ਹੱਡੀਂ ਰਚੀਆਂ ਯਾਦਾਂ

ਪ੍ਰੋਫੈਸਰ ਬ੍ਰਿਜਿੰਦਰ ਸਿੰਘ ਸਿੱਧੂ
ਸੇਵਾ ਮੁਕਤ ਪ੍ਰਿੰਸੀਪਲ
ਫੋਨ: 925-683-1982
ਚੰਡੀਗੜ੍ਹ ਦੇ ਸਰਕਾਰੀ ਕਾਲਜ ਵਿਚ 25 ਸਾਲ ਤੋਂ ਵੱਧ ਸਮਾਂ ਪੜ੍ਹਾਉਂਦੇ ਰਹੇ ਅਤੇ ਉਥੋਂ ਬਤੌਰ ਪ੍ਰਿੰਸੀਪਲ ਰਿਟਾਇਰ ਹੋਏ ਪ੍ਰੋ. ਬ੍ਰਿਜਿੰਦਰ ਸਿੰਘ ਸਿੱਧੂ ਨੇ ਇਸ ਲੇਖ ਵਿਚ ਉਨ੍ਹਾਂ ਯਾਦਾਂ ਦਾ ਜ਼ਿਕਰ ਕੀਤਾ ਹੈ ਜਿਹੜੀਆਂ ਤਾਉਮਰ ਨਾਲ-ਨਾਲ ਚੱਲਦੀਆਂ ਹਨ, ਕਦੀ ਭੁੱਲਦੀਆਂ ਨਹੀਂ। ਇਨ੍ਹਾਂ ਅੰਦਰ ਜ਼ਿੰਦਗੀ ਦੀਆਂਕਰੂਰ ਹਕੀਕਤਾਂ ਦੇ ਝਲਕਾਰੇ ਵੀ ਪੈਂਦੇ ਹਨ ਅਤੇ ਉਹ ਪੱਖ ਵੀ ਸਾਹਮਣੇ ਆਉਂਦੇ ਹਨ ਜਿਨ੍ਹਾਂ ਬਾਰੇ ਆਮ ਤੌਰ ‘ਤੇ ਚਰਚਾ ਨਹੀਂ ਹੁੰਦੀ ਅਤੇ ਇਉਂ ਉਹ ਅਕਸਰ ਅਣਛੋਹੇ ਤੇ ਅਣਗੌਲੇ ਰਹਿ ਜਾਂਦੇ ਹਨ।

ਹਰ ਸ਼ਖਸ ਯਾਦਾਂ ਦਾ ਮੁਜੱਸਮਾ ਹੈ। ਕੁਝ ਭੁੱਲੀਆਂ ਵਿਸਰੀਆਂ ਹਨ ਤੇ ਕੁਝ ਧੁੰਦਲੀਆਂ, ਕੋਸ਼ਿਸ਼ ਕਰਨ ਨਾਲ ਯਾਦ ਆ ਜਾਂਦੀਆਂ ਹਨ। ਕੁਝ ਹੱਡਾਂ ਵਿਚ ਇਸ ਤਰ੍ਹਾਂ ਰਚ ਜਾਂਦੀਆਂ ਹਨ ਕਿ ਭੁਲਾਇਆਂ ਵੀ ਨਹੀਂ ਭੁਲਦੀਆਂ ਅਤੇ ਮਰਦੇ ਦਮ ਤੱਕ ਤੁਹਾਡੇ ਨਾਲ ਰਹਿੰਦੀਆਂ ਹਨ। ਜ਼ਰੂਰੀ ਨਹੀਂ ਕਿ ਇਹ ਹੱਡ ਬੀਤੀਆਂ ਘਟਨਾਵਾਂ ਹੋਣ, ਕਈ ਵਾਰ ਕੋਈ ਸ਼ੇਅਰ, ਕੋਈ ਕਵਿਤਾ, ਕੋਈ ਕਲਪਨਾਤਮਕ ਜਾਂ ਸੱਚੀ-ਮੁੱਚੀ ਦੀ ਤਸਵੀਰ ਅਤੇ ਬਹੁਤ ਵਾਰ ਕਿਸੇ ਸਿਆਣੇ ਪੁਰਸ਼ ਜਾਂ ਬਹੁਤ ਉੱਚੇ ਵਿਦਵਾਨ ਦੀ ਕਹੀ ਗੱਲ ਸਾਡੇ ਹੱਡੀਂ ਰਚੀ ਯਾਦ ਬਣ ਜਾਂਦੀ ਹੈ।
ਮੈਂ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਚੌਥੀ ਜਮਾਤ ਤਕ ਵਿਦਿਆ ਪ੍ਰਾਪਤ ਕੀਤੀ ਹੈ। ਪੰਡਤ ਬੀਹੂ ਰਾਮ ਜੀ ਚਾਰਾਂ ਜਮਾਤਾਂ ਨੂੰ ਇਕੱਲੇ ਹੀ ਪੜ੍ਹਾਉਂਦੇ ਸਨ। ਉਰਦੂ ਵਿਚ ਲਫ਼ਜ਼ ਉਚਾਰਨ ਲਈ ਉਹ ਕਹਿੰਦੇ ਹੁੰਦੇ ਸਨ ‘ਖੇ ਪੇਸ਼ ਬਮ ਦੂ ਲਾ ਸਿਨਮਾ ਕੁਸ਼’ ਖੁਸ਼। ਇਹ ਉਚਾਰਨ ਇਸੇ ਤਰ੍ਹਾਂ ਹੈ ਜਿਵੇਂ ਸੰਸਾਰ ਨੂੰ ਪੰਜਾਬੀ ਵਿਚ ਇਸ ਤਰ੍ਹਾਂ ਉਚਾਰਿਆ ਜਾਂਦਾ ਹੈ- ਸੱਸੇ ਉੱਤੇ ਟਿੱਪੀ, ਸੱਸੇ ਨੂੰ ਕੰਨਾ, ਰਾਰਾ ਮੁਕਤਾ, ਸੰਸਾਰ। ਉਰਦੂ ਜ਼ੁਬਾਂ ਕੁਝ ਔਖੀ ਹੈ, ਇਸੇ ਕਰਕੇ ਦਾਗ ਸਾਹਿਬ ਨੇ ਕਿਹਾ ਹੈ:
ਨਹੀਂ ਖੇਲ ਐ ‘ਦਾਗ’ ਯਾਰੋਂ ਸੇ ਕਹਿ ਦੋ
ਕਿ ਆਤੀ ਹੈ ਉਰਦੂ ਜ਼ਬਾਂ ਆਤੇ ਆਤੇ।
ਇਸ ਔਖਿਆਈ ਦੇ ਬਾਵਜੂਦ ਖ਼ੁਸ਼ ਲਫ਼ਜ਼ ਦਾ ਉਚਾਰਨ ਮੇਰੀ ਹੱਡੀਂ ਰਚੀ ਯਾਦ ਹੈ।
ਪੰਜਵੀਂ ਤੋਂ ਦਸਵੀਂ ਜਮਾਤ ਤੱਕ ਸਰਕਾਰੀ ਹਾਈ ਸਕੂਲ ਮੰਡੀ ਫੂਲ ਤੋਂ ਪੜ੍ਹਿਆ ਹਾਂ। ਬਹੁਤ ਲਾਇਕ ਤਾਂ ਨਹੀਂ ਸੀ ਪਰ ਕੁਝ ਚੰਗੇ ਵਿਦਿਆਰਥੀਆਂ ਵਿਚ ਸ਼ੁਮਾਰ ਸੀ। ਕੋਈ ਘਟਨਾ ਦਿਲ ਖਿੱਚਵੀਂ ਨਹੀਂ ਵਾਪਰੀ, ਸਿਵਾਇ ਇਕ ਤੋਂ। ਉਹ ਅੱਜ ਵੀ ਦਿਲ ਵਿਚ ਵਸੀ ਹੋਈ ਹੈ। ਲਗਭਗ ਸਾਰੇ ਹੀ ਅਧਿਆਪਕ ਚੰਗੇ ਸਨ ਸਿਵਾਇ ਇਕ ਤੋਂ। ਉਹ ਅੱਜ ਵੀ ਯਾਦ ਹੈ। ਉਸ ਦਾ ਰੰਗ ਪੁੱਠੇ ਤਵੇ ਵਰਗਾ ਸੀ, ਰਹਿੰਦੀ-ਖੂੰਹਦੀ ਕਸਰ ਮਾਤਾ ਦੇ ਡੂੰਘੇ ਦਾਗਾਂ ਨੇ ਪੂਰੀ ਕਰ ਦਿੱਤੀ ਸੀ। ਸ਼ਾਇਦ ਉਸ ਅੰਦਰ ਚਿਹਰੇ ਦੀ ਹੀਣ ਭਾਵਨਾ ਨੇ ਪਿੰਡਾਂ ਦੇ ਮੁੰਡਿਆਂ ਨੂੰ ਬੁਰੀ ਤਰ੍ਹਾਂ ਕੁੱਟਣ ਲਈ ਉਤਸ਼ਾਹਤ ਕਰ ਦਿੱਤਾ ਸੀ। ਬਦਕਿਸਮਤੀ ਨਾਲ ਇਕ ਦਿਨ ਮੈਂ ਉਸ ਦਾ ਸ਼ਿਕਾਰ ਬਣ ਗਿਆ। ਅਜੀਬ ਇਤਫ਼ਾਕ।
ਪੰਜਵੀਂ ਜਮਾਤ ਵਿਚ ਇਕ ਮਜ਼ਮੂਨ ਉਸ ਨੇ ਘਰ ਤੋਂ ਲਿਖ ਕੇ ਲਿਆਉਣ ਲਈ ਕਿਹਾ। ਦੂਜੇ ਮੁੰਡਿਆਂ ਵਾਂਗ ਮੈਂ ਵੀ ਲਿਖ ਲਿਆਇਆ। ਹੋਰਾਂ ਦੇ ਕਹੇ ਕਹਾਏ ਭੋਲੇਪਨ ਵਿਚ ਮਾਸਟਰ ਜੀ ਦੇ ਸਾਈਨ ਵੀ ਅਖੀਰ ਵਿਚ ਆਪ ਹੀ ਕਰ ਦਿੱਤੇ। ਇਹ ਦੇਖ ਕੇ ਕਾਲੇ ਮਾਸਟਰ ਜੀ ਲਾਲ ਪੀਲੇ ਹੋ ਗਏ।
ਡੰਡਿਆਂ ਨਾਲ ਕੁੱਟਣ ਵਾਲੀ ਸਜ਼ਾ ਦਿਵਾਉਣ ਲਈ ਮੈਨੂੰ ਹੈੱਡਮਾਸਟਰ ਦੇ ਕਮਰੇ ਵਿਚ ਲੈ ਗਏ। ਹੈੱਡਮਾਸਟਰ ਸਾਹਿਬ ਪੰਜਵੀਂ ਦੇ ਮੇਰੇ ਸੈਕਸ਼ਨ ਨੂੰ ਅੰਗਰੇਜ਼ੀ ਪੜ੍ਹਾਉਂਦੇ ਸਨ। ਕੁਝ ਦੇਰ ਪਹਿਲਾਂ ਹੀ ਅੰਗਰੇਜ਼ੀ ਦੇ ਟੈਸਟ ਵਿਚ ਮੈਂ ਸਾਰੇ ਸੈਕਸ਼ਨਾਂ ਵਿਚੋਂ ਫਸਟ ਆਇਆ ਸਾਂ। ਹੈੱਡਮਾਸਟਰ ਸਾਹਿਬ ਮੈਨੂੰ ਦੇਖ ਕੇ ਕਹਿਣ ਲੱਗੇ,“ਚੰਗੇ ਬੱਚੇ, ਇਸ ਤਰ੍ਹਾਂ ਸਾਈਨ ਨਹੀਂ ਕਰੀਦੇ।”… ਤੇ ਕਾਲੇ ਮਾਸਟਰ ਜੀ ਦੇ ਦਿਲ ਦੀਆਂ ਦਿਲ ਵਿਚ ਹੀ ਰਹਿ ਗਈਆਂ। ਉਹਦਾ ਚਾਅ ਰੋਂਦਾ ਰਹਿ ਗਿਆ। ਮੈਨੂੰ ਬਾਹੋਂ ਫੜ ਕੇ ਕਲਾਸ ਵਿਚ ਲੈ ਆਏ ਅਤੇ ਮੇਰੀ ਪਿੱਠ ਉਪਰ ਮੁੱਕੀਆਂ ਦੀ ਝੜੀ ਲਾ ਦਿੱਤੀ। ਮੈਂ ਰੋਂਦਾ ਰਿਹਾ, ਮੁੰਡੇ ਮੁੱਕੀਆਂ ਗਿਣਦੇ ਰਹੇ। ਨਤੀਜੇ ਵਜੋਂ ਮੇਰੀ ਪਿੱਠ ਉਪਰ ਗਮੋੜੀ ਨੇ ਪੱਕਾ ਅੱਡਾ ਲਾ ਲਿਆ। ਐਤਵਾਰ ਦੇ ਦਿਨ ਕੇਸੀ ਨਹਾਉਣ ਵੇਲੇ ਮਾਤਾ ਗਮੋੜੀ ਦੇਖ ਕੇ ਬਹੁਤ ਉਦਾਸ ਹੋਏ ਪਰ ਪਿਤਾ ਜੀ ਨੂੰ ਆਖਰੀ ਦਮ ਤੱਕ ਕਦੇ ਨਹੀਂ ਦੱਸਿਆ। ਜੇ ਦੱਸ ਦਿੰਦਾ, ਗੱਲ ਵਿਗੜ ਜਾਣੀ ਸੀ।
ਚਾਰ ਕੁ ਸਾਲ ਪਹਿਲਾਂ ਕੈਲੀਫੋਰਨੀਆ ਦੇ ਇਕ ਸਰਜਨ ਨੇ ਉਸ ਗਮੋੜੀ ਤੋਂ ਮੈਨੂੰ ਸੁਰਖਰੂ ਕਰ ਦਿੱਤਾ। ਉਸ ਪਿੱਛੋਂ ਮੈਨੂੰ ਚੰਡੀਗੜ੍ਹL ਜਾਣ ਦਾ ਮੌਕਾ ਮਿਲਿਆ। ਚਾਂਸ ਨਾਲ ਮੇਰਾ ਉਸ ਵੇਲੇ ਦਾ ਹਮ-ਜਮਾਤੀ ਰੋਸ਼ਨ ਲਾਲ ਮੈਨੂੰ ਮਿਲਣ ਆ ਗਿਆ। ਉਸ ਨੇ ਦੱਸਿਆ- ਉਹ ਕਾਲਾ ਕੱਦੂ ਚਲ ਵਸਿਆ। ਮੈਂ ਕਿਹਾ- ਮੇਰੀ ਵੀ ਗਮੋੜੀ ਚੱਲ ਵਸੀ, ਫਿਰ ਵੀ ਯਾਦ ਬਾਕੀ ਹੈ।
ਕੁੱਟ ਦੀ ਇਹ ਘਟਨਾ ਅਠੱਤਰ ਵਰ੍ਹੇ ਪਹਿਲਾਂ ਵਾਪਰੀ ਸੀ, ਅੱਜ ਵੀ ਅਖ਼ਬਾਰਾਂ ਵਿਚ ਕੁਝ ਸਕੂਲਾਂ ਵਿਚ ਇਸ ਤੋਂ ਵੀ ਦਰਦਨਾਕ ਘਟਨਾਵਾਂ ਪੜ੍ਹ ਕੇ ਮਨ ਨੂੰ ਬਹੁਤ ਦੁੱਖ ਹੁੰਦਾ ਹੈ। ਇਕ ਦੋ ਥਾਵਾਂ ’ਤੇ ਤਾਂ ਬੱਚੇ ਅਪਾਹਜ ਵੀ ਹੋ ਗਏ ਸੁਣੇ ਹਨ। ਇਹ ਕਿਹੋ ਜਿਹੇ ਅਧਿਆਪਕ ਹਨ? ਇਨ੍ਹਾਂ ਲਈ ਇਹ ਧੰਦਾ ਪਰਉਪਕਾਰ ਦਾ ਨਹੀਂ, ਅੱਤਿਆਚਾਰ ਦਾ ਹੈ।
