਰਿਹਾ ਹੋਵੇ।
“ਠਹਿਰ ਜਾ, ਲਾਹੁੰਦੇ ਆਂ ਤੇਰੀ ਸ਼ਰਾਬ।” ਪੀਤੂ ਅਤੇ ਜੀਤਾ ੳੁੱਠ ਕੇ ਉਸਨੂੰ ਕੁੱਟਣ ਈ ਲੱਗੇ ਸਨ ਪਰ ਉਹ ਮੈਨੂੰ ਵੇਖ ਕੇ ਭਰੇ-ਭਰਾਏ ਚੁੱਪ ਹੋ ਗਏ। “ਚਾਚਾ, ਤੇਰੇ ਮੂੰਹ ਨੂੰ ਨਹੀਂ ਤਾਂ ਇਹ ਜ਼ਾਤ?” ਮਣੀਏ ਨੇ ਮੁਣਸ਼ੀ ਦੇ ਮੂੰਹ `ਤੇ ਹੱਥ ਰੱਖ ਕੇ ਢਲਕ ਬੋਚ ਲਈ। ਉਹ ਮੁਣਸ਼ੀ ਦੇ ਘਸੁੰਨ `ਤੇ ਘਸੁੰਨ ਮਾਰ ਰਿਹਾ ਸੀ। ਮੁਣਸ਼ੀ ਅਬਾ ਤਬਾ ਬੋਲਦਾ ਗਾਲ਼੍ਹ `ਤੇ ਗਾਲ਼੍ਹ ਕੱਢੀ ਜਾ ਰਿਹਾ ਸੀ। ਪੀਤੂ ਦਾ ਗੁੱਸਾ ਅਜੇ ਠੰਢਾ ਨਹੀਂ ਸੀ ਹੋਇਆ।
“ਚਾਚਾ, ਬਸ ਤੇਰੇ ਮੂੰਹ ਨੂੰ ਚੁੱਪ ਕਰ ਗਏ” ਗੱਲ ਇਸ ਤੋਂ ਵੀ ਵੱਧ ਸੀ ਪਰ ਜੇ ਭਈਏ ਆਉਣੋਂ ਹਟ ਗਏ ਤਾਂ ਗੱਡੀ ਕਿਵੇਂ ਰੁੜੂ? ਮੁਣਸ਼ੀ ਭਈਆ ਬੋਲੀ ਵਿਚ ਗਾਲ੍ਹਾਂ ਕੱਢਦਾ ਨਾਲ ਦੇ ਪਿੰਡ ਦੇ ਰਾਹ ਪੈ ਗਿਆ ਜਿੱਥੇ ਉਹ ਠਹਿਰਿਆ ਸੀ।
“ਮੁਣਸ਼ੀ ਕੀ ਬੋਲਦਾ ਸੀ? ਕੀ ਬਕਦਾ ਸੀ?” ਮੈਂ ਮਣੀਏ ਤੋਂ ਪੁੱਛਿਆ।
ਮੇਰੇ ਵਾਰ ਵਾਰ ਪੁੱਛਣ `ਤੇ ਮਣੀਏ ਨੇ ਦੱਸਿਆ, “ਸਾਲੀ ਬੋਲਤਾ ਮੈਂ ਮੁਣਸ਼ੀ ਯਾਦਵ ਮੇਰਾ ਵੀ ਕੋਈ ਨਾਂ ਹੈ। ਕੌਣ ਗਾਲੀ ਨਿਕਲੂ। ਚਲੋ ਮੇਰੇ ਦੇਸ਼। ਘੇਰਾਂਗੇ ਟਰੱਕਾਂ ਦੇ ਟਰੱਕ। ਲਾਂਦੇਗੇ ਅੱਗ।” ਮੁਣਸ਼ੀ ਕਿਉਂ ਬੁੜਕਿਆ? ਇਸ ਦੀ ਸਮਝ ਤਾਂ ਮੈਨੂੰ ਪਰਦੇਸ ਜਾ ਕੇ ਆਈ ਸੀ।
ਅਗਲੇ ਸਾਲ ਵੀ ਉਸ ਨੇ ਮੇਰੇ ਨਾਲ ਰਹਿਣਾ ਸੀ। ਮੈਂ ਹੋਰ ਅਗਲੇ ਸਾਲ ਦੇ ਵੀ ਇਕ ਸਾਲ ਪਹਿਲਾਂ ਉਸਨੂੰ ਦੇ ਦਿੱਤੇ।
