ਨਕਸਲਬਾੜੀ ਲਹਿਰ ਦਾ ਅਦੁੱਤੀ ਸ਼ਹੀਦ – ਗੁਲਜ਼ਾਰ ਸਿੰਘ ਭੱਠਲ

ਮਨਜੀਤ ਮਾਨ ਮੰਡੀ ਕਲਾਂ
ਗੁਲਜ਼ਾਰ ਸਿੰਘ ਭੱਠਲ ਦਾ ਜਨਮ 19 ਜੁਲਾਈ, 1928 ਨੂੰ ਪਿੰਡ ਭੱਠਲ, ਜ਼ਿਲ੍ਹਾ ਸੰਗਰੂਰ (ਹੁਣ ਜ਼ਿਲ੍ਹਾ ਬਰਨਾਲਾ) ਵਿਖੇ ਮਾਤਾ ਸੋਧਾਂ ਕੌਰ ਦੀ ਕੁੱਖੋਂ ਪਿਤਾ ਸ. ਚੰਨਣ ਸਿੰਘ ਦੇ ਘਰ ਹੋਇਆ। ਉਨ੍ਹਾਂ ਦੀਆਂ ਤਿੰਨ ਭੈਣਾਂ ਅਤੇ ਚਾਰ ਭਰਾ ਸਨ। ਦੋ ਭਰਾ ਛੋਟੀ ਉਮਰ ਵਿਚ ਹੀ ਚਲਾਣਾ ਕਰ ਗਏ। ਘਰ ਵਿਚ ਅਤਿ ਦੀ ਗਰੀਬੀ ਹੋਣ ਕਰਕੇ ਉਹ ਸਕੂਲ ਦੀ ਪੜ੍ਹਾਈ ਵੀ ਨਾ ਕਰ ਸਕੇ ਅਤੇ ਉਨ੍ਹਾਂ ਨੂੰ ਨਿਆਣੀ ਉਮਰ ਵਿਚ ਹੀ ਘਰ ਦੀ ਕਬੀਲਦਾਰੀ ਨੇ ਘੇਰ ਲਿਆ।

ਉਹ ਘਰ ਦੇ ਗੁਜ਼ਾਰੇ ਲਈ ਆਪਣੇ ਪਿਤਾ ਸ. ਚੰਨਣ ਸਿੰਘ ਨਾਲ ਸਖ਼ਤ ਮਿਹਨਤ ਕਰਨ ਲੱਗ ਪਏ। ਭੱਠਲ ਨੂੰ ਰਾਜਨੀਤਕ ਅਤੇ ਚੰਗੇ ਸਮਾਜ ਨੂੰ ਸਿਰਜਣ ਦੀ ਗੁੜ੍ਹਤੀ ਮਾਤਾ ਜੀ ਤੋਂ ਹੀ ਮਿਲੀ ਕਿਉਂਕਿ ਮਾਤਾ ਜੀ ਦਾ ਜੀਵਨ ਸਹੁਰੇ ਘਰ ਪੈਰ ਪਾਉਣ ਸਮੇਂ ਤੋਂ ਹੀ ਸੰਘਰਸ਼ਮਈ ਰਿਹਾ ਸੀ। ਮਾਤਾ ਸੋਧਾਂ ਕੌਰ ਧਨੌਲਾ ਖ਼ੇਤਰ ਦੇ ਪਹਿਲੀ ਔਰਤ ਸਨ, ਜਿਨ੍ਹਾਂ ਨੇ ਜੈਤੋ ਦੇ ਮੋਰਚੇ ਵਿਚ ਵਧ-ਚੜ੍ਹ ਕੇ ਹਿੱਸਾ ਲਿਆ। ਜੈਤੋ ਦੇ ਮੋਰਚੇ ਉਪਰੰਤ ਸਰਕਾਰੀ ਜਬਰ ਦਾ ਵਿਰੋਧ ਕਰਨ ਦੇ ਫ਼ਲਸਰੂਪ ਉਨ੍ਹਾਂ ਨੇ ਸਾਲਾਂਬੱਧੀ ਜੇਲ੍ਹਾਂ ਕੱਟੀਆਂ। ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਦੇ ਮਾਤਾ ਹਰਨਾਮ ਕੌਰ ਅਤੇ ਗੁਲਜ਼ਾਰ ਸਿੰਘ ਭੱਠਲ ਦੇ ਮਾਤਾ ਜੀ ਨਾਭਾ ਜੇਲ੍ਹ ਵਿਚ ਇੱਕੋ ਕੋਠੜੀ ਵਿਚ ਇਕੱਠੇ ਬੰਦ ਰਹੇ। ਬੀਬੀ ਰਜਿੰਦਰ ਕੌਰ ਭੱਠਲ ਦਾ ਜਨਮ ਜੇਲ੍ਹ ਵਿਚ ਹੀ ਮਾਤਾ ਜੀ ਦੇ ਹੱਥੀਂ ਹੋਇਆ। ਇਸੇ ਕਾਰਨ ਮਾਤਾ ਹਰਨਾਮ ਕੌਰ ਦਾ ਸਮੁੱਚਾ ਪਰਿਵਾਰ ਮਾਤਾ ਸੋਧਾਂ ਕੌਰ ਨੂੰ ‘ਵੱਡੀ ਮਾਂ’ ਕਿਹਾ ਕਰਦਾ ਸੀ। ਇਸ ਕਾਰਨ ਹੀ ਮਾਤਾ ਜੀ ਦਾ ਝੁਕਾਅ ਕੁੱਲ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਵੱਲ ਹੋਇਆ।