ਦਸਵੀਂ ਪਿੱਛੋਂ ਕਾਲਜ ਅਤੇ ਯੂਨੀਵਰਸਿਟੀ ਦੀ ਪੜ੍ਹਾਈ ਦੌਰਾਨ ਬੜੀਆਂ ਦਿਲਚਸਪ ਨਿੱਕੀਆਂ ਵੱਡੀਆਂ ਘਟਨਾਵਾਂ ਵਾਪਰੀਆਂ ਪਰ ਹੱਡੀਂ ਰਚੀ ਕੋਈ ਯਾਦ ਇਸ ਵੇਲੇ ਧਿਆਨ ਵਿਚ ਨਹੀਂ ਆ ਰਹੀ। 1956 ਵਿਚ ਫਿਜ਼ਿਕਸ ਵਿਚ ਐਮ.ਐਸ.ਸੀ. ਅਲੀਗੜ੍ਹ ਯੂਨੀਵਰਸਿਟੀ ਤੋਂ ਪਾਸ ਕੀਤੀ ਅਤੇ ਬਗੈਰ ਅਰਜ਼ੀ ਦਿੱਤੇ ਹੀ ਐਸ.ਡੀ. ਕਾਲਜ ਬਰਨਾਲਾ ਵਿਚ ਬਤੌਰ ਲੈਕਚਰਾਰ ਸੇਵਾ ਨਿਭਾਉਣੀ ਸ਼ੁਰੂ ਕਰ ਦਿੱਤੀ। ਕਾਲਜ ਨਵਾਂ-ਨਵਾਂ ਹੀ ਖੁੱਲਿ੍ਹਆ ਸੀ। ਕੰਮ ਚਲਾਊ ਪ੍ਰਿੰਸੀਪਲ ਨੇ ਮੈਨੂੰ ਐਫ.ਐਸ.ਸੀ. ਵੇਲੇ ਮਹਿੰਦਰਾ ਕਾਲਜ ਪਟਿਆਲਾਂ ਵਿਚ ਅੰਗਰੇਜ਼ੀ ਪੜ੍ਹਾਈ ਸੀ। ਇਸੇ ਕਰਕੇ ਅਰਜ਼ੀ ਦੇਣ ਦੀ ਲੋੜ ਹੀ ਨਾ ਪਈ।
ਕੁਝ ਦੇਰ ਪਿਛੋਂ ਪੈਪਸੂ ਸਰਕਾਰ ਦੇ ਪਬਲਿਕ ਸਰਵਿਸ ਕਮਿਸ਼ਨ ਵਲੋਂ ਸਰਕਾਰੀ ਕਾਲਜਾਂ ਲਈ ਫਿਜ਼ਿਕਸ ਦੀ ਇਕ ਅਸਾਮੀ ਟ੍ਰਿਬਿਊਨ ਵਿਚ ਪ੍ਰਕਾਸ਼ਤ ਹੋਈ। ਮੈਂ ਵੀ ਫਾਰਮ ਮੰਗਵਾ ਕੇ ਅਰਜ਼ੀ ਭੇਜ ਦਿੱਤੀ। ਅਚਾਨਕ ਹੀ ਸਾਡੇ ਦੂਰ ਦੇ ਇਕ ਰਿਸ਼ਤੇਦਾਰ ਨਾਲ ਟਾਕਰਾ ਹੋ ਗਿਆ। ਗੱਲਾਂ-ਗੱਲਾਂ ਵਿਚ ਹੀ ਉਹ ਕਹਿਣ ਲੱਗਾ,“ਕਾਕਾ, ਪਬਲਿਕ ਸਰਵਿਸ ਕਮਿਸ਼ਨ ਦਾ ਮੁਖੀ ਮੇਰਾ ਵਕੀਲ ਰਿਹਾ ਹੈ, ਉਸ ਨਾਲ ਮੇਰੀ ਬਹੁਤ ਨੇੜਤਾ ਹੈ। ਸਵੇਰੇ ਮੇਰੇ ਨਾਲ ਪਟਿਆਲੇ ਚੱਲ, ਮੈਂ ਤੇਰੀ ਡਟ ਕੇ ਸਿਫ਼ਾਰਸ਼ ਕਰਾਂਗਾ।” ਬੜੇ ਚਾਅ ਨਾਲ ਮੈਂ ਅਗਲੇ ਦਿਨ ਉਸ ਨਾਲ ਵੱਡੇ ਸਾਹਿਬ ਦੀ ਕੋਠੀ ਪਹੁੰਚ ਗਿਆ। ਸਾਹਿਬ ਦੇ ਸੇਵਾਦਾਰ ਨੇ ਸਾਨੂੰ ਦਲਾਨ ਵਿਚ ਹੀ ਬੈਠਣ ਲਈ ਕਿਹਾ। ਕੁਝ ਦੇਰ ਪਿਛੋਂ ਵੱਡੇ ਸਾਹਿਬ ਬਾਹਰ ਨਿਕਲੇ ਅਤੇ ਮੈਨੂੰ ਰੁੱਖੇ ਜਿਹੇ ਅੰਦਾਜ਼ ਵਿਚ ਕਹਿਣ ਲੱਗੇ,“ਤੂੰ ਫਾਰਮ ਵਿਚ ਲਿਖਿਆ ਇਹ ਨਹੀਂ ਪੜ੍ਹਿਆ ਕਿ ਇਸ ਤਰ੍ਹਾਂ ਦੀ ਹਰਕਤ ਤੈਨੂੰ ਡਿਸਕੁਆਲੀਫਾਈ ਕਰ ਦੇਵੇਗੀ।” ਮੈਂ ਕਿਹਾ,“ਹਜ਼ੂਰ, ਮੈਂ ਤਾਂ ਪੜ੍ਹਿਆ ਸੀ ਪਰ ਇਹ ਮੇਰਾ ਰਿਸ਼ਤੇਦਾਰ ਬਹੁਤ ਜ਼ੋਰ ਨਾਲ ਮੈਨੂੰ ਲੈ ਆਇਆ।” ਨਿੱਕਾ ਜਿਹਾ ਮੂੰਹ ਲੈ ਕੇ ਮੈਂ ਵਾਪਸ ਆ ਗਿਆ। ਥੋੜ੍ਹੇ ਦਿਨਾਂ ਬਾਅਦ ਮੈਨੂੰ ਚਿੱਠੀ ਆ ਗਈ ਕਿ ਤੁਹਾਨੂੰ ਇੰਟਰਵਿਊ ਵਾਸਤੇ ਵੀ ਬੁਲਾਇਆ ਨਹੀਂ ਜਾ ਸਕਦਾ ਹਾਲਾਂਕਿ ਮੇਰੇ ਚੰਗੇ ਨੰਬਰਾਂ ਅਨੁਸਾਰ ਪਬਲਿਕ ਸਰਵਿਸ ਕਮਿਸ਼ਨ ਦਾ ਮੈਨੂੰ ਇੰਟਰਵਿਊ ਲਈ ਬਲਾਉਣਾ ਕਾਨੂੰਨੀ ਫਰਜ਼ ਸੀ। ਮੈਨੂੰ ਚੁਣਨਾ ਜਾਂ ਨਾ ਚੁਣਨਾ ਕਮਿਸ਼ਨ ਦਾ ਅਧਿਕਾਰ ਸੀ। ਇਹ ਘਟਨਾ ਮੇਰੀ ਦੂਜੀ ਹੱਡੀਂ ਰਚੀ ਯਾਦ ਹੈ!
ਸਿਫਾਰਸ਼ ਹੋਵੇ ਗਹਿ ਗੱਡਵੀਂ, ਫਿਰ ਮੌਜਾਂ ਹੀ ਮੌਜਾਂ। ਮਾਮੂਲੀ ਸਿਫ਼ਾਰਸ਼ ਨਾਲ ਧੱਕੇ ਹੀ ਧੱਕੇ। ਕਈ ਨਿੱਕੀ ਮੋਟੀ ਸਿਫ਼ਾਰਸ਼ ਵਾਲਿਆਂ ਨੂੰ ਕੁਰਬਾਨੀ ਦਾ ਬੱਕਰਾ ਵੀ ਬਣਾਇਆ ਜਾਂਦਾ ਹੈ। ਉਸ ਨੂੰ ਸਜ਼ਾ ਦੇ ਕੇ ਆਪਣੀ ਇਮਾਨਦਾਰੀ ਜ਼ਾਹਿਰ ਕੀਤੀ ਜਾਂਦੀ ਹੈ। ਇਕ ਬਹੁਤ ਹੀ ਨਿੱਗਰ ਸਿਫ਼ਾਰਿਸ਼ ਵਾਲੇ ਬੰਦੇ ਨੂੰ ਐਸਾ ਠੋਕ ਕੇ ਚੁਣਿਆ ਕਿ ਸਰਕਾਰ ਦਾ ਇਕ ਕਾਰਿੰਦਾ ਉਸ ਸ਼ਖਸ ਦਾ ਨਿਯੁਕਤੀ ਪੱਤਰ ਲੈ ਕੇ ਉਸ ਦੇ ਘਰ ਦੇ ਗਿਆ। ਇਹ ਦਸਤੂਰ ਬੜੀ ਸ਼ਿੱਦਤ ਨਾਲ ਕਾਇਮ ਹੈ!
ਨਵੰਬਰ 1956 ਵਿਚ ਪੈਪਸੂ ਪੰਜਾਬ ਵਿਚ ਮਿਲ ਗਿਆ। ਦੋ ਕੁ ਸਾਲ ਪਿੱਛੋਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵਲੋਂ ਫਿਜ਼ਿਕਸ ਦੇ ਲੈਕਚਰਾਰ ਦੀਆਂ ਕੁਝ ਅਸਾਮੀਆਂ ਟ੍ਰਿਬਿਊਨ ਵਿਚ ਪ੍ਰਕਾਸ਼ਤ ਹੋਈਆਂ। ਮੈਂ ਅਰਜ਼ੀ ਭੇਜ ਦਿੱਤੀ। ਇੰਟਰਵਿਊ ਹੋਈ, ਚੰਗੇ ਭਾਗੀਂ ਬਿਨਾ ਸਿਫ਼ਾਰਸ ਚੁਣਿਆ ਗਿਆ। ਵੈਸੇ ਉਨ੍ਹਾਂ ਦਿਨਾਂ ਵਿਚ ਫਿਜ਼ਿਕਸ ਦੇ ਐਮ.ਐਸ.ਸੀ. ਥੋੜ੍ਹੇ ਹੀ ਸਨ।
ਪੰਜਾਬ ਸਰਕਾਰ ਵਲੋਂ ਸਰਕਾਰੀ ਬ੍ਰਿਜਿੰਦਰਾ ਕਾਲਜ ਫਰੀਦਕੋਟ ਵਿਚ ਸੇਵਾ ਕਰਨ ਦਾ ਆਰਡਰ ਮਿਲ ਗਿਆ।
ਤਬੀਅਤ ਵਲੋਂ ਮੈਂ ਕੁਝ ਆਲਸੀ ਹਾਂ। ਫਿਰ ਵੀ ਵਿਹਲੇ ਸਮੇਂ ਕੁਝ ਚੰਗੀਆਂ ਅੰਗਰੇਜ਼ੀ ਅਤੇ ਪੰਜਾਬੀ ਕਿਤਾਬਾਂ ਪੜ੍ਹ ਲੈਂਦਾ ਹਾਂ। ਪੰਜਾਬੀ ਦੇ ਇਕ ਰਸਾਲੇ ਵਿਚ ਇਕ ਕਹਾਣੀ ਪੜ੍ਹੀ ਜਿਸ ਦਾ ਸਾਰ ਅੰਸ਼ ਮੇਰੇ ਹੱਡੀਂ ਰਚੀ ਯਾਦ ਦਾ ਮਹੱਤਵਪੂਰਨ ਅੰਗ ਬਣ ਗਿਆ। ਇਹ ਸਿੱਧੀ ਸਾਦੀ ਕਹਾਣੀ ਸ਼ਾਇਦ ਹਿੰਦੀ ਵਿਚ ਛਪੀ ਕਹਾਣੀ ਦਾ ਅਨੁਵਾਦ ਸੀ। ਇਸ ਦਾ ਸਿਰਲੇਖ ‘ਉਤਾਰ’ ਸੀ।
ਸਾਧਾਰਨ ਪਰਿਵਾਰ ਵਿਚ ਦੋ ਧੀਆਂ ਹਨ। ਜਦੋਂ ਵੱਡੀ ਦੇ ਕੱਪੜੇ ਤੰਗ ਹੋ ਜਾਂਦੇ, ਉਹ ਛੋਟੀ ਨੂੰ ਦੇ ਦਿੰਦੇ ਹਨ। ਇਸੇ ਤਰ੍ਹਾਂ ਕਫਾਇਤ ਨਾਲ ਬੱਚੀਆਂ ਦਾ ਪਾਲਣ ਪੋਸ਼ਣ ਗੁਜ਼ਰਦਾ ਹੈ। ਮੁਟਿਆਰ ਹੋਏ ਤੋਂ ਵੱਡੀ ਦਾ ਵਿਆਹ ਇਕ ਸ਼ਰੀਫ਼ ਲੜਕੇ ਨਾਲ ਕਰ ਦਿੱਤਾ ਜਾਂਦਾ ਹੈ। ਕੁਦਰਤ ਦਾ ਭਾਣਾ, ਥੋੜ੍ਹੇ ਸਮੇਂ ਪਿਛੋਂ ਹੀ ਵੱਡੀ ਦਾ ਦੇਹਾਂਤ ਹੋ ਜਾਂਦਾ ਹੈ।
ਕੁਝ ਦਿਨਾਂ ਦੇ ਅਫ਼ਸੋਸ ਪਿੱਛੋਂ ਸਾਰੇ ਰਿਸ਼ਤੇਦਾਰਾਂ ਨੇ ਮਸ਼ਵਰਾ ਦਿੱਤਾ ਕਿ ਛੋਟੀ ਦਾ ਰਿਸ਼ਤਾ ਉਸ ਸ਼ਰੀਫ਼ ਜਵਾਈ ਨਾਲ ਕਰ ਦਿੱਤਾ ਜਾਵੇ। ਮਾਂ-ਬਾਪ ਨੂੰ ਵੀ ਇਹ ਗੱਲ ਠੀਕ ਲੱਗੀ ਪਰ ਛੋਟੀ ਧੀ ਬਹੁਤ ਉਦਾਸ ਅਤੇ ਰੋਣ ਹਾਕੀ ਹੋ ਗਈ। ਮਾਂ ਨੇ ਕਾਰਨ ਪੁੱਛਿਆ ਤਾਂ ਉਹ ਕਹਿਣ ਲੱਗੀ, “ਮਾਂ ਮੈਂ ਸਾਰੀ ਉਮਰ ਵੱਡੀ ਭੈਣ ਦਾ ਉਤਾਰ ਹੀ ਪਹਿਨਦੀ ਰਹੀ ਹਾਂ। ਹੁਣ ਅਖੀਰ ਵੇਲੇ ਦਾ ਉਤਾਰ (ਜੀਜਾ ਜੀ ਦਾ ਜਿਸਮ) ਮੈਨੂੰ ਦੇ ਰਹੇ ਹੋ। ਮੈਨੂੰ ਇਹ ਮਨਜ਼ੂਰ ਨਹੀਂ।” ਉਸ ਲੜਕੀ ਦੀ ਮਾਸੂਮੀਅਤ ਨਾਲ ਭਿੱਜੀ ਹੋਈ ਕਲਪਨਿਕ ਤਸਵੀਰ ਮੇਰੀ ਹੱਡੀਂ ਰਚੀ ਯਾਦ ਬਣ ਗਈ ਹੈ। ਮੈਂ ਜਦੋਂ ਵੀ ਕਿਸੇ ਦਹਾਜੂ ਜਾਂ ਤਲਾਕਸ਼ੁਦਾ ਵਿਅਕਤੀਆਂ ਦੇ ਵਿਆਹ ਸ਼ਾਦੀਆਂ ਵਿਚ ਜਾਂਦਾ ਹਾਂ, ਇਹ ਤਸਵੀਰ ਮੇਰੀਆਂ ਅੱਖਾਂ ਅੱਗੇ ਆ ਜਾਂਦੀ ਹੈ। ਪਤੀ ਪਤਨੀ ਵਿਚ ਕਿਸੇ ਦੀ ਵੀ ਮੌਤ ਪਿੱਛੋਂ ਦੂਜਾ ਵਿਆਹ ਕਰਵਾਉਣਾ ਬੁਰਾ ਨਹੀਂ, ਨਾ ਹੀ ਇਸ ਦੀ ਮਨਾਹੀ ਹੈ, ਨਾ ਹੀ ਕੋਈ ਕੋਤਾਹੀ ਹੈ ਅਤੇ ਨਾ ਹੀ ਕਾਨੂੰਨੀ ਤੇ ਇਖਲਾਕੀ ਤੌਰ ‘ਤੇ ਬੇਵਫ਼ਾਈ ਹੈ। ਫਿਰ ਵੀ ਹੱਡੀਂ ਰਚੀ ਤਸਵੀਰ ਨੂੰ ਭੁਲਾਉਣਾ ਮੇਰੇ ਲਈ ਬਹੁਤ ਵੱਡੀ ਔਖਿਆਈ ਹੈ। ਜਦੋਂ ਵੀ ਮੈਂ ਸਮਾਗਮਾਂ ਵਿਚ ਕੁਝ ਜੋੜਿਆਂ ਨੂੰ ਦੇਖਦਾ ਹਾਂ, ਸਹਿਜੇ ਹੀ ਉਨ੍ਹਾਂ ਦੇ ਉਤਾਰ ਰਚੇ ਪਹਿਰਾਵੇ ਦੀਆਂ ਨਿਸ਼ਾਨੀਆਂ ਨਜ਼ਰ ਆ ਜਾਂਦੀਆਂ ਹਨ।
ਅਗਲਾ ਬਹੁਤ ਦਿਲਚਸਪ ਅਤੇ ਮਸ਼ਹੂਰ, ਸ਼ੇਕਸਪੀਅਰ ਵੱਲੋਂ ਹੈਮਲਟ ਦੀ ਜ਼ਬਾਨ ਤੋਂ ਕਹਾਇਆ ‘ਫਰੇਇਲਟੀ, ਦਾਈ ਨੇਮ ਇਜ਼ ਵਿਮੈਨ’ ਅਖਾਣ ਮੇਰੇ ਹੱਡਾਂ ਵਿਚ ਵਿਚ ਰਚ ਗਿਆ ਹੈ।
ਇਸਤਰੀ ਜਾਤੀ ਦਾ ਮੈਂ ਬਚਪਨ ਤੋਂ ਹੀ ਸਲਾਹੂ ਹਾਂ। ਮੇਰੀ ਮਾਤਾ, ਮੇਰੀਆਂ ਦੋ ਵੱਡੀਆਂ ਭੇਣਾਂ, ਮੇਰੀ ਵੱਡੀ ਭਾਬੀ ਅਤੇ ਮੇਰੀ ਪਤਨੀ, ਸਭ ਵਡਿਆਈ ਦੇ ਹੱਕਦਾਰ ਹਨ। ਕਾਲਜ ਵਿਚ ਵੀ ਮੇਰੀਆਂ ਸਹਿ-ਕਰਮੀਆਂ ਵਿਚ ਕਦੀ ਛਲ-ਫਰੇਬ ਨਜ਼ਰ ਨਹੀਂ ਆਏ। ਮੈਂ ਸਭ ਦਾ ਆਦਰ ਕਰਦਾ ਹਾਂ।
ਅਚਨਚੇਤ ਵਰਤੀ ਬਹੁਤ ਸਾਲ ਪਹਿਲਾਂ ਦੀ ਸਾਧਾਰਨ ਜਿਹੀ ਘਟਨਾ ਨੇ ਮੈਨੂੰ ਸ਼ੇਕਸਪੀਅਰ ਦੇ ਕਥਨ ਦਾ ਮੁਰੀਦ ਬਣਾ ਦਿੱਤਾ।