ਉਹ ਆਪਣੀ ਘਰਵਾਲੀ ਸ਼ਾਂਤੀ ਨੂੰ ਲੈ ਆਇਆ ਅਤੇ ਮੇਰੇ ਗੁਆਂਢ ਰਹਿਣ ਲੱਗ ਪਿਆ।
ਪੰਜਾਬ ਦੇ ਹਾਲਾਤ ਬਹੁਤ ਖਰਾਬ ਸਨ। ਉਹ ਵੇਲੇ-ਕੁਵੇਲੇ ਵੀ ਘਰ ਨਹੀਂ ਆ ਸਕਦਾ ਸੀ। ਉਪਰੋਂ ਸ਼ਾਂਤੀ ਗਰਭਵਤੀ ਹੋ ਗਈ। ਉਸ ਦੀ ਵੇਖ ਭਾਲ ਲਈ ਕੋਈ ਔਰਤ ਵੀ ਤਾਂ ਚਾਹੀਦੀ ਸੀ। ਛੇ ਮਹੀਨੇ ਰਹਿ ਕੇ ਸ਼ਾਂਤੀ ਵਾਪਸ ਚਲੀ ਗਈ। ਮਣੀਆ ਫਿਰ ਮੋਟਰ `ਤੇ ਰਹਿਣ ਲੱਗ ਪਿਆ। ਮੈਂ ਇਸ ਤੋਂ ਇੱਕ ਸਾਲ ਪਿੱਛੋਂ ਪਰਦੇਸ ਚਲਿਆ ਗਿਆ ਤੇ ਮੇਰਾ ਪੁੱਤ ਤੇ ਮਣੀਆ ਖੇਤੀ ਕਰਨ ਲੱਗੇ।
ਮੈਂ ਪੰਜ ਸਾਲ ਪਿੱਛੋਂ ਦੇਸ ਵਾਪਸ ਮੁੜਿਆ। ਰਾਤ ਦੇ ਦਸ ਵਜੇ ਏਅਰਪੋਰਟ `ਤੇ ੳੁੱਤਰਿਆ। ਮੇਰਾ ਪੁੱਤਰ ਹਰਬੀਰ ਮੈਨੂੰ ਲੈਣ ਆਇਆ ਹੋਇਆ ਸੀ।
ਅਸੀਂ ਚਾਲੀ ਮੀਲ ਦਾ ਸਫ਼ਰ ਤੈਅ ਕਰ ਕੇ ਇੱਕ ਢਾਬੇ `ਤੇ ਰੁਕੇ।
ਢਾਬੇ `ਤੇ ਪੂਰੀ ਚਹਿਲ-ਪਹਿਲ ਸੀ। ਇਸ ਦੁਆਲੇ ਬਾਜ਼ਾਰ ਉਸਰਿਆ ਪਿਆ ਸੀ। ਮੁਸਾਫਰਾਂ ਦੀਆਂ, ਏਅਰਪੋਰਟ ਤੋਂ ਆਉਣ ਵਾਲੀਆਂ ਤੇ ਏਅਰ ਪੋਰਟ ਨੂੰ ਜਾਣ ਵਾਲੀਆਂ ਕਾਰਾਂ ਦਾ ਘੜਮੱਸ ਸੀ। ਇੱਥੇ ਢਾਬੇ ਵਿਚ ਕੰਮ ਕਰਨ ਵਾਲੇ ਸਾਰੇ ਭਈਏ ਸਨ-ਕੁੁੱਕ, ਵੇਟਰ, ਰਿੰਨ-ਪਕਾਉਣ ਤੇ ਵਰਤਾਉਣ ਵਾਲੇ। ਬਿਲ ਦੇ ਕੇ ਪੈਸੇ ਵਸੂਲ ਕਰਨ ਵਾਲੇ। ਢਾਬੇ ਦਾ ਮਾਲਕ ਪੰਜਾਬੀ ਸੀ। ਅੰਬਾਲੇ ਦੇ ਨੇੜੇ ਆ ਕੇ ਅਸੀਂ ਇੱਕ ਰੇਹੜੀ ਤੋਂ ਜੂਸ ਪੀਤਾ। ਜੂਸ ਕੱਢ ਕੇ ਦੇਣ ਵਾਲਾ ਵੀ ਭਈਆ ਸੀ। ਅੱਗੇ ਜਾ ਕੇ ਇੱਕ ਇਤਹਾਸਕ ਗੁਰਦੁਆਰੇ ਵਿਚ ਮੱਥਾ ਟੇਕਿਆ। ਲੰਗਰ ਪਕਾਉਂਦੇ ਦੋ ਭਈਏ ਸਿੰਘ ਸਜੇ ਵੇਖ ਕੇ ਹੈਰਾਨ ਰਹਿ ਗਿਆ। ਮੈਨੂੰ ਹੈਰਾਨ ਹੋਇਆ ਵੇਖ ਕੇ ਮੇਰਾ ਪੁੱਤਰ ਬੋਲਿਆ, “ਪਾਪਾ ਜੀ, ਇੱਥੇ ਸ਼ਰਧਾ ਵਾਲੀ ਕੋਈ ਗੱਲ ਨਹੀਂ -ਇਹ ਮੰਡੀ ਆ ਮੰਡੀ। ਬਿਜ਼ਨਸ ਆ ਬਿਜ਼ਨਸ। ਹਰ ਚੀਜ਼ ਸਸਤੀ ਦੌੜਦੀ ਆ। ਇੱਥੇ ਤਾਂ ਇਉਂ ਹੈ ਬਾਹਰ ਦਾ ਥੋਨੂੰ ਪਤਾ ਹੋਊ?”
“ਇਹ ਨਹਿਰ ਵੀ ਉਸੇ ਦਰਿਆ ਵਿਚੋਂ ਨਿਕਲਦੀ ਆ ਜਿਹੜਾ ਉੱਥੇ ਸਮੁੰਦਰ ਵਿਚੋਂ ਨਿਕਲਦਾ ਹੈ।”
“ਸਮੁੰਦਰ ਵਿਚੋਂ ਦਰਿਆ?”
“ਹਾਂ, ਪੁੱਤਰਾ ਇੰਜ ਹੀ ਹੈ। ”
ਮੈਂ ਘਰੇ ਪਹੁਚਿੰਆ, ਅੱਗੇ ਵਿਹੜੇ ‘ਚ ਸ਼ਾਂਤੀ ਦੇਵੀ ਪੋਚਾ ਲਾ ਰਹੀ ਸੀ। ਮੈਂ ਭਈਆ ਬੋਲੀ ਵਿਚ ਉਸਦਾ ਹਾਲ-ਚਾਲ ਪੁੱਛਿਆ। ਉਸ ਨੇ ਬਹੁਤ ਹੀ ਸੋਹਣੀ ਪੰਜਾਬੀ ਵਿਚ ਮੈਨੂੰ ਸਤਿ ਸ੍ਰੀ ਅਕਾਲ ਬੁਲਾਈ। ਮੈਨੂੰ ਉਸ ਨਾਲ ਭਈਆ ਬੋਲੀ ਵਿਚ ਗੱਲ ਕਰਕੇ ਬਹੁਤ ਹੀ ਹੀਣਤਾ ਮਹਿਸੂਸ ਹੋਈ। ਦੂਰ ਪਰੇ ਵਿਹੜੇ ਵਿਚ ਸ਼ਾਂਤੀ ਦੇ ਦੋਵੇਂ ਬੱਚੇ ਮੇਰੇ ਪੋਤੇ-ਪੋਤੀ ਨਾਲ ‘ਭੰਡਾ ਭੰਡਾਰੀਆ’ ਦੀ ਖੇਡ ਖੇਡਦੇ ਸਾਰੇ ਇਕੋ ਜਿਹੇ ਲੱਗੇ। ਉਸਨੇ ਮੁੰਡੇ ਦਾ ਨਾਂ ਮੇਜਰ ਅਤੇ ਕੁੜੀ ਦਾ ਨਾਂ ਸਿਮਰਨ ਰੱਖਿਆ ਸੀ ਬਿਲਕੁਲ਼ ਬਾਹਰ ਵਾਂਗ ਜਿੱਥੇ ਮਹਿੰਦਰ ਮੈਂਡੀ ਬਣ ਜਾਂਦਾ ਹੇ ਤੇ ਸੁਰਿੰਦਰ ਸੈਂਡੀ ਬਣ ਜਾਂਦੀ ਹੈ।