ਹਰਨਾਮ ਸਿੰਘ ਚਮਕ, ਹਰਦਿੱਤ ਸਿੰਘ ਭੱਠਲ, ਪ੍ਰਤਾਪ ਸਿੰਘ ਧਨੌਲਾ, ਜਨਕ ਸਿੰਘ ਭੱਠਲ ਆਦਿ ਵੱਡੇ ਲੀਡਰਾਂ ਦਾ ਘਰ ਆਉਣਾ-ਜਾਣਾ ਹੋ ਗਿਆ। ਇਨ੍ਹਾਂ ਸਾਰਿਆਂ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਮਾਤਾ ਜੀ ਸਮੇਤ ਸਾਰਾ ਪਰਿਵਾਰ ਹੀ ਕਮਿਊਨਿਸਟ ਵਿਚਾਰਧਾਰਾ ਨੂੰ ਸਮਰਪਿਤ ਹੋ ਗਿਆ। ਇਸ ਵਿਚਾਰਧਾਰਾ ‘ਤੇ ਚਲਦਿਆਂ ਸਮੁੱਚਾ ਪਰਿਵਾਰ ਪਾਰਟੀ ਦੇ ਸਾਰੇ ਮੋਰਚਿਆਂ ਵਿਚ ਸ਼ਮੂਲੀਅਤ ਕਰਨ ਲੱਗ ਪਿਆ। ਪਰਿਵਾਰ ਦੀ ਹਕੂਮਤੀ ਜਬਰ ਵਿਰੁੱਧ ਟੱਕਰ ਕਾਰਨ ਸਾਰੇ ਪਰਿਵਾਰ ਨੂੰ ਅਨੇਕਾਂ ਵਾਰ ਜੇਲ੍ਹਾਂ ਵਿਚ ਜਾਣਾ ਪਿਆ। 1959 ਵਿਚ ਖ਼ੁਸ਼ਹੈਸੀਅਤ ਟੈਕਸ ਮੋਰਚੇ ਵਿਚ ਪਰਿਵਾਰ ਦੇ ਪੰਜ ਮੈਂਬਰਾਂ ਨੂੰ ਇਕ ਸਾਲ ਦੀ ਜੇਲ੍ਹ ਕੱਟਣੀ ਪਈ। ਗੁਲਜ਼ਾਰ ਸਿੰਘ, ਮਾਤਾ ਸੋਧਾਂ ਕੌਰ, ਗੁਲਜ਼ਾਰ ਭੱਠਲ ਦੀਆਂ ਦੋ ਭੈਣਾਂ ਬੀਬੀ ਗੁਲਾਬ ਕੌਰ ਅਤੇ ਬੀਬੀ ਲਾਭ ਕੌਰ ਤੋਂ ਇਲਾਵਾ ਉਨ੍ਹਾਂ ਦੇ ਬੇਟੇ ਮਹਿੰਦਰ ਸਿੰਘ ਭੱਠਲ (ਤਤਕਾਲੀ ਸੂਬਾ ਪ੍ਰਧਾਨ, ਖੇਤੀਬਾੜੀ ਤੇ ਕਿਸਾਨ ਵਿਕਾਸ ਫਰੰਟ, (ਪੰਜਾਬ) ਨੇ ਸਿਰਫ ਦੋ ਸਾਲ ਦੀ ਉਮਰ ਵਿਚ ਸਾਲ ਭਰ ਜੇਲ੍ਹ ਕੱਟੀ। ਜੇਲ੍ਹ ਤੋਂ ਰਿਹਾਅ ਹੋਣ ਉਪਰੰਤ ਸਮੁੱਚਾ ਪਰਿਵਾਰ ਹਰਦਿੱਤ ਸਿੰਘ ਭੱਠਲ ਦੀ ਅਗਵਾਈ ਹੇਠ ਲਗਾਤਾਰ ਪਾਰਟੀ ਵਿਚ ਕੰਮ ਕਰਦਾ ਰਿਹਾ।
ਅਚਾਨਕ ਪਾਰਟੀ ਵਿਚ ਮੱਤਭੇਦ ਆਉਣ ਕਾਰਨ ਸਾਥੀ ਭੱਠਲ ਪਾਰਟੀ ਤੋਂ ਵੱਖ ਹੋ ਗਿਆ। ਇਸ ਉਪਰੰਤ ਬੰਗਾਲ ਦੇ ਪਿੰਡ ਨਕਸਲਬਾੜੀ ਤੋਂ ਸ਼ੁਰੂ ਹੋਈ ਨਕਸਲੀ ਲਹਿਰ ਨੇ 1969 ਵਿਚ ਪੰਜਾਬ ਨੂੰ ਆਪਣੇ ਕਲਾਵੇ ਵਿਚ ਲੈ ਲਿਆ। ਕਿਸਾਨਾਂ-ਮਜ਼ਦੂਰਾਂ ਦੀ ਮੁਕਤੀ ਲਈ ਪੰਜਾਬ ਵਿਚੋਂ ਹਜ਼ਾਰਾਂ ਨੌਜਵਾਨ ਇਸ ਲਹਿਰ ਵਿਚ ਕੁੱਦ ਪਏ। ਪਹਿਲਾਂ ਤੋਂ ਕਮਿਊਨਿਸਟ ਵਿਚਾਰਧਾਰਾ ਨੂੰ ਪ੍ਰਣਾਏ ਹੋਣ ਕਾਰਨ ਕਾਮਰੇਡ ਹਾਕਮ ਸਿੰਘ ਸਮਾਓਂ ਅਤੇ ਛੋਟਾ ਸਿੰਘ ਸੁਲਤਾਨਪੁਰ ਨੇ ਸਾਥੀ ਪਾਸ ਘਰ ਆ ਕੇ ਉਨ੍ਹਾਂ ਨੂੰ ਨਕਸਲਬਾੜੀ ਲਹਿਰ ਦੇ ਪ੍ਰੋਗਰਾਮ ਤੋਂ ਜਾਣੂ ਕਰਵਾਇਆ। ਸਦੀਆਂ ਤੋਂ ਹੁੰਦੀ ਲੁੱਟ ਨੂੰ ਰੋਕਣ ਲਈ ਸਾਥੀ ਭੱਠਲ ਨੇ ਨਕਸਲਬਾੜੀ ਲਹਿਰ ਦੇ ਪ੍ਰੋਗਰਾਮ ਨਾਲ ਸਹਿਮਤ ਹੁੰਦਿਆਂ ਪਾਰਟੀ ਲਈ ਕੁੱਲਵਕਤੀ ਤੌਰ ‘ਤੇ ਕੰਮ ਕਰਨ ਦੀ ਸਹਿਮਤੀ ਦਿੱਤੀ ਅਤੇ ਪਿੰਡਾਂ ਵਿਚ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ।