ਮੈਂ ਅਤੇ ਮੇਰੀ ਪਤਨੀ ਮੇਰੇ ਵੱਡੇ ਸਾਢੂ ਦੇ ਘਰ ਮਿਲਣ ਚਲੇ ਗਏ। ਮਾਸੀ ਜੀ (ਸਾਢੂ ਦੇ ਮਾਤਾ) ਭਲੀ ਬੀਬੀ ਸਨ। ਸ਼ਾਮ ਵੇਲੇ ਉਨ੍ਹਾਂ ਨੇ ਸਾਡੇ ਨਾਲ ਬਹੁਤ ਚੰਗੀਆਂ ਗੱਲਾਂ ਕੀਤੀਆਂ। ਮੇਰੇ ਕੋਲੋਂ ਉਹ ਪੈਂਤੀ ਕੁ ਸਾਲ ਵੱਡੇ ਸਨ। ਸਵੇਰੇ ਮੈਂ ਸਹਿਜ ਸੁਭਾਅ ਉਨ੍ਹਾਂ ਦੀ ਸਿਹਤ ਦਾ ਖਿਆਲ ਕਰਦਿਆਂ ਪੁੱਛ ਬੈਠਾ, “ਮਾਸੀ ਜੀ, ਤੁਹਾਡਾ ਕੀ ਹਾਲ ਐ?” ਉਨ੍ਹਾਂ ਦਾ ਜਵਾਬ ਸੁਣ ਕੇ ਮੇਰੇ ਪੈਰਾਂ ਥੱਲਿਓਂ ਜ਼ਮੀਨ ਹਿੱਲ ਗਈ, ਉਹ ਕਹਿੰਦੇ, “ਤੈਨੂੰ ਮੈਂ ਸੋਲਾਂ ਸਾਲ ਦੀ ਲੜਕੀ ਨਜ਼ਰ ਆਉਂਦੀ ਹਾਂ, ਮੇਰਾ ਹਾਲ ਪੁੱਛਦੈਂ।” ਮੈਂ ਹੱਕਾ-ਬੱਕਾ ਰਹਿ ਗਿਆ। ਉਸ ਦਿਨ ਤੋਂ ਅੱਜ ਤੱਕ ਮੇਰੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਕਿਸੇ ਵੀ ਇਸਤਰੀ ਨਾਲ ਗੱਲ ਬਹੁਤ ਸੰਕੋਚ ਨਾਲ ਕਰਦਾ ਹਾਂ। ਹੈਮਲਟ ਡਰਾਮੇ ਵਿਚ ਹੈਮਲਟ ਦੀ ਮਾਂ ਆਪਣੇ ਪਤੀ ਦੇ ਦੇਹਾਂਤ ਪਿੱਛੋਂ ਆਪਣੇ ਦਿਉਰ ਨਾਲ ਵਿਆਹ ਰਚਾ ਲੈਂਦੀ ਹੈ। ਉਸ ਨੇ ਕਾਹਲ ਤਾਂ ਜ਼ਰੂਰ ਕੀਤੀ ਪਰ ਕੋਈ ਬੁਰੀ ਗੱਲ ਨਹੀਂ ਕੀਤੀ, ਫਿਰ ਵੀ ਹੈਮਲਟ ਨੂੰL ਇਹ ਚੰਗਾ ਨਾ ਲੱਗਿਆ ਅਤੇ ਉਸ ਨੇ ਇਹ ਸ਼ਬਦ ਕਹਿ ਦਿੱਤੇ। ਸਾਧਾਰਨ ਪਾਠਕ ‘ਫਰੇਇਲਟੀ’ ਨੂੰ ਬੇਵਫਾਈ ਦੇ ਨੇੜੇ ਦਾ ਸ਼ਬਦ ਸਮਝਦਾ ਹੈ ਪਰ ਮੇਰੀ ਉਸ ਵੇਲੇ ਦੀ ਨਿਆਣੀ ਸੂਝ ਨੂੰ ਇਸ ਸ਼ਬਦ ਦਾ ਅਰਥ ਕੁਝ ਉਦਾਹਰਨਾਂ ਨਾਲ ਜੁੜਿਆ ਲਗਦਾ ਹੈ।
ਕਾਲਜ ਅਧਿਆਪਕ ਵਜੋਂ ਮੈਂ ਨੋਟ ਕੀਤਾ ਹੈ ਕਿ ਲੜਕੀਆਂ ਕੁਝ ਨੰਬਰਾਂ ਖਾਤਰ ਪ੍ਰੋਫੈਸਰਾਂ ਦੀ ਕਾਫ਼ੀ ਖੁਸ਼ਾਮਦ ਕਰ ਲੈਂਦੀਆਂ ਹਨ। ਥੋੜ੍ਹੀ ਬਹੁਤ ਝੂਠੀ ਤਾਰੀਫ਼ ਵੀ ਕਰ ਦਿੰਦੀਆਂ ਹਨ। ਬਾਅਦ ਵਿਚ ਇਕੱਠੀਆਂ ਹੋ ਕੇ ਅਧਿਆਪਕਾਂ ਦੇ ਕਈ ਭੱਦੇ ਅਤੇ ਪੁੱਠੇ ਸਿੱਧੇ ਨਾਮ ਰੱਖ ਲੈਂਦੀਆਂ ਹਨ। ਇਸ ਫ਼ਿਤਰਤ ਨੂੰ ਕਿਸ ਸ਼ਬਦ ਨਾਲ ਪੁਕਾਰੀਏ?
ਸਕੂਲਾਂ ਵਿਚ ਹਰ ਸਾਲ ਬੱਚਿਆਂ ਨੂੰ ਘੁਮਾਉਣ ਲਈ ਦੂਰ-ਦੁਰਾਡੇ ਵੀ ਲਿਜਾਣਾ ਹੁੰਦਾ ਹੈ। ਇਸਤਰੀ ਅਧਿਆਪਕ ਜਾਣ ਵੇਲੇ ਕਿਸੇ ਮਰਦ ਅਧਿਆਪਕ ਨੂੰ ਵੀ ਨਾਲ ਲੈ ਜਾਂਦੀਆਂ ਹਨ। ਜਾਣ ਵੇਲੇ ਅਤੇ ਸਫ਼ਰ ਵੇਲੇ ਉਹ ਭਲੇ ਮਾਣਸ ਦੀ ਕਾਫ਼ੀ ਪ੍ਰਸ਼ੰਸਾ ਕਰਦੀਆਂ ਹਨ। ਇਹ ਬੀਬੀਆਂ ਵਿਦਿਆਰਥੀਆਂ ਨਾਲੋਂ ਬਹੁਤ ਸੂਝਵਾਨ ਹੁੰਦੀਆਂ ਹਨ। ਫਿਰ ਵੀ ਵਾਪਸ ਆ ਕੇ ਇਹ ਕਹਿਣ ਲੱਗ ਜਾਂਦੀਆਂ ਹਨ ਕਿ ਬਸ ਵਿਚ ਸਾਮਾਨ ਚੜ੍ਹਾਉਣ ਅਤੇ ਉਤਾਰਨ ਲਈ ਬੰਦਾ ਤਾਂ ਲੋੜੀਂਦਾ ਹੀ ਹੈ। ਇਨ੍ਹਾਂ ਸਿਆਣੀਆਂ ਬਿਆਣੀਆਂ ਬੀਬੀਆਂ ਦੇ ਇਸ ਵਰਤਾਰੇ ਦਾ ਕੀ ਨਾਮ ਰੱਖੀਏ?
ਪ੍ਰਸਿੱਧ ਲੇਖਕ ਗੁਰਬਚਨ ਸਿੰਘ ਭੁਲਰ ਨੇ ਪਿੱਛੇ ਜਿਹੇ ਇਸਤਰੀ ਲਿਖਾਰੀਆਂ ਬਾਬਤ ਵਿਸਥਾਰ ਨਾਲ ਲੇਖ ਲਿਖੇ। ਸ਼ਾਇਸਤਗੀ ਦੇ ਦਾਮਨ ਨੂੰ ਮਜ਼ਬੂਤੀ ਨਾਲ ਫੜ ਕੇ ਰੱਖਣਾ ਉਸ ਦਾ ਸੁਭਾਅ ਹੈ। ਫਿਰ ਵੀ ਜਾਣੇ ਅਣਜਾਣੇ ਜਾਂ ਸਹਿਜ ਸੁਭਾਅ ਕੁਝ ਐਸੀਆਂ ਗੱਲਾਂ ਲਿਖ ਜਾਂਦਾ ਹੈ ਜਿਹੜੀਆਂ ਇਸਤਰੀ ਲੇਖਕਾਂ ਦੀ ਅਜੀਬ ਨਜ਼ਾਕਤ ਬਿਆਨ ਕਰਦੀਆਂ ਹਨ; ਜਿਵੇਂ ਕਿਸੇ ਵੱਡੇ ਸਮਾਗਮ ਵਿਚ ਭੁੱਲਰ ਸਾਹਿਬ ਕੋਲ ਜਾਣੀਆਂ ਪਛਾਣੀਆਂ ਬੀਬੀਆਂ ਦਾ ਇਸ ਤਰ੍ਹਾਂ ਗੁਜ਼ਰਨਾ ਕਿ ਸਲਾਮ ਤੱਕ ਵੀ ਕਬੂਲ ਨਾ ਕਰਨਾ। ਕੁਝ ਦਿਨਾਂ ਬਾਅਦ ਟੈਲੀਫੋਨ ‘ਤੇ ਕਿਸੇ ਕੰਮ ਲਈ ਇਸ ਤਰ੍ਹਾਂ ਗੱਲ ਕਰਨਾ ਜਿਵੇਂ ਬੜੀ ਦੇਰ ਦੇ ਵਿਛੜੇ ਦੋਸਤ ਗੱਲ ਕਰਨ।
ਅਤਿ ਪਿਆਰੇ ਇਮਰੋਜ਼ ਦੇ ਸਕੂਟਰ ਦੀ ਪਿਛਲੀ ਸੀਟ ‘ਤੇ ਬੈਠੀ ਉਸ ਦੀ ਕਮੀਜ਼ ਉਪਰ ਸਾਹਿਰ ਦਾ ਨਾਲ ਲਿਖਣ ਵਾਲੀ ਬੀਬੀ ਨੂੰ ਕੌਣ ਨਹੀਂ ਜਾਣਦਾ! ਇਸ ਵਿਲੱਖਣ ਅੰਦਾਜ਼ ਦੀ ਪਰਿਭਾਸ਼ਾ ਕੀ ਹੋਵੇ? ਸ਼ਾਇਦ ਦਿਲ-ਲਗੀ ਕਹਿਣਾ ਠੀਕ ਹੋਵੇ!
ਅੱਜ ਕੱਲ੍ਹ ਸੈੱਲਫੋਨ ਅਤੇ ਵੱਟਸਐਪ ਦੀ ਸਹੂਲਤ ਨੇ ਸਾਡੇ ਜੀਵਨ `ਤੇ ਬਹੁਤ ਡੂੰਘਾ ਅਸਰ ਪਾਇਆ ਹੈ। ਬੰਦੇ, ਖਾਸ ਕਰ ਕੇ ਔਰਤਾਂ ਇਸ ਨਾਲ ਹੀ ਚਿੰਬੜੇ ਨਜ਼ਰ ਆਉਂਦੇ ਹਨ। ਬਹੁਤ ਵਾਰ ਫੋਨ ‘ਤੇ ਗੱਲ ਕਰਦੀਆਂ ਬੀਬੀਆਂ ਯਕਲਖਤ ਉਦਾਸ ਅਤੇ ਰੋਣ ਹਾਕੀਆਂ ਦਿਸਦੀਆਂ ਹਨ। ਕੋਲ ਬੈਠਾ ਬੰਦਾ ਕਾਰਨ ਪੁੱਛਣ ਲਈ ਬੇਤਾਬ ਹੋ ਜਾਂਦਾ ਹੈ ਪਰ ਅਗਲੇ ਪਲ ਹੀ ਖਿੜ-ਖਿੜ ਕਰਦਾ ਹਾਸਾ ਸੁਣ ਕੇ ਦੰਗ ਰਹਿ ਜਾਂਦਾ ਹੈ।
ਇਸ ਤਰ੍ਹਾਂ ਦੀ ਮਾਨਸਿਕ ਸਥਿਤੀ ਅਤੇ ਪੱਠਿਆਂ (ਮਸਲਜ਼)`ਤੇ ਅਨੋਖਾ ਕੰਟਰੋਲ ਬੀਬੀਆਂ ਦੀ ਹੀ ਕਰਾਮਾਤ ਹੈ। ਇਹ ਅਦਾ ਆਪਣੇ ਆਪ ਵਿਚ ਕਮਾਲ ਹੈ। ਇਸ ਤਰ੍ਹਾਂ ਦੀਆਂ ਬੇਅੰਤ ਉਦਾਹਰਨਾਂ ਲਿਖਣ ਨੂੰ ਦਿਲ ਕਰਦਾ ਹੈ ਪਰ ਸੰਖੇਪ ਰਹਿਣ ਦਾ ਧਿਆਨ ਕਰਦੇ ਹੋਏ ਇਥੇ ਹੀ ਬਸ ਕਰਦਾ ਹਾਂ।
ਨਜ਼ਾਕਤ, ਨਫਾਸਤ, ਦਿਲ-ਲਗੀ, ਥੋੜ੍ਹੀ ਜਿਹੀ ਬੇਵਫਾਈ, ਜਜ਼ਬਾਤ ਅਤੇ ਪੱਠਿਆਂ ‘ਤੇ ਕੰਟਰੋਲ, ਨਿੱਕਾ ਜਿਹਾ ਰੋਸਾ ਤੇ ਹਾਸਾ ਅਤੇ ਬਹੁਤ ਕੁਰਬਾਨੀ ਦਾ ਮਾਦਾ ਮਿਲ ਕੇ ‘ਫਰੇਇਲਟੀ’ ਦਾ ਅਰਥ ਸਮਝ ਆਉਂਦਾ ਹੈ। ਇਹ ਸ਼ਬਦ ਇਨ੍ਹਾਂ ਸਭ ਸ਼ਬਦਾਂ ਦਾ ਮੁਜੱਸਮਾ ਹੈ। ਇਸ ਨੂੰ ਕੇਵਲ ਬੇਵਫ਼ਾਈ ਨਾਲ ਨਹੀਂ ਜੋੜਨਾ ਚਾਹੀਦਾ।… ਸ਼ੇਕਸਪੀਅਰ ਦੀ ਮਰਜ਼ੀ! ਇਸਤਰੀ ਨੂੰ ਕਿਸੇ ਨਾਮ ਨਾਲ ਪੁਕਾਰੇ। ਸਾਡੇ ਸਭ ਲਈ ਔਰਤ ਮਹਾਨ ਹੈ। ਇਸ ਨਾਲ ਹੀ ਜਹਾਨ ਹੈ। ਇਹ ਸਭ ਥਾਵਾਂ ਦੀ ਸ਼ਾਨ ਹੈ। ਮੇਰੇ ਵਰਗੇ ਲੱਖਾਂ ਬੰਦਿਆਂ ਦਾ ਈਮਾਨ ਹੈ। ਔਰਤ ਬੱਚਿਆਂ ਦੀ ਜਿੰਦ ਜਾਨ ਹੈ। ਇਸ ਤੋਂ ਬਗੈਰ ਦੁਨੀਆ ਸੁੰਨ-ਮਸਾਨ ਹੈ। ਮੈਂ ਸੱਚ ਕਹਿੰਦਾ ਹਾਂ, ਔਰਤ ਪੂਜਣ ਸਮਾਨ ਹੈ।
ਅਗਲੀ ਅਭੁੱਲ ਅਤੇ ਹੱਡੀਂ ਰਚੀ ਯਾਦ ਇਕ ਸ਼ੇਅਰ ਦੀ ਹੈ ਜਿਸ ਦੀ ਮਿਸਾਲ ਹਰ ਰੋਜ਼ ਦਿਸ ਜਾਂਦੀ ਹੈ:
ਦੋ ਚਾਰ ਗਾਮ ਰਾਹ ਕੋ ਹਮਵਾਰ ਦੇਖਨਾ
ਫਿਰ ਹਰ ਕਦਮ ਪੇ ਇਕ ਨਈ ਦੀਵਾਰ ਦੇਖਨਾ
ਹਰ ਆਦਮੀ ਮੇਂ ਹੋਤੇ ਹੈਂ ਦਸ ਬੀਸ ਆਦਮੀ
ਜਿਸ ਕੋ ਭੀ ਦੇਖਨਾ ਹੋ ਕਈ ਬਾਰ ਦੇਖਨਾ
ਦੋ ਉਘੀਆਂ ਸ਼ਖਸੀਅਤਾਂ ਦਾ ਹਵਾਲਾ ਉਨ੍ਹਾਂ ਦੇ ਅੰਦਰ ਕਈ ਆਦਮੀ ਛੁਪੇ ਹੋਣ ਦਾ ਭਰਪੂਰ ਨਜ਼ਾਰਾ ਪਾਠਕ ਭਲੀ ਪ੍ਰਕਾਰ ਦੇਖ ਸਕਦੇ ਹਨ।
ਬਲਵੰਤ ਗਾਰਗੀ ਉਘਾ ਲੇਖਕ ਸੀ। ਪੰਜਾਬ ਦੀ ਵੰਡ ਤੋਂ ਪਹਿਲਾਂ ਲਾਹੌਰ ਤੋਂ ਦੋ ਵਿਸ਼ਿਆਂ ਵਿਚ ਐਮ.ਏ. ਪਾਸ ਕਰ ਆਇਆ। ਆਮ ਲੋਕਾਂ ਵਾਂਗ ਕੋਈ ਵੀ ਚੰਗੀ ਨੌਕਰੀ ਲੈ ਸਕਦਾ ਸੀ ਪਰ ਅੰਗਰੇਜ਼ੀ ਦੀ ਬਜਾਇ ਪੰਜਾਬੀ ਵਿਚ ਲਿਖਣਾ ਪਸੰਦ ਕੀਤਾ। ਬਹੁਤ ਘੱਟ ਪਾਠਕ ਜਾਣਦੇ ਹਨ ਕਿ ਉਹ ਗੁਰਮੁਖੀ ਅੱਖਰਾਂ ਵਿਚ ਆਪ ਨਹੀਂ ਸੀ ਲਿਖਦਾ। ਕਿਸੇ ਹੋਰ (ਸ਼ਾਇਦ ਅਮਰੀਕ ਸਿੰਘ) ਤੋਂ ਲਿਖਵਾਉਂਦਾ ਸੀ। ਸ਼ਬਦ ਆਪ ਚੁਣਦਾ ਸੀ। ਹੈ ਨਾ ਕਮਾਲ! ਦਿੱਲੀ ਵਾਲੇ ਮਕਾਨ ਦੇ ਬਿਲਡਰਜ਼ ਤੋਂ ਹੱਜ ਦੇ ਪੈਸੇ ਲਏ ਅਤੇ ਜਾਂਦਾ ਹੋਇਆ ਬਹੁਤ ਸਾਰਾ ਧਨ ਆਪਣੇ ਵਫਾਦਾਰ ਲਾਂਗਰੀ ਨੂੰ ਦੇ ਗਿਆ। ਨਿਰੰਕਾਰੀ ਬਾਬੇ ਦੀ ਤਾਰੀਫ਼ ਵਿਚ ਲਿਖੀ ਇਕ ਕਿਤਾਬ ਦੇ ਪ੍ਰਕਾਸ਼ਕ ਨੇ ਕਿਸੇ ਉਘੇ ਪੰਜਾਬੀ ਦੇ ਲੇਖਕ ਤੋਂ ਚੰਗੇ ਪੈਸੇ ਦੇ ਕੇ ਮੁੱਖ ਬੰਧ ਲਿਖਾਉਣ ਦੀ ਕੋਸ਼ਿਸ਼ ਕੀਤੀ। ਉਹ ਅੰਮ੍ਰਿਤਾ ਪ੍ਰੀਤਮ ਕੋਲ ਚਲਿਆ ਗਿਆ। ਉਸ ਦੀ ਨਾਂਹ-ਨੁੱਕਰ ਪਿੱਛੋਂ ਉਹ ਬਲਵੰਤ ਗਾਰਗੀ ਕੋਲ ਚਲਾ ਗਿਆ। ਚੰਗੇ ਪੈਸੇ ਲੈਣ ਪਿੱਛੋਂ ਗਾਰਗੀ ਜੀ ਮੰਨ ਗਏ। ਹੋਰ ਵੀ ਬਹੁਤ ਕੁਝ ਕਹਿਣ ਲਈ ਹੈ।
