ਦਸ ਹਜ਼ਾਰ ਅਫ਼ਗਾਨੀਆਂ ਨਾਲ ਆਢਾ ਲੈਣ ਵਾਲੇ 36ਵੀਂ ਸਿੱਖ ਰਜਮੈਂਟ ਦੇ 21 ਸਿੱਖ ਸੂਰਬੀਰਾਂ ਦੀ ਸ਼ਹਾਦਤ ਨੂੰ ਸਲਾਮ!

ਦੀਪ ਜਗਦੀਪ ਸਿੰਘ
12 ਸਤੰਬਰ ਨੂੰ ਸਾਰਾਗੜ੍ਹੀ ਦੇ ਸਾਕੇ ਦੀ ਵਰ੍ਹੇਗੰਢ ਸੀ। ਇਸ ਦਿਨ 36ਵੀਂ ਸਿੱਖ ਰਜਮੈਂਟ ਦੇ 21 ਫ਼ੌਜੀ ਜਵਾਨ ਆਪਣੀ ਡਿਊਟੀ ਨਿਭਾਉਂਦਿਆਂ ਆਪਣੀ ਅਣਖ ਅਤੇ ਦਲੇਰੀ ਦੀ ਮਿਸਾਲ ਕਾਇਮ ਕਰਦਿਆਂ ਆਪਣੀਆਂ ਜਾਨਾਂ ਵਾਰ ਗਏ। ਦੁਨੀਆਂ ਦੇ ਜੰਗੀ ਇਤਿਹਾਸ ਵਿਚ ਇਹ ਸਾਕਾ ਸਭ ਤੋਂ ਦਲੇਰੀ ਅਤੇ ਕਦੇ ਨਾ ਹਾਰਨ ਵਾਲੇ ਹੌਸਲੇ ਦੀ ਵਿਲੱਖਣ ਮਿਸਾਲ ਵਜੋਂ ਦਰਜ ਹੈ।

ਇਸ ਦੇ ਪੂਰੇ ਇਤਿਹਾਸ ਬਾਰੇ ਚਾਨਣਾ ਪਾਉਂਦੀ ਕੈਪਟਨ ਅਮਰਿੰਦਰ ਸਿੰਘ ਦੀ ਇਤਿਹਾਸਕ ਕਿਤਾਬ “ਸਾਰਾਗੜ੍ਹੀ ਅਤੇ ਸਮਾਣਾ ਕਿਲਿ੍ਹਆਂ ਦਾ ਮੋਰਚਾ- ਤਿਰਾਹ ਫ਼ੌਜੀ ਮੁਹਿੰਮ ਵਿਚ 36ਵੀਂ ਸਿੱਖ ਰਜਮੈਂਟ ਦੀ ਭੂਮਿਕਾ 1897-98” ਦਾ ਪੰਜਾਬੀ ਅਨੁਵਾਦ ਕਰਨ ਦਾ ਮੌਕਾ ਦਾਸ ਨੂੰ ਮਿਲਿਆ।
ਹਰ ਇਤਿਹਾਸ ਨੂੰ ਹੀ ਕਈ ਪਹਿਲੂਆਂ ਤੋਂ ਵਾਚਿਆ ਜਾ ਸਕਦਾ ਹੈ ਪਰ ਬਹੁਤੇ ਵਿਸ਼ਲੇਸ਼ਕਾਂ ਦੀ ਜੋ ਵੱਡੀ ਸਮੱਸਿਆ ਹੈ, ਉਹ ਇਤਿਹਾਸ ਨੂੰ ਆਪਣੀ ਵਿਚਾਰਧਾਰਕ ਐਨਕ ਨਾਲ ਦੇਖਦੇ ਹਨ। ਇਸ ਤਰ੍ਹਾਂ ਕਰਦਿਆਂ ਉਹ ਉਸ ਇਤਿਹਾਸਕ ਕਾਲ ਦੀਆਂ ਸਥਿਤੀਆਂ ਤੇ ਇਤਿਹਾਸਕ ਪਾਤਰਾਂ ਦੀ ਮਾਨਸਿਕਤਾ ਤੇ ਸਭਿਆਚਾਰਕ ਪਿਛੋਕੜ ਨੂੰ ਨਜ਼ਰ-ਅੰਦਾਜ਼ ਕਰ ਜਾਂਦੇ ਹਨ। ਉਹ ਇਤਿਹਾਸਕ ਘਟਨਾ ਦਾ ਇਕ ਪਾਸਾ ਦੱਸ ਕੇ ਇਕ ਹੋਰ ਪਾਸਾ ਲੁਕਾ ਜਾਂਦੇ ਹਨ, ਇਸ ਗੱਲ ਵਿਚ ਖੱਬੇ-ਪੱਖੀ ਚਿੰਤਕ ਵੀ ਘੱਟ ਨਹੀਂ ਹਨ।
ਅਸਲ ਵਿਚ ਇਹ ਗੱਲ ਇੰਨੀ ਸਿੱਧੀ ਨਹੀਂ ਸੀ ਕਿ ਅੰਗਰੇਜ਼ਾਂ ਨੇ ਪਸ਼ਤੂਨਾਂ ਦੇ ਇਲਾਕੇ ਉੱਤੇ ਕਬਜ਼ਾ ਕੀਤਾ ਹੋਇਆ ਸੀ। ਜਿਨ੍ਹਾਂ ਨੂੰ ਪੰਜਾਬ ਅਤੇ ਭਾਰਤ ਦੇ ਇਤਿਹਾਸ ਦਾ ਪਤਾ ਹੈ ਉਹ ਜਾਣਦੇ ਹਨ ਕਿ ਅਫ਼ਗਾਨਿਸਤਾਨ ਅਤੇ ਦੱਰਾ ਖੈਬਰ ਭਾਰਤ ਅਤੇ ਹੋਰ ਏਸ਼ਿਆਈ ਇਲਾਕਿਆਂ ਤੱਕ ਪਹੁੰਚ ਦਾ ਸਭ ਤੋਂ ਵਧੀਆ ਰਸਤਾ ਸੀ, ਜਿਸ ਰਸਤੇ ਰਾਹੀਂ ਧਾੜਵੀ ਪੰਜਾਬ ਅਤੇ ਭਾਰਤ ਉੱਤੇ ਹਮਲਾ ਕਰਦੇ ਰਹਿੰਦੇ ਸਨ। ਅਸਲ ਵਿਚ ਉਸ ਵੇਲੇ ਰੂਸ ਅਤੇ ਬਰਤਾਨੀਆ ਦੋਵੇਂ ਹੀ ਇਸ ਲਾਂਘੇ ਉੱਤੇ ਕਬਜ਼ਾ ਕਰਨ ਦੀ ਤਾਕ ਵਿਚ ਸਨ ਅਤੇ ਦੋਵੇਂ ਆਪਣੇ ਜਸੂਸਾਂ ਰਾਹੀਂ ਅਫ਼ਗਾਨਿਸਤਾਨ ਵਿਚ ਗੁਪਤ ਕਾਰਵਾਈਆਂ ਕਰ ਰਹੇ ਸਨ। ਉਨ੍ਹਾਂ ਨੇ ਉੱਥੋਂ ਦੇ ਤਖ਼ਤ ਅਤੇ ਸਲਤਨਤ ਵਿਚ ਸਿੱਧੀ ਦਖ਼ਲਅੰਦਾਜ਼ੀ ਸ਼ੁਰੂ ਕਰ ਦਿੱਤੀ ਸੀ।
ਕਿਤੇ ਰੂਸ ਭਾਰੀ ਨਾ ਪੈ ਜਾਵੇ ਇਸ ਡਰ ਅਧੀਨ ਬਰਤਾਨੀਆ ਨੇ ਅਫ਼ਗਾਨਿਸਤਾਨ ਵਿਚ ਕਬਜ਼ੇ ਦੀ ਮੁਹਿੰਮ ਵਿੱਢੀ ਜਿਸ ਨੂੰ ਤਿਰਾਹ ਮੁਹਿੰਮ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸਾਰਾਗੜ੍ਹੀ ਦਾ ਸਾਕਾ ਇਸੇ ਮੁਹਿੰਮ ਦਾ ਹਿੱਸਾ ਸੀ। ਰੂਸ ਅਤੇ ਬਰਤਾਨੀਆ ਦੀ ਆਪਸੀ ਜੱਦੋ-ਜਹਿਦ ਆਪਣੇ ਆਪ ਵਿਚ ਇਕ ਪੂਰੀ ਫ਼ੌਜੀ ਸਿਆਸੀ ਰਣਨੀਤਕ ਸਾਜ਼ਿਸ਼ ਸੀ, ਜਿਸ ਨੂੰ ਇਤਿਹਾਸ ਵਿਚ ‘ਬਿੱਗ ਗ਼ੇਮ’ ਦੇ ਨਾਮ ਨਾਲ ਦਰਜ ਕੀਤਾ ਗਿਆ ਹੈ, ਜਿਸ ਕਰਕੇ ਇਸ ਪੂਰੇ ਇਲਾਕੇ ਵਿਚ ਵੱਡੀ ਪੱਧਰ ਦੀ ਤਬਾਹੀ ਅਤੇ ਬਗ਼ਾਵਤ ਹੋਈ। ਇਸ ਵਾਸਤੇ ਰੂਸ ਅਤੇ ਬਰਤਾਨੀਆ ਬਰਾਬਰ ਦੇ ਜ਼ਿੰਮੇਵਾਰ ਸਨ ਅਤੇ ਦੋਵਾਂ ਦਾ ਮਕਸਦ ਕੇਵਲ ਅਫ਼ਗਾਨਿਸਤਾਨ ਉੱਤੇ ਕਬਜ਼ਾ ਹੀ ਨਹੀਂ, ਇਸ ਉੱਤੇ ਕਬਜ਼ਾ ਕਰ ਕੇ ਉਸ ਤੋਂ ਅੱਗੇ ਦੇ ਸਾਰੇ ਏਸ਼ਿਆਈ ਇਲਾਕਿਆਂ ਉੱਤੇ ਕਬਜ਼ਾ ਕਰਨਾ ਸੀ।
ਇਸ ਸਭ ਦੇ ਬਾਵਜੂਦ ਆਪਣੀ ਮਾਮੂਲੀ ਫ਼ੌਜੀ ਨੌਕਰੀ ਕਰਦਿਆਂ, ਇਨ੍ਹਾਂ ਅਨਪੜ੍ਹ ਸਿੱਖਾਂ ਵੱਲੋਂ ਉਸ ਵੇਲੇ ਛਾਤੀ ਡਾਹ ਕੇ ਲੜਨਾ, ਜਿਸ ਵੇਲੇ ਉਨ੍ਹਾਂ ਕੋਲ ਆਤਮ-ਸਮਰਪਣ ਕਰਨ ਦੀ ਪੂਰੀ ਆਜ਼ਾਦੀ ਅਤੇ ਮੌਕਾ ਸੀ, ਇਹ ਆਪਣੇ ਆਪ ਵਿਚ ਇਤਿਹਾਸਕ ਗੱਲ ਹੈ। ਇਸੇ ਕਰਕੇ ਅੱਜ ਵੀ ਫ਼ੌਜੀ ਕਾਰਵਾਈਆਂ ਦੇ ਇਤਿਹਾਸ ਵਿਚ ਇਸ ਦੀ ਮਿਸਾਲ ਦਿੱਤੀ ਜਾਂਦੀ ਹੈ। ਸ਼ਾਇਦ ਅੰਗਰੇਜ਼ਾਂ ਨੂੰ ਇਤਿਹਾਸ ਦੇ ਮੱਦੇਨਜ਼ਰ ਇਸ ਗੱਲ ਦਾ ਇਲਮ ਸੀ ਕਿ ਪਠਾਣਾਂ ਨੂੰ ਥੰਮਣ ਦਾ ਹੀਆ ਕੇਵਲ ਸਿੱਖਾਂ ਵਿਚ ਹੈ, ਇਸ ਕਰਕੇ 36ਵੀਂ ਸਿੱਖ ਰਜਮੈਂਟ ਨੂੰ ਵਿਸ਼ੇਸ਼ ਤੌਰ ਉੱਤੇ ਸਭ ਤੋਂ ਮੁਸ਼ਕਿਲ ਅਤੇ ਜ਼ਿੰਮੇਵਾਰੀ ਵਾਲੇ ਮੋਰਚਿਆਂ `ਤੇ ਲਾਇਆ ਗਿਆ ਸੀ। ਸੋ, ਇਸ ਬਿੱਗ ਗੇਮ ਦੇ ਮਾਹੌਲ ਵਿਚ 21 ਮਰਜੀਵੜਿਆਂ ਵੱਲੋਂ ਲੜੀ ਗਈ ਮਿਸਾਲੀ ਜੰਗ ਨੂੰ ਰਾਜਨੀਤਿਕ ਪੈਂਤੜੇਬਾਜ਼ੀ ਖ਼ਾਤਰ ਛੁਟਿਆ ਕੇ ਨਹੀਂ ਦੇਖਿਆ ਜਾਣਾ ਚਾਹੀਦਾ। ਇਸ ਇਤਿਹਾਸਕ ਦਿਨ `ਤੇ ਉਨ੍ਹਾਂ ਮਰਜੀਵੜੇ ਯੋਧਿਆਂ ਨੂੰ ਸਲਾਮ ਕਰਦਾ ਹਾਂ।