ਮੇਰੇ ਨਾਲ ਦਾ ਘਰ ਮੇਰੇ ਭਰਾ ਦਾ ਸੀ। ਵਿਹੜੇ ਵਿਚ ਬੈਠੀ ਭਰਜਾਈ ਗੋਡਿਆਂ ਦੇ ਦਰਦ ਦੀ ਸ਼ਿਕਾਇਤ ਕਰਦੀ ਨੇ, ਆਪਣੇ ਘਰੇ ਕੰਮ ਕਰਦੀ ਭਈਆ ਰਾਣੀ ਨੂੰ ਚਾਹ ਬਣਾਉਣ ਲਈ ਕਿਹਾ। ਮੇਰਾ ਭਤੀਜਾ ਖੇਤ ਕੰਮ ਕਰਦੇ ਭਈਆਂ ਨੂੰ ਰੋਟੀ ਦੇਣ ਗਿਆ ਸੀ ਉੱਥੋਂ ਉਸਨੇ ਕਿਤੇ ਹੋਰ ਜਾਣਾ ਸੀ।
ਹੁਣ ਮਣੀਆ ਮੈਨੂੰ ਮਨੁੱਖ ਲਗਦਾ। ਮੇਰਾ ਆਪਣਾ। ਮੇਰੇ ਵਾਂਗ ਹੀ ਪੀੜਤ। ਮੈਂ ਵੀ ਮਸ਼ੀਨ ਦਾ ਪੁਰਜਾ ਤੇ ਮਣੀਆ ਵੀ। ਦੋਵੇਂ ਹੀ ਰੋਟੀ-ਰੋਜ਼ੀ ਦੀ ਭਾਲ ਵਿਚ ਦਰ-ਬ-ਦਰ। ਇਕ ਅਪਰਾਧ ਕਰਦਾ ਸਾਰੇ ਅਪਰਾਧੀ। ਮਣੀਆ ਵੀ ਤੇ ਮੈਂ ਵੀ। ਮੇਰਾ ਵੀ ਸਖਤ ਕੰਮ ਤੇ ਮਣੀਏ ਦਾ ਵੀ। ਉਹ ਭਈਆ ਤੇ ਮੈਂ ਕਾਲਾ, ਹਿੰਦੂ।
“ਸਰਦਾਰ ਜੀ ਪਰਦੇਸ ਗੋਰੀ ਗੋਰੀ ਮੇਮਾਂ, ਸੁਹਨੇ ਗਰ, ਲੋਕ ਬੋਲਤੀ ਰਬੜ ਕੀ ਸੜਕਾਂ ਹੋਤਾ ਹੈ। ਮੁਝੇ ਵੀ ਲੇ ਚਲਾ ਜਾ। ਇਕ ਬਕਸਾ ਮੈਂ ਡਾਲ ਕੇ।”
“ਮਣੀਏ ਹਾਂ, ਸਭ ਹੈ ਪਰ ਸ਼ਾਂਤੀ ਨਹੀਂ ਮਿਲੇਗੀ।”
“ਸਰਦਾਰ ਜੀ, ਆਪ ਕੋ ਪੀਂਡ ਚੇਤੇ ਆਤੀ। ਚੋਨਾ ਚੇਤੇ ਆਤੀ, ਕਨਕ ਚੇਤੇ ਆਤੀ। ਗਰ ਚੇਤੇ ਆਤੀ।” ਉਸਨੇ ਪੁੱਛਿਆ। ਅਸਲ ਵਿਚ ਇਹ ਸ਼ਬਦ ਉਸਦੇ ਮਨ ਦੀ ਵੇਦਨਾ ਦਾ ਪ੍ਰਗਟਾਵਾ ਸਨ।