ਦੂਜਾ ਹਵਾਲਾ ਮਹਾਰਾਜਾ ਭੂਪਿੰਦਰ ਸਿੰਘ ਦਾ ਹੈ। ਆਮ ਲੋਕਾਂ ਨੂੰ ਉਹ ਬਹੁਤ ਅੱਯਾਸ਼ ਅਤੇ ਰਾਣੀਆਂ ਦਾ ਸ਼ੌਕੀਨ ਹੀ ਲਗਦਾ ਸੀ ਪਰ ਉਸ ਅੰਦਰ ਬੜੇ ਚੰਗੇ ਅਤੇ ਮਹਾਨ ਗੁਣ ਵੀ ਛੁਪੇ ਹੋਏ ਸਨ। ਸ਼ਿਮਲੇ ਵਿਚ ਇਕ ਵਾਰ ਉਸ ਨੇ ਪੰਡਤ ਨਹਿਰੂ ਨੂੰ ਖਾਣੇ ‘ਤੇ ਬੁਲਾਇਆ। ਪਾਰਟੀ ਦੌਰਾਨ ਮਹਾਰਾਜੇ ਨੇ ਨਹਿਰੂ ਨੂੰ ਪੁੱਛਿਆ,“ਆਜ਼ਾਦ ਹਿੰਦੁਸਤਾਨ ਵਿਚ ਸਾਡੀਆਂ ਰਿਆਸਤਾਂ ਦਾ ਕੀ ਬਣੂ?” ਜਵਾਬ ਵਿਚ ਨਹਿਰੂ ਕਹਿਣ ਲੱਗੇ,“ਮੇਰੇ ਖੁਆਬੋਂ ਕੇ ਹਿੰਦੁਸਤਾਨ ਮੇਂ ਰਿਆਸਤੋਂ ਵਿਆਸਤੋਂ ਕੀ ਕੋਈ ਜਗ੍ਹਾ ਨਹੀਂ।” ਸਾਰੇ ਮਹਿਮਾਨ ਚੁੱਪ ਹੋ ਗਏ। ਸੰਨਾਟਾ ਛਾ ਗਿਆ। ਇਹ ਗੱਲ ਸਾਡੇ ਕਰੀਬੀ ਰਿਸ਼ਤੇਦਾਰ ਨੇ ਮੈਨੂੰ ਦੱਸੀ। ਉਹ ਇਸ ਘਟਨਾ ਵੇਲੇ ਮਹਿਫਲ ਵਿਚ ਮੌਜੂਦ ਸਨ।
ਅਗਲੇ ਦਿਨ ਇਕ ਅਹਿਲਕਾਰ ਨੇ ਡਰਦੇ-ਡਰਦੇ ਮਹਾਰਾਜੇ ਨੂੰ ਪੁੱਛਿਆ,“ਹਜ਼ੂਰ ਤੁਸੀਂ ਰਿਆਸਤ ਦੇ ਭਵਿਖ ਬਾਬਤ ਐਸੀ ਭੈੜੀ ਗੱਲ ਸੁਣ ਕੇ ਚੁੱਪ ਕਿਉਂ ਰਹੇ?” ਭੂਪਿੰਦਰ ਸਿੰਘ ਕਹਿਣ ਲੱਗੇ,“ਪੰਡਤ ਨਹਿਰੂ ਬਹੁਤ ਦੂਰ-ਅੰਦੇਸ਼ ਅਤੇ ਉੱਚ ਹਸਤੀ ਦੇ ਮਾਲਕ ਹਨ। ਆਜ਼ਾਦ ਹਿੰਦੁਸਤਾਨ ਵਿਚ ਮੈਂ ਸਭ ਤੋਂ ਪਹਿਲਾਂ ਆਪਣੀ ਰਿਆਸਤ ਉਨ੍ਹਾਂ ਦੇ ਹਾਵਲੇ ਕਰ ਦਿਆਂਗਾ।” ਆਜ਼ਾਦੀ ਵੇਲੇ ਉਹ ਤਾਂ ਜੀਵਤ ਨਹੀਂ ਸਨ ਪਰ ਉਨ੍ਹਾਂ ਦੇ ਸਪੁੱਤਰ ਮਹਾਰਾਜਾ ਯਾਦਵਿੰਦਰ ਸਿੰਘ ਨੇ ਪਿਤਾ ਦੀ ਕਹੀ ਗੱਲ ਪੂਰੀ ਕਰ ਦਿੱਤੀ।
ਦੂਜੀ ਮਿਸਾਲ ਵੀ ਕਮਾਲ ਦੀ ਹੈ। ਲੋਕ ਖਾਹ-ਮਖਾਹ ਉਸ ਨੂੰ ਅੰਗਰੇਜ਼ਾਂ ਦੇ ਪਿੱਠੂ ਕਹਿੰਦੇ ਹਨ।
ਗੁਰਦੁਆਰਾ ਸੁਧਾਰ ਲਹਿਰ ਵਿਚ ਕਰਤਾਰ ਸਿੰਘ ਝੱਬਰ ਦਾ ਜਾਣਿਆ ਪਛਾਣਿਆ ਨਾਮ ਹੈ। ਸ਼ਰਨਾਰਥੀ ਬਣੇ ਉਹ ਕਰਨਾਲ ਆ ਵਸੇ ਸਨ। ਉਹ 1964 ਵਿਚ ਸੁਰਗਵਾਸ ਹੋ ਗਏ। ਨਨਕਾਣਾ ਸਾਹਿਬ ਦੇ ਸਾਕੇ ਵੇਲੇ ਅਤੇ ਹੋਰ ਕਈ ਘਟਨਾਵਾਂ ਵੇਲੇ ਉਹ ਅੰਗਰੇਜ਼ੀ ਹਕੂਮਤ ਦੇ ਖਿਲਾਫ਼ ਡਟ ਜਾਂਦੇ ਸਨ। ਇਸ ਕਰਕੇ ਕਿਸੇ ਆਨੇ-ਬਹਾਨੇ ਉਸ ਨੂੰ ਅੰਗਰੇਜ਼ ਖ਼ਤਮ ਕਰਨਾ ਚਾਹੁੰਦੇ ਸਨ। ਸੋ ਇਕ ਅਜੀਬ ਮੌਕਾ ਮਿਲ ਗਿਆ। ਕਾਲਕਾ ਤੋਂ ਸ਼ਿਮਲੇ ਜਾਣ ਵਾਲੀ ਰੇਲ ਲਾਈਨ ਦੀਆਂ ਕੁਝ ਪਟੜੀਆਂ ਕਿਸੇ ਮਾਯੂਸ ਅਤੇ ਦੁਖੀ ਕਰਮਚਾਰੀ ਨੇ ਉਖਾੜ ਦਿੱਤੀਆਂ ਤਾਂ ਕਿ ਰੇਲ ਵਿਚ ਅੰਗਰੇਜ਼ ਮੁਸਾਫ਼ਿਰ ਹਾਦਸਾ-ਗ੍ਰਸਤ ਹੋ ਜਾਣ। ਪਟੜੀ ਪੁੱਟਣ ਦਾ ਕਾਰਾ ਕਰਤਾਰ ਸਿੰਘ ਦੇ ਖਿਲਾਫ਼ ਲਗਾ ਦਿੱਤਾ ਗਿਆ। ਇਸ ਕੇਸ ਦਾ ਫੈਸਲਾ ਇਕ ਮੁਸਲਿਮ ਮੈਜਿਸਟਰੇਟ ਨੇ ਕਰਨਾ ਸੀ। ਮਹਾਰਾਜਾ ਭੂਪਿੰਦਰ ਸਿੰਘ ਨੂੰ ਪਤਾ ਲੱਗਿਆ ਕਿ ਨਿਰਦੋਸ਼, ਬਹਾਦਰ ਅਤੇ ਸਿਦਕੀ ਬੰਦੇ ਨੂੰ ਫਸਾਇਆ ਜਾ ਰਿਹਾ ਹੈ। ਉਸ ਨੇ ਝੱਟ ਇਕ ਵਫਾਦਾਰ ਏਲਚੀ ਰਾਹੀਂ ਮੈਜਿਸਟਰੇਟ ਨੂੰ ਲਿਖਤ ਸੁਨੇਹਾ ਭੇਜਿਆ ਕਿ ਤੂੰ ਨਿਰਦੋਸ਼ ਵਿਅਕਤੀ ਨੂੰ ਸਜ਼ਾ ਨਹੀਂ ਦੇਣੀ। ਜੇ ਅੰਗਰੇਜ਼ ਤੈਨੂੰ ਇਸ ਕਾਰਨ ਮੁਅੱਤਲ ਕਰ ਦੇਣ, ਮੇਰੀ ਰਿਆਸਤ ਵਿਚ ਕੋਈ ਵੀ ਉੱਚ ਪਦਵੀ ਤੇਰੇ ਲਈ ਹਾਜ਼ਰ ਹੈ। ਝੱਬਰ ਸਾਹਿਬ ਬਾ-ਇੱਜ਼ਤ ਬਰੀ ਹੋ ਗਏ। ਇਹ ਗੱਲ ਮੇਰੇ ਮਿੱਤਰ ਦੇ ਪਿਤਾ ਨੇ ਸੁਣਾਈ ਸੀ। ਮੈਂ ਰਾਜੇ ਮਹਾਰਾਜਿਆਂ ਦਾ ਸ਼ੈਦਾਈ ਨਹੀਂ।
ਗੱਲ ਤਾਂ ਹਰ ਬੰਦੇ ਵਿਚ ਕਈ ਬੰਦੇ ਵਸੇ ਹੋਣ ਦੀ ਹੈ। ਮੈਂ 1956-58 ਤੱਕ ਐਸ.ਡੀ. ਕਾਲਜ ਬਰਨਾਲਾ ਵਿਚ ਪੜ੍ਹਾਇਆ ਹੈ। ਕਾਲਜ ਦੀ ਕਮੇਟੀ ਦੇ ਮੁਖੀ ਸ੍ਰੀ ਦਰਬਾਰੀ ਲਾਲ ਟੰਡਨ ਜੀ ਸਨ। ਉਹ ਉਘੇ ਵਕੀਲ ਸਨ। ਮੇਰੇ ਉਪਰ ਬੜੇ ਮਿਹਰਬਾਨ ਸਨ। ਉਨ੍ਹਾਂ ਦਿਨਾਂ ਵਿਚ ਇਕ ਵਾਰ ਨੇੜੇ ਦੇ ਪਿੰਡਾਂ ਵਿਚ ਗੜੇ ਪੈਣ ਨਾਲ ਬਹੁਤ ਨੁਕਸਾਨ ਹੋਇਆ। ਕਿਸਾਨਾਂ ਦੀ ਸਹਾਇਤਾ ਲਈ ਬਹੁਤ ਦੇਰ ਕੋਈ ਨਾ ਬਹੁੜਿਆ। ਟੰਡਨ ਸਾਹਿਬ ਮੈਨੂੰ ਕਹਿਣ ਲੱਗੇ,“ਇਸ ਤੋਂ ਤਾਂ ਮਹਾਰਾਜਾ ਭੂਪਿੰਦਰ ਸਿੰਘ ਦਾ ਟਾਈਮ ਹੀ ਚੰਗਾ ਸੀ। ਇਹੋ ਜਿਹੀ ਆਫ਼ਤ ਵੇਲੇ ਝੱਟ ਸਹਾਇਤਾ ਦਾ ਹੁਕਮ ਹੋ ਜਾਂਦਾ ਸੀ।”
ਟੰਡਨ ਸਾਹਿਬ ਦੇ ਪਿਤਾ ਜੀ ਵਿਤ ਮਹਿਕਮੇ ਦੇ ਉੱਚ ਅਧਿਕਾਰੀ ਸਨ।
ਸਾਨੂੰ ਕਦੀ ਵੀ ਕਿਸੇ ਵਿਅਕਤੀ ਬਾਬਤ ਕਿਸੇ ਦੇ ਕਹੇ-ਕਹਾਏ ਜਾਂ ਸੁਣਾਈ ਰਾਏ ਉਪਰ ਅੰਧ-ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਹਰ ਬੰਦੇ ਦੇ ਕਈ ਪਹਿਲੂ ਹੁੰਦੇ ਹਨ।
ਉਰਦੂ ਜ਼ਬਾਨ ‘ਤੇ ਮੇਰੀ ਪਕੜ ਮਜ਼ਬੂਤ ਨਹੀਂ। ਸੌਖੇ ਲਫ਼ਜ਼ਾਂ ਵਿਚ ਲਿਖੇ ਹੋਏ ਕੁਝ ਸ਼ੇਅਰ ਮੇਰੀ ਹੱਡੀਂ ਰਚੀ ਯਾਦ ਦਾ ਹਿੱਸਾ ਬਣ ਗਏ ਹਨ। ਉਹ ਮੈਨੂੰ ਇਤਨੇ ਚੰਗੇ ਲਗਦੇ ਹਨ ਕਿ ਮੇਰੀ ਰੋਜ਼ਮੱਰਾ ਜ਼ਿੰਦਗੀ ਦਾ ਸਹਾਰਾ ਹਨ:
ਮਤ ਘਬਰਾ ਬਾਦੇ-ਮੁਖਾਲਿਫ਼ ਸੇ (ਉਲਟ ਦਸ਼ਾ ਦੀ ਹਵਾ)
ਸ਼ਾਇਦ ਯੇ ਚਲਤੀ ਹੈਂ ਤੁਝੇ ਊਚਾ ਉਠਾਨੇ ਕੇ ਲੀਏ।

ਕੋਈ ਬਾਤ ਨਈ ਨਹੀਂ ਹੋਤੀ ਹੈ ਹਾਲੀ
ਬਨਾ ਦੇਤਾ ਹੈ ਨਈ ਅੰਦਾਜ਼ੇ-ਬਿਆਂ ਇਸਕੋ।

ਸੈਫ ਅੰਦਾਜ਼ੇ-ਬਿਆਂ ਰੰਗ ਬਦਲ ਦੇਤਾ ਹੈ
ਵਰਨਾ ਦੁਨੀਆ ਮੇਂ ਕੋਈ ਬਾਤ ਨਈ ਬਾਤ ਨਹੀਂ।

ਉਮਰ ਭਰ ਗਾਲਿਬ ਯਹੀ ਭੂਲ ਕਰਤਾ ਰਹਾ
ਧੂਲ ਚੇਹਰੇ ਪੇ ਥੀ ਔਰ ਆਈਨਾ ਸਾਫ਼ ਕਰਤਾ ਰਹਾ

ਯਹ ਸ਼ਬੇ-ਗਮ (ਗਮ ਦੀ ਸ਼ਾਮ) ਹਰ ਕਿਸੀ ਕੇ ਘਰ ਤੋ ਨਹੀਂ ਆਤੀ
ਯਹ ਬਲਾ ਹਮ ਨੇ ਖ਼ੁਦ ਬਲਾਈ ਹੈ।

ਕੁਛ ਤੋ ਮਜਬੂਰੀਆਂ ਰਹੀ ਹੋਂਗੀ
ਯੂੰ ਕੋਈ ਬੇਵਫ਼ਾ ਨਹੀਂ ਹੋਤਾ।

ਮਾਨਾ ਕਿ ਇਸ ਜ਼ਮੀਂ ਕੋ ਨ ਗੁਲਜ਼ਾਰ ਕਰ ਸਕੇ
ਕੁਝ ਖਾਰ ਕਮ ਤੋ ਕਰ ਗਏ ਗੁਜ਼ਰੇ ਜਿਧਰ ਸੇ ਹਮ।
ਅਤੇ ਕੁਝ ਹੋਰ।
ਇਨ੍ਹਾਂ ਦੀ ਪੂਰੀ ਵਿਆਖਿਆ ਪਾਠਕਾਂ ਲਈ ਛੱਡ ਦਿੰਦਾ ਹਾਂ।
ਅੰਤ ਵਿਚ ਇਨ੍ਹਾਂ ਯਾਦਾਂ ਦੀ ਗਠੜੀ ਨੂੰ ਪੂਰੀ ਤਰ੍ਹਾਂ ਖੋਲ੍ਹਣ ਵਿਚ ਥੋੜ੍ਹਾ ਸੰਕੋਚ ਠੀਕ ਰਹੇਗਾ। ਕੁਝ ਭਲੇ ਬੰਦਿਆਂ ਦੇ ਜਾਣੇ ਅਣਜਾਣੇ ਵਿਚ ਕੀਤੇ ਗਲਤ ਕਾਰਨਾਮੇ ਮੈਨੂੰ ਭਲੀਭਾਂਤ ਯਾਦ ਹਨ। ਉਨ੍ਹਾਂ ਦਾ ਜ਼ਿਕਰ ਕਰਨਾ ਉਨ੍ਹਾਂ ਦੀ ਸ਼ੁਹਰਤ ਨੂੰ ਚਕਨਾਚੂਰ ਕਰ ਦੇਵੇਗਾ। ਉਹ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਮੇਰੇ ਨਾਲ ਨਾਰਾਜ਼ ਹੋ ਜਾਣਗੇ।
ਮੇਰੀ ਉਮਰ ਅਤੇ ਵਿਗੜਦੀ ਸਿਹਤ ਅਨੁਸਾਰ ਮੇਰਾ ਅੰਤ ਸਮਾਂ ਨੇੜੇ ਹੀ ਨਜ਼ਰ ਆ ਰਿਹਾ ਹੈ। ਮੈਨੂੰ ਸੁਰਜੀਤ ਪਾਤਰ ਦੇ ਇਹ ਸ਼ਬਦ ਸਦਾ ਚੇਤੇ ਰਹਿੰਦੇ ਹਨ:
ਏਨਾ ਸੱਚ ਨਾ ਬੋਲ ਕਿ ‘ਕੱਲਾ ਰਹਿ ਜਾਵੇਂ
ਚਾਰ ਕੁ ਬੰਦੇ ਛੱਡ ਲੈ ਮੋਢਾ ਦੇਣ ਲਈ।