ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਖਿਲਾਫ ਕਾਰਵਾਈ ਦੀ ਤਿਆਰੀ

ਚੰਡੀਗੜ੍ਹ: ਵਿਜੀਲੈਂਸ ਬਿਊਰੋ ਨੇ ਭਾਜਪਾ ਆਗੂ ਅਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਖ਼ਿਲਾਫ਼ ਜਾਂਚ ਨੂੰ ਅੰਤਿਮ ਛੋਹਾਂ ਦੇ ਦਿੱਤੀਆਂ ਹਨ ਅਤੇ ਹੁਣ ਕਿਸੇ ਵਕਤ ਵੀ ਸਾਬਕਾ ਮੰਤਰੀ ਖ਼ਿਲਾਫ਼ ਕਾਰਵਾਈ ਹੋ ਸਕਦੀ ਹੈ। ਪਤਾ ਲੱਗਾ ਹੈ ਕਿ ਮਨਪ੍ਰੀਤ ਬਾਦਲ ਅਤੇ ਉਨ੍ਹਾਂ ਦਾ ਨੇੜਲਾ ਰਿਸ਼ਤੇਦਾਰ ਇਸ ਵੇਲੇ ਪੰਜਾਬ ਤੋਂ ਬਾਹਰ ਹਨ। ਸੂਤਰਾਂ ਅਨੁਸਾਰ ਮਨਪ੍ਰੀਤ ਵਿਦੇਸ਼ ਗਏ ਹੋਏ ਹਨ।

ਵਿਜੀਲੈਂਸ ਹੱਥ ਕੁਝ ਤਕਨੀਕੀ ਨੁਕਤੇ ਲੱਗੇ ਹਨ, ਜਿਨ੍ਹਾਂ ਨੇ ਜਾਂਚ ਨੂੰ ਕਾਨੂੰਨੀ ਤੌਰ ‘ਤੇ ਬਲ ਦਿੱਤਾ ਹੈ।
ਵਿਜੀਲੈਂਸ ਜਾਂਚ ‘ਚ ਬਠਿੰਡਾ ਵਿਕਾਸ ਅਥਾਰਿਟੀ ਦੇ ਸੀਨੀਅਰ ਅਧਿਕਾਰੀ ਵੀ ਨਿਸ਼ਾਨੇ ‘ਤੇ ਆ ਗਏ ਹਨ ਜਿਨ੍ਹਾਂ ਨੇ ਸਾਬਕਾ ਮੰਤਰੀ ਨੂੰ ਅਸਿੱਧੇ ਤਰੀਕੇ ਨਾਲ 1560 ਵਰਗ ਗਜ ਦੇ ਦੋ ਪਲਾਂਟ ਦੇਣ ਵਿਚ ਭੂਮਿਕਾ ਨਿਭਾਈ ਹੈ। ਵੇਰਵਿਆਂ ਅਨੁਸਾਰ ਮਨਪ੍ਰੀਤ ਬਾਦਲ ਨੇ ਕਾਂਗਰਸ ਸਰਕਾਰ ਦੌਰਾਨ ਬਠਿੰਡਾ ਦੇ ਅਰਬਨ ਅਸਟੇਟ ਵਿਚ ਦੋ ਰਿਹਾਇਸ਼ੀ ਪਲਾਟ ਰਾਜੀਵ ਕੁਮਾਰ ਅਤੇ ਵਿਕਾਸ ਕੁਮਾਰ ਤੋਂ ਖ਼ਰੀਦੇ ਸਨ। ਬਠਿੰਡਾ ਵਿਕਾਸ ਅਥਾਰਿਟੀ ਤੋਂ ਪਲਾਟ ਖ਼ਰੀਦਣ ਲਈ ਵਿਕਾਸ ਤੇ ਰਾਜੀਵ ਨੇ 27 ਸਤੰਬਰ 2021 ਨੂੰ ਆਨਲਾਈਨ ਬੋਲੀ ਦਿੱਤੀ ਸੀ। ਬੋਲੀ ਵਿਚ ਅਮਨਦੀਪ ਨਾਂ ਦੇ ਤੀਜੇ ਵਿਅਕਤੀ ਨੇ ਵੀ ਸ਼ਮੂਲੀਅਤ ਕੀਤੀ ਸੀ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਬੋਲੀਕਾਰਾਂ ਨੇ ਇਕੋ ਕੰਪਿਊਟਰ ਤੋਂ ਬੋਲੀ ਦਿੱਤੀ। ਰਾਜੀਵ ਤੇ ਵਿਕਾਸ ਦੇ ਬੋਲੀ ਵਿਚ ਸ਼ਮੂਲੀਅਤ ਲਈ ਐਡਵਾਂਸ ਰਾਸ਼ੀ ਦੇ ਚਲਾਨ ਵੀ ਇਕੋ ਸੀਰੀਅਲ ਨੰਬਰ ਵਾਲੇ ਸਨ। ਦੋਵਾਂ ਦੇ ਅਸ਼ਟਾਮ ਇਕੋ ਸੀਰੀਅਲ ਨੰਬਰ ਵਾਲੇ ਤੇ ਦੋਵਾਂ ਦੇ ਗਵਾਹ ਵੀ ਇਕੋ ਹੀ ਸਨ।
ਜਾਂਚ ਅਨੁਸਾਰ ਬੋਲੀ ਫਾਈਨਲ ਹੋਣ ਤੋਂ ਬਾਅਦ ਸਾਬਕਾ ਮੰਤਰੀ ਮਨਪ੍ਰੀਤ ਬਾਦਲ ਨੇ 30 ਸਤੰਬਰ 2021 ਨੂੰ ਰਾਜੀਵ ਤੇ ਵਿਕਾਸ ਨਾਲ ਦੋਵੇਂ ਪਲਾਟ ਖਰੀਦਣ ਦਾ ਐਗਰੀਮੈਂਟ ਕਰ ਲਿਆ ਅਤੇ 4 ਅਕਤੂਬਰ ਨੂੰ ਦੋਵਾਂ ਦੇ ਖਾਤਿਆਂ ਵਿਚ ਕਰੀਬ ਇਕ ਕਰੋੜ ਦੀ ਰਾਸ਼ੀ ਵੀ ਟਰਾਂਸਫਰ ਕਰ ਦਿੱਤੀ। ਖਾਤਿਆਂ ਵਿਚ ਇਹ ਰਾਸ਼ੀ ਆਉਣ ਮਗਰੋਂ 5 ਅਕਤੂਬਰ ਨੂੰ ਰਾਜੀਵ ਤੇ ਵਿਕਾਸ ਨੇ ਬਠਿੰਡਾ ਵਿਕਾਸ ਅਥਾਰਿਟੀ ਕੋਲ ਪਹਿਲੀ ਕਿਸ਼ਤ ਦੀ 25 ਫ਼ੀਸਦੀ ਰਾਸ਼ੀ ਜਮ੍ਹਾਂ ਕਰਾ ਦਿੱਤੀ। ਵਿਜੀਲੈਂਸ ਅਧਿਕਾਰੀ ਦਾ ਕਹਿਣਾ ਹੈ ਕਿ ਮਨਪ੍ਰੀਤ ਵੱਲੋਂ ਟਰਾਂਸਫ਼ਰ ਕੀਤੀ ਰਾਸ਼ੀ ਹੀ ਅੱਗੇ ਵਿਕਾਸ ਤੇ ਰਾਜੀਵ ਨੇ ਬਠਿੰਡਾ ਵਿਕਾਸ ਅਥਾਰਿਟੀ ਕੋਲ ਜਮ੍ਹਾਂ ਕਰਾਈ ਹੈ, ਜਿਸ ਤੋਂ ਸਾਬਤ ਹੁੰਦਾ ਹੈ ਕਿ ਸਭ ਕੁਝ ਮਿਲ ਮਿਲਾ ਕੇ ਹੀ ਚੱਲ ਰਿਹਾ ਸੀ। ਰਾਜੀਵ ਤੇ ਵਿਕਾਸ ਤੇ ਖਾਤਿਆਂ ਵਿਚ ਅੱਗੇ ਪਿੱਛੇ ਕੋਈ ਪੈਸਾ ਨਹੀਂ ਆਇਆ ਸੀ।