ਪੰਜਾਬ ਸਟੇਟ ਕਮੇਟੀ ਦੇ ਫੈਸਲੇ ਅਨੁਸਾਰ ਉਨ੍ਹਾਂ ਨੇ ਹੋਰਨਾਂ ਸਾਥੀਆਂ ਨਾਲ ਮਿਲ ਕੇ ਪਿੰਡ ਕਿਲ੍ਹਾ ਹਕੀਮਾਂ (ਸੰਗਰੂਰ) ਦੇ ਸਰਦਾਰ ਬਲਵੰਤ ਸਿੰਘ ਮੈਰਿਆਂ ਵਾਲੇ ਦੀ ਜ਼ਮੀਨ ‘ਤੇ ਕਬਜ਼ਾ ਕੀਤਾ ਅਤੇ ਖੇਤ ਵਿਚ ਪਾਰਟੀ ਦਾ ਪ੍ਰਚਮ ਝੁਲਾ ਕੇ ਸਰਦਾਰ ਦੀ ਜ਼ਮੀਨ ਗ਼ਰੀਬ ਲੋਕਾਂ ਵਿਚ ਵੰਡ ਦਿੱਤੀ। ਭੂਮੀਪਤੀ ਬਲਵੰਤ ਸਿੰਘ, ਜੋ ਖੁਦ ਰਿਟਾਇਰਡ ਆਲਾ ਫ਼ੌਜੀ ਅਫ਼ਸਰ ਸੀ, ਨੇ ਪੁਲਿਸ ਅਤੇ ਸਰਕਾਰ ਦੀ ਮੱਦਦ ਨਾਲ ਪਿੰਡਾਂ ਦੇ ਲੋਕਾਂ ‘ਤੇ ਬੇਤਹਾਸ਼ਾ ਤਸ਼ੱਦਦ ਕਰਵਾਇਆ। ਪਾਰਟੀ ਨੇ ਫੈਸਲਾ ਕਰ ਲਿਆ ਕਿ ਲੋਕਾਂ ‘ਤੇ ਢਾਹੇ ਤਸ਼ੱਦਦ ਦਾ ਬਦਲਾ ਬਲਵੰਤ ਸਿੰਘ ਨੂੰ ਮਾਰ ਕੇ ਲਿਆ ਜਾਵੇ। ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਗੁਲਜ਼ਾਰ ਸਿੰਘ ਭੱਠਲ ਦੀ ਅਗਵਾਈ ਵਿਚ ਛੋਟਾ ਸਿੰਘ ਸੁਲਤਾਨਪੁਰ, ਗੁਰਦਿਆਲ ਸਿੰਘ ਸ਼ੇਰਪੁਰ ਅਤੇ ਹਾਕਮ ਸਿੰਘ ਸਮਾਓਂ, ਬਾਬੂ ਸਿੰਘ ਅਤੇ ਦਲੀਪ ਸਿੰਘ (ਹੁਣ ਦੋਵੇਂ ਸ਼ਹੀਦ) ਨੇ ਬਲਵੰਤ ਸਿੰਘ ਨੂੰ ਉਸ ਦੇ ਪਟਿਆਲਾ ਸਥਿਤ ਬੰਗਲੇ ਵਿਚ ਗੋਲੀਆਂ ਨਾਲ ਮਾਰ ਮੁਕਾਇਆ। ਬਲਵੰਤ ਸਿੰਘ ਨੂੰ ਮਾਰਨ ਲਈ ਸਾਥੀ ਗੁਲਜ਼ਾਰ ਸਿੰਘ ਹੀ ਉਸ ਦੇ ਬੰਗਲੇ ਦੀ ਕੰਧ ਟੱਪ ਕੇ ਅੰਦਰ ਗਿਆ ਅਤੇ ਬਾਕੀ ਸਾਥੀ ਉਸ ਦੀ ਹਿਫ਼ਾਜ਼ਤ ਲਈ ਗੇਟ ‘ਤੇ ਤਾਇਨਾਤ ਸੁਰੱਖਿਆ ਫੋਰਸ ‘ਤੇ ਹਮਲਾ ਕਰਨ ਲਈ ਬਾਹਰ ਰੁਕ ਗਏ। ਸਾਥੀ ਗੁਲਜ਼ਾਰ ਸਿੰਘ ਨੇ ਉਨ੍ਹਾਂ ਨੂੰ ਕਿਹਾ ਕਿ ਜਦੋਂ ਬੰਗਲੇ ਦੇ ਅੰਦਰ ਫਾਇਰ ਹੋ ਗਿਆ ਤਾਂ ਫਿਰ ਗੇਟ ‘ਤੇ ਹਮਲਾ ਕਰਨਾ ਹੈ। ਇਹੀ ਕੁੱਝ ਹੋਇਆ। ਸਾਥੀ ਗੁਲਜ਼ਾਰ ਸਿੰਘ ਨੇ ਕੋਠੀ ਤੋਂ ਗੇਟ ਤੱਕ ਅਤੇ ਗੇਟ ਤੋਂ ਵਾਪਸ ਕੋਠੀ ਤੱਕ ਸ਼ਾਮ ਦੀ ਸੈਰ ਲਈ ਗੇੜੇ ਕੱਢਦੇ ਬਲਵੰਤ ਨੂੰ ਗੇੜਾ ਖਵਾ ਦਿੱਤਾ। ਸਾਰੇ ਰਾਤੋ ਰਾਤ ਪੈਦਲ ਚੱਲ ਕੇ ਧਨੌਲਾ ਹਲਕੇ ਵਿਚ ਆਪਣੇ ਟਿਕਾਣੇ ‘ਤੇ ਪਹੁੰਚ ਗਏ।