“ਹਾਂ ਮਣੀਏ ਸਭ ਕੁਝ ਯਾਦ ਆਉਂਦਾ-ਘਰ ਵੀ, ਪਿੰਡ ਵੀ। ਮਰੇ ਵੀ, ਜਿਉਂਦੇ ਵੀ, ਸਭ ਯਾਦ ਆਉਂਦੇ ਹਨ। ਸਭ ਦੇ ਸੁਪਨੇ ਆਉਂਦੇ ਹਨ। ਉਹੀ ਦੇਸ਼ ਬਣ ਜਾਂਦਾ ਜਿੱਥੇ ਕੋਈ ਰਹਿਣ ਲੱਗ ਜਾਂਦਾ ਹੈ।” ਮੈਂ ਮਣੀਏ ਨੂੰ ਕਹਿ ਰਿਹਾ ਸੀ ਪਰ ਆਪਣੇ ਮਨ ਦੀ ਵੇਦਨਾ ਨੂੰ ਜ਼ਬਾਨ ਦੇ ਰਿਹਾ ਸੀ। ਉਹ ਸਰਦਾਰ ਜੀ ਕਹਿ ਕੇ ਮੇਰੇ ਪੈਰੀਂ ਹੱਥ ਲਾਉਣ ਲੱਗਿਆ। ਮੈਂ ਉਸ ਨੂੰ ਬੁੱਕਲ ਵਿਚ ਲੈ ਕੇ ਕਿਹਾ, “ਮਣੀਏ, ਭਈਆ ਕੌਣ? ਸਰਦਾਰ ਕੌਣ? ਸਰਦਾਰ ਉਹੀ ਬਣੂ ਜਿਹੜਾ ਕੰਮ ਕਰੂ। ਵਿਹਲੜ ਸਰਦਾਰ ਨਹੀਂ ਬਣ ਸਕਦਾ।”
“ਅੱਛਾ ਭਈਆ, ਮੈਂ ਚਲਿਆਂ, ਆਪਣੇ ਦੇਸ਼।”
“ਆਪਣੇ ਦੇਸ਼! ਸਰਦਾਰ ਜੀ।” ਉਹ ਸੁਣ ਕੇ ਹੈਰਾਨ ਰਹਿ ਗਿਆ।
“ਹਾਂ! ਆਪਣੇ ਦੇਸ਼। ਉਹੀ ਦੇਸ਼ ਬਣ ਜਾਂਦਾ ਜਿੱਥੇ ਕੋਈ ਰਹਿਣ ਲੱਗ ਜਾਂਦਾ। ਬਸ ਇਕੋ ਰੀਝ ਰਹਿ ਜਾਂਦੀ ਹੈ। ਠੰਢੀ ਹਵਾ ਦੇ ਬੁਲ੍ਹੇ ਆਉਂਦੇ ਰਹਿਣ ਪੇਕਿਆਂ ਵੱਲੋਂ ਵੀ ਤੇ ਸਹੁਰਿਆਂ ਵੱਲੋਂ ਵੀ।”
“ਜੋ ਤੋ ਸਹੀ ਬਾਤ ਬਤਾਈ ਹੈ, ਸਰਦਾਰ ਜੀ।”
“ਮਣੀਏ, ਐਵੇਂ, ਕੀ ਸਰਦਾਰ ਸਰਦਾਰ ਜੀ ਦੀ ਰੱਟ ਲਾਈਂ ਜਾਨੈਂ?” ਮੈਂ ਆਪਣੇ ਹੰਝੂ ਲੁਕਾਉਂਦੇ ਹੋਏ ਉਸਦੇ ਹੰਝੂ ਪੂੰਝੇ।
ਪਿੰਡੋਂ ਬਾਹਰ ਨਿਕਿਲਿਆ। ਭਈਆਂ ਦਾ ਇੱਕ ਟੋਲਾ ਬੱਸ ਤੋਂ ਉੱਤਰਿਆ। “ਭਈਏ ਆਤੇ ਹੈਂ ਭਈਏ ਜਾਤੇ ਹੈਂ। ਭਈਆ ਆਤਾ, ਭਈਆ ਜਾਤਾ ਰਹੇ?” ਮੈਂ ਭਈਆ ਬੋਲੀ ਬੋਲਦਾ ਬੋਝਲ਼ ਮਨ ਤੇ ਭਾਰੇ ਕਦਮਾਂ ਨਾਲ ਪਿੰਡ ਦੀ ਜੂਹ ਨੂੰ ਅਲਵਿਦਾ ਕਹਿ ਆਉਂਦਾ ਹਾਂ।