ਇਸ ਘਟਨਾ ਤੋਂ ਬਾਅਦ ਸਰਕਾਰ ਤੁਰੰਤ ਐਕਸ਼ਨ ਵਿਚ ਆਈ ਤੇ ਤਮਾਮ ਸਾਥੀਆਂ ਦੇ ਵਾਰੰਟ ਜਾਰੀ ਕਰ ਦਿੱਤੇ ਗਏ ਅਤੇ ਗੋਲੀ ਮਾਰਨ ਦਾ ਆਰਡਰ ਕਰ ਦਿੱਤਾ ਗਿਆ। ਇਸ ਕਾਰਨ ਚਾਰੇ ਸਾਥੀਆਂ ਨੇ ਰੂਪੋਸ਼ ਹੋ ਕੇ ਪਾਰਟੀ ਦੀਆਂ ਸਰਗਰਮੀਆਂ ਲਗਾਤਾਰ ਜਾਰੀ ਰੱਖੀਆਂ। ਇਸ ਉਪਰੰਤ ਦੁਖਾਂਤ ਇਹ ਵਾਪਰਿਆ ਕਿ ਆਲ ਇੰਡੀਆ ਕਮੇਟੀ ਦੀ ਪੱਛਮੀ ਬੰਗਾਲ ਵਿਚ ਹੋਈ ਮੀਟਿੰਗ ਵਿਚ ਪਾਰਟੀ ਵਿਚ ਫੁੱਟ ਪੈ ਗਈ। ਪੰਜਾਬ ਤੋਂ ਸੈਂਟਰਲ ਕਮੇਟੀ ਦੀ ਮੀਟਿੰਗ ਵਿਚ ਗਿਆ ਵਿਅਕਤੀ ਚਾਰੂ ਮਜੂਮਦਾਰ ਦੀ ਅਗਵਾਈ ਨੂੰ ਛੱਡ ਕੇ ਸੱਤਿਆ ਨਰਾਇਣ ਧੜੇ ਵਿਚ ਸ਼ਾਮਲ ਹੋ ਗਿਆ। ਉਸ ਨੇ ਪੰਜਾਬ ਆ ਕੇ ਜ਼ਿਲ੍ਹਾ ਸੰਗਰੂਰ ਦੇ ਸਾਰੇ ਕਾਮਰੇਡਾਂ ਦੀ ਮੀਟਿੰਗ ਬੁਲਾ ਕੇ ਗਲਤ ਰਿਪੋਰਟ ਪੇਸ਼ ਕੀਤੀ ਕਿ ਪਾਰਟੀ ਦੀ ਕੇਂਦਰੀ ਕਮੇਟੀ ਨੇ ਹਥਿਆਰਬੰਦ ਘੋਲ ਦਾ ਫੈਸਲਾ ਵਾਪਸ ਲੈ ਕੇ ਜਨਤਕ ਜਥੇਬੰਦੀਆਂ ਬਣਾਉਣ ਅਤੇ ਚੋਣ ਪ੍ਰਣਾਲੀ ਵਿਚ ਦੁਬਾਰਾ ਜਾਣ ਦਾ ਫੈਸਲਾ ਕੀਤਾ ਹੈ। ਪੰਜਾਬ ਵਾਲੇ ਕਾਮਰੇਡਾਂ ਨੂੰ ਪਤਾ ਨਹੀਂ ਸੀ ਕਿ ਇਹ ਸਾਥੀ ਸੱਤਿਆ ਨਰਾਇਣ ਨਾਲ ਸਟੈਂਡ ਕਰ ਗਿਆ ਹੈ। ਮੀਟਿੰਗ ਵਿਚ ਹਾਜ਼ਰ ਕਾਮਰੇਡਾਂ ਦੇ ਇਹ ਗੱਲ ਗਲ਼ ਤੋਂ ਹੇਠ ਨਾ ਉਤਰੀ। ਸਾਰਿਆਂ ਨੇ ਕਾਮਰੇਡ ਗੁਲਜ਼ਾਰ ਸਿੰਘ ਭੱਠਲ ਦੀ ਅਗਵਾਈ ਹੇਠ ਇਸ ਗੱਲ ਦਾ ਜਚ ਕੇ ਵਿਰੋਧ ਕੀਤਾ ਤਾਂ ਸੱਤਿਆਨਰਾਇਣੀ ਕਾਮਰੇਡ ਨੇ ਕਿਹਾ ਕਿ ਜਿਹੜੇ ਇਸ ਫੈਸਲੇ ਨਾਲ ਸਹਿਮਤ ਨਹੀਂ ਹਨ ਉਹ ਉਨ੍ਹਾਂ ਪਾਸ ਪਾਰਟੀ ਦੇ ਹਥਿਆਰ ਦੇ ਦੇਣ। ਇਹ ਗੱਲ ਸੁਣ ਕੇ ਖਾੜਕੂ ਤੱਤ ਦੇ ਸਾਥੀ ਗੁਲਜ਼ਾਰ ਸਿੰਘ ਦੀ ਉਸ ਨਾਲ ਤਲਖ-ਕਲਾਮੀ ਹੋ ਗਈ, ਜਿਸ ਕਾਰਨ ਹਥਿਆਰ ਵਾਪਸ ਮੰਗਣ ਵਾਲੇ ਕਾਮਰੇਡ ਨੂੰ ਰਾਤ ਨੂੰ ਹੀ ਮੀਟਿੰਗ ਸਥਾਨ ਛੱਡਣ ਲਈ ਮਜਬੂਰ ਹੋਣਾ ਪਿਆ। ਬਾਕੀ ਸਾਰੇ ਸਾਥੀਆਂ ਨੇ ਫੈਸਲਾ ਕੀਤਾ ਕਿ ਪੱਛਮੀ ਬੰਗਾਲ ਵਿਚ ਬੰਦਾ ਭੇਜ ਕੇ, ਕਾਮਰੇਡ ਚਾਰੂ ਮਜੂਮਦਾਰ ਨੂੰ ਮਿਲ ਕੇ ਅਸਲ ਸਥਿਤੀ ਪਤਾ ਕੀਤੀ ਜਾਵੇ। ਇਸ ਕੰਮ ਲਈ ਮਾਸਟਰ ਸੁਖਦੇਵ ਸਿੰਘ ਹੰਡਿਆਇਆ ਨੂੰ ਕਾਮਰੇਡ ਚਾਰੂ ਮਜੂਮਦਾਰ ਨੂੰ ਮਿਲਣ ਵਾਸਤੇ ਪੱਛਮੀ ਬੰਗਾਲ ਭੇਜਿਆ ਗਿਆ। ਮਾਸਟਰ ਸੁਖਦੇਵ ਸਿੰਘ ਵੱਲੋਂ ਉਨ੍ਹਾਂ ਨੂੰ ਮਿਲ ਕੇ ਬੰਗਾਲ ਤੋਂ ਪੰਜਾਬ ਜਾ ਕੇ ਇਕ ਕਾਮਰੇਡ ਵੱਲੋਂ ਪੇਸ਼ ਕੀਤੀ ਰਿਪੋਰਟ ਬਾਰੇ ਅਤੇ ਉਨ੍ਹਾਂ ਵੱਲੋਂ ਪੰਜਾਬ ਅੰਦਰ ਲਏ ਸਟੈਂਡ ਬਾਰੇ ਦੱਸਿਆ ਤਾਂ ਚਾਰੂ ਮਜੂਮਦਾਰ ਨੇ ਬਹੁਤ ਖੁਸ਼ੀ ਜ਼ਾਹਰ ਕੀਤੀ ਅਤੇ ਸਿਹਤ ਠੀਕ ਹੋਣ ਉਪਰੰਤ ਪੰਜਾਬ ਦਾ ਦੌਰਾ ਕਰਨ ਦਾ ਵਿਸ਼ਵਾ ਦੁਆਇਆ। ਉਨ੍ਹਾਂ ਦੱਸਿਆ ਕਿ ਪੰਜਾਬ ਦਾ ਉਹ ਸਾਥੀ ਹਥਿਆਰਬੰਦ ਇਨਕਲਾਬ ਦਾ ਰਾਹ ਛੱਡ ਕੇ ਸੱਤਿਆ ਨਰਾਇਣ ਸਮੇਤ ਮੈਦਾਨ ਛੱਡ ਗਿਆ ਹੈ। ਉਨ੍ਹਾਂ ਨੇ ਮਾ: ਸੁਖਦੇਵ ਸਿੰਘ ਰਾਹੀਂ ਪੱਤਰ ਭੇਜ ਕੇ ਪੰਜਾਬ ਅੰਦਰ ਸੰਘਰਸ਼ ਕਰ ਰਹੇ ਸਾਰੇ ਸਾਥੀਆਂ ਨੂੰ ਤਨਦੇਹੀ ਨਾਲ ਕੰਮ ਕਰਨ ਲਈ ਪ੍ਰੇਰਿਆ। ਪੰਜਾਬ ਅੰਦਰ ਚਾਰੂ ਧਿਰ ਦੇ ਕਾਮਰੇਡਾਂ ਨੇ ਕਾਮਰੇਡ ਚਾਰੂ ਮਜੂਮਦਾਰ ਦੇ ਪੰਜਾਬ ਆਉਣ ਤੱਕ ਰੂਪੋਸ਼ ਹੋ ਕੇ ਕੰਮ ਜਾਰੀ ਰੱਖਣ ਦਾ ਫੈਸਲਾ ਕੀਤਾ।
ਪੁਲੀਸ ਦੀ ਛਾਪੇਮਾਰੀ ਅਤੇ ਟਿਕਾਣੇ ਵਾਲੇ ਹਮਦਰਦਾਂ ਦੀ ਕੁੱਟਮਾਰ ਕਾਰਨ ਗੁਲਜ਼ਾਰ ਸਿੰਘ ਭੱਠਲ, ਪਿੰਡ ਧੌਲਾ ਦੇ ਖੇਤਾਂ ਵਿਚ ਆਪਣੀ ਮਾਸੀ ਦੀ ਧੀ ਕੋਲ ਰਹਿਣ ਲੱਗ ਪਏ। ਸਾਥੀ ਦਾ ਪਿੰਡ ਹਰੀਗੜ੍ਹ ਦੇ ਗਾਮੇ ਤੇਲੀ ਪਾਸ ਟਿਕਾਣਾ ਸੀ, ਜਿਸ ਦੀ ਸੂਹ ਪੁਲੀਸ ਨੂੰ ਮਿਲ ਗਈ। ਗਾਮੇ ਤੇਲੀ ਨੂੰ ਸੀ.ਆਈ.ਡੀ. ਸਟਾਫ ਲੱਡਾ ਕੋਠੀ ਧSਫ ਸਿਕੰਦਰ ਸਿੰਘ ਦੇ ਕਹਿਣ `ਤੇ ਚੁੱਕ ਲਿਆਂਦਾ ਗਿਆ। ਉਹ ਪੁਲੀਸ ਦਾ ਤਸੱLਦਦ ਨਾ ਸਹਾਰਦਾ ਹੋਇਆ ਗੁਲਜ਼ਾਰ ਸਿੰਘ ਭੱਠਲ ਨੂੰ ਇਕ ਹਫ਼ਤੇ ਵਿਚ ਫੜਾਉਣ ਲਈ ਰਾਜ਼ੀ ਹੋ ਗਿਆ। ਗਾਮਾ ਤੇਲੀ ਆਪਣਾ ਸਾਈਕਲ ਲੈ ਕੇ ਹਰੀਗੜ੍ਹ ਤੋਂ ਪਿੰਡ ਧੌਲੇ ਪਹੁੰਚ ਗਿਆ ਅਤੇ ਉਥੇ ਰਾਤ ਰਿਹਾ। ਉਸ ਨੇ ਘੜੀ-ਘੜਾਈ ਕਹਾਣੀ ਮੁਤਾਬਕ ਹਰੀਗੜ੍ਹ ਵਿਖੇ ਆਪਣਾ ਕੋਈ ਕੰਮ ਕਰਵਾਉਣ ਲਈ ਗੁਲਜ਼ਾਰ ਸਿੰਘ ਨੂੰ ਨਾਲ ਚੱਲਣ ਲਈ ਕਿਹਾ। ਪਾਰਟੀ ਟਿਕਾਣਾ ਹੋਣ ਕਾਰਨ ਸਾਥੀ ਉਸ ਦੇ ਵਿਸ਼ਵਾਸ ਵਿਚ ਆ ਕੇ ਉਸ ਦੇ ਨਾਲ ਆਉਣ ਲਈ ਤਿਆਰ ਹੋ ਗਿਆ। ਉਹ ਦੋਵੇਂ ਸਾਈਕਲ ‘ਤੇ ਸਵਾਰ ਹੋ ਕੇ ਪਿੰਡਾਂ ਵਿਚ ਦੀ ਹੁੰਦੇ ਹੋਏ ਪਿੰਡ ਕਾਲੇਕੇ ਆਪਣੇ ਖਾਸ ਮਿੱਤਰ ਭੋਲੂ ਦੇ ਘਰ ਆ ਗਏ। ਉੱਥੇ ਉਨ੍ਹਾਂ ਨੇ ਲੰਗਰ ਪਾਣੀ ਛਕਿਆ। ਭੋਲੂ ਨੇ ਗੁਲਜ਼ਾਰ ਸਿੰਘ ਭੱਠਲ ਨੂੰ ਹਰੀਗੜ੍ਹ ਜਾਣ ਤੋਂ ਰੋਕਿਆ ਅਤੇ ਕਿਹਾ ਕਿ ਜੇਕਰ ਜਾਣਾ ਜ਼ਰੂਰੀ ਹੈ ਤਾਂ ਮੇਰੀ ਰਫ਼ਲ ਅਤੇ ਘੋੜੀ ਲੈ ਜਾ। ਸਾਥੀ ਭੱਠਲ ਨੇ ਗਾਮਾ ਤੇਲੀ ਦੇ ਸਾਹਮਣੇ ਹੀ ਕਹਿ ਦਿੱਤਾ ਕਿ ਉਸ ਕੋਲ ਸੱਤ ਕਾਰਤੂਸ ਤੇ ਪਿਸਟਲ ਹੈ। ਗੁਲਜ਼ਾਰ ਸਿੰਘ ਸਾਈਕਲ ਉੱਥੇ ਛੱਡ ਕੇ ਘੋੜੀ ‘ਤੇ ਹਰੀਗੜ੍ਹ ਦੇ ਖੇਤਾਂ ਵਿਚ ਪਹੁੰਚ ਗਏ। ਉੱਥੋਂ ਉਨ੍ਹਾਂ ਨੇ ਗਾਮੇ ਤੇਲੀ ਨੂੰ ਘੋੜੀ ਵਾਪਸ ਕਰਨ ਅਤੇ ਸਾਈਕਲ ਚੁੱਕਣ ਲਈ ਵਾਪਸ ਕਾਲੇਕੇ ਜਾਣ ਨੂੰ ਕਿਹਾ ਪਰ ਪੁਲੀਸ ਕੈਟ ਬਣਿਆ ਗਾਮਾ ਤੇਲੀ ਕਾਲੇਕੇ ਜਾਣ ਦੀ ਬਜਾਏ ਘੋੜੀ ‘ਤੇ ਸੀ.ਆਈ.ਡੀ. ਸਟਾਫ ਲੱਡਾ ਕੋਠੀ (ਸੰਗਰੂਰ) ਚਲਾ ਗਿਆ ਅਤੇ ਡੀ.ਐਸ.ਪੀ. ਸਿਕੰਦਰ ਸਿੰਘ ਨੂੰ ਸਾਰੀ ਰਿਪੋਰਟ ਕਰ ਦਿੱਤੀ ਕਿ ਉਹ ਇਸ ਸਮੇਂ ਪਿੰਡ ਹਰੀਗੜ੍ਹ ਵਿਖੇ ਉਸ ਦੇ ਘਰ ਪਹੁੰਚ ਗਿਆ ਹੈ, ਉਸ ਕੋਲ ਸੱਤ ਕਾਰਤੂਸ ਅਤੇ ਦੇਸੀ ਪਿਸਤੌਲ ਹੈ। ਡੀਐਸਪੀ ਨੇ ਇਸ ਮੁਖ਼ਬਰੀ ਬਾਰੇ ਐਸ.ਐਸ.ਪੀ. ਸੰਗਰੂਰ ਨੂੰ ਸੂਚਨਾ ਦਿੱਤੀ ਅਤੇ ਉਸ ਨੇ ਸਾਰੇ ਜ਼ਿਲ੍ਹੇ ਦਾ ਪੁਲੀਸ ਨੂੰ ਹੁਕਮ ਚਾੜ੍ਹ ਦਿੱਤਾ ਕਿ ਤੁਰੰਤ ਪਿੰਡ ਹਰੀਗੜ੍ਹ ਨੂੰ ਘੇਰ ਲਿਆ ਜਾਵੇ ਤਾਂ ਜੋ ਗੁਲਜ਼ਾਰ ਸਿੰਘ ਭੱਠਲ ਨੂੰ ਫੜਿਆ ਜਾਂ ਮਾਰਿਆ ਜਾ ਸਕੇ। ਭਾਰੀ ਪੁਲੀਸ ਫੋਰਸ ਨੇ ਪਿੰਡ ਹਰੀਗੜ੍ਹ ਨੂੰ ਚਾਰ-ਚੁਫੇਰਿਓਂ ਘੇਰ ਲਿਆ ਅਤੇ ਪਿੰਡ ਨੂੰ ਚਾਰੇ ਪਾਸੇ ਤੋਂ ਘੇਰਾ ਪਏ ਹੋਣ ਦੀ ਅਨਾਊਂਸਮੈਂਟ ਕਰ ਦਿੱਤੀ।
ਗੁਲਜ਼ਾਰ ਸਿੰਘ ਭੱਠਲ ਆਪਣੇ ਬਚਾਅ ਲਈ ਘੇਰੇ ‘ਚੋਂ ਨਿਕਲਣ ਖ਼ਾਤਰ ਗਾਮੇ ਦੇ ਕੋਠੇ ‘ਤੇ ਚੜ੍ਹਿਆ, ਪਿਛਲੇ ਪਾਸੇ ਉਤਰਨਾ ਚਾਹਿਆ, ਦੇਖਿਆ ਪੁਲੀਸ ਹੀ ਪੁਲੀਸ। ਉਸ ਨੇ ਕੋਠੇ ਤੋਂ ਹੇਠ ਛਾਲ ਮਾਰੀ, ਧਨੌਲਾ ਦੇ ਥਾਣੇਦਾਰ ਨੇ ਉਸ ਨੂੰ ਨਿਕਲਣ ਲਈ ਰਾਹ ਛੱਡ ਦਿੱਤਾ ਅਤੇ ਬੋਲਿਆ, ‘ਗੁਲਜ਼ਾਰਿਆ ਪਿੰਡ ਵਿਚੋਂ ਬਾਹਰ ਨਾ ਨਿਕਲੀਂ।’ ਸਾਥੀ ਖੇਤਾਂ ਵੱਲ ਭੱਜਿਆ, ਅੱਗੇ ਵੀ ਪੁਲੀਸ ਸੀ। ਉਹ ਨਹਿਰ ਵੱਲ ਗਿਆ, ਉਧਰ ਵੀ ਪੁਲੀਸ ਸੀ। ਆਖਰ ਉਹ ਸਕੂਲ ਵੱਲ ਵਧਿਆ, ਸਕੂਲ ਦੇ ਨੇੜੇ ਗਿਆ, ਉੱਥੇ ਵੀ ਪੁਲੀਸ ਸੀ। ਐਸ.ਐਸ.ਪੀ. ਨੇ ਅਨਾਊਂਸਮੈਂਟ ਕਰ ਕੇ ਉਸ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਤਾਂ ਸੂਰਬੀਰ ਸਾਥੀ ਗਰਜਿਆ, ‘ਮੈਂ ਕੋਈ ਅਪਰਾਧੀ ਨਹੀਂ ਹਾਂ, ਮੈਂ ਆਤਮ ਸਮਰਪਣ ਨਹੀਂ ਕਰਾਂਗਾ ਅਤੇ ਸ਼ਹੀਦੀ ਪਾ ਦੇਵਾਂਗਾ’। ਦੋਵੇਂ ਪਾਸਿਆਂ ਤੋਂ ਗੋਲੀਆਂ ਚੱਲੀਆਂ। ਸਾਥੀ ਨੇ ਛੇ ਫਾਇਰ ਕੀਤੇ।
ਪਿਸਟਲ ਵਿਚ ਆਖ਼ਰੀ ਗੋਲੀ ਬਚ ਗਈ। ਏਨੇ ਵਿਚ ਹੀ ਇਕ ਗੋਲੀ ਗੁਲਜ਼ਾਰ ਸਿੰਘ ਦੇ ਪੁੜੇ ਵਿਚ ਲੱਗ ਗਈ। ਉਹ ‘ਨਕਸਲਬਾੜੀ ਜ਼ਿੰਦਾਬਾਦ, ਲੁਟੇਰੀਆਂ ਜਮਾਤਾਂ ਮੁਰਦਾਬਾਦ’ ਦੇ ਜੋਸ਼ੀਲੇ ਨਾਹਰੇ ਮਾਰਦਾ ਹੇਠਾਂ ਡਿੱਗ ਪਿਆ ਅਤੇ ਉੱਥੇ ਹੀ ਪਿਆ ਰਿਹਾ, ਕੋਈ ਹਿਲਜੁੱਲ ਨਾ ਕੀਤੀ। ਉਸ ਨੂੰ ਹੋਣੀ ਦਾ ਪਤਾ ਸੀ ਕਿ ਉਸ ਨੇ ਸ਼ਹੀਦ ਹੋਣਾ ਹੈ। ਉਹ ਜੋ ਕੁੱਝ ਕਰਨ ਲਈ ਥਾਏਂ ਅਹਿਲ ਪਿਆ ਸੀ ਉਸ ਗੱਲ ਨੇ ਵੀ ਇਤਿਹਾਸ ਦਾ ਲਾਲ ਵਰਕਾ ਬਣਨਾ ਸੀ। ਪੁਲੀਸ ਨੇ ਉਸ ਦਾ ਨਾਮ ਲੈ ਕੇ ਅਵਾਜ਼ਾਂ ਮਾਰੀਆਂ ਪਰ ਉਹ ਨਾ ਬੋਲਿਆ ਅਤੇ ਨਾ ਹਿੱਲਿਆ। ਪੁਲੀਸ ਨੇ ਉਸ ਨੂੰ ਮਰਿਆ ਸਮਝ ਲਿਆ। ਪੁਲੀਸ ਅੱਗੇ ਵਧੀ ਤਾਂ ਸਾਥੀ ਨੇ ਆਖ਼ਰੀ ਗੋਲੀ ਨਾਲ ਇਕ ਪੁਲੀਸ ਵਾਲੇ ਨੂੰ ਢੇਰ ਕਰ ਲਿਆ। ਉਸ ਦਾ ਸੱਤਵਾਂ ਅਤੇ ਆਖ਼ਰੀ ਕਾਰਤੂਸ ਚੱਲ ਚੁੱਕਾ ਸੀ। ਪੁਲੀਸ ਨੇ ਨਿਹੱਥੇ ਕਾਮਰੇਡ ਉਪਰ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ। ਸਾਥੀ ਭੱਠਲ ਪੁਲਿਸ ਦਾ ਮੁਕਾਬਲਾ ਕਰਦਾ ਹੋਇਆ 12 ਮਈ 1970 ਨੂੰ ਸ਼ਾਮ 5 ਵਜੇ ਤੱਕ ਦੱਬੇ ਕੁਚਲੇ ਲੋਕਾਂ ਦੀ ਮੁਕਤੀ ਲਈ ਲੜਦਾ/ਜੂਝਦਾ ਹੋਇਆ 42 ਸਾਲ ਦੀ ਉਮਰ ਵਿਚ ਸ਼ਹੀਦ ਹੋ ਗਿਆ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਹਕੂਮਤ ਨੇ ਸ਼ਹੀਦ ਗੁਲਜ਼ਾਰ ਸਿੰਘ ਭੱਠਲ ਦਾ ਘਰ ਪਹਿਲਾਂ ਅਤੇ ਉਨ੍ਹਾਂ ਦੇ ਜਿਊਂਦੇ-ਜੀਅ 5 ਵਾਰ ਕੁਰਕ ਕੀਤਾ। ਉਨ੍ਹਾਂ ਦੇ ਘਰ ਦੇ ਸਾਮਾਨ ਨੂੰ ਧਨੌਲਾ ਦੇ ਥਾਣੇ ਵਿਚ ਲਿਜਾ ਕੇ ਨਿਲਾਮ ਕੀਤਾ ਜਾਂਦਾ ਰਿਹਾ ਪ੍ਰੰਤੂ ਸਰਕਾਰਾਂ ਦਾ ਜਬਰ ਉਨ੍ਹਾਂ ਦੇ ਸਿਦਕ ਨੂੰ ਡੁਲਾ ਨਾ ਸਕਿਆ।
ਸ਼ਹੀਦ ਸਾਥੀ ਗੁਲਜ਼ਾਰ ਸਿੰਘ ਦੀ ਸ਼ਹੀਦੀ ਦੀ ਖਬਰ ਸੁਣ ਕੇ ਪਿੰਡ ਭੱਠਲ ਵਿਚ ਸੋਗ ਦੀ ਲਹਿਰ ਫੈਲ ਗਈ। ਸ਼ਾਮ ਨੂੰ ਕਰੀਬ 6.30 ਵਜੇ ਪੁਲੀਸ ਨੇ ਮਾਤਾ ਸੋਧਾਂ ਕੌਰ ਨੂੰ ਆਪਣੇ ਪੁੱਤ ਦੀ ਲਾਸ਼ ਦੀ ਪਛਾਣ ਕਰਨ ਲਈ ਬਰਨਾਲੇ ਜਾਣ ਲਈ ਕਿਹਾ। ਤੁਰੰਤ ਸਾਰਾ ਪਿੰਡ ਇਕੱਠਾ ਹੋ ਗਿਆ ਅਤੇ ਸਾਰੇ ਲੋਕ ਸਮੇਤ ਪੰਚਾਇਤ ਬਰਨਾਲਾ ਹਸਪਤਾਲ ਪਹੁੰਚ ਗਏ। ਪ੍ਰਸ਼ਾਸਨ ਨੇ ਸਾਥੀ ਭੱਠਲ ਦੀ ਲਾਸ਼ ਰਾਤ ਕਰੀਬ 10 ਵਜੇ ਦਿੱਤੀ ਅਤੇ ਸਾਰੇ ਪਿੰਡ ਨੇ ਇਕੱਠੇ ਹੋ ਕੇ ਰਾਤ ਨੂੰ 12 ਵਜੇ ਸੰਸਕਾਰ ਕੀਤਾ। ਇਸ ਮੌਕੇ ਕਾਮਰੇਡ ਦਲੀਪ ਸਿੰਘ, ਬਾਬੂ ਸਿੰਘ, ਗੁਰਦਿਆਲ ਸ਼ੀਤਲ, ਛੋਟਾ ਸੁਲਤਾਨਪੁਰ ਆਦਿ ਨੇ ਸਾਥੀ ਦੇ ਸਸਕਾਰ ਮੌਕੇ ਆਪਣੇ ਹਥਿਆਰਾਂ ਨਾਲ ਹਵਾਈ ਫਾਇਰ ਕਰ ਕੇ ਸਲਾਮੀ ਦਿੱਤੀ।
ਸ਼ਹੀਦ ਗੁਲਜ਼ਾਰ ਸਿੰਘ ਭੱਠਲ ਨੂੰ ਇੰਨੇ ਸਾਲਾਂ ਬਾਅਦ ਅੱਜ ਵੀ ਨੇੜਲੇ ਪਿੰਡਾਂ ਵਿਚ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ। ਅੱਜ ਅਣਉਚਿਤ ਅਤੇ ਗੈਰ-ਬਰਾਬਰੀ ਵਾਲੇ ਸਮਾਜਿਕ ਪ੍ਰਬੰਧ ਨੂੰ ਕੁਦਰਤ ਪੱਖੀ ਅਤੇ ਇਨਸਾਨ ਪੱਖੀ ਸਮਾਜਿਕ ਪ੍ਰਬੰਧ ਵਿਚ ਬਦਲਣ ਅਤੇ ਖੇਤੀ ਦੇ ਵਰਤਮਾਨ ਕਾਰਪੋਰੇਟ ਮਾਡਲ ਨੂੰ ਕੁਦਰਤ ਪੱਖੀ ਅਤੇ ਇਨਸਾਨ ਪੱਖੀ ਸਹਿਕਾਰੀ ਖੇਤੀ ਮਾਡਲ ਵਿਚ ਤਬਦੀਲੀ ਕਰਨ ਹਿਤ ਜਨ-ਜਾਗਰਤੀ ਫ਼ੈਲਾਉਣ ਲਈ ਨਵੀਂ ਦ੍ਰਿਸ਼ਟੀ ਨਾਲ ਸ਼ਹੀਦ ਗੁਲਜ਼ਾਰ ਸਿੰਘ ਭੱਠਲ ਦਾ ਬੇਟਾ ਮਹਿੰਦਰ ਸਿੰਘ ਭੱਠਲ ਅਤੇ ਉਨ੍ਹਾਂ ਦਾ ਸਮੁੱਚਾ ਪਰਿਵਾਰ ਸਮਰਪਿਤ ਹੈ।
ਸ਼ਹੀਦ ਸਾਥੀ ਗੁਲਜ਼ਾਰ ਸਿੰਘ ਨੂੰ ਲੱਖ ਵਾਰ ਪ੍ਰਣਾਮ।